You’re viewing a text-only version of this website that uses less data. View the main version of the website including all images and videos.
'ਮੈਂ ਡੇਢ ਘੰਟੇ ਤੱਕ ਪਤਨੀ ਦੀ ਲਾਸ਼ ਚੁੱਕ ਕੇ ਫਿਰਦਾ ਰਿਹਾ, ਫਿਰ ਉਸਦੀ ਜੈਕੇਟ ਹੀ ਹੱਥ 'ਚ ਰਹਿ ਗਈ', ਇਰਾਨ 'ਚ ਮਰਨ ਵਾਲੇ ਲੋਕਾਂ ਦੀਆਂ ਦਿਲ ਕੰਬਾਊ ਕਹਾਣੀਆਂ
- ਲੇਖਕ, ਸਾਰਾ ਨਾਮਜੂ ਅਤੇ ਰੋਜ਼ਾ ਅਸਾਦੀ
- ਰੋਲ, ਬੀਬੀਸੀ ਫ਼ਾਰਸੀ
ਚੇਤਾਵਨੀ: ਇਸ ਲੇਖ ਵਿੱਚ ਕੁਝ ਪਰੇਸ਼ਾਨ ਕਰਨ ਵਾਲੇ ਵੇਰਵੇ ਸ਼ਾਮਲ ਹਨ
8 ਜਨਵਰੀ ਨੂੰ ਤੇਹਰਾਨ ਵਿੱਚ ਇੱਕ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਘਰ ਪਰਤਦੇ ਸਮੇਂ, ਰੇਜ਼ਾ ਨੇ ਆਪਣੀ ਪਤਨੀ ਮਰੀਅਮ ਦੀ ਸੁਰੱਖਿਆ ਲਈ ਉਸਦੇ ਦੁਆਲੇ ਆਪਣੀਆਂ ਬਾਹਾਂ ਫੈਲਾਈਆਂ ਹੋਈਆਂ ਸਨ।
ਉਸਨੇ ਆਪਣੇ ਪਰਿਵਾਰ ਦੇ ਇੱਕ ਮੈਂਬਰ ਨੂੰ ਦੱਸਿਆ, ਜਿਸਨੇ ਬਾਅਦ ਵਿੱਚ ਬੀਬੀਸੀ ਫ਼ਾਰਸੀ ਨਾਲ ਗੱਲ ਕੀਤੀ, "ਅਚਾਨਕ, ਮੈਨੂੰ ਆਪਣੀ ਬਾਂਹ ਹੌਲੀ ਮਹਿਸੂਸ ਹੋਈ - ਮੇਰੇ ਹੱਥਾਂ ਵਿੱਚ ਸਿਰਫ ਉਸਦੀ ਜੈਕਟ ਰਹਿ ਗਈ ਸੀ।"
ਮਰੀਅਮ ਨੂੰ ਇੱਕ ਜਾਨਲੇਵਾ ਗੋਲੀ ਲੱਗੀ ਸੀ - ਅਤੇ ਉਨ੍ਹਾਂ ਨੂੰ ਕੁਝ ਪਤਾ ਨਹੀਂ ਸੀ ਕਿ ਗੋਲੀ ਕਿੱਥੋਂ ਆਈ ਸੀ।
