ਭਾਰਤ ਦੀ ਉਹ ਮਹਿਲਾ ਭਲਵਾਨ, ਜਿਸ ਨੂੰ ਕਦੇ ਕੋਈ ਵੀ ਮਰਦ ਮਾਤ ਨਹੀਂ ਦੇ ਸਕਿਆ

    • ਲੇਖਕ, ਨਿਆਜ਼ ਫ਼ਾਰੂਕੀ
    • ਰੋਲ, ਬੀਬੀਸੀ ਪੱਤਰਕਾਰ

1950 ਦੇ ਦਹਾਕੇ ਦੌਰਾਨ ਜਦੋਂ ਭਾਰਤ ’ਚ ਔਰਤਾਂ ਦਾ ਕੁਸ਼ਤੀ ਲੜਣਾ ਆਪਣੇ ਆਪ ’ਚ ਹੀ ਇੱਕ ਅਜੂਬਾ ਸੀ, ਉਸ ਸਮੇਂ ਹਮੀਦਾ ਬਾਨੋ ਨੇ ਮਰਦ ਭਲਵਾਨਾਂ ਦੇ ਸਾਹਮਣੇ ਇੱਕ ਚੁਣੌਤੀ ਰੱਖੀ।"

"32 ਸਾਲਾ ਇਸ ਮਹਿਲਾ ਭਲਵਾਨ ਨੇ ਮਰਦ ਭਲਵਾਨਾਂ ਦੇ ਸਾਹਮਣੇ ਇੱਕ ਚੁਣੌਤੀ ਰੱਖਦਿਆਂ ਕਿਹਾ, “ਜੋ ਕੋਈ ਵੀ ਮੈਨੂੰ ਦੰਗਲ ’ਚ ਹਰਾਵੇਗਾ, ਉਹ ਮੇਰੇ ਨਾਲ ਵਿਆਹ ਕਰ ਸਕਦਾ ਹੈ।”

ਇਸ ਤਰ੍ਹਾਂ ਦੀ ਚੁਣੌਤੀ ’ਚ ਉਹ ਫਰਵਰੀ 1954 ’ਚ ਪਹਿਲਾਂ ਹੀ ਦੋ ਮਰਦ ਭਲਵਾਨਾਂ ਨੂੰ ਹਰਾ ਚੁੱਕੀ ਸੀ, ਜਿਨ੍ਹਾਂ ’ਚੋਂ ਇੱਕ ਪਟਿਆਲਾ ਤੋਂ ਸੀ ਅਤੇ ਦੂਜਾ ਭਲਵਾਨ ਕੋਲਕਾਤਾ ਤੋਂ ਸੀ। ਇਸੇ ਸਾਲ ਮਈ ਮਹੀਨੇ ਆਪਣੇ ਤੀਜੇ ਦੰਗਲ ਦੇ ਲਈ ਉਹ ਬੜੌਦਾ ਦੌਰੇ ’ਤੇ ਸਨ।

ਉਨ੍ਹਾਂ ਦੇ ਦੌਰੇ ਨੇ ਪੂਰੇ ਸ਼ਹਿਰ ’ਚ ਸਨਸਨੀ ਪੈਦਾ ਕਰ ਦਿੱਤੀ ਸੀ। ਬੜੌਦਾ ਵਸਨੀਕ ਅਤੇ ਖੋ-ਖੋ ਦੇ ਮੰਨੇ-ਪ੍ਰਮੰਨੇ 80 ਸਾਲਾ ਖਿਡਾਰੀ ਸੁਧੀਰ ਪਰਬ ਉਸ ਸਮੇਂ ਸਕੂਲ ’ਚ ਪੜ੍ਹਦੇ ਸਨ।

ਉਹ ਦੱਸਦੇ ਹਨ, “ਮੈਨੂੰ ਯਾਦ ਹੈ ਕਿ ਇਹ ਦੰਗਲ ਲੋਕਾਂ ਲਈ ਬਹੁਤ ਹੀ ਆਕਰਸ਼ਕ ਸੀ। ਕਿਸੇ ਨੇ ਵੀ ਇਸ ਤਰ੍ਹਾਂ ਦੀ ਕੁਸ਼ਤੀ ਬਾਰੇ ਨਹੀਂ ਸੁਣਿਆ ਸੀ।”

ਕੁਸ਼ਤੀ ਵੇਖਣ ਲਈ ਬੈਠਣ ਦਾ ਪ੍ਰਬੰਧ ਪ੍ਰਾਚੀਨ ਯੂਨਾਨੀ ਲੜਾਈਆਂ ਦੀ ਤਰਜ ’ਤੇ ਕੀਤਾ ਗਿਆ ਸੀ। ਪਰ ਹਮੀਦਾ ਬਾਨੋ ਨੂੰ ਦਰਸ਼ਕਾਂ ਦੀ ਉਤਸੁਕਤਾ ਨੂੰ ਖ਼ਤਮ ਕਰਨ ’ਚ ਕੁਝ ਹੀ ਸੰਕਿਟ ਲੱਗੇ।

ਨਿਊਜ਼ ਏਜੰਸੀ ‘ਏਪੀ’ ਦੀ ਉਸ ਸਮੇਂ ਦੀ ਰਿਪੋਰਟ ਮੁਤਾਬਕ ਇਹ ਮੁਕਾਬਲਾ ਮਹਿਜ਼ 1 ਮਿੰਟ 34 ਸਕਿੰਟ ਤੱਕ ਹੀ ਚੱਲਿਆ।

ਹਮੀਦਾ ਬਾਨੋ ਨੇ ਬਾਬਾ ਭਲਵਾਨ ਨੂੰ ਮਾਤ ਦੇ ਦਿੱਤੀ ਸੀ।

ਰੈਫਰੀ ਨੇ ਭਲਵਾਨ ਨੂੰ ਹਮੀਦਾ ਨਾਲ ਵਿਆਹ ਦੀ ਸੰਭਾਵਨਾ ਤੋਂ ਬਾਹਰ ਕਰ ਦਿੱਤਾ ਸੀ ਅਤੇ ਇਸ ਦੇ ਨਾਲ ਹੀ ਹਮੀਦਾ ਬਾਨੋ ਦੇ ਦਾਅ ਪੇਚ ਦੇ ਕਾਇਲ ਬਾਬਾ ਭਲਵਾਨ ਨੇ ਤੁਰੰਤ ਐਲਾਨ ਕੀਤਾ ਕਿ ਇਹ ਉਨ੍ਹਾਂ ਦਾ ਆਖ਼ਰੀ ਮੈਚ ਸੀ।

ਬਾਅਦ ’ਚ ਭਾਰਤ ਦੀ ਪਹਿਲੀ ਮਹਿਲਾ ਪੇਸ਼ੇਵਰ ਭਲਵਾਨ ਵੱਜੋਂ ਨਾਮਣਾ ਖੱਟਣ ਵਾਲੀ, ਹਮੀਦਾ ਬਾਨੋ ਆਪਣੀ ਹਿੰਮਤ ਅਤੇ ਦਲੇਰੀ ਨਾਲ ਦੇਸ਼ ਦੀਆਂ ਉਨ੍ਹਾਂ ਰਵਾਇਤੀ ਕਹਾਣੀਆਂ ਨੂੰ ਬਦਲ ਰਹੀ ਸੀ, ਜਿਨ੍ਹਾਂ ’ਚ ਔਰਤਾਂ ਨੂੰ ਕਮਜ਼ੋਰ ਸਮਝਿਆ ਜਾਂਦਾ ਸੀ।

