ਆਂਦਰਾਂ ਦੀ ਸਿਹਤ ਦਾ ਧਿਆਨ ਰੱਖ ਕੇ ਅਸੀਂ ਬੁਢਾਪੇ ਵਿੱਚ ਇਸ ਤਰ੍ਹਾਂ ਤੰਦਰੁਸਤ ਰਹਿ ਸਕਦੇ ਹਾਂ

    • ਲੇਖਕ, ਹਿਯੂ ਪਿਮ
    • ਰੋਲ, ਹੈਲਥ ਐਡੀਟਰ

ਆਂਦਰਾਂ (ਗੱਟ) ਅੱਜਕੱਲ੍ਹ ਬਹੁਤ ਜ਼ਿਆਦਾ ਖਿੱਚ ਦਾ ਕੇਂਦਰ ਬਣ ਗਈਆਂ ਹਨ। ਸੋਸ਼ਲ ਮੀਡੀਆ ਇਨਫਲੂਐਂਸਰ ਅਜਿਹੇ ਅਣਪ੍ਰਮਾਣਿਤ ਸਪਲੀਮੈਂਟਾਂ ਦਾ ਪ੍ਰਚਾਰ ਕਰਦੇ ਹਨ ਜੋ ਆਂਦਰਾਂ ਦੀ ਸਿਹਤ ਸੁਧਾਰਨ ਦਾ ਦਾਅਵਾ ਕਰਦੇ ਹਨ, ਜਦਕਿ ਕੁਝ ਕੰਪਨੀਆਂ ਆਪਣੇ ਉਤਪਾਦਾਂ ਰਾਹੀਂ ਇਨ੍ਹਾਂ ਨੂੰ ਪੋਸ਼ਣ ਦੇਣ ਦਾ ਵਾਅਦਾ ਕਰਦੇ ਹਨ।

ਕੁਝ ਲੋਕਾਂ ਨੇ ਆਂਦਰਾਂ ਪ੍ਰਤੀ ਇਸ ਜਨੂੰਨ ਨੂੰ ਇੱਕ ਆਰਜ਼ੀ ਰੁਝਾਨ ਕਹਿ ਕੇ ਖਾਰਜ ਕਰ ਦਿੱਤਾ ਹੈ - ਹਾਲਾਂਕਿ ਕਈ ਡਾਕਟਰਾਂ ਦਾ ਮੰਨਣਾ ਹੈ ਕਿ ਸਾਡਾ ਗੱਟ ਮਾਈਕਰੋਬਾਇਓਮ ਮਾਨਸਿਕ ਸਿਹਤ ਤੋਂ ਲੈ ਕੇ ਕੁਝ ਖਾਸ ਕਿਸਮ ਦੇ ਕੈਂਸਰ ਹੋਣ ਦੀ ਸੰਭਾਵਨਾ ਤੱਕ, ਬਹੁਤ ਸਾਰੀਆਂ ਚੀਜ਼ਾਂ ਉੱਤੇ ਅਸਰ ਪਾਉਂਦਾ ਹੈ।

ਪਰ ਇੱਕ ਹੋਰ ਡਾਕਟਰੀ ਸੰਭਾਵਨਾ ਹੈ ਜਿਸ ਵਿੱਚ ਮੇਰੀ ਖਾਸ ਦਿਲਚਸਪੀ ਹੈ: ਇਹ ਕਿ ਸਾਡੀਆਂ ਆਂਦਰਾਂ ਇਸ ਗੱਲ 'ਤੇ ਕਿਵੇਂ ਅਸਰ ਪਾਉਂਦੀਆਂ ਹਨ ਕਿ ਅਸੀਂ ਕਿੰਨੀ ਚੰਗੀ ਜਾਂ ਮਾੜੀ ਤਰ੍ਹਾਂ ਬੁਢਾਪੇ ਵੱਲ ਵਧਦੇ ਹਾਂ।

ਇਹੀ ਕਾਰਨ ਹੈ ਕਿ ਕੁਝ ਮਹੀਨੇ ਪਹਿਲਾਂ ਮੈਂ ਪੈਨਸਿਲਿਨ ਦੀ ਖੋਜ ਲਈ ਮਸ਼ਹੂਰ, ਲੰਡਨ ਦੇ ਸੇਂਟ ਮੈਰੀ ਹਸਪਤਾਲ ਵਿੱਚ ਸੀ। ਮੈਂ ਆਪਣੀਆਂ ਆਂਦਰਾਂ ਦੀ ਸਿਹਤ ਬਾਰੇ ਇੱਕ ਘਬਰਾਹਟ ਛੇੜਨ ਵਾਲੀ ਜਾਣਕਾਰੀ ਲੈਣ ਦੀ ਤਿਆਰੀ ਕਰ ਰਿਹਾ ਸੀ।

ਮੈਂ ਉੱਥੇ ਡਾ. ਜੇਮਜ਼ ਕਿਨਰੋਸ ਨੂੰ ਮਿਲਣ ਗਿਆ ਸੀ। ਉਹ ਇੰਪੀਰੀਅਲ ਕਾਲਜ ਲੰਡਨ ਵਿੱਚ ਸਰਜਰੀ ਦੇ ਪ੍ਰੋਫੈਸਰ ਅਤੇ ਇੱਕ ਕੋਲੋਰੇਕਟਲ ਸਰਜਨ ਹਨ। ਲੇਕਿਨ, ਸ਼ਾਇਦ ਉਨ੍ਹਾਂ ਦੇ ਕੰਮ ਦਾ ਸਭ ਤੋਂ ਦਿਲਚਸਪ ਹਿੱਸਾ ਇਹ ਹੈ ਕਿ ਉਹ ਲੋਕਾਂ ਦੇ ਮਲ ਦਾ ਵਿਸ਼ਲੇਸ਼ਣ ਕਰਦੇ ਹਨ।

ਕੁਝ ਹਫ਼ਤੇ ਪਹਿਲਾਂ, ਮੈਂ ਆਪਣੇ ਮਲ ਦਾ ਨਮੂਨਾ ਇੱਕ ਪ੍ਰਯੋਗਸ਼ਾਲਾ ਵਿੱਚ ਭੇਜਿਆ ਸੀ। ਇਸ ਤਰ੍ਹਾਂ ਦੇ ਟੈਸਟ ਸਾਡੇ ਗੱਟ ਮਾਈਕਰੋਬਾਇਓਮ ਬਾਰੇ ਜਾਣਕਾਰੀ ਦੇ ਸਕਦੇ ਹਨ। ਗੱਟ ਮਾਈਕਰੋਬਾਇਓਮ ਤੋਂ ਭਾਵ ਸਾਡੇ ਪੇਟ ਦੇ ਅੰਦਰ ਰਹਿਣ ਵਾਲੇ ਉਨ੍ਹਾਂ ਖਰਬਾਂ ਸੂਖਮ ਜੀਵਾਂ ਤੋਂ ਹੈ ਜਿਨ੍ਹਾਂ ਵਿੱਚ ਜ਼ਿਆਦਾਤਰ ਬੈਕਟੀਰੀਆ, ਪਰ ਵਾਇਰਸ ਅਤੇ ਉੱਲੀ/ਫੰਗਸ ਵੀ ਸ਼ਾਮਲ ਹੁੰਦੇ ਹਨ।

ਉਹ ਕਹਿੰਦੇ ਹਨ, "ਮੈਂ ਮਾਈਕਰੋਬਾਇਓਮ ਦਾ ਪ੍ਰਚਾਰਕ ਹਾਂ। ਇਹ ਸਾਡੀ ਸਿਹਤ ਦੇ ਸਾਰੇ ਪਹਿਲੂਆਂ ਵਿੱਚ ਬਹੁਤ ਡੁੰਘਾਈ ਨਾਲ ਰਚਿਆ ਹੋਇਆ ਹੈ।"

