ਨਵਜੰਮੀ ਬੱਚੀ ਨੂੰ ਮਾਪਿਆਂ ਨੇ 35 ਹਜ਼ਾਰ ਰੁਪਏ ਵਿੱਚ ਕਿਉਂ ਵੇਚਿਆ, ਕਿਵੇਂ ਖੁੱਲ੍ਹਿਆ ਸਾਰਾ ਭੇਦ

    • ਲੇਖਕ, ਸੁਬਰਤ ਕੁਮਾਰ ਪਤੀ
    • ਰੋਲ, ਓਡੀਸ਼ਾ ਦੇ ਭਦ੍ਰਕ ਤੋਂ ਬੀਬੀਸੀ ਨਿਊਜ਼ ਹਿੰਦੀ ਲਈ

ਓਡੀਸ਼ਾ ਦੇ ਭਦ੍ਰਕ ਜ਼ਿਲ੍ਹੇ ਵਿੱਚ ਇੱਕ ਨਵਜੰਮੀ ਬੱਚੀ ਨੂੰ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਜ਼ਿਲ੍ਹੇ ਦੇ ਭੰਡਾਰੀਪੋਖਰੀ ਥਾਣੇ ਦੇ ਅਧੀਨ ਪੈਂਦੇ ਪਿੰਡ ਬਿਆਂਬਨਾਪੁਰ ਦੀ ਹੈ।

ਬੱਚੀ ਦੀ ਮਾਂ ਰੰਜੀਤਾ ਨਾਇਕ ਨੇ ਮੀਡੀਆ ਨਾਲ ਗੱਲਬਾਤ ਵਿੱਚ ਇਹ ਸਵੀਕਾਰ ਕੀਤਾ ਹੈ ਕਿ 80 ਹਜ਼ਾਰ ਰੁਪਏ ਦਾ ਕਰਜ਼ਾ ਚੁਕਾਉਣ ਲਈ ਉਨ੍ਹਾਂ ਨੇ ਆਪਣੀ ਬੱਚੀ ਆਪਣੇ ਇੱਕ ਰਿਸ਼ਤੇਦਾਰ ਨੂੰ 35 ਹਜ਼ਾਰ ਰੁਪਏ ਲਈ ਵੇਚ ਦਿੱਤੀ ਸੀ।

ਰੰਜੀਤਾ ਮੁਤਾਬਕ, ਉਨ੍ਹਾਂ ਨੇ ਆਪਣੇ ਪਤੀ ਸੀਪੂ ਦਾਸ ਨਾਲ ਮਿਲ ਕੇ ਇਹ ਫ਼ੈਸਲਾ ਲਿਆ ਸੀ।

ਦਰਅਸਲ, ਬੱਚੀ ਨੂੰ ਵੇਚੇ ਜਾਣ ਦਾ ਸ਼ੱਕ ਸਭ ਤੋਂ ਪਹਿਲਾਂ ਬੱਚੀ ਦੀ ਦਾਦੀ ਨੂੰ ਹੋਇਆ ਅਤੇ ਉਨ੍ਹਾਂ ਨੇ ਇਸ ਬਾਰੇ 13 ਜਨਵਰੀ ਨੂੰ ਭੰਡਾਰੀਪੋਖਰੀ ਥਾਣੇ ਵਿੱਚ ਮਾਮਲਾ ਦਰਜ ਕਰਵਾਇਆ, ਜਿਸ ਤੋਂ ਬਾਅਦ 14 ਜਨਵਰੀ ਨੂੰ ਬੱਚੀ ਨੂੰ ਕਟਕ ਦੇ ਰਾਜਾਬਗੀਚਾ ਇਲਾਕੇ ਤੋਂ ਰੈਸਕਿਊ ਕੀਤਾ ਗਿਆ।

