ਪਾਕਿਸਤਾਨ ਦਾ ਝਾਰਾ ਭਲਵਾਨ, ਜਿਸ ਨੇ ਮਹਿਜ਼ 19 ਸਾਲ ਦੀ ਉਮਰ ਵਿੱਚ ਜਾਪਾਨੀ ਚੈਂਪੀਅਨ ਇਨੋਕੀ ਨੂੰ ਰਿੰਗ ਤੋਂ ਬਾਹਰ ਸੁੱਟ ਦਿੱਤਾ ਸੀ

    • ਲੇਖਕ, ਵਕਾਰ ਮੁਸਤਫ਼ਾ
    • ਰੋਲ, ਬੀਬੀਸੀ ਉਰਦੂ

ਲਾਹੌਰ ਦੀ ਪੁਰਾਣੀ ਅਬਾਦੀ ਨੂੰ ਦੋ ਹਿੱਸਿਆਂ 'ਚ ਵੰਡਣ ਵਾਲੀ ਅਤੇ ਰਾਵੀ ਨਦੀ ਵੱਲ ਜਾਣ ਵਾਲੀ ਸੜਕ 'ਤੇ, ਭਾਟੀ ਚੌਕ ਤੋਂ ਥੋੜ੍ਹੀ ਦੂਰੀ 'ਤੇ ਖੱਬੇ ਪਾਸੇ ਪੀਰ ਮੱਕੀ ਦਾ ਇਲਾਕਾ ਹੈ।

ਇਸ ਇਲਾਕੇ ਵਿੱਚ ਕਈ ਪਾਕਿਸਤਾਨੀ ਪਹਿਲਵਾਨਾਂ ਦੇ ਅਖਾੜੇ ਸਨ ਅਤੇ ਕਈਆਂ ਦੇ ਅਖਾੜਿਆਂ ਵਿੱਚ ਉਨ੍ਹਾਂ ਦੀਆਂ ਕਬਰਾਂ ਵੀ ਹਨ। ਜਿਵੇਂ ਭੋਲੂ ਭਲਵਾਨ ਦੇ ਅਖਾੜੇ ਵਿੱਚ ਉਨ੍ਹਾਂ ਦੀ ਆਪਣੀ ਕਬਰ ਹੈ। ਉਨ੍ਹਾਂ ਦੇ ਭਰਾ ਨੂੰ ਵੀ ਨੇੜੇ ਹੀ ਦਫ਼ਨਾਇਆ ਗਿਆ ਹੈ ਅਤੇ ਇੱਕ ਉੱਚੇ ਚਬੂਤਰੇ 'ਤੇ ਇੱਕ ਕਬਰ ਉਨ੍ਹਾਂ ਦੇ ਭਤੀਜੇ, ਮੁਹੰਮਦ ਜ਼ੁਬੈਰ ਉਰਫ਼ ਝਾਰਾ ਭਲਵਾਨ ਦੀ ਕਬਰ ਹੈ।

ਉਹੀ ਜ਼ੁਬੈਰ ਉਰਫ਼ ਝਾਰਾ ਭਲਵਾਨ, ਜਿਨ੍ਹਾਂ ਨੇ ਸਿਰਫ਼ 19 ਸਾਲ ਦੀ ਉਮਰ ਵਿੱਚ ਇੱਕ ਕੁਸ਼ਤੀ ਮੈਚ ਵਿੱਚ ਜਾਪਾਨੀ ਭਲਵਾਨ ਐਂਟੋਨੀਓ ਇਨੋਕੀ ਨੂੰ ਮਾਤ ਦਿੱਤੀ ਸੀ।

ਝਾਰਾ ਦੀ ਕਬਰ ਤੋਂ ਛੇ ਮੀਟਰ ਪੱਛਮ ਵਿੱਚ ਉਨ੍ਹਾਂ ਦੇ ਚਾਚੇ, ਮੁਹੰਮਦ ਅਕਰਮ ਉਰਫ਼ ਅਕੀ ਭਲਵਾਨ ਦੀ ਕਬਰ ਹੈ। ਇਨੋਕੀ ਨੇ 1976 ਵਿੱਚ ਅਕੀ ਭਲਵਾਨ ਨੂੰ ਹਰਾਇਆ।

ਸ਼ਾਹਿਦ ਨਜੀਰ ਚੌਧਰੀ ਦੀ ਖੋਜ ਦੇ ਅਨੁਸਾਰ, ਝਾਰਾ ਦੇ ਮਾਤਾ-ਪਿਤਾ ਦੋਵੇਂ ਭਲਵਾਨਾਂ ਦੇ ਪਰਿਵਾਰ ਤੋਂ ਆਏ ਸਨ।

ਜ਼ੁਬੈਰ ਉਰਫ਼ ਝਾਰਾ ਦਾ ਜਨਮ 24 ਸਤੰਬਰ, 1960 ਨੂੰ ਲਾਹੌਰ ਵਿੱਚ ਰੁਸਤਮ ਪੰਜਾਬ ਅਤੇ ਰੁਸਤਮ ਏਸ਼ੀਆ ਮੁਹੰਮਦ ਅਸਲਮ ਉਰਫ਼ ਅੱਚਾ ਭਲਵਾਨ ਦੇ ਘਰ ਹੋਇਆ ਸੀ।

ਮੰਜ਼ੂਰ ਹੁਸੈਨ ਉਰਫ਼ ਭੋਲੋ ਭਲਵਾਨ, ਆਜ਼ਮ ਭਲਵਾਨ, ਅਕਰਮ ਭਲਵਾਨ, ਹੱਸੋ ਭਲਵਾਨ ਅਤੇ ਮੋਅਜ਼ਮ ਉਰਫ਼ ਗੋਗਾ ਭਲਵਾਨ, ਝਾਰਾ ਦੇ ਚਾਚੇ ਸਨ।

