ਕਿਵੇਂ ਇਹ ਇਕੱਲੀ ਔਰਤ ਵਿਦੇਸ਼ੀ ਮਰਦਾਂ ਨੂੰ ਰੂਸ ਵਲੋਂ ਲੜਨ ਲਈ ਫਸਾਉਂਦੀ ਹੈ, ਬੀਬੀਸੀ ਆਈ ਦੀ ਜਾਂਚ ਵਿੱਚ ਕੀ ਆਇਆ ਸਾਹਮਣੇ

    • ਲੇਖਕ, ਨਵਲ ਅਲ-ਮਘਾਫੀ
    • ਰੋਲ, ਸੀਨੀਅਰ ਕੌਮਾਂਤਰੀ ਇਨਵੈਸਟੀਗੇਸ਼ਨ
    • ਲੇਖਕ, ਸ਼ਇਅਦਾ ਕਿਰਨ
    • ਰੋਲ, ਬੀਬੀਸੀ ਆਈ ਇਨਵੈਸਟੀਗੇਸ਼ਨ

ਉਮਰ, ਇੱਕ 26 ਸਾਲਾ ਸੀਰੀਆਈ ਉਸਾਰੀ ਕਾਮਾ, ਯੂਕਰੇਨ ਵਿੱਚ ਰੂਸ ਦੀ ਜੰਗ ਦੇ ਮੋਰਚੇ 'ਤੇ ਲਗਭਗ ਨੌਂ ਮਹੀਨਿਆਂ ਤੋਂ ਤਾਇਨਾਤ ਸੀ ਜਦੋਂ ਇਹ ਵੀਡੀਓ ਕਲਿੱਪ ਉਨ੍ਹਾਂ ਦੇ ਫ਼ੋਨ 'ਤੇ ਆਈ।

ਉਮਰ ਉਸ ਔਰਤ ਦੀ ਆਵਾਜ਼ ਨੂੰ ਪਛਾਣਦਾ ਸੀ। ਇਹ ਪੋਲੀਨਾ ਅਲੈਗਜ਼ੈਂਡਰੋਵਨਾ ਅਜ਼ਾਰਨਿਖ ਸੀ, ਜਿਸ ਬਾਰੇ ਉਮਰ ਦਾ ਕਹਿਣਾ ਹੈ ਕਿ ਉਸਨੇ ਲਾਹੇਵੰਦ ਕੰਮ ਅਤੇ ਰੂਸੀ ਨਾਗਰਿਕਤਾ ਦਾ ਵਾਅਦਾ ਕਰਕੇ ਉਸਨੂੰ ਰੂਸ ਲਈ ਲੜਨ ਅਤੇ ਭਰਤੀ ਹੋਣ ਵਿੱਚ ਮਦਦ ਕੀਤੀ ਸੀ। ਪਰ ਹੁਣ ਉਹ ਗੁੱਸੇ ਵਿੱਚ ਸੀ।

ਯੂਕਰੇਨ ਤੋਂ ਭੇਜੇ ਗਏ ਵੌਇਸ ਨੋਟਸ ਦੀ ਇੱਕ ਲੜੀ ਵਿੱਚ, ਉਮਰ ਆਪਣੀ ਸੁਰੱਖਿਆ ਲਈ ਇੱਕ ਫਰਜ਼ੀ ਨਾਮ ਹੇਠ ਗੱਲ ਕਰਦਾ ਹੋਇਆ ਦੱਸਦਾ ਹੈ ਕਿ ਉਹ ਕਿਵੇਂ ਜੰਗ ਦੇ ਖੇਤਰ ਵਿੱਚ ਫਸ ਗਏ ਅਤੇ ਸਹਿਮ ਗਿਆ ਸੀ।

ਉਮਰ ਦੱਸਦਾ ਹੈ ਕਿ ਅਜ਼ਾਰਨਿਖ ਨੇ ਵਾਅਦਾ ਕੀਤਾ ਸੀ ਕਿ ਜੇਕਰ ਉਹ ਉਸਨੂੰ 3,000 ਡਾਲਰ ਦੇਵੇ, ਤਾਂ ਉਹ ਇਹ ਯਕੀਨੀ ਬਣਾਏਗੀ ਕਿ ਉਹ ਗੈਰ-ਲੜਾਕੂ ਭੂਮਿਕਾ ਵਿੱਚ ਰਹੇ। ਲੇਕਿਨ ਉਮਰ ਮੁਤਾਬਕ ਉਸਨੂੰ ਸਿਰਫ 10 ਦਿਨਾਂ ਦੀ ਸਿਖਲਾਈ ਦੇ ਕੇ ਲੜਾਈ ਵਿੱਚ ਭੇਜ ਦਿੱਤਾ ਗਿਆ, ਇਸ ਲਈ ਉਸਨੇ ਪੈਸੇ ਦੇਣ ਤੋਂ ਮਨ੍ਹਾਂ ਕਰ ਦਿੱਤਾ ਅਤੇ ਅੰਤ ਵਿੱਚ ਉਸਨੇ, ਬਦਲੇ ਵਿੱਚ ਉਸਦਾ ਪਾਸਪੋਰਟ ਸਾੜ ਦਿੱਤਾ।

ਉਮਰ ਦੱਸਦਾ ਹੈ ਕਿ ਜਦੋਂ ਉਸ ਨੇ ਇੱਕ ਮਿਸ਼ਨ ਵਿੱਚ ਹਿੱਸਾ ਲੈਣ ਤੋਂ ਮਨ੍ਹਾਂ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਦੇ ਕਮਾਂਡਰਾਂ ਨੇ ਮਾਰਨ ਜਾਂ ਜੇਲ੍ਹ ਭੇਜਣ ਦੀ ਧਮਕੀ ਦਿੱਤੀ। ਉਮਰ ਕਹਿੰਦਾ ਹੈ, "ਸਾਡੇ ਨਾਲ ਧੋਖਾ ਹੋਇਆ ਹੈ... ਇਹ ਔਰਤ ਇੱਕ ਠੱਗ ਅਤੇ ਝੂਠੀ ਹੈ।"

ਬੀਬੀਸੀ ਆਈ ਨੇ ਆਪਣੀ ਇੱਕ ਜਾਂਚ ਵਿੱਚ 40 ਸਾਲਾ ਸਾਬਕਾ ਅਧਿਆਪਕਾ ਅਜ਼ਾਰਨਿਖ ਪਿੱਛਾ ਕੀਤਾ ਹੈ ਕਿ ਕਿਵੇਂ, ਉਹ ਨੌਜਵਾਨਾਂ ਨੂੰ, ਜੋ ਅਕਸਰ ਗਰੀਬ ਦੇਸ਼ਾਂ ਦੇ ਹੁੰਦੇ ਹਨ, ਰੂਸੀ ਫੌਜ ਵਿੱਚ ਸ਼ਾਮਲ ਹੋਣ ਲਈ ਲੁਭਾਉਣ ਵਾਸਤੇ ਟੈਲੀਗ੍ਰਾਮ ਚੈਨਲ ਦੀ ਵਰਤੋਂ ਕਰਦੀ ਹੈ।

