ਜੱਗੂ ਭਗਵਾਨਪੁਰੀਆ ਨੂੰ ਅਸਾਮ ਤੋਂ ਬਟਾਲਾ ਲਿਆਂਦਾ ਗਿਆ, ਕਿਹੜੇ ਮਾਮਲੇ 'ਚ ਹੋਈ ਬਟਾਲਾ ਅਦਾਲਤ 'ਚ ਪੇਸ਼ੀ

ਜੱਗੂ ਭਗਵਾਨਪੁਰੀਆ

ਤਸਵੀਰ ਸਰੋਤ, NCB

ਤਸਵੀਰ ਕੈਪਸ਼ਨ, ਨਾਰਕੋਟਿਕਸ ਬਿਊਰੋ ਵਲੋਂ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਗਿਆ ਸੀ ਕਿ ਜੱਗੂ ਭਗਵਾਨਪੁਰੀਆਂ 128 ਅਪਰਾਧਿਕ ਮਾਮਲਿਆ ਵਿੱਚ ਸ਼ਾਮਲ ਹਨ

ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ ਨੂੰ ਜੁਡੀਸ਼ੀਅਲ ਕੋਰਟ ਬਟਾਲਾ ਵਿੱਚ ਪੇਸ਼ ਕੀਤਾ ਗਿਆ।

ਐੱਸਪੀ ਬਟਾਲਾ ਗੁਰਪਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਭਗਵਾਨਪੁਰੀਆ 2025 ਵਿੱਚ ਇੱਕ ਵਿਅਕਤੀ ਦੀ ਮੌਤ ਦੇ ਮਾਮਲੇ ਵਿੱਚ ਦਰਜ ਹੋਈ ਐੱਫ਼ਆਈਆਰ ਵਿੱਚ ਨਾਮਜ਼ਦ ਸਨ। ਭਗਵਾਨਪੁਰੀਆ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਤਿੰਨ ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜਿਆ ਗਿਆ ਹੈ।

ਬੀਬੀਸੀ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਮੁਤਾਬਕ ਗੁਰਪਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਜ਼ਿਲ੍ਹਾ ਬਟਾਲਾ ਦੇ ਪੁਲਿਸ ਥਾਣਾ ਘੁਮਾਣ 'ਚ ਇੱਕ ਬਿੱਲਾ ਮੰਡਿਆਲਾ ਨਾਮ ਦੇ ਸ਼ਖ਼ਸ ਦੇ ਸਾਥੀ ਗੋਰਾ ਬਰਿਆਰ ਦਾ ਕਤਲ ਹੋਇਆ ਸੀ ਅਤੇ ਉਸ ਮਾਮਲੇ ਚ ਜਗਦੀਪ ਸਿੰਘ ਜੱਗੂ ਨਾਮਜ਼ਦ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਭਗਵਾਨਪੁਰੀਆ ਤੋਂ ਇਸ ਕੇਸ ਬਾਰੇ ਹੀ ਪੁੱਛਗਿੱਛ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਜੱਗੂ ਭਗਵਾਨਪੁਰੀਆ ਮਾਰਚ ਮਹੀਨੇ ਤੋਂ ਐੱਨਡੀਪੀਐੱਸ-ਪੀਟੀ ਐਕਟ ਤਹਿਤ ਅਸਾਮ ਦੀ ਸਿਲਚਰ ਜੇਲ੍ਹ ਵਿੱਚ ਨਜ਼ਰਬੰਦ ਸਨ। ਉਨ੍ਹਾਂ ਨੂੰ ਵੀਰਵਾਰ ਪ੍ਰੋਡਕਸ਼ਨ ਵਾਰੰਟ 'ਤੇ ਦੇਰ ਰਾਤ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਸਾਮ ਤੋਂ ਹਵਾਈ ਉਡਾਣ ਰਾਹੀਂ ਅੰਮ੍ਰਿਤਸਰ ਲਿਆਂਦਾ ਗਿਆ ਹੈ।

