ਪਾਲਕ ਪਨੀਰ ਨੇ ਕਿਵੇਂ ਭਾਰਤੀ ਜੋੜੇ ਨੂੰ ਅਮਰੀਕਾ ਦੀ ਯੂਨੀਵਰਸਿਟੀ ਤੋਂ ਦਵਾਇਆ 2,00,000 ਡਾਲਰ ਦਾ ਮੁਆਵਜ਼ਾ

    • ਲੇਖਕ, ਚੈਰੀਲਨ ਮੋਲਨ
    • ਰੋਲ, ਬੀਬੀਸੀ ਪੱਤਰਕਾਰ

ਮਾਈਕ੍ਰੋਵੇਵ ਵਿੱਚ ਖਾਣਾ ਗਰਮ ਕਰਨ ਨੂੰ ਲੈ ਕੇ ਸ਼ੁਰੂ ਹੋਇਆ ਇੱਕ ਵਿਵਾਦ ਦੋ ਭਾਰਤੀ ਵਿਦਿਆਰਥੀਆਂ ਵੱਲੋਂ ਅਮਰੀਕਾ ਦੀ ਇੱਕ ਯੂਨੀਵਰਸਿਟੀ ਤੋਂ 2,00,000 ਡਾਲਰ (ਲਗਭਗ 1.6 ਕਰੋੜ ਰੁਪਏ) ਦਾ ਸਮਝੌਤਾ ਜਿੱਤਣ ਨਾਲ ਖਤਮ ਹੋ ਗਿਆ।

ਆਦਿਤਿਆ ਪ੍ਰਕਾਸ਼ ਅਤੇ ਉਨ੍ਹਾਂ ਦੀ ਮੰਗੇਤਰ ਉਰਮੀ ਭੱਟਾਚਾਰੀਆ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਯੂਨੀਵਰਸਿਟੀ ਆਫ ਕੋਲੋਰਾਡੋ, ਬੋਲਡਰ ਵਿਰੁੱਧ ਸਿਵਲ ਰਾਈਟਸ (ਨਾਗਰਿਕ ਅਧਿਕਾਰਾਂ) ਦਾ ਮੁਕੱਦਮਾ ਦਾਇਰ ਕੀਤਾ ਸੀ।

ਇਹ ਕਦਮ ਉਨ੍ਹਾਂ ਨੇ ਮਾਈਕ੍ਰੋਵੇਵ ਵਾਲੀ ਘਟਨਾ ਤੋਂ ਬਾਅਦ ਲਗਾਤਾਰ ਹੋਏ "ਛੋਟੇ ਛੋਟੇ ਹਮਲਿਆਂ ਅਤੇ ਬਦਲਾਖੋਰੀ ਵਾਲੀ ਕਾਰਵਾਈਆਂ" ਦਾ ਸਾਹਮਣਾ ਕਰਨ ਤੋਂ ਬਾਅਦ ਚੁੱਕਿਆ ਸੀ।

ਮੁਕੱਦਮੇ ਵਿੱਚ ਇਲਜ਼ਾਮ ਲਾਇਆ ਗਿਆ ਹੈ ਕਿ ਇਹ ਪਰੇਸ਼ਾਨੀ ਉਦੋਂ ਸ਼ੁਰੂ ਹੋਈ ਜਦੋਂ ਯੂਨੀਵਰਸਿਟੀ ਦੇ ਇੱਕ ਸਟਾਫ ਮੈਂਬਰ ਨੇ ਆਦਿਤਿਆ ਪ੍ਰਕਾਸ਼ ਵੱਲੋਂ ਦੁਪਹਿਰ ਦੇ ਖਾਣੇ ਵਿੱਚ ਪਾਲਕ ਪਨੀਰ ਗਰਮ ਕਰਨ 'ਤੇ ਇਤਰਾਜ਼ ਜਤਾਇਆ। ਸਟਾਫ ਮੈਂਬਰ ਦਾ ਕਹਿਣਾ ਸੀ ਕਿ ਇਸ ਖਾਣੇ ਵਿੱਚੋਂ ਆਉਣ ਵਾਲੀ ਮਹਿਕ ਕਾਰਨ ਉਸ ਨੂੰ ਦਿੱਕਤ ਹੈ।