ਬੱਚੀ ਨੂੰ ਰੰਜੀਤਾ ਨਾਇਕ ਦੇ ਇੱਕ ਰਿਸ਼ਤੇਦਾਰ ਦੇ ਘਰੋਂ ਬਰਾਮਦ ਕੀਤਾ ਗਿਆ। ਬੱਚੀ ਨੂੰ ਫ਼ਿਲਹਾਲ ਬਾਲ ਕਲਿਆਣ ਕਮੇਟੀ ਦੀ ਨਿਗਰਾਨੀ ਵਿੱਚ ਰੱਖਿਆ ਗਿਆ ਹੈ। ਸਮੇਂ ਤੋਂ ਪਹਿਲਾਂ ਜਨਮ ਹੋਣ ਅਤੇ ਵਜ਼ਨ ਘੱਟ ਹੋਣ ਕਾਰਨ ਬੱਚੀ ਨੂੰ ਅਜੇ ਇਲਾਜ ਦੀ ਲੋੜ ਹੈ।

ਪੁਲਿਸ ਨੇ ਗ੍ਰਿਫ਼ਤਾਰ ਕਰਨ ਤੋਂ ਬਾਅਦ ਛੱਡਿਆ

ਬਾਲ ਕਲਿਆਣ ਕਮੇਟੀ ਦੇ ਚੇਅਰਮੈਨ ਸੁਬਰਤ ਕੁਮਾਰ ਬਿਸ਼ਵਾਲ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਿਆ, "ਬੱਚੀ ਦੀ ਹਾਲਤ ਸਥਿਰ ਹੈ। ਭਦ੍ਰਕ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ। ਬੱਚੀ ਦੀ ਮਾਂ ਉਸ ਦੇ ਨਾਲ ਹੈ।"

ਸੁਬਰਤ ਕੁਮਾਰ ਬਿਸ਼ਵਾਲ ਨੇ ਕਿਹਾ ਕਿ "ਅੱਗੇ ਬੱਚੀ ਦੀ ਦੇਖਭਾਲ ਕਿਵੇਂ ਕੀਤੀ ਜਾਵੇਗੀ, ਇਹ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਤੈਅ ਕੀਤਾ ਜਾ ਰਿਹਾ ਹੈ। ਬਾਲ ਕਲਿਆਣ ਕਮੇਟੀ ਅੱਗੇ ਇਹ ਤੈਅ ਕਰੇਗੀ ਕਿ ਜੂਵੈਨਾਈਲ ਜਸਟਿਸ ਐਕਟ ਦੇ ਤਹਿਤ ਬੱਚੀ ਦੇ ਮਾਤਾ-ਪਿਤਾ ਦੇ ਖ਼ਿਲਾਫ਼ ਕੀ ਕਾਰਵਾਈ ਕੀਤੀ ਜਾਵੇਗੀ।"

ਭਦ੍ਰਕ ਦੇ ਪੁਲਿਸ ਸੁਪਰੀਟੈਂਡੈਂਟ ਮਨੋਜ ਕੁਮਾਰ ਰਾਉਤ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਿਆ, "ਬੱਚੀ ਨੂੰ ਵੇਚੇ ਜਾਣ ਦੀ ਘਟਨਾ ਵਿੱਚ ਪੁਲਿਸ ਨੇ ਬੱਚੀ ਦੇ ਮਾਤਾ-ਪਿਤਾ ਤੋਂ ਇਲਾਵਾ ਵਿਚੌਲੇ ਦੀ ਭੂਮਿਕਾ ਨਿਭਾਉਣ ਵਾਲੀ ਬੱਚੀ ਦੀ ਨਾਨੀ ਰੰਭਾਵਤੀ ਨਾਇਕ ਅਤੇ ਬੱਚੀ ਨੂੰ ਖ਼ਰੀਦਣ ਵਾਲੀ ਸ਼ਾਂਤੀ ਨਾਇਕ ਦੇ ਖ਼ਿਲਾਫ਼ ਕਾਰਵਾਈ ਕੀਤੀ ਹੈ।"