ਇਹ ਪਹਿਲੀ ਵਾਰ ਹੈ ਜਦੋਂ ਭਗਵਾਨਪੁਰੀਆ ਆਪਣੀ ਮਾਂ ਹਰਜੀਤ ਕੌਰ ਦੇ ਕਤਲ ਤੋਂ ਬਾਅਦ ਪੁੱਛਗਿੱਛ ਲਈ ਅੰਮ੍ਰਿਤਸਰ ਅਤੇ ਬਟਾਲਾ ਲਿਆਂਦੇ ਗਏ ਹਨ।

ਐੱਸਪੀ ਬਟਾਲਾ ਜੀ ਐੱਸ ਸਹੋਤਾ

ਤਸਵੀਰ ਸਰੋਤ, Gurpreet Singh Chawla/BBC

ਤਸਵੀਰ ਕੈਪਸ਼ਨ, ਐੱਸਪੀ ਬਟਾਲਾ ਗੁਰਪਰਤਾਪ ਸਿੰਘ ਸਹੋਤਾ ਜੱਗੂ ਭਗਵਾਨਪੁਰੀਆ ਬਾਰੇ ਜਾਣਕਾਰੀ ਦਿੰਦੇ ਹੋਏ

ਇਸੇ ਸਾਲ ਮਾਰਚ ਮਹੀਨੇ ਜੱਗੂ ਭਗਵਾਨਪੁਰੀਆ ਨੂੰ ਬਠਿੰਡਾ ਤੋਂ ਅਸਾਮ ਦੀ ਸਿਲਚਰ ਜੇਲ੍ਹ ਵਿੱਚ ਭੇਜਿਆ ਗਿਆ ਸੀ।

ਉਸ ਸਮੇਂ ਨਾਰਕੋਟਿਕਸ ਬਿਊਰੋ ਵਲੋਂ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਗਿਆ ਸੀ ਕਿ ਜੱਗੂ ਭਗਵਾਨਪੁਰੀਆਂ 128 ਅਪਰਾਧਿਕ ਮਾਮਲਿਆ ਵਿੱਚ ਸ਼ਾਮਲ ਹਨ ਜਿਨ੍ਹਾਂ ਵਿੱਚ ਸਾਲ 2012 ਤੋਂ ਬਾਅਦ ਨਸ਼ਾ ਕਾਰੋਬਾਰ ਤੋਂ ਇਲਾਵਾ ਕਤਲ, ਫਿਰੌਤੀ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਹਨ।

ਜੱਗੂ ਭਗਵਾਨਪੁਰੀਆ ਦਾ ਨਾਂ ਪੰਜਾਬੀ ਦੇ ਮਰਹੂਮ ਪੌਪ ਸਟਾਰ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਵੀ ਸ਼ਾਮਲ ਹੈ।

ਜੱਗੂ ਭਗਵਾਨਪੁਰੀਆ ਦਾ ਪਿਛੋਕੜ ਕੀ ਹੈ, ਇਸ ਰਿਪੋਰਟ ਰਾਹੀਂ ਸਮਝਣ ਦੀ ਕੋਸ਼ਿਸ਼ ਕਰਾਂਗੇ।

ਕਬੱਡੀ ਖਿਡਾਰੀ ਤੋਂ ਬਣਿਆ ਗੈਂਗਸਟਰ

ਜੱਗੂ ਭਗਵਾਨਪੁਰੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੱਗੂ ਭਗਵਾਨਪੁਰੀਆ ਕਾਲਜ ਪੜ੍ਹਨ ਸਮੇਂ ਤੱਕ ਕਬੱਡੀ ਦਾ ਚੰਗਾ ਖਿਡਾਰੀ ਬਣ ਗਿਆ ਸੀ

ਜੱਗੂ ਭਗਵਾਨਪੁਰੀਆ ਦਾ ਪਿਛੋਕੜ ਗੁਰਦਾਸਪੁਰ ਦੇ ਭਗਵਾਨਪੁਰ ਪਿੰਡ ਨਾਲ ਹੈ। ਇਹ ਪਿੰਡ ਬਟਾਲਾ-ਡੇਰਾ ਬਾਬਾ ਨਾਨਕ ਸੜਕ ਉੱਤੇ ਪੈਂਦਾ ਹੈ।

