You’re viewing a text-only version of this website that uses less data. View the main version of the website including all images and videos.
ਰਾਮਾਰਾਜੂ ਮੰਟੇਨਾ ਕੌਣ ਹਨ, ਜਿਨ੍ਹਾਂ ਦੀ ਧੀ ਦੇ ਵਿਆਹ 'ਚ ਟਰੰਪ ਜੂਨੀਅਰ, ਜੈਨੀਫਰ ਲੋਪੇਜ਼ ਤੇ ਜਸਟਿਨ ਬੀਬਰ ਪਹੁੰਚੇ
- ਲੇਖਕ, ਪਾਰਾ ਪਦੈਆ
- ਰੋਲ, ਬੀਬੀਸੀ ਪੱਤਰਕਾਰ
ਤੇਲਗੂ ਮੂਲ ਦੀ ਨੇਤਰਾ ਮੰਟੇਨਾ ਅਤੇ ਅਮਰੀਕੀ ਕਾਰੋਬਾਰੀ ਵਾਮਸੀ ਗਾਦੀਰਾਜੂ ਨੇ ਉਦੈਪੁਰ ਵਿੱਚ ਵਿਆਹ ਕਰਵਾਇਆ। ਵਿਆਹ ਦੀਆਂ ਵੀਡੀਓਜ਼ ਅਤੇ ਫੋਟੋਆਂ ਇਵੈਂਟ ਮੈਨੇਜਮੈਂਟ ਕੰਪਨੀ ਵਿਜ਼ਕ੍ਰਾਫਟ ਐਂਟਰਟੇਨਮੈਂਟ ਏਜੰਸੀ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀਆਂ ਗਈਆਂ ਸਨ।
ਰਾਜਸਥਾਨ ਦੇ ਉਦੈਪੁਰ ਵਿੱਚ ਹੋਏ ਇਸ ਹਾਈ-ਪ੍ਰੋਫਾਈਲ ਵਿਆਹ ਵਿੱਚ ਭਾਰਤੀ ਤੇ ਵਿਦੇਸ਼ੀ ਸੈਲੀਬ੍ਰਿਟੀਆਂ ਨੇ ਸ਼ਿਰਕਤ ਕੀਤੀ। ਦੁਲਹਨ ਨੇਤਰਾ ਮੰਟੇਨਾ, ਪਦਮਜਾ ਅਤੇ ਰਾਮਾ ਰਾਜੂ ਮੰਟੇਨਾ ਦੀ ਧੀ ਹੈ। ਅਮਰੀਕੀ ਫਾਰਮਾ ਇੰਡਸਟਰੀ ਵਿੱਚ ਰਾਮਾਰਾਜੂ ਮੰਟੇਨਾ ਦਾ ਬਹੁਤ ਵੱਡਾ ਨਾਮ ਹੈ।
ਲਾੜਾ ਵਾਮਸੀ ਗਾਦੀਰਾਜੂ 'ਸੁਪਰ ਆਰਡਰ' ਐਪ ਦੇ ਸਹਿ-ਸੰਸਥਾਪਕ ਹਨ। ਇਹ ਕੰਪਨੀ ਰੈਸਟੋਰੈਂਟਸ ਤੋਂ ਖਾਣਾ ਡਿਲੀਵਰ ਕਰਨ ਅਤੇ ਟੇਕਅਵੇ ਦੀ ਸੇਵਾ ਦਿੰਦੀ ਹੈ।
ਵਾਮਸੀ ਗਾਦੀਰਾਜੂ ਦੀ ਲਿੰਕਡਇਨ ਪ੍ਰੋਫਾਈਲ ਦੇ ਮੁਤਾਬਕ ਉਨ੍ਹਾਂ ਨੇ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ ਅਤੇ ਹਾਲ ਹੀ ਵਿੱਚ ਉਹ ਫੋਰਬਸ ਅੰਡਰ 30 ਸੂਚੀ ਵਿੱਚ ਵੀ ਸ਼ਾਮਲ ਹੋਏ ਹਨ।
ਨੇਤਰਾ ਮੰਟੇਨਾ ਅਤੇ ਵਾਮਸੀ ਗਾਦੀਰਾਜੂ ਦਾ ਵਿਆਹ ਉਦੈਪੁਰ ਦੇ ਜਗਮੰਦਿਰ ਆਈਲੈਂਡ ਪੈਲੇਸ ਵਿੱਚ ਹੋਇਆ। ਇਹ 17ਵੀਂ ਸਦੀ ਦਾ ਮਹਿਲ ਹੁਣ ਇੱਕ ਲਗਜ਼ਰੀ ਹੋਟਲ ਅਤੇ ਡੈਸਟੀਨੇਸ਼ਨ ਵੈਡਿੰਗ ਵੈਨਿਊ ਬਣ ਗਿਆ ਹੈ।
ਇਸ ਸ਼ਾਨਦਾਰ ਵਿਆਹ ਲਈ ਹੋਟਲ ਦੇ ਛੇ ਬਾਹਰੀ ਖੁੱਲ੍ਹੇ ਖੇਤਰਾਂ ਨੂੰ ਫੁੱਲਾਂ ਨਾਲ ਬਹੁਤ ਸੋਹਣੇ ਢੰਗ ਨਾਲ ਸਜਾਇਆ ਗਿਆ ਸੀ।
ਰਾਮਾਰਾਜੂ ਮੰਟੇਨਾ ਕੌਣ ਹਨ?