ਸਾਬਕਾ ਅਧਿਆਪਕਾ ਦੇ ਮੁਸਕਰਾਉਂਦੇ ਹੋਏ ਵੀਡੀਓ ਸੰਦੇਸ਼ ਅਤੇ ਉਤਸ਼ਾਹੀ ਪੋਸਟਾਂ "ਫੌਜੀ ਸੇਵਾ" ਲਈ "ਇੱਕ ਸਾਲ ਦੇ ਇਕਰਾਰਨਾਮੇ" ਦੀ ਪੇਸ਼ਕਸ਼ ਕਰਦੇ ਹਨ।

ਬੀਬੀਸੀ ਵਰਲਡ ਸਰਵਿਸ ਨੇ ਲਗਭਗ 500 ਅਜਿਹੇ ਮਾਮਲਿਆਂ ਦੀ ਪਛਾਣ ਕੀਤੀ ਹੈ ਜਿੱਥੇ ਉਸਨੇ ਦਸਤਾਵੇਜ਼ ਮੁਹੱਈਆ ਕਰਵਾਏ ਹਨ, ਜਿਨ੍ਹਾਂ ਨੂੰ ਸੱਦਾ-ਪੱਤਰ ਕਿਹਾ ਜਾਂਦਾ ਹੈ। ਇਹ ਸੱਦਾ ਪੱਤਰ ਜਿਸ ਨੂੰ ਮਿਲਦਾ ਹੈ ਉਸ ਨੂੰ ਫੌਜ ਵਿੱਚ ਸ਼ਾਮਲ ਹੋਣ ਲਈ ਰੂਸ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੰਦੇ ਹਨ। ਇਹ ਉਨ੍ਹਾਂ ਮਰਦਾਂ ਲਈ ਸਨ ਜੋ- ਮੁੱਖ ਤੌਰ 'ਤੇ ਸੀਰੀਆ, ਮਿਸਰ ਅਤੇ ਯਮਨ ਤੋਂ ਆਏ ਹੋਣ। ਜਾਪਦਾ ਹੈ ਇਨ੍ਹਾਂ ਮਰਦਾਂ ਨੇ ਭਰਤੀ ਹੋਣ ਲਈ ਉਸਨੂੰ ਆਪਣੇ ਪਾਸਪੋਰਟ ਦੇ ਵੇਰਵੇ ਭੇਜੇ ਹੋਣਗੇ।

ਲੇਕਿਨ ਭਰਤੀ ਹੋਏ ਲੋਕਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਸਨੇ ਮਰਦਾਂ ਨੂੰ ਇਹ ਵਿਸ਼ਵਾਸ ਕਰਵਾ ਕੇ ਗੁੰਮਰਾਹ ਕੀਤਾ ਕਿ ਉਹ ਲੜਾਈ ਤੋਂ ਬਚ ਜਾਣਗੇ। ਔਰਤ ਉਨ੍ਹਾਂ ਨੂੰ ਇਹ ਸਪੱਸ਼ਟ ਕਰਨ ਵਿੱਚ ਅਸਫਲ ਰਹੀ ਕਿ ਉਹ ਇੱਕ ਸਾਲ ਬਾਅਦ ਛੱਡ ਨਹੀਂ ਸਕਦੇ ਅਤੇ ਜਿਨ੍ਹਾਂ ਨੇ ਉਸ ਨੂੰ ਚੁਣੌਤੀ ਦਿੱਤੀ ਉਨ੍ਹਾਂ ਨੂੰ ਧਮਕਾਇਆ। ਜਦੋਂ ਬੀਬੀਸੀ ਨੇ ਉਸ ਨਾਲ ਸੰਪਰਕ ਕੀਤਾ, ਤਾਂ ਅਜ਼ਾਰਨਿਖ ਨੇ ਇਨ੍ਹਾਂ ਇਲਜਾਮਾਂ ਨੂੰ ਰੱਦ ਕਰ ਦਿੱਤਾ।

ਬਾਰਾਂ ਪਰਿਵਾਰਾਂ ਨੇ ਸਾਨੂੰ ਉਨ੍ਹਾਂ ਨੌਜਵਾਨਾਂ ਬਾਰੇ ਦੱਸਿਆ ਜਿਨ੍ਹਾਂ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉਸ ਦੁਆਰਾ ਭਰਤੀ ਕੀਤੇ ਗਏ ਸਨ ਅਤੇ ਹੁਣ ਉਹ ਜਾਂ ਤਾਂ ਮਰ ਚੁੱਕੇ ਹਨ ਜਾਂ ਲਾਪਤਾ ਹਨ।

ਦੇਸ ਦੇ ਅੰਦਰ, ਰੂਸ ਨੇ ਭਾਰੀ ਨੁਕਸਾਨ ਦੇ ਬਾਵਜੂਦ ਯੂਕਰੇਨ ਵਿੱਚ ਆਪਣੀ ਕਾਰਵਾਈ ਨੂੰ ਜਾਰੀ ਰੱਖਣ ਲਈ ਲਾਜ਼ਮੀ ਫੌਜੀ ਭਰਤੀ ਦਾ ਵਿਸਤਾਰ ਕੀਤਾ ਹੈ, ਕੈਦੀਆਂ ਨੂੰ ਭਰਤੀ ਕੀਤਾ ਹੈ ਅਤੇ ਭਰਤੀ ਹੋਣ ਲਈ ਲਗਾਤਾਰ ਵੱਡੇ ਬੋਨਸਾਂ ਦੀ ਪੇਸ਼ਕਸ਼ ਕੀਤੀ ਹੈ।

ਨਾਟੋ ਦੇ ਅਨੁਸਾਰ, 2022 ਵਿੱਚ ਵਿਆਪਕ ਪੈਮਾਨੇ 'ਤੇ ਕੀਤੇ ਗਏ ਹਮਲੇ ਤੋਂ ਬਾਅਦ ਉਸਦੇ ਦਸ ਲੱਖ ਤੋਂ ਵੱਧ ਸੈਨਿਕ ਮਾਰੇ ਗਏ ਜਾਂ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਇਕੱਲੇ ਦਸੰਬਰ 2025 ਦੇ ਮਹੀਨੇ ਵਿੱਚ 25,000 ਸੈਨਿਕਾਂ ਦੀ ਜਾਨ ਗਈ ਹੈ।

