ਰੌਕ ਗਾਰਡਨ: ਕਿਵੇਂ ਨੇਕ ਚੰਦ ਦਾ ਚੋਰੀ-ਛਿਪੇ ਇਕੱਠਾ ਕੀਤਾ ਗਿਆ ਕੂੜਾ ਬਣ ਗਿਆ 'ਚੰਡੀਗੜ੍ਹ ਦੀ ਸ਼ਾਨ', ਪਰ ਪ੍ਰਸ਼ਾਸਨ ਲਈ ਇਹ ਗ਼ੈਰਕਾਨੂੰਨੀ ਕਿਉਂ ਸੀ

    • ਲੇਖਕ, ਰੇਹਾਨ ਫ਼ਜ਼ਲ
    • ਰੋਲ, ਬੀਬੀਸੀ ਸਹਿਯੋਗੀ

ਜੇ ਤੁਸੀਂ ਚੰਡੀਗੜ੍ਹ ਜਾਓ ਤਾਂ ਤੁਹਾਨੂੰ 25 ਏਕੜ ਵਿੱਚ ਫੈਲੇ ਰੌਕ ਗਾਰਡਨ ਦੇਖਣ ਦੀ ਸਲਾਹ ਜ਼ਰੂਰ ਮਿਲੇਗੀ।

ਇਹ ਬਾਗ ਉਦਯੋਗਿਕ ਅਤੇ ਘਰੇਲੂ ਕਚਰੇ, ਜਿਵੇਂ ਟੁੱਟੀਆਂ ਹੋਈਆਂ ਚੂੜੀਆਂ, ਟਾਈਲਾਂ ਅਤੇ ਚੀਨੀ ਮਿੱਟੀ ਦੇ ਭਾਂਡਿਆਂ ਤੋਂ ਬਣੀਆਂ ਕਲਾਕ੍ਰਿਤੀਆਂ ਲਈ ਮਸ਼ਹੂਰ ਹੈ।

ਇਸ ਬਾਗ ਦਾ ਸਰਕਾਰੀ ਤੌਰ 'ਤੇ ਉਦਘਾਟਨ ਸਾਲ 1976 ਵਿੱਚ ਕੀਤਾ ਗਿਆ ਸੀ, ਪਰ ਉੱਥੇ ਕਿਤੇ ਵੀ ਇਹ ਦਰਜ ਨਹੀਂ ਹੈ ਕਿ ਇਸ ਦੀ ਸ਼ੁਰੂਆਤ ਕਦੋਂ ਹੋਈ ਸੀ।

ਦੇਖ ਕੇ ਯਕੀਨ ਕਰਨਾ ਮੁਸ਼ਕਲ ਹੁੰਦਾ ਹੈ ਕਿ ਇੱਕ ਇਕੱਲੇ ਇਨਸਾਨ ਨੇ ਬਿਨ੍ਹਾਂ ਕਿਸੇ ਲਾਲਚ ਦੇ, ਸਾਲਾਂ ਦੀ ਅਣਥੱਕ ਮਿਹਨਤ ਸਦਕਾ ਇਸ ਨੂੰ ਸਭ ਦੀਆਂ ਨਜ਼ਰਾਂ ਤੋਂ ਲੁਕਾ ਕੇ ਤਿਆਰ ਕਿਵੇਂ ਕੀਤਾ।

ਚੰਡੀਗੜ੍ਹ ਆਧੁਨਿਕ ਭਾਰਤ ਦਾ ਪਹਿਲਾ ਯੋਜਨਾਬੱਧ ਸ਼ਹਿਰ ਸੀ, ਜਿਸ ਨੂੰ ਬਣਾਉਣ ਦਾ ਵਿਚਾਰ ਸਭ ਤੋਂ ਪਹਿਲਾਂ 1948 ਵਿੱਚ ਆਇਆ ਸੀ।

ਆਜ਼ਾਦੀ ਤੋਂ ਬਾਅਦ ਜਦੋਂ ਲਾਹੌਰ ਪਾਕਿਸਤਾਨ ਦੇ ਹਿੱਸੇ ਵਿੱਚ ਚਲਾ ਗਿਆ ਤਾਂ ਇਹ ਫ਼ੈਸਲਾ ਕੀਤਾ ਗਿਆ ਕਿ ਚੰਡੀਗੜ੍ਹ ਵਿੱਚ ਪੰਜਾਬ ਦੀ ਨਵੀਂ ਰਾਜਧਾਨੀ ਬਣਾਈ ਜਾਵੇਗੀ।

ਨਿਰਮਾਣ ਕਚਰੇ ਦੇ ਢੇਰ ਲੱਗੇ

1950 ਅਤੇ 1960 ਦੇ ਦਹਾਕਿਆਂ ਵਿਚਕਾਰ ਚੰਡੀਗੜ੍ਹ ਨੂੰ ਇੱਕ ਵੱਡੀ ਨਿਰਮਾਣ ਪ੍ਰਕਿਰਿਆ ਵਿੱਚੋਂ ਲੰਘਣਾ ਪਿਆ, ਜਿਸ ਕਾਰਨ ਉੱਥੇ ਵੱਡੀ ਮਾਤਰਾ ਵਿੱਚ ਨਿਰਮਾਣ ਕਚਰਾ ਇਕੱਠਾ ਹੋ ਗਿਆ। ਇਸ ਨਿਰਮਾਣ ਪ੍ਰਕਿਰਿਆ ਨੇ ਨਾ ਸਿਰਫ਼ ਇਲਾਕੇ ਦਾ ਭੂਗੋਲ ਬਦਲਿਆ, ਸਗੋਂ ਇਸ ਨਾਲ ਵਿਸਥਾਪਨ, ਸ਼ਹਿਰੀ ਵਿਕਾਸ, ਤਬਾਹੀ, ਪੂੰਜੀ, ਬਾਜ਼ਾਰਾਂ ਅਤੇ ਆਬਾਦੀ ਦੇ ਮੁੱਦਿਆਂ ਦਾ ਵੀ ਜਨਮ ਹੋਇਆ।