ਭਗਵਾਨਪੁਰ ਪਿੰਡ ਵਿੱਚ ਕੋਈ ਵੀ ਜਨਤਕ ਤੌਰ ਉੱਤੇ ਜੱਗੂ ਬਾਰੇ ਗੱਲ ਕਰਨ ਲਈ ਤਿਆਰ ਨਹੀਂ ਹੁੰਦਾ। ਉਨ੍ਹਾਂ ਦੀ ਮਾਂ ਇਸੇ ਪਿੰਡ ਵਿੱਚ ਰਹਿੰਦੀ ਸੀ। ਉਸ ਦਾ ਭਰਾ ਮਨੂੰ ਭਗਵਾਨਪੁਰੀਆ ਆਸਟ੍ਰੇਲੀਆ ਵਿੱਚ ਰਹਿੰਦਾ ਹੈ।

ਇਸੇ ਸਾਲ ਜੂਨ ਮਹੀਨੇ ਬਟਾਲਾ ਦੇ ਕਾਦੀਆ ਚੁੰਗੀ ’ਤੇ ਹੋਈ ਇੱਕ ਵਾਰਦਾਤ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਪੁਸ਼ਟੀ ਕੀਤੀ ਸੀ ਕਿ ਮ੍ਰਿਤਕ ਮਹਿਲਾ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਜੱਗੂ ਭਗਵਾਨਪੁਰੀਆਂ ਦੇ ਮਾਤਾ ਹਰਜੀਤ ਕੌਰ ਦੱਸੇ ਗਏ ਸਨ।

ਜੱਗੂ ਭਗਵਾਨਪੁਰੀਆ ਦੀ ਪਤਨੀ ਦੀ ਵੀ ਕੁਝ ਸਾਲ ਪਹਿਲਾਂ ਆਪਣੇ ਘਰ ਵਿੱਚ ਹੀ ਮੌਤ ਹੋ ਗਈ ਸੀ। ਉਦੋਂ ਪਰਿਵਾਰ ਨੇ ਉਸ ਦੀ ਮੌਤ ਦਾ ਕਾਰਨ ਬਰੇਨ ਹੈਮਰੇਜ਼ ਦੱਸਿਆ ਸੀ।

ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਭਗਵਾਨਪੁਰ ਦੇ ਇੱਕ ਵਿਅਕਤੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਸੀ ਕਿ ਜਗਦੀਪ ਪਿੰਡ ਦੇ ਹੀ ਸਕੂਲ ਵਿੱਚ ਪੜ੍ਹਦਾ ਸੀ। ਉਸ ਤੋਂ ਬਾਅਦ ਉਸ ਨੇ ਬਟਾਲਾ ਦੇ ਗੁਰੂ ਨਾਨਕ ਕਾਲਜ ਵਿੱਚ ਦਾਖਲਾ ਲਿਆ।

ਦੱਸਿਆ ਗਿਆ ਕਿ ਉਹ ਕਾਲਜ ਪੜ੍ਹਨ ਸਮੇਂ ਤੱਕ ਕਬੱਡੀ ਦਾ ਚੰਗਾ ਖਿਡਾਰੀ ਬਣ ਗਿਆ ਅਤੇ ਇਸੇ ਦੌਰਾਨ ਉਹ ਕੁਝ ਅਜਿਹੇ ਲੋਕਾਂ ਦੇ ਸੰਪਰਕ ਵਿੱਚ ਆ ਗਿਆ ਜੋ ਕਬੱਡੀ ਦੇ ਖਿਡਾਰੀ ਸਨ, ਪਰ ਅਪਰਾਧਿਕ ਗਤੀਵਿਧੀਆ ਵਿੱਚ ਸ਼ਾਮਲ ਸਨ।

