You’re viewing a text-only version of this website that uses less data. View the main version of the website including all images and videos.
ਇਰਾਨ ਵਿੱਚ ਦਸ ਭਾਰਤੀਆਂ ਨੂੰ ਜੇਲ੍ਹ ਭੇਜਣ ਅਤੇ ਛੇ ਨੂੰ ਨਜ਼ਰਬੰਦ ਕੀਤੇ ਜਾਣ ਦਾ ਪੂਰਾ ਮਾਮਲਾ ਕੀ ਹੈ? ਪੰਜਾਬ ਅਤੇ ਹਰਿਆਣਾ ਦੇ ਨੌਜਵਾਨ ਵੀ ਸ਼ਾਮਲ
- ਲੇਖਕ, ਮੁਹੰਮਦ ਸਰਤਾਜ ਆਲਮ
- ਰੋਲ, ਬੀਬੀਸੀ ਹਿੰਦੀ ਲਈ
ਇਰਾਨ ਦੀ ਮੌਜੂਦਾ ਸਰਕਾਰ ਦੇ ਖ਼ਿਲਾਫ਼ ਹਾਲ ਹੀ ਵਿੱਚ ਲੋਕ ਸੜਕਾਂ 'ਤੇ ਉਤਰੇ ਸਨ ਅਤੇ ਅਮਰੀਕਾ ਵਿਸ਼ਵ ਪੱਧਰ 'ਤੇ ਇਰਾਨ 'ਤੇ ਕਾਰਵਾਈ ਕਰਨ ਦੇ ਸੰਕੇਤ ਦੇ ਰਿਹਾ ਸੀ।
ਅਜਿਹੇ ਦੌਰ ਵਿੱਚ ਇਰਾਨ ਵਿੱਚ ਭਾਰਤ ਦੇ 16 ਲੋਕ ਨਜ਼ਰਬੰਦ ਕਰਕੇ ਰੱਖੇ ਗਏ ਹਨ, ਜਿਨ੍ਹਾਂ ਵਿੱਚੋਂ ਦਸ ਜਣਿਆਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ।
ਇਰਾਨ ਦੇ ਮੌਜੂਦਾ ਸੰਕਟ ਦੇ ਮੱਦੇ ਨਜ਼ਰ ਇਨ੍ਹਾਂ ਲੋਕਾਂ ਦੇ ਪਰਿਵਾਰਕ ਮੈਂਬਰ ਵੀ ਅਨਿਸ਼ਚਿਤਤਾ ਦੇ ਭੰਵਰ ਵਿੱਚ ਫਸੇ ਹੋਏ ਹਨ।
ਦਰਅਸਲ, ਪਿਛਲੇ ਸਾਲ ਅੱਠ ਦਸੰਬਰ ਨੂੰ ਨਾਜਾਇਜ਼ ਡੀਜ਼ਲ ਰੱਖਣ ਦੇ ਇਲਜ਼ਾਮ ਵਿੱਚ ਇਰਾਨੀ ਅਧਿਕਾਰੀਆਂ ਨੇ 18 ਕਰੂ ਮੈਂਬਰਾਂ ਸਮੇਤ ਸਮੁੰਦਰੀ ਜਹਾਜ਼ 'ਐਮਟੀ ਵੈਲੈਂਟ ਰੋਅਰ' ਨੂੰ ਡਿੱਬਾ ਬੰਦਰਗਾਹ ਦੇ ਕੋਲ ਅੰਤਰਰਾਸ਼ਟਰੀ ਜਲ ਖੇਤਰ ਤੋਂ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ।
ਇਰਾਨੀ ਅਧਿਕਾਰੀਆਂ ਨੇ ਇਨ੍ਹਾਂ ਵਿੱਚੋਂ ਦਸ ਭਾਰਤੀ ਕਰੂ ਮੈਂਬਰਾਂ ਨੂੰ ਛੇ ਜਨਵਰੀ ਨੂੰ ਜੇਲ੍ਹ ਭੇਜ ਦਿੱਤਾ ਹੈ। 'ਪ੍ਰਾਈਮ ਟੈਂਕਰਸ ਐਲਐਲਸੀ' ਕੰਪਨੀ ਦੇ ਇਸ ਜਹਾਜ਼ 'ਤੇ 16 ਭਾਰਤੀ, ਇੱਕ ਬੰਗਲਾਦੇਸ਼ੀ ਅਤੇ ਇੱਕ ਸ੍ਰੀਲੰਕਾਈ ਕਰੂ ਮੈਂਬਰ ਸਨ।
ਭਾਰਤੀ ਵਿਦੇਸ਼ ਮੰਤਰਾਲੇ ਨੇ ਕੀਤੀ ਪੁਸ਼ਟੀ
