'ਅਕਾਲੀ ਦਲ ਪੁਨਰ ਸੁਰਜੀਤ' ਦੀ 'ਉਡਾਣ ਕਿੱਥੇ ਰੁਕੀ'?, ਪਾਰਟੀ ਦੀਆਂ ਸਿਆਸੀ ਸਰਗਰਮੀਆਂ ਤੇ ਮੁੱਦੇ ਚੁੱਕਣ ਦੀ ਘਾਟ 'ਤੇ ਕੀ ਸਵਾਲ ਉੱਠ ਰਹੇ ਹਨ

    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਸ਼੍ਰੋਮਣੀ ਅਕਾਲੀ ਦਲ ਦੇ ਬਦਲ ਜਾਂ ਸੁਧਾਰ ਦੇ ਦਾਅਵਿਆਂ ਵਿੱਚੋਂ ਜਨਮੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਖੁਦ ਸੰਕਟ ਵਿੱਚ ਘਿਰਦੀ ਨਜ਼ਰ ਆ ਰਹੀ ਹੈ।

ਮਾਹਰ ਕਹਿੰਦੇ ਹਨ ਕਿ 'ਅਕਾਲੀ ਦਲ ਪੁਨਰ ਸੁਰਜੀਤ ਉਡਾਣ ਨਹੀਂ ਭਰ ਸਕੀ' ਅਤੇ 'ਇਹ ਅਜਿਹਾ ਜਹਾਜ਼ ਹੈ, ਜਿਸਦੀ ਆਪਣੀ ਕੋਈ ਮੰਜ਼ਿਲ ਨਹੀਂ ਹੈ'।

ਪਹਿਲਾਂ ਦਾਖ਼ਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੋਂ ਦੂਰੀ ਬਣਾਈ ਸੀ ਅਤੇ ਹੁਣ ਪਾਰਟੀ ਦੇ ਮੁੱਖ ਬੁਲਾਰੇ ਚਰਨਜੀਤ ਬਰਾੜ ਨੇ ਭਾਜਪਾ ਦਾ ਪੱਲਾ ਫੜ੍ਹ ਲਿਆ ਹੈ।

ਬਰਾੜ ਸ਼ੁੱਕਰਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਭਾਜਪਾ ਆਗੂ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਅਗਵਾਈ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ।

ਮਨਪ੍ਰੀਤ ਇਆਲੀ ਕਹਿ ਚੁੱਕੇ ਹਨ ਕਿ ਉਹ ਅਕਾਲੀ ਦਲ ਪੁਨਰ ਸੁਰਜੀਤ ਦਾ ਹਿੱਸਾ ਨਹੀਂ ਹਨ ਸਗੋਂ ਪੰਥਕ ਧਿਰਾਂ ਨੂੰ ਇਕਜੁੱਟ ਕਰਨ ਲਈ ਯਤਨਸ਼ੀਲ ਹਨ।

ਮਨਪ੍ਰੀਤ ਇਆਲੀ ਨੇ ਮਾਘੀ ਮੇਲੇ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੀ ਸਟੇਜ ਤੋਂ ਸੰਬੋਧਨ ਵੀ ਕੀਤਾ ਸੀ। ਹਾਲਾਂਕਿ ਅਕਾਲੀ ਦਲ ਪੁਨਰ ਸੁਰਜੀਤ ਨੇ ਤਰਨਤਾਰਨ ਜ਼ਿਮਨੀ ਚੋਣ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਸਮਰਥਨ ਦਿੱਤਾ ਸੀ।

ਮਾਹਰਾਂ ਮੁਤਾਬਕ ਪਾਰਟੀ ਦੀ ਹੋਂਦ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਬਦਲ ਵਜੋਂ ਪੇਸ਼ ਕੀਤਾ ਗਿਆ ਸੀ ਪਰ ਹੁਣ ਤੱਕ ਪਾਰਟੀ ਉਡਾਣ ਨਹੀਂ ਭਰ ਸਕੀ।

ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ 2024 ਨੂੰ ਜਾਰੀ ਹੋਏ ਹੁਕਮਨਾਮੇ ਦੇ ਮੁਤਾਬਕ, ਅਕਾਲੀ ਦਲ ਦੀ ਨਵੀਂ ਭਰਤੀ ਅਤੇ ਪੁਨਰਗਠਨ ਲਈ ਇੱਕ ਸੱਤ ਮੈਂਬਰੀ ਕਮੇਟੀ (ਹੁਣ 5 ਮੈਂਬਰੀ) ਬਣਾਈ ਗਈ ਸੀ।

ਸੱਤ ਵਿੱਚੋਂ ਦੋ ਮੈਂਬਰ, ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸਾਬਕਾ ਐੱਸਜੀਪੀਸੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਇਸ ਪ੍ਰੀਕਿਰਿਆ ਵਿੱਚ ਹਿੱਸਾ ਨਹੀਂ ਲਿਆ ਸੀ।

ਪੰਜ ਮਹੀਨੇ ਪਹਿਲਾਂ ਅਕਾਲ ਤਖ਼ਤ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੇ ਇਜਲਾਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦਾ ਪ੍ਰਧਾਨ ਚੁਣਿਆ ਸੀ।

ਮਨਪ੍ਰੀਤ ਸਿੰਘ ਇਆਲੀ ਤੋਂ ਇਲਾਵਾ ਕਮੇਟੀ ਦੇ ਬਾਕੀ ਮੈਂਬਰਾਂ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰ, ਇਕਬਾਲ ਸਿੰਘ ਝੂੰਦਾਂ ਅਤੇ ਸਤਵੰਤ ਕੌਰ ਸ਼ਾਮਲ ਸਨ।

ਚਰਨਜੀਤ ਬਰਾੜ ਨੇ ਕੀ ਕਿਹਾ

ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਚਰਨਜੀਤ ਬਰਾੜ ਨੇ ਬੁੱਧਵਾਰ ਨੂੰ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਅਸਤੀਫਾ ਦੇਣ ਮਗਰੋਂ ਬਰਾੜ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਸੀ, "ਸਤਿਕਾਰਯੋਗ ਭਰਤੀ ਕਰਤਾ ਡੈਲੀਗੇਟ ਸਹਿਬਾਨ ਅਤੇ ਹਰੇਕ ਵਰਕਰ ਤੋਂ ਮੁਆਫ਼ੀ ਚਾਹੁੰਦਾ ਹੋਇਆ ਬੜੇ ਹੀ ਭਰੇ ਮਨ ਨਾਲ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾਂ ਹਾਂ। ਭਾਵੇਂ ਕਿ ਆਪਣੇ ਹੱਥੀ ਮਕਾਨ ਬਣਾ ਕੇ ਛੱਡਣਾ ਬਹੁਤ ਔਖਾ ਹੁੰਦਾ ਹੈ। ਪਰ ਹਾਲਾਤ ਹੀ ਅਜਿਹੇ ਬਣ ਗਏ ਹਨ ਕਿ ਕੋਈ ਚਾਰਾ ਨਹੀਂ ਬਚਿਆ।"

"ਮੈਨੂੰ ਇਸ ਗੱਲ ਦਾ ਗਹਿਰਾ ਅਹਿਸਾਸ ਹੈ ਕਿ ਪੰਜ ਮੈਂਬਰੀ ਭਰਤੀ ਕਮੇਟੀ ਰਾਹੀਂ ਕਰਵਾਈ ਗਈ ਭਰਤੀ ਲਈ ਮੈਂ ਬਹੁਤ ਹੀ ਉਤਸ਼ਾਹਿਤ ਤਰੀਕੇ ਨਾਲ ਦਿਨ ਰਾਤ ਮਿਹਨਤ ਕਰਕੇ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਵਾਸਤਾ ਪਾ ਕੇ ਵੀ ਭਰਤੀ ਕਰਵਾਈ ਸੀ।"

