ਬੱਸ ਵਿੱਚ ਬਣਾਈ ਗਈ ਵੀਡੀਓ ਵਾਇਰਲ ਹੋਣ ਮਗਰੋਂ ਇੱਕ ਵਿਅਕਤੀ ਦੀ ਖੁਦਕੁਸ਼ੀ ਦਾ ਮਾਮਲਾ, ਹੁਣ ਤੱਕ ਕੀ-ਕੀ ਪਤਾ ਲੱਗਿਆ ਹੈ

    • ਲੇਖਕ, ਇਮਰਾਨ ਕੁਰੈਸ਼ੀ
    • ਰੋਲ, ਬੀਬੀਸੀ ਸਹਿਯੋਗੀ

(ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ। ਜੇਕਰ ਤੁਸੀਂ ਵੀ ਤਣਾਅ ਵਿੱਚੋਂ ਗੁਜ਼ਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 18002333330 ਤੋਂ ਮਦਦ ਲੈ ਸਕਦੇ ਹੋ। ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।)

ਇੱਕ ਆਦਮੀ ਦੀ 'ਖੁਦਕੁਸ਼ੀ' ਨੂੰ ਸੋਸ਼ਲ ਮੀਡੀਆ 'ਤੇ ਕੀਤੀ ਗਈ ਇੱਕ ਪੋਸਟ ਨਾਲ ਜੋੜਿਆ ਜਾ ਰਿਹਾ ਹੈ। ਇਹ ਘਟਨਾ ਉਸ ਦੇ ਜਨਮ ਦਿਨ ਤੋਂ ਇੱਕ ਦਿਨ ਬਾਅਦ ਵਾਪਰੀ।

ਇਸ ਘਟਨਾ ਨੂੰ ਲੈ ਕੇ ਕੇਰਲ ਵਿੱਚ ਗੁੱਸਾ ਦੇਖਿਆ ਜਾ ਰਿਹਾ ਹੈ। ਸੂਬੇ ਦੇ ਮਨੁੱਖੀ ਅਧਿਕਾਰ ਕਮਿਸ਼ਨ (SHRC) ਨੇ ਪੁਲਿਸ ਜਾਂਚ ਦੇ ਆਦੇਸ਼ ਦਿੱਤੇ ਹਨ।

ਪੁਲਿਸ ਨੇ ਸੋਸ਼ਲ ਮੀਡੀਆ ਪੋਸਟ ਪਾਉਣ ਵਾਲੀ ਕੰਨਟੈਂਟ ਕ੍ਰਿਕਏਟਰ ਸ਼ਿਮਜਿਤਾ ਮੁਸਤਫਾ ਵਿਰੁੱਧ 'ਖੁਦਕੁਸ਼ੀ ਲਈ ਉਕਸਾਉਣ' ਦਾ ਮਾਮਲਾ ਵੀ ਦਰਜ ਕੀਤਾ ਹੈ।

ਇਹ ਮਾਮਲਾ ਮ੍ਰਿਤਕ ਦੀਪਕ ਯੂ. ਦੀ ਮਾਂ, ਕੇ. ਕੰਨਿਆਕਾ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਸੀ।

ਮੁਸਤਫਾ ਨੇ ਇਲਜ਼ਾਮ ਲਗਾਇਆ ਸੀ ਕਿ ਕੰਨੂਰ ਜ਼ਿਲ੍ਹੇ ਵਿੱਚ ਇੱਕ ਨਿੱਜੀ ਬੱਸ ਵਿੱਚ ਯਾਤਰਾ ਦੌਰਾਨ ਦੀਪਕ ਨੇ "ਜਿਨਸੀ ਸੀਮਾਵਾਂ" ਦੀ ਉਲੰਘਣਾ ਕੀਤਾ ਅਤੇ ਉਸ ਨੂੰ ਗਲਤ ਢੰਗ ਨਾਲ ਛੂਹਿਆ।

ਉਸ ਦੀ ਇਹ ਪੋਸਟ ਵਾਇਰਲ ਹੋ ਗਈ, ਜਿਸ ਨਾਲ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਕਈ ਤਰ੍ਹਾਂ ਦੀਆਂ ਰਾਏ ਅਤੇ ਬਹਿਸਾਂ ਸ਼ੁਰੂ ਹੋ ਗਈਆਂ।

