ਪਤੰਗਾਂ ਦੀ ਬਦੌਲਤ ਹੀ ਦੁਨੀਆ ਵਿੱਚ ਬਿਜਲੀ ਦੀ ਖੋਜ ਹੋਈ, ਕੀ ਸੀ ਉਹ ਪ੍ਰਯੋਗ

ਬਿਜਲੀ ਦੀ ਕਾਢ ਕਿਸ ਨੇ ਕੱਢੀ? ਇਸ ਸਵਾਲ ਦੇ ਜਵਾਬ ਵਿੱਚ ਜ਼ਿਆਦਾਤਰ ਲੋਕ ਕਿਸੇ ਅਮਰੀਕੀ ਦਾ ਨਾਮ ਲੈਣਗੇ, ਪਰ ਕੀ ਇਹ ਜਵਾਬ ਸਹੀ ਹੋਵੇਗਾ?

ਇਸ ਖੋਜਕਰਤਾ ਨੇ ਸਥਿਰ ਬਿਜਲੀ ਦੇ ਸਿਧਾਂਤ ਨੂੰ ਸਥਾਪਿਤ ਕਰਨ ਲਈ ਬਹੁਤ ਚਰਚਾ ਵਿੱਚ ਆਇਆ ਪਤੰਗ ਪ੍ਰਯੋਗ ਕੀਤਾ ਅਤੇ ਗਰਜਦੇ ਬੱਦਲਾਂ ਅਤੇ ਬਿਜਲੀ ਵਿਚਕਾਰ ਸੰਬੰਧ ਸਥਾਪਿਤ ਕੀਤਾI

ਗੁਜਰਾਤੀ ਲੋਕ ਉੱਤਰਾਇਣ ਅਤੇ ਵਾਸੀ-ਉੱਤਰਾਇਣ ਦੇ ਦਿਨਾਂ 'ਚ ਪਤੰਗਾਂ ਉਡਾਉਂਦੇ ਹਨ, ਪਰ ਇਸ ਦੌਰਾਨ ਅਸੀਂ 1752 ਦੇ ਬਹੁਤ ਚਰਚਾ ਵਾਲੇ ਪ੍ਰਯੋਗ ਨੂੰ ਬਹੁਤ ਘੱਟ ਯਾਦ ਕਰਦੇ ਹਾਂI

ਇਹ ਖੋਜੀ ਬਹੁਪੱਖੀ ਪ੍ਰਤਿਭਾ ਵਾਲਾ ਸੀ ਅਤੇ ਉਸ ਨੇ ਬਹੁਤ ਖੋਜਾਂ ਕੀਤੀਆਂI ਜੇਕਰ ਤੁਸੀਂ ਅਮਰੀਕਾ ਦੀ ਯਾਤਰਾ ਕਰੋਗੇ, ਤਾਂ ਉਸ ਦਾ ਚਿਹਰਾ ਬਾਰ-ਬਾਰ ਦੇਖਣ ਨੂੰ ਮਿਲੇਗਾI

ਬਿਜਲੀ ਦੀ ਖੋਜ ਕਿਸ ਨੇ ਕੀਤੀ?

ਜੇਕਰ ਤੁਸੀਂ ਕਿਸੇ ਨੂੰ ਪੁੱਛੋ ਕਿ ਬਿਜਲੀ ਦੀ ਖੋਜ ਕਿਸ ਨੇ ਕੀਤੀ, ਤਾਂ ਸਭ ਤੋਂ ਵੱਧ ਸੰਭਾਵੀ ਉੱਤਰ ਬੇਂਜਾਮਿਨ ਫ੍ਰੈਂਕਲਿਨ ਹੋਵੇਗਾI

ਬੇਂਜਾਮਿਨ ਫ੍ਰੈਂਕਲਿਨ ਦਾ ਜਨਮ ਇੱਕ ਅਮੀਰ ਅਮਰੀਕੀ ਪਰਿਵਾਰ ਵਿੱਚ ਹੋਇਆ ਸੀ, ਜੋ ਸਾਬਣ ਅਤੇ ਅੱਤਰ ਬਣਾਉਣ ਦਾ ਕਾਰੋਬਾਰ ਕਰਦੇ ਸਨI