ਬੀਬੀਸੀ ਨਿਊਜ਼ ਹਿੰਦੀ ਨਾਲ ਇਸ ਮਾਮਲੇ ਦੀ ਪੁਸ਼ਟੀ ਭਾਰਤੀ ਵਿਦੇਸ਼ ਮੰਤਰਾਲੇ ਵਿੱਚ ਪਾਕਿਸਤਾਨ, ਅਫਗਾਨਿਸਤਾਨ ਅਤੇ ਇਰਾਨ ਡੈਸਕ 'ਤੇ ਤਾਇਨਾਤ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਐਮ ਆਨੰਦ ਪ੍ਰਕਾਸ਼ ਨੇ ਕੀਤੀ ਹੈ।
ਐਮ ਆਨੰਦ ਪ੍ਰਕਾਸ਼ ਨੇ ਕਿਹਾ, "ਮਾਮਲਾ ਉੱਥੋਂ ਦੀ ਅਦਾਲਤ ਵਿੱਚ ਵਿਚਾਰ ਅਧੀਨ ਹੈ। ਇਸ ਲਈ ਇਰਾਨੀ ਅਦਾਲਤ ਇਲਜ਼ਾਮਾਂ 'ਤੇ ਫੈਸਲਾ ਕਰੇਗੀ। ਜਦਕਿ, ਤੇਹਰਾਨ ਸਥਿਤ ਭਾਰਤੀ ਦੂਤਾਵਾਸ ਕਰੂ ਮੈਂਬਰਾਂ ਲਈ ਕੌਂਸਲਰ ਪਹੁੰਚ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।"
ਉਨ੍ਹਾਂ ਨੇ ਅੱਗੇ ਦੱਸਿਆ ਕਿ "ਦਸ ਜਨਵਰੀ ਨੂੰ ਕੌਂਸਲਰ ਪਹੁੰਚ ਮਿਲਣ ਦੀ ਉਮੀਦ ਸੀ ਪਰ ਇਰਾਨ ਵਿੱਚ ਹੋਈ ਅਫਰਾ-ਤਫਰੀ ਕਾਰਨ ਸਫਲਤਾ ਨਹੀਂ ਮਿਲੀ। ਪਰ ਅਸੀਂ ਯਤਨਸ਼ੀਲ ਹਾਂ।"
ਇਨ੍ਹਾਂ ਗੱਲਾਂ ਦੀ ਪੁਸ਼ਟੀ ਤੇਹਰਾਨ ਸਥਿਤ ਭਾਰਤੀ ਦੂਤਾਵਾਸ ਨੇ ਵੀ ਆਪਣੇ ਪ੍ਰੈੱਸ ਨੋਟ ਵਿੱਚ ਕੀਤੀ ਸੀ। ਇਸ ਮਾਮਲੇ ਵਿੱਚ ਤੇਹਰਾਨ ਸਥਿਤ ਭਾਰਤੀ ਦੂਤਾਵਾਸ.. 'ਡਾਇਰੈਕਟੋਰੇਟ ਜਨਰਲ ਆਫ ਸ਼ਿਪਿੰਗ' ਤੋਂ ਇਲਾਵਾ ਕੰਪਨੀ 'ਪ੍ਰਾਈਮ ਟੈਂਕਰਸ ਐਲਐਲਸੀ' ਦੇ ਸੰਪਰਕ ਵਿੱਚ ਹੈ।
ਹਾਲਾਂਕਿ ਇਸ ਪੂਰੇ ਮਾਮਲੇ ਵਿੱਚ ਇਰਾਨ ਸਰਕਾਰ ਦੀ ਪ੍ਰਤੀਕਿਰਿਆ ਦੀ ਹਾਲੇ ਤੱਕ ਉਡੀਕ ਹੈ।
ਉੱਥੇ ਹੀ 'ਪ੍ਰਾਈਮ ਟੈਂਕਰਸ ਐਲਐਲਸੀ' ਕੰਪਨੀ ਦੇ ਮਾਲਕ ਜੋਗਿੰਦਰ ਬਰਾੜ ਨੇ ਜਹਾਜ਼ 'ਤੇ ਮੌਜੂਦ ਛੇ ਹਜ਼ਾਰ ਮੀਟ੍ਰਿਕ ਟਨ ਨਾਜਾਇਜ਼ ਡੀਜ਼ਲ ਦੇ ਇਲਜ਼ਾਮ ਨੂੰ ਬੇਬੁਨਿਆਦ ਦੱਸਿਆ।
ਬੀਬੀਸੀ ਨਿਊਜ਼ ਹਿੰਦੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, "ਜਹਾਜ਼ 'ਤੇ ਡੀਜ਼ਲ ਨਹੀਂ ਸਗੋਂ 'ਵੈਰੀ ਲੋ ਸਲਫਰ ਫਿਊਲ ਆਇਲ' ਮੌਜੂਦ ਹੈ, ਜੋ ਸਾਡੇ ਹੋਰ ਜਹਾਜ਼ਾਂ ਦੀ ਫਿਊਲਿੰਗ ਲਈ ਅੰਤਰਰਾਸ਼ਟਰੀ ਜਲ ਖੇਤਰ ਵਿੱਚ ਮੌਜੂਦ ਰਹਿੰਦਾ ਹੈ, ਇਹ ਆਮ ਪ੍ਰਕਿਰਿਆ ਦਾ ਹਿੱਸਾ ਹੈ।"