ਯੂਨੀਵਰਸਿਟੀ ਦਾ ਪੱਖ

ਬੀਬੀਸੀ ਦੇ ਸਵਾਲਾਂ ਦੇ ਜਵਾਬ ਵਿੱਚ ਯੂਨੀਵਰਸਿਟੀ ਨੇ ਕਿਹਾ ਕਿ ਨਿੱਜਤਾ ਕਾਨੂੰਨਾਂ ਕਾਰਨ ਉਹ ਵਿਦਿਆਰਥੀਆਂ ਦੇ ਵਿਤਕਰੇ ਅਤੇ ਪਰੇਸ਼ਾਨੀ ਦੇ ਦਾਅਵਿਆਂ ਨਾਲ ਜੁੜੇ ਖਾਸ ਹਾਲਾਤਾਂ 'ਤੇ ਟਿੱਪਣੀ ਨਹੀਂ ਕਰ ਸਕਦੇ। ਹਾਲਾਂਕਿ, ਉਨ੍ਹਾਂ ਨੇ ਅੱਗੇ ਕਿਹਾ, "ਅਸੀਂ ਸਾਰੇ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ ਲਈ ਇੱਕ ਸੁਖਾਵਾਂ ਮਾਹੌਲ ਬਣਾਉਣ ਲਈ ਵਚਨਬੱਧ ਹਾਂ, ਚਾਹੇ ਉਹ ਕਿਸੇ ਵੀ ਰਾਸ਼ਟਰੀ ਮੂਲ, ਧਰਮ ਜਾਂ ਸਭਿਆਚਾਰ ਨਾਲ ਸਬੰਧਿਤ ਹੋਣ।"

ਯੂਨੀਵਰਸਿਟੀ ਨੇ ਅੱਗੇ ਸਪੱਸ਼ਟ ਕੀਤਾ ਕਿ ਜਦੋਂ 2023 ਵਿੱਚ ਇਹ ਇਲਜ਼ਾਮ ਲੱਗੇ ਸਨ, ਉਨ੍ਹਾਂ ਨੇ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਸੀ। ਉਨ੍ਹਾਂ ਨੇ ਸਤੰਬਰ 2025 ਵਿੱਚ ਵਿਦਿਆਰਥੀਆਂ ਨਾਲ ਇੱਕ ਸਮਝੌਤਾ ਕੀਤਾ ਹੈ, ਪਰ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਦੇਣਦਾਰੀ ਤੋਂ ਇਨਕਾਰ ਕੀਤਾ ਹੈ।

ਆਦਿਤਿਆ ਪ੍ਰਕਾਸ਼ ਨੇ ਕੀ ਕਿਹਾ

ਆਦਿਤਿਆ ਪ੍ਰਕਾਸ਼ ਨੇ ਕਿਹਾ ਕਿ ਉਨ੍ਹਾਂ ਲਈ ਇਸ ਮੁਕੱਦਮੇ ਦਾ ਮਕਸਦ ਪੈਸਾ ਨਹੀਂ ਸੀ। ਉਨ੍ਹਾਂ ਕਿਹਾ, "ਇਹ ਇੱਕ ਗੱਲ ਸਾਬਤ ਕਰਨ ਬਾਰੇ ਸੀ ਕਿ ਭਾਰਤੀਆਂ ਨਾਲ ਉਨ੍ਹਾਂ ਦੇ ਇੰਡੀਅਨ ਹੋਣ ਕਾਰਨ ਵਿਤਕਰਾ ਕਰਨ ਦੇ ਨਤੀਜੇ ਭੁਗਤਣੇ ਪੈ ਸਕਦੇ ਹਨ।"

ਪਿਛਲੇ ਹਫ਼ਤੇ ਖ਼ਬਰਾਂ ਵਿੱਚ ਆਉਣ ਤੋਂ ਬਾਅਦ ਇਸ ਮਾਮਲੇ ਨੇ ਭਾਰਤ ਵਿੱਚ ਕਾਫੀ ਚਰਚਾ ਛੇੜ ਦਿੱਤੀ ਹੈ। ਇਸ ਨੂੰ ਪੱਛਮੀ ਦੇਸ਼ਾਂ ਵਿੱਚ "ਫੂਡ ਰੇਸਿਜ਼ਮ" ਵਜੋਂ ਦੇਖਿਆ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਕਈ ਭਾਰਤੀਆਂ ਨੇ ਵਿਦੇਸ਼ਾਂ ਵਿੱਚ ਆਪਣੇ ਖਾਣ-ਪੀਣ ਦੀਆਂ ਆਦਤਾਂ ਕਾਰਨ ਹੋਏ ਮਜ਼ਾਕ ਜਾਂ ਵਿਤਕਰੇ ਦੇ ਤਜ਼ਰਬੇ ਸਾਂਝੇ ਕੀਤੇ ਹਨ।