ਰੇਜ਼ਾ ਡੇਢ ਘੰਟੇ ਤੱਕ ਮਰੀਅਮ ਦੀ ਲਾਸ਼ ਨੂੰ ਚੁੱਕੀ ਫਿਰਦੇ ਰਹੇ। ਥੱਕ ਕੇ ਉਹ ਇੱਕ ਗਲੀ ਵਿੱਚ ਬੈਠ ਗਏ। ਕੁਝ ਦੇਰ ਬਾਅਦ ਕੋਲ ਦੇ ਇੱਕ ਘਰ ਦਾ ਦਰਵਾਜ਼ਾ ਖੁੱਲ੍ਹਿਆ। ਘਰ ਵਾਲੇ ਲੋਕ ਉਨ੍ਹਾਂ ਨੂੰ ਆਪਣੇ ਗੈਰੇਜ ਵਿੱਚ ਲੈ ਗਏ, ਇੱਕ ਚਿੱਟੀ ਚਾਦਰ ਲਿਆਏ ਅਤੇ ਮਰੀਅਮ ਦੀ ਲਾਸ਼ ਨੂੰ ਉਸ ਵਿੱਚ ਵਲ੍ਹੇਟ ਦਿੱਤਾ।
ਮਰੀਅਮ ਨੇ ਮੁਜ਼ਾਹਰਿਆਂ ਵਿੱਚ ਜਾਣ ਤੋਂ ਕੁਝ ਦਿਨ ਪਹਿਲਾਂ ਆਪਣੇ ਬੱਚਿਆਂ - ਜਿਨ੍ਹਾਂ ਦੀ ਉਮਰ ਸੱਤ ਅਤੇ 14 ਸਾਲ ਸੀ - ਨੂੰ ਦੇਸ ਵਿੱਚ ਹੋ ਰਹੀਆਂ ਘਟਨਾਵਾਂ ਬਾਰੇ ਦੱਸਿਆ ਸੀ। ਉਸਨੇ ਕਿਹਾ ਸੀ, "ਕਦੇ-ਕਦੇ ਮਾਪੇ ਮੁਜ਼ਾਹਰਿਆਂ ਵਿੱਚ ਜਾਂਦੇ ਹਨ ਅਤੇ ਵਾਪਸ ਨਹੀਂ ਆਉਂਦੇ। ਮੇਰਾ ਖੂਨ, ਅਤੇ ਤੁਹਾਡਾ ਖੂਨ, ਕਿਸੇ ਹੋਰ ਨਾਲੋਂ ਜ਼ਿਆਦਾ ਕੀਮਤੀ ਨਹੀਂ ਹੈ।"
ਸੁਰੱਖਿਆ ਕਾਰਨਾਂ ਕਰਕੇ ਰੇਜ਼ਾ ਅਤੇ ਮਰੀਅਮ ਦੇ ਨਾਮ ਬਦਲ ਦਿੱਤੇ ਗਏ ਹਨ।
ਮਰੀਅਮ ਉਨ੍ਹਾਂ ਹਜ਼ਾਰਾਂ ਮੁਜ਼ਾਹਰਾਕਾਰੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਘਰ ਪਰਤਣਾ ਚਾਹੀਦਾ ਸੀ ਪਰ ਉਹ ਕਦੇ ਵਾਪਸ ਨਹੀਂ ਆ ਸਕੇ, ਕਿਉਂਕਿ ਅਧਿਕਾਰੀਆਂ ਨੇ ਪੂਰੇ ਇਰਾਨ ਵਿੱਚ ਤੇਜ਼ੀ ਨਾਲ ਫੈਲ ਰਹੇ ਮੁਜ਼ਾਹਰਿਆਂ ਦਾ ਜਵਾਬ ਘਾਤਕ ਦਮਨ ਨਾਲ ਦਿੱਤਾ।
ਅਮਰੀਕਾ ਸਥਿਤ ਇਰਾਨੀ ਹਿਊਮਨ ਰਾਈਟਸ ਐਕਟੀਵਿਸਟਸ ਨਿਊਜ਼ ਏਜੰਸੀ (ਐਚਆਰਐਨਏ) ਦਾ ਕਹਿਣਾ ਹੈ ਕਿ ਉਹ ਪਿਛਲੇ ਤਿੰਨ ਹਫ਼ਤਿਆਂ ਦੌਰਾਨ 12 ਬੱਚਿਆਂ ਸਮੇਤ ਘੱਟੋ-ਘੱਟ 2,400 ਮੁਜ਼ਾਹਰਾਕਾਰੀਆਂ ਦੀ ਮੌਤ ਦੀ ਪੁਸ਼ਟੀ ਕਰਨ ਵਿੱਚ ਸਫਲ ਰਹੀ ਹੈ।