ਜ਼ਿਲ੍ਹਾ ਪੁਲਿਸ ਨੇ ਇਨ੍ਹਾਂ ਚਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 35 ਦੇ ਤਹਿਤ ਸਾਰੇ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਭਾਰਤੀ ਨਿਆਂ ਸੰਹਿਤਾ ਦੀ ਧਾਰਾ 35 ਵਿੱਚ ਨਿੱਜੀ ਸਰੀਰ ਅਤੇ ਸੰਪਤੀ ਦੀ ਸੁਰੱਖਿਆ ਨਾਲ ਜੁੜੀ ਵਿਵਸਥਾ ਹੈ।

ਜ਼ਿਲ੍ਹਾ ਪੁਲਿਸ ਸੁਪਰੀਟੈਂਡੈਂਟ ਦੇ ਮੁਤਾਬਕ, ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਸ਼ਾਂਤੀ ਨਾਇਕ ਇਸ ਬੱਚੀ ਨੂੰ ਕਿਸੇ ਹੋਰ ਨੂੰ ਦੇਣ ਵਾਲੀ ਸੀ। ਪੁਲਿਸ ਜਾਂਚ ਜਾਰੀ ਹੈ। ਸਬੂਤ ਮਿਲਣ 'ਤੇ ਮਾਮਲੇ ਨਾਲ ਜੁੜੇ ਹੋਰ ਕੁਝ ਲੋਕਾਂ ਦੇ ਖ਼ਿਲਾਫ਼ ਵੀ ਪੁਲਿਸ ਕਾਰਵਾਈ ਕੀਤੀ ਜਾ ਸਕਦੀ ਹੈ।

ਇਸ ਮਾਮਲੇ ਵਿੱਚ ਪੁਲਿਸ ਨੇ ਇਨ੍ਹਾਂ ਚਾਰਾਂ ਲੋਕਾਂ ਨੂੰ ਪਹਿਲਾਂ ਤਾਂ ਗ੍ਰਿਫ਼ਤਾਰ ਕੀਤਾ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਇਸ ਸ਼ਰਤ 'ਤੇ ਛੱਡ ਦਿੱਤਾ ਗਿਆ ਕਿ ਉਹ ਜਾਂਚ ਵਿੱਚ ਸਹਿਯੋਗ ਕਰਨਗੇ ਅਤੇ ਜਦੋਂ ਵੀ ਲੋੜ ਪਈ ਉਹ ਥਾਣੇ ਵਿੱਚ ਹਾਜ਼ਰ ਹੋਣਗੇ ਅਤੇ ਸ਼ਹਿਰ ਛੱਡ ਕੇ ਨਹੀਂ ਜਾਣਗੇ।

ਇਹ ਮਾਮਲਾ ਕਿਵੇਂ ਸਾਹਮਣੇ ਆਇਆ?

ਇਹ ਮਾਮਲਾ ਬੱਚੀ ਦੀ ਦਾਦੀ ਸਾਵਿਤਰੀ ਦਾਸ ਵੱਲੋਂ ਐੱਫ਼ਆਈਆਰ ਦਰਜ ਕਰਵਾਉਣ ਤੋਂ ਬਾਅਦ ਜਨਤਕ ਹੋਇਆ। ਸਾਵਿਤਰੀ ਦਾਸ ਨੇ ਆਪਣੀ ਸ਼ਿਕਾਇਤ ਵਿੱਚ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਦੇ ਪੁੱਤਰ ਅਤੇ ਨੂੰਹ ਨਵਜਾਤ ਧੀ ਨੂੰ ਘਰੋਂ ਬਾਹਰ ਲੈ ਗਏ ਅਤੇ ਉਸ ਤੋਂ ਬਾਅਦ ਬੱਚੀ ਨੂੰ ਵਾਪਸ ਨਹੀਂ ਲਿਆਏ।

