'ਮੈਂ 14 ਸਾਲਾਂ ਦੀ ਸੀ… ਇੱਥੇ ਅੱਜ ਵੀ ਅਜਿਹਾ ਹੁੰਦਾ ਹੈ', ਅਮਰੀਕਾ 'ਚ ਬਾਲ ਵਿਆਹਾਂ ਦੀ ਸੱਚਾਈ ਕੀ ਹੈ

    • ਲੇਖਕ, ਆਇਲੇਨ ਓਲੀਵਾ
    • ਰੋਲ, ਬੀਬੀਸੀ ਪੱਤਰਕਾਰ

ਪੈਟਰੀਸ਼ੀਆ ਲੇਨ ਅਮਰੀਕਾ ਵਿੱਚ ਮਿਨੀਸੋਟਾ ਦੇ ਬਾਹਰੀ ਇਲਾਕੇ ਵਿੱਚ ਵਸੇ ਹਰੇ-ਭਰੇ ਪਹਾੜਾਂ ਅਤੇ ਦਰਿਆਈ ਨਜ਼ਾਰਿਆਂ ਵਾਲੇ ਇੱਕ ਛੋਟੇ ਜਿਹੇ ਕਸਬੇ, ਈਡਨ ਪ੍ਰੈਰੀ ਵਿੱਚ ਵੱਡੀ ਹੋਈ। ਕਈਆਂ ਲਈ ਇਹ ਇੱਕ ਬਹੁਤ ਹੀ ਸ਼ਾਂਤ ਅਤੇ ਪਿਆਰੀ ਜਗ੍ਹਾ ਹੈ, ਪਰ ਪੈਟਰੀਸ਼ੀਆ ਲਈ ਇਹ ਦੁਨੀਆਂ ਤੋਂ ਅਲੱਗ-ਥਲੱਗ ਇੱਕ ਬਚਪਨ ਦੀ ਯਾਦ ਦਿਵਾਉਂਦੀ ਹੈ।

ਲੇਨ ਯਾਦ ਕਰਦੀ ਹੈ, "ਮੈਂ ਅਤੇ ਮੇਰਾ ਭਰਾ ਆਪਣੇ ਹੀ ਦਾਇਰੇ ਵਿੱਚ ਸੀਮਤ ਸੀ। ਭਾਵੇਂ ਅਸੀਂ ਅਮਰੀਕਾ ਦੇ ਇੱਕ ਵੱਡੇ ਸ਼ਹਿਰ ਦੇ ਉਪਨਗਰ ਵਿੱਚ ਰਹਿੰਦੇ ਸੀ, ਪਰ ਮੇਰੀ ਜ਼ਿੰਦਗੀ ਬਹੁਤ ਜ਼ਿਆਦਾ ਸਖ਼ਤ ਅਤੇ ਘੁਟਣਭਰੀ ਸੀ।"

ਨਿਆਣੀ ਉਮਰ ਵਿੱਚ ਹੀ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਣ ਕਾਰਨ, ਲੇਨ ਡੂੰਘੇ ਤਣਾਅ ਵਿੱਚ ਚਲੀ ਗਈ, ਜਿਸ ਕਾਰਨ ਉਸ ਨੂੰ 12 ਸਾਲ ਦੀ ਉਮਰ ਵਿੱਚ ਇੱਕ ਸੰਕਟ ਹੈਲਪਲਾਈਨ ਤੋਂ ਸਹਾਇਤਾ ਲੈਣੀ ਪਈ।

ਇਸ ਤਰ੍ਹਾਂ ਉਸ ਦੀ ਮੁਲਾਕਾਤ ਟਿਮ ਨਾਲ ਹੋਈ। ਉਹ ਵਿਅਕਤੀ ਜਿਸ ਨੇ ਇੱਕ ਦਿਨ ਉਸ ਦੀ ਕਾਲ ਦਾ ਜਵਾਬ ਦਿੱਤਾ ਸੀ ਅਤੇ ਜੋ ਕੁਝ ਮਹੀਨਿਆਂ ਬਾਅਦ ਉਸ ਦਾ ਪਤੀ ਬਣਨ ਵਾਲਾ ਸੀ।