ਜੋਗਿੰਦਰ ਬਰਾੜ ਨੇ ਇਹ ਵੀ ਕਿਹਾ, "ਪਰ ਜਹਾਜ਼ ਦੇ ਬਾਲਣ ਨੂੰ ਡੀਜ਼ਲ ਸਮਝ ਕੇ ਸਾਡੇ ਕਰੂ ਮੈਂਬਰਾਂ ਨਾਲ ਇਰਾਨ ਨੇ ਦੁਰਵਿਵਹਾਰ ਕੀਤਾ, ਜੋ ਨਿੰਦਣਯੋਗ ਹੈ। ਅਜਿਹੇ ਵਿੱਚ ਸਾਡੀ ਪਹਿਲੀ ਤਰਜੀਹ ਆਪਣੇ ਸਾਰੇ ਕਰੂ ਮੈਂਬਰਾਂ ਨੂੰ ਸਹੀ-ਸਲਾਮਤ ਭਾਰਤ ਵਾਪਸ ਲਿਆਉਣ ਦੀ ਹੈ।"
ਜਹਾਜ਼ 'ਤੇ ਗੁਜ਼ਾਰੇ ਲਈ ਲੂਣ-ਚੌਲ ਖਾ ਰਹੇ
ਉੱਤਰ ਪ੍ਰਦੇਸ਼ ਦੇ ਵਸਨੀਕ ਜਹਾਜ਼ ਦੇ ਕਪਤਾਨ ਵਿਜੇ ਕੁਮਾਰ ਅਤੇ ਆਇਲਰ ਆਕਾਸ਼ ਗੁਪਤਾ, ਆਂਧਰਾ ਪ੍ਰਦੇਸ਼ ਦੇ ਵਸਨੀਕ ਸੈਕੰਡ ਆਫਿਸਰ ਡੂੰਗਾ ਰਾਜਸ਼ੇਖਰ, ਡੈੱਕ ਫਿਟਰ ਨੰਦਕੀ ਵੈਂਕਟੇਸ਼ ਅਤੇ ਰਸੋਈਏ ਦਿਵਾਕਰ ਪੁਥੀ ਤੋਂ ਇਲਾਵਾ ਪੰਜਾਬ ਦੇ ਸੀਮੈਨ-1 ਵਿਸ਼ਾਲ ਕੁਮਾਰ ਨੂੰ ਇਰਾਨੀ ਸੁਰੱਖਿਆ ਬਲਾਂ ਨੇ ਪਿਛਲੇ 45 ਦਿਨਾਂ ਤੋਂ ਆਪਣੀ ਸਖ਼ਤ ਨਿਗਰਾਨੀ ਵਿੱਚ ਜਹਾਜ਼ 'ਤੇ ਰੱਖਿਆ ਹੋਇਆ ਹੈ।
ਇਨ੍ਹਾਂ ਛੇ ਭਾਰਤੀਆਂ ਤੋਂ ਇਲਾਵਾ ਬੰਗਲਾਦੇਸ਼ੀ ਚੀਫ਼ ਇੰਜੀਨੀਅਰ ਮੁਹੰਮਦ ਲੁਕਮਾਨ ਅਤੇ ਸ੍ਰੀਲੰਕਾਈ ਇਲੈਕਟ੍ਰੀਕਲ-ਟੈਕਨੀਕਲ ਅਫਸਰ ਪ੍ਰਿਯਾ ਮਨਾਥੁੰਗਾ ਵੀ ਜਹਾਜ਼ 'ਤੇ ਛੇ ਭਾਰਤੀਆਂ ਨਾਲ ਨਜ਼ਰਬੰਦ ਹਨ।
ਬੀਬੀਸੀ ਨਿਊਜ਼ ਹਿੰਦੀ ਨੂੰ ਜਹਾਜ਼ 'ਤੇ ਮੌਜੂਦ ਕਰੂ ਮੈਂਬਰਾਂ ਤੋਂ ਜੋ ਜਾਣਕਾਰੀ ਮਿਲੀ ਹੈ, ਉਸ ਮੁਤਾਬਕ ਜਹਾਜ਼ 'ਤੇ ਮੌਜੂਦ ਇਨ੍ਹਾਂ ਸਾਰੇ ਅੱਠ ਕਰਮਚਾਰੀਆਂ ਦੀ ਹਾਲਤ ਤਰਸਯੋਗ ਹੈ। ਸਾਰਿਆਂ ਨੂੰ ਮੈੱਸ ਦੇ ਚੌਦਾਂ ਬਾਈ ਦਸ ਦੇ ਕਮਰੇ ਵਿੱਚ ਰੱਖਿਆ ਗਿਆ ਹੈ, ਉੱਥੇ ਹੀ ਰਾਤ ਨੂੰ ਉਹ ਸੌਂਦੇ ਹਨ।
ਹਰ ਸਵੇਰ ਉਹ ਇੱਕ ਉਮੀਦ ਨਾਲ ਉੱਠਦੇ ਹਨ ਕਿ ਭਾਰਤੀ ਦੂਤਾਵਾਸ ਅਤੇ ਕੰਪਨੀ ਉਨ੍ਹਾਂ ਨੂੰ ਜ਼ਰੂਰ ਰਿਹਾਅ ਕਰਵਾਏਗੀ। ਇਸੇ ਉਮੀਦ ਵਿੱਚ ਦਿਨ ਉਸੇ ਮੈੱਸ ਵਿੱਚ ਗੁਜ਼ਰ ਜਾਂਦਾ ਹੈ ਪਰ ਰਾਹਤ ਨਹੀਂ ਮਿਲਦੀ। ਅਜਿਹੇ ਹਾਲਾਤ ਪਿਛਲੇ ਡੇਢ ਮਹੀਨੇ ਤੋਂ ਬਣੇ ਹੋਏ ਹਨ।
ਦਸੰਬਰ ਦੇ ਤੀਜੇ ਹਫ਼ਤੇ ਜਹਾਜ਼ 'ਤੇ ਮੌਜੂਦ ਸਾਰਾ ਰਾਸ਼ਨ ਖ਼ਤਮ ਹੋਣ 'ਤੇ 25 ਦਸੰਬਰ ਨੂੰ ਜਹਾਜ਼ ਦੇ ਮਾਲਕ ਜੋਗਿੰਦਰ ਬਰਾੜ ਨੇ ਰਾਸ਼ਨ ਭੇਜਿਆ। ਲੇਕਿਨ, ਇੱਕ ਹਫ਼ਤੇ ਬਾਅਦ ਸਿਰਫ਼ ਚੌਲ ਬਚੇ ਹਨ।