ਉਸ ਵੇਲੇ ਕੁਸ਼ਤੀ ਨੂੰ ਵਿਸ਼ੇਸ਼ ਤੌਰ ’ਤੇ ਮਰਦਾਂ ਦੀ ਖੇਡ ਮੰਨਿਆ ਜਾਂਦਾ ਸੀ।

‘ਅਲੀਗੜ੍ਹ ਦੀ ਐਮਾਜ਼ਾਨ’

ਹਮੀਦਾ ਬਾਨੋ ਆਮ ਲੋਕਾਂ ’ਚ ਇੰਨੀ ਮਸ਼ਹੂਰ ਹੋ ਗਈ ਸੀ ਕਿ ਉਨ੍ਹਾਂ ਦਾ ਭਾਰ, ਕੱਦ ਅਤੇ ਭੋਜਨ ਤੱਕ ਖ਼ਬਰਾਂ ਦਾ ਵਿਸ਼ਾ ਬਣ ਰਿਹਾ ਸੀ।

ਤਤਕਾਲੀ ਰਿਪੋਰਟਾਂ ਮੁਤਾਬਕ ਉਨ੍ਹਾਂ ਦਾ ਭਾਰ 107 ਕਿਲੋ ਅਤੇ ਕੱਦ 5 ਫੁੱਟ 3 ਇੰਚ ਸੀ।

ਉਨ੍ਹਾਂ ਦੀ ਰੋਜ਼ਾਨਾ ਦੀ ਖੁਰਾਕ ’ਚ ਸਾਢੇ ਪੰਜ ਕਿਲੋ ਦੁੱਧ, ਪੋਣੇ ਤਿੰਨ ਕਿਲੋ ਸੂਪ, ਚਾਰ ਪਿੰਟ (ਲਗਭਗ ਢਾਈ ਲੀਟਰ) ਫਲਾਂ ਦਾ ਜੂਸ, ਇੱਕ ਮੁਰਗਾ, ਲਗਭਗ ਇੱਕ ਕਿਲੋ ਮਟਨ, 450 ਗ੍ਰਾਮ ਮੱਖਣ, ਛੇ ਅੰਡੇ, ਕਰੀਬ ਇਕ ਕਿਲੋ ਬਾਦਾਮ, ਦੋ ਵੱਡੀਆਂ ਰੋਟੀਆਂ ਅਤੇ ਦੋ ਬਿਰਿਆਨੀ ਦੀਆਂ ਪਲੇਟਾਂ ਸ਼ਾਮਲ ਸਨ।

ਖ਼ਬਰਾਂ ’ਚ ਇਹ ਵੀ ਦੱਸਿਆ ਗਿਆ ਸੀ ਕਿ ਉਹ ਇੱਕ ਦਿਨ ’ਚ 9 ਘੰਟੇ ਨੀਂਦ ਲੈਂਦੇ ਸਨ ਅਤੇ 6 ਘੰਟੇ ਕਸਰਤ ਕਰਦੇ ਸਨ।

ਹਮੀਦਾ ਬਾਨੋ ਨੂੰ ‘ਅਲੀਗੜ੍ਹ ਦੀ ਐਮਾਜ਼ਾਨ’ ਕਿਹਾ ਜਾਣ ਲੱਗਾ। ਉਨ੍ਹਾਂ ਦਾ ਜਨਮ ਮਿਰਜ਼ਾਪੁਰ ’ਚ ਹੋਇਆ ਸੀ ਅਤੇ ਉਹ ਸਲਾਮ ਨਾਮ ਦੇ ਇੱਕ ਭਲਵਾਨ ਦੀ ਉਸਤਾਦੀ ਹੇਠ ਕੁਸ਼ਤੀ ਦੀ ਸਿਖਲਾਈ ਹਾਸਲ ਕਰਨ ਲਈ ਅਲੀਗੜ੍ਹ ਚਲੇ ਗਏ ਸਨ।

ਉਨ੍ਹਾਂ ਦੀ ਪ੍ਰਸ਼ੰਸਾ ’ਚ ਇੱਕ ਕਾਲਮ ਲਿਖਣ ਵਾਲੇ ਇੱਕ ਲੇਖਕ ਨੇ 1950 ਦੇ ਦਹਾਕੇ ’ਚ ਲਿਖਿਆ ਸੀ ਕਿ ‘ਅਲੀਗੜ੍ਹ ਦੇ ਐਮਾਜ਼ਾਨ’ ’ਤੇ ਇੱਕ ਨਜ਼ਰ ਪਾਉਣਾ ਤੁਹਾਡੀ ਰੀੜ ਦੀ ਹੱਡੀ ਨੂੰ ਹਿਲਾਉਣ ਲਈ ਕਾਫ਼ੀ ਹੋਵੇਗਾ।

ਐਮਾਜ਼ਾਨ ਅਮਰੀਕਾ ਦੀ ਇੱਕ ਮਸ਼ਹੂਰ ਭਲਵਾਨ ਸੀ ਅਤੇ ਹਮੀਦਾ ਬਾਨੋ ਦੀ ਤੁਲਨਾ ਉਨ੍ਹਾਂ ਨਾਲ ਕੀਤੀ ਜਾ ਰਹੀ ਸੀ।

ਉਨ੍ਹਾਂ ਨੇ ਲਿਖਿਆ , “ਉਨ੍ਹਾਂ ਨਾਲ ਕਿਸੇ ਵੀ ਔਰਤਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਹੈ, ਬਲਕਿ ਵਿਰੋਧੀਆਂ ਦੀ ਕਮੀ ਨੇ ਉਨ੍ਹਾਂ ਨੂੰ ਵਿਰੋਧੀ ਲਿੰਗ ਦੇ ਲੋਕਾਂ ਨੂੰ ਚੁਣੌਤੀ ਦੇਣ ਲਈ ਮਜਬੂਰ ਕੀਤਾ ਹੋਵੇਗਾ।”

ਹਮੀਦਾ ਬਾਨੋ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਨ ਤੋਂ ਇਹ ਪਤਾ ਲੱਗਦਾ ਹੈ ਕਿ ਵਿਰੋਧੀਆਂ ਦੀ ਕਮੀ ਤੋਂ ਇਲਾਵਾ ਸਮਾਜ ਦੀ ਰੂੜੀਵਾਦੀ ਸੋਚ ਨੇ ਉਨ੍ਹਾਂ ਨੂੰ ਆਪਣਾ ਘਰ ਛੱਡ ਕੇ ਅਲੀਗੜ੍ਹ ਜਾ ਕੇ ਰਹਿਣ ਲਈ ਮਜਬੂਰ ਕੀਤਾ ਸੀ।