ਬੀਬੀਸੀ ਨਿਊਜ਼ ਰੂਸੀ ਦੀ ਖੋਜ, ਜੋ ਕਿ ਸ਼ੋਕ ਸੰਦੇਸ਼ਾਂ ਅਤੇ ਹੋਰ ਜਨਤਕ ਤੌਰ 'ਤੇ ਉਪਲਬਧ ਮੌਤ ਦੇ ਰਿਕਾਰਡਾਂ 'ਤੇ ਅਧਾਰਤ ਹੈ, ਸੁਝਾਅ ਦਿੰਦੀ ਹੈ ਕਿ ਯੂਕਰੇਨ ਵਿੱਚ ਰੂਸੀ ਫੌਜਾਂ ਦਾ ਨੁਕਸਾਨ ਪਿਛਲੇ ਸਾਲ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਵਧਿਆ ਹੈ।

ਇਹ ਤੈਅ ਕਰਨਾ ਮੁਸ਼ਕਲ ਹੈ ਕਿ ਕਿੰਨੇ ਵਿਦੇਸ਼ੀ ਨਾਗਰਿਕ ਰੂਸ ਦੀ ਫੌਜ ਵਿੱਚ ਸ਼ਾਮਲ ਹੋਏ ਹਨ। ਬੀਬੀਸੀ ਰੂਸੀ ਦਾ ਵਿਸ਼ਲੇਸ਼ਣ ਵਿੱਚ ਮਾਰੇ ਗਏ ਅਤੇ ਜ਼ਖਮੀ ਹੋਏ ਵਿਦੇਸ਼ੀਆਂ ਦੀ ਗਿਣਤੀ ਉੱਤੇ ਵੀ ਧਿਆਨ ਦਿੱਤਾ ਗਿਆ - ਦੱਸਦਾ ਹੈ ਕਿ ਘੱਟੋ-ਘੱਟ 20,000 ਲੋਕਾਂ ਦੀ ਭਰਤੀ ਕੀਤੀ ਗਈ ਹੋ ਸਕਦੀ ਹੈ, ਜਿਨ੍ਹਾਂ ਵਿੱਚ ਕਿਊਬਾ, ਨੇਪਾਲ ਅਤੇ ਉੱਤਰੀ ਕੋਰੀਆ ਵਰਗੇ ਦੇਸਾਂ ਦੇ ਨਾਗਰਿਕ ਸ਼ਾਮਲ ਹਨ।

ਯੂਕਰੇਨ ਨੇ ਵੀ ਆਪਣੀਆਂ ਫੌਜਾਂ ਦਾ ਕਾਫੀ ਨੁਕਸਾਨ ਝੱਲਿਆ ਹੈ, ਅਤੇ ਉਸਨੇ ਵੀ ਆਪਣੀ ਫੌਜ ਵਿੱਚ ਵਿਦੇਸ਼ੀ ਲੜਾਕਿਆਂ ਨੂੰ ਵੀ ਸ਼ਾਮਲ ਕੀਤਾ ਹੈ।

'ਹਰ ਪਾਸੇ ਲਾਸ਼ਾਂ ਹੀ ਲਾਸ਼ਾਂ'

ਉਮਰ ਦਾ ਅਜ਼ਾਰਨਿਖ ਨਾਲ ਪਹਿਲਾ ਸੰਪਰਕ ਉਦੋਂ ਹੋਇਆ ਜਦੋਂ ਉਹ ਮਾਰਚ 2024 ਵਿੱਚ 14 ਹੋਰ ਸੀਰੀਆਈ ਲੋਕਾਂ ਨਾਲ ਮਾਸਕੋ ਹਵਾਈ ਅੱਡੇ 'ਤੇ ਬਹੁਤ ਘੱਟ ਪੈਸਿਆਂ ਨਾਲ ਫਸਿਆ ਹੋਏ ਸੀ।

ਸੀਰੀਆ ਵਿੱਚ ਨੌਕਰੀਆਂ ਦੀ ਘਾਟ ਸੀ ਅਤੇ ਤਨਖਾਹਾਂ ਵੀ ਘੱਟ ਸਨ। ਉਮਰ ਦਾ ਕਹਿਣਾ ਹੈ ਕਿ ਉੱਥੇ ਇੱਕ ਭਰਤੀ ਕਰਨ ਵਾਲੇ ਨੇ ਉਨ੍ਹਾਂ ਮਰਦਾਂ ਨੂੰ ਇੱਕ ਕੰਮ ਦੀ ਪੇਸ਼ਕਸ਼ ਕੀਤੀ ਜੋ ਉਨ੍ਹਾਂ ਨੂੰ ਰੂਸ ਵਿੱਚ ਤੇਲ ਸਹੂਲਤਾਂ ਦੀ ਰਾਖੀ ਕਰਨ ਵਾਲਾ ਸਿਵਲੀਅਨ ਕੰਮ ਲੱਗਿਆ। ਉਹ ਮਾਸਕੋ ਲਈ ਉੱਡ ਗਏ, ਪਰ ਉੱਥੇ ਪਹੁੰਚ ਕੇ ਪਤਾ ਲੱਗਾ ਕਿ ਉਨ੍ਹਾਂ ਨਾਲ ਠੱਗੀ ਹੋਈ ਹੈ।

ਉਮਰ ਇੰਟਰਨੈੱਟ ਉੱਤੇ ਮੌਕਿਆਂ ਦੀ ਭਾਲ ਕਰ ਰਹੇ ਸਨ ਜਦੋਂ ਉਨ੍ਹਾਂ ਦੇ ਦੱਸਣ ਮੁਤਾਬਕ , ਉਮਰ ਨੂੰ ਅਜ਼ਾਰਨਿਖ ਦਾ ਚੈਨਲ ਮਿਲਿਆ ਅਤੇ ਉਸਨੂੰ ਸੁਨੇਹਾ ਭੇਜਿਆ।

ਉਮਰ ਦੱਸਦੇ ਹਨ ਕਿ ਉਹ ਕੁਝ ਹੀ ਘੰਟਿਆਂ ਵਿੱਚ ਹਵਾਈ ਅੱਡੇ 'ਤੇ ਉਨ੍ਹਾਂ ਨੂੰ ਮਿਲੀ, ਅਤੇ ਉਨ੍ਹਾਂ ਨੂੰ ਰੇਲਗੱਡੀ ਰਾਹੀਂ ਪੱਛਮੀ ਰੂਸ ਦੇ ਬ੍ਰਾਇੰਸਕ ਸਥਿਤ ਇੱਕ ਭਰਤੀ ਕੇਂਦਰ ਵਿੱਚ ਲੈ ਗਈ।