ਉਨ੍ਹਾਂ ਨੂੰ ਬਚਪਨ ਤੋਂ ਹੀ ਖੋਜ ਕਰਨ ਦਾ ਸ਼ੌਂਕ ਸੀI ਉਨ੍ਹਾਂ ਨੇ ਤੇਜ਼ ਤੈਰਨ ਵਿੱਚ ਮਦਦ ਕਰਨ ਲਈ ਮੱਛੀ ਦੇ ਖੰਭ ਵਰਗਾ ਨਕਲੀ ਯੰਤਰ ਬਣਾਇਆI

ਬੇਂਜਾਮਿਨ ਨੇ ਆਪਣੇ ਕਰਿਅਰ ਦੇ ਸ਼ੁਰੂਆਤੀ ਸਾਲਾਂ ਵਿੱਚ ਕਈ ਕੰਮ ਕਰਕੇ ਪੈਸਾ ਕਮਾਇਆ, ਅਤੇ 1746 ਤੋਂ ਬਾਅਦ ਇਸਦਾ ਉਪਯੋਗ ਬਿਜਲੀ ਅਤੇ ਸੰਬੰਧਿਤ ਮਾਮਲਿਆਂ 'ਤੇ ਪ੍ਰਯੋਗ ਅਤੇ ਖੋਜ ਕਰਨ ਲਈ ਕੀਤਾI

ਇਹਨਾਂ ਵਿਚੋਂ, ਜੂਨ 1752 ਵਿੱਚ ਪਤੰਗਾਂ ਨਾਲ ਕੀਤਾ ਗਿਆ ਬਿਜਲੀ ਦਾ ਪ੍ਰਯੋਗ ਬਹੁਤ ਪ੍ਰਸਿੱਧ ਹੋਇਆI

ਹਾਲਾਂਕਿ, ਇਸ ਦੀ ਖੋਜ ਦਾ ਸਿਹਰਾ ਕਿਸੇ ਇੱਕ ਵਿਅਕਤੀ ਨੂੰ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਇਸ ਦਿਸ਼ਾ ਵਿੱਚ ਸਦੀਆਂ ਤੋਂ ਖੋਜ ਚੱਲ ਰਹੀ ਸੀ ਅਤੇ ਕਈ ਲੋਕਾਂ ਨੇ ਇਸ ਵਿੱਚ ਯੋਗਦਾਨ ਪਾਇਆ ਸੀI

ਇਸ ਤੋਂ ਇਲਾਵਾ, ਬਿਜਲੀ ਪਹਿਲਾਂ ਤੋਂ ਹੀ ਸਾਡੇ ਆਲੇ-ਦੁਆਲੇ ਮੌਜੂਦ ਸੀ, ਖੋਜਕਰਤਾਵਾਂ ਨੇ ਇਸ ਦੀ 'ਕਾਢ' ਨਹੀਂ ਕੀਤੀ, ਸਗੋਂ ਇਸ ਦੀ 'ਖੋਜ' ਕੀਤੀ ਸੀI

ਮਸ਼ਹੂਰ ਪਤੰਗ ਪ੍ਰਯੋਗ

ਜੂਨ 1752 ਦੀ ਇੱਕ ਦੁਪਹਿਰ ਨੂੰ ਫਿਲਾਡੈਲਫੀਆ ਉੱਤੇ ਸੰਘਣੇ ਬੱਦਲ ਛਾ ਗਏ ਅਤੇ ਗਰਜ ਤੇ ਬਿਜਲੀ ਨਾਲ ਬਾਰਿਸ਼ ਹੋਣ ਲੱਗੀI

