ਸਰਕਾਰ ਵੱਲੋਂ ਪੈਸੇ ਮਿਲਣ ਦੇ ਬਾਵਜੂਦ ਵੀ ਬੱਚੇ ਕਿਉਂ ਨਹੀਂ ਪੈਦਾ ਕਰਨਾ ਚਾਹੁੰਦੇ ਇਸ ਦੇਸ਼ ਦੇ ਲੋਕ, ਲਗਾਤਾਰ ਚੌਥੇ ਸਾਲ ਜਨਮ ਦਰ ਵਿੱਚ ਗਿਰਾਵਟ

    • ਲੇਖਕ, ਕੇਲੀ ਐਨਜੀ
    • ਰੋਲ, ਬੀਬੀਸੀ ਨਿਊਜ਼

ਚੀਨ ਵਿੱਚ ਆਬਾਦੀ ਤੇਜ਼ੀ ਨਾਲ ਘੱਟ ਰਹੀ ਹੈ, ਲਗਾਤਾਰ ਚੌਥੇ ਸਾਲ ਅਜਿਹਾ ਹੋਇਆ ਹੈI 2016 ਵਿੱਚ 'ਵਨ ਚਾਈਲਡ' ਨੀਤੀ ਖ਼ਤਮ ਕੀਤੀ ਗਈ ਸੀ, ਫਿਰ ਵੀ ਆਬਾਦੀ 'ਚ ਵਾਧਾ ਨਹੀਂ ਹੋਇਆI

ਸਰਕਾਰ ਜਨਮ ਦਰ ਵਧਾਉਣ ਲਈ ਕਈ ਕੋਸ਼ਿਸ਼ਾਂ ਕਰ ਰਹੀ ਹੈ, ਪਰ ਉਹ ਸਾਰੀਆਂ ਕੋਸ਼ਿਸ਼ਾਂ ਬੇਕਾਰ ਹੋ ਰਹੀਆਂ ਹਨI ਸਰਕਾਰ ਜਨਮ ਦਰ ਨੂੰ ਵਧਾਉਣ ਲਈ ਕਈ ਤਰ੍ਹਾਂ ਦੀਆਂ ਸਹਾਇਤਾ ਅਤੇ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਹਾਲਾਂਕਿ, ਇਹ ਲਗਾਤਾਰ ਚੌਥਾ ਸਾਲ ਹੈ ਜਿਸ ਵਿੱਚ ਜਨਮ ਦਰ ਵਿੱਚ ਗਿਰਾਵਟ ਆਈ ਹੈ।

ਸੋਮਵਾਰ ਨੂੰ ਸਰਕਾਰੀ ਅੰਕੜੇ ਜਾਰੀ ਹੋਏ, ਜਿਸ ਵਿੱਚ ਸਾਹਮਣੇ ਆਇਆ ਕਿ ਹੁਣ ਜਨਮ ਦਰ ਪ੍ਰਤੀ 1,000 ਲੋਕਾਂ ਤੇ ਸਿਰਫ਼ 5.63 ਰਹਿ ਗਈ ਹੈI

ਇਹ 1949 ਵਿੱਚ ਕਮਿਊਨਿਸਟ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਦੇਖੀ ਗਈ ਸਭ ਤੋਂ ਘੱਟ ਜਨਮ ਦਰ ਹੈ। ਦੂਜੇ ਪਾਸੇ, ਚੀਨ ਵਿੱਚ ਮੌਤ ਦਰ ਵੱਧ ਕੇ ਪ੍ਰਤੀ 1,000 ਲੋਕਾਂ ਵਿੱਚ 8.04 ਹੋ ਗਈ ਹੈ, ਜੋ ਕਿ 1968 ਤੋਂ ਬਾਅਦ ਸਭ ਤੋਂ ਵੱਧ ਹੈ।

ਸਾਲ 2025 ਦੇ ਅੰਤ ਤੱਕ ਚੀਨ ਦੀ ਆਬਾਦੀ 3.39 ਮਿਲੀਅਨ ਘੱਟ ਹੋਈ ਅਤੇ 140 ਕਰੋੜ ਰਹਿ ਗਈ। ਇਹ ਗਿਰਾਵਟ ਪਿਛਲੇ ਸਾਲ ਨਾਲੋਂ ਵੱਧ ਹੈ।

ਬਜ਼ੁਰਗਾਂ ਦੀ ਵੱਧਦੀ ਗਿਣਤੀ ਅਤੇ ਘੱਟ ਹੋ ਰਹੀ ਆਰਥਿਕਤਾ ਦੇ ਕਾਰਨ, ਚੀਨੀ ਸਰਕਾਰ ਨੌਜਵਾਨਾਂ ਨੂੰ ਵਿਆਹ ਕਰਨ ਅਤੇ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ।