ਮੀਤਾ ਰਾਜੀਵ ਲੋਚਨ, ਕਵਿਤਾ ਸ਼ਰਮਾ ਅਤੇ ਚਿਤਲੀਨ ਸੇਠੀ ਆਪਣੀ ਕਿਤਾਬ 'ਚੰਡੀਗੜ੍ਹ ਲਾਈਫਸਕੇਪ, ਬ੍ਰੀਫ਼ ਸੋਸ਼ਲ ਹਿਸਟਰੀ ਆਫ਼ ਏ ਪਲਾਨਡ ਸਿਟੀ' ਵਿੱਚ ਲਿਖਦੇ ਹਨ, "ਚੰਡੀਗੜ੍ਹ ਨੂੰ ਬਣਾਉਣ ਲਈ 28 ਹਜ਼ਾਰ ਏਕੜ ਜ਼ਮੀਨ ਐਕੁਆਇਰ ਕੀਤੀ ਗਈ, 58 ਪਿੰਡਾਂ ਦੇ ਕਰੀਬ 21 ਹਜ਼ਾਰ ਲੋਕਾਂ ਦਾ ਵਿਸਥਾਪਨ ਹੋਇਆ, ਭਾਰਤ ਸਰਕਾਰ ਨੇ 1952 ਵਿੱਚ 'ਪੰਜਾਬ ਰਾਜਧਾਨੀ ਐਕਟ' ਪਾਸ ਕਰਕੇ ਇਸ ਦਾ ਪੂਰਾ ਨਿਰਮਾਣ ਕਾਰਜ ਆਪਣੇ ਹੱਥਾਂ ਵਿੱਚ ਲੈ ਲਿਆ।"

ਸਰਕਾਰ ਦੇ ਇਸ ਫ਼ੈਸਲੇ ਦਾ ਸਥਾਨਕ ਪੱਧਰ 'ਤੇ ਵਿਆਪਕ ਵਿਰੋਧ ਵੀ ਹੋਇਆ ਅਤੇ ਇੱਕ ਰਾਜਧਾਨੀ ਵਿਰੋਧੀ ਕਮੇਟੀ ਵੀ ਬਣਾਈ ਗਈ। ਇਸ ਕਮੇਟੀ ਵਿੱਚ ਗਾਂਧੀਵਾਦੀ, ਸਮਾਜਵਾਦੀ, ਕਮਿਊਨਿਸਟ, ਅਕਾਲੀ ਅਤੇ ਇੱਥੋਂ ਤੱਕ ਕਿ ਕਾਂਗਰਸੀ ਵੀ ਸ਼ਾਮਲ ਸਨ।

ਸਰਕਾਰ ਨੇ ਕਈ ਵਾਰ ਪੁਲਿਸ ਬਲ, ਗ੍ਰਿਫ਼ਤਾਰੀਆਂ ਅਤੇ ਅਦਾਲਤੀ ਮੁਕੱਦਮਿਆਂ ਦਾ ਸਹਾਰਾ ਲਿਆ। ਇਹ ਵਿਰੋਧ ਉਦੋਂ ਸ਼ਾਂਤ ਹੋਇਆ ਜਦੋਂ ਵਿਸਥਾਪਿਤ ਲੋਕਾਂ ਨੂੰ ਰਹਿਣ ਲਈ ਬਦਲੇ 'ਚ ਥਾਵਾਂ ਦੇ ਦਿੱਤੀਆਂ ਗਈਆਂ।

ਨੇਕ ਚੰਦ ਸੈਣੀ ਦੀ ਕਹਾਣੀ

ਨੇਕ ਚੰਦ ਸੈਣੀ ਦਾ ਜਨਮ 1924 ਵਿੱਚ ਲਾਹੌਰ ਤੋਂ 90 ਕਿਲੋਮੀਟਰ ਦੂਰ ਪਿੰਡ ਬੇਰੀਆਂ ਕਲਾਂ ਵਿੱਚ ਹੋਇਆ ਸੀ। ਵੰਡ ਤੋਂ ਬਾਅਦ ਉਹ ਆਪਣੇ ਪਰਿਵਾਰ ਸਮੇਤ ਭਾਰਤ ਆ ਗਏ। ਪਹਿਲਾਂ ਉਹ ਜੰਮੂ ਵਿੱਚ ਰਹੇ ਅਤੇ ਫਿਰ ਗੁਰਦਾਸਪੁਰ, ਕਰਨਾਲ, ਪਾਣੀਪਤ ਅਤੇ ਫ਼ਰੀਦਾਬਾਦ ਵਰਗੇ ਕਈ ਸ਼ਹਿਰਾਂ ਨੂੰ ਆਪਣਾ ਘਰ ਬਣਾਇਆ।

