'ਇਨ੍ਹਾਂ' ਸਕੂਲਾਂ 'ਚ ਪਹਿਲੀ ਜਮਾਤ ਤੋਂ ਹੀ ਪੜ੍ਹਾਈ ਜਾ ਰਹੀ ਜਿਣਸੀ ਸਿੱਖਿਆ, ਪੀਰੀਅਡਜ਼ ਅਤੇ ਜਿਣਸੀ ਸਬੰਧਾਂ ਸਣੇ ਹੋਰ ਕਿਹੜੇ ਵਿਸ਼ੇ ਸਮਝਾਏ ਜਾ ਰਹੇ?

    • ਲੇਖਕ, ਪ੍ਰਾਚੀ ਕੁਲਕਰਣੀ
    • ਰੋਲ, ਬੀਬੀਸੀ ਮਰਾਠੀ ਲਈ

"ਹੁਣ ਉਨ੍ਹਾਂ ਵਿੱਚ ਜਵਾਬ ਦੇਣ ਦੀ ਹਿੰਮਤ ਆ ਗਈ ਹੈ। ਉਨ੍ਹਾਂ ਵਿੱਚ ਬਿਨਾਂ ਡੇਰੇ ਆਪੇ ਦਾ ਪ੍ਰਗਟਾਵਾ ਕਰਨ ਦੀ ਹਿੰਮਤ ਆ ਗਈ ਹੈ। ਮੈਂ ਸਿਰਫ਼ ਇੰਨਾ ਕਿਹਾ ਕਿ ਵੱਡੇ ਹੁੰਦਿਆਂ ਹਰ ਕਿਸੇ ਦੀਆਂ ਆਪਣੀਆਂ ਭਾਵਨਾਵਾਂ ਹੁੰਦੀਆਂ ਹਨ। ਮੈਂ ਉਨ੍ਹਾਂ ਨੂੰ ਦੋਸਤ ਮੰਨਦੀ ਹਾਂ।"

ਮਹਾਰਾਸ਼ਟਰ ਦੇ ਸਤਾਰਾ ਦੇ ਫਲਟਨ ਸਥਿਤ ਕਮਲਾ ਨਿੰਬਕਰ ਬਾਲ ਭਵਨ ਵਿੱਚ ਅੱਠਵੀਂ ਕਲਾਸ ਦੀ ਇੱਕ ਵਿਦਿਆਰਥਣ ਇਹ ਗੱਲ ਕਹਿ ਰਹੀ ਸੀ। ਇਸ ਵਿਦਿਆਰਥਣ ਨੇ ਦ੍ਰਿੜਤਾ ਨਾਲ 'ਨਾ' ਕਹਿਣਾ ਸਿੱਖ ਲਿਆ ਹੈ। ਉਹ ਇਹ ਵੀ ਕਹਿੰਦੀ ਹੈ ਕਿ ਉਸਨੂੰ ਇਹ ਤਾਕਤ 'ਸਹਿਜ' ਪਾਠਕ੍ਰਮ ਦੇ ਕਾਰਨ ਮਿਲੀ ਹੈ।

ਇੱਥੇ 'ਸਹਿਜ' ਦਾ ਅਰਥ ਹੈ 'ਸਨਮਾਨ, ਹੱਕ ਅਤੇ ਜ਼ਿੰਮੇਦਾਰੀ'।

ਪ੍ਰਯਾਸ ਸਿਹਤ ਸੰਸਥਾ ਪਹਿਲੀ ਕਲਾਸ ਤੋਂ ਹੀ ਜਿਣਸੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ। ਇਹ ਉਸੇ ਪਹਿਲ ਦਾ ਨਾਮ ਹੈ।

ਸਿੱਖਿਆ ਕਿਹੋ ਜਿਹੀ ਸੀ?