ਬੇਂਜਾਮਿਨ ਇਹ ਸਾਬਿਤ ਕਰਨਾ ਚਾਹੁੰਦੇ ਸਨ ਕਿ ਗਰਜ ਵੀ ਬਿਜਲੀ ਦਾ ਇੱਕ ਰੂਪ ਹੈ ਇਸ ਲਈ ਉਨ੍ਹਾਂ ਨੂੰ ਲੱਗਿਆ ਕਿ ਪ੍ਰਯੋਗ ਕਰਨ ਦਾ ਇਹ ਸਹੀ ਸਮਾਂ ਹੈI

ਬੇਂਜਾਮਿਨ ਇੰਸਟੀਚਿਊਟ ਦੀ ਇੱਕ ਰਿਪੋਰਟ ਅਨੁਸਾਰ, ਉਨ੍ਹਾਂ ਨੇ ਰੇਸ਼ਮੀ ਰੁਮਾਲ, ਸੂਤੀ ਧਾਗੇ, ਰੇਸ਼ਮੀ ਧਾਗੇ, ਘਰ ਦੀ ਚਾਬੀ, ਲੇਡਨ ਜਾਰ (ਬਿਜਲੀ ਸਟੋਰ ਕਰਨ ਲਈ ਇੱਕ ਬੈਟਰੀ ਵਰਗਾ ਯੰਤਰ) ਅਤੇ ਤਾਰ ਨਾਲ ਇੱਕ ਪਤੰਗ ਤਿਆਰ ਕੀਤੀI ਇਸ ਪ੍ਰਯੋਗ ਵਿੱਚ ਬੇਂਜਾਮਿਨ ਦੇ ਪੁੱਤਰ ਨੇ ਉਨ੍ਹਾਂ ਦੀ ਮਦਦ ਕੀਤੀ ਸੀI

ਉਨ੍ਹਾਂ ਨੇ ਪਤੰਗ ਦੇ ਉੱਪਰ ਵਾਲੇ ਹਿੱਸੇ ਨਾਲ ਇਕ ਤਾਰ ਬੰਨ੍ਹੀ, ਜਿਸ ਨੂੰ ਬਿਜਲੀ ਦੇ ਖੰਭੇ ਨਾਲ ਬੰਨ ਦਿੱਤਾ ਅਤੇ ਪਤੰਗ ਦੇ ਹੇਠਲੇ ਹਿੱਸੇ 'ਤੇ ਹੈਂਪ ਰੋਪ (ਭੰਗ ਦੇ ਪੌਦੇ ਦੇ ਰੇਸ਼ੇ ਤੋਂ ਬਣੀ ਰੱਸੀ) ਬੰਨੀI ਇਸ ਦੇ ਨਾਲ ਇੱਕ ਰੇਸ਼ਮ ਦੀ ਰੱਸੀ ਵੀ ਬੰਨ੍ਹੀI

ਜਵਾਬ ਇਹ ਹੈ ਕਿ ਜਦੋਂ ਮੀਂਹ ਪੈਂਦਾ ਹੈ ਤਾਂ ਹੈਂਪ ਰੋਪ ਜਲਦੀ ਗਿੱਲੀ ਹੋ ਜਾਂਦੀ ਹੈ, ਇਹ ਨਮੀ ਸੋਖ ਲੈਂਦੀ ਹੈ ਅਤੇ ਜਲਦੀ ਹੀ ਬਿਜਲੀ ਨਾਲ ਚੱਲ ਪੈਂਦੀ ਹੈI

ਬੇਂਜਾਮਿਨ ਨੇ ਆਪ ਰੇਸ਼ਮ ਦੀ ਰੱਸੀ ਨੂੰ ਫੜਿਆ ਸੀ ਤਾਂ ਕਿ ਉਹ ਸੁੱਕੀ ਰਹੇ ਅਤੇ ਇਸ ਦੌਰਾਨ ਉਹ ਆਪ ਆਪਣੇ ਪੁੱਤਰ, ਜਿਸ ਨੇ ਰੱਸੀ ਫੜ੍ਹੀ ਹੋਈ ਸੀ, ਉਸ ਨਾਲ ਵਿਹੜੇ ਵਿੱਚ ਖੜ੍ਹੇ ਸੀ।