ਉਹ ਰੁਸਤਮ-ਏ-ਜ਼ਮਾਨ ਗਾਮਾ ਭਲਵਾਨ ਦੇ ਭਰਾ ਰੁਸਤਮ ਹਿੰਦ ਇਮਾਮ ਬਖਸ਼ ਦੇ ਪੋਤੇ ਅਤੇ ਗਾਮਾ ਕਿਲ੍ਹਾ ਵਾਲਾ ਭਲਵਾਨ ਦੇ ਪੜਪੋਤੇ ਸਨ।

ਪ੍ਰੋਫੈਸਰ ਮੁਹੰਮਦ ਅਸਲਮ ਦੀ ਕਿਤਾਬ, "ਖਫ਼ਤਾਗਾਨ-ਏ-ਖਾਕ-ਏ-ਲਾਹੌਰ" ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਦੇਹਾਂਤ 'ਤੇ ਰੋਜ਼ਾਨਾ ਜੰਗ ਨੇ ਲਿਖਿਆ ਸੀ ਕਿ ਝਾਰਾ ਦੀ ਉਮਰ 31 ਸਾਲ ਦੀ ਸੀ।

ਪਹਿਲਾ ਮੈਚ: ਇੱਕ ਮਿੰਟ ਵਿੱਚ ਵਿਰੋਧੀ ਨੂੰ ਪਟਕਿਆ

ਸ਼ਾਹਿਦ ਨਜ਼ੀਰ ਚੌਧਰੀ ਨੇ ਝਾਰਾ ਭਲਵਾਨ ਦੇ ਚਚੇਰੇ ਭਰਾ ਨਾਸਿਰ ਭੋਲੂ ਦੇ ਹਵਾਲੇ ਨਾਲ ਲਿਖਿਆ ਹੈ ਕਿ ਜਦੋਂ ਜ਼ੁਬੈਰ ਆਪਣੀਆਂ ਮੁੱਢਲੀਆਂ ਪ੍ਰੀਖਿਆਵਾਂ ਵਿੱਚ ਫੇਲ੍ਹ ਹੋ ਗਿਆ ਤਾਂ ਉਹ ਬਹੁਤ ਖੁਸ਼ ਸੀ ਕਿਉਂਕਿ ਕੁਸ਼ਤੀ ਲਈ ਉਸ ਦਾ ਰਸਤਾ ਹੁਣ ਸਾਫ਼ ਹੋ ਗਿਆ ਸੀ।

ਚੌਧਰੀ ਲਿਖਦੇ ਹਨ, "ਇਸ ਤੋਂ ਬਾਅਦ, ਸ਼ਰਮੀਲੇ ਅਤੇ ਸ਼ਾਂਤ ਸੁਭਾਅ ਵਾਲੇ ਜ਼ੁਬੈਰ ਨੂੰ ਮੋਹਿਨੀ ਰੋਡ ਸਥਿਤ ਅਖਾੜੇ ਵਿੱਚ ਭੋਲੂ ਭਲਵਾਨ ਦੀ ਸਖ਼ਤ ਨਿਗਰਾਨੀ ਹੇਠ ਆਪਣੇ ਵਿਰੋਧੀ ਨੂੰ ਆਪਣੇ ਹੱਥਾਂ ਦੀ ਤਾਕਤ ਨਾਲ ਕਾਬੂ ਕਰਨ ਦੀ ਸਿਖਲਾਈ ਦਿੱਤੀ ਗਈ।"

ਆਪਣੇ ਗੁਰੂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਝਾਰਾ ਨੇ ਆਪਣੇ ਪਹਿਲੇ ਹੀ ਮੈਚ ਵਿੱਚ ਮੁਲਤਾਨ ਦੇ ਜ਼ਵਾਰ ਭਲਵਾਨ ਨੂੰ ਸਿਰਫ਼ ਇੱਕ ਮਿੰਟ ਵਿੱਚ ਹਰਾ ਦਿੱਤਾ।

27 ਜਨਵਰੀ, 1978 ਨੂੰ ਲਾਹੌਰ ਦੇ ਗੱਦਾਫੀ ਸਟੇਡੀਅਮ ਵਿੱਚ ਆਪਣੇ ਦੂਜੇ ਮੈਚ ਵਿੱਚ ਝਾਰਾ ਨੇ ਮੁਹੰਮਦ ਅਫਜ਼ਲ, ਉਰਫ਼ ਗੋਗਾ ਭਲਵਾਨ, ਜੋ ਕਿ ਗੁੱਜਰਾਂਵਾਲਾ ਦੇ ਰਹੀਮ ਸੁਲਤਾਨੀਵਾਲਾ ਰੁਸਤਮ ਹਿੰਦ ਦੇ ਪੁੱਤਰ ਮੇਰਾਜ ਭਲਵਾਨ ਦਾ ਸ਼ਗਿਰਦ ਸੀ, ਨੂੰ ਸਤਾਰਾਂ ਮਿੰਟਾਂ ਵਿੱਚ ਹਰਾ ਦਿੱਤਾ।

ਇਸ ਤੋਂ ਬਾਅਦ ਮੌਕਾ ਆਇਆ ਇਨੋਕੀ ਨਾਲ ਮੁਕਾਬਲੇ ਦਾ।

ਝਾਰਾ ਨੂੰ ਇੰਝ ਕੀਤਾ ਗਿਆ ਸੀ ਤਿਆਰ

ਸ਼ਾਹਿਦ ਨਜ਼ੀਰ ਚੌਧਰੀ ਨੇ 'ਇਤਿਹਾਸ ਰਚਣ ਵਾਲੇ ਭਲਵਾਨ' ਸਿਰਲੇਖ ਵਾਲੇ ਆਪਣੇ ਲੇਖ ਵਿੱਚ ਲਿਖਿਆ ਕਿ ਝਾਰਾ ਦਾ ਨਾਮ ਇੱਕ ਸਨਸਨੀ ਬਣ ਚੁੱਕਿਆ ਸੀ ਅਤੇ ਲੋਕ ਉਸਨੂੰ ਦੇਖਣ ਲਈ ਅਖਾੜੇ ਵਿੱਚ ਆਉਣ ਲੱਗ ਪਏ ਸਨ।