ਆਖ਼ਰਕਾਰ ਉਹ ਚੰਡੀਗੜ੍ਹ ਵਿੱਚ ਆ ਵਸੇ। ਮਾਲੀ ਜਾਤੀ ਨਾਲ ਸਬੰਧਤ ਸੈਣੀ ਦਾ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਬਾਗਬਾਨੀ ਅਤੇ ਫੁੱਲਾਂ, ਫਲਾਂ ਅਤੇ ਸਬਜ਼ੀਆਂ ਦੀ ਖੇਤੀ ਅਤੇ ਵਿਕਰੀ ਕਰਕੇ ਰੋਜ਼ੀ-ਰੋਟੀ ਚਲਾਉਂਦਾ ਆ ਰਿਹਾ ਸੀ।

ਜਾਤੀ ਪ੍ਰਥਾ ਦੇ ਖ਼ਿਲਾਫ਼ ਕੰਮ ਕਰਨ ਵਾਲੇ ਜੋਤਿਬਾ ਫੁਲੇ ਵੀ ਮਾਲੀ ਜਾਤੀ ਨਾਲ ਹੀ ਸਬੰਧਤ ਸਨ। ਵਿਲੀਅਮ ਕਰੁਕ ਆਪਣੀ ਕਿਤਾਬ 'ਦ ਟ੍ਰਾਈਬਜ਼ ਐਂਡ ਕਾਸਟਸ ਆਫ਼ ਨੌਰਥ-ਵੈਸਟਰਨ ਪ੍ਰੋਵਿਨਸਿਜ਼ ਐਂਡ ਅਵਧ' ਵਿੱਚ ਲਿਖਦੇ ਹਨ, "ਉੱਤਰੀ ਖੇਤਰ ਦੀਆਂ ਲੋਕਕਥਾਵਾਂ ਵਿੱਚ ਮਾਲੀਆਂ ਦਾ ਅਕਸਰ ਜ਼ਿਕਰ ਆਉਂਦਾ ਹੈ। ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੇ 'ਸੈਣੀ' ਉਪਨਾਮ ਅਪਣਾਇਆ ਹੈ।"

"ਸੈਣੀ ਸ਼ਬਦ ਦੀ ਉਤਪੱਤੀ 'ਰਾਸੈਨੀ' ਸ਼ਬਦ ਤੋਂ ਹੋਈ ਹੈ, ਜਿਸਦਾ ਸ਼ਾਬਦਿਕ ਅਰਥ ਹੈ - ਚਤੁਰਾਈ ਅਤੇ ਹੁਨਰ। ਸਮੇਂ ਦੇ ਨਾਲ ਪਹਿਲਾ ਅੱਖਰ 'ਰਾ' ਕਿਤੇ ਗੁਆਚ ਗਿਆ ਅਤੇ ਸਿਰਫ਼ 'ਸੈਣੀ' ਰਹਿ ਗਿਆ। ਬਾਅਦ ਵਿੱਚ ਮੰਡਲ ਕਮਿਸ਼ਨ ਨੇ ਸੈਣੀ ਜਾਤੀ ਨੂੰ ਹੋਰ ਪਿੱਛੜੀਆਂ ਜਾਤੀਆਂ (ਓਬੀਸੀ) ਵਿੱਚ ਸ਼ਾਮਲ ਕਰ ਲਿਆ।"

ਨਿਰਮਾਣ ਕਾਰਜ ਤੋਂ ਪੈਦਾ ਹੋਏ ਕੂੜੇ ਦੀ ਵਰਤੋਂ

ਨੇਕ ਚੰਦ ਨੂੰ 1951 ਵਿੱਚ ਸਰਕਾਰੀ ਨੌਕਰੀ ਮਿਲੀ ਅਤੇ ਉਹ ਪੀਡਬਲਯੂਡੀ ਵਿੱਚ ਸੜਕ ਇੰਸਪੈਕਟਰ ਦੇ ਅਹੁਦੇ 'ਤੇ ਕੰਮ ਕਰਨ ਲੱਗੇ। ਇਹ ਉਹ ਸਮਾਂ ਸੀ ਜਦੋਂ ਚੰਡੀਗੜ੍ਹ ਨੂੰ ਪੰਜਾਬ ਦੀ ਨਵੀਂ ਰਾਜਧਾਨੀ ਬਣਾਉਣ ਬਾਰੇ ਵਿਚਾਰ-ਵਟਾਂਦਰਾ ਸ਼ੁਰੂ ਹੋ ਚੁੱਕਾ ਸੀ।