ਮਰਨ ਵਾਲਿਆਂ ਦੀ ਗਿਣਤੀ ਦਾ ਪਤਾ ਲਗਾਉਣਾ ਬਹੁਤ ਮੁਸ਼ਕਲ ਹੈ, ਜਿਸ ਵਿੱਚ ਆਉਣ ਵਾਲੇ ਦਿਨਾਂ ਵਿੱਚ ਵਾਧਾ ਹੋਣ ਦੀ ਉਮੀਦ ਹੈ। ਇਸਦੀ ਵਜ੍ਹਾ ਹੈ ਕਿ ਇਰਾਨੀ ਅਧਿਕਾਰੀਆਂ ਨੇ ਵੀਰਵਾਰ ਰਾਤ ਇੰਟਰਨੈੱਟ ਉੱਤੇ ਪਾਬੰਦੀ ਲਾ ਦਿੱਤੀ ਸੀ, ਜਿਸ ਤੋਂ ਬਾਅਦ ਦੇਸ ਵਿੱਚ ਸੰਚਾਰ ਲਗਭਗ ਪੂਰੀ ਤਰ੍ਹਾਂ ਠੱਪ ਹੈ।
ਮਨੁੱਖੀ ਅਧਿਕਾਰ ਸਮੂਹਾਂ ਦੀ ਦੇਸ ਤੱਕ ਸਿੱਧੀ ਪਹੁੰਚ ਨਹੀਂ ਹੈ ਅਤੇ ਹੋਰ ਅੰਤਰਰਾਸ਼ਟਰੀ ਸਮਾਚਾਰ ਸੰਸਥਾਵਾਂ ਦੇ ਨਾਲ, ਬੀਬੀਸੀ ਵੀ ਜ਼ਮੀਨੀ ਤੋਂ ਰਿਪੋਰਟਿੰਗ ਕਰਨ ਤੋਂ ਅਸਮਰੱਥ ਹੈ।
ਇਰਾਨੀ ਅਧਿਕਾਰੀਆਂ ਨੇ ਮੌਤਾਂ ਦੀ ਗਿਣਤੀ ਨਹੀਂ ਦੱਸੀ ਹੈ, ਪਰ ਸਥਾਨਕ ਮੀਡੀਆ ਨੇ ਰਿਪੋਰਟ ਦਿੱਤੀ ਹੈ ਕਿ 100 ਸੁਰੱਖਿਆ ਕਰਮੀ ਮਾਰੇ ਗਏ ਹਨ। ਜਦਕਿ ਮੁਜ਼ਾਹਰਾਕਾਰੀਆਂ ਨੇ, ਜਿਨ੍ਹਾਂ ਨੂੰ ਸਰਕਾਰ ਨੇ "ਦੰਗਾਕਾਰੀ ਅਤੇ ਅੱਤਵਾਦੀ" ਵਜੋਂ ਪੇਸ਼ ਕੀਤਾ ਹੈ - ਵੱਖ-ਵੱਖ ਸ਼ਹਿਰਾਂ ਵਿੱਚ ਦਰਜਨਾਂ ਮਸਜਿਦਾਂ ਅਤੇ ਬੈਂਕਾਂ ਨੂੰ ਅੱਗ ਲਗਾ ਦਿੱਤੀ ਹੈ।
ਡਾਲਰ ਦੇ ਮੁਕਾਬਲੇ ਇਰਾਨੀ ਮੁਦਰਾ ਦੀ ਕੀਮਤ ਵਿੱਚ ਭਾਰੀ ਗਿਰਾਵਟ ਤੋਂ ਬਾਅਦ 29 ਦਸੰਬਰ ਨੂੰ ਰਾਜਧਾਨੀ ਤੇਹਰਾਨ ਵਿੱਚ ਮੁਜ਼ਾਹਰੇ ਸ਼ੁਰੂ ਹੋਏ ਸਨ। ਜਿਵੇਂ ਹੀ ਇਹ ਮੁਜ਼ਾਹਰੇ ਦਰਜਨਾਂ ਹੋਰ ਕਸਬਿਆਂ ਅਤੇ ਸ਼ਹਿਰਾਂ ਤੱਕ ਪਹੁੰਚੇ, ਇਨ੍ਹਾਂ ਦਾ ਮੁਹਾਣ ਇਰਾਨ ਦੇ ਧਾਰਮਿਕ ਸ਼ਾਸਕਾਂ ਦੇ ਵਿਰੁੱਧ ਹੋ ਗਏ।