ਇਸ ਤੋਂ ਬਾਅਦ ਸਥਾਨਕ ਧਿਆਨਪੁਰ ਪਿੰਡ ਵਿੱਚ ਦਿਵਾਲੀ ਦੀ ਰਾਤ ਇੱਕ ਘਟਨਾ ਵਾਪਰਦੀ ਹੈ। ਜਿਸ ਦੌਰਾਨ ਜੂਆ ਖੇਡਦੇ ਲੋਕਾਂ ਉੱਤੇ ਹਮਲਾ ਕਰਕੇ ਪੈਸੇ ਲੁੱਟੇ ਜਾਂਦੇ ਹਨ। ਵਾਰਦਾਤ ਦੌਰਾਨ ਹੋਈ ਗੋਲ਼ੀਬਾਰੀ ਦੌਰਾਨ ਇੱਕ ਕਤਲ ਹੋ ਜਾਂਦਾ ਹੈ। ਇਹ ਪਹਿਲਾ ਕੇਸ ਸੀ ਜਿਸ ਵਿੱਚ ਜੱਗੂ ਭਗਵਾਨਪੁਰੀਆ ਦਾ ਨਾਂ ਆਉਂਦਾ ਹੈ।

ਇਹ ਪਹਿਲੀ ਘਟਨਾ ਹੈ, ਜਦੋਂ ਜੱਗੂ ਭਗਵਾਨਪੁਰੀਆ ਦਾ ਪੁਲਿਸ ਰਿਪੋਰਟ ਵਿੱਚ ਨਾਮ ਦਰਜ ਹੁੰਦਾ ਹੈ। ਇਸ ਕੇਸ ਵਿੱਚ ਹੋਈ ਗ੍ਰਿਫਤਾਰੀ ਤੋਂ ਬਾਅਦ ਉਹ ਜੇਲ੍ਹ ਜਾਂਦਾ ਹੈ। ਜਿੱਥੇ ਉਸਦਾ ਸੰਪਰਕ ਸੁੱਖਾ ਕਾਹਲਵਾ ਅਤੇ ਲਾਰੈਂਸ ਬਿਸ਼ਨੋਈ ਵਰਗੇ ਲੋਕਾਂ ਨਾਲ ਹੋ ਜਾਂਦਾ ਹੈ।

ਇਹ ਵੀ ਪੜ੍ਹੋ-

ਪੰਜਾਬ ਤੋਂ ਅਸਾਮ ਜੇਲ੍ਹ ਕਿਉਂ ਭੇਜਿਆ ਗਿਆ ਸੀ ਜੱਗੂ

ਜੱਗੂ ਭਗਵਾਨਪੁਰੀਆ

ਨਾਰਕੋਟਿਸ ਕੰਟਰੋਲ ਬਿਊਰੋ ਵਲੋਂ ਜੂਨ ਵਿੱਚ ਜਾਰੀ ਬਿਆਨ ਮੁਤਾਬਕ ਜੱਗੂ ਭਗਵਾਨਪੁਰੀਆਂ ਨੂੰ ਨਾਰਕੋਟਿਸ ਡਰੱਗਜ਼ ਐਂਡ ਸਾਇਕੋਟੋਰਪਿਕ ਸਬਸਟਾਂਸਿਜ਼ ( ਪੀਟੀਆਈ-ਐੱਨਡੀਪੀਐੱਸ) ਐਕਟ ਦੇ ਨਜਾਇਜ਼ ਆਵਾਜਾਈ ਰੋਕਥਾਮ ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ।

ਜੱਗੂ ਭਗਵਾਨਪੁਰੀਆ ਪਹਿਲਾਂ ਬਠਿੰਡਾ ਜੇਲ੍ਹ ਵਿੱਚ ਬੰਦ ਸੀ। ਉਨ੍ਹਾਂ ਬਾਰੇ ਐੱਨਸੀਬੀ ਨੇ ਦਾਅਵਾ ਕੀਤਾ ਕਿ ਉਹ ਪੰਜਾਬ ਦੀ ਹਾਈਪ੍ਰੋਫਾਇਲ ਜੇਲ੍ਹ ਵਿਚੋਂ ਮੋਬਾਇਲ ਫੋਨ ਦੀ ਵਰਤੋਂ ਕਰਕੇ ਅਪਰਾਧਿਕ ਗਤੀਵਿਧੀਆਂ ਕਰਵਾ ਰਿਹਾ ਸੀ। ਉਸ ਬਾਰੇ ਕਈ ਕੇਸਾਂ ਵਿੱਚ ਸ਼ਾਮਲ ਹੋਣ ਦੇ ਸਬੂਤ ਮਿਲੇ ਹਨ।