ਫ਼ਿਰ ਬੇਂਜਾਮਿਨ ਨੇ ਆਪਣੇ ਪੁੱਤਰ ਦੀ ਮਦਦ ਨਾਲ ਚਾਬੀ ਨੂੰ ਇੱਕ ਸੂਤੀ ਧਾਗੇ ਨਾਲ ਤਾਲੇ 'ਚ ਬੰਨ੍ਹ ਦਿੱਤਾI ਅਚਾਨਕ ਉਹ ਢਿੱਲਾ ਸੂਤੀ ਧਾਗਾ ਖਿੱਚਿਆ ਗਿਆ ਅਤੇ ਸਖ਼ਤ ਹੋ ਗਿਆI

ਬੇਂਜਾਮਿਨ ਨੇ ਆਪਣੀ ਉਂਗਲ ਚਾਬੀ 'ਤੇ ਰੱਖੀI ਚਾਬੀ ਨਕਾਰਾਤਮਕ ਤੌਰ 'ਤੇ ਚਾਰਜ ਕੀਤੀ ਗਈ ਸੀ ਅਤੇ ਉਸ ਦੀ ਉਂਗਲੀ ਸਕਾਰਾਤਮਕ ਤੌਰ 'ਤੇ ਚਾਰਜ ਕੀਤੀ ਗਈ ਸੀ, ਜਿਸ ਨਾਲ ਇੱਕ ਚਿੰਗਾਰੀ ਪੈਦਾ ਹੋਈ। ਫ਼ਿਰ ਉਨ੍ਹਾਂ ਨੇ ਆਪਣੀ ਮੁੱਠੀ ਨੂੰ ਵੀ ਛੂਹਿਆI ਉਨ੍ਹਾਂ ਦੀ ਖੋਜ ਪੂਰੀ ਹੋ ਗਈI ਉਨ੍ਹਾਂ ਨੇ ਬਿਜਲੀ ਨੂੰ ਇੱਕ ਲੇਡਨ ਜਾਰ ਵਿੱਚ ਸਟੋਰ ਕਰ ਲਿਆ ਤਾਂ ਜੋ ਬਾਅਦ ਵਿੱਚ ਉਸਦੀ ਵਰਤੋਂ ਕੀਤੀ ਜਾ ਸਕੇI

ਅਜਿਹਾ ਮੰਨਿਆ ਜਾਂਦਾ ਹੈ ਕਿ ਬਾਰਿਸ਼ ਦੌਰਾਨ ਬਿਜਲੀ ਡਿੱਗਣ ਨਾਲ ਚਿੰਗਾਰੀ ਨਿਕਲੀ ਸੀ, ਹਾਲਾਂਕਿ ਮਾਹਰ ਇਹ ਗੱਲ ਨਹੀਂ ਮੰਨਦੇ, ਕਿਉਂਕਿ ਜੇ ਅਜਿਹਾ ਹੁੰਦਾ ਤਾਂ ਉਨ੍ਹਾਂ ਨੂੰ ਬਿਜਲੀ ਦਾ ਝਟਕਾ ਲੱਗਦਾI ਪਤੰਗ ਨੇ ਗਰਜਦੇ ਬੱਦਲਾਂ ਵਿੱਚ ਮੌਜੂਦ ਬਿਜਲੀ ਨੂੰ ਸੰਚਾਰਿਤ ਕਰ ਦਿੱਤਾI

ਇਹ ਪ੍ਰਯੋਗ ਤੋਂ ਇੱਕ ਮਹੀਨਾ ਪਹਿਲਾਂ ਇੱਕ ਫਰਾਂਸੀਸੀ ਭੌਤਿਕ ਵਿਗਿਆਨੀ ਨੇ ਇਸ ਸਿੰਧਾਤ ਨੂੰ ਸਥਾਪਿਤ ਕੀਤਾ ਸੀI ਪਰ ਇਸਦਾ ਸਿਹਰਾ ਅਮਰੀਕੀ ਖੋਜਕਰਤਾ ਨੂੰ ਮਿਲਿਆ ਕਿਉਂਕਿ ਇਸ ਲਈ ਬੈਂਜਾਮਿਨ ਫਰੈਂਕਲਿਨ ਦੇ ਨੋਟਸ ਦੀ ਵਰਤੋਂ ਕੀਤੀ ਗਈ ਸੀI

