ਯੂਕਰੇਨ ਮੁਲਕ ਦੇ ਤੌਰ 'ਤੇ ਕਦੋਂ ਹੋਂਦ ਵਿੱਚ ਆਇਆ ਸੀ, ਕਿਹੋ ਜਿਹਾ ਦੇਸ ਹੈ ਤੇ ਕੀ ਹੈ ਇੱਥੋਂ ਦੀ ਖਾਸੀਅਤ

ਸੋਵੀਅਤ ਸੰਘ ਦੇ ਪਤਨ ਤੋਂ ਬਾਅਦ, ਸਾਲ 1991 ਵਿੱਚ ਯੂਕਰੇਨ ਦਾ ਜਨਮ ਹੋਇਆ ਜਦੋਂ ਉਸ ਨੇ ਇੱਕ ਅਜ਼ਾਦ ਦੇਸ ਹੋਣ ਦਾ ਐਲਾਨ ਕਰ ਦਿੱਤਾ।

ਉਸ ਸਮੇਂ ਤੋਂ ਯੂਕਰੇਨ ਦੇ ਦੁਆਲੇ ਅਤੇ ਉਸ ਦੇ ਅੰਦਰ ਵੀ ਇੱਕ ਰੱਸਾਕਸ਼ੀ ਜਾਰੀ ਹੈ। ਯੂਕਰੇਨ ਦੇ ਅੰਦਰ ਇੱਕ ਧੜਾ ਪੱਛਮੀ ਮੁਲਕਾਂ, ਯੂਰਪੀ ਯੂਨੀਅਨ ਦੀ ਨੇੜਤਾ ਦਾ ਵਕਾਲਤੀ ਹੈ ਤਾਂ ਦੂਜਾ ਰੂਸ ਨੇ ਨਾਲ ਕਰੀਬੀ ਰਿਸ਼ਤੇ ਚਾਹੁੰਦਾ ਹੈ।

ਇਸੇ ਤਰ੍ਹਾਂ ਰੂਸ ਉਸ ਨੂੰ ਆਪਣੇ ਨਜ਼ਦੀਕ ਕਰਨਾ ਚਾਹੁੰਦਾ ਹੈ। ਰੂਸ ਚਾਹੁੰਦਾ ਹੈ ਕਿ ਯੂਕਰੇਨ ਯੂਰਪੀ ਯੂਨੀਅਨ ਵਰਗੇ ਹੀ ਉਸਦੇ ਵਪਾਰਕ ਸੰਗਠਨ ਦਾ ਮੈਂਬਰ ਬਣੇ। ਜਦਕਿ ਨਾਟੋ/ਯੂਰਪੀ ਯੂਨੀਅਨ ਚਾਹੁੰਦੇ ਹਨ ਕਿ ਉਹ ਪੱਛਮ ਦਾ ਸਾਥੀ ਬਣੇ।

ਮੌਜੂਦਾ ਸੰਕਟ ਦੀ ਜੜ੍ਹ ਵੀ ਇਹੀ ਰੱਸਾਕਸ਼ੀ ਹੈ। ਯੂਕਰੇਨ ਭੂਗੋਲਿਕ ਪਸਾਰ ਦੇ ਨਜ਼ੀਰੀਏ ਤੋਂ ਰੂਸ ਤੋਂ ਬਾਅਦ ਯੂਰਪ ਦਾ ਦੂਜਾ ਸਭ ਤੋਂ ਵੱਡਾ ਮੁਲਕ ਹੈ। ਦੇਸ ਦੇ ਇੱਕ ਪਾਸੇ ਜਿੱਥੇ ਵਿਸ਼ਾਲ ਖੇਤੀਯੋਗ ਉਪਜਾਊ ਜ਼ਮੀਨਾਂ ਹਨ ਤਾਂ ਦੂਜੇ ਪਾਸੇ ਸਨਅਤੀਕਰਨ ਹੋਇਆ ਹੈ।