ਟਿਮ 25 ਸਾਲ ਦਾ ਸੀ ਅਤੇ ਇੱਕ ਧਾਰਮਿਕ ਸੰਸਥਾ (ਸੈਮੀਨਰੀ) ਦਾ ਵਿਦਿਆਰਥੀ ਸੀ। ਮਿਸ਼ਨਰੀ ਬਣਨ ਲਈ ਆਪਣੀ ਧਾਰਮਿਕ ਸਿਖਲਾਈ ਦੇ ਹਿੱਸੇ ਵਜੋਂ, ਉਸ ਦੀ ਡਿਊਟੀ ਕਾਲਾਂ ਸੁਣਨ ਵਾਲੀ ਇੱਕ ਛੋਟੀ ਜਿਹੀ ਸੰਸਥਾ ਵਿੱਚ ਲਾਈ ਗਈ ਸੀ।

ਜਲਦੀ ਹੀ ਉਨ੍ਹਾਂ ਨੇ ਮਿਲਣ ਦਾ ਫ਼ੈਸਲਾ ਕੀਤਾ। ਕੁਝ ਹੀ ਸਮੇਂ ਬਾਅਦ ਲੇਨ ਗਰਭਵਤੀ ਹੋ ਗਈ ਅਤੇ ਉਸ ਦੀ ਮੰਗਣੀ ਹੋ ਗਈ। ਉਹ ਉਦੋਂ ਸਿਰਫ਼ 14 ਸਾਲ ਦੀ ਸੀ।

ਲੇਨ ਇੱਕ ਕੱਟੜ ਈਸਾਈ ਪਰਿਵਾਰ ਵਿੱਚ ਪਲੀ ਸੀ। ਲੇਨ ਯਾਦ ਕਰਦੀ ਹੈ, "ਮੈਨੂੰ ਅਹਿਸਾਸ ਹੋਇਆ ਕਿ ਪ੍ਰਾਰਥਨਾ ਗਰਭ ਨਿਰੋਧਕ ਵਜੋਂ ਕੰਮ ਨਹੀਂ ਕਰਦੀ। ਮੈਂ ਗਰਭਵਤੀ ਸੀ ਅਤੇ ਮੈਂ ਉਸ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ।"

ਜਦੋਂ ਟਿਮ ਬੇਸਮੈਂਟ ਵਿੱਚ ਰੋ ਰਿਹਾ ਸੀ, ਲੇਨ ਨੇ ਆਪਣੇ ਮਾਪਿਆਂ ਨੂੰ ਅਚਾਨਕ ਇਹ ਖ਼ਬਰ ਸੁਣਾਈ। ਉਸ ਦੀ ਮਾਂ ਨੇ ਜੋ ਜਵਾਬ ਦਿੱਤਾ, ਲੇਨ ਨੂੰ ਉਸ ਦੀ ਆਸ ਨਹੀਂ ਸੀ, ਉਸ ਉੱਤੇ "ਪਰਿਵਾਰ ਦੀ ਬਦਨਾਮੀ" ਕਰਨ ਦਾ ਇਲਜ਼ਾਮ ਲਾਇਆ ਗਿਆ।

ਲੇਨ ਕਹਿੰਦੀ ਹੈ, "ਮੇਰੀ ਮਾਂ ਦਾ ਰੁਖ ਸਾਫ਼ ਸੀ: ਪਰਿਵਾਰ 'ਤੇ ਆਈ ਇਸ ਸ਼ਰਮਿੰਦਗੀ ਲਈ ਮੈਂ ਜ਼ਿੰਮੇਵਾਰ ਸੀ ਅਤੇ ਇਸ ਨੂੰ ਸੁਧਾਰਨ ਦਾ ਇੱਕੋ ਇੱਕ ਤਰੀਕਾ ਉਸ ਆਦਮੀ ਨਾਲ ਵਿਆਹ ਕਰਨਾ ਅਤੇ ਇੱਕ ਚੰਗੀ ਪਤਨੀ ਬਣਨਾ ਸੀ।"