ਜਵਾਹਰਲਾਲ ਨਹਿਰੂ ਦੀ ਪਹਿਲ 'ਤੇ ਚੰਡੀਗੜ੍ਹ ਕੈਪੀਟਲ ਪ੍ਰੋਜੈਕਟ ਦੀ ਸ਼ੁਰੂਆਤ ਹੋ ਚੁੱਕੀ ਸੀ ਅਤੇ ਫ਼ਰਾਂਸੀਸੀ ਆਰਕੀਟੈਕਟ ਲੇ ਕਾਰਬੂਜ਼ਿਏ ਆਪਣੀ ਪੂਰੀ ਟੀਮ ਸਣੇ ਉੱਥੇ ਪਹੁੰਚ ਚੁੱਕੇ ਸਨ। ਨੇਕ ਚੰਦ ਨੇ ਸਾਲਾਂ ਤੱਕ ਸ਼ਿਵਾਲਿਕ ਪਹਾੜੀਆਂ ਦੀ ਤਲਹਟੀ ਵਿੱਚ ਆਪਣੀ ਸਾਈਕਲ 'ਤੇ ਘੁੰਮ-ਘੁੰਮ ਕੇ ਹਜ਼ਾਰਾਂ ਪੱਥਰ ਅਤੇ ਚੱਟਾਨਾਂ ਇਕੱਠੀਆਂ ਕੀਤੀਆਂ, ਜੋ ਦੇਖਣ ਵਿੱਚ ਪੰਛੀਆਂ, ਜਾਨਵਰਾਂ ਅਤੇ ਮਨੁੱਖਾਂ ਨਾਲ ਮਿਲਦੀਆਂ ਸਨ।

ਮੁਕੁਲ ਸ਼ਰਮਾ ਆਪਣੀ ਕਿਤਾਬ 'ਦਲਿਤ ਇਕੋਲੋਜੀਜ਼: ਕਾਸਟ ਐਂਡ ਇਨਵਾਇਰਨਮੈਂਟ ਜਸਟਿਸ' ਵਿੱਚ ਲਿਖਦੇ ਹਨ, "ਨੇਕ ਚੰਦ ਨੇ ਸਾਲਾਂ ਤੱਕ ਚੰਡੀਗੜ੍ਹ ਦੇ ਆਲੇ-ਦੁਆਲੇ ਉਦਯੋਗਿਕ, ਸ਼ਹਿਰੀ ਅਤੇ ਘਰੇਲੂ ਕਚਰਾ ਇਕੱਠਾ ਕੀਤਾ। ਚੰਡੀਗੜ੍ਹ ਵਿੱਚ ਉਨ੍ਹੀਂ ਦਿਨੀਂ ਵਿਆਪਕ ਨਿਰਮਾਣ ਕਾਰਜ ਚੱਲ ਰਿਹਾ ਸੀ। ਉਨ੍ਹਾਂ ਨੇ ਜੰਗਲ 'ਚ ਚੀਨੀ ਮਿੱਟੀ ਦੇ ਟੁੱਟੇ ਭਾਂਡੇ, ਟਾਈਲਾਂ, ਪੱਥਰਾਂ, ਚੱਟਾਨਾਂ, ਟੁੱਟਿਆ ਕੱਚ ਅਤੇ ਲੋਹੇ ਦੀਆਂ ਸੋਟੀਆਂ ਇਕੱਠੀਆਂ ਕਰਨੀ ਸ਼ੁਰੂ ਕਰ ਦਿੱਤੀਆਂ।''

''ਹੌਲੀ-ਹੌਲੀ ਇਹ ਮਨੁੱਖੀ ਇਤਿਹਾਸ ਦੀ ਕਹਾਣੀ ਦੱਸਣ ਵਾਲਾ ਇੱਕ ਬਹੁਤ ਵੱਡਾ ਪ੍ਰਤੀਕ ਬਣ ਗਿਆ। ਅੱਜ ਨੇਕ ਚੰਦ ਦੀ ਇਸ ਕਲਾ ਨੂੰ ਵੇਖਣ ਲਈ ਹਰ ਰੋਜ਼ ਕਰੀਬ ਪੰਜ ਹਜ਼ਾਰ ਲੋਕ ਆਉਂਦੇ ਹਨ। ਮੈਂ ਰੌਕ ਗਾਰਡਨ ਨੂੰ ਦਲਿਤ-ਬਹੁਜਨ 'ਐਂਥਰੋਪੋਸੀਨ' ਦੀ ਇੱਕ ਉਦਾਹਰਣ ਵਜੋਂ ਵੇਖਦਾ ਹਾਂ।"

ਗੁਪਤ ਬਾਗ ਦੀ ਰਚਨਾ

1958 ਦੇ ਲਾਗੇ ਨੇਕ ਚੰਦ ਨੇ ਨਿਰਮਾਣ ਸਥਾਨਾਂ ਤੋਂ ਚੁੱਕੇ ਗਏ ਕੂੜੇ-ਕਰਕਟ ਨੂੰ ਸੋਹਣੀਆਂ ਚੀਜ਼ਾਂ ਵਿੱਚ ਬਦਲਣਾ ਸ਼ੁਰੂ ਕਰ ਦਿੱਤਾ। ਦਿਨ ਵਿੱਚ ਉਹ ਸੜਕ ਇੰਸਪੈਕਟਰ ਵਜੋਂ ਕੰਮ ਕਰਦੇ, ਪਰ ਆਪਣੇ ਖਾਲੀ ਸਮੇਂ ਵਿੱਚ ਉਹ ਇੱਕ ਗੁਪਤ ਬਾਗ ਬਣਾਉਣ ਦੀ ਆਪਣੀ ਮੁਹਿੰਮ ਵਿੱਚ ਜੁਟੇ ਰਹਿੰਦੇ।