ਜਿੱਥੇ ਕਈਆਂ ਨੇ ਉਸ ਦਾ ਸਮਰਥਨ ਕੀਤਾ, ਉੱਥੇ ਹੀ ਕਈਆਂ ਨੇ ਉਸ ਦੀ ਪੋਸਟ 'ਤੇ ਇਤਰਾਜ਼ ਪ੍ਰਗਟਾਇਆ ਅਤੇ ਦੀਪਕ ਦਾ ਸਮਰਥਨ ਕੀਤਾ।

ਦੀਪਕ ਦੇ 22 ਸਾਲਾ ਦੋਸਤ ਅਤੇ ਮਾਰਕੀਟਿੰਗ ਐਗਜ਼ੀਕਿਊਟਿਵ, ਅਸਗਰ ਅਲੀ ਨੇ ਬੀਬੀਸੀ ਨੂੰ ਦੱਸਿਆ, "ਅਗਲੇ ਦਿਨ ਮੈਨੂੰ ਉਹ ਸੋਸ਼ਲ ਮੀਡੀਆ ਪੋਸਟ ਮਿਲੀ ਅਤੇ ਮੈਂ ਇਸਨੂੰ ਦੀਪਕ ਨਾਲ ਸਾਂਝਾ ਕੀਤਾ। ਦੀਪਕ ਇੰਨਾ ਚੰਗਾ ਵਿਅਕਤੀ ਸੀ ਕਿ ਉਹ ਕਦੇ ਵੀ ਕਿਸੇ ਨੂੰ, ਖਾਸ ਕਰਕੇ ਕਿਸੇ ਔਰਤ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚਦਾ ਵੀ ਨਹੀਂ ਸੀ।"

ਐੱਸਐੱਚਆਰਸੀ ਨੇ ਕੋਝੀਕੋਡ ਪੁਲਿਸ ਨੂੰ ਇੱਕ ਹਫ਼ਤੇ ਦੇ ਅੰਦਰ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।

'ਮਾਨਸਿਕ ਪਰੇਸ਼ਾਨੀ'

ਦੀਪਕ ਇੱਕ ਟੈਕਸਟਾਈਲ ਥੋਕ ਕੰਪਨੀ ਲਈ ਸੇਲਜ਼ ਪ੍ਰਤੀਨਿਧੀ ਵਜੋਂ ਕੰਮ ਕਰਦੇ ਸਨ ਅਤੇ ਕਥਿਤ ਘਟਨਾ ਦੇ ਸਮੇਂ ਕੋਜ਼ੀਕੋਡ ਵਾਪਸ ਆ ਰਹੇ ਸੀ।

ਸ਼ਨੀਵਾਰ ਨੂੰ ਉਨ੍ਹਾਂ ਦਾ 42ਵਾਂ ਜਨਮ ਦਿਨ ਸੀ। ਅਸਗਰ ਦੇ ਅਨੁਸਾਰ, ਦੀਪਕ ਨੇ ਉਸ ਨੂੰ ਦੱਸਿਆ ਕਿ "ਭੀੜ ਭਰੀ ਬੱਸ ਕਾਰਨ ਉਹ ਇਹ ਵੀ ਨਹੀਂ ਦੇਖ ਸਕਿਆ ਕਿ ਉਸਦੇ ਪਿੱਛੇ ਕੌਣ ਖੜ੍ਹਾ ਹੈ।"

ਉਨ੍ਹਾਂ ਨੇ ਐਤਵਾਰ ਨੂੰ ਇੱਕ ਵਕੀਲ ਨਾਲ ਮਿਲ ਕੇ ਕੰਨਟੈਂਟ ਕ੍ਰਿਏਟਰ ਵਿਰੁੱਧ ਕਾਰਵਾਈ ਸ਼ੁਰੂ ਕਰਨ ਬਾਰੇ ਗੱਲ ਕੀਤੀ ਸੀ।

ਦੀਪਕ ਦੇ ਚਚੇਰੇ ਭਰਾ ਜੀਜਿਲ ਵਿਜੇ ਨੇ ਕਿਹਾ, "ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਨ੍ਹਾਂ ਦੇ ਮਾਤਾ-ਪਿਤਾ ਬੋਲਣ ਦੀ ਸਥਿਤੀ ਵਿੱਚ ਨਹੀਂ ਹਨ। ਉਸ ਦੀ ਮਾਂ ਦੀ ਤਬੀਅਤ ਵੀ ਠੀਕ ਨਹੀਂ ਹੈ।"