ਉੱਥੇ, ਉਹ ਕਹਿੰਦੇ ਹਨ, ਉਸਨੇ ਉਨ੍ਹਾਂ ਨੂੰ ਰੂਸੀ ਫੌਜ ਨਾਲ ਇੱਕ ਸਾਲ ਦੇ ਇਕਰਾਰਨਾਮੇ ਦੀ ਪੇਸ਼ਕਸ਼ ਕੀਤੀ, ਜਿਸ ਵਿੱਚ ਮਹੀਨਾਵਾਰ ਤਨਖਾਹ ਲਗਭਗ 2,500 ਡਾਲਰ ਦੇ ਬਰਾਬਰ ਸੀ, ਅਤੇ ਭਰਤੀ ਹੋਣ ਸਮੇਂ 5,000 ਡਾਲਰ ਦੀ ਅਦਾਇਗੀ ਸੀ - ਇਹ ਉਹ ਰਕਮਾਂ ਸਨ ਜਿਨ੍ਹਾਂ ਬਾਰੇ ਉਹ ਸੀਰੀਆ ਵਿੱਚ ਸਿਰਫ਼ ਸੁਪਨਾ ਹੀ ਦੇਖ ਸਕਦੇ ਸਨ।

ਉਮਰ ਕਹਿੰਦੇ ਹਨ ਕਿ ਇਕਰਾਰਨਾਮੇ ਰੂਸੀ ਭਾਸ਼ਾ ਵਿੱਚ ਸਨ, ਜਿਸ ਨੂੰ ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਸਮਝਦਾ ਸੀ, ਅਤੇ ਉਸਨੇ ਰੂਸੀ ਨਾਗਰਿਕਤਾ ਦਾ ਪ੍ਰਬੰਧ ਕਰਨ ਦਾ ਵਾਅਦਾ ਕਰਕੇ ਉਨ੍ਹਾਂ ਦੇ ਪਾਸਪੋਰਟ ਲੈ ਲਏ। ਉਮਰ ਮੁਤਾਬਕ ਉਸਨੇ ਇਹ ਵੀ ਵਾਅਦਾ ਕੀਤਾ ਕਿ ਜੇਕਰ ਉਹ ਆਪਣੀ ਭਰਤੀ ਦੀ ਅਦਾਇਗੀ ਵਿੱਚੋਂ ਉਸਨੂੰ 3,000-3,000 ਡਾਲਰ ਦੇਣਗੇ ਤਾਂ ਉਹ ਲੜਾਕੂ ਭੂਮਿਕਾਵਾਂ ਤੋਂ ਬਚ ਸਕਦੇ ਹਨ।

ਲੇਕਿਨ ਉਮਰ ਦੱਸਦੇ ਹਨ ਕਿ ਲਗਭਗ ਇੱਕ ਮਹੀਨੇ ਦੇ ਅੰਦਰ, ਉਹ ਸਿਰਫ਼ 10 ਦਿਨਾਂ ਦੀ ਸਿਖਲਾਈ ਅਤੇ ਬਿਨਾਂ ਕਿਸੇ ਫੌਜੀ ਤਜ਼ਰਬੇ ਦੇ ਮੋਰਚੇ 'ਤੇ ਸੀ।

ਬੀਬੀਸੀ ਦੀ ਜਾਂਚ ਟੀਮ ਨੂੰ ਭੇਜੇ ਗਏ ਆਪਣੇ ਇੱਕ ਵੌਇਸ ਨੋਟ ਵਿੱਚ ਉਹ ਕਹਿੰਦੇ ਹਨ, "ਅਸੀਂ ਇੱਥੇ 100% ਮਰਨ ਵਾਲੇ ਹਾਂ।"

ਮਈ 2024 ਵਿੱਚ ਉਹ ਕਹਿੰਦੇ ਹਨ, "ਬਹੁਤ ਸਾਰੀਆਂ ਸੱਟਾਂ, ਬਹੁਤ ਸਾਰੇ ਧਮਾਕੇ, ਬਹੁਤ ਸਾਰੀ ਗੋਲਾਬਾਰੀ। ਜੇ ਤੁਸੀਂ ਧਮਾਕੇ ਨਾਲ ਨਹੀਂ ਮਰਦੇ, ਤਾਂ ਤੁਸੀਂ ਆਪਣੇ ਉੱਤੇ ਡਿੱਗਣ ਵਾਲੇ ਮਲਬੇ ਨਾਲ ਮਰ ਜਾਓਗੇ।"

ਅਗਲੇ ਮਹੀਨੇ ਉਨ੍ਹਾਂ ਨੇ ਰਿਪੋਰਟ ਕੀਤੀ, "ਹਰ ਪਾਸੇ ਲਾਸ਼ਾਂ... ਮੈਂ ਲਾਸ਼ਾਂ 'ਤੇ ਪੈਰ ਰੱਖਿਆ ਹੈ, ਰੱਬ ਮੈਨੂੰ ਮੁਆਫ਼ ਕਰੇ।"

ਉਹ ਅੱਗੇ ਕਹਿੰਦਾ ਹੈ, "ਜੇਕਰ ਕੋਈ ਮਰ ਜਾਂਦਾ ਹੈ, ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ, ਉਹ ਉਸਨੂੰ ਕੂੜੇ ਦੇ ਬੈਗ ਵਿੱਚ ਪਾ ਕੇ ਦਰੱਖਤ ਦੇ ਕੋਲ ਸੁੱਟ ਦਿੰਦੇ ਹਨ।"

ਲਗਭਗ ਇੱਕ ਸਾਲ ਬਾਅਦ, ਉਮਰ ਨੂੰ ਪਤਾ ਲੱਗਾ ਜੋ ਉਨ੍ਹਾਂ ਦੇ ਅਨੁਸਾਰ ਅਜ਼ਾਰਨਿਖ ਸਮਝਾਉਣ ਵਿੱਚ ਅਸਫਲ ਰਹੀ ਸੀ –

ਇੱਕ 2022 ਦਾ ਰੂਸੀ ਫਰਮਾਨ ਅਸਲ ਵਿੱਚ ਫੌਜ ਨੂੰ ਜੰਗ ਖ਼ਤਮ ਹੋਣ ਤੱਕ ਸੈਨਿਕਾਂ ਦੇ ਇਕਰਾਰਨਾਮੇ ਆਪਣੇ ਆਪ ਵਧਾਉਣ ਦੀ ਆਗਿਆ ਦਿੰਦਾ ਹੈ।

ਉਹ ਕਹਿੰਦਾ ਹੈ, "ਜੇਕਰ ਉਹ ਇਕਰਾਰਨਾਮੇ ਦਾ ਨਵੀਨੀਕਰਨ ਕਰਦੇ ਹਨ, ਤਾਂ ਮੈਂ ਬਰਬਾਦ ਹੋ ਜਾਵਾਂਗਾ - ਹੇ ਰੱਬਾ।" ਉਸਦਾ ਇਕਰਾਰਨਾਮਾ ਜਾਰੀ ਰਿਹਾ।

'ਯੂਨੀਵਰਸਿਟੀ ਤੋਂ ਭਰਤੀ ਕੀਤਾ ਗਿਆ'