ਤੀਜੀ ਕਲਾਸ ਦੇ ਬੱਚਿਆਂ ਨੂੰ 'ਪ੍ਰਯਾਸ' ਦੀ ਅਧਿਆਪਿਕਾ ਬੱਚਿਆਂ ਨੂੰ ਵਿਕਾਸ ਦੇ ਵੱਖ-ਵੱਖ ਪੜਾਵਾਂ ਬਾਰੇ ਦੱਸਦੇ ਹਨ।

ਬਚਪਨ ਵਿੱਚ ਅਸੀਂ ਕੀ ਕਰ ਸਕਦੇ ਸੀ - ਇਸ ਵਿਸ਼ੇ ਤੋਂ ਸ਼ੁਰੂ ਹੋਈ ਇਹ ਚਰਚਾ ਬੁਢਾਪੇ ਵਿੱਚ ਸਾਡੇ ਦਾਦਾ-ਦਾਦੀ ਤੱਕ ਪਹੁੰਚਦੀ ਹੈ। ਗੱਲਬਾਤ ਦੌਰਾਨ ਬੱਚੇ ਇੱਕ ਸਵਾਲ ਪੁੱਛਦੇ ਹਨ ਅਤੇ ਜਵਾਬ ਦਿੰਦੇ ਹਨ, "ਬਚਪਨ ਵਿੱਚ ਅਸੀਂ ਕਿਹੋ-ਜਿਹੇ ਸੀ?" ਇਸ ਨਾਲ ਗੱਲਬਾਤ ਦੇ ਅਗਲੇ ਪੜਾਅ ਦੀ ਨੀਂਹ ਪੈਂਦੀ ਹੈ।

ਦੂਜੀ ਕਲਾਸ ਵਿੱਚ - ਪਰਿਵਾਰ ਕੀ ਹੁੰਦਾ ਹੈ, ਇਸ ਵਿਸ਼ੇ 'ਤੇ ਚਰਚਾ ਚੱਲ ਰਹੀ ਹੈ। ਪਰਿਵਾਰ ਕਿੰਨੀਆਂ ਕਿਸਮਾਂ ਦੇ ਹੁੰਦੇ ਹਨ? ਪਰਿਵਾਰਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਕਿਹੋ-ਜਿਹੀਆਂ ਹੁੰਦੀਆਂ ਹਨ? ਚਰਚਾ ਅੱਗੇ ਵਧਦੀ ਹੈ।

ਛੋਟੀਆਂ ਕਲਾਸਾਂ ਵਿੱਚ ਵੀ ਗੱਲਬਾਤ ਕਰਨੀ ਓਨੀ ਹੀ ਸੌਖੀ ਹੁੰਦੀ ਹੈ ਜਿੰਨੀ ਵੱਡੀਆਂ ਕਲਾਸਾਂ ਵਿੱਚ, ਪਰ ਵਿਸ਼ੇ ਵਧੇਰੇ ਗੰਭੀਰ ਹੋ ਜਾਂਦੇ ਹਨ।

ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਮਾਸਿਕ ਧਰਮ (ਪੀਰੀਅਡਜ਼) ਬਾਰੇ ਪੜ੍ਹਾਉਂਦੇ ਸਮੇਂ, ਮੁੰਡਿਆਂ ਅਤੇ ਕੁੜੀਆਂ ਨੂੰ ਇੱਕੋ ਕਲਾਸ ਵਿੱਚ ਇਕੱਠੇ ਪੜ੍ਹਾਇਆ ਜਾਂਦਾ ਹੈ। ਮਾਸਿਕ ਧਰਮ ਨਾਲ ਸੰਬੰਧਿਤ ਉਤਪਾਦਾਂ ਬਾਰੇ ਚਰਚਾ ਕਰਦਿਆਂ ਸਭ ਨੂੰ ਮੈਂਸਟਰੂਅਲ ਕੱਪ ਨੂੰ ਛੂਹਣ ਦਾ ਮੌਕਾ ਦਿੱਤਾ ਜਾਂਦਾ ਹੈ ਅਤੇ ਇਸ ਦੇ ਇਸਤੇਮਾਲ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਹ ਕੱਪ ਕਿਸ ਲਈ ਵਰਤਿਆ ਜਾਂਦਾ ਹੈ ਅਤੇ ਇਸ ਦਾ ਇਸਤੇਮਾਲ ਕਿਵੇਂ ਕੀਤਾ ਜਾਂਦਾ ਹੈ ਵਰਗੇ ਵਿਸ਼ਿਆਂ 'ਤੇ ਖੁੱਲ੍ਹ ਕੇ ਚਰਚਾ ਹੁੰਦੀ ਹੈ।