ਜੇਕਰ ਉਹ ਬੱਚਾ ਰੱਖਣਾ ਚਾਹੁੰਦੀ ਸੀ, ਤਾਂ ਲੇਨ ਨੂੰ ਵਿਆਹ ਕਰਨਾ ਪੈਣਾ ਸੀ।

ਉਸ ਦੇ ਪਿਤਾ ਨੇ ਸਹਿਮਤੀ ਪੱਤਰ 'ਤੇ ਦਸਤਖ਼ਤ ਕਰ ਦਿੱਤੇ। ਮਿਨੀਸੋਟਾ ਵਿੱਚ ਬਾਲ ਵਿਆਹ ਦੀ ਮਨਾਹੀ ਸੀ। ਇਸ ਲਈ ਅਗਲੇ ਹੀ ਦਿਨ ਲੇਨ, ਉਸ ਦੀ ਮਾਂ ਅਤੇ ਟਿਮ ਦੱਖਣ ਵੱਲ ਇੱਕ ਅਜਿਹੇ ਸੂਬੇ ਦੀ ਅਦਾਲਤ ਦੀ ਭਾਲ ਵਿੱਚ ਨਿਕਲ ਪਏ ਜਿੱਥੇ ਲੇਨ ਦੀ ਉਮਰ ਵਿੱਚ ਵਿਆਹ ਕਰਨ ਦੀ ਇਜਾਜ਼ਤ ਹੋਵੇ।

"ਮੈਨੂੰ ਨਹੀਂ ਲੱਗਦਾ ਸੀ ਕਿ ਮੇਰੇ ਕੋਲ ਕੋਈ ਹੋਰ ਚਾਰਾ ਹੈ। ਮੈਂ ਉਸ ਨਾਲ ਵਿਆਹ ਨਹੀਂ ਸੀ ਕਰਨਾ ਚਾਹੁੰਦੀ, ਪਰ ਮੈਂ ਹਰ ਹਾਲ ਵਿੱਚ ਉਸ ਬੱਚੇ ਨੂੰ ਆਪਣੇ ਕੋਲ ਰੱਖਣਾ ਅਤੇ ਉਸ ਨੂੰ ਪਾਲਣਾ ਚਾਹੁੰਦੀ ਸੀ। ਮੈਨੂੰ ਪਤਾ ਸੀ ਕਿ ਮੈਂ ਇੱਕ ਚੰਗੀ ਮਾਂ ਬਣ ਸਕਦੀ ਹਾਂ।"

ਗਰਭ ਅਵਸਥਾ ਇੱਕ ਕਾਨੂੰਨੀ ਚੋਰ-ਮੋਰੀ

ਲੇਨ, ਉਸ ਦੀ ਮਾਂ ਅਤੇ ਟਿਮ ਸਭ ਤੋਂ ਪਹਿਲਾਂ ਮਿਨੀਸੋਟਾ ਦੇ ਸਭ ਤੋਂ ਨੇੜਲਾ ਅਜਿਹਾ ਸੂਬੇ, ਕੈਂਟਕੀ ਪਹੁੰਚੇ। ਕੈਂਟਕੀ ਲੇਨ ਦੀ ਉਮਰ ਵਿੱਚ ਵਿਆਹ ਦੀ ਖੁੱਲ੍ਹ ਦਿੰਦਾ ਸੀ। ਲੇਕਿਨ ਉੱਥੋਂ ਦੇ ਸਥਾਨਕ ਅਧਿਕਾਰੀਆਂ ਨੇ ਉਨ੍ਹਾਂ ਦੀ ਬੇਨਤੀ ਰੱਦ ਕਰ ਦਿੱਤੀ।

ਪੈਟਰੀਸ਼ੀਆ ਨੂੰ ਯਾਦ ਹੈ ਕਿ ਉਨ੍ਹਾਂ ਨੇ ਕਿਹਾ ਸੀ, "ਬਿਲਕੁਲ ਨਹੀਂ। ਇਨ੍ਹਾਂ ਦੀ ਉਮਰ ਬਹੁਤ ਘੱਟ ਹੈ ਅਤੇ ਉਹ ਸਹੀ ਸਨ। ਬਿਲਕੁਲ ਸਹੀ ਸਨ। ਮੈਂ ਬਹੁਤ ਛੋਟੀ ਸੀ।"

ਫਿਰ ਉਹ ਅਲਾਬਾਮਾ ਚਲੇ ਗਏ, ਜਿੱਥੇ ਉਸ ਸਮੇਂ ਮਾਪਿਆਂ ਦੀ ਸਹਿਮਤੀ ਨਾਲ ਵਿਆਹ ਹੋ ਸਕਦਾ ਸੀ। ਲੌਡਰਡੇਲ ਕਾਉਂਟੀ ਵਿੱਚ ਮਿੰਟਾਂ ਦੇ ਵਿੱਚ ਹੀ ਪੈਟਰੀਸ਼ੀਆ ਅਤੇ ਟਿਮ ਦਾ ਵਿਆਹ ਹੋ ਗਿਆ।

