ਫੇਸਬੁੱਕ ਹੀ ਨਹੀ ਹੁਣ ਵੱਟਸਐਪ 'ਤੇ ਵੀ ਪੜ੍ਹੋ ਖ਼ਬਰਾਂ

ਫੇਸਬੁੱਕ

ਤਸਵੀਰ ਸਰੋਤ, Getty Images

ਖ਼ਬਰਾਂ ਦੇਖਣ ਲਈ ਲੋਕਾਂ ਦਾ ਰੁਝਾਨ ਫੇਸਬੁੱਕ ਵੱਲੋਂ ਘਟ ਕੇ ਮੈਸੇਜ ਐਪਲੀਕੇਸ਼ਨਾਂ ਵੱਲ ਵਧਿਆ ਹੈ।

ਡਿਜੀਟਲ ਨਿਊਜ਼ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਲੋਕ ਹੁਣ ਫੇਸਬੁੱਕ ਦੀ ਥਾਂ ਸੰਦੇਸ਼ ਐਪਲੀਕੇਸ਼ਨਾਂ ਜਿਵੇਂ ਵੱਟਸਐਪ ਆਦਿ ਨੂੰ ਪਹਿਲ ਦੇ ਰਹੇ ਹਨ।

ਇਸ ਪਿੱਛੇ ਫੇਸਬੁੱਕ ਵੱਲੋਂ ਵਰਤੋਂਕਾਰਾਂ ਦੀ ਨਿਊਜ਼ ਫੀਡ ਵਿੱਚ ਖ਼ਬਰਾਂ ਨੂੰ ਪਹਿਲ ਨਾ ਦੇਣਾ ਵੀ ਇੱਕ ਕਾਰਨ ਹੋ ਸਕਦਾ ਹੈ।

ਇਸ ਰਿਪੋਰਟ ਵਿੱਚ ਅਧਿਐਨ ਕੀਤਾ ਗਿਆ ਹੈ ਕਿ ਸੰਸਾਰ ਭਰ ਦੇ ਲੋਕ ਖ਼ਬਰਾਂ ਕਿਵੇਂ ਦੇਖਦੇ ਹਨ।

ਆਕਸਫੋਰਡ ਯੂਨੀਵਰਸਿਟੀ ਦੇ ਪੱਤਰਕਾਰੀ ਲਈ ਰਾਇਟਰਜ਼ ਇੰਸਟੀਚਿਊਟ ਦਾ ਇਹ ਅਧਿਐਨ 37 ਦੇਸਾਂ ਦੇ 74,000 ਲੋਕਾਂ ਉੱਪਰ ਯੂਗੋਵ ਦੇ ਆਨਲਾਈਨ ਸਰਵੇ ਰਾਹੀਂ ਕੀਤਾ ਗਿਆ।

ਅਧਿਐਨ ਮੁਤਾਬਕ ਨਿੱਜਤਾ ਦੇ ਵਧਦੇ ਰੁਝਾਨ ਕਰਕੇ ਨੌਜਵਾਨ ਖ਼ਬਰਾਂ ਲਈ ਵਟਸਐੱਪ ਅਤੇ ਇਨਸਟਾਗ੍ਰਾਮ ਅਤੇ ਸਨੈਪਚੈਟ ਵਰਤੋਂ ਕਰਦੇ ਹਨ।

ਵਟਸਐੱਪ ਰਾਹੀਂ ਖ਼ਬਰਾਂ ਦੇਖਣ ਵਾਲਿਆਂ ਦੀ ਗਿਣਤੀ ਵਿੱਚ ਪਿਛਲੇ ਚਾਰ ਸਾਲਾਂ ਦੌਰਾਨ ਤਕਰੀਬਨ 15 ਫੀਸਦੀ ਦਾ ਵਾਧਾ ਹੋਇਆ ਹੈ। ਜਿਹੜੇ ਦੇਸਾਂ ਵਿੱਚ ਵਿਚਾਰ ਪ੍ਰਗਟਾਉਣ ਦੀ ਇੰਨੀ ਖੁੱਲ੍ਹ ਨਹੀਂ ਹੈ ਜਿਵੇਂ- ਮਲੇਸ਼ੀਆ ਅਤੇ ਤੁਰਕੀ ਉੱਥੇ ਖ਼ਬਰਾਂ ਦੇਖਣ ਲਈ ਸੰਦੇਸ਼ ਐਪਲੀਕੇਸ਼ਨਾਂ ਦੀ ਵਰਤੋਂ ਵਧੀ ਹੈ।

ਰਿਪੋਰਟ ਦੇ ਮੁੱਖ ਲੇਖਕ ਨਿਕ ਨਿਊਮੈਨ ਨੇ ਕਿਹਾ, "ਕਈ ਲੋਕ ਖ਼ਬਰਾਂ ਸਾਂਝੀਆਂ ਕਰਨ ਅਤੇ ਉਨ੍ਹਾਂ 'ਤੇ ਵਿਚਾਰ ਕਰਨ ਲਈ ਆਪਣਾ ਧਿਆਨ ਸੰਦੇਸ਼ ਐਪਲੀਕੇਸ਼ਨਾਂ ਵਰਗੀਆਂ ਨਿੱਜੀ ਥਾਵਾਂ ਵੱਲ ਬਦਲ ਰਹੇ ਹਨ।"