ਯੂਕਰੇਨ ਕਿੰਨਾ ਵੱਡਾ ਅਤੇ ਕਿਹੜੀ ਬੋਲੀ ਬੋਲਦੇ ਹਨ ਲੋਕ

ਯੂਕਰੇਨ ਇੱਕ ਪੂਰਬ ਯੂਰਪੀ ਦੇਸ ਹੈ ਜਿਸ ਦੀ ਲਗਭਗ ਅੱਧੀ ਜ਼ਮੀਨੀ ਸਰਹੱਦ ਰੂਸ ਨਾਲ ਲਗਦੀ ਹੈ।

ਯੂਕਰੇਨ ਨੂੰ ਜੇ ਘੜੀ ਦੇ ਡਾਇਲ ਵਾਂਗ ਦੇਖਿਆ ਜਾਵੇ ਤਾਂ ਇਸ ਦੀ 10 ਦੇ ਅੰਕ ਤੋਂ ਚਾਰ ਦੇ ਅੰਕ ਤੱਕ ਸਰਹੱਦ ਰੂਸ ਨਾਲ ਲਗਦੀ ਹੈ।

ਯੂਕਰੇਨ ਯੂਰਪ ਦਾ ਰੂਸ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਦੇਸ ਹੈ। ਇਹ ਦੇਸ 6,03,700 ਵਰਗ ਕਿੱਲੋਮੀਟਰ ਜਾਂ 2, 33, 090 ਵਰਗ ਮੀਲ ਵਿੱਚ ਫ਼ੈਲਿਆ ਹੋਇਆ ਹੈ।

ਯੂਕਰੇਨ ਦੇ ਦੱਖਣ ਵਿੱਚ ਕ੍ਰੀਮੀਆ ਤੇ ਕਾਲਾ ਸਾਗਰ ਹਨ। ਜਿਉਂ-ਜਿਉਂ ਪੱਛਮ ਵੱਲ ਵਧੀਏ ਤਾਂ ਮਾਲਡੋਵਾ ਰੋਮਾਨੀਆ ਅਤੇ ਫਿਰ ਉੱਪਰ ਨੂੰ ਪੋਲੈਂਡ ਅਤੇ ਬੇਲਾਰੂਸ ਆਉਂਦੇ ਹਨ।

ਇਹ ਵੀ ਪੜ੍ਹੋ:

ਯੂਕਰੇਨ ਦੀ ਲਗਭਗ ਪੰਜ ਕਰੋੜ ਦੀ ਅਬਾਦੀ ਹੈ, ਜਿਨ੍ਹਾਂ ਵਿੱਚੋਂ ਲਗਭਗ ਤੀਹ ਲੱਖ ਲੋਕ ਰਾਜਧਾਨੀ ਕੀਵ ਵਿੱਚ ਰਹਿੰਦੇ ਹਨ। ਯੂਕਰੇਨ ਯੂਰਪ ਦਾ ਸੱਤਵਾਂ ਸਭ ਤੋਂ ਸੰਘਣੀ ਅਬਾਦੀ ਵਾਲਾ ਦੇਸ ਹੈ।

ਯੂਕਰੇਨ ਵਿੱਚ 10 ਲੋਕਾਂ ਪਿੱਛੇ ਅੱਠ ਜਣੇ ਯੂਕਰੇਨੀ ਨੂੰ ਆਪਣੀ ਮਾਂ ਬੋਲੀ ਸਮਝਦੇ ਹਨ ਜਦਕਿ ਬਾਕੀ ਦੋ ਰੂਸੀ ਭਾਸ਼ਾ ਨੂੰ ਇਹ ਰੁਕਬਾ ਦਿੰਦੇ ਹਨ। ਸਾਲ 2014 ਤੱਕ ਇੱਥੇ ਦੋ ਸਰਕਾਰੀ ਭਾਸ਼ਾਵਾਂ ਸਨ ਪਹਿਲੀ ਯੂਕਰੇਨੀ ਅਤੇ ਦੂਜੀ ਰੂਸੀ।

