You’re viewing a text-only version of this website that uses less data. View the main version of the website including all images and videos.
'ਫੋਨ 'ਤੇ ਖਾਣੇ ਦਾ ਆਰਡਰ ਦੇ ਕੇ ਉਲਟੀ ਗਿਣਤੀ ਕਰਨ ਵਾਲੇ ਹੀ ਕੁਝ ਸਬਰ ਕਰ ਲਿਆ ਕਰਨ'- 10 ਮਿੰਟ ਡਿਲੀਵਰੀ ਸਰਵਿਸ 'ਤੇ ਹਨੀਫ਼ ਦੀ ਟਿੱਪਣੀ
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
ਕਾਫੀ ਚਿਰ ਬਾਅਦ ਸਾਡੀ ਕੋਈ ਸਰਕਾਰ ਮਜ਼ਦੂਰਾਂ ਦੇ ਹੱਕ ਵਿੱਚ ਬੋਲੀ ਹੈ। ਭਾਰਤੀ ਮਜ਼ਦੂਰ ਮੰਤਰਾਲੇ ਨੇ ਕਿਹਾ ਹੈ ਕਿ ਤੁਹਾਨੂੰ ਘਰ ਬੈਠਿਆਂ ਰਾਸ਼ਨ, ਰੋਟੀ ਤੇ ਬਾਕੀ ਇੱਛਾਵਾਂ ਪੁਗਾਉਣ ਵਾਲੀਆਂ ਕੰਪਨੀਆਂ ਹਨ, ਜਿਨ੍ਹਾਂ ਨੇ 10 ਮਿੰਟ ਵਿੱਚ ਡਿਲੀਵਰੀ ਦੀ ਮਸ਼ਹੂਰੀ ਕੀਤੀ ਹੈ, ਇਹ ਉਹ ਕੰਮ ਬੰਦ ਕਰਨ।
ਭਾਰਤ ਵਿੱਚ ਕਈ ਕੰਪਨੀਆਂ ਇਹ ਮਸ਼ਹੂਰੀ ਕਰਦੀਆਂ ਹਨ। ਇਸ ਬਾਰੇ ਰਾਈਡਰਜ਼ ਅਤੇ ਗਿਗ ਵਰਕਰ ਨੂੰ ਲੱਗਦਾ ਸੀ ਕਿ ਉਨ੍ਹਾਂ ਦੇ ਇਹ ਸਹੀ ਨਹੀਂ ਹੈ ਅਤੇ ਇਸ ਤੋਂ ਪਹਿਲਾਂ ਉਹ ਹੜਤਾਲ 'ਤੇ ਵੀ ਗਏ ਸਨ।
ਇਹ ਗਿਗ ਇਕੋਨਮੀ ਦੇ ਆਉਣ ਤੋਂ ਪਹਿਲਾਂ ਸਾਡੇ ਕੋਲ ਮਜ਼ਦੂਰ, ਮਿਹਨਤਕਸ਼ ਅਤੇ ਦਿਹਾੜੀਦਾਰ ਸਨ, ਜਿਨ੍ਹਾਂ ਦੇ ਮੋਢਿਆਂ 'ਤੇ ਸਾਡੀ ਇਕੋਨਮੀ ਚੱਲਦੀ ਸੀ। ਨਾ ਉਨ੍ਹਾਂ ਦੀ ਨਾ ਕੋਈ ਪੈਨਸ਼ਨ ਅਤੇ ਨਾ ਹੀ ਉਨ੍ਹਾਂ ਦੀ ਕੋਈ ਬਿਮਾਰੀ ਦੀ ਛੁੱਟੀ।