ਐੱਨਸੀਬੀ ਦੇ ਇਹ ਵੀ ਦਾਅਵਾ ਕੀਤਾ ਸੀ ਕਿ ਜੱਗੂ ਨੇ ਜੇਲ੍ਹ ਵਿੱਚੋਂ ਹੀ ਕੈਨੇਡਾ, ਅਮਰੀਕਾ ਅਤੇ ਪਾਕਿਸਤਾਨ ਵਰਗੇ ਮੁਲਕਾਂ ਵਿੱਚ ਸੰਪਰਕ ਬਣਾ ਕੇ ਕੌਮਾਂਤਰੀ ਪੱਧਰ ਦਾ ਨੈੱਟਵਰਕ ਖੜਾ ਕਰ ਲਿਆ ਸੀ। ਉਸ ਦੀਆਂ ਅਪਰਾਧਿਕ ਗਤੀਵਿਧੀਆਂ ਦੇ ਨੈੱਟਵਰਕ ਨੂੰ ਤੋੜਨ ਲਈ ਅਸਾਮ ਦੀ ਸਿਲਚਰ ਜੇਲ੍ਹ ਭੇਜਿਆ ਗਿਆ ਸੀ।

ਨਸ਼ਾ ਵਿਰੋਧੀ ਏਜੰਸੀ ਨੇ ਆਪਣੇ ਬਿਆਨ ਵਿੱਚ ਇਹ ਵੀ ਦਾਅਵਾ ਕੀਤਾ ਸੀ ਕਿ ਖੁਫੀਆ ਵਿਭਾਗ ਦੀਆਂ ਰਿਪੋਰਟਾਂ ਦੇ ਅਧਾਰ ਉੱਤੇ ਕੀਤੀ ਗਈ ਵਿਸਥਾਰਿਤ ਜਾਂਚ ਤੋਂ ਬਾਅਦ ਜੇਲ੍ਹਾਂ ਵਿੱਚੋਂ ਚੱਲਦੇ ਅਪਰਾਧਿਕ ਨੈੱਟਵਰਕ ਨੂੰ ਤੋੜਨ ਲਈ ਇਹ ਕਾਰਵਾਈ ਕੀਤੀ ਗਈ ਹੈ।

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਭੂਮਿਕਾ ਦੇ ਇਲਜ਼ਾਮ

ਸਿੱਧੂ ਮੂਸੇਵਾਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਲਜ਼ਾਮ ਹਨ ਕਿ ਜੱਗੂ ਨੇ ਗੋਲਡੀ ਤੇ ਲਾਰੈਂਸ ਦੇ ਨਾਲ ਮਿਲ ਕੇ ਮੂਸੇਵਾਲਾ ਨੂੰ ਕਤਲ ਕਰਨ ਦਾ ਪਲਾਨ ਤਿਆਰ ਕੀਤਾ ਤੇ ਸ਼ੂਟਰਾਂ ਦੀ ਮਦਦ ਕੀਤੀ ਤੇ ਰੇਕੀ ਕਰਵਾਈ ਸੀ।

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਪੁਲਿਸ ਨੇ ਜੋ ਚਲਾਨ ਪੇਸ਼ ਕੀਤਾ ਸੀ, ਉਸ ਵਿੱਚ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਤੋਂ ਇਲਾਵਾ ਜੱਗੂ ਭਗਵਾਨਪੁਰੀਆ ਦੀ ਇਸ ਕਤਲ ਵਿੱਚ ਖਾਸ ਭੂਮਿਕਾ ਦੱਸੀ ਗਈ ਸੀ।

ਪੁਲਿਸ ਦੇ ਦਾਅਵੇ ਮੁਤਾਬਕ ਲਾਰੈਂਸ ਨੇ ਪੁਲਿਸ ਦੀ ਪੁੱਛਗਿੱਛ ਦੌਰਾਨ ਦੱਸਿਆ ਕਿ ਜੱਗੂ ਉਨ੍ਹਾਂ ਨਾਲ ਇਸ ਸਮੇਂ ਦੌਰਾਨ ਤਿਹਾੜ ਜੇਲ੍ਹ ਵਿਚ ਬੰਦ ਸੀ।