ਫਿਰ ਸਰਕਾਰ ਨੇ ਰੂਸੀ ਭਾਸ਼ਾ ਤੋਂ ਦੂਜੀ ਭਾਸ਼ਾ ਵਜੋਂ ਮਾਨਤਾ ਰੱਦ ਕਰ ਦਿੱਤੀ। ਜਿਸ ਦੇ ਨਤੀਜੇ ਵਜੋਂ ਹੀ ਪੂਰਬ ਵਿੱਚ ਬਗਾਵਤ ਅਤੇ ਪ੍ਰਦਰਸ਼ਨ ਹੋਏ।

ਯੂਕਰੇਨ ਵਿੱਚ ਮਰਦ ਔਸਤ 64 ਸਾਲ ਤੱਕ ਅਤੇ ਔਰਤਾਂ 75 ਸਾਲ ਤੱਕ ਜਿਉਂਦੀਆਂ ਹਨ। ਇੱਥੋਂ ਦੀ ਮੁਦਰਾ ਹਰਵਿਆਨਾ ਹੈ ਜੋ ਕਿ ਦੇਸ ਦੇ ਸੰਵਿਧਾਨ ਦੇ ਨਾਲ ਹੀ ਸਾਲ 1994 ਵਿੱਚ ਲਾਗੂ ਕੀਤੀ ਗਈ ਸੀ।

ਰੂਸ ਨਾਲ ਪੁਰਾਣੀ ਸਾਂਝ ਬਨਾਮ ਪੱਛਣ ਵੱਲ ਝੁਕਾਅ

ਸੋਵੀਅਤ ਸੰਘ ਨਾਲ ਸਦੀਆਂ ਦਾ ਰਿਸ਼ਤਾ ਹੋਣ ਕਾਰਨ ਪੂਰਬੀ ਯੂਕਰੇਨ ਦੀਆਂ ਰੂਸ ਨਾਲ ਸੱਭਿਆਚਾਰਕ ਤੇ ਇਤਿਹਾਸਕ ਸਾਂਝਾਂ ਹਨ ਜਦਕਿ ਪੱਛਮੀ ਯੂਕਰੇਨ ਦੀ ਆਪਣੇ ਯੂਰਪੀ ਗੁਆਂਢੀਆਂ ਨਾਲ ਨੇੜਤਾ ਹੈ ਖਾਸ ਕਰਕੇ ਪੋਲੈਂਡ ਨਾਲ ਅਤੇ ਇਸ ਪਾਸੇ ਰਾਸ਼ਟਰਵਾਦ ਦੀ ਭਾਵਨਾ ਵੀ ਪ੍ਰਬਲ ਹੈ।

ਯੂਕਰੇਨ ਦੀ ਇੱਕ ਚੋਖੀ ਜਨਸੰਖਿਆ ਰੂਸੀ ਬੋਲਦੀ ਹੈ ਤੇ ਆਪਣੀ ਪਹਿਲੀ ਭਾਸ਼ਾ ਰੂਸੀ ਨੂੰ ਮੰਨਦੀ ਹੈ, ਖਾਸ ਕਰਕੇ ਪੂਰਬੀ ਖਿੱਤੇ ਵਿੱਚ।