ਅਜਿਹੇ ਹਾਲਾਤ ਵਿੱਚ ਜਹਾਜ਼ 'ਤੇ ਮੌਜੂਦ ਕੰਪਨੀ ਦੇ ਭਾਰਤੀ ਕੁੱਕ ਪੁਥੀ ਦਿਵਾਕਰ ਦਿਨ ਵਿੱਚ ਦੋ ਵਾਰ ਚੌਲ ਪਕਾਉਂਦੇ ਹਨ, ਜਿਸ ਨੂੰ ਸਾਰੇ ਅੱਠ ਲੋਕ ਲੂਣ ਨਾਲ ਖਾ ਕੇ ਗੁਜ਼ਾਰਾ ਕਰ ਰਹੇ ਹਨ।
ਜਹਾਜ਼ 'ਤੇ ਬੰਧਕ ਬਣਾਏ ਕਰੂ ਮੈਂਬਰਾਂ ਦਾ ਦਾਅਵਾ ਹੈ ਕਿ ਪਾਣੀ ਖ਼ਤਮ ਹੋਇਆਂ ਲਗਭਗ ਦਸ ਦਿਨ ਹੋ ਚੁੱਕੇ ਹਨ। ਅਜਿਹੇ ਵਿੱਚ ਜਹਾਜ਼ ਲਈ ਮੌਜੂਦ ਇੰਡਸਟਰੀਅਲ ਵਾਟਰ (ਉਦਯੋਗਿਕ ਪਾਣੀ) ਜਿਸ ਦੇ ਰੈਪਰ 'ਤੇ ਸਖ਼ਤ ਨਿਰਦੇਸ਼ 'ਨੌਟ ਫਾਰ ਡਰਿੰਕਿੰਗ' ਦਰਜ ਹੈ, ਉਸ ਨੂੰ ਉਬਾਲ ਕੇ ਪੀਣ ਲਈ ਇਸਤੇਮਾਲ ਕਰ ਰਹੇ ਹਨ।
ਜਹਾਜ਼ 'ਤੇ ਮੌਜੂਦ ਡੀਜ਼ਲ ਖ਼ਤਮ ਹੋਣ ਤੋਂ ਬਾਅਦ ਉਹ ਜਨਰੇਟਰ ਦੀ ਵਰਤੋਂ ਸਿਰਫ਼ ਰਾਤ ਨੂੰ ਕਰ ਰਹੇ ਹਨ। ਇਨ੍ਹਾਂ ਕੋਸ਼ਿਸ਼ਾਂ ਦੇ ਬਾਵਜੂਦ ਡੀਜ਼ਲ ਕਦੋਂ ਤੱਕ ਚੱਲ ਸਕੇਗਾ, ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ।
ਜਦਕਿ ਕੈਪਟਨ ਵਿਜੇ ਦੇ ਭਰਾ ਵਿਨੋਦ ਪੰਵਾਰ ਅਨੁਸਾਰ ਜਹਾਜ਼ ਦਾ ਬਾਲਣ ਵੀ ਖ਼ਤਮ ਹੋਣ ਵਾਲਾ ਹੈ।
ਮੁਲਾਜ਼ਮਾਂ ਦਾ ਸਾਮਾਨ ਇਰਾਨੀ ਸੁਰੱਖਿਆ ਬਲਾਂ ਦੇ ਕਬਜ਼ੇ ਵਿੱਚ
ਅੱਠ ਦਸੰਬਰ ਨੂੰ ਇਰਾਨੀ ਸੁਰੱਖਿਆ ਬਲ ਟੀ ਵੈਲੈਂਟ ਰੋਰ ਦੇ ਸਾਰੇ ਕਰਮਚਾਰੀਆਂ ਦੇ ਮੋਬਾਈਲ ਫ਼ੋਨ, ਲੈਪਟਾਪ ਅਤੇ ਉਨ੍ਹਾਂ ਦੇ ਕੱਪੜਿਆਂ ਨਾਲ ਭਰੇ ਬੈਗ ਜ਼ਬਰਦਸਤੀ ਕਬਜ਼ੇ ਵਿੱਚ ਲੈ ਕੇ ਚਲੇ ਗਏ ਸਨ।
ਕਾਫੀ ਹਾੜੇ ਕੱਢਣ ਤੋਂ ਬਾਅਦ ਇਰਾਨੀ ਸੁਰੱਖਿਆ ਬਲਾਂ ਨੇ ਇੱਕ ਮੋਬਾਈਲ ਉਨ੍ਹਾਂ ਨੂੰ ਦਿੱਤਾ, ਜਿਸ ਦੀ ਮਦਦ ਨਾਲ ਇਹ ਛੇ ਭਾਰਤੀ ਇੱਕ-ਦੋ ਦਿਨਾਂ ਵਿੱਚ ਵਟਸਐਪ ਕਾਲ ਰਾਹੀਂ ਆਪਣੇ ਪਰਿਵਾਰਾਂ ਨਾਲ ਗੱਲਬਾਤ ਕਰਦੇ ਹਨ।
ਪਰ ਜਹਾਜ਼ ਦੇ ਕਪਤਾਨ ਵਿਜੇ ਕੁਮਾਰ ਦੇ ਭਰਾ ਵਿਨੋਦ ਪੰਵਾਰ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਕਾਲ ਵੀ ਲੰਬੀ ਨਹੀਂ ਚੱਲਣ ਵਾਲੀ, ਕਿਉਂਕਿ 31 ਜਨਵਰੀ ਤੱਕ ਲਈ ਸਿਰਫ਼ 5 ਜੀਬੀ ਡੇਟਾ ਹੀ ਮੌਜੂਦ ਹੈ।