'ਭਾਰਤ ਵਿੱਚ ਵੀ ਹੁੰਦਾ ਹੈ ਅਜਿਹਾ ਵਿਤਕਰਾ'

ਕੁਝ ਲੋਕਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਭੋਜਨ ਨੂੰ ਲੈ ਕੇ ਵਿਤਕਰਾ ਭਾਰਤ ਵਿੱਚ ਵੀ ਆਮ ਹੈ। ਇੱਥੇ ਕਈ ਸਕੂਲਾਂ ਅਤੇ ਕਾਲਜਾਂ ਵਿੱਚ ਮਾਸਾਹਾਰੀ ਭੋਜਨ ਨੂੰ ਅਸ਼ੁੱਧ ਮੰਨ ਕੇ ਬੈਨ ਕੀਤਾ ਜਾਂਦਾ ਹੈ।

ਪੱਛੜੀਆਂ ਜਾਤੀਆਂ ਅਤੇ ਉੱਤਰ-ਪੂਰਬੀ ਰਾਜਾਂ ਦੇ ਲੋਕਾਂ ਨੂੰ ਅਕਸਰ ਉਨ੍ਹਾਂ ਦੇ ਭੋਜਨ ਅਤੇ ਉਸ ਵਿੱਚ ਵਰਤੇ ਜਾਣ ਵਾਲੇ ਮਸਾਲਿਆਂ ਦੀ ਮਹਿਕ ਕਾਰਨ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ।

ਸਿਰਫ਼ ਭਾਰਤੀ ਹੀ ਨਹੀਂ, ਸਗੋਂ ਅਫਰੀਕਾ, ਲਾਤੀਨੀ ਅਮਰੀਕਾ ਅਤੇ ਏਸ਼ੀਆ ਦੇ ਹੋਰ ਹਿੱਸਿਆਂ ਦੇ ਭਾਈਚਾਰਿਆਂ ਨੇ ਵੀ ਆਪਣੇ ਖਾਣੇ ਕਾਰਨ ਸ਼ਰਮਿੰਦਾ ਕੀਤੇ ਜਾਣ ਦੇ ਅਨੁਭਵ ਸਾਂਝੇ ਕੀਤੇ ਹਨ।

ਕੀ ਹੈ ਪੂਰਾ ਮਾਮਲਾ

ਆਦਿਤਿਆ ਪ੍ਰਕਾਸ਼ ਅਤੇ ਉਰਮੀ ਭੱਟਾਚਾਰੀਆ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਮੁਸੀਬਤ ਸਤੰਬਰ 2023 ਵਿੱਚ ਸ਼ੁਰੂ ਹੋਈ ਸੀ।

ਯੂਨੀਵਰਸਿਟੀ ਦੇ ਐਂਥਰੋਪੋਲੋਜੀ ਵਿਭਾਗ ਵਿੱਚ ਪੀਐਚਡੀ ਦੇ ਵਿਦਿਆਰਥੀ ਪ੍ਰਕਾਸ਼, ਜਦੋਂ ਮਾਈਕ੍ਰੋਵੇਵ ਵਿੱਚ ਪਾਲਕ ਪਨੀਰ ਗਰਮ ਕਰ ਰਹੇ ਸਨ ਤਾਂ ਕਥਿਤ ਤੌਰ 'ਤੇ ਇੱਕ ਬ੍ਰਿਟਿਸ਼ ਸਟਾਫ ਮੈਂਬਰ ਨੇ ਟਿੱਪਣੀ ਕੀਤੀ ਕਿ ਉਨ੍ਹਾਂ ਦੇ ਖਾਣੇ ਵਿੱਚੋਂ 'ਤੀਖੀ ਗੰਧ' ਆ ਰਹੀ ਹੈ। ਉਸ ਨੇ ਪ੍ਰਕਾਸ਼ ਨੂੰ ਕਿਹਾ ਕਿ ਉਸ ਮਾਈਕ੍ਰੋਵੇਵ ਵਿੱਚ ਤੇਜ਼ ਗੰਧ ਵਾਲਾ ਭੋਜਨ ਗਰਮ ਕਰਨ ਵਿਰੁੱਧ ਇੱਕ ਨਿਯਮ ਹੈ।