ਸਾਲ 2014 ਵਿੱਚ ਤਤਕਾਲੀ ਰਾਸ਼ਟਰਪਤੀ ਵਿਕਟਰ ਯਾਨੂਕੋਵਿਚ ਨੇ ਰੂਸੀ ਦਬਾਅ ਹੇਠ ਆਕੇ ਯੂਰਪੀ ਯੂਨੀਅਨ ਨਾਲ ਕੀਤਾ ਜਾਣ ਵਾਲਾ ਮਹੱਤਵਕਾਂਸ਼ੀ ਸਮਝੌਤਾ ਰੱਦ ਕਰ ਦਿੱਤਾ। ਉਸ ਤੋਂ ਬਾਅਦ ਪੱਛਮੀ ਯੂਕਰੇਨ ਵਿੱਚ ਉਨ੍ਹਾਂ ਦੇ ਖਿਲਾਫ਼ ਪ੍ਰਦਰਸ਼ਨ ਹੋਏ ਅਤੇ ਉਨ੍ਹਾਂ ਨੂੰ ਅਹੁਦਾ ਛੱਡਣਾ ਪਿਆ।

ਯੂਕਰੇਨ ਦੀ ਅੰਦਰੂਨੀ ਵੰਡ ਦਾ ਲਾਭ ਚੁੱਕਦਿਆਂ ਰੂਸ ਨੇ ਮਾਰਚ 2014 ਵਿੱਚ ਕਾਲੇ ਸਾਗਰ ਵਿੱਚ ਪੈਂਦੇ ਇੱਕ ਟਾਪੂ ਦੇਸ ਕ੍ਰੀਮੀਆ ਉੱਪਰ ਅਧਿਕਾਰ ਕਰ ਲਿਆ।

ਉਸ ਤੋਂ ਬਾਅਦ ਦੀਆਂ ਸਰਕਾਰਾਂ ਦਾ ਜ਼ਿਆਦਾ ਝੁਕਾਅ ਪੱਛਮ ਵੱਲ ਹੀ ਰਿਹਾ ਹੈ। ਜਦਕਿ ਪੂਰਬ ਵਿੱਚ ਰੂਸੀ ਪੱਖੀ ਬਾਗੀਆਂ ਨੇ ਆਪਣੇ-ਆਪ ਨੂੰ ਪੀਪਲਜ਼ ਰਿਪਬਲਿਕ ਐਲਾਨ ਕਰ ਲਿਆ ਸੀ। ਰੂਸ ਉਨ੍ਹਾਂ ਬਾਗੀਆਂ ਦੀ ਮਦਦ ਕਰਦਾ ਆ ਰਿਹਾ ਹੈ। ਇਸ ਨਾਂਅ 'ਤੇ ਕਿ ਉਹ ਰੂਸੀ ਭਾਸ਼ੀਆਂ ਦੀ ਯੂਕਰੇਨ ਦੇ ਅਤਿਆਚਾਰਾਂ ਤੋਂ ਰਾਖੀ ਕਰ ਰਿਹਾ ਹੈ।

ਯਾਨੂਕੋਵਿਚ ਤੋਂ ਬਾਅਦ ਆਈਆਂ ਸਰਕਾਰਾਂ ਦੇ ਪੱਛਮ ਪੱਖੀ ਝੁਕਾਅ ਤੋਂ ਅਤੇ ਯੂਰਪ ਵਿੱਚ ਨਾਟੋ ਦੇਸਾਂ ਦੇ ਵਧਦੇ ਪ੍ਰਭਾਵ ਤੋਂ ਪ੍ਰੇਸ਼ਾਨ ਰੂਸ ਕਹਿੰਦਾ ਆਇਆ ਹੈ ਕਿ ਉਸ ਨੂੰ ਲਿਖਤੀ ਭਰੋਸਾ ਦਿੱਤਾ ਜਾਵੇ ਕਿ ਯੂਕਰੇਨ ਨਾਟੋ ਦਾ ਮੈਂਬਰ ਨਹੀਂ ਬਣਾਇਆ ਜਾਵੇਗਾ। ਰੂਸ ਯੂਕਰੇਨ ਉੱਪਰ ਵੀ ਦਬਾਅ ਪਾਉਂਦਾ ਰਿਹਾ ਹੈ ਕਿ ਉਹ ਯੂਰਪੀ ਯੂਨੀਅਨ ਦਾ ਮੈਂਬਰ ਨਾ ਬਣੇ ਸਗੋਂ ਉਸ ਦੇ ਵਪਾਰਕ ਸੰਗਠ ਦਾ ਹਿੱਸਾ ਬਣੇ।