19 ਅਕਤੂਬਰ, 1752 ਦੇ ਪੈਨਸਿਲਵੇਨੀਆ ਗਜ਼ਟ ਵਿੱਚ, ਬੈਂਜਾਮਿਨ ਫਰੈਂਕਲਿਨ ਨੇ ਇੱਕ ਵੇਰਵਾ ਪ੍ਰਕਾਸ਼ਿਤ ਕੀਤਾ ਕਿ ਬਾਕੀ ਲੋਕ ਪਤੰਗਾਂ ਨਾਲ ਕਿਵੇਂ ਪ੍ਰਯੋਗ ਕਰ ਸਕਦੇ ਹਨI

ਇੱਕ ਸਾਲ ਬਾਅਦ, ਜਦੋਂ ਬਾਲਟਿਕ ਦੇ ਭੌਤਿਕ ਵਿਗਿਆਨੀ ਜਾਰਜ ਰਿਚਮੈਨ ਪਤੰਗ ਨਾਲ ਪ੍ਰਯੋਗ ਕਰ ਰਹੇ ਸੀ, ਤਾਂ ਮੌਸਮ ਸੰਬੰਧਿਤ ਦੁਰਲੱਭ ਘਟਨਾ ਵਾਪਰੀI ਬਿਜਲੀ ਬਾਲ ਲਾਈਟਿੰਗ ਵਿੱਚ ਨਹੀਂ ਬਦਲੀ, ਸਗੋਂ ਉਸਨੂੰ ਬਿਜਲੀ ਦਾ ਝਟਕਾ ਲੱਗਿਆ ਅਤੇ ਉਸਦੀ ਮੌਤ ਹੋ ਗਈ।

ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਬਿਜਲੀ ਲਈ ਦੋ ਤਰਲ ਪਦਾਰਥ ਹੁੰਦੇ ਹਨ, ਪਰ ਬੈਂਜਾਮਿਨ ਫਰੈਂਕਲਿਨ ਨੇ ਇਸ ਵਿਸ਼ਵਾਸ ਨੂੰ ਬਦਲ ਦਿੱਤਾ। ਉਸਦਾ ਮੰਨਣਾ ਸੀ ਕਿ ਸਿਰਫ ਇੱਕ ਤਰਲ ਹੀ ਸਕਾਰਾਤਮਕ ਜਾਂ ਨਕਾਰਾਤਮਕ ਚਾਰਜ ਰੱਖਦਾ ਹੈ। ਉਸਨੇ ਇੱਕ ਤਰਲ ਚਾਰਜ ਦੀ ਧਾਰਨਾ ਨੂੰ ਚਾਰਜ ਦੀ ਸੰਭਾਲ ਨਾਲ ਜੋੜਿਆ।

ਉਨ੍ਹਾਂ ਰਾਹੀਂ ਹੀ 'ਬੈਟਰੀ' ਅਤੇ 'ਕੰਡਕਟਰ' ਜਿਹੇ ਸ਼ਬਦ ਹੋਂਦ ਵਿੱਚ ਆਏI

1753 ਵਿੱਚ, ਰਾਇਲ ਸੋਸਾਇਟੀ ਨੇ ਉਨ੍ਹਾਂ ਨੂੰ "ਬਿਜਲੀ ਸੰਬੰਧੀ ਉਤਸੁਕ ਪ੍ਰਯੋਗਾਂ ਅਤੇ ਨਿਰੀਖਣਾਂ" ਲਈ ਕੋਪਲੇ ਮੈਡਲ ਨਾਲ ਸਨਮਾਨਿਤ ਕੀਤਾ।