ਸਾਵਿਤਰੀ ਦਾਸ ਨੇ ਦੱਸਿਆ, "ਮੈਂ ਖੇਤ ਵਿੱਚ ਕੰਮ ਕਰਨ ਗਈ ਸੀ। ਸ਼ਾਮ ਨੂੰ ਜਦੋਂ ਖੇਤੋਂ ਝੋਨਾ ਕੱਟ ਕੇ ਘਰ ਵਾਪਸ ਆਈ ਤਾਂ ਮੈਂ ਨੂੰਹ ਤੋਂ ਪੁੱਛਿਆ ਕਿ ਬੱਚਾ ਕਿੱਥੇ ਹੈ। ਫਿਰ ਨੂੰਹ ਨੇ ਮੈਨੂੰ ਗਾਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਕਿਹਾ ਕਿ ਉਹ 'ਆਪਣੇ ਬੱਚੇ ਨਾਲ ਜੋ ਮਰਜ਼ੀ ਕਰੇ ਜਾਂ ਵੇਚ ਦੇਵੇ, ਉਨ੍ਹਾਂ ਦਾ ਕੀ ਲੈਣਾ-ਦੇਣਾ।' ਇਸ 'ਤੇ ਮੈਨੂੰ ਸ਼ੱਕ ਹੋਇਆ ਤਾਂ ਮੈਂ ਥਾਣੇ ਵਿੱਚ ਐੱਫ਼ਆਈਆਰ ਦਰਜ ਕਰਵਾਈ।"

ਇਸ ਬਾਰੇ ਸਾਵਿਤਰੀ ਦਾਸ ਨੇ ਆਪਣੇ ਪੁੱਤਰ ਸੀਪੂ ਦਾਸ ਨਾਲ ਵੀ ਗੱਲਬਾਤ ਕੀਤੀ, ਪਰ ਜਦੋਂ ਉਨ੍ਹਾਂ ਨੂੰ ਕੋਈ ਸੰਤੋਸ਼ਜਨਕ ਜਵਾਬ ਨਹੀਂ ਮਿਲਿਆ ਤਾਂ ਉਨ੍ਹਾਂ ਨੇ 13 ਜਨਵਰੀ ਨੂੰ ਸਥਾਨਕ ਭੰਡਾਰੀਪੋਖਰੀ ਪੁਲਿਸ ਥਾਣੇ ਨਾਲ ਸੰਪਰਕ ਕੀਤਾ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ, ਚਾਈਲਡ ਲਾਈਨ ਅਤੇ ਬਾਲ ਸੁਰੱਖਿਆ ਇਕਾਈਆਂ ਨੇ ਮਿਲ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।

ਪਰਿਵਾਰ ਦੀ ਸਥਿਤੀ ਕਿਹੋ ਜਿਹੀ ਹੈ?

ਦਰਅਸਲ ਇਹ ਪੂਰਾ ਮਾਮਲਾ ਓਡੀਸ਼ਾ ਦੇ ਪੇਂਡੂ ਇਲਾਕੇ ਦੇ ਉਸ ਪਰਿਵਾਰ ਦੀ ਬੇਵਸੀ ਦੀ ਵੀ ਕਹਾਣੀ ਹੈ, ਜੋ ਬਹੁਤ ਗ਼ਰੀਬੀ ਵਿੱਚ ਜੀਵਨ ਗੁਜ਼ਾਰਨ ਨੂੰ ਮਜਬੂਰ ਹੈ।