ਵਿਆਹ ਲਈ ਉਸ ਨੇ ਨਾ ਤਾਂ ਚਿੱਟੀ ਪੁਸ਼ਾਕ ਪਾਈ ਅਤੇ ਨਾ ਹੀ ਆਪਣੇ ਵਾਲਾਂ ਵਿੱਚ ਫੁੱਲ ਸਜਾਏ। ਲੇਨ ਦੀ ਮਾਂ ਇਸਦੀ ਗਵਾਹ ਸੀ।

ਲੇਨ ਹੁਣ 58 ਸਾਲ ਦੀ ਹੋ ਚੁੱਕੀ ਹੈ। ਉਸ ਨੇ ਬੀਬੀਸੀ ਨੂੰ ਦੱਸਿਆ, "ਇਹ ਸਭ ਬਹੁਤ ਤੇਜ਼ੀ ਨਾਲ ਹੋਇਆ। ਮੈਂ ਉੱਥੇ ਰਹਿਣਾ ਨਹੀਂ ਚਾਹੁੰਦੀ ਸੀ। ਮੈਂ ਉਸ ਆਦਮੀ ਨੂੰ ਪਸੰਦ ਨਹੀਂ ਕਰਦੀ ਸੀ ਅਤੇ ਮੇਰੀ ਮਾਂ ਬਹੁਤ ਗੁੱਸੇ ਵਿੱਚ ਸੀ। ਇਹ ਬਹੁਤ ਭਿਆਨਕ ਸੀ।"

ਵਿਆਹ ਦਾ ਸਰਟੀਫਿਕੇਟ ਮਿਲਣ ਤੋਂ ਕੁਝ ਮਿੰਟ ਬਾਅਦ ਹੀ, ਉਹ ਅਦਾਲਤ ਦੇ ਸਾਹਮਣੇ ਵਾਲੇ ਪਾਰਕ ਵਿੱਚ ਚਲੀ ਗਈ। ਲੇਨ ਉੱਥੇ ਇੱਕ ਪੀਂਘ 'ਤੇ ਬੈਠ ਗਈ। ਇਸ ਨਿਆਣੀ ਹਰਕਤ ਨੇ ਉਸ ਦੀ ਮਾਂ ਅਤੇ ਉਸ ਦੇ ਨਵੇਂ ਪਤੀ ਦੋਵਾਂ ਨੂੰ ਗੁੱਸੇ ਕਰ ਦਿੱਤਾ।

ਪੈਟਰੀਸ਼ੀਆ ਨੂੰ ਯਾਦ ਹੈ, "ਇਸ ਵਿੱਚੋਂ ਕੁਝ ਵੀ ਅਜਿਹਾ ਨਹੀਂ ਸੀ ਜਿਹਾ ਮੈਂ ਆਪਣੇ ਵਿਆਹ ਬਾਰੇ ਸੋਚਿਆ ਸੀ।" ਉਸ ਸਮੇਂ ਉਹ ਆਪਣੇ ਪਹਿਲੇ ਗਰਭ ਦੇ ਸ਼ੁਰੂਆਤੀ ਹਫ਼ਤਿਆਂ ਵਿੱਚ ਸੀ ਅਤੇ ਬਾਅਦ ਵਿੱਚ ਉਸ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਜਿਸ ਨੂੰ ਗੋਦ ਲੈਣ ਲਈ ਦੇ ਦਿੱਤਾ ਗਿਆ।

ਉਹ ਕਹਿੰਦੀ ਹੈ, "ਮੈਂ ਆਪਣੇ ਵਿਆਹ ਦੇ ਸਰਟੀਫਿਕੇਟ 'ਤੇ ਦਸਤਖ਼ਤ ਨਹੀਂ ਕੀਤੇ ਸੀ। ਉਸ 'ਤੇ ਮੇਰਾ ਨਾਮ ਹੈ, ਪਰ ਮੇਰੇ ਦਸਤਖ਼ਤਾਂ ਦੀ ਲੋੜ ਨਹੀਂ ਸੀ। ਮੇਰੀ ਮਾਂ ਨੇ ਮੇਰੇ ਵੱਲੋਂ ਦਸਤਖ਼ਤ ਕੀਤੇ ਸਨ। ਉਸ ਨੇ ਮੇਰੀ ਜ਼ਿੰਦਗੀ ਇੱਕ ਮਰਦ ਦੇ ਹੱਥਾਂ ਵਿੱਚ ਫੜਾ ਦਿੱਤੀ। ਇਹ ਵਿਆਹ ਇਸੇ ਤਰ੍ਹਾਂ ਹੁੰਦੇ ਹਨ। ਦੂਜੇ ਲੋਕ ਤੁਹਾਨੂੰ ਕਿਸੇ ਦੇ ਹਵਾਲੇ ਕਰ ਦਿੰਦੇ ਹਨ ਅਤੇ ਤੁਸੀਂ 18 ਸਾਲ ਦੇ ਹੋਣ ਤੱਕ ਬਚ ਨਹੀਂ ਸਕਦੇ।"