ਸ਼ੁਰੂਆਤ ਵਿੱਚ ਸਾਰਿਆਂ ਨੂੰ ਫ਼ੋਨ ਦੀ ਵਰਤੋਂ ਕਰਨ ਦੀ ਸਖ਼ਤ ਮਨਾਹੀ ਸੀ। ਪਿਛਲੇ ਕੁਝ ਦਿਨਾਂ ਤੋਂ ਮੋਬਾਈਲ ਫ਼ੋਨ ਰਾਹੀਂ ਸਾਰਿਆਂ ਨੂੰ ਆਪਣੇ ਪਰਿਵਾਰਾਂ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਮਿਲੀ ਹੈ।
ਪਰ ਜਹਾਜ਼ 'ਤੇ ਖ਼ਤਮ ਹੁੰਦੇ ਰਾਸ਼ਨ ਅਤੇ ਪਾਣੀ ਸਮੇਤ ਹੋਰ ਰੁਕੀਆਂ ਹੋਈਆਂ ਸਹੂਲਤਾਂ 'ਤੇ ਜੋਗਿੰਦਰ ਬਰਾੜ ਕਹਿੰਦੇ ਹਨ, "ਸਾਡੀ ਪੂਰੀ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਉਨ੍ਹਾਂ ਤੱਕ ਸਹੂਲਤਾਂ ਪਹੁੰਚਾਈਆਂ ਜਾਣ।"
ਜਦਕਿ ਸਾਰੇ ਪਰਿਵਾਰਕ ਮੈਂਬਰ ਕੰਪਨੀ ਤੋਂ ਨਿਰਾਸ਼ਾ ਜ਼ਾਹਰ ਕਰਦੇ ਹਨ।
ਜਹਾਜ਼ ਦੇ ਥਰਡ ਇੰਜੀਨੀਅਰ ਕੇਤਨ ਮਹਿਤਾ ਦੇ ਪਿਤਾ ਮੁਕੇਸ਼ ਮਹਿਤਾ ਕਹਿੰਦੇ ਹਨ, "ਅੱਠ ਦਸੰਬਰ ਨੂੰ ਜਦੋਂ ਘਟਨਾ ਵਾਪਰੀ ਸੀ, ਉਦੋਂ ਹੀ ਕੰਪਨੀ ਇਸ ਮਾਮਲੇ ਨੂੰ ਤਰਜੀਹ ਦਿੰਦਿਆਂ ਸਰਗਰਮੀ ਨਾਲ ਲੈਂਦੀ ਤਾਂ ਅੱਜ ਮੇਰੇ ਬੇਟੇ ਸਮੇਤ ਦਸ ਜਣੇ ਜੇਲ੍ਹ ਵਿੱਚ ਨਾ ਹੁੰਦੇ।"
ਈਦ ਤੋਂ ਬਾਅਦ ਵਿਆਹ ਹੋਣਾ ਸੀ, ਹੁਣ ਹਨ ਜੇਲ੍ਹ ਵਿੱਚ
ਉੱਤਰ ਪ੍ਰਦੇਸ਼ ਦੇ ਵਸਨੀਕ ਚੀਫ਼ ਆਫਿਸਰ ਅਨਿਲ ਕੁਮਾਰ ਸਿੰਘ, ਸੀਮੈਨ ਆਕਾਸ਼ ਕੁਮਾਰ ਸਿੰਘ, ਗੋਪਾਲ ਚੌਹਾਨ ਅਤੇ ਸ਼ੋਏਬ ਅਖਤਰ, ਆਂਧਰਾ ਪ੍ਰਦੇਸ਼ ਦੇ ਵਸਨੀਕ ਥਰਡ ਆਫਿਸਰ ਜੰਮੂ ਵੈਂਕਟ, ਹਰਿਆਣਾ ਦੇ ਵਸਨੀਕ ਸੈਕੰਡ ਇੰਜੀਨੀਅਰ ਸਤੀਸ਼ ਕੁਮਾਰ, ਦਿੱਲੀ ਦੇ ਵਸਨੀਕ ਥਰਡ ਇੰਜੀਨੀਅਰ ਕੇਤਨ ਮਹਿਤਾ, ਤਾਮਿਲਨਾਡੂ ਦੇ ਵਸਨੀਕ ਡੈੱਕ ਕੈਡੇਟ ਐਰੋ ਡੇਰੀਸ਼, ਬਿਹਾਰ ਦੇ ਵਸਨੀਕ ਆਇਲਰ ਮਸੂਦ ਆਲਮ ਅਤੇ ਮੁੰਬਈ ਦੇ ਵਸਨੀਕ ਆਇਲਰ ਅੰਸਾਰੀ ਮੰਜ਼ੂਰ ਅਹਿਮਦ ਨੂੰ ਛੇ ਜਨਵਰੀ ਨੂੰ ਇਰਾਨੀ ਸੁਰੱਖਿਆ ਬਲਾਂ ਨੇ ਜੇਲ੍ਹ ਭੇਜ ਦਿੱਤਾ।
ਇਨ੍ਹਾਂ 16 ਕਰੂ ਮੈਂਬਰਾਂ ਵਿੱਚ ਕਈ ਅਜਿਹੇ ਹਨ, ਜਿਨ੍ਹਾਂ ਦਾ ਸਫ਼ਰ ਇਸ ਜਨਵਰੀ ਵਿੱਚ ਪੂਰਾ ਹੋਣ ਵਾਲਾ ਸੀ।
ਵਿਸ਼ਾਲ ਕੁਮਾਰ, ਨੰਦਕੀ ਵੈਂਕਟੇਸ਼ ਅਤੇ ਮਸੂਦ ਆਲਮ ਦਾ ਨੌਂ ਮਹੀਨਿਆਂ ਦਾ ਸਫ਼ਰ ਇਸੇ ਜਨਵਰੀ ਵਿੱਚ ਖ਼ਤਮ ਹੋਣ ਵਾਲਾ ਸੀ।