ਇੱਕ ਔਰਤ ਦੀ ਮਰਦ ਨਾਲ ਕੁਸ਼ਤੀ, ਟਾਂਗੇ ਅਤੇ ਲਾਰੀਆਂ ’ਤੇ ਪੋਸਟਰ

1950 ਦੇ ਦਹਾਕੇ ਤੱਕ ਉਹ ਆਪਣੇ ਸਿਖ਼ਰ ’ਤੇ ਪਹੁੰਚ ਗਏ ਸਨ।

1954 ’ਚ ਹੀ ਉਨ੍ਹਾਂ ਨੇ ਆਪਣੇ ਚੁਣੌਤੀ ਦੇ ਦਿਨਾਂ ’ਚ ਦਾਅਵਾ ਕੀਤਾ ਕਿ ਉਹ ਹੁਣ ਤੱਕ ਦੇ ਆਪਣੇ ਸਾਰੇ 320 ਦੰਗਲ ਜਿੱਤ ਚੁੱਕੇ ਹਨ।

ਉਨ੍ਹਾਂ ਦੀ ਪ੍ਰਸਿੱਧੀ ਦਾ ਗੁਣਗਾਣ ਉਸ ਵੇਲੇ ਦੇ ਲੇਖਾਂ ’ਚ ਸਪੱਸ਼ਟ ਨਜ਼ਰ ਆ ਰਿਹਾ ਸੀ। ਇਸ ਦੇ ਨਾਲ ਹੀ ਕਈ ਕਹਾਣੀਕਾਰ ਆਪਣੇ ਪਾਤਰਾਂ ਦੀ ਤਾਕਤ ਨੂੰ ਦਰਸਾਉਣ ਲਈ ਉਨ੍ਹਾਂ ਦੀ ਤੁਲਨਾ ਹਮੀਦਾ ਬਾਨੋ ਨਾਲ ਕਰਦੇ ਸਨ।

ਇਨ੍ਹਾਂ ਗੱਲਾਂ ਨੇ ਬੜੌਦਾ ਦੇ ਲੋਕਾਂ ’ਚ ਵੀ ਉਤਸੁਕਤਾ ਪੈਦਾ ਕੀਤੀ ਸੀ।

ਸੁਧੀਰ ਪਰਬ ਦੱਸਦੇ ਹਨ ਕਿ ਉਹ ਦੰਗਲ ਇਸ ਲਿਹਾਜ਼ ਤੋਂ ਵੀ ਵੱਖਰਾ ਸੀ ਕਿ ਭਾਰਤ ’ਚ ਪਹਿਲੀ ਵਾਰ ਕੋਈ ਔਰਤ ਕਿਸੇ ਮਰਦ ਭਲਵਾਨ ਨਾਲ ਕੁਸ਼ਤੀ ਦੇ ਮੈਦਾਨ ’ਚ ਸੀ।

ਉਹ ਅੱਗੇ ਕਹਿੰਦੇ ਹਨ, “1954 ’ਚ ਲੋਕ ਬਹੁਤ ਹੀ ਰੂੜੀਵਾਦੀ ਸੋਚ ਦੇ ਧਾਰਨੀ ਸਨ। ਲੋਕ ਇਹ ਮੰਨਣ ਲਈ ਹੀ ਤਿਆਰ ਨਹੀਂ ਸਨ ਕਿ ਅਜਿਹੀ ਕੁਸ਼ਤੀ ਵੀ ਹੋ ਸਕਦੀ ਹੈ।"

"ਸ਼ਹਿਰ ’ਚ ਉਨ੍ਹਾਂ ਦੇ ਆਉਣ ਦਾ ਐਲਾਨ ਟਾਂਗਿਆਂ ਅਤੇ ਕਾਰਾਂ ’ਤੇ ਬੈਨਰ ਅਤੇ ਪੋਸਟਰ ਲਗਾ ਕੇ ਕੀਤਾ ਗਿਆ ਸੀ ਜਿਵੇਂ ਕਿ ਫਿਲਮਾਂ ਦੇ ਪ੍ਰਚਾਰ ਲਈ ਕੀਤਾ ਜਾਂਦਾ ਸੀ।”

ਹਾਲਾਂਕਿ ਉਸ ਸਮੇਂ ਦੀਆਂ ਅਖ਼ਬਾਰਾਂ ਅਨੁਸਾਰ ਇਹ ਸਪੱਸ਼ਟ ਹੈ ਕਿ ਉਨ੍ਹਾਂ ਨੇ ਬੜੌਦਾ ਵਿਖੇ ਬਾਬਾ ਭਲਵਾਨ ਨੂੰ ਹਰਾਇਆ ਸੀ।

ਪਰਬ ਅੱਗੇ ਦੱਸਦੇ ਹਨ, “ਮੈਨੂੰ ਚੰਗੀ ਤਰ੍ਹਾਂ ਨਾਲ ਯਾਦ ਹੈ ਕਿ ਉਹ ਪਹਿਲਾਂ ਛੋਟੇ ਗਾਮਾ ਭਲਵਾਨ ਨਾਲ ਘੁਲਣ ਵਾਲੀ ਸੀ ਜੋ ਕਿ ਲਾਹੌਰ ਦੇ ਮਸ਼ਹੂਰ ਗਾਮਾ ਭਲਵਾਨ ਦੇ ਨਾਮ ਨਾਲ ਜਾਣੇ ਜਾਂਦੇ ਸਨ ਅਤੇ ਜਿਨ੍ਹਾਂ ਨੂੰ ਮਹਾਰਾਜਿਆਂ ਦੀ ਸਰਪ੍ਰਸਤੀ ਹਾਸਲ ਸੀ।”

ਪਰ ਛੋਟੇ ਗਾਮਾ ਭਲਵਾਨ ਨੇ ਆਖ਼ਰੀ ਸਮੇਂ ਹਮੀਦਾ ਬਾਨੋ ਨਾਲ ਕੁਸ਼ਤੀ ਲੜਨ ਤੋਂ ਇਨਕਾਰ ਕਰ ਦਿੱਤਾ ਸੀ।

ਪਰਬ ਦੱਸਦੇ ਹਨ ਕਿ ਉਨ੍ਹਾਂ ਨੇ ਕਿਹਾ ਸੀ ਕਿ ਉਹ ਕਿਸੇ ਔਰਤ ਨਾਲ ਕੁਸ਼ਤੀ ਨਹੀਂ ਕਰਨਗੇ।

ਕੁਝ ਭਲਵਾਨਾਂ ਲਈ ਔਰਤ ਭਲਵਾਨ ਨਾਲ ਕੁਸ਼ਤੀ ਕਰਨਾ ਬਹੁਤ ਹੀ ਸ਼ਰਮ ਵਾਲੀ ਗੱਲ ਸੀ।

ਇਸ ਦੇ ਨਾਲ ਹੀ ਬਹੁਤ ਸਾਰੇ ਲੋਕਾਂ ’ਚ ਇਸ ਗੱਲ ਨੂੰ ਲੈ ਕੇ ਨਾਰਾਜ਼ਗੀ ਸੀ ਕਿ ਇੱਕ ਔਰਤ ਜਨਤਕ ਤੌਰ ’ਤੇ ਮਰਦਾਂ ਨੂੰ ਲਲਕਾਰ ਰਹੀ ਸੀ ਅਤੇ ਉਨ੍ਹਾਂ ਨੂੰ ਹਰਾ ਰਹੀ ਸੀ।