ਟੁੱਟੀਆਂ ਬਾਥਰੂਮ ਫਿਟਿੰਗਾਂ, ਬਿਜਲੀ ਦੇ ਪਲੱਗਾਂ ਦੇ ਸਾਂਚੇ, ਬੋਤਲਾਂ, ਚੂੜੀਆਂ, ਖਾਣਾ ਬਣਾਉਣ ਦੇ ਬਰਤਨ ਅਤੇ ਜੋ ਕੁਝ ਵੀ ਉਨ੍ਹਾਂ ਨੂੰ ਮਿਲਿਆ, ਉਸ ਨਾਲ ਉਨ੍ਹਾਂ ਨੇ ਅਦਭੁੱਤ ਮੂਰਤੀਆਂ ਬਣਾਈਆਂ ਅਤੇ ਉਨ੍ਹਾਂ ਨੂੰ ਬਾਗ ਵਿੱਚ ਸਜਾਇਆ। ਉਨ੍ਹਾਂ ਨੇ ਚੰਡੀਗੜ੍ਹ ਵਿੱਚ ਜੰਗਲ ਦਾ ਇੱਕ ਮੈਦਾਨ ਲੱਭਿਆ ਅਤੇ ਉੱਥੇ ਨਿਰਮਾਣ ਕਚਰੇ ਨਾਲ ਰਾਜਾ-ਰਾਣੀਆਂ, ਭਿਖਾਰੀਆਂ, ਸਕੂਲੀ ਬੱਚਿਆਂ, ਬਾਂਦਰਾਂ, ਹਾਥੀਆਂ ਅਤੇ ਊਠਾਂ ਦੀਆਂ ਮੂਰਤੀਆਂ ਬਣਾਉਣਾ ਸ਼ੁਰੂ ਕਰ ਦਿੱਤਾ।

15 ਸਾਲ ਤੋਂ ਵੀ ਵੱਧ ਸਮੇਂ ਵਿੱਚ ਨੇਕ ਚੰਦ ਦਾ ਇਹ ਗੁਪਤ ਪ੍ਰੋਜੈਕਟ ਅਸਾਧਾਰਣ ਮੂਰਤੀਆਂ, ਘੁੰਮਾਦਾਰ ਰਸਤਿਆਂ ਅਤੇ ਝਰਨਿਆਂ ਨਾਲ ਭਰੇ ਇੱਕ ਸੁੰਦਰ ਬਾਗ ਵਿੱਚ ਤਬਦੀਲ ਹੋ ਗਿਆ। ਨੇਕ ਚੰਦ ਨੇ ਆਪਣੀਆਂ ਕੌੜੀਆਂ ਯਾਦਾਂ ਨੂੰ ਭੁਲਾਉਣ ਲਈ ਕਚਰੇ ਦੀ ਵਰਤੋਂ ਦਾ ਇੱਕ ਮੌਲਿਕ ਪ੍ਰਯੋਗ ਕੀਤਾ। ਉਨ੍ਹਾਂ ਨੇ ਪੱਥਰਾਂ ਨੂੰ ਇਕੱਠੇ ਕਰਕੇ ਧਰਤੀ ਦਾ ਇਤਿਹਾਸ ਕਹਿਣ ਅਤੇ ਵਾਤਾਵਰਣ ਦੇ ਜੈਵਿਕ ਅਤੇ ਅਜੈਵਿਕ ਹਿੱਸਿਆਂ ਦੇ ਅਟੁੱਟ ਸਬੰਧਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ।

ਸੌਮੈਨ ਬੰਦੋਪਾਧਿਆਏ ਅਤੇ ਇਆਨ ਜੈਕਸਨ ਆਪਣੀ ਕਿਤਾਬ 'ਦ ਕਲੈਕਸ਼ਨ, ਦ ਰੂਇਨ ਐਂਡ ਦ ਥੀਏਟਰ: ਆਰਕੀਟੈਕਚਰ, ਸਕਲਪਚਰ ਐਂਡ ਲੈਂਡਸਕੇਪ ਇਨ ਨੇਕ ਚੰਦਜ਼ ਰੌਕ ਗਾਰਡਨ' ਵਿੱਚ ਲਿਖਦੇ ਹਨ, "ਆਪਣੀ ਪੂਰੀ ਜ਼ਿੰਦਗੀ ਨੇਕ ਚੰਦ ਵਿਸਥਾਪਨ ਦੇ ਦਾਗ਼ਾਂ ਅਤੇ ਤਜਰਬਿਆਂ ਨਾਲ ਰਹੇ।''

''ਰੌਕ ਗਾਰਡਨ ਦਾ ਨਿਰਮਾਣ ਆਪਣੇ ਚਾਰੇ ਪਾਸੇ ਦੇ ਵਿਨਾਸ਼ ਅਤੇ ਵਿਸਥਾਪਨ ਨਾਲ ਨਜਿੱਠਣ ਦਾ ਇੱਕ ਰਚਨਾਤਮਕ ਤਰੀਕਾ ਸੀ। ਉਨ੍ਹਾਂ ਦੇ ਬਚਪਨ ਦੀਆਂ ਕਹਾਣੀਆਂ ਦੱਸਦੀਆਂ ਹਨ ਕਿ ਕਿਸ ਤਰ੍ਹਾਂ ਜ਼ਮੀਨ, ਖੇਤੀਬਾੜੀ ਅਤੇ ਪਸ਼ੂਆਂ ਨਾਲ ਸਨਤੀਸ਼ਟੀ ਭਰਿਆ ਜੀਵਨ ਜਿਉਣ ਵਾਲੇ ਨੇਕ ਚੰਦ ਦੀ ਜ਼ਿੰਦਗੀ ਨੂੰ ਵੰਡ ਨੇ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ।"