ਅਜ਼ਾਰਨਿਖ ਦੇ ਟੈਲੀਗ੍ਰਾਮ ਚੈਨਲ ਦੇ 21,000 ਸਬਸਕ੍ਰਾਈਬਰ ਹਨ। ਉਸਦੀਆਂ ਪੋਸਟਾਂ ਅਕਸਰ ਰੂਸੀ ਫੌਜ ਵਿੱਚ ਸ਼ਾਮਲ ਹੋਣ ਲਈ ਅਰਜ਼ੀ ਦੇਣ ਦੇ ਚਾਹਵਾਨ ਪਾਠਕਾਂ ਨੂੰ ਆਪਣੇ ਪਾਸਪੋਰਟ ਦੀ ਸਕੈਨ ਕਾਪੀ ਭੇਜਣ ਲਈ ਕਹਿੰਦੀਆਂ ਹਨ। ਫਿਰ ਉਸਨੇ ਸੱਦਾ-ਪੱਤਰ ਪੋਸਟ ਕੀਤੇ ਹਨ, ਕਦੇ-ਕਦੇ ਉਨ੍ਹਾਂ ਮਰਦਾਂ ਦੇ ਨਾਮਾਂ ਦੀ ਸੂਚੀ ਦੇ ਨਾਲ ਜਿਨ੍ਹਾਂ ਲਈ ਉਹ ਹਨ।

ਬੀਬੀਸੀ ਨੇ ਪਿਛਲੇ ਇੱਕ ਸਾਲ ਦੌਰਾਨ ਯਮਨ, ਸੀਰੀਆ, ਮਿਸਰ, ਮੋਰੋਕੋ, ਇਰਾਕ, ਆਈਵਰੀ ਕੋਸਟ ਅਤੇ ਨਾਈਜੀਰੀਆ ਸਮੇਤ ਦੇਸ਼ਾਂ ਦੇ ਮਰਦਾਂ ਨੂੰ ਉਸ ਦੁਆਰਾ ਭੇਜੇ ਗਏ 490 ਤੋਂ ਵੱਧ ਅਜਿਹੇ ਸੱਦਾ-ਪੱਤਰਾਂ ਦੀ ਪਛਾਣ ਕੀਤੀ ਹੈ।

ਉਸਦੀਆਂ ਪੋਸਟਾਂ ਵਿੱਚ ਇੱਕ "ਕੁਲੀਨ ਅੰਤਰਰਾਸ਼ਟਰੀ ਬਟਾਲੀਅਨ" ਲਈ ਭਰਤੀ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਰੂਸ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਲੋਕ - ਜਿਨ੍ਹਾਂ ਦੇ ਵੀਜ਼ੇ ਦੀ ਮਿਆਦ ਖਤਮ ਹੋ ਗਈ ਹੈ - ਵੀ ਯੋਗ ਹਨ।

ਅਸੀਂ ਉਮਰ ਸਮੇਤ ਅੱਠ ਵਿਦੇਸ਼ੀ ਲੜਾਕਿਆਂ ਨਾਲ ਗੱਲ ਕੀਤੀ ਹੈ ਜੋ ਉਸ ਦੁਆਰਾ ਭਰਤੀ ਕੀਤੇ ਗਏ ਸਨ, ਅਤੇ ਨਾਲ ਹੀ ਉਨ੍ਹਾਂ 12 ਮਰਦਾਂ ਦੇ ਪਰਿਵਾਰਾਂ ਨਾਲ ਵੀ ਜੋ ਲਾਪਤਾ ਹਨ ਜਾਂ ਮਰ ਚੁੱਕੇ ਹਨ।

ਬਹੁਤ ਸਾਰੇ ਲੋਕਾਂ ਨੂੰ ਲੱਗਿਆ ਕਿ ਅਜ਼ਾਰਨਿਖ ਨੇ ਭਰਤੀ ਹੋਣ ਵਾਲਿਆਂ ਨੂੰ ਗੁੰਮਰਾਹ ਕੀਤਾ ਜਾਂ ਉਨ੍ਹਾਂ ਦਾ ਸ਼ੋਸ਼ਣ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਲੋਕ ਜਾਣਦੇ ਸਨ ਕਿ ਉਹ ਫੌਜ ਵਿੱਚ ਸ਼ਾਮਲ ਹੋ ਰਹੇ ਹਨ, ਪਰ ਉਨ੍ਹਾਂ ਨੂੰ ਮੋਰਚੇ 'ਤੇ ਸੇਵਾ ਕਰਨ ਦੀ ਉਮੀਦ ਨਹੀਂ ਸੀ। ਉਮਰ ਵਾਂਗ ਕਈਆਂ ਨੂੰ ਲੱਗਿਆ ਕਿ ਉਨ੍ਹਾਂ ਕੋਲ ਸਿਖਲਾਈ ਨਾਕਾਫੀ ਸੀ ਜਾਂ ਉਨ੍ਹਾਂ ਨੇ ਸੋਚਿਆ ਸੀ ਕਿ ਉਹ ਇੱਕ ਸਾਲ ਬਾਅਦ ਛੱਡ ਸਕਣਗੇ।

ਮਿਸਰ ਵਿੱਚ, ਯੂਸਫ਼ - ਜਿਸਦਾ ਨਾਮ ਅਸੀਂ ਬਦਲ ਦਿੱਤਾ ਹੈ - ਨੇ ਬੀਬੀਸੀ ਨੂੰ ਦੱਸਿਆ ਕਿ ਉਸਦੇ ਵੱਡੇ ਭਰਾ ਮੁਹੰਮਦ ਨੇ 2022 ਵਿੱਚ ਰੂਸ ਦੇ ਯੇਕਾਟੇਰਿਨਬਰਗ ਵਿੱਚ ਇੱਕ ਯੂਨੀਵਰਸਿਟੀ ਕੋਰਸ ਸ਼ੁਰੂ ਕੀਤਾ ਸੀ।

ਲੇਕਿਨ ਯੂਸਫ਼ ਦਾ ਕਹਿਣਾ ਹੈ ਕਿ ਉਸਨੂੰ ਫੀਸ ਭਰਨ ਵਿੱਚ ਮੁਸ਼ਕਲ ਆ ਰਹੀ ਸੀ, ਅਤੇ ਉਸਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਪੋਲੀਨਾ ਨਾਮ ਦੀ ਇੱਕ ਰੂਸੀ ਔਰਤ ਨੇ ਉਸਨੂੰ ਆਨਲਾਈਨ ਮਦਦ ਦੀ ਪੇਸ਼ਕਸ਼ ਕਰਨੀ ਸ਼ੁਰੂ ਕਰ ਦਿੱਤੀ ਸੀ, ਜਿਸ ਵਿੱਚ ਰੂਸੀ ਫੌਜ ਨਾਲ ਕੰਮ ਵੀ ਸ਼ਾਮਲ ਸੀ ਜਿਸ ਬਾਰੇ ਉਸਦਾ ਮੰਨਣਾ ਸੀ ਕਿ ਉਹ ਉਸਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਦੀ ਇਜਾਜ਼ਤ ਦੇਵੇਗਾ।