ਇੱਕ ਵਾਰ ਉਰਦੂ ਦਾ ਸ਼ੇਅਰ ਸੁਣਿਆ ਸੀ, 'ਕਿ ਹੈ ਤਲਖ਼ ਬਹੁਤ ਬੰਦਾ ਏ ਮਜ਼ਦੂਰ ਏ ਔਕਾਤ' ਪਰ ਹੁਣ ਜਿਹੜੇ ਔਨਲਾਈਨ ਦੁਕਾਨਾਂ ਚਲਾਉਣ ਵਾਲੇ ਨਵੇਂ ਸੇਠ ਆਏ ਹਨ, ਉਨ੍ਹਾਂ ਨੇ ਤਾਂ ਮਜ਼ਦੂਰਾਂ ਨੂੰ ਉਨ੍ਹਾਂ ਦੀ ਅਸਲੀ ਔਕਾਤ ਹੀ ਯਾਦ ਕਰਵਾ ਦਿੱਤੀ।
ਦਿਹਾੜੀਦਾਰ ਦਿਨ ਵਿੱਚ 10-12 ਘੰਟੇ ਮਸ਼ੱਕਤ ਕਰ ਕੇ ਸ਼ਾਮ ਨੂੰ ਆਪਣੀ ਰੋਜ਼ੀ-ਰੋਟੀ ਕਮਾ ਲੈਂਦਾ ਸੀ। ਹੁਣ ਇਹ ਗਿਗ ਵਰਕਰਾਂ ਕੋਲੋਂ 10-10 ਮਿੰਟ ਦੀ ਦਿਹਾੜੀ ਲਗਵਾਈ ਜਾ ਰਹੀ ਹੈ।
'ਤੁਸੀਂ ਇੰਡੀਪੈਂਟੇਂਡ ਕਾਨਟ੍ਰੈਕਟਰ ਹੋ'
ਇਸ ਦੇ ਨਾਲ ਹੀ ਉਨ੍ਹਾਂ ਸੇਠਾਂ ਦਾ ਦਾਅਵਾ ਇਹ ਵੀ ਹੈ ਕਿ ਤੁਸੀਂ ਤਾਂ ਮਜ਼ਦੂਰ ਹੋ ਹੀ ਨਹੀਂ, ਤੁਸੀਂ ਇੰਡੀਪੈਂਟੇਂਡ ਕਾਨਟ੍ਰੈਕਟਰ ਹੋ। ਜਦੋਂ ਮਰਜ਼ੀ ਇਹ ਕੰਮ ਸ਼ੁਰੂ ਕਰੋ ਤੇ ਜਦੋਂ ਮਰਜ਼ੀ ਇਹ ਕੰਮ ਬੰਦ ਕਰ ਦਿਓ।
ਪਰ ਜੇ ਤੁਸੀਂ ਸਾਡਾ ਫੀਤਾ ਚੁੱਕ ਲਿਆ ਹੈ ਤਾਂ ਆਪਣੀ ਜਾਨ 'ਤੇ ਖੇਡ ਜਾਓ ਤੇ 10 ਮਿੰਟ ਵਿੱਚ ਸਾਡੇ ਗਾਹਕ ਕੋਲ ਪਹੁੰਚਾਓ। ਉੱਤੋਂ ਇਸ ਗਿਗ ਇਕੋਨਮੀ ਦੇ ਆਉਣ ਨਾਲ ਗਾਹਕ ਵੀ ਕਾਫੀ ਤ੍ਰਿਖੇ ਹੋ ਗਏ ਹਨ। ਉਧਰੋਂ ਪਿੱਜ਼ਾ ਬਣਨਾ ਸ਼ੁਰੂ ਹੁੰਦਾ ਤੇ ਉਧਰੋਂ ਗਾਹਕ ਸਾਬ੍ਹ ਦੇ ਫੋਨ 'ਤੇ ਪੁੱਠੀ ਘੜੀ ਚੱਲਣੀ ਸ਼ੁਰੂ ਹੋ ਜਾਂਦੀ ਹੈ। ਜੇ ਲੇਟ ਹੋ ਜਾਓ ਤੇ ਸ਼ਿਕਾਇਤ ਅਤੇ ਜੇ ਆਡਰਡ ਉੱਤੇ-ਥੱਲੇ ਹੋ ਜਾਵੇ ਤਾਂ ਨਾਲ ਜੁਰਮਾਨਾ ਵੀ।