ਉਨ੍ਹਾਂ ਦਾ ਮੰਨਣਾ ਹੈ ਕਿ ਆਂਦਰਾਂ (ਗੱਟ) ਉਮਰ ਵਧਣ ਦੀ ਪ੍ਰਕਿਰਿਆ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ - ਜਿਸਦਾ ਅਸਰ ਇਸ ਗੱਲ 'ਤੇ ਪੈਂਦਾ ਹੈ ਕਿ ਅਸੀਂ ਕਿੰਨਾ ਚਿਰ ਜਿਉਂਦੇ ਹਾਂ ਅਤੇ ਬੁਢਾਪੇ ਦੇ ਸਾਲਾਂ ਵਿੱਚ ਸਰੀਰਕ ਤੌਰ 'ਤੇ ਕਿੰਨੇ ਮਜ਼ਬੂਤ ਰਹਿੰਦੇ ਹਾਂ।

ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਉਮਰ ਵਧਣ ਦੀ ਪ੍ਰਕਿਰਿਆ ਵਿੱਚ ਗੱਟ ਮਾਈਕਰੋਬਾਇਓਮ ਦੀ ਮਹੱਤਤਾ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ, ਅਤੇ ਜਿੰਨ੍ਹਾਂ ਨਾਲ ਵੀ ਮੈਂ ਗੱਲ ਕਰਦਾ ਹਾਂ, ਉਹਨਾਂ ਦਾ ਇਹੀ ਮੰਨਣਾ ਹੈ ਕਿ ਹੋਰ ਖੋਜ ਦੀ ਲੋੜ ਹੈ।

ਹੁਣ ਜਦੋਂ ਮੈਂ 60ਵਿਆਂ ਵਿੱਚ ਹਾਂ ਅਤੇ ਹਾਲ ਹੀ ਵਿੱਚ ਮੇਰੇ ਬੱਚਿਆਂ ਦੇ ਬੱਚੇ ਹੋਏ ਹਨ, ਤਾਂ ਇਹ ਦੇਖਣ ਦਾ ਸਹੀ ਸਮਾਂ ਹੈ ਕਿ ਮੇਰੀਆਂ ਆਂਦਰਾਂ ਆਉਣ ਵਾਲੇ ਦਹਾਕਿਆਂ ਵਿੱਚ ਮੇਰੀ ਸਿਹਤ ਬਾਰੇ ਕੀ ਦੱਸਦੀਆਂ ਹਨ।

ਇਸ ਵੱਡੇ ਸਵਾਲ ਦਾ ਜਵਾਬ ਇਹ ਹੈ: ਜੇਕਰ ਆਂਦਰਾਂ ਦੀ ਸਿਹਤ ਸੱਚਮੁੱਚ ਬੁਢਾਪੇ 'ਤੇ ਅਸਰ ਪਾ ਸਕਦੀ ਹੈ, ਅਸੀਂ ਇਸ ਨੂੰ ਬਿਹਤਰ ਬਣਾਉਣ ਲਈ, ਜੇ ਕੁਝ ਕਰ ਸਕਦੇ ਹਾਂ ਤਾਂ ਕੀ ਕਰ ਸਕਦੇ ਹਾਂ?

ਦੁਨੀਆਂ ਦੀ ਸਭ ਤੋਂ ਬਜ਼ੁਰਗ ਔਰਤ ਦੀ ਰੋਜ਼ਾਨਾ ਦਹੀਂ ਖਾਣ ਦੀ ਆਦਤ

ਮਾਰੀਆ ਬ੍ਰਾਇਨਾਸ ਮੋਰੇਰਾ ਦੁਨੀਆ ਦੀ ਸਭ ਤੋਂ ਬਜ਼ੁਰਗ ਵਿਅਕਤੀ ਸੀ। ਸਾਲ 2024 ਵਿੱਚ ਉੱਤਰੀ ਸਪੇਨ ਵਿੱਚ 117 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਤੋਂ ਬਾਅਦ, ਵਿਗਿਆਨੀਆਂ ਨੇ ਉਨ੍ਹਾਂ ਦੇ ਮਲ, ਖੂਨ, ਲਾਰ ਅਤੇ ਪਿਸ਼ਾਬ ਦੇ ਨਮੂਨੇ ਲਏ ਅਤੇ ਉਨ੍ਹਾਂ ਦੀ ਤੁਲਨਾ ਆਈਬੇਰੀਅਨ ਪ੍ਰਾਇਦੀਪ ਦੀਆਂ 75 ਹੋਰ ਔਰਤਾਂ ਨਾਲ ਕੀਤੀ।

ਉਨ੍ਹਾਂ ਨੇ ਦੱਸਿਆ ਕਿ ਉਹ ਬੇਬੇ ਸਿਹਤਮੰਤ ਜੀਵਨਸ਼ੈਲੀ ਜਿਉਂਦੇ ਸੀ: ਉਹ ਪੇਂਡੂ ਇਲਾਕੇ ਵਿੱਚ ਰਹਿੰਦੇ ਸੀ, ਦਿਨ ਵਿੱਚ ਇੱਕ ਘੰਟਾ ਪੈਦਲ ਤੁਰਦੇ ਸੀ ਅਤੇ ਤੇਲ ਨਾਲ ਭਰਪੂਰ ਭੂ-ਮੱਧ ਸਾਗਰੀ (ਮੈਡੀਟੇਰੀਅਨ) ਭੋਜਨ ਕਰਦੇ ਸੀ।

ਲੇਕਿਨ ਜੋ ਗੱਲ ਉਨ੍ਹਾਂ ਨੂੰ ਦੂਜਿਆਂ ਤੋਂ ਅਲਹਿਦਾ ਕਰਦੀ ਸੀ , ਉਹ ਇਹ ਕਿ ਉਹ ਰੋਜ਼ਾਨਾ ਤਿੰਨ ਹਿੱਸੇ ਦਹੀਂ ਖਾਂਦੇ ਸੀ।

ਬਾਰਸੀਲੋਨਾ ਯੂਨੀਵਰਸਿਟੀ ਦੇ ਜੀਨ ਵਿਗਿਆਨੀ ਡਾ. ਮੈਨੇਲ ਅਸਟੇਲਰ ਇਸ ਅਧਿਐਨ ਦੇ ਸਹਿ ਲੇਖਕ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਮੋਰੇਰਾ ਦੀ ਦਹੀਂ (ਯੋਗਰਟ) ਖਾਣ ਦੀ ਆਦਤ ਨੇ ਉਨ੍ਹਾਂ ਨੂੰ ਉੱਚ ਪੱਧਰੀ ਮਦਦਗਾਰ ਬੈਕਟੀਰੀਆ ਦਿੱਤੇ ਹੋਣਗੇ ਜੋ ਸੋਜ ਨੂੰ ਘੱਟ ਕਰ ਸਕਦੇ ਹਨ।

ਐਸਟੇਲਰ ਕਹਿੰਦੇ ਹਨ, "ਉਨ੍ਹਾਂ ਦੇ ਸੈੱਲ ਅਜਿਹੇ ਸਨ ਜੋ ਉਨ੍ਹਾਂ ਦੀ ਅਸਲ ਉਮਰ ਤੋਂ ਘੱਟ ਉਮਰ ਦੇ ਲੱਗਦੇ ਸਨ।"

ਸੌ ਸਾਲ ਦੀ ਉਮਰ ਹੰਢਾਉਣ ਵਾਲੇ ਲੋਕ ਜੋ ਲੰਬੀ ਉਮਰ ਦੀ ਦੁਨੀਆ ਦੇ ਸੁਪਰਹੀਰੋ ਹਨ - ਬਾਰੇ ਹੋਰ ਵੀ ਅਧਿਐਨ ਹੋਏ ਹਨ।