ਇਹ 'ਸਰਲ ਸੰਵਾਦ' ਸਹਿਜ ਪਾਠਕ੍ਰਮ ਦੀ ਨੀਂਹ ਹੈ। ਪਰ ਇਹ ਪਹਿਲੀ ਕਲਾਸ ਤੋਂ ਹੀ ਕਿਉਂ ਪੜ੍ਹਾਇਆ ਜਾਵੇ? ਇਸ ਬਾਰੇ ਗੱਲ ਕਰਦਿਆਂ, 'ਪ੍ਰਯਾਸ' ਸਿਹਤ ਸਮੂਹ ਦੇ ਸਲਾਹਕਾਰ ਮੈਤ੍ਰੇਈ ਕੁਲਕਰਣੀ ਕਹਿੰਦੇ ਹਨ, "ਦਰਅਸਲ ਲਿੰਗਕਤਾ ਬੱਚੇ ਦੇ ਜੀਵਨ ਵਿੱਚ ਬਹੁਤ ਛੋਟੀ ਉਮਰ ਤੋਂ ਹੀ ਮੌਜੂਦ ਹੁੰਦੀ ਹੈ।

"ਘਰ ਵਿੱਚ ਸਾਡੇ ਨਾਲ ਕੌਣ ਗੱਲ ਕਰਦਾ ਹੈ ਅਤੇ ਕਿਵੇਂ ਗੱਲ ਕਰਦਾ ਹੈ? ਸਾਨੂੰ ਕੌਣ ਦੱਸਦਾ ਹੈ ਕਿ ਸਾਨੂੰ ਕਿਹੋ-ਜਿਹਾ ਵਿਵਹਾਰ ਕਰਨਾ ਚਾਹੀਦਾ ਹੈ? ਇੱਕ ਮੁੰਡੇ ਜਾਂ ਕੁੜੀ ਦੇ ਤੌਰ 'ਤੇ ਸਾਡੇ ਤੋਂ ਕੀ ਉਮੀਦਾਂ ਹਨ? ਇੱਕ-ਦੂਜੇ ਨਾਲ ਗੱਲ ਕਰਦਿਆਂ ਸਾਨੂੰ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਚਾਹੀਦਾ ਹੈ? ਕੀ ਮੈਂ 'ਨਹੀਂ' ਕਹਿ ਸਕਦਾ ਹਾਂ? ਕੀ ਮੈਂ ਕਿਸੇ ਨੂੰ ਦੱਸ ਸਕਦਾ ਹਾਂ ਜੇ ਮੈਨੂੰ ਕੁਝ ਪਸੰਦ ਨਹੀਂ ਹੈ ਤਾਂ? ਅਸੀਂ ਆਪਣੇ ਆਲੇ-ਦੁਆਲੇ ਵੱਖ-ਵੱਖ ਕਿਸਮ ਦੇ ਲੋਕਾਂ, ਪਰਿਵਾਰਾਂ ਅਤੇ ਰੀਤੀ-ਰਿਵਾਜਾਂ ਨੂੰ ਦੇਖਦੇ ਹਾਂ। ਇੱਕ ਬੱਚਾ ਛੋਟੀ ਉਮਰ ਤੋਂ ਹੀ ਉਨ੍ਹਾਂ ਨੂੰ ਦੇਖ ਕੇ ਅਤੇ ਸਮਝ ਕੇ ਸਿੱਖਣਾ ਸ਼ੁਰੂ ਕਰ ਦਿੰਦਾ ਹੈ। ਇਸ ਲਈ ਇਹ ਲਿੰਗਕਤਾ ਤੋਂ ਵੱਖ ਨਹੀਂ ਹੈ।"