‘ਟਾਈਮਜ਼ ਆਫ਼ ਇੰਡੀਆ’ ਦੀ ਇੱਕ ਰਿਪੋਰਟ ਮੁਤਾਬਕ ਪੁਣੇ ’ਚ ਰਾਮਚੰਦਰ ਸਾਲੋਨ ਨਾਮ ਦੇ ਇੱਕ ਮਰਦ ਭਲਵਾਨ ਨਾਲ ਉਨ੍ਹਾਂ ਦਾ ਕੁਸ਼ਤੀ ਮੁਕਾਬਲਾ ਸ਼ਹਿਰ ਦੀ ਕੁਸ਼ਤੀ ਕੰਟਰੋਲਰ ਸੰਸਥਾ-ਰਾਸ਼ਟਰੀ ਤਾਲੀਮ ਸੰਘ ਦੇ ਵਿਰੋਧ ਦੇ ਕਾਰਨ ਰੱਦ ਕਰਨਾ ਪਿਆ ਸੀ।

ਮਹਾਰਾਸ਼ਟਰ ਦੇ ਕੋਲ੍ਹਾਪੁਰ ’ਚ ਇੱਕ ਹੋਰ ਮੁਕਾਬਲੇ ’ਚ ਜਦੋਂ ਉਨ੍ਹਾਂ ਨੇ ਸ਼ੋਭਾ ਸਿੰਘ ਪੰਜਾਬੀ ਨਾਮ ਦੇ ਇੱਕ ਮਰਦ ਭਲਵਾਨ ਨੂੰ ਹਰਾਇਆ ਤਾਂ ਕੁਸ਼ਤੀ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਬਹੁਤ ਬੁਰਾ-ਭਲਾ ਕਿਹਾ ਅਤੇ ਉਨ੍ਹਾਂ ’ਤੇ ਪੱਥਰ ਵੀ ਸੁੱਟੇ।

ਇੱਥੋਂ ਤੱਕ ਕਿ ਭੀੜ ਨੂੰ ਕਾਬੂ ’ਚ ਕਰਨ ਲਈ ਪੁਲਿਸ ਨੂੰ ਵੀ ਬੁਲਾਉਣਾ ਪਿਆ ਸੀ ਅਤੇ ਆਮ ਲੋਕਾਂ ਨੇ ਇਸ ਦੰਗਲ ਨੂੰ ਬਣਾਵਟੀ/ਫਰਜ਼ੀ ਕਰਾਰ ਦਿੱਤਾ ਸੀ। ਪਰ ਗੱਲ ਇੱਥੇ ਹੀ ਖ਼ਤਮ ਨਹੀਂ ਹੋਈ।

ਲੇਖਕ ਰਣਵਿਜੇ ਸੇਨ ਆਪਣੀ ਕਿਤਾਬ ‘ਨੇਸ਼ਨ ਐਟ ਪਲੇਅ: ਹਿਸਟਰੀ ਆਫ਼ ਸੋਰਟ ਇਨ ਇੰਡੀਆ’ ’ਚ ਲਿਖਦੇ ਹਨ, “ਉਨ੍ਹਾਂ ਸਮਾਗਮਾਂ ’ਚ ਖੇਡਾਂ ਅਤੇ ਮਨੋਰੰਜਨ ਦਾ ਮਿਸ਼ਰਨੇ ਇਸ ਗੱਲ ਤੋਂ ਸਪੱਸ਼ਟ ਹੁੰਦਾ ਹੈ ਕਿ ਹਮੀਦਾ ਬਾਨੋ ਦੇ ਮੁਕਾਬਲੇ ਤੋਂ ਬਾਅਦ ਦੋ ਅਜਿਹੇ ਭਲਵਾਨਾਂ ’ਚ ਮੁਕਾਬਲਾ ਹੋਣਾ ਸੀ, ਜਿਨ੍ਹਾਂ ’ਚੋਂ ਇੱਕ ਅੰਨ੍ਹਾ ਅਤੇ ਦੂਜਾ ਲੰਗੜਾ ਸੀ।”

“ਪਰ ਉਸ ਮੁਕਾਬਲੇ ਨੂੰ ਮਨੋਰੰਜਨ ਵੱਜੋਂ ਜਾਂ ਫਿਰ ਸ਼ਾਇਦ ਤਨਜ ਦੇ ਤੌਰ ’ਤੇ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਅੰਨ੍ਹੇ ਭਲਵਾਨ ਨੇ ਦੰਦ ’ਚ ਦਰਦ ਦੀ ਸ਼ਿਕਾਇਤ ਕੀਤੀ ਸੀ, ਜਿਸ ਦੇ ਨਤੀਜੇ ਵੱਜੋਂ ਉਸ ਦੇ ਵਿਰੋਧੀ ਨੂੰ ਜੇਤੂ ਐਲਾਨ ਦਿੱਤਾ ਗਿਆ ਸੀ।"

ਸੇਨ ਮੁਤਾਬਕ, “ਹਮੀਦਾ ਬਾਨੋ ਨੂੰ ਆਖ਼ਰਕਾਰ ਆਪਣੇ ਦੰਗਲ ’ਤੇ ਲੱਗੀ ਪਾਬੰਦੀ ਦੇ ਵਿਰੋਧ ’ਚ ਸੂਬੇ ਦੇ ਮੁੱਖ ਮੰਤਰੀ ਮੋਰਾਰਜੀ ਦੇਸਾਈ ਅੱਗੇ ਸ਼ਿਕਾਇਤ ਕਰਨੀ ਪਈ ਸੀ।"

"ਪਰ ਦੇਸਾਈ ਦਾ ਜਵਾਬ ਸੀ ਕਿ ਮੁਕਾਬਲੇ ’ਤੇ ਪਾਬੰਦੀ ਲਿੰਗ ਦੇ ਅਧਾਰ ’ਤੇ ਨਹੀਂ ਬਲਕਿ ਪ੍ਰਬੰਧਕਾਂ ਦੇ ਸਬੰਧ ’ਚ ਕਈ ਸ਼ਿਕਾਇਤਾਂ ਦੇ ਕਾਰਨ ਲਗਾਈ ਗਈ ਸੀ ਜੋ ਕਿ ਜ਼ਾਹਰ ਤੌਰ ’ਤੇ ਬਾਨੋ ਖ਼ਿਲਾਫ਼ ‘ਡੰਮੀ’ ਭਲਵਾਨ ਦੰਗਲ ’ਚ ਉਤਾਰ ਰਹੇ ਸਨ।”

‘ਕੋਈ ਮਾਈ ਦਾ ਲਾਲ ਇਸ ਸ਼ੇਰ ਬੱਚੀ ਨੂੰ ਹਰਾ ਨਾ ਸਕਿਆ’