ਹਾਲ ਹੀ ਦੇ ਸਾਲਾਂ ਵਿੱਚ, ਪਤੰਗਾਂ ਨੂੰ ਅਲੱਗ ਤਰੀਕੇ ਨਾਲ ਵਰਤਣ ਦੇ ਪ੍ਰੋਜੈਕਟ ਚੱਲ ਰਹੇ ਹਨ, ਜਿਸ ਨਾਲ ਪੌਣ ਊਰਜਾ ਨੂੰ ਬਿਜਲੀ ਵਿੱਚ ਬਦਲਿਆ ਜਾ ਰਿਹਾ ਹੈI

ਇੱਕ ਵਿਗਿਆਨੀ ਅਨੇਕ ਖੋਜਾਂ

ਬੈਂਜਾਮਿਨ ਫਰੈਂਕਲਿਨ ਨੇ ਕਈ ਹੋਰ ਖੋਜਾਂ ਵੀ ਕੀਤੀਆਂ ਹਨI ਉਹ ਇੱਕ ਵਿਗਿਆਨੀ, ਖੋਜੀ, ਡਿਪਲੋਮੈਟ, ਸਿਆਸਤਦਾਨ, ਪ੍ਰਿੰਟਰ, ਲੇਖਕ, ਪ੍ਰਕਾਸ਼ਕ ਅਤੇ ਪੱਤਰਕਾਰ ਵੀ ਸਨ।

ਬੈਂਜਾਮਿਨ ਫਰੈਂਕਲਿਨ, ਫਿਲਾਡੈਲਫੀਆ ਦੇ ਇੱਕ ਪ੍ਰਮੁੱਖ ਵਿਅਕਤੀ ਅਤੇ ਆਜ਼ਾਦੀ ਦੀ ਘੋਸ਼ਣਾ ਲਿਖਣ ਵਾਲੇ ਸੰਸਥਾਪਕਾਂ ਵਿਚੋਂ ਇੱਕ ਸਨI ਉਨ੍ਹਾਂ ਨੇ ਇੰਨੀ ਸਰਗਰਮ ਭੂਮਿਕਾ ਨਿਭਾਈ ਕਿ ਅਕਸਰ (ਗਲਤੀ ਨਾਲ) ਉਹ 'ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ' ਅਖਵਾਉਂਦੇ ਹਨ।

ਉਹ ਫਰਾਂਸ ਵਿੱਚ ਪਹਿਲੇ ਅਮਰੀਕੀ ਰਾਜਦੂਤ ਸਨ ਅਤੇ ਉਨ੍ਹਾਂ ਦੀ ਤਸਵੀਰ ਡਾਲਰਾਂ 'ਤੇ ਵੀ ਦੇਖੀ ਜਾ ਸਕਦੀ ਹੈ।

ਬੈਂਜਾਮਿਨ ਨੇ ਵੀ ਆਪਣੇ ਸਮੇਂ ਵਿੱਚ ਕਈ ਕਾਢਾਂ ਕੱਢੀਆਂ, ਜਿਨ੍ਹਾਂ ਵਿੱਚੋਂ ਕੁੱਝ ਕ੍ਰਾਂਤੀਕਾਰੀ ਸਨ। ਹਾਲਾਂਕਿ, ਉਨ੍ਹਾਂ ਨੇ ਉਹ ਕਾਢਾਂ ਨੂੰ ਪੇਟੈਂਟ ਨਹੀਂ ਕਰਵਾਇਆ ਅਤੇ ਤੋਹਫ਼ੇ ਵਜੋਂ ਦੇ ਦਿੱਤੀਆਂ।

ਇਹ ਗੱਲ ਉਨ੍ਹਾਂ ਨੇ ਆਪਣੀ ਆਤਮਕਥਾ ਵਿੱਚ ਇਹ ਸਪੱਸ਼ਟ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਲਿਖਿਆ, "ਅਸੀਂ ਦੂਜਿਆਂ ਦੀ ਖੋਜ ਦਾ ਆਨੰਦ ਮਾਣਦੇ ਹਾਂ ਅਤੇ ਇਸ ਤੋਂ ਬਹੁਤ ਲਾਭ ਲੈਂਦੇ ਹਾਂ।"