"ਲਿੰਗ, ਪਰਿਵਾਰ ਅਤੇ LGBTQIA+ ਭਾਈਚਾਰੇ ਨੂੰ ਸਰਲ ਭਾਸ਼ਾ ਵਿੱਚ, ਉਮਰ-ਉਚਿਤ ਸੰਵਾਦਾਂ ਦੀ ਵਰਤੋਂ ਕਰਦਿਆਂ ਸਮਝਾਇਆ ਜਾਂਦਾ ਹੈ। ਰਿਸ਼ਤਿਆਂ ਵਿੱਚ ਇੱਕ-ਦੂਜੇ ਪ੍ਰਤੀ ਸਨਮਾਨ ਦੇ ਮੁੱਲਾਂ, ਸਹਿਮਤੀ ਦੇ ਅਰਥ ਅਤੇ ਸਹਿਜ ਗੱਲਬਾਤ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਜਾਂਦਾ ਹੈ।"

ਪਾਠਕ੍ਰਮ ਬਾਰੇ ਵਿਸਥਾਰ ਨਾਲ ਦੱਸਦੇ ਹੋਏ 'ਪ੍ਰਯਾਸ' ਸਿਹਤ ਸਮੂਹ ਦੇ ਕੋਆਰਡੀਨੇਟਰ ਸ਼ੀਰੀਸ਼ ਦਰਕ ਕਹਿੰਦੇ ਹਨ, "ਇਸ ਵਿੱਚ ਕੁਝ ਮਹੱਤਵਪੂਰਨ ਵਿਸ਼ੇ ਸ਼ਾਮਲ ਹਨ। ਬੱਚਿਆਂ ਨੂੰ ਪਰਿਵਾਰ ਵਿੱਚ ਵਿਭਿੰਨਤਾ, ਲਿੰਗ ਵਿਭਿੰਨਤਾ, ਮੁੰਡਾ ਕੀ ਹੁੰਦਾ ਹੈ, ਕੁੜੀ ਕੀ ਹੁੰਦੀ ਹੈ, ਸਮਾਜ ਨੇ ਇਸ ਲਈ ਕਿਹੜੀਆਂ ਸੰਰਚਨਾਵਾਂ ਬਣਾਈਆਂ ਹਨ, ਰਿਸ਼ਤੇ — ਚਾਹੇ ਦੋਸਤੀ ਹੋਵੇ ਜਾਂ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਜਾਂ ਇਸ ਤੋਂ ਅੱਗੇ ਪ੍ਰੇਮ ਸੰਬੰਧ ਵਿਕਸਿਤ ਕਰਨਾ, ਚੰਗੇ ਰਿਸ਼ਤੇ ਦੀ ਸਮਝ ਵਿਕਸਿਤ ਕਰਨੀ, ਸਰੀਰ ਬਾਰੇ ਵਿਗਿਆਨਕ ਜਾਣਕਾਰੀ ਪ੍ਰਾਪਤ ਕਰਨੀ, ਆਤਮ-ਸਨਮਾਨ ਵਿਕਸਿਤ ਕਰਨਾ ਅਤੇ ਆਪਣੇ ਸਰੀਰ, ਆਪਣੇ ਰੰਗ-ਰੂਪ ਆਦਿ ਬਾਰੇ ਗੱਲ ਕਰਨੀ ਸਿੱਖਣੀ ਚਾਹੀਦੀ ਹੈ। 'ਸਹਿਜ' ਪਾਠਕ੍ਰਮ ਪਹਿਲੀ ਤੋਂ ਦਸਵੀਂ ਕਲਾਸ ਤੱਕ ਅੱਠ ਵਿਸ਼ਿਆਂ 'ਤੇ ਆਧਾਰਿਤ ਹੈ।"

ਸਕੂਲ ਦਾ ਤਜਰਬਾ

ਇਸ ਦੇ ਪਿੱਛੇ ਇਹ ਵਿਚਾਰ ਸੀ ਕਿ ਸ਼ੁਰੂਆਤ ਵਿੱਚ 'ਪ੍ਰਯਾਸ' ਦੇ ਟ੍ਰੇਨਰ ਇਹ ਕਲਾਸਾਂ ਲੈਣਗੇ ਅਤੇ ਬਾਅਦ ਵਿੱਚ ਸਕੂਲ ਦੇ ਅਧਿਆਪਕ ਇਸ ਸੰਵਾਦ ਨੂੰ ਅੱਗੇ ਵਧਾਉਣਗੇ।