ਹਮੀਦਾ ਬਾਨੋ ਦੇ ਖ਼ਿਲਾਫ਼ ਕੁਸ਼ਤੀਆਂ ’ਚ ਡੰਮੀ ਭਲਵਾਨਾਂ ਜਾਂ ਕਮਜ਼ੋਰ ਵਿਰੋਧੀਆਂ ਦੀ ਵਰਤੋਂ ਉਸ ਸਮੇਂ ਦੀ ਇੱਕ ਵਿਆਪਕ ਸੋਚ ਸੀ।

ਹਮੀਦਾ ਬਾਨੋ ਦੀ ਪ੍ਰਸਿੱਧੀ ਬਾਰੇ ਗੱਲ ਕਰਦਿਆਂ ਮਹੇਸ਼ਵਰ ਦਿਆਲ ਆਪਣੀ 1987 ਦੀ ਕਿਤਾਬ ‘ਆਲਮ ’ਚ ਇੰਤਖ਼ਾਬ-ਦਿੱਲੀ’ ’ਚ ਲਿਖਦੇ ਹਨ ਕਿ ਉਨ੍ਹਾਂ ਨੇ ਯੂਪੀ ਅਤੇ ਪੰਜਾਬ ’ਚ ਕਈ ਕੁਸ਼ਤੀਆਂ ਲੜੀਆਂ ਸਨ ਅਤੇ ਦੂਰ ਦਰਾਡੇ ਤੋਂ ਲੋਕ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਕੁਸ਼ਤੀ ਨੂੰ ਵੇਖਣ ਲਈ ਆਉਂਦੇ ਸਨ।

ਉਹ ਅੱਗੇ ਲਿਖਦੇ ਹਨ, “ਉਹ ਬਿਲਕੁਲ ਮਰਦ ਭਲਵਾਨਾਂ ਵਾਂਗ ਲੜਦੀ ਸੀ। ਹਾਲਾਂਕਿ ਕੁਝ ਲੋਕਾਂ ਦਾ ਇਹ ਕਹਿਣਾ ਸੀ ਕਿ ਹਮੀਦਾ ਬਾਨੋ ਅਤੇ ਮਰਦ ਭਲਵਾਨ ਦਾ ਆਪਸ ’ਚ ਗੁਪਤ ਸਮਝੌਤਾ ਹੋ ਜਾਂਦਾ ਸੀ ਅਤੇ ਉਹ ਜਾਣਬੁਝ ਕੇ ਹਮੀਦਾ ਤੋਂ ਹਾਰ ਜਾਂਦਾ ਸੀ।”

ਉੱਥੇ ਹੀ ਕੁਝ ਮਰਦ ਲੇਖਕਾਂ ਨੇ ਉਨ੍ਹਾਂ ਦੇ ਕਾਰਨਾਮਿਆਂ ਦਾ ਮਜ਼ਾਕ ਉਡਾਇਆ ਜਾਂ ਫਿਰ ਉਨ੍ਹਾਂ ’ਤੇ ਸਵਾਲੀਆ ਨਿਸ਼ਾਨ ਲਗਾਇਆ।

ਨਾਰੀਵਾਦੀ ਲੇਖਿਕਾ ਕੁਰਰਤੁਲ ਐੱਨ ਹੈਦਰ ਨੇ ਆਪਣੀ ਇੱਕ ਕਹਾਣੀ ‘ਡਾਲਨਵਾਲਾ’ ’ਚ ਹਮੀਦਾ ਬਾਨੋ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਮੁਬੰਈ ’ਚ 1954 ’ਚ ਇੱਕ ਵਿਸ਼ਾਲ ਆਲ ਇੰਡੀਆ ਦੰਗਲ ਦਾ ਆਯੋਜਨ ਕੀਤਾ ਗਿਆ ਸੀ, ਜਿਸ ’ਚ ਉਨ੍ਹਾਂ ਨੇ ਖ਼ੂਬ ਕਮਾਲ ਵਿਖਾਇਆ ਸੀ।

ਉਹ ਲਿਖਦੇ ਹਨ, “ਫਕੀਰਾ (ਉਨ੍ਹਾਂ ਦਾ ਨੌਕਰ) ਮੁਤਾਬਕ, ਕੋਈ ਮਾਈ ਦਾ ਲਾਲ ਉਸ ਸ਼ੇਰ ਦੀ ਬੱਚੀ ਨੂੰ ਹਰਾ ਨਹੀਂ ਸਕਿਆ ਸੀ ਅਤੇ ਉਸੇ ਦੰਗਲ ’ਚ ਪ੍ਰੋਫੈਸਰ ਤਾਰਾਬਾਈ ਨੇ ਵੀ ਜ਼ਬਰਦਸਤ ਕੁਸ਼ਤੀ ਲੜੀ ਸੀ।"

"ਉਨ੍ਹਾਂ ਦੋਵੇਂ ਮਹਿਲਾ ਭਲਵਾਨਾਂ ਦੀਆਂ ਤਸਵੀਰਾਂ ਇਸ਼ਤਿਹਾਰ ’ਚ ਛਪੀਆਂ ਸਨ। ਇਨ੍ਹਾਂ ਤਸਵੀਰਾਂ ’ਚ ਉਹ ਬਨਿਆਨ ਅਤੇ ਨਿੱਕਰ ਪਹਿਨੇ ਹੋਏ, ਗਲੇ ’ਚ ਢੇਰਾਂ ਮੈਡਲ ਪਾਏ ਬਹੁਤ ਹੀ ਮਾਣ ਨਾਲ ਕੈਮਰੇ ਵੱਲ ਵੇਖ ਰਹੇ ਸਨ।”

ਉਸ ਵੇਲੇ ਦੇ ਰਿਕਾਰਡ ਤੋਂ ਪਤਾ ਚੱਲਦਾ ਹੈ ਕਿ ਹਮੀਦਾ ਬਾਨੋ ਨੇ 1954 ’ਚ ਮੁਬੰਈ ’ਚ ਰੂਸ ਦੀ ‘ਮਾਦਾ ਰਿੱਛ’ ਵੱਜੋਂ ਜਾਣੀ ਜਾਂਦੀ ਵੀਰਾ ਚੈਸਟੇਲਿਨ ਨੂੰ ਵੀ ਇੱਕ ਮਿੰਟ ਤੋਂ ਘੱਟ ਸਮੇਂ ’ਚ ਮਾਤ ਦਿੱਤੀ ਸੀ।

ਉਸੇ ਸਾਲ ਉਨ੍ਹਾਂ ਨੇ ਯੂਰਪ ਦੇ ਭਲਵਾਨਾਂ ਨਾਲ ਕੁਸ਼ਤੀ ਲੜਨ ਲਈ ਆਪਣੇ ਯੂਰਪ ਜਾਣ ਦੇ ਇਰਾਦਿਆਂ ਦਾ ਐਲਾਨ ਕੀਤਾ ਸੀ।

ਪਰ ਇਨ੍ਹਾਂ ਮਸ਼ਹੂਰ ਦੰਗਲਾਂ ਤੋਂ ਤੁਰੰਤ ਬਾਅਦ ਹੀ ਹਮੀਦਾ ਕੁਸ਼ਤੀ ਦੇ ਅਖਾੜੇ ’ਚੋਂ ਗਾਇਬ ਹੋ ਗਈ ਅਤੇ ਉਸ ਤੋਂ ਬਾਅਦ ਰਿਕਾਰਡ ’ਚ ਉਨ੍ਹਾਂ ਦਾ ਨਾਮ ਸਿਰਫ਼ ਇਤਿਹਾਸ ਦੇ ਤੌਰ ’ਤੇ ਹੀ ਨਜ਼ਰ ਆਉਂਦਾ ਹੈ।