ਵਿਗਿਆਨੀਆਂ ਨੇ ਵਾਰ-ਵਾਰ 100 ਸਾਲ ਤੋਂ ਵੱਧ ਉਮਰ ਵਾਲੀ ਇਸ ਖੁਸ਼ਕਿਸਮਤ ਆਬਾਦੀ ਦੀਆਂ ਆਂਦਰਾਂ ਦੀ ਜਾਂਚ ਕੀਤੀ ਹੈ ਅਤੇ ਉੱਥੇ ਬੈਕਟੀਰੀਆ ਦੀ ਇੱਕ ਪ੍ਰਭਾਵਸ਼ਾਲੀ ਵੰਨਗੀ ਮਿਲੀ ਹੈ।

ਸਾਲ 2022 ਵਿੱਚ ਨੇਚਰ ਜਨਰਲ ਵਿੱਚ ਛਪੇ ਇੱਕ ਇੱਕ ਹੋਰ ਅਧਿਐਨ ਵਿੱਚ, ਦੱਖਣ-ਪੂਰਬੀ ਚੀਨ ਦੇ ਜਿਆਓਲਿੰਗ ਕਾਉਂਟੀ ਦੇ ਖੋਜੀਆਂ ਨੇ 18 ਸ਼ਤਾਬਦੀ ਪੁਰਸ਼ਾਂ ਦੇ ਮਲ ਦੇ ਨਮੂਨੇ ਲਏ - ਅਤੇ ਨੌਜਵਾਨਾਂ ਦੀ ਤੁਲਨਾ ਵਿੱਚ ਉਨ੍ਹਾਂ ਵਿੱਚ ਬੈਕਟੀਰੀਆ ਦੀ ਜ਼ਿਆਦਾ ਵੰਨਗੀ ਦੇਖੀ ਗਈ।

ਆਂਦਰਾਂ ਵਿੱਚ 'ਇੱਕ ਬਗੀਚੇ ਵਰਗੀ ਵੰਨਗੀ' ਹੋਣੀ ਚਾਹੀਦਾ ਹੈ

ਕਿੰਗਜ਼ ਕਾਲਜ ਲੰਡਨ ਵਿੱਚ ਬੁਢਾਪਾ ਰੋਗ ਵਿਗਿਆਨ (ਜੇਰੀਐਟ੍ਰਿਕ ਮੈਡੀਸਨ) ਦੇ ਕਲੀਨਿਕਲ ਲੈਕਚਰਾਰ ਡਾ. ਮੈਰੀ ਨੀ ਲੋਚਲੇਨ ਨੂੰ ਇਹ ਗੱਲ ਤਰਕਸੰਗਤ ਲੱਗਦੀ ਹੈ। ਉਹ ਕਹਿੰਦੇ ਹਨ ਕਿ ਸਾਡੇ ਗੱਟ ਮਾਈਕਰੋਬਾਇਓਮ ਨੂੰ ਇੱਕ ਬਗੀਚੇ ਵਾਂਗ ਸਮਝਣਾ ਮਦਦਗਾਰ ਹੈ: ਅਸੀਂ ਚਾਹੁੰਦੇ ਹਾਂ ਕਿ ਇਹ ਜਿੰਨਾ ਸੰਭਵ ਹੋ ਸਕੇ ਵੰਨਗੀ ਭਰਭੂਰ ਹੋਵੇ।

ਉਹ ਸਮਝਾਉਂਦੇ ਹਨ, "ਜੇ ਤੁਸੀਂ ਅਜਿਹੇ ਬਗੀਚੇ ਵਿੱਚ ਜਾਂਦੇ ਹੋ ਜਿੱਥੇ ਕੋਈ ਪੌਦਾ ਨਹੀਂ ਹੈ ਅਤੇ ਉਹ ਬਿਲਕੁਲ ਬੰਜਰ ਲੱਗਦਾ ਹੈ, ਤਾਂ ਉਹ ਘੱਟ-ਵੰਨਗੀ ਵਾਲਾ ਬਗੀਚਾ ਹੈ।" ਜਦਕਿ "ਤੁਹਾਨੂੰ ਬਹੁਤ ਸਾਰੇ ਫੁੱਲ, ਰੰਗ ਅਤੇ ਬੀਜ ਚਾਹੀਦੇ ਹਨ।"

ਮੁਸ਼ਕਲ ਇਹ ਹੈ ਕਿ ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਹੈ, ਸਾਡੇ ਮਾਈਕਰੋਬਾਇਓਮ ਦੀ ਵੰਨਗੀ ਬਹੁਤ ਘੱਟ ਜਾਂਦੀ ਹੈ। ਕੁਝ ਮਦਦਗਾਰ ਬੈਕਟੀਰੀਆ ਸਾਡੀਆਂ ਆਂਦਰਾਂ ਵਿੱਚੋਂ ਗਾਇਬ ਹੋ ਜਾਂਦੇ ਹਨ।

ਲੇਕਿਨ ਉਹ ਬਜ਼ੁਰਗ ਜੋ ਇਸ ਰੁਝਾਨ ਨੂੰ ਬਦਲਦੇ ਹਨ - ਅਤੇ ਜੋ ਆਪਣੀ ਅੱਸੀ ਅਤੇ ਨੱਬੇ ਦੇ ਦਹਾਕੇ ਤੱਕ ਆਪਣੇ ਚੰਗੇ ਬੈਕਟੀਰੀਆ ਨੂੰ ਬਰਕਰਾਰ ਰੱਖਦੇ ਹਨ - ਉਹ ਜ਼ਿਆਦਾ ਲੰਬਾ ਅਤੇ ਸਿਹਤਮੰਦ ਜੀਵਨ ਜਿਉਂਦੇ ਹਨ।

"ਅਸੀਂ ਜਾਣਦੇ ਹਾਂ ਕਿ ਸ਼ਤਾਬਦੀ ਪੁਰਸ਼ਾਂ ਵਿੱਚ ਵਧੇਰੇ ਵੰਨਗੀ ਭਰਭੂਰ ਮਾਈਕਰੋਬਾਇਓਮ ਹੁੰਦਾ ਹੈ।"

"ਉਨ੍ਹਾਂ ਲੋਕਾਂ ਵਿੱਚ ਕੁਝ ਅਜਿਹਾ ਹੈ ਕਿ ਉਹ ਇੱਕ ਤਰ੍ਹਾਂ ਨਾਲ ਉੱਤਮ ਪ੍ਰਾਣੀ ਹਨ। ਉਹ ਆਪਣੀ ਵੰਨਗੀ ਨੂੰ ਕਾਇਮ ਰੱਖਣ ਵਿੱਚ ਕਾਮਯਾਬ ਰਹੇ ਹਨ।"

ਇਹ ਸਿਰਫ਼ ਇਸ ਬਾਰੇ ਨਹੀਂ ਹੈ ਕਿ ਕੋਈ ਕਿੰਨਾ ਚਿਰ ਜਿਉਂਦਾ ਹੈ - ਇਹ ਇਸ ਬਾਰੇ ਵੀ ਹੈ ਕਿ ਉਹ ਆਪਣੇ ਆਖਰੀ ਸਾਲਾਂ ਵਿੱਚ ਕਿੰਨੀ ਚੰਗੀ ਤਰ੍ਹਾਂ ਜੀਵਨ ਬਤੀਤ ਕਰਦੇ ਹਨ। ਕਿਨਰੋਸ ਮੁਤਾਬਕ ਗੱਟ ਬੈਕਟੀਰੀਆ ਅਤੇ ਸਰੀਰਕ ਕਮਜ਼ੋਰੀ, ਜਾਂ ਬਜ਼ੁਰਗ ਵਿਅਕਤੀ ਦੀ ਕਿਸੇ ਬਿਮਾਰੀ ਜਾਂ ਸੱਟ ਤੋਂ ਠੀਕ ਹੋਣ ਦੀ ਸਮਰੱਥਾ ਵਿਚਕਾਰ ਇੱਕ ਸਬੰਧ ਹੈ।