ਇਹ ਪਾਠਕ੍ਰਮ ਪਹਿਲਾਂ 'ਪ੍ਰਯਾਸ' ਵੱਲੋਂ ਪੜ੍ਹਾਇਆ ਜਾਂਦਾ ਸੀ ਅਤੇ ਹੁਣ ਫਲਟਨ ਸਥਿਤ ਕਮਲਾ ਨਿੰਬਕਰ ਬਾਲ ਭਵਨ ਦੇ ਅਧਿਆਪਕਾਂ ਵੱਲੋਂ ਪੜ੍ਹਾਇਆ ਜਾਂਦਾ ਹੈ।

ਸਕੂਲਾਂ ਵਿੱਚ ਇਹ ਪਾਠਕ੍ਰਮ ਸ਼ੁਰੂ ਕਰਨ ਪਿੱਛੇ ਦੇ ਤਰਕ ਨੂੰ ਸਮਝਾਉਂਦਿਆਂ ਪ੍ਰਗਤੀ ਸਿੱਖਿਆ ਸੰਸਥਾ ਦੀ ਕੋਆਰਡੀਨੇਟਰ ਮਧੁਰਾ ਰਾਜਵੰਸ਼ੀ ਨੇ ਕਿਹਾ, "ਅਸੀਂ ਹਮੇਸ਼ਾ ਜਿਣਸੀ ਸਿੱਖਿਆ ਨੂੰ ਬਹੁਤ ਹੀ ਤੰਗ ਨਜ਼ਰੀਏ ਨਾਲ ਦੇਖਦੇ ਹਾਂ। ਭਾਵ ਜ਼ਿਆਦਾਤਰ ਥਾਵਾਂ 'ਤੇ ਇਹ ਸਿਰਫ਼ ਮਾਸਿਕ ਧਰਮ ਬਾਰੇ ਵਿਸਥਾਰਪੂਰਕ ਜਾਣਕਾਰੀ ਦੇਣ ਅਤੇ ਪ੍ਰਜਨਣ ਬਾਰੇ ਗੱਲ ਕਰਨ ਤੱਕ ਹੀ ਸੀਮਿਤ ਰਹਿੰਦੀ ਹੈ।"

"ਇਸ ਦਾ ਉਦੇਸ਼ ਬੱਚਿਆਂ ਨੂੰ ਖ਼ਤਰਿਆਂ ਤੋਂ ਦੂਰ ਰੱਖਣਾ ਹੈ, ਇਹ ਸਮਝ ਕੇ ਕਿ ਉਨ੍ਹਾਂ ਨੂੰ ਇਹ ਗੱਲ ਬੁਰੀ ਹੈ ਦੱਸ ਕੇ ਕਹਿਣਾ, ਜਿਵੇਂ ਕਿ ਜੇ ਤੁਸੀਂ ਇਹ ਕਰੋਗੇ ਤਾਂ ਤੁਸੀਂ ਗਰਭਵਤੀ ਹੋ ਜਾਵੋਗੇ ਆਦਿ - ਇਹ ਗਲਤ ਹੈ। ਪਰ ਸਕੂਲਾਂ ਵਿੱਚ ਅਕਸਰ ਇਸੇ ਉਦੇਸ਼ ਨਾਲ ਪੜ੍ਹਾਇਆ ਜਾਂਦਾ ਹੈ। ਅਸੀਂ ਮਹਿਸੂਸ ਕੀਤਾ ਕਿ ਇਹ ਬਹੁਤ ਵਿਆਪਕ ਧਾਰਣਾ ਹੈ ਤਾਂ ਅਸੀਂ ਸੋਚਿਆ ਕਿ ਸਾਨੂੰ ਇਹ ਸਭ ਵੀ ਸ਼ਾਮਲ ਕਰਨਾ ਚਾਹੀਦਾ ਹੈ।"

ਪਹਿਲੀ ਕਲਾਸ ਤੋਂ ਲੈ ਕੇ ਅੱਗੇ ਤੱਕ ਦੀ ਸਿੱਖਿਆ ਵਿੱਚ ਸਕੂਲਾਂ ਦੀ ਭੂਮਿਕਾ 'ਤੇ ਗੱਲ ਕਰਦਿਆਂ ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਉਮਰ ਵਰਗ ਦੇ ਬੱਚਿਆਂ ਦੇ ਮਨ ਵਿੱਚ ਅਜਿਹਾ ਕੁਝ ਵੀ ਨਹੀਂ ਹੁੰਦਾ।