ਜੱਗੂ ਨੇ ਉਸ ਨੂੰ ਕਿਹਾ ਕਿ ਉਸ ਦੀ ਦੁਸ਼ਮਣੀ ਅੰਮ੍ਰਿਤਸਰ ਵਾਸੀ ਰਣਬੀਰ ਸਿੰਘ ਨਾਲ ਹੈ ਤੇ ਉਹ ਉਸ ਨੂੰ ਮਰਵਾਉਣਾ ਚਾਹੁੰਦਾ ਹੈ।

ਜੱਗੂ ਨੇ ਲਾਰੈਂਸ ਨੂੰ ਇਸ ਲਈ ਸ਼ੂਟਰਾਂ ਦਾ ਪ੍ਰਬੰਧ ਕਰਨ ਲਈ ਕਿਹਾ ਸੀ। ਲਾਰੈਂਸ ਨੇ ਉਸ ਲਈ ਕਥਿਤ ਤੌਰ 'ਤੇ ਹਰਿਆਣਾ ਦੇ ਦੋ ਸ਼ੂਟਰਾਂ ਦਾ ਪ੍ਰਬੰਧ ਕਰਵਾਇਆ ਸੀ ਤੇ ਉਨ੍ਹਾਂ ਨੇ ਫਿਰ ਇਸ ਕਤਲ ਨੂੰ ਕਥਿਤ ਤੌਰ 'ਤੇ ਅੰਜਾਮ ਦਿੱਤਾ ਸੀ।

ਪੁਲਿਸ ਮੁਤਾਬਕ, ਜੱਗੂ ਤੇ ਲਾਰੈਂਸ ਦੇ ਇਹ ਪੁਰਾਣੇ ਸੰਬੰਧ ਸਿੱਧੂ ਮੂਸੇਵਾਲਾ ਦੇ ਕਤਲ ਲਈ ਕੰਮ ਆਏ।

ਜੱਗੂ ਨੇ ਗੋਲਡੀ ਤੇ ਲਾਰੈਂਸ ਦੇ ਨਾਲ ਮਿਲ ਕੇ ਮੂਸੇਵਾਲਾ ਨੂੰ ਕਤਲ ਕਰਨ ਦਾ ਪਲਾਨ ਤਿਆਰ ਕੀਤਾ ਤੇ ਸ਼ੂਟਰਾਂ ਦੀ ਮਦਦ ਕੀਤੀ ਤੇ ਰੇਕੀ ਕਰਵਾਈ ਸੀ।

ਜੱਗੂ ਦੇ ਕਹਿਣ 'ਤੇ ਉਸ ਦੇ ਸਾਥੀ ਮਨਮੋਹਨ ਸਿੰਘ ਮੋਹਣਾ ਨੇ ਲਾਰੈਂਸ ਬਿਸ਼ਨੋਈ ਦੇ ਭੇਜੇ ਗਏ ਸ਼ੂਟਰਾਂ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਸੀ।

ਮਨਮੋਹਨ ਮੋਹਣਾ ਦਾ 27 ਫਰਬਰੀ 2023 ਦਾ ਗੋਇੰਦਵਾਲ ਸਾਹਿਬ ਦੇ ਜੇਲ੍ਹ ਵਿੱਚ 'ਗੈਂਗਸਟਰਾਂ' ਦੀ ਆਪਸੀ ਝੜਪ ਵਿੱਚ ਕਤਲ ਹੋ ਗਿਆ ਸੀ।

ਸਿਆਸੀ ਦਖ਼ਲਅੰਦਾਜੀ ਦਾ ਇਲਜ਼ਾਮ

ਪੰਜਾਇਤੀ ਚੋਣਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਦੇ ਮਾਝੇ ਖਿੱਤੇ ਨਾਲ ਸਬੰਧਤ ਕਈ ਸਿਆਸੀ ਆਗੂ ਜੱਗੂ ਭਗਵਾਨਪੁਰੀਆਂ ਨਾਲ ਇੱਕ ਦੂਜੇ ਦੇ ਸਬੰਧ ਹੋਣ ਦੇ ਇਲਜਾਮ ਲਾਉਦੇ ਰਹੇ ਹਨ।