ਰਾਮਾਰਾਜੂ ਮੰਟੇਨਾ ਤੇਲਗੂ ਮੂਲ ਦੇ ਇੱਕ ਵੱਡੇ ਅਮਰੀਕੀ ਉਦਯੋਗਪਤੀ ਹਨ। ਉਹ ਇੰਜੀਨੀਅਸ ਫਾਰਮਾਸਿਊਟੀਕਲਜ਼ ਦੇ ਚੇਅਰਮੈਨ ਹਨ। ਇਹ ਕੰਪਨੀ ਅਮਰੀਕਾ, ਸਵਿਟਜ਼ਰਲੈਂਡ ਅਤੇ ਭਾਰਤ ਵਿੱਚ ਕੰਮ ਕਰਦੀ ਹੈ।
ਰਾਮਾਰਾਜੂ ਮੰਟੇਨਾ ਦਾ ਜਨਮ ਪੱਛਮੀ ਗੋਦਾਵਰੀ ਜ਼ਿਲ੍ਹੇ ਦੇ ਜੁਵਵਾਲਾ ਪਾਲੇਮ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੀ ਪੜ੍ਹਾਈ ਵਿਜੇਵਾੜਾ ਵਿੱਚ ਕੀਤੀ।
ਉਨ੍ਹਾਂ ਦੇ ਮਾਮਾ ਗੋਕਾਰਾਜੂ ਰਾਮੂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਜਵਾਹਰਲਾਲ ਨਹਿਰੂ ਟੈਕਨੋਲੋਜੀਕਲ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਦੀ ਡਿਗਰੀ ਕੀਤੀ।
ਰਾਮਾਰਾਜੂ ਮੰਟੇਨਾ ਉੱਚ ਸਿੱਖਿਆ ਹਾਸਲ ਕਰਨ ਦੇ ਲਈ 1980 ਦੇ ਦਹਾਕੇ 'ਚ ਅਮਰੀਕਾ ਚਲੇ ਗਏ ਸਨ। ਉੱਥੇ ਰਾਮਾਰਾਜੂ ਨੇ ਯੂਨੀਵਰਸਿਟੀ ਆਫ਼ ਮੈਰੀਲੈਂਡ ਤੋਂ ਕਲੀਨਿਕਲ ਫਾਰਮੇਸੀ ਦੀ ਡਿਗਰੀ ਹਾਸਲ ਕੀਤੀ। ਕਈ ਫਾਰਮਾ ਕੰਪਨੀਆਂ ਵਿੱਚ ਕੁਝ ਸਮਾਂ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣਾ ਖੁਦ ਦਾ ਕਾਰੋਬਾਰ ਸ਼ੁਰੂ ਕੀਤਾ।
ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਲੋਰੀਡਾ ਵਿੱਚ ਪੀ4 ਹੈਲਥਕੇਅਰ ਦੇ ਸੀਈਓ ਵਜੋਂ ਵਜੋਂ ਕੀਤੀ। ਬਾਅਦ ਵਿੱਚ ਉਨ੍ਹਾਂ ਨੇ ਆਈਸੀਓਆਰਈ ਹੈਲਥਕੇਅਰ ਕੰਪਨੀ ਦੀ ਸਥਾਪਨਾ ਕੀਤੀ।