ਅਨੁਸੂਚਿਤ ਜਾਤੀ ਨਾਲ ਸਬੰਧਤ ਬੱਚੀ ਦੀ ਮਾਂ ਰੰਜੀਤਾ ਨਾਇਕ ਨੇ ਬੀਬੀਸੀ ਨੂੰ ਦੱਸਿਆ, "ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ। ਪਤੀ ਕੋਈ ਕੰਮ ਨਹੀਂ ਕਰਦੇ। ਸੱਸ ਕਦੇ-ਕਦੇ ਮਜ਼ਦੂਰੀ ਕਰਨ ਜਾਂਦੀ ਹੈ। 20 ਫੀਸਦੀ ਪ੍ਰਤੀ ਮਹੀਨਾ ਵਿਆਜ ਦੀ ਦਰ 'ਤੇ 80 ਹਜ਼ਾਰ ਦਾ ਕਰਜ਼ਾ ਲਿਆ ਸੀ। ਪੈਸੇ ਵਾਪਸ ਕਰਨ ਲਈ ਇਹ ਕਰਨਾ ਪਿਆ।"

ਹਾਲਾਂਕਿ, ਦੂਜੇ ਪਾਸੇ ਸਾਵਿਤਰੀ ਦਾਸ ਨੇ ਦੱਸਿਆ ਹੈ, "ਮੇਰੇ ਪੁੱਤਰ ਨਾਲ ਵਿਆਹ ਤੋਂ ਪਹਿਲਾਂ ਵੀ ਨੂੰਹ ਦਾ ਇੱਕ ਵਾਰ ਵਿਆਹ ਹੋ ਚੁੱਕਿਆ ਸੀ। ਪਹਿਲੇ ਵਿਆਹ ਤੋਂ ਵੀ ਉਸਦੇ ਬੱਚੇ ਹਨ, ਉਹ ਉਨ੍ਹਾਂ ਨੂੰ ਪੈਸੇ ਭੇਜਦੀ ਹੈ। ਦੋਵਾਂ ਨੇ ਸਾਡੇ ਖੇਤ ਗਿਰਵੀ ਰੱਖ ਕੇ ਜੋ ਪੈਸਾ ਲਿਆ ਸੀ, ਉਹ ਸਭ ਖ਼ਰਚ ਕਰ ਦਿੱਤਾ ਹੈ।"

ਸਾਵਿਤਰੀ ਦਾਸ ਦੇ ਇਨ੍ਹਾਂ ਇਲਜ਼ਾਮਾਂ ਦੀ ਬੀਬੀਸੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕਰ ਸਕਿਆ ਹੈ। ਸੀਪੂ ਦਾਸ ਨਾਲ ਵੀ ਕੋਈ ਸੰਪਰਕ ਨਹੀਂ ਹੋ ਸਕਿਆ ਹੈ।

ਘਰ ਕਿਵੇਂ ਚੱਲਦਾ ਹੈ? ਇਹ ਸਵਾਲ ਪੁੱਛੇ ਜਾਣ 'ਤੇ ਸਾਵਿਤਰੀ ਦਾਸ ਕਹਿੰਦੇ ਹਨ, "ਘਰ ਚਲਾਉਣ ਲਈ ਮੈਂ ਖ਼ੁਦ ਮਿਹਨਤ ਕਰਦੀ ਹਾਂ। ਮਜ਼ਦੂਰੀ ਕਰਦੀ ਹਾਂ। ਸਰਕਾਰ ਮੁਫ਼ਤ ਚੌਲ ਦਿੰਦੀ ਹੈ ਅਤੇ ਥੋੜ੍ਹੀ ਪੈਂਸ਼ਨ ਵੀ। ਉਸੇ ਨਾਲ ਘਰ ਚੱਲਦਾ ਹੈ।"