ਅਖ਼ਤਰ ਹੁਸੈਨ ਸ਼ੇਖ, ਆਪਣੀ ਕਿਤਾਬ 'ਦਾਸਤਾਨ ਸ਼ਾਹ ਜ਼ੋਰਾਨ' ਵਿੱਚ ਇਨੋਕੀ ਵਿਰੁੱਧ ਮੈਚ ਲਈ ਝਾਰਾ ਦੀ ਤਿਆਰੀ ਦਾ ਸਿਲਸਿਲੇਵਾਰ ਵਰਣਨ ਕਰਦੇ ਹਨ।

ਉਹ ਲਿਖਦੇ ਹਨ, "ਝਾਰਾ ਨੂੰ ਹੁਕਮ ਨਿਰਦੇਸ਼ ਦਿੱਤਾ ਗਿਆ ਕਿ ਉਹ ਰਾਵੀ ਨਦੀ ਤੈਰ ਕੇ ਪਾਰ ਕਰੇ ਅਤੇ ਫਿਰ ਅਖਾੜੇ ਤੱਕ ਵਾਪਸ ਆਵੇ। ਉਸ ਨੂੰ ਰਾਤ ਨੂੰ ਦੋ ਵਜੇ ਹੀ ਜਗਾ ਦਿੱਤਾ ਜਾਂਦਾ ਅਤੇ ਫਿਰ ਨਮਾਜ਼ ਤੋਂ ਬਾਅਦ ਉਹ ਤਿੰਨ ਹਜ਼ਾਰ ਉਠਕ-ਬੈਠਕਾਂ ਕਰਦਾ।"

"ਇਸ ਤੋਂ ਬਾਅਦ ਫਰੂਖ਼ਾਬਾਦ ਤੋਂ ਲਾਹੌਰ ਦੇ ਸ਼ਾਹੀ ਕਿਲ੍ਹੇ ਤੱਕ ਦੌੜ ਲਗਾਉਂਦਾ। ਅੱਧੇ ਘੰਟੇ ਵਿੱਚ ਅਖਾੜਾ ਤਿਆਰ ਕਰਦਾ ਅਤੇ ਦੋ ਹਜ਼ਾਰ ਤੀਰ ਸੁੱਟਦਾ। ਫਿਰ ਦੋ ਹੱਟੇ-ਕੱਟੇ ਭਲਵਾਨਾਂ ਨੂੰ ਆਪਣੇ ਮੋਢਿਆਂ 'ਤੇ ਬਿਠਾ ਕੇ ਰਾਵੀ ਦੇ ਪੁਲ਼ ਨੂੰ ਛੂੰਹਦੇ ਹੋਏ ਵਾਪਸ ਦੌੜਦਾ।''

ਚੌਧਰੀ ਨੇ ਅੱਗੇ ਦੱਸਿਆ, "ਫਿਰ ਉਹ ਟ੍ਰੈਡਮਿਲ 'ਤੇ ਦੌੜਦਾ, ਲੋਹੇ ਦਾ ਬਰੇਸਲੇਟ ਪਹਿਨਦਾ ਅਤੇ ਕਸਰਤ ਕਰਦਾ। ਉਹ ਅੱਧੇ ਘੰਟੇ ਲਈ ਪੀਟੀ ਅਤੇ ਅੱਧੇ ਘੰਟੇ ਲਈ 15-ਪਾਊਂਡ ਡੰਬਲ ਚੁੱਕਦਾ। ਵੱਡੇ ਅਤੇ ਛੋਟੇ ਭਲਵਾਨਾਂ ਨਾਲ ਕੁਸ਼ਤੀ ਕਰਦਾ ਅਤੇ ਫਿਰ ਸ਼ਾਮ ਦੀ ਕਸਰਤ ਹੁੰਦੀ।"

ਚੌਧਰੀ ਲਿਖਦੇ ਹਨ ਕਿ ਨਾਸਿਰ ਭੋਲੂ ਨੇ ਉਨ੍ਹਾਂ ਨੂੰ ਦੱਸਿਆ, "ਝਾਰਾ ਅਤੇ ਮੈਂ ਆਪਸ 'ਚ ਕੁਸ਼ਤੀ ਕਰਦੇ ਸੀ, ਪਰ ਉਹ ਮੇਰੇ ਨਾਲੋਂ ਜ਼ਿਆਦਾ ਤਾਕਤਵਰ ਸੀ।"

ਉਸ 'ਚ ਭੋਲੂ ਦੇ ਭਲਵਾਨਾਂ ਵਾਲੀ ਫੁਰਤੀ, ਚੁਸਤੀ ਅਤੇ ਹਿੰਮਤ ਸੀ। ਉਹ 6 ਫੁੱਟ 2 ਇੰਚ ਲੰਬਾ ਸੀ ਅਤੇ ਉਸਦਾ ਸਰੀਰ ਫੌਲਾਦੀ ਸੀ। ਅੱਛਾ ਭਲਵਾਨ ਮਾਣ ਨਾਲ ਕਹਿੰਦੇ ਸਨ, "ਝਾਰਾ ਨੇ ਆਪਣੇ ਚਾਚੇ 'ਤੇ ਗਿਆ ਹੈ।"

ਅਖ਼ਤਰ ਹੁਸੈਨ ਸ਼ੇਖ ਲਿਖਦੇ ਹਨ, "ਦੋ ਕਿਲੋ ਮਾਸ, ਤਿੰਨ ਕਿਲੋ ਮੀਟ ਦਾ ਸਟੂ, ਦੋ ਕਿਲੋ ਦੁੱਧ ਅਤੇ ਫਲਾਂ ਦਾ ਜੂਸ ਉਸ ਦੀ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਸੀ।"