ਇੱਕ ਹੋਰ ਰਿਸ਼ਤੇਦਾਰ ਨੇ ਕਿਹਾ ਕਿ ਜਦੋਂ ਪੁਲਿਸ ਅਧਿਕਾਰੀ ਉਨ੍ਹਾਂ ਦੇ ਘਰ ਉਨ੍ਹਾਂ ਦੇ ਬਿਆਨ ਦਰਜ ਕਰਨ ਲਈ ਪਹੁੰਚੇ ਤਾਂ ਦੀਪਕ ਦੇ ਮਾਪਿਆਂ ਦਾ ਰੋ-ਰੋ ਬੁਰਾ ਹਾਲ ਸੀ।

ਦੂਜੇ ਪਾਸੇ, ਮੁਸਤਫਾ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਬੰਦ ਕਰ ਦਿੱਤੇ ਹਨ ਅਤੇ ਜਾਂਚ ਦੇ ਹਿੱਸੇ ਵਜੋਂ ਉਨ੍ਹਾਂ ਦੇ ਬਿਆਨ ਦਰਜ ਕਰਨ ਲਈ ਪਹੁੰਚੀ ਪੁਲਿਸ ਟੀਮ ਨੂੰ ਉਪਲਬਧ ਨਹੀਂ ਹੋ ਸਕੀ।

ਬਾਅਦ ਵਿੱਚ, ਉਸਦੀ ਇੱਕ ਹੋਰ ਸੋਸ਼ਲ ਮੀਡੀਆ ਪੋਸਟ ਵਾਇਰਲ ਹੋ ਗਈ, ਜਿਸ ਵਿੱਚ ਉਸ ਨੇ ਅਸਲ ਵੀਡੀਓ ਪੋਸਟ ਕਰਨ ਦੇ ਆਪਣੇ ਫੈਸਲੇ ਨੂੰ ਜਾਇਜ਼ ਠਹਿਰਾਇਆ।

ਮੁਸਤਫ਼ਾ ਦਾ ਪੱਖ

ਹਾਲਾਂਕਿ, ਮੁਸਤਫਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਵੱਖਰੀ ਵੀਡੀਓ ਪੋਸਟ ਵਿੱਚ ਆਪਣਾ ਪੱਖ ਰੱਖਿਆ, ਜਿਸ ਵਿੱਚ ਕਿਹਾ ਗਿਆ ਕਿ ਉਸ ਨੇ ਇਹ ਵੀਡੀਓ "ਵਿਊਜ਼" ਲਈ ਨਹੀਂ ਸਗੋਂ ਇੱਕ ਗੰਭੀਰ ਸਮਾਜਿਕ ਅਤੇ ਮਨੋਵਿਗਿਆਨਕ ਮੁੱਦੇ ਨੂੰ ਉਜਾਗਰ ਕਰਨ ਲਈ ਬਣਾਈ ਹੈ।

ਭਾਰਤੀ ਯੂਨੀਅਨ ਮੁਸਲਿਮ ਲੀਗ (ਆਈਯੂਐੱਮਐੱਲ) ਤੋਂ ਕੋਜ਼ੀਕੋਡ ਜ਼ਿਲ੍ਹਾ ਪੰਚਾਇਤ ਦੀ ਸਾਬਕਾ ਮੈਂਬਰ ਮੁਸਤਫਾ ਨੇ ਕਿਹਾ, "ਕੱਲ੍ਹ, ਮੈਂ ਇੱਕ ਬੱਸ ਵਿੱਚ ਇੱਕ ਆਦਮੀ ਦਾ ਜਾਣਬੁੱਝ ਕੇ ਮੇਰੇ ਸਰੀਰ ਨੂੰ ਛੂਹਣ ਦਾ ਵੀਡੀਓ ਪੋਸਟ ਕੀਤਾ। ਇਹ ਨਾ ਤਾਂ ਕੋਈ ਹਾਦਸਾ ਸੀ ਅਤੇ ਨਾ ਹੀ ਕੋਈ ਗਲਤਫਹਿਮੀ ਸੀ। ਇਹ ਇੱਕ ਗੰਭੀਰ ਮਨੋਵਿਗਿਆਨਕ ਅਤੇ ਜਿਨਸੀ ਸੀਮਾ ਦਾ ਮੁੱਦਾ ਹੈ। ਕੀ ਕਿਸੇ ਨੂੰ ਬਿਨਾਂ ਇਜਾਜ਼ਤ ਦੇ ਕਿਸੇ ਦੇ ਸਰੀਰ ਨੂੰ ਛੂਹਣ ਦਾ ਅਧਿਕਾਰ ਹੈ?"