ਸੁਰੱਖਿਆ ਦਸਤਿਆਂ ਨੇ ਜਲਦੀ ਹੀ ਹਿੰਸਕ ਕਾਰਵਾਈ ਸ਼ੁਰੂ ਕਰ ਦਿੱਤੀ, ਜਿਸ ਵਿੱਚ ਅਸ਼ਾਂਤੀ ਦੇ 11ਵੇਂ ਦਿਨ ਯਾਨੀ 7 ਜਨਵਰੀ ਤੱਕ ਘੱਟੋ-ਘੱਟ 34 ਮੁਜ਼ਾਹਰਾਕਾਰੀਆਂ ਦੀ ਜਾਨ ਜਾਣ ਦੀ ਖ਼ਬਰ ਮਿਲੀ। ਹਾਲਾਂਕਿ, ਅਜਿਹਾ ਲਗਦਾ ਹੈ ਕਿ ਸਭ ਤੋਂ ਖੂਨੀ ਦਮਨ ਪਿਛਲੇ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਹੋਇਆ ਸੀ, ਜਦੋਂ ਦੇਸ ਭਰ ਵਿੱਚ ਹਜ਼ਾਰਾਂ ਲੋਕ ਸੜਕਾਂ 'ਤੇ ਉਤਰ ਆਏ ਅਤੇ ਸੁਪਰੀਮ ਲੀਡਰ ਆਇਤੁੱਲਾ ਅਲੀ ਖਮੇਨੇਈ ਦੇ ਸ਼ਾਸਨ ਨੂੰ ਖ਼ਤਮ ਕਰਨ ਦੀ ਮੰਗ ਕੀਤੀ।
ਬੀਬੀਸੀ ਫ਼ਾਰਸੀ ਨੂੰ ਇਰਾਨ ਦੇ ਅੰਦਰੋਂ ਦਰਜਨਾਂ ਬਿਰਤਾਂਤ ਮਿਲੇ ਹਨ। ਸੰਭਾਵੀ ਨਤੀਜਿਆਂ ਦੇ ਬਾਵਜੂਦ ਨਿਡਰ ਰਹਿੰਦਿਆਂ, ਗਵਾਹਾਂ ਨੇ ਕਿਹਾ ਕਿ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਬਾਕੀ ਦੁਨੀਆਂ ਮੁਜ਼ਾਹਰਾਕਾਰੀਆਂ ਵਿਰੁੱਧ ਹੋ ਰਹੀ ਹਿੰਸਾ ਬਾਰੇ ਜਾਣ ਸਕੇ।
ਇੱਕ ਵਿਅਕਤੀ ਨੇ ਬੀਬੀਸੀ ਫ਼ਾਰਸੀ ਨੂੰ ਦੱਸਿਆ, "ਸਾਡੇ ਗੁਆਂਢ ਵਿੱਚੋਂ ਖੂਨ ਦੀ ਬਦਬੂ ਆ ਰਹੀ ਹੈ - ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਮਾਰ ਦਿੱਤਾ ਹੈ।" ਇੱਕ ਹੋਰ ਨੇ ਯਾਦ ਕੀਤਾ ਕਿ ਸੁਰੱਖਿਆ ਬਲ "ਜ਼ਿਆਦਾਤਰ ਸਿਰਾਂ ਅਤੇ ਚਿਹਰਿਆਂ 'ਤੇ ਗੋਲੀਆਂ ਚਲਾ ਰਹੇ ਸਨ"।