ਬਿਹਾਰ ਦੇ ਮਸੂਦ ਆਲਮ ਦੇ ਪਿਤਾ ਇਬਰਾਰ ਅੰਸਾਰੀ ਕਹਿੰਦੇ ਹਨ ਕਿ "ਬੇਟੇ ਨੇ ਪੰਜ ਜਨਵਰੀ ਨੂੰ ਆਖ਼ਰੀ ਵਾਰ ਕਾਲ ਕੀਤੀ ਸੀ ਪਰ ਬਹੁਤ ਛੋਟੀ ਗੱਲਬਾਤ ਹੋਈ। ਉਦੋਂ ਤੋਂ ਅੱਜ ਤੱਕ ਉਸ ਨਾਲ ਗੱਲ ਨਹੀਂ ਹੋ ਸਕੀ।"
ਪੁੱਤਰ ਦੀ ਸਿਹਤ ਨੂੰ ਲੈ ਕੇ ਚਿੰਤਤ ਇਬਰਾਰ ਅੰਸਾਰੀ ਦੱਸਦੇ ਹਨ, "ਅੱਠ ਦਸੰਬਰ ਨੂੰ ਜਦੋਂ ਸਾਰੇ ਹਿਰਾਸਤ ਵਿੱਚ ਲਏ ਗਏ ਸਨ ਤਾਂ ਮਸੂਦ ਆਲਮ ਨੂੰ ਬੁਖ਼ਾਰ ਸੀ। ਹੁਣ ਉਹ ਕਿਵੇਂ ਹੈ, ਇਹ ਜਾਣਕਾਰੀ ਨਹੀਂ ਮਿਲ ਰਹੀ।"
ਈਦ ਤੋਂ ਬਾਅਦ ਮਸੂਦ ਦਾ ਵਿਆਹ ਹੋਣ ਵਾਲਾ ਸੀ ਪਰ ਉਨ੍ਹਾਂ ਦੇ ਪਰਿਵਾਰ ਵਿੱਚ ਆਉਣ ਵਾਲੀਆਂ ਖੁਸ਼ੀਆਂ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਮਸੂਦ ਦੀ ਤਰ੍ਹਾਂ ਆਂਧਰਾ ਪ੍ਰਦੇਸ਼ ਦੇ ਡੂੰਗਾ ਰਾਜਸ਼ੇਖਰ ਦੀ ਇਕਲੌਤੀ ਭੈਣ ਦਾ ਵਿਆਹ ਮਾਰਚ ਵਿੱਚ ਹੈ।
ਇਨ੍ਹਾਂ ਹਾਲਾਤ 'ਤੇ ਮੁਕੇਸ਼ ਮਹਿਤਾ ਕਹਿੰਦੇ ਹਨ, "ਮੇਰੇ ਘਰ ਵਿੱਚ ਕੋਈ ਵਿਆਹ ਤਾਂ ਨਹੀਂ ਹੈ, ਪਰ ਬੇਟੇ ਕੇਤਨ ਦੇ ਜੇਲ੍ਹ ਜਾਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਸ ਦੀ ਮਾਂ ਦੀ ਸਿਹਤ ਦਿਨ-ਬ-ਦਿਨ ਵਿਗੜ ਰਹੀ ਹੈ।"
ਉਨ੍ਹਾਂ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਿਆ, "ਇਹ ਸਿਰਫ਼ ਮੇਰੇ ਘਰ ਦੀ ਸਮੱਸਿਆ ਨਹੀਂ ਸਗੋਂ ਸਾਰੇ 16 ਪਰਿਵਾਰਾਂ ਦੀ ਹੈ, ਅਸੀਂ ਸ਼ਾਇਦ ਹੀ ਕੋਈ ਵਿਭਾਗ ਹੋਵੇਗਾ ਜਿਸ ਨੂੰ ਮੇਲ ਨਾ ਕੀਤੀ ਹੋਵੇ, ਪਰ ਅੱਜ ਤੱਕ ਕਿਸੇ ਦਾ ਕੋਈ ਜਵਾਬ ਨਹੀਂ ਆਇਆ।"
ਪਰਿਵਾਰਕ ਮੈਂਬਰਾਂ ਦੇ ਇਲਜ਼ਾਮ
ਮੁਕੇਸ਼ ਮਹਿਤਾ ਵਾਂਗ ਬੇਵੱਸ ਅਨਿਲ ਸਿੰਘ ਦੀ ਪਤਨੀ ਗਾਇਤਰੀ ਸਿੰਘ ਦਾ ਮੰਨਣਾ ਹੈ ਕਿ ਇਰਾਨ ਉਨ੍ਹਾਂ ਦੇ ਪਤੀ ਸਮੇਤ ਸਾਰੇ ਜਹਾਜ਼ ਕਰਮੀਆਂ ਨੂੰ ਮਨੁੱਖੀ ਢਾਲ ਵਜੋਂ ਵਰਤ ਰਿਹਾ ਹੈ।
ਗਾਇਤਰੀ ਸਿੰਘ ਨੇ ਦੱਸਿਆ, "ਜੇ ਇਰਾਨ ਨੂੰ ਜਹਾਜ਼ ਦੀ ਕੰਪਨੀ ਜਾਂ ਉਸ 'ਤੇ ਲਿਜਾਏ ਜਾ ਰਹੇ ਕਾਰਗੋ (ਮਾਲ) ਨਾਲ ਕੋਈ ਸਮੱਸਿਆ ਹੈ ਤਾਂ ਉਹ ਸਿੱਧੀ ਕੰਪਨੀ ਨਾਲ ਗੱਲ ਕਰੇ, ਨਾ ਕਿ ਕਰਮਚਾਰੀਆਂ ਨੂੰ ਤਸੀਹੇ ਦੇਵੇ।"