ਪੂਰਬੀ ਯੂਕਰੇਨ ਵਿੱਚ ਲੋਕ ਜਿੱਥੇ ਰੂਸੀ ਆਰਥੋਡਾਕਸ ਚਰਚ ਵਿੱਚ ਅਕੀਦਾ ਰੱਖਦੇ ਹਨ ਉੱਥੇ ਹੀ ਪੱਛਮੀ ਯੂਕਰੇਨ ਵਿੱਚ ਪੂਰਬੀ ਕੈਥੋਲਿਕ ਚਰਚ ਨੂੰ ਮੰਨਣ ਵਾਲੇ ਹਨ।

ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ

ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਆਪਣਾ ਕੈਰੀਅਰ ਇੱਕ ਹਾਸਰਸ ਅਦਾਕਾਰ ਵਜੋਂ ਸ਼ੁਰੂ ਕੀਤਾ। ਉਨ੍ਹਾਂ ਨੇ ਟਸਰਵੈਂਟ ਆਫ਼ ਦਿ ਪੀਪੀਲਟ ਕਮੇਡੀ ਲੜੀਵਾਰ ਵਿੱਚ ਇੱਕ ਅਜਿਹੇ ਅਧਿਆਪਕ ਦਾ ਕਿਰਦਾਰ ਨਿਭਾਇਆ ਜੋ ਕਿ ਭ੍ਰਿਸ਼ਟਾਚਾਰ ਵਿਰੋਧੀ ਵਿਚਾਰਾਂ ਕਾਰਨ ਦੇਸ ਦਾ ਰਾਸ਼ਟਰਪਤੀ ਚੁਣ ਲਿਆ ਜਾਂਦਾ ਹੈ।

ਬਾਅਦ ਵਿੱਚ ਉਨ੍ਹਾਂ ਨੇ ਲੜੀਵਾਰ ਦੇ ਨਾਮ ਟਤੇ ਹੀ ਆਪਣੀ ਸਿਆਸੀ ਪਾਰਟੀ 'ਸਰਵੈਂਟ ਆਫ਼ ਦਿ ਪੀਪਲ' ਬਣਾਈ। ਉਨ੍ਹਾਂ ਨੇ ਆਪਣੇ ਆਪ ਨੂੰ ਇੱਕ ਆਮ ਆਦਮੀ ਵਜੋਂ ਪੇਸ਼ ਕੀਤਾ ਜੋ ਸਿਆਸਤ ਦੀ ਸਫ਼ਾਈ ਕਰਨਾ ਚਾਹੁੰਦਾ ਹੈ ਤੇ ਇਸ ਨੂੰ ਕੁਝ ਮੁੱਠੀਭਰ ਪੂੰਜੀਪਤੀਆਂ ਦੇ ਚੁੰਗਲ ਤੋਂ ਅਜ਼ਾਦ ਕਰਵਾਉਣਾ ਚਾਹੁੰਦਾ ਹੈ। ਉਹ ਜੁਲਾਈ 2019 ਵਿੱਚ ਚੋਣਾਂ ਜਿੱਤ ਗਏ ਅਤੇ ਰਾਸ਼ਟਰਪਤੀ ਬਣੇ।

ਆਪਣੇ ਪਹਿਲੇ ਭਾਸ਼ਣ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਪੂਰਬ ਵਿੱਚ ਰੂਸੀ ਸ਼ਹਿ ਹਾਸਲ ਬਗਾਵਤ ਨੂੰ ਖਤਮ ਕਰਕੇ ਉੱਥੇ ਸ਼ਾਂਤੀ ਕਾਇਮ ਕਰਨਗੇ। ਉਨ੍ਹਾਂ ਨੇ ਇਸ ਦਿਸ਼ਾ ਵਿੱਚ ਕੰਮ ਵੀ ਕੀਤਾ।

ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਬਾਰੇ ਵਧੇਰੇ ਜਾਣਕਾਰੀ ਤੁਸੀਂ ਇਸ ਲਿੰਕ 'ਤੇ ਜਾ ਕੇ ਪੜ੍ਹ ਸਕਦੇ ਹੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਰੂਸੀ ਤੇ ਯੂਕਰੇਨੀ ਵਿੱਚ ਛਪਦੇ ਹਨ ਅਖ਼ਬਾਰ

ਕ੍ਰੀਮੀਆ ਉੱਪਰ ਰੂਸ ਦੇ ਕਬਜ਼ੇ ਤੋਂ ਬਾਅਦ ਸਾਰਾ ਮੀਡੀਆ ਰਾਸ਼ਟਰਵਾਦ ਦੀ ਗੱਲ ਕਰ ਰਿਹਾ ਹੈ।

ਯੂਕਰੇਨ ਵਿੱਚ ਰੂਸੀ ਟੀਵੀ ਦੇ ਪ੍ਰਸਾਰਣ ਉੱਪਰ ਪਾਬੰਦੀ ਹੈ ਅਤੇ ਇਸੇ ਤਰ੍ਹਾਂ ਪੂਰਬ ਵਿੱਚ ਜਿੱਥੇ ਰੂਸੀ ਮਦਦ ਪ੍ਰਾਪਤ ਬਾਗੀਆਂ ਦਾ ਅਧਿਕਾਰ ਹੈ ਕੀਵ-ਮੁਖੀ ਮੀਡੀਆ ਅਦਾਰਿਆਂ ਦੀ ਬੋਲਤੀ ਬੰਦ ਹੈ।

ਯੂਕਰੇਨ ਸਰਕਾਰ ਵੱਲੋਂ ਕੁਝ ਖਾਸ ਰੂਸੀ ਵੈਬਸਾਈਟਾਂ ਤੱਕ ਪਹੁੰਚ ਉੱਪਰ ਵੀ ਪਾਬੰਦੀ ਹੈ।

ਟੀਵੀ ਮੀਡੀਆ ਵਿੱਚ ਟੀਵੀ ਦਾ ਦਬਦਬਾ ਹੈ ਜਿਸ ਵਿੱਚ ਕੁਝ ਵੱਡੇ ਕਾਰੋਬਾਰੀ ਘਰਾਣਿਆਂ ਦੀ ਸਰਦਾਰੀ ਹੈ।

ਯੂਕਰੇਨ ਦੇ ਵੱਡੇ ਅਖ਼ਬਾਰ ਯੂਕਰੇਨੀ ਅਤੇ ਰੂਸੀ ਭਾਸ਼ਾਵਾਂ ਵਿੱਚ ਆਪਣੇ ਅੰਕ ਪ੍ਰਕਾਸ਼ਿਤ ਕਰਦੇ ਹਨ।

ਡੋਨਬਾਸ ਖੇਤਰ ਕੀ ਹੈ ਜਿੱਥੇ ਰੂਸ ਨੇ ਹਮਲਾ ਕੀਤਾ

ਸਾਲ 2014 ਤੋਂ ਪੂਰਬੀ ਯੂਕਰੇਨ ਦੇ ਦੋ ਖੇਤਰਾਂ (ਡੋਨੇਤਸਕ ਤੇ ਲੁਹਾਂਸਕ) ਵਿੱਚ ਰੂਸ ਦੀ ਹਮਾਇਤ ਹਾਸਲ ਬਾਗੀਆਂ ਦਾ ਅਧਿਕਾਰ ਹੈ।