"ਖਾਸ ਕਰ ਮਾਲਵੇ ਵਿੱਚ ਬਾਦਲ ਪਰਿਵਾਰ ਦਾ ਆਪਣਾ ਨਿੱਜੀ ਦਬਾਅ ਹੋਣ ਦੇ ਬਾਵਜੂਦ ਵੀ ਮਾਲਵੇ ਸਮੇਤ ਸਾਰੇ ਹੀ ਪੰਜਾਬ ਅਤੇ ਪੰਜਾਬ ਤੋਂ ਬਾਹਰ ਵੀ ਭਰਤੀ ਕਰਕੇ ਡੈਲੀਗੇਟ ਸਹਿਬਾਨ ਦੀ ਚੋਣ ਕਰਵਾਈ। ਜਿਸ ਨਾਲ ਸਭ ਨੂੰ ਆਸ ਬੱਝੀ ਕਿ ਪੰਥ ਅਤੇ ਪੰਜਾਬਪ੍ਰਸਤ ਨਵੀਂ ਨਰੋਈ ਲੀਡਰਸ਼ਿਪ ਚੁਣ ਕੇ ਪਾਰਟੀ ਦੀ ਪੁਨਰ ਸੁਰਜੀਤੀ ਹੋਵੇਗੀ।"

'ਅਕਾਲੀ ਦਲ ਪੁਨਰ ਸੁਰਜੀਤ' ਉੱਤੇ ਕੀ ਇਲਜ਼ਾਮ ਲਾਏ

ਚਰਨਜੀਤ ਬਰਾੜ ਨੇ ਇਲਜ਼ਾਮ ਲਗਾਏ ਹਨ ਕਿ ਅਕਾਲੀ ਦਲ ਪੁਨਰ ਸੁਰਜੀਤ ਸਿਧਾਂਤਾਂ ਉੱਤੇ ਪਹਿਰਾ ਨਹੀਂ ਦੇ ਰਹੀ ਅਤੇ ਨਾ ਹੀ ਲੋਕ ਮੁੱਦਿਆਂ ਉੱਤੇ ਸੰਘਰਸ਼ ਕਰ ਰਹੀ ਹੈ।

ਉਨ੍ਹਾਂ ਕਿਹਾ, "…ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਨਵੀ ਪਾਰਟੀ ਦੀ ਪੁਨਰ-ਸੁਰਜੀਤੀ ਵਿੱਚ ਵੀ ਸਿਧਾਂਤਾਂ ਤੇ ਪਹਿਰਾ ਨਹੀਂ ਦਿੱਤਾ ਜਾ ਰਿਹਾ ਹੈ।"

"ਇੱਥੋਂ ਤੱਕ ਕਿ ਮਿਤੀ 11 ਅਗਸਤ ਨੂੰ ਪਾਰਟੀ ਪ੍ਰਧਾਨ ਦੀ ਚੋਣ ਤੋਂ ਬਾਅਦ ਪੰਜ ਮਹੀਨੇ ਵਿੱਚ ਕਿਸੇ ਵੀ ਲੋਕ ਮੁੱਦਿਆਂ ਲਈ ਧਰਤੀ 'ਤੇ ਕਿਤੇ ਵੀ ਲੜਦੇ ਨਜ਼ਰ ਨਹੀਂ ਆਏ ਅਤੇ ਨਾ ਹੀ ਪਾਰਟੀ ਨੂੰ ਕੋਈ ਵੀ ਠੋਸ ਪ੍ਰੋਗਰਾਮ ਦਿੱਤਾ ਗਿਆ। ਜਿਸ ਕਰਕੇ ਭਰਤੀ ਕਰਨ ਵਾਲੇ ਹਰੇਕ ਵਰਕਰ ਦਾ ਮਨੋਬਲ ਲਗਭਗ ਟੁੱਟ ਚੁੱਕਿਆ ਹੈ।"

"ਆਸ ਕਰਦਾ ਹਾਂ ਕਿ ਪੁਨਰ ਸੁਰਜੀਤੀ ਲਈ ਸੁਧਾਰ ਦੇ ਰਸਤੇ ਤੋਂ ਭੜਕੀ ਹੋਈ ਲੀਡਰਸ਼ਿਪ ਹਾਲੇ ਵੀ ਆਪਣੇ ਆਪ ਨੂੰ ਦਰੁਸਤ ਕਰ ਲੈਣ ਤਾਂ ਪਾਰਟੀ ਵਿੱਚ ਸੁਧਾਰ ਹੋ ਸਕਦਾ ਹੈ ਤੇ ਪਾਰਟੀ ਕਾਮਯਾਬ ਹੋਵੇ। ਮੇਰੀਆਂ ਪਾਰਟੀ ਲਈ ਇਹੀ ਸ਼ੁਭਕਾਮਨਾਵਾਂ ਹਨ।"