ਸਰਕਾਰ ਬੱਚੇ ਪੈਦਾ ਕਰਨ ਬਦਲੇ ਦੇ ਰਹੀ ਪੈਸੇ

ਸਾਲ 2016 ਵਿੱਚ ਚੀਨ ਦੀ ਸਰਕਾਰ ਨੇ 'ਵਨ ਚਾਈਲਡ' ਨੀਤੀ ਖ਼ਤਮ ਕਰ ਦਿੱਤੀ ਸੀ ਅਤੇ ਦੋ ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੱਤੀ ਸੀI ਇਹ ਫ਼ੈਸਲਾ ਜਨਮ ਦਰ ਵਧਾਉਣ ਲਈ ਲਿਆ ਗਿਆ ਸੀ, ਪਰ ਜਦੋਂ ਇਹ ਨਿਰੰਤਰ ਵਾਧਾ ਕਰਨ ਵਿੱਚ ਅਸਫ਼ਲ ਰਿਹਾ, ਤਾਂ 2021 ਵਿੱਚ, ਤਿੰਨ ਬੱਚੇ ਪੈਦਾ ਕਰਨ ਦੀ ਆਗਿਆ ਵਧਾ ਦਿੱਤੀ ਗਈ।

ਹਾਲ ਹੀ ਵਿੱਚ, ਸਰਕਾਰ ਨੇ ਤਿੰਨ ਸਾਲ ਤੋਂ ਘੱਟ ਉਮਰ ਦੇ ਹਰੇਕ ਬੱਚੇ ਦੇ ਮਾਪਿਆਂ ਨੂੰ 3,600 ਯੂਆਨ (ਭਾਰਤੀ ਮੁਦਰਾ ਵਿੱਚ ਲਗਭਗ 47,000 ਰੁਪਏ) ਦੀ ਸਬਸਿਡੀ ਦਾ ਐਲਾਨ ਕੀਤਾ ਹੈ। ਕੁਝ ਸੂਬੇ ਵਾਧੂ ਫੰਡ ਅਤੇ ਵਧੀ ਹੋਈ ਜਣੇਪਾ ਛੁੱਟੀ (ਮੈਟਰਨਿਟੀ ਲੀਵ) ਵੀ ਦੇ ਰਹੇ ਹਨ।

ਜਨਮ ਦਰ ਵਧਾਉਣ ਲਈ ਚੀਨੀ ਸਰਕਾਰ ਦੇ ਕੁਝ ਫ਼ੈਸਲਿਆਂ 'ਤੇ ਵਿਵਾਦ ਵੀ ਹੋਇਆI ਉਦਾਹਰਣ ਵਜੋਂ, ਕੰਡੋਮ, ਗਰਭ ਨਿਰੋਧਕ ਗੋਲੀਆਂ ਅਤੇ ਹੋਰ ਉਤਪਾਦਾਂ 'ਤੇ 13% ਨਵੇਂ ਟੈਕਸ ਨੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ ਕਿ ਇਸ ਨਾਲ ਅਣਚਾਹੇ ਗਰਭ ਅਵਸਥਾਵਾਂ ਅਤੇ ਐੱਚਆਈਵੀ ਵਿੱਚ ਵਾਧਾ ਹੋ ਸਕਦਾ ਹੈ।

ਦੁਨੀਆਂ ਵਿੱਚ ਸਭ ਤੋਂ ਘੱਟ ਜਨਮ ਦਰ ਚੀਨ ਵਿੱਚ ਹੀ ਹੈI ਜਦੋਂ ਕਿ ਦੱਖਣੀ ਕੋਰੀਆ, ਸਿੰਗਾਪੁਰ ਅਤੇ ਤਾਈਵਾਨ ਵਿੱਚ ਵੀ ਬਹੁਤ ਘੱਟ ਬੱਚੇ ਪੈਦਾ ਹੋ ਰਹੇ ਹਨI

ਚੀਨ ਦੇ ਲੋਕ ਬੱਚੇ ਕਿਉਂ ਨਹੀਂ ਪੈਦਾ ਕਰਨਾ ਚਾਹੁੰਦੇ?