ਪੰਜਾਬ ਦੇ ਮਾਝੇ ਖਿੱਤੇ ਨਾਲ ਸਬੰਧਤ ਕਈ ਸਿਆਸੀ ਆਗੂ ਜੱਗੂ ਭਗਵਾਨਪੁਰੀਆਂ ਨਾਲ ਇੱਕ ਦੂਜੇ ਦੇ ਸਬੰਧ ਹੋਣ ਦੇ ਇਲਜ਼ਾਮ ਲਾਉਂਦੇ ਰਹੇ ਹਨ।

ਪੰਜਾਬ ਦੇ ਸਾਬਕਾ ਮੰਤਰੀ ਅਤੇ ਗੁਰਦਾਸਪੁਰ ਤੋਂ ਮੌਜੂਦਾ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਡੇਰਾ ਬਾਬਾ ਨਾਨਕ ਦੀ ਜ਼ਿਮਨੀ ਚੋਣ ਦੌਰਾਨ ਚੋਣ ਕਮਿਸ਼ਨ ਨੂੰ ਬਕਾਇਦਾ ਪੱਤਰ ਲਿਖ ਕੇ ਜੱਗੂ ਭਗਵਾਨਪੁਰੀਆਂ ਉੱਤੇ ਕਾਂਗਰਸੀ ਸਮਰਥਕਾਂ ਨੂੰ ਧਮਕਾਉਣ ਦੇ ਇਲਜ਼ਾਮ ਲਾਏ ਸਨ।

ਜੱਗੂ ਭਗਵਾਨਪੁਰੀਆ ਉਦੋਂ ਹਰਿਆਣਾ ਦੀ ਕੁਰੂਕਸ਼ੇਤਰ ਜੇਲ੍ਹ ਵਿੱਚ ਬੰਦ ਸੀ।

ਇਸੇ ਤਰ੍ਹਾਂ 7 ਅਕਤੂਬਰ 2024 ਨੂੰ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਪੰਚਾਇਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਹਮਾਇਤ ਵਿਚ ਗੈਂਗਸਟਰਾਂ ਦੀ ਵਰਤੋਂ ਕਰਨ ਦੀ ਹਾਈ ਕੋਰਟ ਤੋਂ ਜਾਂਚ ਦੀ ਮੰਗ ਕੀਤੀ ਸੀ।

ਬਿਕਰਮ ਮਜੀਠੀਆ ਨੇ ਇਲਜਾਮ ਲਾਇਆ ਸੀ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਜੇਲ੍ਹ ਤੋਂ ਪੰਚਾਇਤੀ ਚੋਣਾਂ ਨੂੰ ਕਰ ਰਿਹਾ ਪ੍ਰਭਾਵਿਤ ਕਰ ਰਿਹਾ ਹੈ।

ਮਜੀਠੀਆ ਨੇ ਸਾਬਕਾ ਸਰਪੰਚ ਦਲਬੀਰ ਸਿੰਘ ਢਿੱਲਵਾਂ ਦੇ ਭਰਾ ਬਲਜਿੰਦਰ ਸਿੰਘ ਨੂੰ ਪੇਸ਼ ਕਰਦਿਆਂ ਕਿਹਾ ਸੀ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਪੰਚਾਇਤੀ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਧਮਕੀਆਂ ਦੇ ਰਿਹਾ ਹੈ। ਬਲਜਿੰਦਰ ਨੇ ਕਿਹਾ ਕਿ ਕਿਵੇਂ ਉਨ੍ਹਾਂ ਨੂੰ ਡਰਾਉਣ ਲਈ ਹਵਾ ਵਿੱਚ ਗੋਲੀਆਂ ਚਲਾਈਆਂ ਅਤੇ ਉਨ੍ਹਾਂ ਦੀ ਕਾਰ ਵੀ ਰੋਕੀ ਗਈ ਸੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)