ਮਾਸਟਰ ਪਲਾਨ ਦੀ ਉਲੰਘਣਾ

ਜਦੋਂ ਪਹਿਲੀ ਵਾਰ ਚੰਡੀਗੜ੍ਹ ਦੇ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਸ਼ਹਿਰ ਦੇ ਉੱਤਰੀ ਹਿੱਸੇ ਵਿੱਚ ਇੱਕ ਬਾਗ ਬਣ ਚੁੱਕਾ ਹੈ, ਤਾਂ ਸ਼ੁਰੂ ਵਿੱਚ ਇਸ ਨੂੰ ਤੋੜਨ ਦੀ ਯੋਜਨਾ ਬਣਾਈ ਗਈ, ਕਿਉਂਕਿ ਪ੍ਰਸ਼ਾਸਨ ਦੀ ਨਜ਼ਰ ਵਿੱਚ ਇਸ ਦਾ ਬਣਨਾ ਗੈਰ-ਕਾਨੂੰਨੀ ਸੀ ਅਤੇ ਇਹ ਚੰਡੀਗੜ੍ਹ ਦੇ ਮਾਸਟਰ ਪਲਾਨ ਦੀ ਉਲੰਘਣਾ ਸੀ।

ਜੌਨ ਮੋਏਜ਼ੇਲਜ਼ ਆਪਣੇ ਲੇਖ 'ਨੇਕ ਚੰਦ, ਦ ਕ੍ਰੀਏਟਰ ਆਫ਼ ਅ ਮੈਜਿਕਲ ਵਰਲਡ' ਵਿੱਚ ਲਿਖਦੇ ਹਨ, "ਫ਼ਰਵਰੀ 1973 ਦੀ ਇੱਕ ਸਵੇਰ ਇੱਕ ਮਲੇਰੀਆ ਰੋਧੀ ਦਸਤੇ ਨੇ ਅੰਡਰਵੇਅਰ ਪਹਿਨੇ ਹੋਏ ਇੱਕ ਅੱਧਖੜ ਉਮਰ ਦੇ ਆਦਮੀ ਨੂੰ ਕੂੜੇ ਦੇ ਇੱਕ ਢੇਰ ਕੋਲ ਪੱਥਰਾਂ ਅਤੇ ਚੱਟਾਨਾਂ ਨੂੰ ਵਿਵਸਥਿਤ ਕਰਦੇ ਹੋਏ ਦੇਖਿਆ। ਤੁਰੰਤ ਹੀ ਇਹ ਖ਼ਬਰ ਬਿਜਲੀ ਵਾਂਗ ਸਰਕਾਰੀ ਦਫ਼ਤਰਾਂ ਵਿੱਚ ਫੈਲ ਗਈ।''

''ਨੇਕ ਚੰਦ ਨੂੰ ਇਹ ਡਰ ਸਤਾ ਰਿਹਾ ਸੀ ਕਿ ਉਨ੍ਹਾਂ ਨੂੰ ਕਚਰੇ ਦੀ ਕਥਿਤ ਬਰਬਾਦੀ ਜਾਂ ਸਰਕਾਰੀ ਜ਼ਮੀਨ ਦੇ ਗੈਰ-ਕਾਨੂੰਨੀ ਇਸਤੇਮਾਲ ਲਈ ਸਜ਼ਾ ਤਾਂ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੂੰ ਇਸ ਗੱਲ ਦਾ ਵੀ ਖਦਸ਼ਾ ਸੀ ਕਿ ਕਿਤੇ ਸਰਕਾਰੀ ਬੁਲਡੋਜ਼ਰ ਆ ਕੇ ਉਨ੍ਹਾਂ ਦੀ ਸਾਲਾਂ ਦੀ ਮਿਹਨਤ 'ਤੇ ਪਾਣੀ ਤਾਂ ਨਹੀਂ ਫੇਰ ਦੇਵੇਗਾ।"

ਨੇਕ ਚੰਦ ਦਾ ਇਹ ਖਦਸ਼ਾ ਕੁਝ ਹੱਦ ਤੱਕ ਸਹੀ ਸਾਬਤ ਹੋਇਆ ਜਦੋਂ 1990 ਦੇ ਦਹਾਕੇ ਵਿੱਚ ਸਰਕਾਰ ਨੇ ਬਾਗ ਦੇ ਬਿਲਕੁਲ ਵਿਚਕਾਰ ਦੀ ਇੱਕ ਸੜਕ ਬਣਾਉਣ ਦਾ ਫ਼ੈਸਲਾ ਕੀਤਾ। ਇਸ ਦੇ ਲਈ ਕੁਝ ਦਰੱਖ਼ਤ ਕੱਟੇ ਗਏ ਅਤੇ ਕੁਝ ਢਾਂਚਿਆਂ ਨੂੰ ਢਾਹੁਣ ਲਈ ਬੁਲਡੋਜ਼ਰ ਬਾਗ ਦੀਆਂ ਕੰਧਾਂ ਤੱਕ ਪਹੁੰਚ ਗਏ।