ਬੀਜਿੰਗ ਦੇ ਯੂਥ ਪਾਪੂਲੇਸ਼ਨ ਰਿਸਰਚ ਇੰਸਟੀਚਿਊਟ ਦੀ 2024 ਦੀ ਇੱਕ ਰਿਪੋਰਟ ਦੱਸਦੀ ਹੈ ਕਿ ਚੀਨ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਿਲ ਹੈ ਜਿੱਥੇ ਬੱਚਿਆਂ ਦੀ ਪਰਵਰਿਸ਼ ਸਭ ਤੋਂ ਮਹਿੰਗੀ ਹੈI ਪਰ ਬੱਚੇ ਨਾ ਪੈਦਾ ਕਰਨ ਦਾ ਕਾਰਨ ਕੇਵਲ ਮਹਿੰਗਾਈ ਜਾਂ ਪੈਸੇ ਦੀ ਘਾਟ ਨਹੀਂ ਹੈI ਚੀਨ ਦੇ ਕੁੱਝ ਲੋਕਾਂ ਨੇ ਬੀਬੀਸੀ ਨੂੰ ਦੱਸਿਆ ਕਿ ਪੈਸੇ ਤੋਂ ਇਲਾਵਾ ਹੋਰ ਵੀ ਕਾਰਨ ਹਨ, ਜਿਵੇਂ ਕਿ ਬਿਨਾਂ ਚਿੰਤਾਵਾਂ ਜਾਂ ਜ਼ਿੰਮੇਵਾਰੀਆਂ ਤੋਂ ਆਜ਼ਾਦੀ ਦੀ ਜ਼ਿੰਦਗੀ ਜੀਉਣਾI

ਬੀਜਿੰਗ ਦੇ ਇੱਕ ਨਿਵਾਸੀ ਨੇ 2021 ਵਿੱਚ ਬੀਬੀਸੀ ਨੂੰ ਦੱਸਿਆ', ' ਮੇਰੇ ਬਹੁਤ ਘੱਟ ਦੋਸਤਾਂ ਦੇ ਬੱਚੇ ਹਨI "ਜਿਨ੍ਹਾਂ ਕੋਲ ਬੱਚੇ ਹਨ ਉਹ ਸਭ ਤੋਂ ਵਧੀਆ ਦਾਈ ਲੱਭਣ ਜਾਂ ਉਨ੍ਹਾਂ ਨੂੰ ਸਭ ਤੋਂ ਵਧੀਆ ਸਕੂਲ ਵਿੱਚ ਪਾਉਣ ਬਾਰੇ ਚਿੰਤਤ ਹਨ। ਇਸ ਬਾਰੇ ਸੁਣ ਕੇ ਹੀ ਥਕਾਵਟ ਹੁੰਦੀ ਹੈ।"

ਸੰਯੁਕਤ ਰਾਜ ਦੇ ਮਾਹਰਾਂ ਦਾ ਮੰਨਣਾ ਹੈ ਕਿ ਚੀਨ ਦੀ ਆਬਾਦੀ ਲਗਾਤਾਰ ਘੱਟਦੀ ਰਹੇਗੀ। ਉਨ੍ਹਾਂ ਦਾ ਅੰਦਾਜ਼ਾ ਹੈ ਕਿ ਸਾਲ 2100 ਤੱਕ, ਦੇਸ਼ ਦੀ ਆਬਾਦੀ ਅੱਧੇ ਤੋਂ ਘੱਟ ਰਹਿ ਜਾਵੇਗੀ। ਇਹ ਆਬਾਦੀ ਗਿਰਾਵਟ ਨਾਲ ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਕੰਮ ਕਰਨ ਵਾਲੀ ਆਬਾਦੀ ਘੱਟ ਰਹੀ ਹੈ ਅਤੇ ਖਪਤਕਾਰਾਂ ਦੀ ਭਾਵਨਾ ਕਮਜ਼ੋਰ ਹੋ ਰਹੀ ਹੈ।

ਬਹੁਤ ਸਾਰੇ ਨੌਜਵਾਨ ਆਪਣੇ ਮਾਪਿਆਂ ਤੋਂ ਦੂਰ ਰਹਿੰਦੇ ਹਨ, ਜਿਸ ਕਾਰਨ ਬਜ਼ੁਰਗ ਇਕੱਲੇ ਰਹਿ ਜਾਂਦੇ ਹਨ ਜਾਂ ਸਰਕਾਰ ਦੇ ਪੈਸੇ 'ਤੇ ਨਿਰਭਰ ਹੋ ਜਾਂਦੇ ਹਨ। ਪਰ ਸਰਕਾਰੀ ਸੰਸਥਾ, ਚਾਈਨੀਜ਼ ਅਕੈਡਮੀ ਆਫ਼ ਸੋਸ਼ਲ ਸਾਇੰਸਿਜ਼ ਦੇ ਅਨੁਸਾਰ, ਬਜ਼ੁਰਗਾਂ ਲਈ ਪੈਨਸ਼ਨ ਫੰਡ ਖਤਮ ਹੋਣ ਕਿਨਾਰੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)