ਭਦ੍ਰਕ ਦੇ ਜ਼ਿਲ੍ਹਾ ਅਧਿਕਾਰੀ ਦਿਲੀਪ ਰਾਉਤਰੇ ਨੇ ਇਸ ਮਾਮਲੇ ਵਿੱਚ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਿਆ, "ਪੁਲਿਸ ਨੇ ਮਾਮਲੇ ਦਾ ਪਤਾ ਲੱਗਦੇ ਹੀ ਤੇਜ਼ੀ ਨਾਲ ਆਪਣਾ ਕੰਮ ਕੀਤਾ ਹੈ। ਮਾਂ ਅਤੇ ਬੱਚੀ ਨੂੰ ਭਦ੍ਰਕ ਡਿਸਟ੍ਰਿਕਟ ਹੈੱਡਕੁਆਰਟਰ ਹਸਪਤਾਲ ਵਿੱਚ ਰੱਖਿਆ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।"

ਮਨੁੱਖੀ ਅਧਿਕਾਰ ਕਾਰਕੁਨਾਂ ਨੇ ਜਤਾਈ ਚਿੰਤਾ

ਓਡਿਸ਼ਾ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਲੈ ਕੇ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਚਿੰਤਾ ਜਤਾਈ ਹੈ। ਮਨੁੱਖੀ ਅਧਿਕਾਰ ਕਾਰਕੁਨ ਨਸੀਮ ਅੰਸਾਰੀ ਨੇ ਬੀਬੀਸੀ ਨਿਊਜ਼ ਹਿੰਦੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ "ਭਦ੍ਰਕ ਦੀ ਘਟਨਾ ਸ਼ਰਮਨਾਕ ਅਤੇ ਦਰਦਨਾਕ ਹੈ। ਭਦ੍ਰਕ ਵਿੱਚ ਮਾਪਿਆਂ ਨੇ ਆਪਣੀ ਧੀ ਨੂੰ 35 ਹਜ਼ਾਰ ਰੁਪਏ ਵਿੱਚ ਵੇਚ ਦਿੱਤਾ ਹੈ। ਪਰ ਸਾਨੂੰ ਮੂਲ ਸਮੱਸਿਆ ਉੱਤੇ ਧਿਆਨ ਦੇਣਾ ਪਵੇਗਾ। ਉਨ੍ਹਾਂ ਨੇ ਆਪਣਾ ਕਰਜ਼ਾ ਚੁਕਾਉਣ ਲਈ ਇਹ ਕੰਮ ਕੀਤਾ।"

ਨਸੀਮ ਅੰਸਾਰੀ ਨੇ ਕਿਹਾ, "ਕੋਈ ਮਾਂ-ਬਾਪ ਖੁਸ਼ੀ ਨਾਲ ਆਪਣੇ ਬੱਚਿਆਂ ਨੂੰ ਨਹੀਂ ਵੇਚਦਾ। ਇਹ ਕੋਈ ਤੋਹਫ਼ੇ ਦੀ ਚੀਜ਼ ਨਹੀਂ ਹੈ ਜੋ ਕਿਸੇ ਨੂੰ ਦੇ ਦਿੱਤੀ ਜਾਵੇ। ਭਾਰਤ ਵਿੱਚ ਹਰ ਸਾਲ 40 ਹਜ਼ਾਰ ਬੱਚੇ ਗੁੰਮਸ਼ੁਦਾ ਹੁੰਦੇ ਹਨ ਜਾਂ ਉਨ੍ਹਾਂ ਨੂੰ ਅਗਵਾ ਕਰ ਲਿਆ ਜਾਂਦਾ ਹੈ। ਓਡਿਸ਼ਾ ਇਸ ਵਿੱਚ ਘੱਟ ਨਹੀਂ ਹੈ। ਓਡਿਸ਼ਾ ਵਿੱਚ ਇੱਕ ਤੋਂ ਬਾਅਦ ਇੱਕ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਮੂਲ ਸਮੱਸਿਆ ਉੱਤੇ ਧਿਆਨ ਦੇਵੇ।"