ਮੁਜ਼ਾਹਰੇ ਸਾਰੇ 31 ਸੂਬਿਆਂ ਵਿੱਚ ਫੈਲ ਗਏ ਹਨ। ਅਤੇ ਜੋ ਜਾਣਕਾਰੀ ਹੌਲੀ-ਹੌਲੀ ਸਾਹਮਣੇ ਆ ਰਹੀ ਹੈ, ਉਹ ਸਪੱਸ਼ਟ ਤੌਰ 'ਤੇ ਦਰਸਾਉਂਦੀ ਹੈ ਕਿ ਛੋਟੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਕਤਲੇਆਮ ਦਾ ਪੱਧਰ ਵੱਡੇ ਸ਼ਹਿਰਾਂ ਜਿੰਨਾ ਹੀ ਭਿਆਨਕ ਹੈ।
ਉੱਤਰ ਵਿੱਚ 50,000 ਦੀ ਆਬਾਦੀ ਵਾਲੇ ਕਸਬੇ ਟੋਨੇਕਾਬੋਨ ਵਿੱਚ, ਸ਼ੁੱਕਰਵਾਰ ਨੂੰ ਸੋਰੇਨਾ ਗੋਲਗੁਨ ਦੀ ਮੌਤ ਹੋ ਗਈ। ਪਰਿਵਾਰ ਦੇ ਇੱਕ ਮੈਂਬਰ ਦੇ ਅਨੁਸਾਰ, 18 ਸਾਲਾ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਸੁਰੱਖਿਆ ਬਲਾਂ ਦੇ ਘੇਰੇ ਤੋਂ ਭੱਜਦੇ ਸਮੇਂ "ਦਿਲ ਵਿੱਚ ਗੋਲੀ" ਮਾਰੀ ਗਈ ਸੀ।
ਸੋਰੇਨਾ ਦੀ ਤਰ੍ਹਾਂ, ਮਾਰੇ ਗਏ ਕਈ ਹੋਰ ਮੁਜ਼ਾਹਰਾਕਾਰੀ, ਨੌਜਵਾਨ ਅਤੇ ਸੁਪਨਿਆਂ ਨਾਲ ਭਰੇ ਹੋਏ ਸਨ। ਰੋਬੀਨਾ ਅਮੀਨੀਅਨ (23) ਫੈਸ਼ਨ-ਡਿਜ਼ਾਈਨ ਦੀ ਵਿਦਿਆਰਥਣ ਜੋ ਮਿਲਾਨ ਵਿੱਚ ਪੜ੍ਹਨਾ ਚਾਹੁੰਦੀ ਸੀ। ਰੋਬੀਨਾ ਨੂੰ ਵੀਰਵਾਰ ਨੂੰ ਤੇਹਰਾਨ ਵਿੱਚ ਗੋਲੀ ਮਾਰ ਦਿੱਤੀ ਗਈ ਸੀ।
ਰੋਬੀਨਾ ਦੀ ਮਾਂ ਨੇ ਪੱਛਮੀ ਸ਼ਹਿਰ ਕਰਮਨਸ਼ਾਹ ਸਥਿਤ ਆਪਣੇ ਘਰ ਤੋਂ ਤੇਹਰਾਨ ਤੱਕ ਰੋਬੀਨਾ ਦੀ ਲਾਸ਼ ਲੈਣ ਲਈ ਲਗਭਗ ਛੇ ਘੰਟੇ ਦਾ ਸਫ਼ਰ ਤੈਅ ਕੀਤਾ। ਵਾਪਸੀ 'ਤੇ, ਉਸਨੇ ਆਪਣੀ ਪਿਆਰੀ ਧੀ ਨੂੰ ਆਪਣੀਆਂ ਬਾਹਾਂ ਵਿੱਚ ਫੜਿਆ ਹੋਇਆ ਸੀ। ਲੇਕਿਨ ਜਦੋਂ ਉਹ ਪਹੁੰਚੀ, ਤਾਂ ਸੁਰੱਖਿਆ ਬਲਾਂ ਨੇ ਉਸਨੂੰ ਸ਼ਹਿਰ ਦੇ ਬਾਹਰ ਇੱਕ ਦੂਰ-ਦੁਰਾਡੇ ਕਬਰਸਤਾਨ ਵਿੱਚ ਲਾਸ਼ ਦਫ਼ਨਾਉਣ ਲਈ ਮਜ਼ਬੂਰ ਕੀਤਾ - ਜਿੱਥੇ ਕੋਈ ਹੋਰ ਪਰਿਵਾਰਕ ਮੈਂਬਰ ਜਾਂ ਦੋਸਤ ਮੌਜੂਦ ਨਹੀਂ ਸੀ।
ਜਾਨ ਗਵਾਉਣ ਵਾਲੇ ਸਾਰੇ ਲੋਕ ਮੁਜ਼ਾਹਰਾਕਾਰੀ ਨਹੀਂ ਸਨ। ਕਰਮਨਸ਼ਾਹ ਵਿੱਚ ਇੱਕ 24 ਸਾਲਾ ਨਰਸ, ਨਵਿਦ ਸਾਲੇਹੀ ਨੂੰ ਵੀਰਵਾਰ ਨੂੰ ਕੰਮ ਤੋਂ ਘਰ ਪਰਤਦੇ ਸਮੇਂ ਕਈ ਗੋਲੀਆਂ ਮਾਰੀਆਂ ਗਈਆਂ ਸਨ।
ਬਹੁਤ ਸਾਰੇ ਮੁਜ਼ਾਹਰਾਕਾਰੀਆਂ ਦੀਆਂ ਲਾਸ਼ਾਂ ਤੇਹਰਾਨ ਦੇ ਕਾਹਰੀਜ਼ਕ ਫੋਰੈਂਸਿਕ ਮੈਡੀਕਲ ਸੈਂਟਰ ਵਿੱਚ ਭੇਜੀਆਂ ਗਈਆਂ ਸਨ।
ਉੱਥੋਂ ਦੇ ਦ੍ਰਿਸ਼ ਇੰਨੇ ਦੁਖਦਾਈ ਸਨ ਕਿ ਸਹਾਨੰਦ, ਜੋ ਆਪਣਾ ਅਸਲੀ ਨਾਮ ਨਹੀਂ ਦੱਸਣਾ ਚਾਹੁੰਦੇ ਸੀ, ਨੇ ਲਗਭਗ 1,000 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਰਹੱਦੀ ਖੇਤਰ ਜਾਣ ਦਾ ਫੈਸਲਾ ਕੀਤਾ ਤਾਂ ਜੋ ਉਹ ਗੁਆਂਢੀ ਦੇਸਾਂ ਦੇ ਮੋਬਾਈਲ ਡੇਟਾ ਨੈੱਟਵਰਕ ਦੀ ਵਰਤੋਂ ਕਰਕੇ ਵੀਡੀਓ ਫੁਟੇਜ ਭੇਜ ਸਕੇ। ਸਹਾਨੰਦ ਨੇ ਦੱਸਿਆ ਕਿ ਸ਼ਨੀਵਾਰ ਨੂੰ ਉਸਨੇ ਜ਼ਮੀਨ 'ਤੇ 2,000 ਤੋਂ ਵੱਧ ਲਾਸ਼ਾਂ ਪਈਆਂ ਦੇਖੀਆਂ ਸਨ।