ਰੂਸ ਦਾਅਵਾ ਕਰਦਾ ਰਿਹਾ ਹੈ ਉਹ ਅਜਿਹਾ ਪੂਰਬੀ ਯੂਕਰੇਨ ਵਿੱਚ ਵਸਦੇ ਰੂਸੀ-ਭਾਸ਼ੀਆਂ ਦੀ ਯੂਕਰੇਨ ਤੋਂ ਰਾਖੀ ਲਈ ਕਰਦਾ ਹੈ। ਹੁਣ ਵੀ ਰੂਸ ਦਾ ਕਹਿਣਾ ਹੈ ਕਿ ਉਹ ਇਹ ਹਮਲਾ ਇਸੇ ਮੰਤਵ ਲਈ ਕਰ ਰਿਹਾ ਹੈ।

ਇਨ੍ਹਾਂ ਖੇਤਰਾਂ ਨੇ ਆਪਣੇ-ਆਪ ਨੂੰ ਡੋਨੇਤਸਕ ਪੀਪਲਜ਼ ਰਿਪਬਲਿਕ (ਡੀਐੱਨਆਰ) ਅਤੇ ਲੁਹਾਂਸਕ ਪੀਪਲਜ਼ ਰਿਪਬਲਿਕ ਐਲਾਨ ਕੀਤਾ ਹੋਇਆ ਸੀ ਪਰ ਮਾਨਤਾ ਕਿਸੇ ਵੱਲੋਂ ਨਹੀਂ ਸੀ।

ਇਨ੍ਹਾਂ ਦੋਵਾਂ ਖੇਤਰਾਂ ਦੀ ਰਲੀ-ਮਿਲੀ ਲਗਭਗ ਚਾਲੀ ਲੱਖ ਲੋਕਾਂ ਦੀ ਅਬਾਦੀ ਹੈ। ਇਸ ਲਾਈਨ ਦੇ ਦੋਵੇਂ ਪਾਸੇ ਵਸਦੇ ਲੋਕਾਂ ਨੂੰ ਲਾਈਨ ਟੱਪਣ ਲਈ ਬਹੁਤ ਸਾਰੀਆਂ ਕਾਗਜ਼ੀ/ਰਸਮੀ ਕਾਰਵਾਈਆਂ ਵਿੱਚੋਂ ਲੰਘਣਾ ਪੈਂਦਾ ਹੈ।

ਯੂਕਰੇਨ ਦੇ ਬਾਗੀਆਂ, ਯੂਕਰੇਨ ਦੀ ਸਮਾਜਿਕ ਵੰਡ ਬਾਰੇ ਹੋਰ ਜਾਨਣ ਲਈ ਤੁਸੀਂ ਇਸ ਲਿੰਕ 'ਤੇ ਕਲਿੱਕ ਕਰਕੇ ਰਿਪੋਰਟ ਪੜ੍ਹ ਸਕਦੇ ਹੋ।

ਇਹ ਵੀ ਪੜ੍ਹੋ:

ਯੂਕਰੇਨ ਦੇ ਇਤਿਹਾਸ ਦੇ ਕੁਝ ਪ੍ਰਮੁੱਖ ਬਿੰਦੂ

1918- ਰੂਸੀ ਕ੍ਰਾਂਤੀ ਤੋਂ ਬਾਅਦ ਯੂਕਰੇਨ ਵੱਲੋਂ ਆਪਣੀ ਆਜ਼ਾਦੀ ਦਾ ਐਲਾਨ।

1921- ਯੂਕਰੇਨ ਦੇ ਦੋ ਤਿਹਾਈ ਖੇਤਰ ਉੱਪਰ ਰੂਸ ਦੀ ਲਾਲ ਫ਼ੌਜ ਵੱਲੋਂ ਅਧਿਕਾਰ ਅਤੇ ਰੂਸੀ ਰਾਜ ਦੀ ਕਾਇਮੀ।