ਉਸਨੇ ਕਿਹਾ, "ਕੀ ਤੁਸੀਂ ਜਾਣਦੇ ਹੋ ਕਿ ਉਹ ਕੀ ਸੁਨੇਹਾ ਦੇ ਰਿਹਾ ਸੀ? ਉਸ ਕੋਲ ਆਪਣੇ ਵਿਵਹਾਰ ਨੂੰ ਕੰਟਰੋਲ ਕਰਨ ਦੀ ਸਮਰੱਥਾ ਨਹੀਂ ਹੈ। ਉਸ ਕੋਲ ਕਿਸੇ ਲਈ ਹਮਦਰਦੀ ਵੀ ਨਹੀਂ ਹੈ। ਸਭ ਤੋਂ ਵੱਧ, ਉਸਦਾ ਰਵੱਈਆ ਇਹ ਸੀ ਕਿ ਕੋਈ ਵੀ ਮੈਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਮੈਂ ਇਹ ਇਸ ਲਈ ਕਹਿ ਰਹੀ ਹਾਂ ਕਿਉਂਕਿ ਮੈਂ ਆਪਣੇ ਸਾਹਮਣੇ ਇੱਕ ਕੁੜੀ ਨੂੰ ਦੇਖਿਆ ਜੋ ਉਸ ਦੀਆਂ ਹਰਕਤਾਂ ਤੋਂ ਪਰੇਸ਼ਾਨ ਸੀ। ਉਦੋਂ ਹੀ ਮੈਂ ਆਪਣਾ ਕੈਮਰਾ ਖੋਲ੍ਹਿਆ ਅਤੇ ਉਸ ਦੀਆਂ ਹਰਕਤਾਂ ਨੂੰ ਰਿਕਾਰਡ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਮੈਨੂੰ ਵੀਡੀਓ ਬਣਾਉਂਦੇ ਦੇਖਿਆ ਅਤੇ ਕੁਝ ਸਮੇਂ ਲਈ ਰੁਕ ਗਿਆ।"

"ਪਰ ਮੈਂ ਉਸਨੂੰ ਉਹੀ ਹਰਕਤ ਦੁਬਾਰਾ ਦੁਹਰਾਉਂਦੇ ਦੇਖਿਆ। ਤਾਂ ਉਸਦੇ ਵਿਵਹਾਰ ਤੋਂ ਕੀ ਸਿੱਟਾ ਕੱਢਣਾ ਚਾਹੀਦਾ ਹੈ? ਉਸਦਾ ਸੰਦੇਸ਼ ਇਹ ਸੀ ਕਿ ਉਸ ਨੂੰ ਵੀਡੀਓ ਬਣਾਏ ਜਾਣ ਦੀ ਕੋਈ ਪਰਵਾਹ ਨਹੀਂ ਹੈ ਅਤੇ ਉਹ ਇਸਨੂੰ ਜਾਰੀ ਰੱਖੇਗਾ। ਇਸਦਾ ਮਤਲਬ ਹੈ ਕਿ ਉਸਦੇ ਵਿਵਹਾਰ ਵਿੱਚ ਇੱਕ ਗੰਭੀਰ ਸਮੱਸਿਆ ਹੈ। ਮਨੋਵਿਗਿਆਨ ਕਹਿੰਦਾ ਹੈ ਕਿ ਚੁਣੌਤੀ ਰਹਿਤ ਵਿਵਹਾਰ ਵਾਰ-ਵਾਰ ਦੁਹਰਾਏ ਜਾਂਦੇ ਹਨ। ਸਾਨੂੰ ਕੀ ਕਰਨਾ ਚਾਹੀਦਾ ਸੀ?"