ਉਹ ਕਹਿੰਦਾ ਹੈ, "ਉਸਨੇ ਉਸ ਨਾਲ ਰਿਹਾਇਸ਼ ਅਤੇ ਨਾਗਰਿਕਤਾ... ਮਹੀਨਾਵਾਰ ਖਰਚਿਆਂ ਦਾ ਵਾਅਦਾ ਕੀਤਾ ਸੀ। ਅਚਾਨਕ ਉਸਨੂੰ ਯੂਕਰੇਨ ਭੇਜ ਦਿੱਤਾ ਗਿਆ। ਉਸਨੇ ਆਪਣੇ ਆਪ ਨੂੰ ਲੜਦਾ ਪਾਇਆ।"

ਯੂਸਫ਼ ਕਹਿੰਦਾ ਹੈ ਕਿ ਉਸਦੀ ਆਖਰੀ ਕਾਲ 24 ਜਨਵਰੀ 2024 ਨੂੰ ਸੀ। ਲਗਭਗ ਇੱਕ ਸਾਲ ਬਾਅਦ, ਯੂਸਫ਼ ਕਹਿੰਦਾ ਹੈ ਕਿ ਇੱਕ ਰੂਸੀ ਨੰਬਰ ਤੋਂ ਟੈਲੀਗ੍ਰਾਮ 'ਤੇ ਇੱਕ ਸੁਨੇਹਾ ਆਇਆ, ਜਿਸ ਵਿੱਚ ਮੁਹੰਮਦ ਦੀ ਲਾਸ਼ ਦੀਆਂ ਤਸਵੀਰਾਂ ਸਨ। ਪਰਿਵਾਰ ਨੂੰ ਅੰਤ ਵਿੱਚ ਪਤਾ ਲੱਗਾ ਕਿ ਉਹ ਲਗਭਗ ਇੱਕ ਸਾਲ ਪਹਿਲਾਂ ਮਾਰਿਆ ਗਿਆ ਸੀ।

'ਕੁਝ ਨੇ ਆਪਣਾ ਮਾਨਸਿਕ ਸੰਤੁਲਨ ਗੁਆ ਦਿੱਤਾ'

ਰੂਸੀ ਫੌਜ ਵਿੱਚ ਸੇਵਾ ਕਰ ਚੁੱਕੇ ਇੱਕ ਹੋਰ ਸੀਰੀਆਈ ਹਬੀਬ ਦਾ ਕਹਿਣਾ ਹੈ ਕਿ ਅਜ਼ਾਰਨਿਖ ਰੂਸ ਦੀ ਫੌਜ ਲਈ "ਸਭ ਤੋਂ ਮਹੱਤਵਪੂਰਨ ਭਰਤੀ ਕਰਨ ਵਾਲਿਆਂ ਵਿੱਚੋਂ ਇੱਕ" ਬਣ ਗਈ ਹੈ। ਉਹ ਫਿਲਮਾਏ ਜਾਣ ਲਈ ਤਿਆਰ ਸੀ ਪਰ ਨਤੀਜਿਆਂ ਦੇ ਡਰੋਂ ਫਰਜ਼ੀ ਨਾਮ ਹੇਠ ਬੋਲਿਆ।

ਹਬੀਬ ਦਾ ਕਹਿਣਾ ਹੈ ਕਿ ਉਸਨੇ ਅਤੇ ਅਜ਼ਾਰਨਿਖ ਨੇ "ਰੂਸ ਦੇ ਵੀਜ਼ਾ ਸੱਦਾ-ਪੱਤਰਾਂ 'ਤੇ ਲਗਭਗ ਤਿੰਨ ਸਾਲ ਇਕੱਠੇ ਕੰਮ ਕੀਤਾ"। ਉਸਨੇ ਹੋਰ ਕੋਈ ਵੇਰਵਾ ਨਹੀਂ ਦਿੱਤਾ ਅਤੇ ਅਸੀਂ ਇਸ ਪ੍ਰਕਿਰਿਆ ਵਿੱਚ ਉਸਦੀ ਭੂਮਿਕਾ ਦੀ ਪੁਸ਼ਟੀ ਨਹੀਂ ਕਰ ਸਕੇ ਹਾਂ। 2024 ਦੀ ਸੋਸ਼ਲ ਮੀਡੀਆ ਦੀ ਇੱਕ ਤਸਵੀਰ ਉਸਨੂੰ ਉਸਦੇ ਨਾਲ ਦਿਖਾਉਂਦੀ ਹੈ।

ਅਜ਼ਾਰਨਿਖ, ਜੋ ਰੂਸ ਦੇ ਦੱਖਣ-ਪੱਛਮੀ ਵੋਰੋਨੇਜ਼ ਖੇਤਰ ਤੋਂ ਹੈ, 2024 ਵਿੱਚ ਆਪਣਾ ਟੈਲੀਗ੍ਰਾਮ ਚੈਨਲ ਸ਼ੁਰੂ ਕਰਨ ਤੋਂ ਪਹਿਲਾਂ, ਅਰਬ ਵਿਦਿਆਰਥੀਆਂ ਨੂੰ ਪੜ੍ਹਨ ਲਈ ਮਾਸਕੋ ਆਉਣ ਵਿੱਚ ਮਦਦ ਕਰਨ ਵਾਲਾ ਇੱਕ ਫੇਸਬੁੱਕ ਗਰੁੱਪ ਚਲਾਉਂਦੀ ਸੀ।

ਹਬੀਬ ਦਾ ਕਹਿਣਾ ਹੈ ਕਿ ਹੋਣ ਵਾਲੇ ਜ਼ਿਆਦਾਤਰ ਵਿਦੇਸ਼ੀ ਸੁਰੱਖਿਆ ਜਾਂ ਚੈਕਪੁਆਇੰਟਾਂ 'ਤੇ ਖੜ੍ਹੇ ਹੋਣ ਦੀਆਂ ਭੂਮਿਕਾਵਾਂ ਦੀ ਉਮੀਦ ਰੱਖਦੇ ਸਨ। ਉਹ ਕਹਿੰਦਾ ਹੈ, "ਜਿਹੜੇ ਅਰਬ ਆ ਰਹੇ ਹਨ ਉਹ ਤੁਰੰਤ ਮਰ ਰਹੇ ਹਨ। ਕੁਝ ਲੋਕਾਂ ਨੇ ਆਪਣਾ ਮਾਨਸਿਕ ਸੰਤੁਲਨ ਗੁਆ ਦਿੱਤਾ ਹੈ - ਲਾਸ਼ਾਂ ਦੇਖਣਾ ਮੁਸ਼ਕਲ ਹੈ।"