'ਅਸੀਂ ਕਿਸੇ ਤੋਂ ਘੱਟ ਨਹੀਂ'

ਨੇਕ ਚੰਦ ਦੇ ਪੁੱਤਰ ਅਨੁਜ ਸੈਣੀ ਨੇ ਮੁਕੁਲ ਸ਼ਰਮਾ ਨੂੰ ਦਿੱਤੇ ਇੰਟਰਵਿਊ ਵਿੱਚ ਦੱਸਿਆ, "ਨੇਕ ਚੰਦ ਦੀ ਜਾਤੀ ਨੂੰ ਸਮਾਜ ਵਿੱਚ ਨੀਵੀਂ ਅਤੇ ਪਿੱਛੜੀ ਹੋਈ ਸਮਝਿਆ ਜਾਂਦਾ ਸੀ, ਪਰ ਉਨ੍ਹਾਂ ਨੇ ਆਪਣੀ ਜਾਤੀ ਦੇ ਪਿੱਛੜੇਪਨ ਨੂੰ ਕਦੇ ਆਪਣੇ ਕੰਮ ਵਿੱਚ ਰੁਕਾਵਟ ਨਹੀਂ ਬਣਨ ਦਿੱਤਾ। ਬਚਪਨ ਤੋਂ ਹੀ ਉਨ੍ਹਾਂ ਨੇ ਸਾਡੇ ਅੰਦਰ ਇਹ ਸੰਸਕਾਰ ਭਰੇ ਸਨ ਕਿ ਜਾਤੀ-ਪ੍ਰਧਾਨ ਸਮਾਜ ਵਿੱਚ ਸਿੱਖਿਆ, ਹੁਨਰ ਅਤੇ ਮੌਕਿਆਂ ਦੇ ਮਾਮਲੇ ਵਿੱਚ ਅਸੀਂ ਕਿਸੇ ਤੋਂ ਘੱਟ ਨਹੀਂ ਹਾਂ।''

''ਸੜਕ ਇੰਸਪੈਕਟਰ ਵਜੋਂ ਉਨ੍ਹਾਂ ਨੂੰ ਸ਼ਹਿਰ ਦੇ ਭੂਗੋਲਿਕ ਵੇਰਵਿਆਂ ਅਤੇ ਅਰਥਵਿਵਸਥਾ ਦੀ ਲੋੜੀਂਦੀ ਜਾਣਕਾਰੀ ਸੀ। ਉਨ੍ਹਾਂ ਨੂੰ ਪਤਾ ਹੁੰਦਾ ਸੀ ਕਿ ਕਿੱਥੋਂ ਇਹ ਚੀਜ਼ਾਂ ਚੁੱਕਣੀਆਂ ਹਨ ਅਤੇ ਕਿੱਥੇ ਉਨ੍ਹਾਂ ਨੂੰ ਲੁਕਾਉਣਾ ਹੈ। ਉਹ ਆਪਣੀ ਪੁਰਾਣੀ ਸਾਈਕਲ 'ਤੇ ਨਿਰਮਾਣ ਸਥਾਨਾਂ ਅਤੇ ਕੂੜੇ-ਕਰਕਟ ਦੇ ਢੇਰਾਂ ਦੇ ਚੱਕਰ ਲਗਾਉਂਦੇ ਰਹਿੰਦੇ ਸਨ ਅਤੇ ਆਪਣੇ ਕੰਮ ਦੀਆਂ ਚੀਜ਼ਾਂ ਸਾਈਕਲ ਦੇ ਕੈਰੀਅਰ ਨਾਲ ਬੰਨ੍ਹ ਕੇ ਲੈ ਆਉਂਦੇ ਸਨ।"

ਉਹ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਆਪਣਾ ਕਚਰਾ ਦੇਣ ਦੀ ਬੇਨਤੀ ਕਰਦੇ ਸਨ। ਉਨ੍ਹਾਂ ਨੇ ਇਸ ਬਾਗ ਵਿੱਚ ਆਪਣੇ ਰਹਿਣ ਲਈ ਇੱਕ ਝੋਂਪੜੀ ਵੀ ਬਣਾ ਲਈ ਸੀ, ਜਿਸਨੂੰ ਉਨ੍ਹਾਂ ਨੇ ਤਾਰਕੋਲ ਦੇ ਡਰੱਮਾਂ ਨਾਲ ਆਮ ਲੋਕਾਂ ਦੀਆਂ ਨਜ਼ਰਾਂ ਤੋਂ ਲੁਕਾ ਕੇ ਰੱਖਿਆ ਹੋਇਆ ਸੀ।

ਆਪਣੀ ਕੰਮ ਕਰਨ ਦੀ ਜਗ੍ਹਾ 'ਤੇ ਉਹ ਰਾਤ ਨੂੰ ਟਾਇਰ ਸਾੜ ਕੇ ਰੌਸ਼ਨੀ ਦਾ ਪ੍ਰਬੰਧ ਕਰਦੇ ਸਨ। ਆਪਣੇ ਆਪ ਨੂੰ ਮੱਛਰਾਂ ਤੋਂ ਬਚਾਉਣ ਲਈ ਉਹ ਸੀਮਿੰਟ ਦੇ ਬੋਰਿਆਂ ਦਾ ਇਸਤੇਮਾਲ ਕਰਦੇ ਸਨ। ਉਨ੍ਹਾਂ ਨੂੰ ਕਿਸੇ ਹਨੇਰੀ-ਤੂਫ਼ਾਨ, ਮੀਂਹ ਜਾਂ ਜੰਗਲੀ ਜਾਨਵਰ ਦਾ ਡਰ ਨਹੀਂ ਸੀ।