ਟਿਕਟਾਂ ਲਈ ਗੱਦਾਫ਼ੀ ਸਟੇਡੀਅਮ ਦੇ ਬਾਹਰ ਪ੍ਰਦਰਸ਼ਨ

17 ਜੂਨ, 1979... ਲਾਹੌਰ ਦਾ ਗੱਦਾਫ਼ੀ ਸਟੇਡੀਅਮ ਨੱਕੋ-ਨੱਕ ਭਰਿਆ ਹੋਇਆ ਸੀ। ਭੀੜ ਚਾਲੀ ਹਜ਼ਾਰ ਦੀ ਸੰਖਿਆ ਪਾਰ ਕਰ ਗਈ ਸੀ। ਸਾਰੀਆਂ ਟਿਕਟਾਂ ਵਿਕ ਚੁੱਕੀਆਂ ਸਨ।

ਟਿਕਟਾਂ ਨਾ ਮਿਲਣ ਕਾਰਨ ਸਟੇਡੀਅਮ ਦੇ ਬਾਹਰ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਅਤੇ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ।

ਝਾਰਾ ਭਲਵਾਨ ਲਾਲ ਗਾਊਨ ਅਤੇ ਵੱਡੀ ਪਗੜੀ ਪਹਿਨ ਕੇ ਅਖਾੜੇ ਵਿੱਚ ਉਤਰੇ। ਗਾਊਨ 'ਤੇ ਸਾਫ ਸ਼ਬਦਾਂ ਵਿੱਚ ਪਾਕਿਸਤਾਨ ਲਿਖਿਆ ਸੀ। ਇਨੋਕੀ ਦੀ ਕਮੀਜ਼ ਵੀ ਲਾਲ ਸੀ।

ਖੇਡ ਕਮੈਂਟੇਟਰ ਅਰੀਜ਼ ਅਰਿਫਿਨ ਲਿਖਦੇ ਹਨ ਕਿ ਅਜਿਹੇ ਸਮੇਂ 'ਚ ਜਦੋਂ ਦੁਨੀਆਂ ਦੇ ਜ਼ਿਆਦਾਤਰ ਹਿੱਸਿਆਂ 'ਚ ਅੰਤਰਰਾਸ਼ਟਰੀ ਮੀਡੀਆ ਦੀ ਪਹੁੰਚ ਬਹੁਤ ਸੀਮਤ ਸੀ, ਇਨੋਕੀ ਨੂੰ ਵਿਸ਼ਵ ਪੱਧਰ 'ਤੇ ਪਛਾਣਿਆ ਜਾਂਦਾ ਸੀ।

ਉਨ੍ਹਾਂ ਦੀ ਪ੍ਰਸਿੱਧੀ ਦਾ ਸਬੂਤ ਮੁਹੰਮਦ ਅਲੀ ਅਤੇ ਹਲਕ ਹੋਗਨ ਵਰਗੇ ਮਹਾਨ ਖਿਡਾਰੀਆਂ ਵਿਰੁੱਧ ਉਨ੍ਹਾਂ ਦੇ ਮੁਕਾਬਲਿਆਂ ਤੋਂ ਮਿਲਦਾ ਹੈ।

ਅਰਿਫਿਨ ਮੁਤਾਬਕ, "ਦੂਜੇ ਪਾਸੇ, ਜ਼ੁਬੈਰ ਸਿਰਫ਼ ਤਿੰਨ ਸਾਲ ਤੋਂ ਕੁਸ਼ਤੀ ਲੜ ਰਿਹਾ ਸੀ ਅਤੇ ਉਹ ਸਿਰਫ਼ ਉਨ੍ਹੀਆਂ ਸਾਲਾਂ ਦਾ ਸੀ। ਉਹ ਭਲਵਾਨ ਅਕਰਮ ਦਾ ਭਤੀਜਾ ਸੀ, ਜਿਸ ਕਰਕੇ ਇਹ ਮੁਕਾਬਲਾ ਬਦਲੇ ਦੀ ਕਹਾਣੀ ਬਣਾ ਗਿਆ ਸੀ। ਇਹੀ ਕਾਰਨ ਰਿਹਾ ਕਿ ਇਸ ਰੋਮਾਂਚਕ ਮੈਚ ਦੀ ਉਡੀਕ ਸਾਰੇ ਪਾਕਿਸਤਾਨ ਨੂੰ ਸੀ।

ਪਾਕਿਸਤਾਨ ਹਵਾਈ ਫੌਜ ਦੇ ਸੇਵਾਮੁਕਤ ਗਰੁੱਪ ਕੈਪਟਨ ਪਰਵੇਜ਼ ਮਹਿਮੂਦ ਸਮਾਜਿਕ ਅਤੇ ਇਤਿਹਾਸਕ ਮੁੱਦਿਆਂ 'ਤੇ ਲਿਖਦੇ ਹਨ।

ਬਚਪਨ ਤੋਂ ਹੀ ਭੋਲੂ ਭਲਵਾਨ ਪਰਿਵਾਰ ਨਾਲ ਜੁੜੇ ਹੋਣ ਕਰਕੇ ਉਨ੍ਹਾਂ ਨੇ ਨਿੱਜੀ ਤੌਰ 'ਤੇ ਉਨ੍ਹਾਂ ਦੇ ਦੰਗਲ ਦੇਖੇ ਸਨ।

ਆਪਣੇ ਇੱਕ ਲੇਖ ਵਿੱਚ ਉਹ ਲਿਖਦੇ ਹਨ ਕਿ ਮੈਚ ਤੋਂ ਪਹਿਲਾਂ ਹੀ ਲਾਹੌਰ ਸ਼ਹਿਰ ਵਿੱਚ ਜਸ਼ਨ ਦਾ ਮਾਹੌਲ ਸੀ।

100 ਰੁਪਏ ਦਾ ਇੱਕ ਟਿਕਟ

ਉਹ ਦੱਸਦੇ ਹਨ, "ਘੱਟੋ-ਘੱਟ ਐਂਟਰੀ ਟਿਕਟ 100 ਰੁਪਏ ਸੀ, ਜੋ ਉਸ ਸਮੇਂ ਕਾਫ਼ੀ ਵੱਡੀ ਰਕਮ ਸੀ। ਕ੍ਰਿਕਟ ਮੈਚ ਦੀ ਟਿਕਟ ਲਗਭਗ ਦਸ ਰੁਪਏ ਵਿੱਚ ਵਿਕਦੀ ਸੀ।"