ਉਨ੍ਹਾਂ ਦੀ ਗੱਲ ਨਾਲ ਸਹਿਮਤ ਸੇਲਰਜ਼ ਯੂਨੀਅਨ ਆਫ ਇੰਡੀਆ ਦੇ ਜਨਰਲ ਸਕੱਤਰ ਪ੍ਰਦੀਪ ਸਿੰਘ ਨੇ ਦੱਸਿਆ, "ਕੰਪਨੀ ਜਹਾਜ਼ ਦੀ ਆਪਰੇਟਰ ਹੈ, ਜਹਾਜ਼ 'ਤੇ ਕੀ ਜਾਵੇਗਾ ਇਹ ਕੰਪਨੀ ਤੈਅ ਕਰਦੀ ਹੈ, ਨਾ ਕਿ ਜਹਾਜ਼ ਦਾ ਕਰੂ। ਇਸ ਲਈ ਇਰਾਨ ਦਾ ਕਰੂ ਨੂੰ ਜੇਲ੍ਹ ਭੇਜਣਾ ਪੂਰੀ ਤਰ੍ਹਾਂ ਅਣਮਨੁੱਖੀ ਹੈ।"
ਦੁਬਈ ਸਥਿਤ 'ਪ੍ਰਾਈਮ ਟੈਂਕਰਸ ਐਲਐਲਸੀ' ਬਾਰੇ ਕੰਪਨੀ ਦੇ ਮਾਲਕ ਜੋਗਿੰਦਰ ਬਰਾੜ ਕਹਿੰਦੇ ਹਨ ਕਿ "ਕੰਪਨੀ ਕੋਸ਼ਿਸ਼ ਕਰ ਰਹੀ ਹੈ ਪਰ ਇਰਾਨ ਗੱਲ ਕਰਨ ਲਈ ਤਿਆਰ ਨਹੀਂ ਹੈ।"
ਜੋਗਿੰਦਰ ਬਰਾੜ ਦੱਸਦੇ ਹਨ ਕਿ "ਇਹ ਪਹਿਲੀ ਵਾਰ ਨਹੀਂ ਸਗੋਂ ਦੂਜੀ ਵਾਰ ਹੋਇਆ ਹੈ। ਜਦੋਂ ਸਾਡੇ ਜਹਾਜ਼ ਨੂੰ ਇਰਾਨ ਨੇ ਕਬਜ਼ੇ ਵਿੱਚ ਲਿਆ ਹੈ।"
ਦਰਅਸਲ 5 ਦਸੰਬਰ 2023 ਨੂੰ ਬਰਾੜ ਦਾ ਇੱਕ ਹੋਰ ਜਹਾਜ਼ ਨਾਜਾਇਜ਼ ਡੀਜ਼ਲ ਦੇ ਇਲਜ਼ਾਮ ਵਿੱਚ ਇਰਾਨ ਨੇ ਫੜਿਆ ਸੀ। ਜੋਗਿੰਦਰ ਬਰਾੜ ਕਹਿੰਦੇ ਹਨ ਕਿ ਉਦੋਂ ਉਨ੍ਹਾਂ ਦੇ ਜਹਾਜ਼ ਵਿੱਚ "21 ਕਰੂ ਮੈਂਬਰ ਸਨ। ਇਨ੍ਹਾਂ ਵਿੱਚੋਂ 18 ਮੈਂਬਰਾਂ ਨੂੰ ਨੌਂ ਮਹੀਨਿਆਂ ਬਾਅਦ ਇਰਾਨ ਨੇ ਰਿਹਾਅ ਕਰ ਦਿੱਤਾ ਸੀ। ਜਦਕਿ ਤਿੰਨ ਕਰੂ ਮੈਂਬਰ ਅੱਜ ਵੀ ਜੇਲ੍ਹ ਵਿੱਚ ਹਨ।"
ਉਨ੍ਹਾਂ ਨੇ ਇਹ ਦੱਸਿਆ, "ਅਸੀਂ ਉਦੋਂ ਤੋਂ ਹੀ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਾਂ। ਹੁਣ ਦੂਜਾ ਜਹਾਜ਼ ਉਨ੍ਹਾਂ ਨੇ ਫੜ ਲਿਆ ਹੈ। ਜਦਕਿ ਦੋਵਾਂ ਜਹਾਜ਼ਾਂ 'ਤੇ 'ਵੈਰੀ ਲੋ ਸਲਫਰ ਫਿਊਲ ਆਇਲ' ਦੇ ਦਸਤਾਵੇਜ਼ ਵੀ ਮੌਜੂਦ ਸਨ। ਪਰ ਇਰਾਨ ਵਿੱਚ ਕੋਈ ਸੁਣਵਾਈ ਨਹੀਂ ਹੁੰਦੀ।"
ਯੂਨੀਅਨ ਦੇ ਜਨਰਲ ਸਕੱਤਰ ਪ੍ਰਦੀਪ ਸਿੰਘ ਵੀ ਮੰਨਦੇ ਹਨ ਕਿ 'ਪ੍ਰਾਈਮ ਟੈਂਕਰਸ ਐਲਐਲਸੀ' ਕੰਪਨੀ ਦੇ ਕਈ ਮਾਮਲੇ ਸਾਹਮਣੇ ਆਏ ਹਨ। ਜਿਸ ਬਾਰੇ ਪਹਿਲਾਂ ਹੀ ਸ਼ਿਪਿੰਗ ਵਿਭਾਗ ਦੇ ਡਾਇਰੈਕਟਰ ਜਨਰਲ ਨੂੰ ਜਾਣੂ ਕਰਵਾਇਆ ਗਿਆ ਹੈ।