ਮੇਰੀ ਅਸਲ ਉਮਰ ਬਨਾਮ ਮੇਰੇ ਗੱਟ ਦੀ ਉਮਰ

ਸੇਂਟ ਮੈਰੀ ਹਸਪਤਾਲ ਦੀ ਲੈਬ ਵਿੱਚ, ਕਿਨਰੋਸ ਆਪਣਾ ਫੈਸਲਾ ਸੁਣਾਉਂਦੇ ਹਨ: ਮੇਰੇ ਮਾਈਕਰੋਬਾਇਓਮ ਵਿੱਚ ਚੰਗੀ "ਗੱਟ ਵੰਨਗੀ" ਹੈ। ਇਹ "ਕਾਫ਼ੀ ਹੱਦ ਤੱਕ ਤੰਦਰੁਸਤ" ਹੈ ਜੋ ਕਿ ਚੰਗੀ ਖ਼ਬਰ ਹੈ। ਲੇਕਿਨ ਉਨ੍ਹਾਂ ਦੇ ਲਹਿਜੇ ਤੋਂ ਮੈਂ ਕੁਝ ਚੇਤਾਵਨੀਆਂ ਮਹਿਸੂਸ ਕੀਤੀਆਂ।

ਚੇਤਾਵਨੀਆਂ ਸਾਹਮਣੇ ਵੀ ਆਈਆਂ। ਪਹਿਲਾਂ, ਉਨ੍ਹਾਂ ਨੇ ਸਮਝਾਇਆ ਕਿ ਆਂਦਰਾਂ ਵਿੱਚ ਕੁਝ ਅਜਿਹੇ ਤੱਤ ਹਨ ਜੋ ਦਿਲ ਦੇ ਰੋਗਾਂ ਦਾ ਖ਼ਤਰਾ ਵਧਾ ਸਕਦੇ ਹਨ। ਚਿੰਤਾ ਦੀ ਗੱਲ ਇਹ ਹੈ ਕਿ ਕੁਝ ਖ਼ਤਰਨਾਕ ਬੈਕਟੀਰੀਆ ਵੀ ਮਿਲੇ ਹਨ। ਈ. ਕੋਲਾਈ (E.coli) ਅਤੇ ਸੀ-ਡਿਫਿਸਾਇਲ (C-Difficile) ਮੌਜੂਦ ਹਨ, ਜੋ ਕਿ ਆਮ ਹੈ। (ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਜਾਂ ਪੇਟ ਦੀ ਕੋਈ ਪੁਰਾਣੀ ਲਾਗ ਇਸਦਾ ਕਾਰਨ ਹੋ ਸਕਦੀ ਹੈ।)

ਫਿਰ ਉਮਰ ਦਾ ਸਵਾਲ ਆਉਂਦਾ ਹੈ। ਕਿਨਰੋਸ ਨੇ ਮੈਨੂੰ ਦੱਸਿਆ ਕਿ ਮੇਰਾ ਗੱਟ ਬਾਇਓਮ ਲਗਭਗ ਮੇਰੇ ਤੋਂ ਪੰਜ ਸਾਲ ਵੱਡੇ ਇੱਕ ਇਤਾਲਵੀ ਵਿਅਕਤੀ ਵਰਗਾ ਹੈ। ਉਨ੍ਹਾਂ ਨੇ ਉੱਤਰੀ ਇਟਲੀ ਦੇ 62 ਲੋਕਾਂ ਦੇ ਅਧਿਐਨ ਨਾਲ ਮੇਰੇ ਨਤੀਜਿਆਂ ਦੀ ਤੁਲਨਾ ਕਰਕੇ ਇਹ ਸਿੱਟਾ ਕੱਢਿਆ ਹੈ।

ਉਸ ਅਧਿਐਨ ਵਿੱਚ - ਜੋ ਆਪਣੀ ਕਿਸਮ ਦਾ ਇਕਲੌਤਾ ਹੈ - ਖੋਜੀਆਂ ਨੇ 22 ਤੋਂ 109 ਸਾਲ ਦੀ ਉਮਰ ਦੇ ਵੱਖ-ਵੱਖ ਲੋਕਾਂ ਦੇ ਮਲ ਦੇ ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ ਇਸ ਨਾਲ ਉਨ੍ਹਾਂ ਨੂੰ ਇਹ ਸਮਝਣ ਵਿੱਚ ਮਦਦ ਮਿਲੀ ਕਿ ਜੀਵਨ ਦੇ ਵੱਖ-ਵੱਖ ਪੜਾਵਾਂ ਵਿੱਚ ਕਿਸੇ ਵਿਅਕਤੀ ਦੀਆਂ ਆਂਦਰਾਂ ਕਿਹੋ-ਜਿਹੀਆਂ ਲੱਗਦੀਆਂ ਹਨ।

ਇਸ ਫੈਸਲੇ ਨੇ ਮੈਨੂੰ ਦੋਸ਼ੀ ਮਹਿਸੂਸ ਕਰਵਾਇਆ ਅਤੇ ਉਨ੍ਹਾਂ ਸਾਲਾਂ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਜਦੋਂ ਮੈਂ ਰੈਡੀ-ਮੀਲ ਅਤੇ ਸਨੈਕਸ ਖਾਂਦਾ ਸੀ। ਸਾਲ 2008 ਦੇ ਬੈਂਕਿੰਗ ਸੰਕਟ ਅਤੇ ਕੋਵਿਡ-19 ਮਹਾਮਾਰੀ ਦੌਰਾਨ ਕੰਮ ਦੇ ਰੁਝੇਵਿਆਂ ਕਾਰਨ ਚੱਲਦੇ-ਫਿਰਦੇ ਬਹੁਤ ਸਾਰੇ ਕੇਕ ਅਤੇ ਮਿੱਠੀਆਂ ਚੀਜ਼ਾਂ ਖਾਧੀਆਂ। 20ਵਿਆਂ ਦੀ ਉਮਰ ਤੋਂ ਲੰਡਨ ਵਿੱਚ ਰਹਿਣ ਦਾ ਮਤਲਬ ਸੀ ਉੱਤਰੀ ਇਟਲੀ ਦੀ ਤਾਜ਼ੀ ਹਵਾ ਦੀ ਬਜਾਏ ਧੂੰਏਂ ਵਿੱਚ ਰਹਿਣਾ। ਕੋਈ ਹੈਰਾਨੀ ਨਹੀਂ ਕਿ ਮੇਰੀਆਂ ਆਂਦਰਾਂ ਮੇਰੀ ਉਮਰ ਨਾਲੋਂ ਪੰਜ ਸਾਲ ਵੱਡੀ ਮੰਨੀ ਗਈ ਹੈ।