"ਅਕਰਮ ਉਰਫ਼ ਅਕੀ ਆਪਣੇ ਭਤੀਜੇ ਦੇ ਨਾਲ ਕੋਚ ਵਜੋਂ ਮੌਜੂਦ ਸਨ। ਝਾਰਾ ਨੇ ਢੋਲ ਦੀ ਥਾਪ 'ਤੇ ਇੱਕ ਪੈਰ 'ਤੇ ਰਵਾਇਤੀ ਕੁਸ਼ਤੀ ਨਾਚ ਕੀਤਾ। ਇਸ ਤੋਂ ਬਾਅਦ ਇਨੋਕੀ ਰਿੰਗ ਵਿੱਚ ਆਏ, ਦਰਸ਼ਕਾਂ ਵੱਲ ਹੱਥ ਹਿਲਾਇਆ ਅਤੇ ਆਪਣੇ ਖੂੰਜੇ ਵੱਲ ਚਲੇ ਗਏ।"

"ਮੁਕਾਬਲੇ ਵਿੱਚ ਪੰਜ ਰਾਊਂਡ ਸਨ ਅਤੇ ਰਹੇਕ ਰਾਊਂਡ ਦੇ ਵਿਚਕਾਰ ਪੰਜ ਮਿੰਟ ਦਾ ਬ੍ਰੇਕ ਸੀ।"

ਪਰਵੇਜ਼ ਮਹਿਮੂਦ ਦੇ ਅਨੁਸਾਰ, ਸ਼ੁਰੂਆਤ ਤਾਂ ਤੇਜ਼ ਹੋਈ ਪਰ ਜਲਦੀ ਹੀ ਇਹ ਸਾਫ਼ ਹੋ ਗਿਆ ਕਿ ਇਨੋਕੀ ਝਾਰਾ ਦੇ ਨੇੜੇ ਆਉਣ ਤੋਂ ਹਿਚਕਿਚਾ ਰਹੇ ਸਨ, ਜਦਕਿ ਝਾਰਾ ਪੂਰੇ ਮੁਕਾਬਲੇ ਦੌਰਾਨ ਹਮਲਾਵਰ ਮੂਡ ਵਿੱਚ ਰਹੇ।

ਉਨ੍ਹਾਂ ਨੇ ਰਿੰਗ ਵਿੱਚ ਇਨੋਕੀ ਨੂੰ ਵਾਰ-ਵਾਰ ਟੈਕਲ ਕੀਤਾ ਅਤੇ ਰੱਸੀਆਂ ਨਾਲ ਧੱਕਾ ਦਿੱਤਾ। ਉਮਰ ਦਾ ਅੰਤਰ, ਜੋ ਤਿੰਨ ਸਾਲ ਪਹਿਲਾਂ ਅਕਰਮ ਭਲਵਾਨ ਦੇ ਖ਼ਿਲਾਫ਼ ਅਤੇ ਇਨੋਕੀ ਦੇ ਹੱਕ ਵਿੱਚ ਸੀ, ਇਸ ਵਾਰ ਝਾਰਾ ਦੇ ਹੱਕ ਵਿੱਚ ਚਲਾ ਗਿਆ।

"ਬ੍ਰੇਕ ਦੌਰਾਨ ਇਨੋਕੀ ਰੱਸੀਆਂ ਨਾਲ ਟਿਕ ਕੇ ਆਰਾਮ ਕਰਦਾ ਸੀ, ਜਦਕਿ ਝਾਰਾ ਰਿੰਗ ਵਿੱਚ ਚੱਕਰ ਲਗਾਉਂਦਾ ਰਹਿੰਦਾ ਸੀ।"

ਦੂਜੇ ਰਾਊਂਡ ਵਿੱਚ ਝਾਰਾ ਨੇ ਇੱਕ ਵਾਰ ਫਿਰ ਇਨੋਕੀ ਨੂੰ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਉਸ ਦੀ ਛਾਤੀ 'ਤੇ ਬੈਠ ਕੇ ਉਸ ਦੀ ਬਾਂਹ ਮਰੋੜਣ ਦੀ ਕੋਸ਼ਿਸ਼ ਕੀਤੀ।

ਜਦੋਂ ਝਾਰਾ ਨੇ 'ਧੋਬੀ ਪਟਕਾ' ਅਜ਼ਮਾਇਆ ਅਤੇ ਇਨੋਕੀ ਦੀ ਪਿੱਠ 'ਤੇ ਜ਼ੋਰਦਾਰ ਝਟਕਾ ਮਾਰਿਆ, ਤਾਂ ਲਾਹੌਰ ਦੇ ਦਰਸ਼ਕ ਪਾਗ਼ਲ ਹੋ ਗਏ।

ਦਰਸ਼ਕਾਂ ਦਾ ਜੋਸ਼ ਉਸ ਵੇਲੇ ਦੁੱਗਣਾ ਹੋ ਗਿਆ ਜਦੋਂ ਝਾਰਾ ਨੇ ਇੱਕ ਸਮੇਂ 'ਤੇ ਇਨੋਕੀ ਨੂੰ ਰਿੰਗ ਤੋਂ ਬਾਹਰ ਹੀ ਸੁੱਟ ਦਿੱਤਾ ਅਤੇ ਉਨ੍ਹਾਂ ਨੂੰ ਵਾਪਸ ਆਉਣ ਵਿੱਚ ਅੱਧਾ ਮਿੰਟ ਲੱਗ ਗਿਆ।