"ਮੈਂ ਇਹ ਵੀ ਉਮੀਦ ਕਰਦਾ ਕਿ ਉਹ ਮੇਰੇ ਨਾਲ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਵਿੱਚ ਨਹੀਂ ਪੈਣਗੇ ਕਿਉਂਕਿ ਮੇਰੇ ਵੱਲੋਂ ਜਵਾਬ ਦੇਣ ਨਾਲ ਇਸ ਧੜੇ ਦਾ ਵੱਡਾ ਨੁਕਸਾਨ ਹੋਵੇਗਾ। ਮੇਰੇ ਦੁਆਰਾ ਹੀ ਪਹਿਲੀ ਚਿੱਠੀ ਲਿਖ ਕੇ ਸ਼ੁਰੂ ਕੀਤੀ ਇਹ ਦੂਜੀ ਸੁਧਾਰ ਲਹਿਰ ਦਾ ਨੁਕਸਾਨ ਕਿਸੇ ਕੀਮਤ ਵਿੱਚ ਮੈਂ ਨਹੀ ਕਰਨਾਂ ਚਾਹੁੰਦਾ। ਇਸੇ ਕਰਕੇ ਹੀ ਮੈਂ 13 ਅਕਤੂਬਰ 2025 ਤੋਂ ਕੰਮ ਛੱਡ ਕੇ ਚੁੱਪ-ਚਾਪ ਘਰ ਬੈਠ ਗਿਆ ਸੀ। ਪਰ ਜ਼ਿੰਦਗੀ ਬੈਠਣ ਦਾ ਨਾਮ ਨਹੀਂ ਇਹ ਪਹੀਆ ਚਲਦਾ ਰਹੇ ਫਿਰ ਜ਼ਿੰਦਗੀ ਕਹਾਉਂਦਾ ਹੈ।"

ਮਨਪ੍ਰੀਤ ਇਆਲੀ ਦੀ ਸ਼ਸ਼ੋਪੰਜ

ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਮਗਰੋਂ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਸੀ ਕਿ ਉਹ ਕਿਸੇ ਵੀ ਪਾਰਟੀ ਦੇ ਨਾਲ ਨਹੀਂ ਹਨ।

ਇੱਕ ਚੈਨਲ ਨੂੰ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਸੀ ਕਿ ਉਹ ਕਿਸੇ ਵੀ ਧੜੇ ਵਿੱਚ ਸ਼ਾਮਲ ਨਹੀਂ ਹਨ। ਹਾਲਾਂਕਿ ਮਗਰੋਂ ਉਨ੍ਹਾਂ ਇਸ ਬਿਆਨ ਦਾ ਸਪਸ਼ਟੀਕਰਨ ਵੀ ਦਿੱਤਾ ਸੀ।

ਉਨ੍ਹਾਂ ਕਿਹਾ ਸੀ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਉਨ੍ਹਾਂ ਦੀ ਡਿਊਟੀ ਭਰਤੀ ਕਰਨ ਦੀ ਲਗਾਈ ਸੀ ਅਤੇ ਉਹ ਵੱਖ-ਧੜਿਆਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਮਨਪ੍ਰੀਤ ਇਆਲੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਹਨ।

ਅਕਾਲੀ ਦਲ ਪੁਨਰ ਸੁਰਜੀਤ ਤੋਂ ਦੂਰੀ ਬਣਾਉਣ ਮਗਰੋਂ ਮਨਪ੍ਰੀਤ ਇਆਲੀ ਨੇ ਕਿਹਾ ਸੀ, "ਪੁਨਰ ਸੁਰਜੀਤ ਅਕਾਲੀ ਦਲ ਦੇ ਕਿਸੇ ਵੀ ਆਗੂ ਨਾਲ ਮੇਰਾ ਕੋਈ ਵੀ ਮੱਤਭੇਦ ਨਹੀਂ ਹੈ। ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀ ਜਿੱਤ ਤੋਂ ਬਾਅਦ ਦਿੱਤੇ ਬਿਆਨ ਦਾ ਮਤਲਬ ਇਹ ਸੀ ਕਿ ਅਜੇ ਤੱਕ ਪੁਨਰ ਸੁਰਜੀਤ ਅਕਾਲੀ ਦਲ ਪਾਰਟੀ ਦੀ ਕਿਸੇ ਵੀ ਗਤੀਵਿਧੀਆਂ ਵਿੱਚ ਫਿਲਹਾਲ ਐਕਟਵਲੀ ਹਿੱਸਾ ਨਹੀਂ ਲਿਆ।"

"ਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਭਾਵਨਾ ਅਨੁਸਾਰ ਭਰਤੀ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਪੰਥਕ ਏਕਤਾ ਲਈ ਯਤਨਸ਼ੀਲ ਸੀ ਅਤੇ ਰਹਾਂਗੇ।"

ਮਾਹਰਾਂ ਨੇ ਕੀ ਕਿਹਾ

ਸਿੱਖ ਮਾਮਲਿਆਂ ਅਤੇ ਅਕਾਲੀ ਸਿਆਸਤ ਦੇ ਜਾਣਕਾਰ ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਨੇ ਕਿਹਾ, "ਅਕਾਲੀ ਦਲ ਪੁਨਰ ਸੁਰਜੀਤ ਉਡਾਣ ਨਹੀਂ ਪਰ ਸਕੀ। ਪਾਰਟੀ ਨੇ ਕੋਈ ਵੀ ਸਿਆਸੀ ਅਤੇ ਸਮਾਜਿਕ ਸਰਗਰਮੀ ਨਹੀਂ ਕੀਤੀ। ਕੋਈ ਵੀ ਮੁੱਦਾ ਨਹੀਂ ਉਠਾਇਆ।"

"ਪਾਰਟੀ ਨੇ ਕਿਹਾ ਸੀ ਕਿ ਉਹ ਵਿਜ਼ਨ ਪੇਪਰ ਲੈ ਕੇ ਆਵੇਗੀ ਪਰ ਅਜੇ ਤੱਕ ਤੋਂ ਵਿਜ਼ਨ ਪੇਪਰ ਨਹੀਂ ਆਇਆ। ਇਸ ਤਰ੍ਹਾਂ ਲੱਗਦਾ ਹੈ ਕਿ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂਆਂ ਦਾ ਆਪਸ ਵਿੱਚ ਕੋਈ ਤਾਲਮੇਲ ਨਹੀਂ ਹੈ।

ਗੁਰੂ ਨਾਨਕ ਯੂਨੀਵਰਸਿਟੀ, ਅੰਮ੍ਰਿਤਸਰ ਦੇ ਰਾਜਨੀਤੀ ਸ਼ਾਸਤਰ ਵਿਭਾਗ ਤੋਂ ਸੇਵਾਮੁਕਤ ਹੋਏ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਕਹਿੰਦੇ ਹਨ, "ਅਕਾਲੀ ਦਲ ਪੁਨਰ ਸੁਰਜੀਤ ਅਜਿਹਾ ਜਹਾਜ਼ ਹੈ, ਜਿਸਦੀ ਆਪਣੀ ਕੋਈ ਮੰਜ਼ਿਲ ਨਹੀਂ ਹੈ। ਪਾਰਟੀ ਅਜੇ ਤੱਕ ਜਥੇਬੰਦਕ ਢਾਂਚਾ ਨਹੀਂ ਖੜ੍ਹਾ ਕਰ ਸਕੀ। ਢਾਂਚੇ ਤੋਂ ਬਿਨਾਂ ਪਾਰਟੀ ਨਹੀਂ ਚੱਲ ਸਕਦੀ।"