ਰਾਮਾਰਾਜੂ ਮੰਟੇਨਾ ਦਾ ਵਿਆਹ ਸਾਬਕਾ ਸੰਸਦ ਮੈਂਬਰ ਗੋਕਾਰਾਜੂ ਗੰਗਾਰਾਜੂ ਦੀ ਇਕਲੌਤੀ ਧੀ ਪਦਮਜਾ ਨਾਲ ਹੋਇਆ ਹੈ। ਰਾਮਾਰਾਜੂ ਮੰਟੇਨਾ ਅਤੇ ਪਦਮਜਾ ਦਾ ਇੱਕ ਲੜਕਾ ਅਤੇ ਇੱਕ ਲੜਕੀ ਹੈ।
ਰਾਮਾਰਾਜੂ ਮੰਟੇਨਾ 2017 ਵਿੱਚ ਤਿਰੂਮਾਲਾ ਆਏ ਸਨ ਜਿੱਥੇ ਉਨ੍ਹਾਂ ਨੇ ਸ਼੍ਰੀ ਵੈਂਕਟੇਸਵਰਾ ਸਵਾਮੀ ਦੇ ਦਰਸ਼ਨ ਕੀਤੇ। ਉਸ ਸਮੇਂ ਉਨ੍ਹਾਂ ਨੇ ਸਵਾਮੀ ਜੀ ਨੂੰ ਸਹਸ੍ਰਾ ਨਾਮਾ ਕਾਸੁਲਾ ਹਾਰ ਭੇਂਟ ਕੀਤਾ ਸੀ। ਇਹ ਸੁਨਹਿਰੀ ਹਾਰ 28 ਕਿਲੋਗ੍ਰਾਮ ਦਾ ਸੀ ਜੋ 1008 ਸੋਨੇ ਦੇ ਸਿੱਕਿਆਂ ਨਾਲ ਬਣਿਆ ਹੋਇਆ ਸੀ ਤੇ ਹਰ ਸਿੱਕੇ 'ਤੇ ਸ੍ਰੀਨਿਵਾਸ ਦਾ ਨਾਮ ਉਕੇਰਿਆ ਹੋਇਆ ਸੀ।
ਅਮਰੀਕੀ ਮੀਡੀਆ ਉਨ੍ਹਾਂ ਨੂੰ ਬਿਲੀਅਨੀਅਰ ਕਹਿੰਦੇ ਹਨ। ਹਾਲਾਂਕਿ ਉਪਲਬਧ ਅੰਕੜਿਆਂ ਅਨੁਸਾਰ, ਉਨ੍ਹਾਂ ਦੀ ਨੈੱਟ ਵਰਥ ਲਗਭਗ 167 ਕਰੋੜ ਰੁਪਏ ਦੇ ਆਸ-ਪਾਸ ਹੈ। 2023 ਵਿੱਚ ਅਮਰੀਕੀ ਮੀਡੀਆ ਵਿੱਚ ਖਬਰਾਂ ਆਈਆਂ ਸਨ ਕਿ ਉਨ੍ਹਾਂ ਨੇ ਫਲੋਰੀਡਾ ਵਿੱਚ 400 ਕਰੋੜ ਰੁਪਏ ਦੀ ਇੱਕ ਲਗਜ਼ਰੀ ਜਾਇਦਾਦ ਖਰੀਦੀ ਹੈ। ਬੀਬੀਸੀ ਵੱਲੋਂ ਇਸ ਤੱਥ ਦੀ ਪੁਸ਼ਟੀ ਨਹੀਂ ਕੀਤੀ ਗਈ।
40 ਦੇਸ਼ਾਂ ਤੋਂ ਆਏ ਮਹਿਮਾਨ
ਨੇਤਰਾ ਮੰਟੇਨਾ ਅਤੇ ਵਾਮਸੀ ਗਾਦੀਰਾਜੂ ਦੇ ਵਿਆਹ ਵਿੱਚ 40 ਦੇਸ਼ਾਂ ਤੋਂ 126 ਮਹਿਮਾਨ ਸ਼ਾਮਲ ਹੋਏ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੁੱਤਰ ਜੂਨੀਅਰ ਟਰੰਪ ਆਪਣੀ ਗਰਲਫ੍ਰੈਂਡ ਨਾਲ ਵਿਆਹ ਸਮਾਗਮ 'ਚ ਪਹੁੰਚੇ ਸਨ।