ਪੈਟਰੀਸ਼ੀਆ ਅਤੇ ਟਿਮ ਦੇ ਵਿਆਹ ਨੂੰ 46 ਸਾਲ ਬੀਤ ਚੁੱਕੇ ਹਨ। ਅਜੇ ਵੀ ਅਲਾਬਾਮਾ ਦੇ ਨਿਯਮਾਂ ਵਿੱਚ ਬਹੁਤ ਘੱਟ ਬਦਲੇ ਹਨ। ਇੱਥੇ 14 ਸਾਲ ਦਾ ਬੱਚਾ ਤਾਂ ਵਿਆਹ ਨਹੀਂ ਕਰਵਾ ਸਕਦਾ, ਪਰ 16 ਸਾਲ ਦੇ ਬੱਚੇ ਦਾ ਇੱਕ ਮਾਪੇ ਦੀ ਸਹਿਮਤੀ ਨਾਲ ਵਿਆਹ ਹੋ ਸਕਦਾ ਹੈ, ਭਾਵੇਂ ਕਿ ਵਿਆਹ ਲਈ ਘੱਟੋ-ਘੱਟ ਉਮਰ 18 ਸਾਲ ਹੈ।

ਲਿੰਗ-ਅਧਿਕਾਰ ਸੰਸਥਾ 'ਇਕੁਐਲਿਟੀ ਨਾਓ' ਦੀ ਅਨਾਸਤਾਸੀਆ ਲਾਅ ਨੇ ਸਮਝਾਇਆ, "ਇੱਥੇ ਕੋਈ ਵਾਧੂ ਸੁਰੱਖਿਆ ਉਪਾਅ ਨਹੀਂ ਹਨ। ਸੂਬਾ ਨਾਬਾਲਗ ਦੀ ਸੁਤੰਤਰ ਸਹਿਮਤੀ ਦੀ ਮੰਗ ਨਹੀਂ ਕਰਦਾ, ਅਤੇ ਨਾ ਹੀ ਇਸ ਲਈ ਅਦਾਲਤੀ ਇਜਾਜ਼ਤ ਦੀ ਲੋੜ ਹੁੰਦੀ ਹੈ।"

2025 ਵਿੱਚ, ਅਮਰੀਕਾ ਦੇ ਸਿਰਫ਼ 16 ਸੂਬਿਆਂਅਤੇ ਵਾਸ਼ਿੰਗਟਨ ਡੀ.ਸੀ. ਨੇ ਬਿਨਾਂ ਕਿਸੇ ਛੋਟ ਦੇ ਵਿਆਹ ਦੀ ਘੱਟੋ-ਘੱਟ ਉਮਰ 18 ਸਾਲ ਤੈਅ ਕੀਤੀ ਹੈ। ਇਹ ਉਹ ਮਿਆਰ ਹੈ ਜਿਸ ਦੀ ਮੰਗ ਮਨੁੱਖੀ ਅਧਿਕਾਰ ਸਮੂਹ ਕਰਦੇ ਆ ਰਹੇ ਹਨ।

ਦੂਜੇ ਸੂਬਿਆਂ ਦੇ ਕਾਨੂੰਨੀ ਅਪਵਾਦਾਂ ਵਿੱਚ ਹੋਣ ਵਾਲੇ ਵਿਆਹਾਂ ਵਿੱਚ ਉਸ ਵਿਅਕਤੀ ਦੇ ਬੱਚੇ ਨੂੰ ਪਹਿਲਾਂ ਹੀ ਜਨਮ ਦੇ ਚੁੱਕੇ ਹੋਣਾ ਅਤੇ ਮਾਪਿਆਂ ਦੀ ਸਹਿਮਤੀ ਸ਼ਾਮਲ ਹੈ।