1932- ਮਨੁੱਖ ਦੇ ਉਪਜਾਏ ਅਕਾਲ ਵਿੱਚ 70 ਲੱਖ ਮੌਤਾਂ।

1941-44 -ਨਾਜ਼ੀਆਂ ਦੇ ਕਬਜ਼ੇ ਦੌਰਾਨ ਯੂਕਰੇਨ ਨੇ ਭਿਆਨਕ ਤਸ਼ਦਦ ਦਾ ਸਮਾਂ ਦੇਖਿਆ।

1945- ਰੂਸ ਨੇ ਪੱਛਮੀ ਯੂਕਰੇਨ ਉੱਪਰ ਵੀ ਅਧਿਕਾਰ ਕਰ ਲਿਆ।

1986- ਚਰਨੋਬਲ ਵਿੱਚ ਇੱਕ ਪ੍ਰਮਾਣੂ ਰਿਐਕਟਰ ਵਿੱਚ ਧਮਾਕਾ ਹੋਇਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇਸ ਤੋਂ ਉਪਜੀਆਂ ਰੇਡੀਓ ਐਕਟਿਵ ਤਰੰਗਾਂ ਪੂਰੇ ਯੂਰਪ ਵਿੱਚ ਫੈਲੀਆਂ।

1991- ਸੋਵੀਅਤ ਸੰਘ ਦਾ ਪਤਨ ਹੋਇਆ ਅਤੇ ਯੂਕਰੇਨ ਨੇ ਮੁੜ ਆਪਣੀ ਅਜ਼ਾਦੀ ਦਾ ਐਲਾਨ ਕੀਤਾ।

1994- ਯੂਕਰੇਨ ਨੇ ਨਵਾਂ ਲੋਕਤੰਤਰੀ ਸੰਵਿਧਾਨ ਅੰਗੀਕਾਰ ਕੀਤਾ ਤੇ ਨਵੀਂ ਕਰੰਸੀ ਲਾਗੂ ਕੀਤੀ।

2004- ਸੰਤਰੀ ਕ੍ਰਾਂਤੀ/ਔਰੈਂਜ ਰੈਵੋਲਿਊਸ਼ਨ ਦੇ ਨਾਲ ਪੱਛਮੀ ਯੂਕਰੇਨ ਵਿੱਚ ਪੱਛਮ ਪੱਖੀ ਮੁਜ਼ਾਹਰਿਆਂ ਨੇ ਜ਼ੋਰ ਫੜਿਆ।

2014- ਰੂਸ ਪੱਖੀ ਸਰਕਾਰ ਨੇ ਯੂਰਪੀ ਯੂਨੀਅਨ ਐਸੋਸੀਏਸ਼ਨ ਨਾਲ ਲਗਭਗ ਹੋਣ ਵਾਲੀ ਸੰਧੀ ਤੋਂ ਪੈਰ ਪਿੱਛੇ ਖਿੱਚ ਲਿਆ। ਸਰਕਾਰ ਦੇ ਵਿਰੋਧ ਵਿੱਚ ਪੱਛਮੀ ਯੂਕਰੇਨ ਵਿੱਚ ਫਰਵਰੀ ਵਿੱਚ ਮੈਡਨ ਕ੍ਰਾਂਤੀ ਉੱਠੀ ਅਤੇ ਰਾਸ਼ਟਰਪਤੀ ਨੂੰ ਜਾਨ ਬਚਾਉਣ ਲਈ ਦੇਸ ਛੱਡ ਕੇ ਜਾਣਾ ਪਿਆ।

ਰੂਸ ਨੇ ਹਮਲਾ ਕਰਕੇ ਕ੍ਰੀਮੀਆ ਉੱਪਰ ਅਧਿਕਾਰ ਕਰ ਲਿਆ।

2022- ਫਰਵਰੀ ਵਿੱਚ ਰੂਸ ਦਾ ਯੂਕਰੇਨ ਉੱਪਰ ਹਮਲਾ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)