ਪਰਵੇਜ਼ ਮਹਿਮੂਦ ਲਿਖਦੇ ਹਨ ਕਿ ਤੀਜੇ ਰਾਊਂਡ ਵਿੱਚ ਝਾਰਾ ਨੇ ਇਨੋਕੀ ਨੂੰ ਲਗਭਗ ਸੁੱਟ ਹੀ ਦਿੱਤਾ ਸੀ ਅਤੇ ਇਸ ਝਟਕੇ ਨਾਲ ਇਨੋਕੀ ਅਚੇਤ ਹੋ ਗਏ ਸਨ।

ਕੁਝ ਲੋਕਾਂ ਨੂੰ ਲੱਗਿਆ ਕਿ ਨੰਗੇ ਪੈਰੀਂ ਝਾਰਾ, ਕਠੋਰ ਸਤ੍ਹਾ ਵਾਲੀ ਰਿੰਗ ਵਿੱਚ ਭਾਰੇ ਤਲਿਆਂ ਵਾਲੇ ਇਨੋਕੀ ਦੇ ਮੁਕਾਬਲੇ ਕਮਜ਼ੋਰ ਸਥਿਤੀ ਵਿੱਚ ਸਨ।

ਚੌਥੇ ਰਾਊਂਡ ਵਿੱਚ ਇਨੋਕੀ ਜ਼ਿਆਦਾਤਰ ਜ਼ਮੀਨ 'ਤੇ ਹੀ ਰਹੇ ਅਤੇ ਝਾਰਾ ਨੂੰ ਨੇੜੇ ਆਉਣ ਤੋਂ ਰੋਕਣ ਲਈ ਆਪਣੇ ਪੈਰਾਂ ਦਾ ਇਸਤੇਮਾਲ ਕਰਦੇ ਰਹੇ।

"ਉਹ ਪੂਰੀ ਤਰ੍ਹਾਂ ਥੱਕੇ ਹੋਏ ਲੱਗ ਰਹੇ ਸਨ, ਜਦਕਿ ਝਾਰਾ ਅੰਤ ਤੱਕ ਤਰੋ-ਤਾਜ਼ਾ ਰਹੇ।"

"ਪਹਿਲੇ ਚਾਰ ਰਾਊਂਡ ਬੇਕਾਰ ਰਹੇ। ਪੰਜਵੇਂ ਰਾਊਂਡ ਵਿੱਚ ਇਨੋਕੀ ਹੌਲੀ-ਹੌਲੀ ਝਾਰਾ ਵੱਲ ਵਧਿਆ ਅਤੇ ਝਾਰਾ ਉਸ ਦੇ ਚਾਰੇ ਪਾਸੇ ਛਾਲਾਂ ਮਾਰਦਾ ਰਿਹਾ। ਇੱਕ ਸਮਾਂ ਅਜਿਹਾ ਆਇਆ ਜਦੋਂ ਦੋਹਾਂ ਦੀਆਂ ਗਰਦਨਾਂ ਆਪਸ ਵਿੱਚ ਟਕਰਾ ਗਈਆਂ ਅਤੇ ਝਾਰਾ ਨੇ ਉਸ ਨੂੰ ਜ਼ੋਰ ਨਾਲ ਮਾਰਿਆ, ਪਰ ਇਨੋਕੀ ਦੇ ਪਿੱਛੇ ਜਾ ਕੇ ਉਸ ਨੂੰ ਫੜ੍ਹ ਨਹੀਂ ਸਕਿਆ। ਇਨੋਕੀ ਨੇ ਉਸ ਦੀਆਂ ਬਾਹਾਂ ਅਤੇ ਉਂਗਲੀਆਂ ਮਰੋੜਣ ਦੀ ਕੋਸ਼ਿਸ਼ ਕੀਤੀ, ਪਰ ਝਾਰਾ ਨੇ ਉਸ ਤੋਂ ਆਸਾਨੀ ਨਾਲ ਖ਼ੁਦ ਨੂੰ ਛੁਡਾ ਲਿਆ।"

"ਮੁਕਾਬਲੇ ਦੇ ਆਖ਼ਰੀ ਪਲਾਂ ਵਿੱਚ ਝਾਰਾ ਨੇ ਇਨੋਕੀ ਨੂੰ ਆਪਣੀ ਪਿੱਠ ਦੇ ਬਲ ਦਬਾ ਦਿੱਤਾ। ਇੱਕ ਸਮੇਂ ਤਾਂ ਇੰਝ ਲੱਗਿਆ ਕਿ ਇਨੋਕੀ ਦੇ ਮੋਢੇ ਜ਼ਮੀਨ ਨੂੰ ਛੂਹ ਗਏ ਹਨ, ਪਰ ਘੰਟੀ ਵੱਜ ਗਈ।"

ਪਰਵੇਜ਼ ਮਹਿਮੂਦ ਦੇ ਅਨੁਸਾਰ, ਨਤੀਜਾ ਐਲਾਨੇ ਜਾਣ ਤੋਂ ਪਹਿਲਾਂ ਹੀ ਇਨੋਕੀ ਨੇ ਖ਼ੁਦ ਅੱਗੇ ਆ ਕੇ ਝਾਰਾ ਦਾ ਹੱਥ ਉੱਪਰ ਚੁੱਕਿਆ ਅਤੇ ਮੰਨਿਆ ਕਿ ਪਾਕਿਸਤਾਨੀ ਭਲਵਾਨ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ।

ਝਾਰਾ, ਉਸਦੇ ਸਾਥੀ ਅਤੇ ਆਸ-ਪਾਸ ਮੌਜੂਦ ਦਰਸ਼ਕ ਖੁਸ਼ੀ ਨਾਲ ਝੂਮਣ ਲੱਗੇ। ਕੁਝ ਸਮੇਂ ਬਾਅਦ ਬਾਕੀ ਦਰਸ਼ਕਾਂ ਨੂੰ ਵੀ ਇਹ ਗੱਲ ਸਮਝ ਆ ਗਈ ਅਤੇ ਫਿਰ ਉਨ੍ਹਾਂ ਨੇ ਵੀ ਜਸ਼ਨ ਮਨਾਇਆ।