ਪਾਕਿਸਤਾਨ ਵਿੱਚ ਇੱਕ ਮਸ਼ਹੂਰ ਟੀਵੀ ਐਂਕਰ ਨੇ ਬਹਿਸ ਪਾਈ ਸੀ ਕਿ ਜੇ ਕੋਈ ਰਾਈਡਰ ਤੁਹਾਨੂੰ ਪੂਰੀ ਚੇਂਜ (ਖੁੱਲ੍ਹੇ ਪੈਸੇ) ਨਾ ਦੇਵੇ। ਉਸ ਕੋਲੋਂ 10-20 ਰੁਪਏ ਉੱਤੇ-ਥੱਲੇ ਹੋ ਜਾਣ ਤਾਂ ਉਸ ਨਾਲ ਉਹੀ ਸਲੂਕ ਕਰੋ ਜੋ ਚੋਰਾਂ ਨਾਲ ਕਰਦੇ ਹਨ।
ਕਿਤੇ ਪੁਰਾਣੇ ਜ਼ਮਾਨਿਆਂ ਵਿੱਚ ਗ਼ੁਲਾਮੀ ਹੁੰਦੀ ਸੀ। ਜੰਜ਼ੀਰਾਂ ਪਾ ਕੇ, ਕੋੜੇ ਮਾਰ ਕੇ ਗ਼ੁਲਾਮਾਂ ਕੋਲੋਂ ਖੇਤਾਂ ਵਿੱਚ ਕੰਮ ਕਰਵਾਇਆ ਜਾਂਦਾ ਸੀ। ਪਹਾੜ ਤੇ ਪਹਾੜ ਤੁੜਵਾਏ ਜਾਂਦੇ ਸਨ। ਹੁਣ ਗ਼ੁਲਾਮੀ ਕੋਈ ਨਹੀਂ। ਔਨਲਾਈਨ ਵਾਲੇ ਸੇਠ ਸਾਨੂੰ ਦੱਸਦੇ ਹਨ ਕਿ ਮਜ਼ਦੂਰਾਂ ਨੂੰ ਪੂਰੀ ਆਜ਼ਾਦੀ ਹੈ।
ਪਰ ਮੈਂ ਤਾਂ ਅੱਜ ਤੱਕ ਕੋਈ ਮੁੰਡਾ ਨਹੀਂ ਦੇਖਿਆ ਕਿ ਜਿਸ ਨੇ ਮੈਂ ਇਹ ਸੁਪਨਾ ਦੇਖਿਆ ਹੋਵੇ ਕਿ ਮੈਂ ਵੱਡਾ ਹੋਵਾਂਗਾ ਤੇ ਮੇਰੇ ਕੋਲ ਇੱਕ ਮੋਟਰਸਾਈਕਲ ਅਤੇ ਸਮਾਰਟ ਫੋਨ ਹੋਵੇਗਾ ਅਤੇ ਮੈਂ ਸਾਰੀ ਜ਼ਿੰਦਗੀ ਪਿੱਜ਼ੇ ਢੋਵਾਂਗਾ।
'ਨੌਕਰੀ ਕੀ 'ਤੇ ਨਖ਼ਰਾ ਕੀ'
ਮਜਬੂਰੀ ਹੀ ਮਜ਼ਦੂਰੀ ਕਰਵਾਉਂਦੀ ਹੈ। ਨੌਕਰੀ ਕੀ ਤੇ ਨਖ਼ਰਾ ਕੀ।
ਇਨ੍ਹਾਂ ਮਜ਼ਦੂਰਾਂ ਨੂੰ ਕੋੜੇ ਮਾਰਨ ਲਈ ਸੇਠ ਆਪਣਾ ਐਲਗੋਰਿਦਮ ਵਰਤਦੇ ਹਨ। ਜੇ ਲੇਟ ਹੋ ਗਏ ਤਾਂ ਰੇਟਿੰਗ ਘੱਟ, ਜੇ ਆਰਡਰ ਗ਼ਲਤ ਹੋ ਜਾਵੇ ਤਾਂ ਜੁਰਮਾਨਾ ਤੇ ਨੌਕਰੀ ਤੋਂ ਛੁੱਟੀ ਵੀ ਹੋ ਸਕਦੀ ਹੈ।