ਪ੍ਰਕਾਸ਼ ਨੇ ਦੱਸਿਆ ਕਿ ਅਜਿਹਾ ਕੋਈ ਵੀ ਨਿਯਮ ਕਿਤੇ ਲਿਖਿਆ ਹੋਇਆ ਨਹੀਂ ਸੀ। ਜਦੋਂ ਉਨ੍ਹਾਂ ਨੇ ਬਾਅਦ ਵਿੱਚ ਪੁੱਛਿਆ ਕਿ ਕਿਹੜੇ ਭੋਜਨ ਨੂੰ ਤੀਖੀ ਗੰਧ ਵਾਲਾ ਮੰਨਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਸੈਂਡਵਿਚ ਅਜਿਹੇ ਨਹੀਂ ਹਨ, ਪਰ ਕਰੀ (ਸਬਜ਼ੀ) ਤੀਖੀ ਗੰਧ ਵਾਲੀ ਹੈ।

ਪ੍ਰਕਾਸ਼ ਨੇ ਇਲਜ਼ਾਮ ਲਾਇਆ ਕਿ ਇਸ ਬਹਿਸ ਤੋਂ ਬਾਅਦ ਯੂਨੀਵਰਸਿਟੀ ਵੱਲੋਂ ਕਈ ਅਜਿਹੀਆਂ ਕਾਰਵਾਈਆਂ ਕੀਤੀਆਂ ਗਈਆਂ ਜਿਸ ਕਾਰਨ ਉਨ੍ਹਾਂ ਨੂੰ ਅਤੇ ਉਰਮੀ ਭੱਟਾਚਾਰੀਆ ਜੋ ਉੱਥੇ ਪੀਐਚਡੀ ਦੀ ਵਿਦਿਆਰਥਣ ਸੀ, ਨੂੰ ਆਪਣੀ ਰਿਸਰਚ ਫੰਡਿੰਗ, ਪੜ੍ਹਾਉਣ ਦੀਆਂ ਭੂਮਿਕਾਵਾਂ ਅਤੇ ਉਨ੍ਹਾਂ ਪੀਐਚਡੀ ਸਲਾਹਕਾਰਾਂ ਤੋਂ ਵੀ ਹੱਥ ਧੋਣੇ ਪਏ ਜਿਨ੍ਹਾਂ ਨਾਲ ਉਹ ਮਹੀਨਿਆਂ ਤੋਂ ਕੰਮ ਕਰ ਰਹੇ ਸਨ।

ਮਈ 2025 ਵਿੱਚ ਪ੍ਰਕਾਸ਼ ਅਤੇ ਉਰਮੀ ਭੱਟਾਚਾਰੀਆ ਨੇ ਯੂਨੀਵਰਸਿਟੀ ਵਿਰੁੱਧ ਵਿਤਕਰੇ ਭਰੇ ਸਲੂਕ ਅਤੇ ਉਨ੍ਹਾਂ ਦੇ ਖਿਲਾਫ ਲਗਾਤਾਰ ਵਧਦੀ ਬਦਲਾਖੋਰੀ ਦਾ ਦੋਸ਼ ਲਗਾਉਂਦੇ ਹੋਏ ਮੁਕੱਦਮਾ ਦਾਇਰ ਕੀਤਾ।

ਸਤੰਬਰ ਵਿੱਚ ਯੂਨੀਵਰਸਿਟੀ ਨੇ ਇਸ ਮੁਕੱਦਮੇ ਦਾ ਨਿਪਟਾਰਾ ਕਰ ਲਿਆ। ਅਜਿਹੇ ਸਮਝੌਤੇ ਆਮ ਤੌਰ 'ਤੇ ਦੋਵਾਂ ਧਿਰਾਂ ਲਈ ਲੰਬੀਆਂ ਅਤੇ ਮਹਿੰਗੀਆਂ ਅਦਾਲਤੀ ਲੜਾਈਆਂ ਤੋਂ ਬਚਣ ਲਈ ਕੀਤੇ ਜਾਂਦੇ ਹਨ।