ਸਟੇਟ ਜੁਵੇਨਾਈਲ ਜਸਟਿਸ ਬੋਰਡ ਦੇ ਸਾਬਕਾ ਮੈਂਬਰ ਨਮਰਤਾ ਚੱਡਾ ਕਹਿੰਦੇ ਹਨ, "ਓਡਿਸ਼ਾ ਵਿੱਚ ਲਗਾਤਾਰ ਬੱਚਿਆਂ ਨੂੰ ਵੇਚੇ ਜਾਣ ਦੀਆਂ ਖ਼ਬਰਾਂ ਸੁਰਖੀਆਂ ਵਿੱਚ ਆਉਂਦੀਆਂ ਹਨ। ਜ਼ਿਆਦਾਤਰ ਸਮੇਂ ਗਰੀਬ ਪਰਿਵਾਰ ਬੱਚਿਆਂ ਦੀ ਢੰਗ ਨਾਲ ਦੇਖਭਾਲ ਨਹੀਂ ਕਰ ਪਾਉਂਦੇ, ਇਸ ਲਈ ਉਹ ਬਿਹਤਰ ਆਰਥਿਕ ਹਾਲਤ ਵਾਲੇ ਪਰਿਵਾਰ ਨੂੰ ਬੱਚਾ ਦੇ ਦਿੰਦੇ ਹਨ, ਜੋ ਕਾਨੂੰਨੀ ਤੌਰ 'ਤੇ ਠੀਕ ਨਹੀਂ ਹੈ।"

ਉਹ ਕਹਿੰਦੇ ਹਨ, "ਓਡਿਸ਼ਾ ਵਿੱਚ ਲੀਗਲ ਅਡਾਪਸ਼ਨ ਪ੍ਰਕਿਰਿਆ (ਗੋਦ ਲੈਣ ਦੀ ਕਾਨੂੰਨੀ ਪ੍ਰਕਿਰਿਆ) ਕਾਫ਼ੀ ਜਟਿਲ ਹੈ। ਜੇ ਗੋਦ ਲੈਣ ਦੀ ਪ੍ਰਕਿਰਿਆ ਸੌਖੀ ਹੋਵੇ ਤਾਂ ਸ਼ਾਇਦ ਇਸ ਤਰ੍ਹਾਂ ਦੀਆਂ ਘਟਨਾਵਾਂ ਵੇਖਣ ਨੂੰ ਨਹੀਂ ਮਿਲਣਗੀਆਂ। ਇਸ ਤੋਂ ਇਲਾਵਾ ਸਰਕਾਰ ਨੂੰ ਗਰੀਬ ਲੋਕਾਂ ਦੀ ਆਰਥਿਕ ਹਾਲਤ ਨੂੰ ਬਿਹਤਰ ਬਣਾਉਣ ਅਤੇ ਸਰਕਾਰੀ ਸੁਵਿਧਾਵਾਂ ਨੂੰ ਲੋਕਾਂ ਤੱਕ ਢੰਗ ਨਾਲ ਪਹੁੰਚਾਉਣ ਦੀ ਵੀ ਲੋੜ ਹੈ। ਇਸ ਨਾਲ ਗਰੀਬੀ ਕਾਰਨ ਕਿਸੇ ਨੂੰ ਆਪਣਾ ਬੱਚਾ ਵੇਚਣ ਦੀ ਨੌਬਤ ਨਹੀਂ ਆਵੇਗੀ।"

ਦਰਅਸਲ ਓਡਿਸ਼ਾ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਖ਼ਬਰਾਂ ਵਿੱਚ ਰਹੀਆਂ ਹਨ। ਜ਼ਿਆਦਾਤਰ ਮਾਮਲਿਆਂ ਵਿੱਚ ਇਹ ਦੇਖਿਆ ਗਿਆ ਹੈ ਕਿ ਕੁੜੀਆਂ ਨੂੰ ਹੀ ਕਿਸੇ ਨੂੰ ਦਿੱਤਾ ਗਿਆ ਹੈ।