'ਉਨ੍ਹਾਂ ਨੂੰ ਰੋਕਣ ਲਈ ਸਲਾਮ ਭਲਵਾਨ ਨੇ ਲਾਠੀਆਂ ਨਾਲ ਮਾਰਿਆ'

ਹਮੀਦਾ ਬਾਨੋ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਮੈਂ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਦੀ ਭਾਲ ਕੀਤੀ, ਜੋ ਕਿ ਹੁਣ ਦੇਸ਼ ਅਤੇ ਦੁਨੀਆਂ ਦੇ ਵੱਖੋ ਵੱਖ ਕੋਨਿਆਂ ’ਚ ਰਹਿੰਦੇ ਹਨ।

ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਦਾ ਹੈ ਕਿ ਹਮੀਦਾ ਬਾਨੋ ਦਾ ਯੂਰਪ ਜਾਣ ਦਾ ਐਲਾਨ ਹੀ ਉਨ੍ਹਾਂ ਦੇ ਕੁਸ਼ਤੀ ਕਰੀਅਰ ਦੇ ਨਿਘਾਰ ਦਾ ਕਾਰਨ ਬਣਿਆ ਸੀ।

ਹਮੀਦਾ ਬਾਨੋ ਦੇ ਪੋਤੇ ਫ਼ਿਰੋਜ਼ ਸ਼ੇਖ ਜੋ ਕਿ ਹੁਣ ਸਾਊਦੀ ਅਰਬ ’ਚ ਰਹਿੰਦੇ ਹਨ, ਉਨ੍ਹਾਂ ਨੇ ਦੱਸਿਆ, “ਮੁਬੰਈ ’ਚ ਇੱਕ ਵਿਦੇਸ਼ੀ ਔਰਤ ਉਨ੍ਹਾਂ ਨਾਲ ਕੁਸ਼ਤੀ ਲੜਨ ਆਈ ਸੀ। ਉਹ ਦਾਦੀ ਜੀ ਤੋਂ ਹਾਰ ਗਈ ਸੀ।"

"ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਉਹ ਦਾਦੀ ਜੀ ਨੂੰ ਯੂਰਪ ਲੈ ਕੇ ਜਾਣਾ ਚਾਹੁੰਦੀ ਸੀ, ਪਰ ਉਨ੍ਹਾਂ ਦੇ ਟ੍ਰੇਨਰ/ਉਸਤਾਦ ਸਲਾਮ ਭਲਵਾਨ ਨੂੰ ਇਹ ਗੱਲ ਬਿਲਕੁਲ ਵੀ ਮਨਜ਼ੂਰ ਨਹੀਂ ਸੀ।”

ਉਹ ਅੱਗੇ ਦੱਸਦੇ ਹਨ ਕਿ ਉਨ੍ਹਾਂ ਨੂੰ ਰੋਕਣ ਲਈ ਸਲਾਮ ਭਲਵਾਨ ਨੇ ਉਨ੍ਹਾਂ ਨੂੰ ਲਾਠੀਆਂ ਨਾਲ ਮਾਰਿਆ ਅਤੇ ਉਨ੍ਹਾਂ ਦੇ ਹੱਥ ਤੋੜ ਦਿੱਤੇ।

ਉਸ ਸਮੇਂ ਤੱਕ ਦੋਵੇਂ ਅਕਸਰ ਹੀ ਅਲੀਗੜ੍ਹ ਤੋਂ ਬੰਬਈ ਅਤੇ ਕਲਿਆਣ ਆਉਂਦੇ ਰਹਿੰਦੇ ਸਨ ਜਿੱਥੇ ਉਨ੍ਹਾਂ ਦਾ ਦੁੱਧ ਦਾ ਕਾਰੋਬਾਰ ਸੀ।

ਕਲਿਆਣ ’ਚ ਹਮੀਦਾ ਦੇ ਉਸ ਵੇਲੇ ਗੁਆਂਢੀ ਰਹੇ ਰਾਹੀਲ ਖ਼ਾਨ ਉਨ੍ਹਾਂ ਨਾਲ ਵਾਪਰੀਆਂ ਅਜਿਹੀਆਂ ਘਟਨਾਵਾਂ ਦੀ ਪੁਸ਼ਟੀ ਕਰਦੇ ਹਨ।

ਉਹ ਹੁਣ ਆਸਟ੍ਰੇਲੀਆ ’ਚ ਰਹਿੰਦੇ ਹਨ।

ਉਹ ਦੱਸਦੇ ਹਨ ਕਿ ਸਲਾਮ ਭਲਵਾਨ ਨੇ ਅਸਲ ’ਚ ਉਨ੍ਹਾਂ ਦੀਆਂ ਲੱਤਾਂ ਵੀ ਤੋੜ ਦਿੱਤੀਆਂ ਸਨ।

“ਮੈਨੂੰ ਚੰਗੀ ਤਰ੍ਹਾਂ ਨਾਲ ਯਾਦ ਹੈ ਕਿ ਉਹ ਖੜ੍ਹੀ ਵੀ ਨਹੀਂ ਹੋ ਸਕਦੀ ਸੀ। ਉਨ੍ਹਾਂ ਦੇ ਪੈਰ ਬਾਅਦ ’ਚ ਠੀਕ ਹੋ ਗਏ ਸਨ ਪਰ ਕਈ ਸਾਲਾਂ ਤੱਕ ਉਹ ਬਿਨ੍ਹਾਂ ਡੰਡੇ ਤੋਂ ਠੀਕ ਤਰ੍ਹਾਂ ਨਾਲ ਚੱਲ ਵੀ ਨਹੀਂ ਸਕਦੇ ਸਨ।”

“ਦੋਵਾਂ ਦਰਮਿਆਨ ਲੜਾਈਆਂ ਆਮ ਗੱਲ ਸੀ। ਸਲਾਮ ਭਲਵਾਨ ਅਲੀਗੜ੍ਹ ਵਾਪਸ ਚਲੇ ਗਏ ਸਨ ਪਰ ਹਮੀਦਾ ਬਾਨੋ ਕਲਿਆਣ ’ਚ ਹੀ ਰੁੱਕ ਗਏ ਸਨ।”

ਰਾਹੀਲ ਦੱਸਦੇ ਹਨ, “1977 ’ਚ ਜਦੋਂ ਸਲਾਮ ਭਲਵਾਨ ਹਮੀਦਾ ਬਾਨੋ ਦੇ ਪੋਤੇ ਦੇ ਵਿਆਹ ਦੇ ਸਮਾਗਮ ’ਚ ਸ਼ਿਰਕਤ ਕਰਨ ਲਈ ਕਲਿਆਣ ਆਏ ਤਾਂ ਦੋਵਾਂ ਵਿਚਾਲੇ ਜ਼ਬਰਦਸਤ ਲੜਾਈ ਹੋਈ ਸੀ। ਦੋਵਾਂ ਧਿਰਾਂ ਦੇ ਲੋਕਾਂ ਨੇ ਲਾਠੀਆਂ ਚੁੱਕ ਲਈਆਂ ਸਨ।”