ਸੈਟਲਮੈਂਟ ਦੀਆਂ ਸ਼ਰਤਾਂ ਅਨੁਸਾਰ, ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਡਿਗਰੀਆਂ ਦੇਣ ਲਈ ਸਹਿਮਤੀ ਦਿੱਤੀ ਪਰ ਸਾਰੀਆਂ ਜ਼ਿੰਮੇਵਾਰੀਆਂ ਨੂੰ ਨਕਾਰ ਦਿੱਤਾ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਉੱਥੇ ਪੜ੍ਹਨ ਜਾਂ ਕੰਮ ਕਰਨ ਤੋਂ ਵੀ ਰੋਕ ਦਿੱਤਾ।

ਬੀਬੀਸੀ ਨਾਲ ਸਾਂਝੇ ਕੀਤੇ ਆਪਣੇ ਬਿਆਨ ਵਿੱਚ, ਯੂਨੀਵਰਸਿਟੀ ਨੇ ਅੱਗੇ ਕਿਹਾ "ਸੀਯੂ ਬੋਲਡਰ ਦੇ ਐਂਥਰੋਪੋਲੋਜੀ ਵਿਭਾਗ ਨੇ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ ਵਿਚਕਾਰ ਵਿਸ਼ਵਾਸ ਬਹਾਲ ਕਰਨ ਲਈ ਕੰਮ ਕੀਤਾ ਹੈ। ਹੋਰ ਕੋਸ਼ਿਸ਼ਾਂ ਦੇ ਨਾਲ-ਨਾਲ, ਵਿਭਾਗ ਦੇ ਆਗੂਆਂ ਨੇ ਗ੍ਰੈਜੂਏਟ ਵਿਦਿਆਰਥੀਆਂ ਅਤੇ ਸਟਾਫ ਨਾਲ ਮੁਲਾਕਾਤ ਕੀਤੀ ਤਾਂ ਜੋ ਉਨ੍ਹਾਂ ਦੀਆਂ ਗੱਲਾਂ ਸੁਣੀਆਂ ਜਾ ਸਕਣ ਅਤੇ ਉਨ੍ਹਾਂ ਤਬਦੀਲੀਆਂ ਬਾਰੇ ਚਰਚਾ ਕੀਤੀ ਜਾ ਸਕੇ ਜੋ ਸਾਰਿਆਂ ਲਈ ਇੱਕ ਸੰਮਲਿਤ ਅਤੇ ਸਹਾਇਕ ਮਾਹੌਲ ਬਣਾਉਣ ਵਿੱਚ ਮਦਦਗਾਰ ਹੋਣ।"

ਉਨ੍ਹਾਂ ਇਹ ਵੀ ਕਿਹਾ ਕਿ ਜੋ ਲੋਕ ਵਿਤਕਰੇ ਅਤੇ ਪਰੇਸ਼ਾਨੀ ਨੂੰ ਰੋਕਣ ਵਾਲੀਆਂ ਨੀਤੀਆਂ ਦੀ ਉਲੰਘਣਾ ਲਈ ਜ਼ਿੰਮੇਵਾਰ ਪਾਏ ਜਾਂਦੇ ਹਨ, ਉਨ੍ਹਾਂ ਦੀ ਜਵਾਬਦੇਹੀ ਤੈਅ ਕੀਤੀ ਜਾਂਦੀ ਹੈ।

'ਸਕੂਲੀ ਪੜ੍ਹਾਈ ਦੌਰਾਨ ਵੀ ਹੋਇਆ ਵਿਤਕਰਾ'

ਪ੍ਰਕਾਸ਼ ਦਾ ਕਹਿਣਾ ਹੈ ਕਿ ਭੋਜਨ ਨੂੰ ਲੈ ਕੇ ਵਿਤਕਰੇ ਦਾ ਇਹ ਉਨ੍ਹਾਂ ਦਾ ਪਹਿਲਾ ਅਨੁਭਵ ਨਹੀਂ ਹੈ। ਜਦੋਂ ਉਹ ਇਟਲੀ ਵਿੱਚ ਪਲ ਰਹੇ ਸਨ, ਉਨ੍ਹਾਂ ਦੇ ਸਕੂਲ ਦੇ ਅਧਿਆਪਕ ਅਕਸਰ ਉਨ੍ਹਾਂ ਨੂੰ ਦੁਪਹਿਰ ਦੇ ਖਾਣੇ ਵੇਲੇ ਵੱਖਰੇ ਮੇਜ਼ 'ਤੇ ਬੈਠਣ ਲਈ ਕਹਿੰਦੇ ਸਨ ਕਿਉਂਕਿ ਉਨ੍ਹਾਂ ਦੇ ਜਮਾਤੀਆਂ ਨੂੰ ਉਨ੍ਹਾਂ ਦੇ ਖਾਣੇ ਦੀ ਮਹਿਕ ਪਰੇਸ਼ਾਨ ਕਰਨ ਵਾਲੀ ਲੱਗਦੀ ਸੀ।

ਉਨ੍ਹਾਂ ਨੇ ਕਿਹਾ, "ਮੈਨੂੰ ਮੇਰੇ ਯੂਰਪੀਅਨ ਜਮਾਤੀਆਂ ਤੋਂ ਅਲੱਗ ਕਰਨਾ ਜਾਂ ਖਾਣੇ ਦੀ ਮਹਿਕ ਕਾਰਨ ਮੈਨੂੰ ਸਾਂਝਾ ਮਾਈਕ੍ਰੋਵੇਵ ਵਰਤਣ ਤੋਂ ਰੋਕਣਾ, ਇਹ ਉਹ ਤਰੀਕੇ ਹਨ ਜਿਨ੍ਹਾਂ ਰਾਹੀਂ ਗੋਰੇ ਲੋਕ ਤੁਹਾਡੇ ਭਾਰਤੀ ਹੋਣ ਨੂੰ ਕੰਟਰੋਲ ਕਰਦੇ ਹਨ ਅਤੇ ਤੁਹਾਡੇ ਰਹਿਣ ਦੇ ਦਾਇਰੇ ਨੂੰ ਛੋਟਾ ਕਰ ਦਿੰਦੇ ਹਨ।"

ਉਨ੍ਹਾਂ ਅੱਗੇ ਕਿਹਾ ਕਿ ਭੋਜਨ ਦੀ ਵਰਤੋਂ ਭਾਰਤੀ ਅਤੇ ਹੋਰ ਨਸਲੀ ਸਮੂਹਾਂ ਨੂੰ ਨੀਵਾਂ ਦਿਖਾਉਣ ਲਈ ਕਰਨ ਦਾ ਇੱਕ ਲੰਮਾ ਇਤਿਹਾਸ ਹੈ। ਉਨ੍ਹਾਂ ਅਨੁਸਾਰ, 'ਕਰੀ' ਸ਼ਬਦ ਨੂੰ ਉਨ੍ਹਾਂ ਹਾਸ਼ੀਏ 'ਤੇ ਪਏ ਭਾਈਚਾਰਿਆਂ ਦੀ 'ਗੰਧ' ਨਾਲ ਜੋੜ ਦਿੱਤਾ ਗਿਆ ਹੈ ਜੋ ਰਸੋਈਆਂ ਅਤੇ ਲੋਕਾਂ ਦੇ ਘਰਾਂ ਵਿੱਚ ਮਿਹਨਤ ਕਰਦੇ ਹਨ ਅਤੇ ਇਸ ਨੂੰ ਭਾਰਤੀ ਲੋਕਾਂ ਲਈ ਇੱਕ ਅਪਮਾਨਜਨਕ ਸ਼ਬਦ ਬਣਾ ਦਿੱਤਾ ਗਿਆ ਹੈ।"

ਭੱਟਾਚਾਰੀਆ ਦਾ ਕਹਿਣਾ ਹੈ ਕਿ ਸਾਬਕਾ ਉਪ-ਰਾਸ਼ਟਰਪਤੀ ਕਮਲਾ ਹੈਰਿਸ ਵਰਗੀ ਸ਼ਖਸੀਅਤ ਵੀ ਭੋਜਨ ਨੂੰ ਲੈ ਕੇ ਹੋਣ ਵਾਲੇ ਵਿਤਕਰੇ ਤੋਂ ਬਚ ਨਹੀਂ ਸਕੇ।