"ਜਦੋਂ ਮੈਂ ਕੱਲ੍ਹ ਵੀਡੀਓ ਬਣਾਇਆ ਸੀ, ਤਾਂ ਮੇਰਾ ਇਰਾਦਾ ਇਸਨੂੰ ਵੱਧ ਤੋਂ ਵੱਧ ਲੋਕਾਂ ਨਾਲ ਸਾਂਝਾ ਕਰਨਾ ਸੀ। ਸਮਾਜ ਨੂੰ ਉਸ ਤੋਂ ਸਵਾਲ ਕਰਨਾ ਚਾਹੀਦਾ ਹੈ। ਉਸਦੇ ਪਰਿਵਾਰ ਅਤੇ ਉਸਦੇ ਆਲੇ ਦੁਆਲੇ ਦੇ ਲੋਕਾਂ ਨੂੰ ਇਹ ਵੀਡੀਓ ਦੇਖਣਾ ਚਾਹੀਦਾ ਹੈ। ਇੱਕ ਵਿਅਕਤੀ ਜਿਸਨੂੰ ਉਸ ਦੀਆਂ ਹਰਕਤਾਂ ਦੀ ਪਰਵਾਹ ਨਹੀਂ ਹੈ, ਉਸ ਨੂੰ ਆਪਣੇ ਪਰਿਵਾਰ ਅਤੇ ਸਮਾਜ ਨੂੰ ਆਪਣੀ ਨੈਤਿਕਤਾ ਦਿਖਾਉਣੀ ਚਾਹੀਦੀ ਹੈ। ਉਹ ਉਦੋਂ ਹੀ ਬਦਲੇਗਾ ਜਦੋਂ ਉਸਨੂੰ ਅਹਿਸਾਸ ਹੋਵੇਗਾ ਕਿ ਉਸਦੇ ਵਿਵਹਾਰ ਬਾਰੇ ਉਸਦੇ ਪਰਿਵਾਰ ਅਤੇ ਸਮਾਜ ਨੂੰ ਪਤਾ ਲੱਗ ਗਿਆ ਹੈ। ਇਹੀ ਮੈਂ ਦੱਸਣਾ ਚਾਹੁੰਦੀ ਸੀ।"

ਮੁਸਤਫਾ ਨੇ ਕਿਹਾ, "ਜੇਕਰ ਸਮਾਜ ਇਸ ਮੁੱਦੇ ਨੂੰ ਆਮ ਮੰਨ ਲੈਂਦਾ ਹੈ ਤਾਂ ਵਿਅਕਤੀ ਕਦੇ ਵੀ ਆਪਣਾ ਵਿਵਹਾਰ ਨਹੀਂ ਬਦਲੇਗਾ। ਫਿਰ ਪੀੜਤ ਨੂੰ ਸਿਰਫ਼ ਨਿਸ਼ਾਨਾ ਬਣਾਇਆ ਜਾਵੇਗਾ ਅਤੇ ਉਹ ਆਪਣੀਆਂ ਕਾਰਵਾਈਆਂ ਦੁਹਰਾਉਂਦਾ ਰਹੇਗਾ। ਇਹ ਨਾ ਤਾਂ ਕੋਈ ਮਜ਼ਾਕ ਹੈ ਅਤੇ ਨਾ ਹੀ ਧਿਆਨ ਖਿੱਚਣ ਦੀ ਕੋਸ਼ਿਸ਼ ਹੈ। ਇਹ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ। ਅਜਿਹੇ ਲੋਕਾਂ ਦੇ ਵਿਵਹਾਰ ਨੂੰ ਸੁਧਾਰਨਾ ਮਹੱਤਵਪੂਰਨ ਹੈ। ਇਸ ਵੀਡੀਓ 'ਤੇ ਪ੍ਰਤੀਕਿਰਿਆਵਾਂ ਤੋਂ ਅੰਦਾਜ਼ਾ ਲਗਾਉਂਦੇ ਹੋਏ ਇਹ ਲੱਗਦਾ ਹੈ ਕਿ ਉਸ ਵਿਅਕਤੀ ਤੋਂ ਜ਼ਿਆਦਾ ਸਮਾਜ ਨੂੰ ਕਾਉਂਸਲਿੰਗ ਦੀ ਲੋੜ ਹੈ।"

ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆ

ਡਾ. ਜੇਸਨ ਫਿਲਿਪ ਨੇ ਐਕਸ 'ਤੇ ਆਪਣੀ ਪੋਸਟ ਵਿੱਚ ਲਿਖਿਆ, "ਇਹ ਵਿਗੜੀ ਹੋਈ ਮਾਨਸਿਕਤਾ ਵਾਲੇ ਲੋਕਾਂ ਦੀ ਇੱਕ ਲੰਬੇ ਸਮੇਂ ਤੋਂ ਚੱਲੀ ਆ ਰਹੀ ਅਤੇ ਅਕਸਰ ਦੁਹਰਾਈ ਜਾਣ ਵਾਲੀ ਆਦਤ ਹੈ। ਇੱਕ ਕਿਸ਼ੋਰ ਅਵਸਥਾ ਵਿੱਚ ਵੀ ਮੇਰੇ ਸਹਿਪਾਠੀ ਵੀ ਇਹ ਦਿਖਾਇਆ ਕਰਦੇ ਸੀ। ਇਹ ਬਹੁਤ ਭਿਆਨਕ ਹੈ ਕਿ ਇਹ ਸੜਕ 'ਤੇ ਜਾਂ ਜਨਤਕ ਆਵਾਜਾਈ ਵਿੱਚ ਇਹ ਕਿਵੇਂ ਕੀਤਾ ਜਾ ਸਕਦਾ ਹੈ।"

ਉਨ੍ਹਾਂ ਨੇ ਲਿਖਿਆ, "ਪੁਰਸ਼ ਅਧਿਕਾਰ ਕਾਰਕੁਨ ਸੋਸ਼ਲ ਮੀਡੀਆ 'ਤੇ ਔਰਤ 'ਤੇ ਹਮਲਾ ਕਰ ਰਹੇ ਹਨ, ਪਰ ਜਿਸ ਔਰਤ ਨੇ ਇਸ ਨੂੰ ਜਿਨਸੀ ਸ਼ੋਸ਼ਣ ਮੰਨਿਆ, ਉਸਨੂੰ ਇਸਨੂੰ ਰਿਕਾਰਡ ਕਰਨ ਦਾ ਪੂਰਾ ਅਧਿਕਾਰ ਸੀ। ਮੈਂ ਆਦਮੀ ਦੀ ਮੌਤ ਤੋਂ ਦੁਖੀ ਹਾਂ, ਪਰ ਇਹ ਸਾਬਤ ਨਹੀਂ ਕਰਦਾ ਕਿ ਉਹ ਦੋਸ਼ੀ ਨਹੀਂ ਸੀ। ਭਾਰਤ ਵਿੱਚ ਇੱਕ ਵੀ ਬਾਲਗ ਔਰਤ ਨਹੀਂ ਹੈ, ਭਾਵੇਂ ਉਹ ਅਮੀਰ ਹੋਵੇ ਜਾਂ ਗਰੀਬ, ਜਿਸਨੇ ਕਿਸੇ ਕਿਸਮ ਦੇ ਜਿਨਸੀ ਸ਼ੋਸ਼ਣ ਦਾ ਅਨੁਭਵ ਨਾ ਕੀਤਾ ਹੋਵੇ। ਭਾਰਤ ਨੂੰ ਦੁਨੀਆ ਦੀ 'ਰੇਪ ਕੈਪੀਟਲ' ਐਦਾ ਹੀ ਨਹੀਂ ਕਿਹਾ ਜਾਂਦਾ।"

ਡਾ. ਫਿਲਿਪ ਉਸੇ ਪਲੇਟਫਾਰਮ 'ਤੇ ਸੂਰਜ ਕੁਮਾਰ ਬੌਧ ਦੁਆਰਾ ਇੱਕ ਪੋਸਟ ਦਾ ਜਵਾਬ ਦੇ ਰਹੇ ਸਨ, ਜਿਸ ਵਿੱਚ ਕਿਹਾ ਗਿਆ ਸੀ ਕਿ "ਇੱਕ ਸੋਸ਼ਲ ਮੀਡੀਆ ਟ੍ਰਾਇਲ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ।"