ਉਨ੍ਹਾਂ ਕਿਹਾ, "ਪਹਿਲੀ ਅਤੇ ਦੂਜੀ ਕਲਾਸ ਦੇ ਬੱਚਿਆਂ ਦੇ ਮਨ ਵਿੱਚ ਕੋਈ ਝਿਜਕ ਨਹੀਂ ਹੁੰਦੀ। ਉਨ੍ਹਾਂ ਨੂੰ ਅਜੇ ਇਹ ਪਤਾ ਹੀ ਨਹੀਂ ਹੁੰਦਾ ਕਿ ਇਸ ਵਿੱਚ ਕੁਝ ਲੁਕਾਉਣ ਯੋਗ ਵੀ ਹੈ।"

ਹਾਲਾਂਕਿ, ਉਹ ਦੱਸਦੇ ਹਨ ਕਿ ਪਹਿਲੀ ਅਤੇ ਦੂਜੀ ਕਲਾਸ ਦੇ ਬੱਚੇ ਇਸ ਸਿੱਖਿਆ ਨੂੰ ਓਨੀ ਆਸਾਨੀ ਨਾਲ ਸਵੀਕਾਰ ਨਹੀਂ ਕਰਦੇ ਜਿੰਨਾ ਵੱਡੇ ਬੱਚੇ ਕਰਦੇ ਹਨ। ਇਸ ਸਕੂਲ ਵਿੱਚ ਇਹ ਸਿਖਲਾਈ ਸ਼ੁਰੂ ਕਰਨ ਤੋਂ ਬਾਅਦ, ਹੁਣ ਨੌਵੀਂ ਅਤੇ ਦਸਵੀਂ ਕਲਾਸ ਦੇ ਬੱਚਿਆਂ ਨੂੰ ਕਿਉਂ ਪੜ੍ਹਾਇਆ ਜਾ ਰਿਹਾ ਹੈ? ਇਹ ਸਵਾਲ ਉਠਾਇਆ ਗਿਆ।

"ਉਸ ਸਮੇਂ ਉਨ੍ਹਾਂ ਨੂੰ ਭਾਰਤ ਵਿੱਚ ਕਿਸ਼ੋਰਾਂ ਵਿਚਕਾਰ ਜਿਣਸੀ ਸੰਬੰਧਾਂ ਦੇ ਪ੍ਰਚਲਨ ਅਤੇ ਵਿਗਿਆਨਕ ਜਾਣਕਾਰੀ ਦੀ ਜ਼ਰੂਰਤ ਬਾਰੇ ਸਮਝਾਉਣਾ ਪਿਆ। ਮਾਪਿਆਂ ਨੇ ਵੀ ਸ਼ੁਰੂ ਵਿੱਚ ਇਸ 'ਤੇ ਸਵਾਲ ਉਠਾਏ। ਪਰ ਜਦੋਂ ਉਨ੍ਹਾਂ ਦੇ ਖਦਸ਼ੇ ਦੂਰ ਹੋ ਗਏ ਤਾਂ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਕਲਾਸ ਵਿੱਚ ਬੈਠਣ ਲਈ ਉਤਸ਼ਾਹਿਤ ਕੀਤਾ।"

"ਹਾਲਾਂਕਿ, ਇਸ ਵੇਲੇ ਕਿਸੇ ਵੀ ਕਲਾਸ ਦੇ ਬੱਚਿਆਂ ਨੂੰ ਕਲਾਸ ਵਿੱਚ ਬੈਠਣ ਲਈ ਮਜਬੂਰ ਨਹੀਂ ਕੀਤਾ ਜਾਂਦਾ ਹੈ।"