ਕਿਨਰੋਸ ਨੇ ਮੇਰੇ ਘਬਰਾਏ ਹੋਏ ਚਿਹਰੇ ਦਾ ਉੱਡਿਆ ਰੰਗ ਜ਼ਰੂਰ ਦੇਖ ਲਿਆ ਹੋਵੇਗਾ, ਕਿਉਂਕਿ ਉਨ੍ਹਾਂ ਨੇ ਤੁਰੰਤ ਮੈਨੂੰ ਦਿਲਾਸਾ ਦਿੱਤਾ ਕਿ ਹੋ ਸਕਦਾ ਹੈ ਕਿ ਉਹ ਇਟਾਲੀਅਨ ਪੁਰਸ਼ ਭੂ-ਮੱਧ ਸਾਗਰੀ ਖੁਰਾਕ 'ਤੇ ਰਹੇ ਹੋਣ, ਜਾਂ ਸ਼ਹਿਰੀ ਪ੍ਰਦੂਸ਼ਣ ਤੋਂ ਰਹਿਤ ਪੇਂਡੂ ਖੇਤਰਾਂ ਵਿੱਚ ਰਹਿ ਰਹੇ ਹੋਣ।

ਇਸ ਤੋਂ ਇਲਾਵਾ, ਅਧਿਐਨ ਵਿੱਚ ਲੋਕਾਂ ਦੀ ਗਿਣਤੀ ਘੱਟ ਸੀ। ਉਨ੍ਹਾਂ ਨੇ ਮੈਨੂੰ ਹੋਰ ਦਿਲਾਸਾ ਦਿੰਦੇ ਹੋਏ ਕਿਹਾ ਕਿ "ਤੰਦਰੁਸਤ ਬੁਢਾਪੇ ਲਈ ਸਾਰੀ ਮਸ਼ੀਨਰੀ" ਮੌਜੂਦ ਹੈ, ਬਸ ਉਸਨੂੰ ਸੁਧਾਰਨ ਦੀ ਲੋੜ ਹੈ। ਦੂਜੇ ਸ਼ਬਦਾਂ ਵਿੱਚ, ਜੇਕਰ ਮੈਂ ਆਪਣੀ ਖੁਰਾਕ 'ਤੇ ਕਾਬੂ ਪਾ ਲਵਾਂ, ਤਾਂ ਅਜੇ ਵੀ ਸੁਧਾਰ ਦਾ ਸਮਾਂ ਹੈ।

ਕੀ ਤੁਸੀਂ ਆਪਣੀਆਂ ਆਂਦਰਾਂ ਠੀਕ ਰੱਖ ਸਕਦੇ ਹੋ?

ਕੀ ਲੋਕ ਆਪਣੀ ਖੁਰਾਕ ਰਾਹੀਂ ਬੁਢਾਪੇ ਦੀ ਪ੍ਰਕਿਰਿਆ ਨੂੰ ਸੁਧਾਰ ਸਕਦੇ ਹਨ, ਇਸ ਬਾਰੇ ਐਸਟੇਲਰ ਆਸ਼ਾਵਾਦੀ ਹਨ। ਉਹ ਮੰਨਦੇ ਹਨ ਕਿ ਗੱਟ ਹੈਲਥ ਅਤੇ ਬੁਢਾਪੇ ਦੇ ਸਬੰਧ ਬਾਰੇ ਅਜੇ ਵੀ ਕੁਝ "ਅਨਿਸ਼ਚਿਤਤਾ" ਹੈ, ਪਰ ਉਹ ਕਹਿੰਦੇ ਹਨ ਕਿ ਹੁਣ ਸਬੂਤ ਕਾਫ਼ੀ ਸਪੱਸ਼ਟ ਹਨ ਕਿ ਜੋ ਅਸੀਂ ਖਾਂਦੇ ਹਾਂ ਉਹ ਸਾਡੀ ਬਿਮਾਰੀ ਅਤੇ ਮੌਤ ਦੀ ਸੰਭਾਵਨਾ ਦੋਵਾਂ ਉੱਤੇ ਅਸਰ ਪਾ ਸਕਦਾ ਹੈ।

ਦੂਜੇ ਸ਼ਬਦਾਂ ਵਿੱਚ, ਅਸੀਂ ਕਿੰਨਾ ਚਿਰ ਜਿਉਂਦੇ ਹਾਂ ਅਤੇ ਬੁਢਾਪੇ ਵਿੱਚ ਸਾਡੇ ਤੰਦਰੁਸਚ ਰਹਿਣ ਦੀ ਕਿੰਨੀ ਸੰਭਾਵਨਾ ਹੈ। ਉਹ ਕਹਿੰਦੇ ਹਨ, "ਇੱਕੋ ਸ਼ਹਿਰ ਵਿੱਚ ਵੀ, ਉੱਚ ਆਮਦਨ ਵਾਲੇ ਲੋਕਾਂ ਵਿੱਚੋਂ ਬਿਹਤਰ ਖੁਰਾਕ ਖਾਣ ਵਾਲੇ ਲੋਕ ਲੋਕ ਜ਼ਿਆਦਾ ਜਿਉਂਦੇ ਹਨ।"

ਉਹ ਜੈਤੂਨ ਦੇ ਤੇਲ ਵਰਤਣ ਦੀ ਸਿਫਾਰਸ਼ ਕਰਦੇ ਹਨ, ਜਿਸ ਵਿੱਚ ਬੈਕਟੀਰੀਆ ਵਧਾਉਣ ਵਾਲੇ ਪੌਲੀਫੇਨੌਲ ਹੁੰਦੇ ਹਨ; ਅਤੇ ਬਲੂਫਿਸ਼ ਦਾ ਮਾਸ, ਜੋ ਇੱਕ ਨੁਕੀਲੇ ਦੰਦਾਂ ਵਾਲੀ ਸਮੁੰਦਰੀ ਖੁਰਾਕ ਹੈ ਜਿਸ ਵਿੱਚ ਫੈਟੀ ਐਸਿਡ ਹੁੰਦੇ ਹਨ। ਇਹ ਜਾਪਾਨ ਵਿੱਚ ਬਹੁਤ ਮਕਬੂਲ ਹੈ, ਜਿੱਥੇ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਦੁਨੀਆ ਦੀ ਸਭ ਤੋਂ ਵੱਧ ਜੀਵਨ ਸੰਭਾਵਨਾ (84.5 ਸਾਲ) ਹੈ।

ਹਾਲਾਂਕਿ, ਯੂਕੇ ਦੇ ਜ਼ਿਆਦਾਤਰ ਸੁਪਰਮਾਰਕੀਟਾਂ ਵਿੱਚ ਬਲੂਫਿਸ਼ ਮਿਲਣੀ ਮੁਸ਼ਕਲ ਹੈ; ਇਹ ਆਮ ਤੌਰ 'ਤੇ ਸਿਰਫ਼ ਖ਼ਾਸ ਮੱਛੀ ਵੇਚਣ ਜਾਂ ਰੈਸਟੋਰੈਂਟਾਂ ਵਿੱਚ ਹੀ ਮਿਲਦੀ ਹੈ।

ਉਹ ਜਿੱਥੋਂ ਤੱਕ ਸੰਭਵ ਹੋਵੇ ਰਿਫਾਈਂਡ ਸਫੈਦ ਖੰਡ ਅਤੇ ਅਲਟਰਾ-ਪ੍ਰੋਸੈਸਡ ਭੋਜਨ ਤੋਂ ਬਚਣ ਦੀ ਸਿਫਾਰਸ਼ ਵੀ ਕਰਦੇ ਹਨ, ਕਿਉਂਕਿ ਇਹ ਆਂਦਰਾਂ ਵਿੱਚ ਬੈਕਟੀਰੀਆ ਦੀ ਵੰਨ-ਸੁਵੰਨਤਾ ਨੂੰ ਨੁਕਸਾਨ ਕਰ ਸਕਦੇ ਹਨ।