'ਅਲੀ ਬਨਾਮ ਇਨੋਕੀ' ਕਿਤਾਬ ਦੇ ਲੇਖਕ ਜੋਸ਼ ਗ੍ਰਾਸ ਲਿਖਦੇ ਹਨ ਕਿ ਪੰਜ ਰਾਊਂਡ ਦੀ ਕਠਿਨ ਲੜਾਈ ਦੇ ਬਾਵਜੂਦ ਮੁਕਾਬਲਾ ਕਿਸੇ ਨਤੀਜੇ 'ਤੇ ਨਹੀਂ ਪਹੁੰਚਿਆ, ਪਰ ਇਨੋਕੀ ਨੇ ਆਖ਼ਰਕਾਰ ਝਾਰਾ ਦਾ ਹੱਥ ਹਵਾ ਵਿੱਚ ਉਠਾ ਦਿੱਤਾ।

"ਲਾਹੌਰ ਦੀ ਭੀੜ ਇਹ ਦ੍ਰਿਸ਼ ਦੇਖ ਕੇ ਜੋਸ਼ ਨਾਲ ਭਰ ਗਈ। ਇਹੀ ਉਹ ਪਲ ਸੀ ਜਿਸ ਨੇ ਇਨੋਕੀ ਨੂੰ ਪਾਕਿਸਤਾਨੀ ਲੋਕਾਂ ਦੇ ਦਿਲਾਂ ਵਿੱਚ ਹੋਰ ਵੀ ਮਜ਼ਬੂਤ ਕਰ ਦਿੱਤਾ ਅਤੇ ਨਾਲ ਹੀ ਇਸਲਾਮ ਪ੍ਰਤੀ ਇਨੋਕੀ ਦਾ ਰੁਝਾਨ ਵੀ ਵਧਦਾ ਗਿਆ।"

(ਬਾਅਦ ਵਿੱਚ ਇਨੋਕੀ ਨੇ ਇਸਲਾਮ ਧਰਮ ਅਪਣਾ ਲਿਆ ਅਤੇ ਆਪਣਾ ਨਾਮ ਬਦਲ ਕੇ ਮੁਹੰਮਦ ਹੁਸੈਨ ਰੱਖ ਲਿਆ)

ਮੈਚ ਫਿਕਸਿੰਗ ਦਾ ਇਲਜ਼ਾਮ

ਇਸ ਇਤਿਹਾਸਕ ਮੁਕਾਬਲੇ ਤੋਂ ਬਾਅਦ ਇਨੋਕੀ ਅਤੇ ਜ਼ੁਬੈਰ ਝਾਰਾ ਪੱਕੇ ਦੋਸਤ ਬਣ ਗਏ।

ਪਰਵੇਜ਼ ਮਹਿਮੂਦ ਲਿਖਦੇ ਹਨ, "ਉਸ ਰਾਤ ਲਾਹੌਰ ਵਿੱਚ ਅਫ਼ਵਾਹਾਂ ਫੈਲੀਆਂ ਕਿ ਮੈਚ ਫਿਕਸ ਸੀ ਅਤੇ ਇਨੋਕੀ ਨੇ ਪੈਸੇ ਲੈ ਕੇ ਹਾਰ ਮਨਜ਼ੂਰ ਕਰ ਲਈ ਹੈ।"

ਚੌਧਰੀ ਲਿਖਦੇ ਹਨ ਕਿ ਭੋਲੂ ਭਰਾਵਾਂ ਨੇ ਇਸ ਅਫ਼ਵਾਹ ਨੂੰ ਦੂਰ ਕਰਨ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ। ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਗਿਆ ਕਿ ਇਹ ਅਫ਼ਵਾਹ ਉਨ੍ਹਾਂ ਦੇ ਵਿਰੋਧੀਆਂ ਵੱਲੋਂ ਘੜੀ ਗਈ ਹੈ ਅਤੇ ਇਸ ਵਿੱਚ ਕੋਈ ਸੱਚਾਈ ਨਹੀਂ ਹੈ।

ਨਸ਼ੇ ਦੀ ਲਤ ਘਾਤਕ ਸਾਬਤ ਹੋਈ

ਗੋਗਾ ਭਲਵਾਨ ਨੇ ਇੱਕ ਵਾਰ ਫਿਰ ਝਾਰਾ ਨੂੰ ਚੁਣੌਤੀ ਦਿੱਤੀ ਅਤੇ 17 ਅਪ੍ਰੈਲ 1981 ਨੂੰ ਦੋਹਾਂ ਵਿਚਕਾਰ ਕੁਸ਼ਤੀ ਹੋਈ, ਪਰ ਝਾਰਾ ਨੇ ਹਮਲਾਵਰ ਢੰਗ ਨਾਲ ਉਸ ਨੂੰ ਫਿਰ ਹਰਾ ਦਿੱਤਾ।

ਚੌਧਰੀ ਲਿਖਦੇ ਹਨ ਕਿ ਕਿਵੇਂ ਝਾਰਾ ਨੇ ਆਪਣੇ ਇੱਕ ਗੁਆਂਢੀ ਦੀ ਸ਼ਿਕਾਇਤ 'ਤੇ ਲਾਹੌਰ ਰੇਲਵੇ ਸਟੇਸ਼ਨ 'ਤੇ ਭਾਰਤ ਤੋਂ ਤਸਕਰੀ ਕਰਕੇ ਲਿਆਂਦੇ ਗਏ ਪਾਨ ਅਤੇ ਕੱਪੜੇ ਦੇ ਬਦਲੇ ਵਸੂਲੀ ਕਰਨ ਵਾਲਿਆਂ ਨੂੰ ਕੁੱਟ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਖ਼ੁਦ ਹੀ ਵਸੂਲੀ ਕਰਨੀ ਸ਼ੁਰੂ ਕਰ ਦਿੱਤੀ।