ਬੌਧ ਨੇ ਕਿਹਾ, "ਵੀਡੀਓ ਵਿੱਚ ਅਜਿਹਾ ਜਾਪਦਾ ਹੈ ਕਿ ਔਰਤ ਖੁਦ ਉਸ ਕੋਲ ਜਾ ਕੇ ਕਲਿੱਪ ਰਿਕਾਰਡ ਕਰਦੀ ਹੈ, ਅਤੇ ਬਾਅਦ ਵਿੱਚ ਘਟਨਾ ਨੂੰ ਵਧਾ-ਚੜ੍ਹਾ ਕੇ ਦੱਸਦੀ ਹੈ ਕਿ ਇਹ ਜਿਨਸੀ ਹਮਲਾ ਸੀ। ਵੀਡੀਓ ਵਿੱਚ ਆਦਮੀ ਆਪਣੇ ਦੂਜੇ ਹੱਥ ਵਿੱਚ ਇੱਕ ਬੈਗ ਫੜਿਆ ਹੋਇਆ ਦਿਖਾਈ ਦੇ ਰਿਹਾ ਹੈ, ਜੋ ਸੁਝਾਅ ਦਿੰਦਾ ਹੈ ਕਿ ਸੰਪਰਕ ਅਚਾਨਕ ਹੋਇਆ ਸੀ। ਮੈਂ ਇਸ ਮਾਮਲੇ ਦੀ ਪੂਰੀ ਜਾਂਚ ਦੀ ਮੰਗ ਕਰਦਾ ਹਾਂ।"

ਉਸਨੇ ਕਿਹਾ, "ਦੀਪਕ ਆਪਣੇ ਬੱਚਿਆਂ ਅਤੇ ਪਰਿਵਾਰ ਦੇ ਸਾਹਮਣੇ ਜਨਤਕ ਅਪਮਾਨ ਅਤੇ ਚਰਿੱਤਰ ਹਨਨ ਬਰਦਾਸ਼ਤ ਨਹੀਂ ਕਰ ਸਕੇ। ਸੱਚਾਈ ਸਾਹਮਣੇ ਆਉਣ ਤੋਂ ਪਹਿਲਾਂ ਸੋਸ਼ਲ ਮੀਡੀਆ ਟ੍ਰਾਇਲ ਜ਼ਿੰਦਗੀਆਂ ਬਰਬਾਦ ਕਰ ਸਕਦਾ ਹੈ। ਇਹ ਬਹੁਤ ਦਰਦਨਾਕ ਹੈ।"

ਦੋਸਤ ਦੀਪਕ ਦੇ ਨਾਲ ਖੜ੍ਹੇ

ਪ੍ਰਸਾਦ ਵੀ. ਉਸ ਟੈਕਸਟਾਈਲ ਕਾਰੋਬਾਰੀ ਕੰਪਨੀ ਦੇ ਮਾਲਕ ਹਨ, ਜਿੱਥੇ ਦੀਪਕ ਕੰਮ ਕਰਦਾ ਸੀ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਉਸਦਾ ਵਿਵਹਾਰ ਬਿਲਕੁਲ ਬੇਦਾਗ਼ ਸੀ। ਸਾਡੇ ਸਾਰੇ ਡੀਲਰ ਹੈਰਾਨ ਹਨ ਕਿ ਇਹ ਉਸਦੇ ਨਾਲ ਕਿਵੇਂ ਹੋ ਸਕਦਾ ਹੈ।"

ਉਸ ਨੇ ਕਿਹਾ, "ਜਦੋਂ ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਮੈਂ ਪੋਸਟ ਬਾਰੇ ਕੀ ਸੋਚਦਾ ਹਾਂ, ਤਾਂ ਮੈਂ ਉਨ੍ਹਾਂ ਨੂੰ ਚਿੰਤਾ ਨਾ ਕਰਨ ਲਈ ਕਿਹਾ। ਮੈਂ ਉਨ੍ਹਾਂ ਨੂੰ ਇਹ ਵੀ ਦਿਖਾਇਆ ਕਿ ਉਸਦੇ ਹੱਕ ਵਿੱਚ ਕਿੰਨੀਆਂ ਟਿੱਪਣੀਆਂ ਸਨ।"

ਪੁਲਿਸ ਨੇ ਦੀਪਕ ਦੀ ਮਾਂ ਦੀ ਸ਼ਿਕਾਇਤ ਅਤੇ ਐੱਸਐੱਚਆਰਸੀ ਦੇ ਨਿਰਦੇਸ਼ਾਂ ਦੇ ਆਧਾਰ 'ਤੇ ਐੱਫਆਈਆਰ ਦਰਜ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)