ਲੇਕਿਨ ਐਸਟੇਲਰ ਕਹਿੰਦੇ ਹਨ ਕਿ ਆਂਦਰਾਂ ਨੂੰ "ਹੈਕ" ਕਰਨ ਵਿੱਚ ਕੁਝ ਲੋਕ ਦੂਜਿਆਂ ਨਾਲੋਂ ਵਧੇਰੇ ਖੁਸ਼ਕਿਸਮਤ ਹੋ ਸਕਦੇ ਹਨ। ਇਸ ਵਿੱਚ ਜੀਨ ਵੀ ਭੂਮਿਕਾ ਨਿਭਾਉਂਦੇ ਹਨ।

ਕਿਨਰੋਸ ਚੇਤਾਵਨੀ ਦਿੰਦੇ ਹਨ ਕਿ ਵੱਖ-ਵੱਖ ਆਬਾਦੀ ਸਮੂਹਾਂ ਵਿੱਚ ਮਾਈਕਰੋਬਾਇਓਮ ਕਿਵੇਂ ਕੰਮ ਕਰਦਾ ਹੈ, ਇਸ ਬਾਰੇ ਖੋਜ ਅਜੇ ਆਪਣੇ ਸ਼ੁਰੂਆਤੀ ਦੌਰ ਵਿੱਚ ਹੈ। ਉਹ ਕਹਿੰਦੇ ਹਨ ਕਿ ਫਿਲਹਾਲ, ਹਰੇਕ ਮਰੀਜ਼ ਦਾ ਵਿਅਕਤੀਗਤ ਤੌਰ 'ਤੇ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ।

ਬਜ਼ੁਰਗਾਂ ਲਈ 'ਨਿਰਣਾਇਕ ਮੋੜ'

ਰਿਪੋਰਟ ਲੈ ਕੇ, ਮੈਂ ਇੱਕ ਡਾਈਟੀਸ਼ੀਅਨ ਰਾਕੇਲ ਬ੍ਰਿਟਜ਼ਕੇ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਨਤੀਜਿਆਂ ਦੀ ਸਮੀਖਿਆ ਕੀਤੀ ਅਤੇ ਮੇਰੇ ਗੱਟ ਬੈਕਟੀਰੀਆ ਦੀ ਵਿਭਿੰਨਤਾ ਨੂੰ ਵਧਾਉਣ ਲਈ ਇੱਕ ਮੀਨੂ ਪਲਾਨ ਬਣਾਇਆ, ਤਾਂ ਜੋ ਬੁਢਾਪੇ ਵਿੱਚ ਸਿਹਤ ਬਿਹਤਰ ਰਹੇ।

ਉਸਦੀ ਯੋਜਨਾ ਮੇਰੇ ਆਪਣੇ ਨਤੀਜਿਆਂ 'ਤੇ ਅਧਾਰਤ ਹੈ। ਹਫ਼ਤੇ ਦੇ ਪਹਿਲੇ ਕੁਝ ਦਿਨਾਂ ਲਈ ਉਹ ਨਾਸ਼ਤੇ ਵਿੱਚ ਅਲਸੀ ਦੇ ਬੀਜ, ਚੀਆ ਬੀਜ, ਕੇਫਿਰ, ਬਲੂਬੇਰੀ, ਕੀਵੀ ਜਾਂ ਅਨਾਰ ਦੀ ਕਟੋਰੀ ਲੈਣ ਦੀ ਸਿਫਾੜਿਸ਼ ਕਰਦੇ ਹਨ। (ਇਹ ਮੇਰੇ ਰੋਜ਼ਾਨਾ ਦੇ ਘੱਟ-ਖੰਡ ਵਾਲੇ ਗ੍ਰੇਨੋਲਾ ਅਤੇ ਦਹੀਂ ਤੋਂ ਬਹੁਤਾ ਵੱਖਰਾ ਨਹੀਂ ਹੈ।)

ਦੁਪਹਿਰ ਦੇ ਖਾਣੇ ਲਈ, ਉਹ ਹਰਾ ਸਲਾਦ, ਫਲੀਆ ਜਾਂ ਦਾਲਾਂ, ਬ੍ਰੋਕਲੀ, ਸ਼ਤਾਵਰੀ ਅਤੇ ਬਿਨਾਂ ਚਮੜੀ ਵਾਲਾ ਗ੍ਰਿਲਡ ਚਿਕਨ ਲੈਣ ਦੀ ਸਿਫਾਰਸ਼ ਕਰਦੇ ਹਨ। ਇਹ ਥੋੜ੍ਹਾ ਮੁਸ਼ਕਲ ਲੱਗਦਾ ਹੈ - ਨਿਊਜ਼ ਅਸਾਈਨਮੈਂਟਾਂ ਦੇ ਵਿਚਕਾਰ ਜਲਦੀ ਕੁਝ ਖਾਣ ਵੇਲੇ ਇਹ ਚੀਜ਼ਾਂ ਹਮੇਸ਼ਾ ਆਸਾਨੀ ਨਾਲ ਨਹੀਂ ਮਿਲਦੀਆਂ। ਅਤੇ ਰਾਤ ਦੇ ਖਾਣੇ ਲਈ ਸੈਲਮਨ ਮੱਛੀ, ਸ਼ਤਾਵਰੀ ਅਤੇ ਭੂਰੇ ਚੌਲ।

ਮੇਰੀ ਪਤਨੀ ਨੇ ਆਪਣੀ ਭੌਂਹਾਂ ਚੜ੍ਹਾ ਕੇ ਹਰ ਸ਼ਾਮ ਇਸ ਯੋਜਨਾ 'ਤੇ ਟਿਕੇ ਰਹਿਣ ਦੀ ਮੇਰੀ ਸਮਰੱਥਾ 'ਤੇ ਸ਼ੱਕ ਜ਼ਾਹਰ ਕੀਤਾ।

ਪੀਣ ਵਾਲੀਆਂ ਚੀਜ਼ਾਂ ਲਈ, ਮੈਨੂੰ ਜੂਸ ਦੀ ਸਲਾਹ ਦਿੱਤੀ ਗਈ। ਪਹਿਲੇ ਦਿਨ, ਮੈਂ ਬੜੀ ਮਿਹਨਤ ਨਾਲ ਪੁਦੀਨਾ, ਸੇਬ, ਕੀਵੀ, ਕੇਲ, ਨਿੰਬੂ ਦਾ ਰਸ, ਸੂਰਜਮੁਖੀ ਦੇ ਬੀਜ ਅਤੇ ਪਾਣੀ ਮਿਲਾ ਕੇ ਹਰਾ ਜੂਸ ਬਣਾਇਆ। ਪਰ ਪੁਦੀਨੇ ਦਾ ਸਵਾਦ ਬਾਕੀ ਚੀਜ਼ਾਂ 'ਤੇ ਭਾਰੂ ਪੈ ਗਿਆ।

ਕੇਫਿਰ ਅਤੇ ਕੋਮਬੁਚਾ (ਬੈਕਟੀਰੀਆ ਵਾਲੇ ਫਰਮੈਂਟਡ ਡਰਿੰਕ) ਦੀ ਵੀ ਸਿਫਾਰਸ਼ ਕੀਤੀ ਗਈ ਹੈ ਅਤੇ ਇਹ ਵਧੀਆ ਲੱਗਦੇ ਹਨ। ਦੋਵਾਂ ਨੇ ਹੁਣ ਮੇਰੇ ਫਰਿੱਜ ਵਿੱਚ ਜਗ੍ਹਾ ਬਣਾ ਲਈ ਹੈ। ਰਾਕੇਲ ਬ੍ਰਿਟਜ਼ਕੇ ਨੇ ਮੈਨੂੰ ਪ੍ਰੋਬਾਇਓਟਿਕਸ, ਓਮੇਗਾ-3 ਅਤੇ ਵਿਟਾਮਿਨ ਡੀ3 ਲੈਣ ਦੀ ਵੀ ਸਲਾਹ ਦਿੱਤੀ ਹੈ। ਇਹ ਸਸਤੇ ਨਹੀਂ ਆਉਂਦੇ।