ਹਾਲਾਂਕਿ ਸਲਾਮ ਭਲਵਾਨ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਮਾਲਕ ਸਨ। ਉਨ੍ਹਾਂ ਦੇ ਰਿਸ਼ਤੇਦਾਰਾਂ ਅਨੁਸਾਰ ਉਨ੍ਹਾਂ ਦਾ ਸਿਆਸਤਦਾਨਾਂ ਅਤੇ ਫਿਲਮੀ ਸਿਤਾਰਿਆਂ ਨਾਲ ਉੱਠਣਾ-ਬੈਠਣਾ ਸੀ ਅਤੇ ਉਹ ਖ਼ੁਦ ਵੀ ਇੱਕ ਨਵਾਬ ਵਾਂਗ ਜ਼ਿੰਦਗੀ ਜਿਉਂਦੇ ਸਨ।

ਪਰ ਫਿਰੋਜ਼ ਦਾਅਵਾ ਕਰਦੇ ਹਨ ਕਿ ਸਲਾਮ ਨੇ ਹਮੀਦਾ ਦੇ ਮੈਡਲ ਅਤੇ ਹੋਰ ਸਮਾਨ ਵੇਚ ਦਿੱਤਾ ਸੀ ਅਤੇ ਜਦੋਂ ਉਨ੍ਹਾਂ ਦੀ ਆਮਦਨ ਦਾ ਜ਼ਰੀਆ ਖ਼ਤਮ ਹੋ ਗਿਆ ਤਾਂ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ।

ਕੀ ਹਮੀਦਾ ਬਾਨੋ ਨੇ ਕਦੇ ਵਿਆਹ ਕੀਤਾ?

ਹਾਲਾਂਕਿ ਉਹ ਕਲਿਆਣ ’ਚ ਜਿਸ ਕੰਪਲੈਕਸ ’ਚ ਰਹਿੰਦੇ ਸਨ, ਉਹ ਬਹੁਤ ਵੱਡਾ ਸੀ, ਜਿਸ ’ਚ ਇੱਕ ਡੰਗਰਾਂ ਦਾ ਤਬੇਲਾ ਸੀ ਅਤੇ ਅਸਥਾਈ ਇਮਾਰਤਾਂ ਬਣੀਆਂ ਹੋਈਆਂ ਸਨ, ਜੋ ਕਿ ਉਨ੍ਹਾਂ ਨੇ ਕਿਰਾਏ ’ਤੇ ਦਿੱਤੀਆਂ ਹੋਈਆਂ ਸਨ।

ਪਰ ਲੰਮੇ ਸਮੇਂ ਤੱਕ ਕਿਰਾਏ ’ਚ ਵਾਧਾ ਨਾ ਹੋਣ ਕਰਕੇ ਉਸ ਤੋਂ ਜੋ ਮਾਮੂਲੀ ਆਮਦਨ ਹੁੰਦੀ ਸੀ ਉਹ ਨਾ ਦੇ ਬਰਾਬਰ ਸੀ।

ਰਾਹੀਲ ਦੱਸਦੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਪੜ੍ਹੇ-ਲਿਖੇ ਸਨ, ਜਿਸ ਕਾਰਨ ਹਮੀਦਾ ਅਕਸਰ ਹੀ ਉਨ੍ਹਾਂ ਨੂੰ ਮਿਲਣ ਆਉਂਦੀ ਸੀ।

ਰਾਹੀਲ ਦੀ ਮਾਂ ਫ਼ਿਰੋਜ਼ ਅਤੇ ਉਨ੍ਹਾਂ ਦੇ ਭੈਣ-ਭਰਾਵਾਂ ਨੂੰ ਅੰਗਰੇਜ਼ੀ ਸਿਖਾਉਂਦੇ ਸਨ।

ਉਹ ਯਾਦ ਕਰਦੇ ਹੋਏ ਦੱਸਦੇ ਹਨ, “ਜਿਵੇਂ-ਜਿਵੇਂ ਸਲਾਮ ਨਾਲ ਲੜਾਈਆਂ ਵੱਧ ਰਹੀਆਂ ਸਨ, ਉਹ ਅਕਸਰ ਹੀ ਆਪਣੀ ਬਚਤ ਸੁਰੱਖਿਅਤ ਰੱਖਣ ਲਈ ਮੇਰੀ ਮਾਂ ਕੋਲ ਜਾਂਦੇ ਸਨ।”

ਉਹ ਅੱਗੇ ਦੱਸਦੇ ਹਨ ਕਿ ਹਮੀਦਾ ਨੂੰ ਆਪਣੇ ਆਖ਼ਰੀ ਦਿਨਾਂ ’ਚ ਬਹੁਤ ਮੁਸ਼ਕਲਾਂ ਦਾ ਸਾਮਣਾ ਕਰਨਾ ਪਿਆ ਸੀ।

“ਉਹ ਕਲਿਆਣ ’ਚ ਆਪਣੇ ਘਰ ਦੇ ਸਾਹਮਣੇ ਖੁੱਲ੍ਹੇ ’ਚ ਬੂੰਦੀ ਵੇਚਿਆ ਕਰਦੇ ਸਨ।”

ਹਾਲਾਂਕਿ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਅਲੀਗੜ੍ਹ ਜਾਂ ਮਿਰਜ਼ਾਪੁਰ ਜਾਣ ਤੋਂ ਸਖ਼ਤੀ ਨਾਲ ਮਨ੍ਹਾਂ ਕੀਤਾ ਸੀ।

ਸਲਾਮ ਦੀ ਧੀ ਸਹਾਰਾ, ਜੋ ਕਿ ਅਲੀਗੜ੍ਹ ’ਚ ਹੀ ਰਹਿੰਦੇ ਹਨ, ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਪਿਤਾ ਆਪਣੇ ਆਖ਼ਰੀ ਸਾਹ ਲੈ ਰਹੇ ਸਨ, ਉਸ ਸਮੇਂ ਹਮੀਦਾ ਉਨ੍ਹਾਂ ਨੂੰ ਮਿਲਣ ਲਈ ਅਲੀਗੜ੍ਹ ਆਏ ਸਨ।

ਹਾਲਾਂਕਿ ਮਿਰਜ਼ਾਪੁਰ ’ਚ ਹਮੀਦਾ ਦੇ ਰਿਸ਼ਤੇਦਾਰ ਇਸ ਮਾਮਲੇ ’ਤੇ ਗੱਲ ਕਰਨ ਤੋਂ ਪਰਹੇਜ਼ ਕਰਦੇ ਹਨ, ਪਰ ਅਲੀਗੜ੍ਹ ’ਚ ਸਲਾਮ ਭਲਵਾਨ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਕੇ ਇੱਕ ਅਹਿਮ ਜਾਣਕਾਰੀ ਮਿਲੀ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਹਮੀਦਾ ਬਾਨੋ ਨੇ ਅਸਲ ’ਚ ਸਲਾਮ ਭਲਵਾਨ ਨਾਲ ਵਿਆਹ ਕੀਤਾ ਸੀ ਅਤੇ ਉਹ ਵੀ ਆਜ਼ਾਦੀ ਤੋਂ ਪਹਿਲਾਂ।