ਆਰਕਨਸਾਸ, ਨਿਊ ਮੈਕਸੀਕੋ ਅਤੇ ਓਕਲਾਹੋਮਾ ਅਜਿਹੇ ਰਾਜ ਹਨ ਜਿੱਥੇ ਗਰਭ ਅਵਸਥਾ ਨੂੰ ਵਿਆਹ ਦੀ ਘੱਟੋ-ਘੱਟ ਉਮਰ ਵਿੱਚ ਛੋਟ ਦੇਣ ਲਈ ਇੱਕ ਸਫ਼ਲ ਦਲੀਲ ਵਜੋਂ ਵਰਤਿਆ ਗਿਆ ਹੈ।

ਅਨਾਸਤਾਸੀਆ ਲਾਅ ਦਾ ਤਰਕ ਹੈ ਕਿ ਇਹ ਅਪਵਾਦ, "ਸ਼ੋਸ਼ਣ ਵਾਲੇ ਰਿਸ਼ਤਿਆਂ ਅਤੇ ਕੰਮਾਂ ਨੂੰ ਹੋਰ ਕਾਨੂੰਨੀ ਮਾਨਤਾ ਦੇਣ" ਤੋਂ ਇਲਾਵਾ ਕੁਝ ਨਹੀਂ ਕਰਦੇ, ਜਿਨ੍ਹਾਂ ਨੂੰ ਨਹੀਂ ਤਾਂ ਕਾਨੂੰਨੀ ਬਲਾਤਕਾਰ ਜਾਂ ਬਾਲ ਸ਼ੋਸ਼ਣ ਮੰਨਿਆ ਜਾਣਾ ਸੀ।

ਸੰਯੁਕਤ ਰਾਸ਼ਟਰ ਦੇ ਅਨੁਸਾਰ, 2025 ਵਿੱਚ ਵਿਸ਼ਵ ਪੱਧਰ 'ਤੇ ਲਗਭਗ 1.2 ਕਰੋੜ ਕੁੜੀਆਂ ਦਾ ਵਿਆਹ ਅਜੇ ਵੀ ਹਰ ਸਾਲ 18 ਸਾਲ ਦੀ ਉਮਰ ਤੋਂ ਪਹਿਲਾਂ ਹੋ ਰਿਹਾ ਹੈ, ਜੋ ਕਿ ਬਾਲ ਵਿਆਹ ਦੀ ਪਰਿਭਾਸ਼ਾ ਲਈ ਨਿਰਧਾਰਤ ਉਮਰ ਸੀਮਾ ਹੈ। ਸੰਸਥਾ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਟਿਕਾਊ ਵਿਕਾਸ ਟੀਚਿਆਂ (ਸਸਟੇਨੇਬਲ ਡਿਵੈਲਪਮੈਂਟ ਗੋਲਜ਼) ਦੇ ਅਨੁਸਾਰ 2030 ਤੱਕ ਇਸ ਪ੍ਰਥਾ ਨੂੰ ਖਤਮ ਕਰਨਾ ਹੈ, ਤਾਂ ਯਤਨਾਂ ਨੂੰ ਤੇਜ਼ ਕਰਨਾ ਹੋਵੇਗਾ।

ਇਸ ਪ੍ਰਥਾ ਨੂੰ ਕੌਮਾਂਤਰੀ ਪੱਧਰ 'ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਜੋਂ ਮਾਨਤਾ ਦਿੱਤੀ ਗਈ ਹੈ।

ਸਿਰਫ਼ ਅਮਰੀਕਾ ਵਿੱਚ, ਜਿੱਥੇ ਵਿਆਹ ਲਈ ਕੋਈ ਘੱਟੋ-ਘੱਟ ਉਮਰ ਤੈਅ ਨਹੀਂ ਹੈ, ਉੱਥੇ 'ਅਨਚੇਨਡ ਐਟ ਲਾਸਟ' ਨਾਮਕ ਸੰਸਥਾ ਦੇ ਅਨੁਸਾਰ ਸਾਲ 2000 ਅਤੇ 2021 ਦੇ ਵਿਚਕਾਰ 3 ਲੱਖ ਤੋਂ ਵੱਧ ਨਾਬਾਲਗਾਂ ਦੇ ਕਾਨੂੰਨੀ ਤੌਰ 'ਤੇ ਵਿਆਹ ਕੀਤੇ ਗਏ ਸਨ।