ਕਿਨਰੋਸ ਮੈਨੂੰ ਦੱਸਦੇ ਹਨ ਕਿ ਬੁਢਾਪੇ ਵਿੱਚ ਫਰਕ ਲਿਆਉਣ ਲਈ ਪੋਸ਼ਣ ਸੰਬੰਧੀ ਤਬਦੀਲੀ 'ਮਹੱਤਵਪੂਰਨ' ਹੋਣੀ ਚਾਹੀਦੀ ਹੈ।

ਉਹ ਕਹਿੰਦੇ ਹਨ ਕਿ ਜੇਕਰ ਮੈਂ ਆਪਣੀ ਨਵੀਂ ਖੁਰਾਕ ਯੋਜਨਾ ਦੀ ਸਖ਼ਤੀ ਨਾਲ ਪਾਲਣਾ ਕਰਦਾ ਹਾਂ, ਤਾਂ ਕੁਝ ਹੀ ਹਫ਼ਤਿਆਂ ਵਿੱਚ ਮੇਰੇ ਗੱਟ ਬਾਇਓਮ ਵਿੱਚ ਬਦਲਾਅ ਦੇਖਿਆ ਜਾ ਸਕਦਾ ਹੈ।

ਲੇਕਿਨ ਉਹ ਚੇਤਾਵਨੀ ਦਿੰਦੇ ਹਨ ਕਿ ਖੁਰਾਕ ਵਿੱਚ ਮਾਮੂਲੀ ਬਦਲਾਅ - ਉਦਾਹਰਨ ਲਈ, ਜੇਕਰ ਤੁਸੀਂ ਇਸਨੂੰ ਇੱਕ ਦਿਨ ਕਰਦੇ ਹੋ ਅਤੇ ਅਗਲੇ ਦਿਨ ਨਹੀਂ - ਤਾਂ ਬਾਇਓਮ ਨੂੰ ਕੋਈ ਖਾਸ ਲਾਭ ਨਹੀਂ ਹੋਵੇਗਾ। ਅਤੇ ਇਸ ਦੇ ਫਲਸਰੂਪ, ਬੁਢਾਪੇ ਵਿੱਚ ਸੁਧਾਰ ਦੀ ਸੰਭਾਵਨਾ ਵੀ ਘੱਟ ਹੋਵੇਗੀ।

ਉਨ੍ਹਾਂ ਨੇ ਮੈਨੂੰ ਕਿਹਾ ਕਿ ਮੇਰੇ ਕੋਲ ਅਜੇ ਵੀ ਸਮਾਂ ਹੈ। ਲੇਕਿਨ ਬਜ਼ੁਰਗ ਲੋਕਾਂ ਲਈ ਇੱਕ ਅਜਿਹਾ 'ਨਿਰਣਾਇਕ ਮੋੜ' ਆਉਂਦਾ ਹੈ ਜਦੋਂ ਗੱਟ ਬਾਇਓਮ ਵਿਗੜਨ ਲੱਗਦਾ ਹੈ।

ਆਂਦਰਾਂ ਦੀ ਸਿਹਤ ਬਾਰੇ 'ਮੁਰਗੀ ਜਾਂ ਅੰਡਾ' ਵਾਲੀ ਬੁਝਾਰਤ

ਹਾਲਾਂਕਿ, ਇੱਕ ਹੋਰ ਬੁਝਾਰਤ ਹੈ - ਜਿਸ ਨੂੰ ਨੀ ਲੋਚਲੇਨ "ਮੁਰਗੀ ਜਾਂ ਅੰਡਾ" ਵਾਲੀ ਸਮੱਸਿਆ ਕਹਿੰਦੇ ਹਨ। ਉਹ ਇਹ ਕਿ: ਕੀ ਵਧੇਰੇ ਆਂਦਰਾਂ ਵਿੱਚ ਵਿਭਿੰਨਤਾ ਸਾਨੂੰ ਬੁਢਾਪੇ ਵਿੱਚ ਮਜ਼ਬੂਤ ਬਣਾਉਂਦੀ ਹੈ, ਜਾਂ ਇਹ ਕਿ ਬੁਢਾਪੇ ਵਿੱਚ ਮਜ਼ਬੂਤ ਹੋਣ ਕਾਰਨ ਸਾਡੀ ਆਂਦਰ ਵਧੇਰੇ ਵਿਭਿੰਨ ਹੁੰਦੀ ਹੈ?

ਇਤਿਹਾਸਕ ਤੌਰ 'ਤੇ ਇਹ ਜਾਣਨਾ ਮੁਸ਼ਕਲ ਰਿਹਾ ਹੈ ਕਿ ਕਿਹੜਾ ਕਾਰਨ ਕਿਸ ਚੀਜ਼ ਨੂੰ ਜਨਮ ਦਿੰਦਾ ਹੈ। ਪਰ ਹੁਣ 'ਫੀਕਲ ਟ੍ਰਾਂਸਪਲਾਂਟ' (ਮਲ ਟ੍ਰਾਂਸਪਲਾਂਟ) ਖੋਜ ਦੀ ਮਦਦ ਨਾਲ ਇਸ ਸਵਾਲ ਦਾ ਜਵਾਬ ਮਿਲ ਸਕਦਾ ਹੈ - ਜਿੱਥੇ ਕਿਸੇ ਇਨਸਾਨ ਜਾਂ ਜਾਨਵਰ ਦਾ ਮਲ ਕੈਪਸੂਲ ਜਾਂ ਟਿਊਬ ਰਾਹੀਂ ਦੂਜੇ ਜਾਨਵਰ (ਆਮ ਤੌਰ 'ਤੇ ਚੂਹੇ) ਦੇ ਪੇਟ ਵਿੱਚ ਪਾਇਆ ਜਾਂਦਾ ਹੈ।

2020 ਵਿੱਚ ਪ੍ਰਕਾਸ਼ਿਤ ਇੱਕ ਅਜਿਹੇ ਅਧਿਐਨ ਵਿੱਚ, ਅਮਰੀਕਾ ਦੇ ਵਿਗਿਆਨੀਆਂ ਨੇ 11-11 ਸਿਹਤਮੰਦ ਚੂਹਿਆਂ ਦੇ ਦੋ ਸਮੂਹਾਂ 'ਤੇ ਪ੍ਰਯੋਗ ਕੀਤਾ। ਪਹਿਲੇ ਸਮੂਹ ਨੂੰ ਬੁੱਢੇ ਚੂਹਿਆਂ ਦਾ ਮਲ (faeces) ਦਿੱਤਾ ਗਿਆ; ਦੂਜੇ ਸਮੂਹ ਨੂੰ ਨੌਜਵਾਨ ਚੂਹਿਆਂ ਦਾ ਮਲ ਦਿੱਤਾ ਗਿਆ।

ਤਿੰਨ ਮਹੀਨਿਆਂ ਦੇ ਅੰਦਰ, ਜਿਨ੍ਹਾਂ ਚੂਹਿਆਂ ਨੂੰ ਬੁੱਢਿਆਂ ਦਾ ਮਲ ਮਿਲਿਆ ਸੀ, ਉਹਨਾਂ ਵਿੱਚ ਉਦਾਸੀ ਵਰਗੇ ਲੱਛਣ ਦਿਖਾਈ ਦੇਣ ਲੱਗੇ। ਉਹਨਾਂ ਦੀ ਯਾਦਦਾਸ਼ਤ ਅਤੇ ਆਲੇ-ਦੁਆਲੇ ਦੀ ਸਮਝ ਕਮਜ਼ੋਰ ਹੋ ਗਈ। ਅਸਰਦਾਰ ਤਰੀਕੇ ਨਾਲ, ਉਹਨਾਂ ਦੇ ਸਰੀਰ ਬੁੱਢੇ ਹੋ ਗਏ।