"ਇਸ ਨਾਲ ਉਨ੍ਹਾਂ ਦਾ ਇਸ ਗੱਲ 'ਤੇ ਕਾਬੂ ਰਹਿੰਦਾ ਹੈ ਕਿ ਉਹ ਕਿੱਥੇ ਅਤੇ ਕਿਵੇਂ ਰੁਝੇ ਹੋਏ ਹਨ ਪਰ ਇਸ ਦੇ ਨਾਲ ਹੀ ਜਨਤਕ ਬਹਿਸ ਅਤੇ ਖ਼ਬਰਾਂ ਦਾ ਸੰਚਾਰ ਮੱਠਾ ਪੈ ਜਾਂਦਾ ਹੈ ਅਤੇ ਪਾਰਦਰਸ਼ੀ ਨਹੀਂ ਰਹਿੰਦਾ।"

FACEBOOK

ਤਸਵੀਰ ਸਰੋਤ, Getty Images

ਅਮਰੀਕਾ ਸਮੇਤ ਦੁਨੀਆਂ ਦੇ ਕਈ ਦੇਸਾਂ ਵਿੱਚ ਖ਼ਬਰਾਂ ਦੇਖਣ ਲਈ ਫੇਸਬੁੱਕ ਦੀ ਵਰਤੋਂ ਘਟੀ ਹੈ। ਅਮਰੀਕਾ ਵਿੱਚ ਇਸ ਮੰਤਵ ਲਈ ਫੇਸਬੁੱਕ ਵਰਤਣ ਵਾਲਿਆਂ ਵਿੱਚ 9 ਫੀਸਦੀ ਗਿਰਾਵਟ ਆਈ ਹੈ।

ਇਹ ਫਰਕ ਇਸ ਕਰਕੇ ਵੀ ਹੈ ਕਿ ਲੋਕ ਕਿਸੇ ਖ਼ਬਰ ਦੀ ਚਰਚਾ ਕਿਵੇਂ ਕਰਦੇ ਹਨ।

ਰਿਪੋਰਟ ਮੁਤਾਬਕ ਫੇਸਬੁੱਕ ਦਾ ਆਪਣੀਆਂ ਅਲੌਗਰਿਥਮਜ਼ ਨੂੰ ਖ਼ਬਰਾਂ ਦੇ ਮੁਕਾਬਲੇ ਦੋਸਤਾਂ ਦੀਆਂ ਨਿੱਜੀ ਪੋਸਟਾਂ ਨੂੰ ਪਹਿਲ ਦੇਣਾ ਵੀ ਇਸ ਬਦਲਾਅ ਦਾ ਇੱਕ ਕਾਰਨ ਹੈ। ਹਾਲਾਂਕਿ ਸਰਵੇ ਦਾ ਵੱਡਾ ਹਿੱਸਾ ਇਸ ਤਬਦੀਲੀ ਤੋਂ ਕਾਫ਼ੀ ਪਹਿਲਾਂ ਪੂਰਾ ਕਰ ਲਿਆ ਗਿਆ ਸੀ।

ਫੇਕ ਨਿਊਜ਼ ਵੀ ਕਾਰਨ

ਫੇਕ ਨਿਊਜ਼ ਦੀ ਫਿਕਰ ਵੀ ਲੋਕਾਂ ਨੂੰ ਲੱਗੀ ਹੋਈ ਹੈ। 54 ਫੀਸਦ ਲੋਕ ਮੰਨਦੇ ਹਨ ਕਿ ਉਹ ਫੇਕ ਨਿਊਜ਼ ਕਾਰਨ ਫਿਕਰਮੰਦ ਹਨ।

ਰਿਪੋਰਟ ਬਣਾਉਣ ਵਾਲੇ ਰਾਸਮਸ ਕਲੀਸ ਨੇਲਸਨ ਅਨੁਸਾਰ ਫੇਕ ਨਿਊਜ਼ ਦੇ ਲਗਾਤਾਰ ਇਸਤੇਮਾਲ ਦੇ ਕਾਰਨ ਲੋਕਾਂ ਵਿੱਚ ਲੰਬੇ ਸਮੇਂ ਤੋਂ ਭਰੋਸਗੀ ਦਾ ਸੰਕਟ ਬਣਿਆ ਹੋਇਆ ਹੈ ਅਤੇ ਜ਼ਿਆਦਾਤਰ ਲੋਕ ਖ਼ਬਰਾਂ 'ਤੇ ਵਿਸ਼ਵਾਸ ਨਹੀਂ ਕਰਦੇ।

ਇਸ ਦੇ ਇਲਾਵਾ ਰਿਪੋਰਟ ਵਿੱਚ ਕਿਹਾ ਗਿਆ ਕਿ-

  • ਐਮੇਜ਼ੋਨ ਈਕੋ ਅਤੇ ਗੂਗਲ ਹੋਮ ਵਰਗੇ ਉਤਪਾਦਾਂ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ ਜਿਸ ਕਰਕੇ ਆਵਾਜ਼ ਆਧਾਰਿਤ ਖ਼ਬਰਾਂ ਵੱਲ ਵੀ ਦਿਲਚਸਪੀ ਵਧੀ ਹੈ।
  • ਪੌਡਕਾਸਟ ਵੀ ਦੁਨੀਆਂ ਭਰ ਵਿੱਚ ਮਸ਼ਹੂਰ ਹੋ ਰਹੇ ਹਨ। ਨੌਜਵਾਨ ਰੇਡੀਓ ਦੀ ਥਾਂ ਪੌਡਕਾਸਟ ਸੁਣਨਾ ਵਧੇਰੇ ਪਸੰਦ ਕਰਦੇ ਹਨ।
  • ਨਿਸ਼ਚਿਤ ਸਮੇਂ 'ਤੇ ਆਉਣ ਵਾਲੇ ਸਮਾਚਾਰ ਬੁਲਿਟਨਾਂ ਵੱਲ ਵੀ ਲੰਘੇ ਸਮੇਂ ਦੌਰਾਨ ਰੁਝਾਨ ਘਟਿਆ ਹੈ।
line