ਉਨ੍ਹਾਂ ਵਿੱਚੋਂ ਕੁਝ ਦਾ ਵਿਆਹ ਸਿਰਫ਼ 10 ਸਾਲ ਦੀ ਉਮਰ ਵਿੱਚ ਹੋਇਆ ਸੀ, ਹਾਲਾਂਕਿ ਜ਼ਿਆਦਾਤਰ 16 ਜਾਂ 17 ਸਾਲ ਦੇ ਸਨ। ਜ਼ਿਆਦਾਤਰ ਕੁੜੀਆਂ ਦੇ ਵਿਆਹ ਬਾਲਗ ਮਰਦਾਂ ਨਾਲ ਹੋਏ ਸਨ।

ਅਨਾਸਤਾਸੀਆ ਲਾਅ ਕਹਿੰਦੇ ਹਨ, "ਇੱਕ ਸੰਘੀ ਕਾਨੂੰਨ ਉਨ੍ਹਾਂ ਚੋਰ-ਮੋਰੀਆਂ ਨੂੰ ਬੰਦ ਕਰ ਦੇਵੇਗਾ ਜੋ ਇਸ ਵੇਲੇ ਵਿਆਹ ਦੇ ਨਾਮ 'ਤੇ ਬਾਲ ਵਿਆਹ ਅਤੇ ਬਾਲ ਤਸਕਰੀ ਦੀ ਇਜਾਜ਼ਤ ਦਿੰਦਆਂ ਹਨ ਅਤੇ ਇਸ ਨੂੰ ਉਤਸ਼ਾਹਿਤ ਕਰਦੀਆਂ ਹਨ।"

'ਮੈਂ ਅੱਜ ਵੀ ਇਕੱਲੇਪਣ ਨਾਲ ਜੂਝ ਰਹੀ ਹਾਂ'

ਵਿਆਹ ਤੋਂ ਬਾਅਦ ਦੇ ਸਾਲਾਂ ਵਿੱਚ, ਲੇਨ ਨੂੰ ਬਹੁਤ ਮੁਸ਼ਕਲ ਫੈਸਲਿਆਂ ਦਾ ਸਾਹਮਣਾ ਕਰਨਾ ਪਿਆ, ਜਿਸ ਵਿੱਚ ਆਪਣੀ ਧੀ ਨੂੰ ਗੋਦ ਦੇਣਾ ਅਤੇ ਆਪਣੇ ਪਤੀ ਤੋਂ ਤਲਾਕ ਲੈਣਾ ਸ਼ਾਮਲ ਸੀ। ਬਾਅਦ ਵਿੱਚ, ਉਸਨੇ ਦੁਬਾਰਾ ਵਿਆਹ ਕੀਤਾ - ਇਸ ਵਾਰ ਆਪਣੀ ਮਰਜ਼ੀ ਨਾਲ।

ਅਮਰੀਕਾ ਵਿੱਚ ਜਬਰੀ ਅਤੇ ਬਾਲ ਵਿਆਹ ਦੇ ਖਿਲਾਫ ਕੰਮ ਕਰਨ ਵਾਲੀਆਂ ਸੰਸਥਾਵਾਂ ਅਨੁਸਾਰ, ਪ੍ਰਭਾਵਿਤ ਕੁੜੀਆਂ ਅਕਸਰ ਇਕੱਲੀਆਂ ਰਹਿ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਸਕੂਲ ਛੱਡਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਉਹ ਆਪਣੇ ਪਤੀਆਂ 'ਤੇ ਹੋਰ ਵੀ ਨਿਰਭਰ ਹੋ ਜਾਂਦੀਆਂ ਹਨ।

ਲੇਨ ਕਹਿੰਦੀ ਹੈ, "ਮੇਰੀ ਪੜ੍ਹਾਈ ਦੇ ਦੋ ਸਾਲ ਖਰਾਬ ਹੋ ਗਏ। ਮੈਂ ਬਾਅਦ ਵਿੱਚ ਪੜ੍ਹਾਈ ਕਰ ਲਈ, ਪਰ ਉਹ ਗੱਲ ਨਹੀਂ ਰਹੀ।"