ਬੀਬੀਸੀ ਕੋਲ ਇਸ ਦੀ ਪੁਸ਼ਟੀ ਕਰਨ ਦਾ ਕੋਈ ਸਾਧਨ ਨਹੀਂ ਹੈ। ਹਾਲਾਂਕਿ, ਕਾਹਰੀਜ਼ਕ ਦੀਆਂ ਦੋ ਨਵੀਆਂ ਸਾਹਮਣੇ ਆਈਆਂ ਵੀਡੀਓਜ਼ ਵਿੱਚ, ਬੀਬੀਸੀ ਵੈਰੀਫਾਈ ਅਤੇ ਬੀਬੀਸੀ ਫ਼ਾਰਸੀ ਨੇ ਇੱਕ ਫੁਟੇਜ ਵਿੱਚ ਘੱਟੋ-ਘੱਟ 186 ਲਾਸ਼ਾਂ ਅਤੇ ਦੂਜੀ ਵਿੱਚ ਘੱਟੋ-ਘੱਟ 178 ਲਾਸ਼ਾਂ ਦੀ ਗਿਣਤੀ ਕੀਤੀ ਹੈ। ਇਹ ਦੋਵੇਂ ਵੀਡੀਓ ਸ਼ਾਇਦ ਕੁਝ ਇੱਕੋ ਜਿਹੀਆਂ ਲਾਸ਼ਾਂ ਨੂੰ ਹੀ ਦਿਖਾਉਂਦੇ ਹਨ, ਇਸ ਲਈ ਅਸੀਂ ਪੂਰੀ ਤਰ੍ਹਾਂ ਨਿਸ਼ਚਤ ਨਹੀਂ ਹੋ ਸਕਦੇ, ਪਰ ਅਸਲ ਅੰਕੜਾ ਇਸ ਤੋਂ ਕਿਤੇ ਜ਼ਿਆਦਾ ਹੋਣ ਦੀ ਸੰਭਾਵਨਾ ਹੈ।
ਬੀਬੀਸੀ ਫ਼ਾਰਸੀ ਨਾਲ ਨਾਮ ਨਾ ਛਾਪਣ ਦੀ ਸ਼ਰਤ 'ਤੇ ਗੱਲ ਕਰਦਿਆਂ ਇੱਕ ਮੁਟਿਆਰ ਨੇ ਪਿਛਲੇ ਹਫ਼ਤੇ ਦੀਆਂ ਘਟਨਾਵਾਂ ਨੂੰ "ਜੰਗ" ਵਰਗਾ ਦੱਸਿਆ। ਮੁਜ਼ਾਹਰਾਕਾਰੀ "ਪਹਿਲਾਂ ਨਾਲੋਂ ਕਿਤੇ ਵੱਧ ਇਕਜੁੱਟ" ਰਹੇ ਪਰ ਇਹ ਉਸਦੀ ਸਹਿਣਸ਼ੀਲਤਾ ਤੋਂ ਬਾਹਰ ਸੀ ਅਤੇ ਇਸ ਹਫ਼ਤੇ ਉਹ ਦੇਸ ਛੱਡ ਕੇ ਭੱਜ ਗਈ। ਕਈ ਹੋਰ ਲੋਕਾਂ ਵਾਂਗ, ਉਸਨੂੰ ਵੀ ਇਸ ਗੱਲ ਦਾ ਡਰ ਸੀ ਕਿ ਅਧਿਕਾਰੀ ਫਾਂਸੀਆਂ ਅਤੇ ਮੁਕੱਦਮਿਆਂ ਦੀ ਨਵੀਂ ਲਹਿਰ ਸ਼ੁਰੂ ਕਰ ਦੇਣਗੇ।
ਉਸਨੇ ਅੱਗੇ ਕਿਹਾ, "ਮੈਂ ਸੱਚਮੁੱਚ ਡਰੀ ਹੋਈ ਹਾਂ ਕਿ ਉਨ੍ਹਾਂ ਲੋਕਾਂ ਨਾਲ ਕੀ ਹੋ ਸਕਦਾ ਹੈ ਜੋ ਅਜੇ ਵੀ ਇਰਾਨ ਵਿੱਚ ਹਨ।"
ਫਰਜ਼ਾਦ ਸੈਫੀਕਰਨ ਅਤੇ ਹਸਨ ਸੋਲਹਜੂ ਦੁਆਰਾ ਵਾਧੂ ਰਿਪੋਰਟਿੰਗ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