"ਪਰ ਸਕੂਲ ਲਈ ਬੱਚਿਆਂ ਅਤੇ ਮਾਪਿਆਂ ਦੇ ਪੱਧਰ 'ਤੇ ਸਮੱਸਿਆਵਾਂ ਦਾ ਹੱਲ ਕਰਨਾ ਆਸਾਨ ਸੀ। ਮੁੱਖ ਸਵਾਲ ਅਧਿਆਪਕਾਂ ਨੂੰ ਤਿਆਰ ਕਰਨ ਦਾ ਸੀ। ਹਾਲਾਂਕਿ, ਇਹ ਬਾਕੀ ਵਿਸ਼ਿਆਂ ਵਾਂਗ ਸੌਖਾ ਨਹੀਂ ਸੀ, ਇਸ ਲਈ ਅਧਿਆਪਕਾਂ ਲਈ ਇਹ ਇੱਕ ਚੁਣੌਤੀ ਸੀ। ਇਸ ਪਿਛਲੇ ਕਾਰਨਾਂ ਨੂੰ ਸਮਝਣ ਲਈ ਅਧਿਆਪਕਾਂ ਨੇ ਖੁਦ ਇਸ ਵਿਸ਼ੇ 'ਤੇ ਖੋਜ ਕੀਤੀ। ਅਤੇ ਇਸ ਸੰਵਾਦ ਰਾਹੀਂ ਅਧਿਆਪਕਾਂ ਦੀਆਂ ਸਮੱਸਿਆਵਾਂ ਦਾ ਵੀ ਹੱਲ ਹੋਇਆ।"

ਅਧਿਆਪਕਾਂ ਨੂੰ ਅਸਲ ਵਿੱਚ ਕਿਹੜੀਆਂ ਗੱਲਾਂ ਸਮਝਾਉਣ 'ਚ ਮੁਸ਼ਕਲ ਆ ਰਹੀ ਸੀ?

ਕਮਲਾ ਨਿੰਬਕਰ ਬਾਲ ਭਵਨ ਦੇ ਪ੍ਰਿੰਸੀਪਲ ਗੀਤਾ ਬੋਬੜੇ ਨੇ ਇੱਕ ਫੈਲੋਸ਼ਿਪ ਪ੍ਰੋਗਰਾਮ ਤਹਿਤ ਪੂਰੇ ਸਾਲ ਅਧਿਆਪਕਾਂ ਨਾਲ ਗੱਲਬਾਤ ਕੀਤੀ।

ਅਧਿਆਪਕਾਂ ਦੇ ਸਾਹਮਣੇ ਅਸਲ ਸਮੱਸਿਆ ਕੀ ਸੀ? ਇਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, "ਮੈਨੂੰ ਲੱਗਿਆ ਕਿ ਬੱਚੇ ਬਹੁਤ ਬੋਲਦੇ ਹਨ। ਉਨ੍ਹਾਂ ਨੂੰ ਬੋਲਣ ਲਈ ਜਗ੍ਹਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਜੇ ਬੱਚੇ ਬੋਲਣਾ ਚਾਹੁੰਦੇ ਹਨ, ਤਾਂ ਅਧਿਆਪਕਾਂ ਨੂੰ ਪਹਿਲਾਂ ਬੋਲਣਾ ਚਾਹੀਦਾ ਹੈ। ਜੇ ਅਧਿਆਪਕ ਨਹੀਂ ਬੋਲਣਗੇ ਤਾਂ ਬੱਚੇ ਕਿਸ ਬਾਰੇ ਗੱਲ ਕਰਨਗੇ? ਜਦੋਂ ਖੋਜ ਦਾ ਵਿਸ਼ਾ ਸਾਹਮਣੇ ਆਇਆ ਤਾਂ ਡਾਕਟਰ ਸ਼ਿਰੀਸ਼ ਦਰਕ ਨੇ ਮੇਰਾ ਮਾਰਗਦਰਸ਼ਨ ਕੀਤਾ।"