"ਪਾਰਟੀ ਨੇ ਅਜੇ ਤੱਕ ਆਪਣੇ ਏਜੰਡੇ ਸਾਂਝੇ ਨਹੀਂ ਕੀਤੇ, ਜਿਹੜੇ ਇਹ ਲੋਕਾਂ ਵਿੱਚ ਲੈ ਕੇ ਜਾਣਾ ਚਾਹੁੰਦੀ ਹੈ। ਸਿਆਸੀ ਆਗੂਆਂ ਬਣਨ ਵਾਸਤੇ ਲੋਕਾਂ ਵਿੱਚ ਜਾਣਾ ਪੈਂਦਾ ਹੈ। ਫਿਰ ਲੋਕ ਤੁਹਾਨੂੰ ਸਵੀਕਾਰ ਕਰਦੇ ਹਨ। ਪਾਰਟੀ ਅਜੇ ਤੱਕ ਲੋਕਾਂ ਵਿੱਚ ਨਹੀਂ ਵਿਚਰ ਸਕੀ।"

'ਅਕਾਲੀ ਦਲ ਪੁਨਰ ਸੁਰਜੀਤ' ਨੇ ਕੀ ਕਿਹਾ

ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਇਕਬਾਲ ਸਿੰਘ ਝੂੰਦਾ ਨੇ ਕਿਹਾ, "ਪਾਰਟੀ ਨੂੰ ਸਰਗਰਮੀਆਂ ਕਰਨੀਆਂ ਪੈਣਗੀਆਂ ਅਤੇ ਅਸੀਂ ਕਰਾਂਗੇ ਵੀ।"

ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਪਰਮਿੰਦਰ ਢੀਂਡਸਾ ਨੇ ਕਿਹਾ, "ਅਸੀਂ ਸਾਰੀਆਂ ਸਰਗਰਮੀਆਂ ਦੀ ਯੋਜਨਾ ਉਲੀਕੀ ਹੋਈ ਹੈ। ਹੌਲੀ-ਹੌਲੀ ਅਸੀਂ ਸਭ ਕਰ ਰਹੇ ਹਾਂ।"

ਬਰਾੜ ਵੱਲੋਂ ਪਾਰਟੀ ਉੱਤੇ ਕੋਈ ਸਰਗਰਮੀ ਨਾ ਕਰਨ ਦੇ ਇਲਜ਼ਾਮਾਂ ਬਾਰੇ ਉਨ੍ਹਾਂ ਕਿਹਾ, "ਦੋ-ਤਿੰਨ ਮਹੀਨੇ ਸਰਗਰਮੀ ਘੱਟ ਹੋਣ ਨੂੰ ਕੋਈ ਵੀ ਸਰਗਰਮੀ ਨਾ ਹੋਣਾ ਨਹੀਂ ਕਿਹਾ ਜਾ ਸਕਦਾ। ਜੇਕਰ ਚਰਨਜੀਤ ਬਰਾੜ ਭਾਜਪਾ ਵਿੱਚ ਸ਼ਾਮਲ ਹੋਣਾ ਚਾਹੁੰਦੇ ਸਨ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਪਰ ਉਨ੍ਹਾਂ ਨੂੰ ਪਾਰਟੀ ਉੱਤੇ ਇਲਜ਼ਾਮ ਨਹੀਂ ਲਗਾਉਣੇ ਚਾਹੀਦੇ ਸਨ।"

ਮਨਪ੍ਰੀਤ ਇਆਲੀ ਬਾਰੇ ਉਨ੍ਹਾਂ ਕਿਹਾ, "ਮਨਪ੍ਰੀਤ ਇਆਲੀ ਪਾਰਟੀ ਦੀਆਂ ਮੀਟਿੰਗਾਂ ਵਿੱਚ ਹਿੱਸਾ ਲੈ ਰਹੇ ਹਨ। ਉਹ ਪਿਛਲੀਆਂ ਦੋ ਮੀਟਿੰਗਾਂ ਵਿੱਚ ਮੌਜੂਦ ਸਨ। ਉਨ੍ਹਾਂ ਨੇ ਪਾਰਟੀ ਤੋਂ ਕੋਈ ਦੂਰੀ ਨਹੀਂ ਬਣਾਈ ਸੀ, ਸਗੋਂ ਉਨ੍ਹਾਂ ਕਿਹਾ ਸੀ ਕਿ ਉਹ ਪਾਰਟੀ ਦੀਆਂ ਸਰਗਰਮੀਆਂ ਵਿੱਚ ਹਿੱਸਾ ਨਹੀਂ ਲੈ ਰਹੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)