ਉਨ੍ਹਾਂ ਨੇ ਸਾਲ 2024 ਵਿੱਚ ਸੱਜੇ-ਪੱਖੀ ਕਾਰਕੁਨ ਲੌਰਾ ਲੂਮਰ ਦੁਆਰਾ ਸੋਸ਼ਲ ਮੀਡੀਆ 'ਤੇ ਕੀਤੀ ਗਈ ਇੱਕ ਪੋਸਟ ਦਾ ਹਵਾਲਾ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਹੈਰਿਸ ਰਾਸ਼ਟਰਪਤੀ ਬਣਦੇ ਹਨ ਤਾਂ ਵ੍ਹਾਈਟ ਹਾਊਸ ਵਿੱਚੋਂ 'ਕਰੀ ਦੀ ਮਹਿਕ' ਆਵੇਗੀ। ਲੂਮਰ ਨੇ ਨਸਲਵਾਦੀ ਹੋਣ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।

ਮੁਕੱਦਮੇ ਵਿੱਚ ਉਰਮੀ ਭੱਟਾਚਾਰੀਆ ਨੇ ਇਹ ਵੀ ਇਲਜ਼ਾਮ ਲਾਇਆ ਕਿ ਉਨ੍ਹਾਂ ਨੂੰ ਉਦੋਂ ਬਦਲਾਖੋਰੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਨੇ ਪ੍ਰਕਾਸ਼ ਨੂੰ ਆਪਣੀ ਐਂਥਰੋਪੋਲੋਜੀ ਦੀ ਕਲਾਸ ਵਿੱਚ 'ਸੱਭਿਆਚਾਰਕ ਸਾਪੇਖਵਾਦ' ਦੇ ਵਿਸ਼ੇ 'ਤੇ ਗੈਸਟ ਲੈਕਚਰਾਰ ਵਜੋਂ ਬੁਲਾਇਆ। ਸੱਭਿਆਚਾਰਕ ਸਾਪੇਖਵਾਦ ਇਹ ਵਿਚਾਰ ਹੈ ਕਿ ਕੋਈ ਵੀ ਸੱਭਿਆਚਾਰ ਕਿਸੇ ਦੂਜੇ ਤੋਂ ਉੱਚਾ ਜਾਂ ਨੀਵਾਂ ਨਹੀਂ ਹੁੰਦਾ, ਕਿਉਂਕਿ ਸਾਰੇ ਸਮੂਹਾਂ ਦੀਆਂ ਸੱਭਿਆਚਾਰਕ ਰੀਤਾਂ ਉਨ੍ਹਾਂ ਦੇ ਆਪਣੇ ਸੱਭਿਆਚਾਰਕ ਸੰਦਰਭ ਵਿੱਚ ਹੁੰਦੀਆਂ ਹਨ।

ਲੈਕਚਰ ਦੌਰਾਨ, ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਨੇ ਕਿਸੇ ਦਾ ਨਾਮ ਲਏ ਬਿਨਾਂ 'ਫੂਡ ਰੇਸਿਜ਼ਮ' ਦੀਆਂ ਕਈ ਉਦਾਹਰਣਾਂ ਸਾਂਝੀਆਂ ਕੀਤੀਆਂ ਸਨ, ਜਿਸ ਵਿੱਚ ਪਾਲਕ ਪਨੀਰ ਵਾਲੀ ਘਟਨਾ ਵੀ ਸ਼ਾਮਲ ਸੀ।