ਅੰਤਰਰਾਸ਼ਟਰੀ ਕਲਾਕਾਰਾਂ ਜਿਵੇਂ ਜਸਟਿਨ ਬੀਬਰ, ਜੈਨੀਫਰ ਲੋਪੇਜ਼, ਟੀਏਸਟੋ, ਬਲੈਕ ਕੌਫੀ, ਸਰਕ ਡੁ ਸੋਲੇਇਲ ਅਤੇ ਡੀਜੇ ਅਮਨ ਨਾਗਪਾਲ ਨੇ ਆਪਣੀਆਂ ਪ੍ਰਦਰਸ਼ਨੀਆਂ ਨਾਲ ਮਹਿਮਾਨਾਂ ਨੂੰ ਮਨੋਰੰਜਨ ਕੀਤਾ।
ਵਿਆਹ ਦੀਆਂ ਰਸਮਾਂ 21 ਨਵੰਬਰ ਨੂੰ ਸੰਗੀਤ ਨਾਲ ਸ਼ੁਰੂ ਹੋਈਆਂ। ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਮੁਤਾਬਕ ਬਾਲੀਵੁੱਡ ਸਿਤਾਰਿਆਂ ਵਰੁਣ ਧਵਨ, ਜਾਨ੍ਹਵੀ ਕਪੂਰ, ਰਣਵੀਰ ਸਿੰਘ ਅਤੇ ਸ਼ਾਹਿਦ ਕਪੂਰ ਨੇ ਆਪਣੀ ਡਾਂਸ ਪਰਫਾਰਮੈਂਸ ਨਾਲ ਵਿਆਹ ਦੀਆਂ ਰੌਣਕਾਂ ਨੂੰ ਹੋਰ ਵਧਾਇਆ।
ਸੰਗੀਤ ਪ੍ਰੋਗਰਾਮ ਸ਼ੁੱਕਰਵਾਰ ਰਾਤ ਨੂੰ ਮਾਣਕ ਚੌਕ ਸਿਟੀ ਪੈਲੇਸ ਵਿੱਚ ਹੋਇਆ। ਬਾਲੀਵੁੱਡ ਅਦਾਕਾਰ ਰਣਵੀਰ ਕਪੂਰ ਨੇ ਇਵੈਂਟ ਵਿੱਚ ਆਪਣੀਆਂ ਫਿਲਮਾਂ ਦੇ ਗੀਤਾਂ 'ਤੇ ਡਾਂਸ ਕੀਤਾ। ਵੀਡੀਓਜ਼ ਵਿੱਚ ਰਾਮਾਰਾਜੂ ਮੰਟੇਨਾ ਅਤੇ ਉਨ੍ਹਾਂ ਦੀ ਪਤਨੀ ਨੂੰ ਰਣਵੀਰ ਕਪੂਰ ਨਾਲ ਨੱਚਦੇ ਹੋਏ ਦੇਖਿਆ ਗਿਆ ਹੈ।
ਮਹਿੰਦੀ ਸਮਾਗਮ ਵਿੱਚ ਮਾਧੁਰੀ ਦੀਕਸ਼ਿਤ ਅਤੇ ਨੌਰਾ ਫ਼ਤੇਹੀ ਨੇ ਵੀ ਡਾਂਸ ਕਰਕੇ ਮਹਿਮਾਨਾਂ ਦਾ ਮਨੋਰੰਜਨ ਕੀਤਾ। ਮਾਧੁਰੀ ਨੇ ਫਿਲਮ 'ਦੇਵਦਾਸ' ਦੇ 'ਡੋਲਾਰੇ-ਡੋਲਾਰੇ' ਗੀਤ 'ਤੇ ਨਾਚ ਕੀਤਾ।