"ਫਿਰ ਸਾਨੂੰ ਆਪਣੀਆਂ ਖੋਜਾਂ ਰਾਹੀਂ ਦੂਜਿਆਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਅਤੇ ਸਾਨੂੰ ਇਸਦਾ ਆਨੰਦ ਮਾਣਨਾ ਚਾਹੀਦਾ ਹੈ; ਸਾਨੂੰ ਅਜਿਹਾ ਖੁੱਲ੍ਹ ਕੇ ਅਤੇ ਉਦਾਰਤਾ ਨਾਲ ਕਰਨਾ ਚਾਹੀਦਾ ਹੈ।"

ਪਹਿਲਾਂ ਲੱਕੜ ਦੇ ਘਰ ਬਿਜਲੀ ਡਿੱਗਣ 'ਤੇ ਸੜ ਜਾਂਦੇ ਸਨ। ਅਜਿਹਾ ਹੋਣ ਤੋਂ ਰੋਕਣ ਲਈ, ਉਨ੍ਹਾਂ ਨੇ ਇੱਕ ਧਾਤ ਦੇ ਖੰਭੇ 'ਤੇ ਇੱਕ ਰੌਡ ਬਣਾਈ ਜਿਹੜੀ ਕੇਬਲ ਨਾਲ ਜੁੜੀ ਸੀ, ਤਾਂ ਜੋ ਬਿਜਲੀ ਸੁਰੱਖਿਅਤ ਢੰਗ ਨਾਲ ਜ਼ਮੀਨ ਵਿੱਚ ਸਮਾ ਜਾਵੇ।

ਅੱਜ ਲਗਭਗ ਹਰ ਵੱਡੀਆਂ ਅਤੇ ਉੱਚੀਆਂ ਇਮਾਰਤਾਂ ਵਿੱਚ ਇਸਦੀ ਵਰਤੋਂ ਕੀਤੀ ਜਾਂਦੀ ਹੈI

ਪੱਛਮੀ ਦੇਸ਼ਾਂ ਵਿੱਚ, ਘਰ ਨੂੰ ਗਰਮ ਰੱਖਣ ਲਈ ਹੀਟਿੰਗ ਚਾਲੂ ਰੱਖੀ ਜਾਂਦੀ ਸੀ, ਪਰ ਇਸ ਨਾਲ ਗੰਭੀਰ ਹੀਟਸਟ੍ਰੋਕ ਹੋ ਸਕਦਾ ਹੈ ਅਤੇ ਘਰ ਵਿੱਚ ਅੱਗ ਲੱਗਣ ਦੀ ਸੰਭਾਵਨਾ ਹੋ ਸਕਦੀ ਹੈ।

ਇਸ ਲਈ ਉਨ੍ਹਾਂ ਨੇ ਇੱਕ ਲੋਹੇ ਦਾ ਚੁੱਲ੍ਹਾ ਬਣਾਇਆ ਜੋ ਘੱਟ ਬਾਲਣ ਦੀ ਵਰਤੋਂ ਕਰਦਾ ਸੀ, ਘੱਟ ਪ੍ਰਦੂਸ਼ਣ ਫੈਲਾਉਂਦਾ ਸੀ ਅਤੇ ਅੱਗ ਲੱਗਣ ਦੇ ਖ਼ਤਰੇ ਨੂੰ ਵੀ ਘਟਾਉਂਦਾ ਸੀ।