ਪਰ ਹਮੀਦਾ ਬਾਨੋ ਦੇ ਮੁੱਦੇ ’ਤੇ ਜਦੋਂ ਸਲਾਮ ਭਲਵਾਨ ਦੀ ਧੀ ਸਹਾਰਾ ਨਾਲ ਫੋਨ ’ਤੇ ਗੱਲ ਹੋਈ ਤਾਂ ਉਹ ਹਮੀਦਾ ਨੂੰ ਆਪਣੀ ਮਾਂ ਕਹਿਣ ਤੋਂ ਕਤਰਾ ਰਹੀ ਸੀ।

ਇਸ ਬਾਰੇ ਸਵਾਲ ਪੁੱਛੇ ਜਾਣ ’ਤੇ ਉਨ੍ਹਾਂ ਦੱਸਿਆ ਕਿ ਹਮੀਦਾ ਉਨ੍ਹਾਂ ਦੀ ਮਤਰੇਈ ਮਾਂ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਹਮੀਦਾ ਅਤੇ ਸਲਾਮ ਭਲਵਾਨ ਨੇ ਵਿਆਹ ਕਰ ਲਿਆ ਸੀ।

ਸਹਾਰਾ ਨੇ ਦੱਸਿਆ ਕਿ ਹਮੀਦਾ ਬਾਨੋ ਦੇ ਮਾਪੇ ਉਨ੍ਹਾਂ ਦੇ ਮਰਦਾਂ ਨਾਲ ਕੁਸ਼ਤੀ ਲੜਨ ਦੇ ਖ਼ਿਲਾਫ਼ ਸਨ। ਇਸ ਦੌਰਾਨ ਸਲਾਮ ਭਲਵਾਨ ਉਨ੍ਹਾਂ ਦੇ ਸ਼ਹਿਰ ਦੇ ਦੌਰੇ ’ਤੇ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਬਾਹਰ ਨਿਕਲਣ ਦਾ ਮੌਕਾ ਦਿੱਤਾ।

ਸਹਾਰਾ ਅੱਗੇ ਦੱਸਦੇ ਹਨ, “ਵਾਲਿਦ ਸਾਹਿਬ ਕੁਸ਼ਤੀ ਲੜਨ ਲਈ ਮਿਰਜ਼ਾਪੁਰ ਗਏ ਸਨ। ਉੱਥੇ ਉਨ੍ਹਾਂ ਦੀ ਮੁਲਾਕਾਤ ਹਮੀਦਾ ਨਾਲ ਹੋਈ ਅਤੇ ਉਹ ਉਨ੍ਹਾਂ ਨੂੰ ਇੱਥੇ ਅਲੀਗੜ੍ਹ ਲੈ ਆਏ।”

“ਹਮੀਦਾ ਉਨ੍ਹਾਂ ਦੀ ਮਦਦ ਚਾਹੁੰਦੀ ਸੀ। ਉਨ੍ਹਾਂ ਦੀਆਂ ਕੁਸ਼ਤੀਆਂ ਮੇਰੇ ਪਿਤਾ ਜੀ ਦੀ ਮਦਦ ਨਾਲ ਹੁੰਦੀਆਂ ਸਨ ਅਤੇ ਉਹ ਉਨ੍ਹਾਂ ਦੇ ਨਾਲ ਹੀ ਰਹਿੰਦੀ ਸੀ।”

ਹਾਲਾਂਕਿ ਆਪਣੇ ਰਿਸ਼ਤੇ ਦੀ ਅਸਲੀਅਤ ਹਮੀਦਾ ਅਤੇ ਸਲਾਮ ਭਲਵਾਨ ਖ਼ੁਦ ਬਿਹਤਰ ਦੱਸ ਸਕਦੇ ਸਨ, ਪਰ ਹਮੀਦਾ ਦੇ ਪੋਤੇ ਫ਼ਿਰੋਜ਼, ਜੋ ਕਿ ਹਮੀਦਾ ਬਾਨੋ ਦੇ ਆਖ਼ਰੀ ਸਮੇਂ ਤੱਕ ਉਨ੍ਹਾਂ ਦੇ ਨਾਲ ਸਨ, ਉਹ ਸਹਾਰਾ ਅਤੇ ਦੂਜੇ ਰਿਸ਼ਤੇਦਾਰਾਂ ਨਾਲ ਸਹਿਮਤ ਨਹੀਂ ਹਨ।

ਉਨ੍ਹਾਂ ਦਾ ਕਹਿਣਾ ਹੈ, “ਉਹ ਸਲਾਮ ਭਲਵਾਨ ਨਾਲ ਰਹਿੰਦੇ ਜ਼ਰੂਰ ਸਨ, ਪਰ ਉਨ੍ਹਾਂ ਨਾਲ ਵਿਆਹ ਕਦੇ ਨਹੀਂ ਕੀਤਾ ਸੀ।”

ਉਹ ਆਪਣੇ ਅਤੇ ਆਪਣੀ ਦਾਦੀ ਹਮੀਦਾ ਬਾਨੋ ਦੇ ਰਿਸ਼ਤੇ ਬਾਰੇ ਗੱਲ ਕਰਦੇ ਕਹਿੰਦੇ ਹਨ, “ਦਰਅਸਲ ਦਾਦੀ ਨੇ ਮੇਰੇ ਵਾਲਿਦ ਨੂੰ ਗੋਦ ਲਿਆ ਸੀ। ਪਰ ਮੇਰੇ ਲਈ ਤਾਂ ਉਹ ਮੇਰੀ ਦਾਦੀ ਜੀ ਹੀ ਹਨ।”

ਹਮੀਦਾ ਬਾਨੋ ਅਤੇ ਸਲਾਮ ਭਲਵਾਨ ਦੇ ਪਰਿਵਾਰਕ ਮੈਂਬਰਾਂ ਦੇ ਵੱਖੋ-ਵੱਖ ਦਾਅਵਿਆਂ ਦੇ ਬਾਵਜੂਦ ਉਨ੍ਹਾਂ ਦੇ ਨਿੱਜੀ ਸਬੰਧਾਂ ਦੀ ਕਹਾਣੀ ਅੱਜ ਮਹੱਤਵਪੂਰਨ ਨਹੀਂ ਹੈ।

ਪਰ ਇਹ ਗੱਲ ਲਗਭਗ ਤੈਅ ਹੈ ਕਿ ‘ਕੋਈ ਮਾਈ ਦਾ ਲਾਲ ਪੈਦਾ’ ਨਹੀਂ ਹੋਇਆ ਜੋ ਕਿ ‘ਉਸ ਸ਼ੇਰ ਦੀ ਬੱਚੀ’ ਨੂੰ ਕੁਸ਼ਤੀ ’ਚ ਜ਼ਿੰਦਗੀ ਭਰ ਹਰਾ ਸਕਿਆ ਹੋਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)