ਅਨੁਜ ਸੈਣੀ ਦੱਸਦੇ ਹਨ, "ਬਾਅਦ ਵਿੱਚ ਉਨ੍ਹਾਂ ਨੇ ਉਦਯੋਗਿਕ ਕੇਂਦਰਾਂ ਵਿੱਚ ਕੂੜਾ ਇਕੱਠਾ ਕਰਨ ਦੇ ਕੇਂਦਰ ਵੀ ਬਣਾ ਦਿੱਤੇ ਸਨ, ਜਿਨ੍ਹਾਂ ਨੂੰ ਉਹ ਛੋਟੇ ਟਰੱਕਾਂ ਵਿੱਚ ਲੋਡ ਕਰਕੇ ਬਾਗ ਵਿੱਚ ਲਿਆਉਂਦੇ ਸਨ। ਬਾਅਦ 'ਚ ਪ੍ਰਸ਼ਾਸਨ ਨੇ ਉਨ੍ਹਾਂ ਨੂੰ 50 ਮਜ਼ਦੂਰ ਵੀ ਉਪਲੱਬਧ ਕਰਵਾਏ, ਜੋ ਪੂਰੇ ਸਮੇਂ ਕੰਮ ਕਰਕੇ ਬਾਗ ਨੂੰ ਅਗਲੇ ਪੱਧਰ ਤੱਕ ਲੈ ਜਾ ਸਕਣ।"

ਪਦਮਸ਼੍ਰੀ ਨਾਲ ਸਨਮਾਨਿਤ

ਚੰਡੀਗੜ੍ਹ ਦੇ ਉੱਤਰੀ ਕਿਨਾਰੇ 'ਤੇ ਸੁਖਨਾ ਝੀਲ ਅਤੇ ਸੈਕਟਰ-1 ਕੈਪੀਟਲ ਕੰਪਲੈਕਸ ਦੇ ਦਰਮਿਆਨ ਸਥਿਤ ਰੌਕ ਗਾਰਡਨ ਬਾਰੇ ਲੰਮੇ ਸਮੇਂ ਤੱਕ ਲੋਕਾਂ ਨੂੰ ਜਾਣਕਾਰੀ ਨਹੀਂ ਸੀ। ਲੋਕ ਇਸ ਨੂੰ ਜੰਗਲੀ ਅਤੇ ਕੰਡਿਆਂ ਵਾਲੀਆਂ ਝਾੜੀਆਂ ਦਾ ਇਲਾਕਾ ਸਮਝਦੇ ਸਨ; ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਨੇਕ ਚੰਦ ਚੁੱਪਚਾਪ ਆਪਣਾ ਸਮਰਾਜ ਖੜ੍ਹਾ ਕਰ ਰਹੇ ਸਨ।

ਨੇਕ ਚੰਦ ਨੇ ਲੂਸਿਆਂ ਪਾਇਰੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ, "ਮੈਂ ਆਪਣੇ ਆਪ ਨੂੰ ਨਾ ਤਾਂ ਕਲਾਕਾਰ ਮੰਨਦਾ ਹਾਂ ਅਤੇ ਨਾ ਹੀ ਸ਼ਿਲਪਕਾਰ। ਮੇਰਾ ਹੋਣਾ ਜਾਂ ਨਾ ਹੋਣਾ ਇੰਨਾ ਮਾਅਨੇ ਨਹੀਂ ਰੱਖਦਾ ਸਿਵਾਏ ਇਸਦੇ ਕਿ ਮੈਂ ਆਪਣਾ ਸਮਾਂ ਇੱਕ ਅਜਿਹੇ ਕੰਮ ਨੂੰ ਦੇ ਰਿਹਾ ਸੀ, ਜਿਸਦਾ ਮੈਨੂੰ ਜਨੂੰਨ ਸੀ। ਇਹ ਕੰਮ ਮੇਰੇ ਦਿਲ ਦੇ ਬਹੁਤ ਨੇੜੇ ਸੀ।"

ਇਸ ਰੌਕ ਗਾਰਡਨ ਦਾ ਕੋਈ ਵਿਗਿਆਨਕ ਜਾਂ ਆਧੁਨਿਕ ਸਰੂਪ ਨਹੀਂ ਸੀ, ਕਿਉਂਕਿ ਇਸ ਨੂੰ ਬਣਾਉਣ ਵਾਲਾ ਇੱਕ ਗਰੀਬ ਸਰਕਾਰੀ ਕਰਮਚਾਰੀ ਸੀ। ਅੱਜ ਇਹ ਬਾਗ 40 ਏਕੜ ਤੋਂ ਵੀ ਵੱਧ ਖੇਤਰ ਵਿੱਚ ਫੈਲਿਆ ਹੋਇਆ ਹੈ।

ਸਾਲ 2015 ਵਿੱਚ ਨੇਕ ਚੰਦ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੂੰ 1984 ਵਿੱਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)