ਭਾਰਤ ਵਿੱਚ ਵੱਡੀਆਂ ਕੰਪਨੀਆਂ ਦੇ ਕਈ ਮਾਰਕਿਟ ਕੰਸਲਟੈਂਟ ਬਣੇ ਹਨ ਜਿਹੜੇ, ਹਕੂਮਤ ਦੇ ਇਸ ਕੰਮ 'ਤੇ ਨਰਾਜ਼ ਸਨ। ਉਹ ਕਹਿ ਰਹੇ ਸਨ ਕਿ ਹਕੂਮਤ ਦਾ ਇਹ ਕੀ ਕੰਮ ਕਿ ਉਹ ਨਿੱਜੀ ਸੇਠਾਂ ਦੇ ਧੰਦਿਆਂ ਵਿੱਚ ਵੜ੍ਹਨ। ਸਾਨੂੰ ਕੋਈ ਇਹ ਨਹੀਂ ਦੱਸ ਸਕਦਾ ਕਿ ਮਜ਼ਦੂਰ ਦਾ ਇੰਨਾ ਖ਼ੂਨ ਚੂਸੋ ਅਤੇ ਇੰਨਾ ਬਾਕੀ ਖਾਲ੍ਹੀ ਛੱਡ ਦਿਓ।
ਇਹ ਫਰਮਾ ਰਹੇ ਸਨ ਕਿ ਸਟਾਰਟਪ ਬਣਨਗੇ, ਬਰੈਂਡ ਬਣਨਗੇ ਅਤੇ ਫਿਰ ਹੀ ਭਾਰਤ ਅੱਗੇ ਜਾਵੇਗਾ। ਪਰ ਹੁਣ ਪਤਾ ਨਹੀਂ ਔਨਲਾਈਨ ਸੇਠ ਹਕੂਮਤ ਦੀ ਸੁਣਦੇ ਹਨ ਜਾਂ ਨਹੀਂ ਕਿਉਂਕਿ ਉਹ ਤਾਂ ਆਪਣੇ ਐਲਗੋਰਿਦਮ ਅਤੇ ਆਪਣੇ ਨਫ਼ੇ ਤੋਂ ਇਲਾਵਾ ਹੋਰ ਕਿਸੇ ਦੀ ਨਹੀਂ ਸੁਣਦੇ।
ਪਰ ਆਪਣੇ ਸਮਾਰਟ ਫੋਨ 'ਤੇ ਆਰਡਰ ਦੇ ਕੇ ਉਲਟੀ ਗਿਣਤੀ ਕਰਨ ਵਾਲੇ ਗਾਹਕ ਹੀ ਕੁਝ ਸਬਰ ਕਰ ਲਿਆ ਕਰਨ।
ਕਦੇ ਕਿਚਨ ਵਿੱਚ ਖਾਣਾ ਪਕਾਉਂਦੇ ਹੋਏ ਤੁਸੀਂ ਲੇਟ ਨਹੀਂ ਹੋਏ। ਕਦੇ ਸਬਜ਼ੀ ਘਰ ਲਿਆਉਂਦੇ ਹੋਏ ਟਰੈਫਿਕ ਵਿੱਚ ਨਹੀਂ ਫਸੇ ਤੇ ਜੇ ਭਾਰਤ ਨੂੰ ਇੰਨਾ 10-10 ਮਿੰਟ ਦੀਆਂ ਦਿਹਾੜੀਆਂ ਲਗਾਉਣ ਵਾਲੇ ਮਜ਼ਦੂਰਾਂ ਨੇ ਹੀ ਅੱਗੇ ਲੈ ਕੇ ਜਾਣਾ ਹੈ ਤਾਂ ਇਹ ਸਫ਼ਰ ਥੋੜ੍ਹਾ ਜਿਹਾ ਹੌਲੀ ਕਰ ਦਿਓ।
ਤੁਹਾਡਾ ਪਿੱਜ਼ਾ 10 ਮਿੰਟ 'ਤੇ ਨਹੀਂ ਤਾਂ 15-20 ਮਿੰਟ ਵਿੱਚ ਤਾਂ ਪਹੁੰਚਣਾ ਹੀ ਚਾਹੀਦਾ ਹੈ।
ਰੱਬ ਰਾਖਾ!
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