"ਭੋਲੂ ਅਤੇ ਉਸ ਦੇ ਭਰਾਵਾਂ ਨੇ ਝਾਰਾ ਨੂੰ ਵਿਗੜਨ ਤੋਂ ਬਚਾਉਣ ਦੀ ਕੋਸ਼ਿਸ਼ ਵਿੱਚ ਉਸ ਦਾ ਵਿਆਹ ਉਸਦੇ ਚਾਚਾ ਗੋਗਾ ਭਲਵਾਨ ਦੀ ਧੀ ਸਾਇਰਾ ਨਾਲ ਕਰਵਾ ਦਿੱਤਾ।"

ਚੌਧਰੀ ਦੇ ਅਨੁਸਾਰ, "ਹੁਣ ਉਸ ਨੇ ਡਰਗਜ਼ ਲੈਣੇ ਸ਼ੁਰੂ ਕਰ ਦਿੱਤੇ ਸਨ। ਇੱਕ ਦਿਨ ਝਾਰਾ ਤਕਸ਼ਸ਼ਿਲਾ ਵਿੱਚ ਇੱਕ ਕਬਾਬ ਵਾਲੇ ਕੋਲ ਖੜ੍ਹਾ ਸੀ। ਉਹ ਨਸ਼ੇ ਵਿੱਚ ਸੀ, ਨਸ਼ੇ ਦਾ ਅਸਰ ਇੰਨਾ ਜ਼ਿਆਦਾ ਸੀ ਕਿ ਝਾਰਾ ਨੇ ਸਾਰੇ ਕਬਾਬ ਖਾ ਲਏ। ਅਚਾਨਕ ਉਸਦੀ ਤਬੀਅਤ ਖ਼ਰਾਬ ਹੋ ਗਈ ਅਤੇ ਉਸਨੂੰ ਉਲਟੀਆਂ ਆਉਣ ਲੱਗਆਂ। ਹਸਪਤਾਲ ਵਿੱਚ ਡਾਕਟਰ ਨੇ ਦੱਸਿਆ ਕਿ ਝਾਰਾ ਹੈਰੋਇਨ ਦਾ ਆਦੀ ਹੈ।"

ਝਾਰਾ ਕਿਸੇ ਦੀ ਸਲਾਹ ਨਹੀਂ ਮੰਨ ਰਿਹਾ ਸੀ। ਚੌਧਰੀ ਲਿਖਦੇ ਹਨ ਕਿ ਕੁਝ ਠੇਕੇਦਾਰਾਂ ਨੇ ਉਸ ਦਾ ਆਤਮ-ਸਨਮਾਨ ਵਧਾਉਣ ਲਈ ਉਸ ਨੂੰ ਰੁਸਤਮ ਲਾਹੌਰ ਭੋਲਾ ਗਾਦੀ ਦੇ ਖ਼ਿਲਾਫ਼ ਖੜ੍ਹਾ ਕਰ ਦਿੱਤਾ।

"ਕੁਸ਼ਤੀ ਦੇ ਸਮੇਂ ਹੀ ਝਾਰਾ ਸਿਗਰਟ ਦਾ ਜ਼ਹਿਰ ਖਾ ਕੇ ਅਖਾੜੇ ਵਿੱਚ ਉਤਰਿਆ। ਗਾਮਾ ਭਲਵਾਨ, ਇਮਾਮ ਬਖ਼ਸ਼ ਭਲਵਾਨ ਅਤੇ ਭੋਲੂ ਭਰਾਵਾਂ ਦੀ ਆਖ਼ਰੀ ਲੌ ਟਿਮਟਿਮਾਉਂਦੇ ਦੀਵੇ ਵਾਂਗ ਸੀ, ਉਸ ਦਾ ਲਹਿਰਾਉਂਦਾ ਸਰੀਰ ਅਖਾੜੇ ਵਿੱਚ ਹਾਸੋਹੀਣਾ ਲੱਗ ਰਿਹਾ ਸੀ। ਮੁਕਾਬਲਾ ਹੋਇਆ ਅਤੇ ਝਾਰਾ ਨੇ ਭੋਲਾ ਗਾਦੀ ਨੂੰ ਹਰਾ ਦਿੱਤਾ।"

"1984 ਵਿੱਚ ਝਾਰਾ ਨੇ ਤਿਰਥਿਆਂ ਨਾਲ ਆਖ਼ਰੀ ਕੁਸ਼ਤੀ ਲੜੀ। ਇਹ ਝਾਰਾ ਦਾ ਆਖ਼ਰੀ ਦੰਗਲ ਸੀ।"

ਚੌਧਰੀ ਦੇ ਅਨੁਸਾਰ, "ਇਸ ਤੋਂ ਬਾਅਦ ਝਾਰਾ ਅਖਾੜੇ ਵਿੱਚ ਤਾਂ ਜਾਂਦੇ ਸੀ, ਪਰ ਧੱਕਾ-ਮੁੱਕੀ ਅਤੇ ਕੁਸ਼ਤੀ ਤੋਂ ਦੂਰ ਰਹਿੰਦੇ ਸੀ।"

10 ਸਤੰਬਰ 1991 ਨੂੰ ਘੱਟ ਉਮਰ ਵਿੱਚ ਹੀ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਗਾਮਾ ਭਲਵਾਨ ਦੀ ਤਰ੍ਹਾਂ ਝਾਰਾ ਭਲਵਾਨ ਵੀ ਕਦੇ ਕੋਈ ਮੁਕਾਬਲਾ ਨਹੀਂ ਹਾਰੇ।

ਪਰ 'ਖ਼ਫ਼ਤਗਾਨ-ਏ-ਖ਼ਾਕ-ਏ-ਲਾਹੌਰ' ਵਿੱਚ ਲਿਖਿਆ ਹੈ ਕਿ "ਜਵਾਨੀ ਵਿੱਚ ਘਟੀਆ ਕਿਸਮ ਦੇ ਨਸ਼ੀਲੇ ਪਦਾਰਥਾਂ ਦੀ ਲਤ ਘਾਤਕ ਸਾਬਤ ਹੋਈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)