ਗਾਇਕਾ ਅਤੇ ਅਦਾਕਾਰਾ ਜੈਨਿਫਰ ਲੋਪੇਜ਼ ਨੇ ਆਪਣੇ ਹਿੱਟ ਗੀਤਾਂ ਨਾਲ ਵਿਆਹ ਦੇ ਦਿਨ ਮਾਹੌਲ ਨੂੰ ਹੋਰ ਵੀ ਰੌਣਕਦਾਰ ਬਣਾ ਦਿੱਤਾ।
ਟੌਲੀਵੁੱਡ ਸਟਾਰ ਰਾਮ ਚਰਨ ਵੀ ਇਸ ਵਿਆਹ ਵਿੱਚ ਹਾਜ਼ਰ ਸਨ।
ਵਿਸ਼ੇਸ਼ ਪ੍ਰਬੰਧ
ਪਿਚੋਲਾ ਝੀਲ 'ਤੇ ਸਥਿਤ ਜਗਮੰਦਰ ਆਇਲੈਂਡ ਪੈਲੇਸ ਨੂੰ ਖਾਸ ਤੌਰ 'ਤੇ ਇਸ ਵਿਲੱਖਣ ਡੈਸਟੀਨੇਸ਼ਨ ਵੈਡਿੰਗ ਲਈ ਤਿਆਰ ਕੀਤਾ ਗਿਆ ਸੀ।
ਹਲਦੀ ਅਤੇ ਸੰਗੀਤ ਦੀਆਂ ਰਸਮਾਂ ਤਾਜ ਲੇਕ ਪੈਲੇਸ ਵਿੱਚ ਹੋਈਆਂ। ਕਰਨ ਜੌਹਰ ਅਤੇ ਸੋਫੀ ਚੌਧਰੀ ਇਸ ਸਮਾਗਮ ਦੇ ਖਾਸ ਮਹਿਮਾਨ ਸਨ।
ਜਦੋਂ ਰਣਵੀਰ ਸਿੰਘ ਨੇ ਸੰਗੀਤ ਸਮਾਰੋਹ ਦੌਰਾਨ ਡਾਂਸ ਤੇ ਗਾਣਾ ਸ਼ੁਰੂ ਕੀਤਾ ਤਾਂ ਡੋਨਾਲਡ ਟਰੰਪ ਜੂਨੀਅਰ ਨੂੰ ਉਨ੍ਹਾਂ ਦੀ ਪ੍ਰੇਮਿਕਾ ਸਮੇਤ ਡਾਂਸ ਫਲੋਰ 'ਤੇ ਲੈ ਆਏ। ਫਿਰ ਸਾਰੇ ਹਾਲ ਵਿੱਚ ਤਾਲੀਆਂ ਦੀ ਗੂੰਜਾਂ ਸੁਣਾਈ ਦੇਣ ਲੱਗੀ ਤੇ ਪੂਰਾ ਹਾਲ ਖੁਸ਼ੀ ਨਾਲ ਭਰ ਗਿਆ।
ਮਹਿੰਦੀ ਦੀਆਂ ਰਸਮਾਂ ਸ਼ਨੀਵਾਰ ਨੂੰ ਮਾਣਕ ਚੌਕ 'ਚ ਹੋਈਆਂ।
ਸਿਟੀ ਪੈਲੇਸ ਵਿੱਚ ਸਾਰਾ ਪ੍ਰੋਗਰਾਮ ਸ਼ਾਹੀ ਅੰਦਾਜ਼ ਨਾਲ ਆਯੋਜਿਤ ਕੀਤਾ ਗਿਆ।
ਕਈ ਸਥਾਨਕ ਲੋਕਾਂ ਨੇ ਕਿਹਾ ਕਿ 2025 ਵਿੱਚ ਨੇਤਰਾ ਮੰਟੇਨਾ ਅਤੇ ਵਾਮਸੀ ਗਾਦੀਰਾਜੂ ਦਾ ਵਿਆਹ ਵੇਖ ਕੇ ਉਨ੍ਹਾਂ ਨੂੰ 2024 ਵਿੱਚ ਹੋਏ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਵਾਲਾ ਵਿਆਹ ਯਾਦ ਆ ਗਿਆ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