ਹਬੀਬ ਦਾ ਕਹਿਣਾ ਹੈ ਕਿ ਉਹ ਇੱਕ ਫੌਜੀ ਸਿਖਲਾਈ ਸਾਈਟ 'ਤੇ ਉਮਰ ਅਤੇ ਸੀਰੀਆਈ ਲੋਕਾਂ ਦੇ ਸਮੂਹ ਨੂੰ ਮਿਲਿਆ ਸੀ। ਹਬੀਬ ਕਹਿੰਦਾ ਹੈ, "ਉਸਨੇ ਉਨ੍ਹਾਂ ਨਾਲ ਨਾਗਰਿਕਤਾ, ਚੰਗੀ ਤਨਖਾਹ ਅਤੇ ਉਨ੍ਹਾਂ ਦੇ ਸੁਰੱਖਿਅਤ ਰਹਿਣ ਦਾ ਵਾਅਦਾ ਕੀਤਾ ਗਿਆ ਸੀ। ਲੇਕਿਨ ਇੱਕ ਵਾਰ ਜਦੋਂ ਤੁਸੀਂ ਇੱਥੇ ਇਕਰਾਰਨਾਮੇ 'ਤੇ ਦਸਤਖਤ ਕਰ ਦਿੰਦੇ ਹੋ, ਤਾਂ ਤੁਹਾਡੇ ਜਾਣ ਦਾ ਕੋਈ ਰਸਤਾ ਨਹੀਂ ਹੁੰਦਾ।"

ਉਹ ਕਹਿੰਦਾ ਹੈ, "ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਹਥਿਆਰ ਚਲਾਉਣਾ ਨਹੀਂ ਆਉਂਦਾ ਸੀ। ਭਾਵੇਂ ਉਨ੍ਹਾਂ 'ਤੇ ਗੋਲੀ ਚਲਾਈ ਜਾਂਦੀ ਸੀ, ਉਹ ਜਵਾਬੀ ਗੋਲੀ ਨਾ ਚਲਾਉਣ ਦੀ ਚੋਣ ਕਰਦੇ ਸਨ... ਜੇਕਰ ਤੁਸੀਂ ਗੋਲੀ ਨਹੀਂ ਚਲਾਉਂਦੇ, ਤਾਂ ਤੁਸੀਂ ਮਾਰੇ ਜਾਓਗੇ। ਪੋਲੀਨਾ ਇਹ ਜਾਣਦੇ ਹੋਏ ਵੀ ਬੰਦਿਆਂ ਨੂੰ ਲੈ ਕੇ ਜਾਂਦੀ ਸੀ ਕਿ ਉਹ ਮਰਨ ਵਾਲੇ ਹਨ।"

ਉਹ ਕਹਿੰਦਾ ਹੈ ਕਿ ਉਸਨੇ "ਹਰ ਇੱਕ ਵਿਅਕਤੀ ਨੂੰ ਭਰਤੀ ਕਰਨ ਲਈ ਫੌਜ ਤੋਂ 300 ਡਾਲਰ ਪ੍ਰਾਪਤ ਕੀਤੇ"।

ਬੀਬੀਸੀ ਇਸ ਦੀ ਪੁਸ਼ਟੀ ਨਹੀਂ ਕਰ ਸਕਿਆ, ਹਾਲਾਂਕਿ ਹੋਰ ਭਰਤੀ ਹੋਣ ਵਾਲਿਆਂ ਨੇ ਵੀ ਸਾਨੂੰ ਦੱਸਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਸਨੂੰ ਭੁਗਤਾਨ ਮਿਲਦਾ ਸੀ।

'ਮੁਫਤ ਵਿੱਚ ਕੁਝ ਨਹੀਂ ਹੁੰਦਾ'

2024 ਦੇ ਮੱਧ ਤੋਂ ਅਜ਼ਾਰਨਿਖ ਦੀਆਂ ਪੋਸਟਾਂ ਵਿੱਚ ਇਹ ਨੋਟ ਕੀਤਾ ਜਾਣ ਲੱਗਾ ਕਿ ਭਰਤੀ ਹੋਣ ਵਾਲੇ "ਦੁਸ਼ਮਣੀ ਵਾਲੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣਗੇ" ਅਤੇ ਲੜਾਈ ਵਿੱਚ ਮਾਰੇ ਗਏ ਵਿਦੇਸ਼ੀ ਲੜਾਕਿਆਂ ਦਾ ਜ਼ਿਕਰ ਕੀਤਾ ਗਿਆ।

ਅਕਤੂਬਰ 2024 ਦੀ ਇੱਕ ਵੀਡੀਓ ਵਿੱਚ ਉਹ ਕਹਿੰਦੀ ਹੈ, "ਤੁਸੀਂ ਸਾਰੇ ਚੰਗੀ ਤਰ੍ਹਾਂ ਸਮਝਦੇ ਸੀ ਕਿ ਤੁਸੀਂ ਜੰਗ ਵਿੱਚ ਜਾ ਰਹੇ ਹੋ। ਤੁਸੀਂ ਸੋਚਿਆ ਸੀ ਕਿ ਤੁਸੀਂ ਰੂਸੀ ਪਾਸਪੋਰਟ ਪ੍ਰਾਪਤ ਕਰ ਸਕਦੇ ਹੋ, ਕੁਝ ਨਾ ਕਰੋ ਅਤੇ ਪੰਜ ਤਾਰਾ ਹੋਟਲ ਵਿੱਚ ਰਹਿ ਸਕਦੇ ਹੋ?... ਮੁਫਤ ਵਿੱਚ ਕੁਝ ਨਹੀਂ ਹੁੰਦਾ।"

ਇੱਕ ਹੋਰ ਮਾਮਲੇ ਵਿੱਚ, 2024 ਵਿੱਚ, ਬੀਬੀਸੀ ਨੇ ਅਜ਼ਾਰਨਿਖ ਦੁਆਰਾ ਇੱਕ ਮਾਂ ਨੂੰ ਭੇਜਿਆ ਇੱਕ ਵੌਇਸ ਮੈਸੇਜ ਸੁਣਿਆ ਹੈ ਜਿਸਦਾ ਪੁੱਤਰ ਫੌਜੀਸੀ। ਅਜ਼ਾਰਨਿਖ ਕਹਿੰਦੀ ਹੈ ਕਿ ਉਸ ਔਰਤ ਨੇ "ਰੂਸੀ ਫੌਜ ਬਾਰੇ ਕੁਝ ਬੁਰਾ ਛਾਪਿਆ ਹੈ"। ਗਾਲੀ-ਗਲੋਚ ਦੀ ਵਰਤੋਂ ਕਰਦੇ ਹੋਏ, ਉਹ ਉਸਦੇ ਪੁੱਤਰ ਦੀ ਜਾਨ ਨੂੰ ਖਤਰਾ ਦੱਸਦੀ ਹੈ ਅਤੇ ਉਸ ਔਰਤ ਨੂੰ ਚੇਤਾਵਨੀ ਦਿੰਦੀ ਹੈ: "ਮੈਂ ਤੈਨੂੰ ਅਤੇ ਤੇਰੇ ਸਾਰੇ ਬੱਚਿਆਂ ਨੂੰ ਲੱਭ ਲਵਾਂਗੀ।"