"ਜਦੋਂ ਮੈਂ ਆਪਣੀ ਖੋਜ ਦੌਰਾਨ ਅਧਿਆਪਕਾਂ ਦੇ ਇੰਟਰਵਿਊ ਲਏ ਤਾਂ ਮੈਂ ਉਨ੍ਹਾਂ ਨਾਲ ਇਸ ਮਕਸਦ ਨਾਲ ਗੱਲਬਾਤ ਕੀਤੀ ਕਿ ਉਨ੍ਹਾਂ ਨੂੰ ਸਾਡੇ ਸਿੱਖਿਅਕ ਮਾਹੌਲ ਬਾਰੇ ਜਾਣੂ ਕਰਵਾਇਆ ਜਾ ਸਕੇ। ਫਿਰ ਅਧਿਆਪਕਾਂ ਨੇ ਵੀ ਬੋਲਣਾ ਸ਼ੁਰੂ ਕਰ ਦਿੱਤਾ। ਮੈਨੂੰ ਅਹਿਸਾਸ ਹੋਇਆ ਕਿ ਅਧਿਆਪਕ ਬੋਲਣਾ ਚਾਹੁੰਦੇ ਸਨ। ਉਨ੍ਹਾਂ ਨੂੰ ਸਿਰਫ਼ ਇਹ ਦੱਸਣ ਦੀ ਲੋੜ ਸੀ ਕਿ ਕੀ ਅਤੇ ਕਿਵੇਂ ਕਹਿਣਾ ਹੈ, ਇਸ ਤੋਂ ਬਾਅਦ ਅਧਿਆਪਕਾਂ ਨੇ ਵੀ ਬੋਲਣਾ ਸ਼ੁਰੂ ਕਰ ਦਿੱਤਾ।"

ਹੁਣ ਸੱਤ ਅਧਿਆਪਕਾਂ ਦਾ ਇੱਕ ਸਮੂਹ ਇਸ ਸਕੂਲ ਵਿੱਚ ਪੜ੍ਹਾਉਣ ਲਈ ਤਿਆਰ ਹੈ।

ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਸ ਗੱਲਬਾਤ ਦੇ ਨਤੀਜੇ ਹੁਣ ਵਿਦਿਆਰਥੀਆਂ ਵਿੱਚ ਆਈਆਂ ਤਬਦੀਲੀਆਂ ਵਿੱਚ ਸਾਫ਼ ਤੌਰ 'ਤੇ ਨਜ਼ਰ ਆ ਰਹੇ ਹਨ।

ਬੀਬੀਸੀ ਮਰਾਠੀ ਨਾਲ ਗੱਲ ਕਰਦਿਆਂ ਸਕੂਲ ਦੇ ਇੱਕ ਵਿਦਿਆਰਥੀ ਨੇ ਕਿਹਾ, "ਇਸ ਨਾਲ ਸਾਨੂੰ ਆਪਣੀਆਂ ਹੱਦਾਂ ਸਪਸ਼ਟ ਤੌਰ 'ਤੇ ਸਮਝ ਆ ਗਈਆਂ। ਅਤੇ ਇਸ ਨਾਲ ਸਾਨੂੰ ਇਹ ਹਿੰਮਤ ਵੀ ਮਿਲੀ ਕਿ ਜੇ ਕੋਈ ਕੁਝ ਗਲਤ ਕਰ ਰਿਹਾ ਹੋਵੇ, ਤਾਂ ਅਸੀਂ ਉਸ ਦੇ ਖ਼ਿਲਾਫ਼ ਆਵਾਜ਼ ਚੁੱਕ ਸਕੀਏ। ਕੁੱਲ ਮਿਲਾ ਕੇ ਸਾਨੂੰ ਸਮਝ ਆ ਗਿਆ ਕਿ ਅਜਿਹਾ ਕਿਉਂ ਹੋ ਰਿਹਾ ਸੀ।"

ਹੁਣ, ਇਹ ਮੋਡੀਊਲ ਨੂੰ ਫਲਟਨ, ਅਹਿਲਿਆਨਗਰ, ਪੁਣੇ ਅਤੇ ਹੋਰ ਸ਼ਹਿਰਾਂ ਦੇ ਸਕੂਲਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਇਸ ਦਾ ਮਕਸਦ ਅਜਿਹੇ ਭਵਿੱਖ 'ਚ ਨਾਗਰਿਕ ਤਿਆਰ ਕਰਨਾ ਹੈ ਜੋ 'ਸਨਮਾਨ, ਹੱਕ ਅਤੇ ਜ਼ਿੰਮੇਦਾਰੀ' ਨੂੰ ਸਮਝਦੇ ਹੋਣ!

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)