ਉਹ ਕਹਿੰਦੀ ਹੈ, "ਮੇਰੇ ਪਤੀ ਨੇ ਮੈਨੂੰ ਦੋਸਤ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ। ਮੈਂ ਬਿਲਕੁਲ ਇਕੱਲੀ ਸੀ। ਮੈਂ ਅੱਜ ਵੀ ਇਕੱਲੇਪਣ ਨਾਲ ਜੂਝ ਰਹੀ ਹਾਂ। ਮੈਨੂੰ ਕਿਸੇ ਸਮੂਹ ਨਾਲੋਂ ਇਕੱਲੇ ਰਹਿਣਾ ਜ਼ਿਆਦਾ ਸੁਖਦ ਲਗਦਾ ਹੈ ਕਿਉਂਕਿ ਮੈਨੂੰ ਅੱਜ ਵੀ ਲੋਕਾਂ 'ਤੇ ਭਰੋਸਾ ਕਰਨਾ ਮੁਸ਼ਕਲ ਲੱਗਦਾ ਹੈ।"

2018 ਤੋਂ ਬਾਅਦ, ਸਿਵਲ ਸੁਸਾਇਟੀ ਦੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ, 16 ਸੂਬਿਆਂ ਨੇ ਬਾਲ ਵਿਆਹ 'ਤੇ ਪਾਬੰਦੀ ਲਾਉਣ ਲਈ ਆਪਣੇ ਕਾਨੂੰਨਾਂ ਵਿੱਚ ਬਦਲਾਅ ਕੀਤੇ ਹਨ। ਪਰ ਅਜੇ ਬਹੁਤ ਕੁਝ ਕਰਨਾ ਬਾਕੀ ਹੈ।

ਲੇਨ ਕਹਿੰਦੀ ਹੈ, "ਲੋਕ ਸੋਚਦੇ ਹਨ ਕਿ ਇਹ ਸਿਰਫ਼ ਵਿਕਾਸਸ਼ੀਲ ਦੇਸਾਂ ਜਾਂ ਕੁਝ ਖਾਸ ਧਰਮਾਂ ਵਿੱਚ ਹੁੰਦਾ ਹੈ। ਪਰ ਨਹੀਂ, ਇਹ ਅਮਰੀਕਾ ਵਿੱਚ ਵੀ ਹੁੰਦਾ ਹੈ।"

ਐਕਟਿਵਿਸਟਾਂ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਬਾਲ ਵਿਆਹ ਇੱਕ ਸਮੱਸਿਆ ਹੈ, ਇਸ ਬਾਰੇ ਜਾਗਰੂਕਤਾ ਦੀ ਘਾਟ ਅਤੇ ਡੂੰਘੇ ਲਿੰਗ ਪੱਖਪਾਤ ਕਾਰਨ ਕਾਨੂੰਨੀ ਸੁਧਾਰਾਂ ਨੂੰ ਲਾਗੂ ਕਰਨਾ ਔਖਾ ਹੋ ਜਾਂਦਾ ਹੈ।

ਲੇਨ ਕਹਿੰਦੀ ਹੈ, "ਇਨ੍ਹਾਂ ਮਰਦਾਂ ਲਈ ਵਿਆਹ ਅਪਰਾਧਿਕ ਮਾਮਲਿਆਂ ਤੋਂ ਬਚਣ ਦਾ ਇੱਕ ਤਰੀਕਾ ਹੈ। ਮੈਂ ਕਾਨੂੰਨ ਘੜਨ ਵਾਲਿਆਂ ਨੂੰ ਅਪੀਲ ਕਰਦੀ ਹਾਂ ਕਿ ਉਹ ਇਸ ਦੀ ਇਜਾਜ਼ਤ ਨਾ ਦੇਣ।"

"ਅਤੇ ਜੋ ਲੋਕ ਇਹ ਦਲੀਲ ਦਿੰਦੇ ਹਨ ਕਿ 16 ਜਾਂ 17 ਸਾਲ ਦੀ ਉਮਰ ਵਿੱਚ ਇਹ ਸੱਚਾ ਪਿਆਰ ਹੈ - ਬਹੁਤ ਵਧੀਆ। ਜੇਕਰ ਇਹ ਸੱਚਾ ਪਿਆਰ ਹੈ, ਤਾਂ ਇਹ 18 ਸਾਲ ਦੇ ਹੋਣ 'ਤੇ ਵੀ ਸੱਚਾ ਪਿਆਰ ਹੀ ਰਹੇਗਾ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)