ਨੀ ਲੋਚਲੇਨ ਮੰਨਦੇ ਹਨ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਘਿਣਾਉਣਾ ਲੱਗ ਸਕਦਾ ਹੈ - ਪਰ ਇਹ ਅਧਿਐਨ ਮਹੱਤਵਪੂਰਨ ਹਨ ਕਿਉਂਕਿ ਇਹ ਸਿੱਧੇ ਕਾਰਨ-ਪ੍ਰਭਾਵ ਦੀ ਕੜੀ ਦਾ ਸੁਝਾਅ ਦਿੰਦੇ ਹਨ: ਗੱਟ ਮਾਈਕਰੋਬਾਇਓਮ ਤੋਂ ਸਰੀਰ ਦੀ ਉਮਰ ਤੱਕ।

ਬੁਢਾਪੇ ਨੂੰ ਕੰਟਰੋਲ ਕਰਨ ਵਿੱਚ ਸਾਡੀਆਂ ਆਂਦਰਾਂ ਦੀ ਸ਼ਕਤੀ ਨੂੰ ਪ੍ਰਤੀ ਹਰ ਕੋਈ ਇੰਨਾ ਉਤਸ਼ਾਹਿਤ ਨਹੀਂ ਹੈ। ਰਾਇਲ ਕਾਲਜ ਆਫ਼ ਜੀਪੀਜ਼ ਦੀ ਚੇਅਰ ਪ੍ਰੋਫ਼ੈਸਰ ਕਾਮਿਲਾ ਹੌਥੋਰਨ ਦਾ ਕਹਿਣਾ ਹੈ ਕਿ ਗੱਟ ਮਾਈਕਰੋਬਾਇਓਮ ਬਾਰੇ ਖੋਜ "ਦਿਲਚਸਪ" ਹੈ ਅਤੇ "ਇਸਨੇ ਨਿਸ਼ਚਤ ਤੌਰ 'ਤੇ ਲੋਕਾਂ ਦੀ ਦਿਲਚਸਪੀ ਜਗਾਈ ਹੈ" - ਲੇਕਿਨ, ਉਹ ਅੱਗੇ ਕਹਿੰਦੇ ਹਨ "ਇਹ ਯਾਦ ਰੱਖਣਾ ਮਹੱਤਵਪੂਰਨ ਹੈ, ਖਾਸ ਕਰਕੇ ਜਦੋਂ ਇਸ ਖੇਤਰ ਵਿੱਚ ਖੋਜ ਅਜੇ ਵੀ ਉੱਭਰ ਰਹੀ ਹੈ, ਕਿ 'ਗੱਟ ਹੈਲਥ' ਸ਼ਾਇਦ ਇੱਕ ਬਹੁਤ ਵੱਡੀ ਤਸਵੀਰ ਦਾ ਸਿਰਫ਼ ਇੱਕ ਹਿੱਸਾ ਹੈ।"

"ਚੰਗੀ ਸਿਹਤ ਕਿਸੇ ਇੱਕ ਕਾਰਕ ਦੁਆਰਾ ਨਿਰਧਾਰਤ ਨਹੀਂ ਕੀਤੀ ਜਾਂਦੀ।"

ਅੰਤ ਵਿੱਚ, ਵਿਗਿਆਨੀ ਕਹਿੰਦੇ ਹਨ ਕਿ ਤੁਹਾਡੀ ਖੁਰਾਕ ਰਾਹੀਂ ਬੁਢਾਪੇ ਦੀ ਪ੍ਰਕਿਰਿਆ ਨੂੰ ਬਿਹਤਰ ਬਣਾਉਣਾ ਸੰਭਵ ਹੈ - ਹਾਲਾਂਕਿ ਉਹ ਚੇਤਾਵਨੀ ਦਿੰਦੇ ਹਨ ਕਿ ਸਿਰਫ਼ ਭੋਜਨ ਹੀ ਸਭ ਕੁਝ ਨਹੀਂ ਹੈ।

ਐਸਟੇਲਰ ਦਾ ਅੰਦਾਜ਼ਾ ਹੈ ਕਿ ਖੁਰਾਕ ਸ਼ਾਇਦ ਤੁਹਾਡੇ ਬੁਢਾਪੇ ਦੇ ਨਤੀਜਿਆਂ ਦਾ ਲਗਭਗ ਇੱਕ ਤਿਹਾਈ ਹਿੱਸਾ ਤੈਅ ਕਰਦੀ ਹੈ। ਬਾਕੀ ਜੈਨੇਟਿਕਸ (ਜੀਨ ਵਿਗਿਆਨ) ਅਤੇ ਜੀਵਨ ਸ਼ੈਲੀ ਦੇ ਹੋਰ ਕਾਰਕਾਂ ਦਾ ਮਿਸ਼ਰਣ ਹੈ, ਜਿਵੇਂ ਕਿ ਕਸਰਤ ਅਤੇ ਸਿਗਰਟਨੋਸ਼ੀ ਤੋਂ ਪਰਹੇਜ਼।

ਜਿੱਥੋਂ ਤੱਕ ਮੇਰੀ ਆਪਣੀ ਗੱਟ ਹੈਲਥ ਦਾ ਸਵਾਲ ਹੈ, ਮੇਰੀ ਨਵੀਂ ਖੁਰਾਕ ਦੇ ਅਜੇ ਸ਼ੁਰੂਆਤੀ ਦਿਨ ਹਨ।

ਮੇਰੀ ਭੁੱਖ ਸ਼ਾਂਤ ਹੈ ਅਤੇ ਮੈਂ ਸਿਫਾਰਸ਼ ਕੀਤੇ ਸੇਬਾਂ, ਅੰਗੂਰਾਂ ਅਤੇ ਮੇਵਿਆਂ ਤੋਂ ਇਲਾਵਾ ਸਨੈਕਸ ਵੱਲ ਖਿੱਚ ਮਹਿਸੂਸ ਨਹੀਂ ਕਰਦਾ। ਲੇਕਿਨ ਇੱਕ ਰੁਝੇਵਿਆਂ ਭਰੀ ਜੀਵਨ ਸ਼ੈਲੀ ਵਿੱਚ, ਅਜਿਹੀ ਬਾਰੀਕੀ ਨਾਲ ਬਣਾਈ ਯੋਜਨਾ 'ਤੇ ਟਿਕੇ ਰਹਿਣਾ ਚੁਣੌਤੀਪੂਰਨ ਹੋਵੇਗਾ - ਅਤੇ ਮੈਨੂੰ ਇਸ ਨੂੰ ਨਿਭਾਉਣ ਦੀ ਆਪਣੀ ਸਮਰੱਥਾ 'ਤੇ ਸ਼ੱਕ ਹੈ।

ਫਿਰ ਵੀ, ਇਹਨਾਂ ਟੈਸਟਾਂ ਅਤੇ ਸਫ਼ਰ ਨੇ ਮੇਰੀਆਂ ਆਂਦਰਂ ਦੀ ਸਿਹਤ ਅਤੇ ਮੇਰੇ ਭਵਿੱਖ ਦੀ ਤੰਦਰੁਸਤੀ ਲਈ ਇੱਕ ਸੁਚੇਤ ਹੋਣ ਦੇ ਹੋਕੇ ਵਜੋਂ ਕੰਮ ਕੀਤਾ ਹੈ।

ਐਡੀਸ਼ਨਲ ਰਿਪੋਰਟਿੰਗ: ਲਿਊਕ ਮਿੰਟਜ਼

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)