ਲੇਕਿਨ ਕੈਪਟਨ ਵਿਜੇ ਕੁਮਾਰ ਦੀ ਪਤਨੀ ਸੋਨੀਆ ਦੇ ਚਿਹਰੇ 'ਤੇ ਗ਼ਮ ਦੇ ਨਾਲ ਗੁੱਸਾ ਵੀ ਹੈ। ਉਹ ਕਹਿੰਦੀ ਹੈ, "ਇਨ੍ਹਾਂ 42 ਦਿਨਾਂ ਵਿੱਚ ਅਸੀਂ ਨਿਰਾਸ਼ ਹੋ ਚੁੱਕੇ ਹਾਂ, ਇਸ ਲਈ ਇਨ੍ਹਾਂ ਹਾਲਾਤ ਨਾਲ ਨਜਿੱਠਣ ਲਈ ਅਸੀਂ ਸਾਰੇ ਪਰਿਵਾਰਕ ਮੈਂਬਰਾਂ ਨੇ ਹਾਈ ਕੋਰਟ ਦਾ ਰੁਖ਼ ਕੀਤਾ ਹੈ।"
ਪਰਿਵਾਰਕ ਮੈਂਬਰਾਂ ਨੇ ਹਾਈ ਕੋਰਟ ਦਾ ਬੂਹਾ ਖੜਕਾਇਆ
ਵਿਜੇ ਸਿੰਘ ਸਮੇਤ ਸਾਰੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਲੀ ਹਾਈ ਕੋਰਟ ਵਿੱਚ 'ਯੂਨੀਅਨ ਆਫ ਇੰਡੀਆ' ਵਿਰੁੱਧ ਦਾਇਰ ਪਟੀਸ਼ਨ ਤੋਂ ਬਾਅਦ 15 ਜਨਵਰੀ ਨੂੰ ਸੁਣਵਾਈ ਹੋਈ।
ਜਿਸ ਵਿੱਚ ਅਦਾਲਤ ਵਿੱਚ ਪ੍ਰਤੀਵਾਦੀ ਵੱਲੋਂ ਪੇਸ਼ ਹੋਈ ਸੀਜੀਐਸਸੀ ਨਿਧੀ ਰਮਨ ਨੇ ਨੋਟਿਸ ਸਵੀਕਾਰ ਕਰਦਿਆਂ ਦੱਸਿਆ ਕਿ "ਸਰਕਾਰ ਵੱਲੋਂ ਉਚਿਤ ਕਦਮ ਚੁੱਕੇ ਜਾ ਚੁੱਕੇ ਹਨ ਅਤੇ ਅੱਗੇ ਵੀ ਪਟੀਸ਼ਨਰਾਂ ਨੂੰ ਉਨ੍ਹਾਂ ਦੀ ਸ਼ਿਕਾਇਤ ਦੇ ਨਿਪਟਾਰੇ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।"
ਹੁਣ ਅਦਾਲਤ ਵਿੱਚ ਅਗਲੀ ਸੁਣਵਾਈ 21 ਜਨਵਰੀ ਨੂੰ ਹੈ।
ਜਦਕਿ ਕੰਪਨੀ ਦੇ ਮਾਲਕ ਨੇ ਕਿਹਾ, "ਅਸੀਂ ਮਾਮਲੇ ਦੇ ਨਿਪਟਾਰੇ ਲਈ ਇੱਕ ਵਕੀਲ ਨੂੰ ਨਿਯੁਕਤ ਕੀਤਾ ਹੈ। ਇਰਾਨ ਦੇ ਅੰਦਰੂਨੀ ਮਾੜੇ ਹਾਲਾਤ ਕਾਰਨ ਵਕੀਲ ਦੀ ਕਰੂ ਮੈਂਬਰਾਂ ਨਾਲ ਮੁਲਾਕਾਤ ਨਹੀਂ ਹੋ ਰਹੀ ਹੈ।"
ਯੂਨੀਅਨ ਜਨਰਲ ਸਕੱਤਰ ਪ੍ਰਦੀਪ ਸਿੰਘ ਕਹਿੰਦੇ ਹਨ ਕਿ ਜਿਸ ਕੰਪਨੀ ਦਾ ਕਾਰਗੋ (ਤੇਲ ਜਹਾਜ਼) ਹੈ, ਉਸ ਨੂੰ ਹੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਕਰੂ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ। ਇਸ ਲਈ ਅਸੀਂ ਮਾਮਲੇ ਦੇ ਅਧਿਐਨ ਤੋਂ ਬਾਅਦ ਸਾਰੇ ਕਰੂ ਮੈਂਬਰਾਂ ਦੀ ਤੁਰੰਤ ਵਤਨ ਵਾਪਸੀ ਦੀ ਮੰਗ ਲਈ ਡੀਜੀ ਸ਼ਿਪਿੰਗ ਨੂੰ ਮਿਲਾਂਗੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