ਬੈਂਜਾਮਿਨ ਨੇ ਯੂਰਿਨਰ ਕੈਥਿਟਰ ਦੀ ਖੋਜ ਨਹੀਂ ਕੀਤੀ ਸੀ, ਪਰ ਜਦੋਂ ਉਸਦੇ ਵੱਡੇ ਭਰਾ ਜੌਨ ਨੂੰ ਪੱਥਰੀ ਹੋਈ, ਤਾਂ ਪਿਸ਼ਾਬ ਕੱਢਣ ਲਈ ਇੱਕ ਟਿਊਬ ਪਾਈ ਗਈ, ਜੋ ਕਿ ਬਹੁਤ ਤੰਗ ਸੀ। ਇਸ ਨਾਲ ਮਰੀਜ਼ਾਂ ਨੂੰ ਬਹੁਤ ਦਰਦ ਹੁੰਦਾ ਸੀ।

ਉਸ ਨੇ ਇੱਕ ਸਥਾਨਕ ਸੋਨੀ ਕੰਪਨੀ ਨਾਲ ਮਿਲ ਕੇ ਇੱਕ ਲਚਕਦਾਰ ਟਿਊਬ ਬਣਾਈ ਅਤੇ ਆਪਣੇ ਭਰਾ ਨੂੰ ਭੇਜੀ ਅਤੇ ਨਾਲ ਹੀ ਇਸਨੂੰ ਵਰਤਣ ਦਾ ਤਰੀਕਾ ਵੀ ਦੱਸਿਆ।

ਬੈਂਜਾਮਿਨ ਕੋਲ ਨੇੜੇ ਅਤੇ ਦੂਰ ਦੇਖਣ ਲਈ ਐਨਕ ਸੀI ਉਸਨੂੰ ਪੜ੍ਹਨ ਲਈ ਆਪਣੀਆਂ ਐਨਕਾਂ ਅਕਸਰ ਬਦਲਣੀਆਂ ਪੈਂਦੀਆਂ ਸਨ। ਇਸ ਲਈ ਉਸਨੇ ਲੈਂਸਾਂ ਨੂੰ ਵਿਚੋਂ ਕੱਟ ਕੇ ਅੱਧਾ ਕਰ ਦਿੱਤਾ।

ਉਨ੍ਹਾਂ ਨੇ ਦੂਰੀ ਵਾਲੀਆਂ ਐਨਕਾਂ ਦੇ ਨੰਬਰ ਵਾਲੇ ਲੈਂਸ ਹੇਠਾਂ ਪੜ੍ਹਨ ਲਈ ਅਤੇ ਉੱਪਰ ਨੇੜੇ ਦੀਆਂ ਵਸਤੂਆਂ ਅਤੇ ਦੂਰ ਦੀਆਂ ਵਸਤੂਆਂ ਨੂੰ ਦੇਖਣ ਲਈ ਰੱਖੇ।

ਹਾਲਾਂਕਿ, ਕੀ ਉਸਨੇ ਬਾਈਫੋਕਲ ਲੈਂਸ ਦੀ ਖੋਜ ਕੀਤੀ ਸੀ ਜਾਂ ਉਹ ਇਸਨੂੰ ਸ਼ੁਰੂਆਤ ਵਿੱਚ ਅਪਣਾਉਣ ਵਾਲੇ ਵਿਅਕਤੀਆਂ ਵਿੱਚੋਂ ਇੱਕ ਸੀ, ਇਹ ਪਿਛਲੇ ਕੁੱਝ ਸਾਲਾਂ ਤੋਂ ਬਹਿਸ ਦਾ ਵਿਸ਼ਾ ਰਿਹਾ ਹੈ।

ਇਸ ਤੋਂ ਇਲਾਵਾ, ਇੱਕ ਲੰਬੀ ਬਾਂਹ ਵਾਲਾ, ਨਾ ਡੋਲਣ ਵਾਲਾ ਸੂਪ ਦਾ ਕਟੋਰਾ ਅਤੇ ਅਲਮਾਰੀਆਂ 'ਚੋਂ ਕਿਤਾਬਾਂ ਚੁੱਕਣ ਲਈ ਇੱਕ ਕੰਚ ਦੇ ਹਾਰਮੋਨਿਕਾ ਦੀ ਕਾਢ ਕੱਢੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)