ਤਿੰਨ ਮਹੀਨੇ ਪਹਿਲਾਂ ਭਦ੍ਰਕ ਦੇ ਹੀ ਬਾਸੁਦੇਵਪੁਰ ਬਲਾਕ ਵਿੱਚ ਪੰਜ ਦਿਨਾਂ ਦੀ ਇੱਕ ਬੱਚੀ ਨੂੰ ਵੇਚੇ ਜਾਣ ਦੀ ਖ਼ਬਰ ਆਈ ਸੀ। ਮਾਮਲੇ ਨੂੰ ਲੈ ਕੇ ਪਿੰਡ ਦੇ ਲੋਕਾਂ ਨੇ ਬਾਲ ਕਲਿਆਣ ਕਮੇਟੀ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।

ਪਿਛਲੇ ਸਾਲ ਰਾਇਗੜ੍ਹਾ ਦੇ ਇੱਕ ਪਰਿਵਾਰ ਨੇ ਆਪਣੀ ਨੌ ਦਿਨਾਂ ਦੀ ਬੱਚੀ ਨੂੰ ਆਂਧਰਾ ਪ੍ਰਦੇਸ਼ ਦੇ ਇੱਕ ਪਰਿਵਾਰ ਨੂੰ ਵੇਚ ਦਿੱਤਾ ਸੀ। ਬਾਅਦ ਵਿੱਚ ਉਸ ਨੂੰ ਰੈਸਕਿਊ ਕੀਤਾ ਗਿਆ ਅਤੇ ਓਡਿਸ਼ਾ ਵਾਪਸ ਲਿਆਂਦਾ ਗਿਆ। ਇਸ ਮਾਮਲੇ ਵਿੱਚ ਬਾਲ ਕਲਿਆਣ ਕਮੇਟੀ ਦੇ ਪੰਜ ਕਰਮਚਾਰੀਆਂ ਨੂੰ ਸਸਪੈਂਡ ਵੀ ਕੀਤਾ ਗਿਆ ਸੀ।

ਪੰਜ ਮਹੀਨੇ ਪਹਿਲਾਂ ਇਸ ਤਰ੍ਹਾਂ ਦਾ ਇੱਕ ਹੋਰ ਮਾਮਲਾ ਟਿਟਲਾਗੜ੍ਹ ਦੇ ਬਾਗਡੇਰ ਪਿੰਡ ਵਿੱਚ ਸਾਹਮਣੇ ਆਇਆ ਸੀ। ਜਿੱਥੇ 20 ਹਜ਼ਾਰ ਰੁਪਏ ਦੇ ਬਦਲੇ ਇੱਕ ਬੱਚੀ ਨੂੰ ਵੇਚੇ ਜਾਣ ਦੀ ਖ਼ਬਰ ਆਈ ਸੀ। ਗਰੀਬੀ ਕਾਰਨ ਇੱਕ ਵਿਅਕਤੀ ਅਤੇ ਉਸ ਦੇ ਪਰਿਵਾਰ ਨੇ ਇਹ ਕੰਮ ਕੀਤਾ ਸੀ।

ਨਵੰਬਰ 2024 ਵਿੱਚ ਬਲਾਂਗੀਰ ਦੇ ਖਪਰਾਖੋਲ ਵਿੱਚ ਇੱਕ ਆਸ਼ਾ ਕਰਮੀ ਨੇ ਇੱਕ ਪਰਿਵਾਰ ਵੱਲੋਂ ਇੱਕ ਬੱਚੀ ਨੂੰ ਵੇਚੇ ਜਾਣ ਦਾ ਮਾਮਲਾ ਸਾਹਮਣੇ ਲਿਆਂਦਾ ਸੀ। ਬਾਅਦ ਵਿੱਚ ਲਾਠੋਰ ਥਾਣੇ ਵਿੱਚ ਇਸ ਸਬੰਧੀ ਮਾਮਲਾ ਵੀ ਦਰਜ ਕੀਤਾ ਗਿਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)