ਸੋਸ਼ਲ ਮੀਡੀਆ 'ਤੇ ਨਫ਼ਰਤੀ ਪੋਸਟਾਂ ਦਾ ਸ਼ਿਕਾਰ

ਉਰਮੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ 2024 ਵਿੱਚ 'ਐਕਸ' (ਪਹਿਲਾਂ ਟਵਿੱਟਰ) 'ਤੇ ਇੱਕ ਥ੍ਰੈੱਡ ਪੋਸਟ ਕਰਕੇ ਯੂਨੀਵਰਸਿਟੀ ਵਿੱਚ ਆਪਣੇ ਅਤੇ ਪ੍ਰਕਾਸ਼ ਨਾਲ ਹੋ ਰਹੇ "ਪ੍ਰਣਾਲੀਗਤ ਨਸਲਵਾਦ" ਬਾਰੇ ਲਿਖਿਆ, ਤਾਂ ਉਨ੍ਹਾਂ ਨੂੰ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ। ਪੋਸਟ ਦੇ ਹੇਠਾਂ ਕਈ ਟਿੱਪਣੀਆਂ ਉਨ੍ਹਾਂ ਦੇ ਸਮਰਥਨ ਵਿੱਚ ਸਨ, ਪਰ ਕਈ ਅਜਿਹੀਆਂ ਵੀ ਸਨ ਜਿਨ੍ਹਾਂ ਵਿੱਚ ਕਿਹਾ ਗਿਆ ਸੀ, "ਭਾਰਤ ਵਾਪਸ ਜਾਓ", "ਡੀਕੋਲੋਨਾਈਜ਼ੇਸ਼ਨ ਇੱਕ ਗਲਤੀ ਸੀ" ਅਤੇ "ਇਹ ਸਿਰਫ ਭੋਜਨ ਦੀ ਗੱਲ ਨਹੀਂ ਹੈ, ਤੁਹਾਡੇ ਵਿੱਚੋਂ ਬਹੁਤ ਸਾਰੇ ਨਹਾਉਂਦੇ ਨਹੀਂ ਹਨ ਅਤੇ ਸਾਨੂੰ ਪਤਾ ਹੈ।"

ਪ੍ਰਕਾਸ਼ ਅਤੇ ਉਰਮੀ ਨੇ ਕਿਹਾ ਕਿ ਉਹ ਯੂਨੀਵਰਸਿਟੀ ਤੋਂ ਸਿਰਫ ਇਹ ਚਾਹੁੰਦੇ ਸਨ ਕਿ ਉਨ੍ਹਾਂ ਦੀ ਗੱਲ ਸੁਣੀ ਅਤੇ ਸਮਝੀ ਜਾਵੇ, ਉਨ੍ਹਾਂ ਨੂੰ ਪਰਾਇਆ ਮਹਿਸੂਸ ਕਰਵਾਉਣ ਕਾਰਨ ਹੋਈ ਪੀੜ ਅਤੇ ਦੁੱਖ ਨੂੰ ਸਵੀਕਾਰ ਕੀਤਾ ਜਾਵੇ ਅਤੇ ਸਾਰਥਕ ਤਰੀਕੇ ਨਾਲ ਸੁਧਾਰ ਕੀਤੇ ਜਾਣ।

ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਕਦੇ ਵੀ ਯੂਨੀਵਰਸਿਟੀ ਵੱਲੋਂ ਕੋਈ ਸਾਰਥਕ ਮੁਆਫੀ ਨਹੀਂ ਮਿਲੀ। ਯੂਨੀਵਰਸਿਟੀ ਨੇ ਇਸ ਬਾਰੇ ਬੀਬੀਸੀ ਦੇ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ।

ਉਹ ਹੁਣ ਭਾਰਤ ਵਾਪਸ ਆ ਚੁੱਕੇ ਹਨ ਅਤੇ ਕਹਿੰਦੇ ਹਨ ਕਿ ਸ਼ਾਇਦ ਉਹ ਕਦੇ ਵੀ ਅਮਰੀਕਾ ਵਾਪਸ ਨਹੀਂ ਜਾਣਗੇ। ਪ੍ਰਕਾਸ਼ ਕਹਿੰਦੇ ਹਨ, "ਤੁਸੀਂ ਆਪਣੇ ਕੰਮ ਵਿੱਚ ਕਿੰਨੇ ਵੀ ਮਾਹਿਰ ਕਿਉਂ ਨਾ ਹੋਵੋ, ਸਿਸਟਮ ਤੁਹਾਨੂੰ ਲਗਾਤਾਰ ਇਹ ਦੱਸਦਾ ਰਹਿੰਦਾ ਹੈ ਕਿ ਤੁਹਾਡੇ ਚਮੜੀ ਦੇ ਰੰਗ ਜਾਂ ਰਾਸ਼ਟਰੀਅਤਾ ਕਾਰਨ ਤੁਹਾਨੂੰ ਕਿਸੇ ਵੀ ਸਮੇਂ ਵਾਪਸ ਭੇਜਿਆ ਜਾ ਸਕਦਾ ਹੈ। ਇਹ ਅਨਿਸ਼ਚਿਤਤਾ ਬਹੁਤ ਗਹਿਰੀ ਹੈ ਅਤੇ ਯੂਨੀਵਰਸਿਟੀ ਵਿੱਚ ਸਾਡਾ ਅਨੁਭਵ ਇਸ ਦੀ ਇੱਕ ਵਧੀਆ ਉਦਾਹਰਣ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)