ਬੀਬੀਸੀ ਨੇ ਅਜ਼ਾਰਨਿਖ ਨਾਲ ਸੰਪਰਕ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ। ਸ਼ੁਰੂ ਵਿੱਚ ਉਸਨੇ ਕਿਹਾ ਕਿ ਜੇਕਰ ਅਸੀਂ ਰੂਸ ਦੀ ਯਾਤਰਾ ਕਰਦੇ ਹਾਂ ਤਾਂ ਉਹ ਸਾਡੇ ਨਾਲ ਇੰਟਰਵਿਊ ਕਰੇਗੀ, ਪਰ ਬੀਬੀਸੀ ਨੇ ਸੁਰੱਖਿਆ ਕਾਰਨਾਂ ਕਰਕੇ ਇਨਕਾਰ ਕਰ ਦਿੱਤਾ।

ਬਾਅਦ ਵਿੱਚ, ਜਦੋਂ ਇੱਕ ਵੌਇਸ ਕਾਲ ਵਿੱਚ ਉਨ੍ਹਾਂ ਦਾਅਵਿਆਂ ਬਾਰੇ ਪੁੱਛਿਆ ਗਿਆ ਕਿ ਭਰਤੀ ਹੋਣ ਵਾਲਿਆਂ ਨਾਲ ਗੈਰ-ਲੜਾਕੂ ਭੂਮਿਕਾਵਾਂ ਦਾ ਵਾਅਦਾ ਕੀਤਾ ਗਿਆ ਸੀ, ਤਾਂ ਉਸਨੇ ਫ਼ੋਨ ਕੱਟ ਦਿੱਤਾ। ਬਾਅਦ ਵਿੱਚ ਭੇਜੇ ਗਏ ਵੌਇਸ ਨੋਟਸ ਵਿੱਚ, ਉਸਨੇ ਕਿਹਾ ਕਿ ਸਾਡਾ ਕੰਮ "ਪ੍ਰੋਫੈਸ਼ਨਲ ਨਹੀਂ" ਸੀ ਅਤੇ ਸੰਭਾਵੀ ਮਾਣਹਾਨੀ ਦੀ ਕਾਰਵਾਈ ਦੀ ਚੇਤਾਵਨੀ ਦਿੱਤੀ। ਉਸਨੇ ਇਹ ਵੀ ਕਿਹਾ: "ਸਾਡੇ ਸਤਿਕਾਰਯੋਗ ਅਰਬ ਆਪਣੇ ਦੋਸ਼ ਆਪਣੇ ਪਿੱਛੇ ਲੈ ਸਕਦੇ ਹਨ।"

ਬੀਬੀਸੀ ਨੇ ਟਿੱਪਣੀ ਲਈ ਰੂਸੀ ਵਿਦੇਸ਼ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਨਾਲ ਸੰਪਰਕ ਕੀਤਾ, ਪਰ ਕੋਈ ਜਵਾਬ ਨਹੀਂ ਮਿਲਿਆ।

ਇਸ ਤੋਂ ਪਹਿਲਾਂ, ਮਾਰਚ 2022 ਵਿੱਚ ਰਾਸ਼ਟਰਪਤੀ ਪੁਤਿਨ ਨੇ ਮੱਧ ਪੂਰਬ ਦੇ ਮਰਦਾਂ ਦੀ ਭਰਤੀ ਦਾ ਪੱਖ ਪੂਰਦਿਆਂ ਜ਼ੋਰ ਦੇ ਕੇ ਕਿਹਾ ਸੀ ਕਿ ਇਹ ਵਿਚਾਰਧਾਰਕ ਤੌਰ 'ਤੇ ਪ੍ਰੇਰਿਤ ਸਨ, ਆਰਥਿਕ ਤੌਰ ਉੱਤੇ ਨਹੀਂ: "ਅਜਿਹੇ ਲੋਕ ਹਨ ਜੋ ਆਪਣੀ ਮਰਜ਼ੀ ਨਾਲ ਆਉਣਾ ਚਾਹੁੰਦੇ ਹਨ, ਪੈਸੇ ਲਈ ਨਹੀਂ, ਸਗੋਂਤੇ ਲੋਕਾਂ ਦੀ ਸਹਾਇਤਾ ਕਰਨੀ ਚਾਹੁੰਦੇ ਹਨ।"

'ਨਕਦ ਹੱਲਾਸ਼ੇਰੀ'

ਇਸ ਮੁੱਦੇ 'ਤੇ ਨਜ਼ਰ ਰੱਖਣ ਵਾਲੇ ਪੱਤਰਕਾਰਾਂ ਅਤੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਅਜ਼ਾਰਨਿਖ ਵਰਗੇ ਵਿਅਕਤੀ ਗੈਰ-ਰਸਮੀ ਭਰਤੀ ਕਰਨ ਵਾਲਿਆਂ ਦੇ ਨੈਟਵਰਕ ਦਾ ਹਿੱਸਾ ਹਨ।

ਬੀਬੀਸੀ ਨੂੰ ਅਰਬੀ ਭਾਸ਼ਾ ਵਿੱਚ ਦੋ ਹੋਰ ਟੈਲੀਗ੍ਰਾਮ ਖਾਤੇ ਮਿਲੇ ਹਨ ਜੋ ਰੂਸੀ ਫੌਜ ਵਿੱਚ ਸ਼ਾਮਲ ਹੋਣ ਲਈ ਉਹੋ-ਜਿਹੀਆਂ ਹੀ ਪੇਸ਼ਕਸ਼ਾਂ ਕਰ ਰਹੇ ਹਨ। ਇੱਕ ਵਿੱਚ ਸੱਦਾ-ਪੱਤਰ ਅਤੇ ਨਾਮਾਂ ਦੀਆਂ ਸੂਚੀਆਂ ਦਿਖਾਉਣ ਵਾਲੀਆਂ ਪੋਸਟਾਂ ਸ਼ਾਮਲ ਹਨ, ਦੂਜੇ ਨੇ ਇੱਕ "ਕੁਲੀਨ ਬਟਾਲੀਅਨ" ਵਿੱਚ ਸ਼ਾਮਲ ਹੋਣ ਲਈ ਵੱਡੇ ਸ਼ੁਰੂਆਤੀ ਭੁਗਤਾਨਾਂ ਦਾ ਇਸ਼ਤਿਹਾਰ ਦਿੱਤਾ ਹੈ।

ਸਤੰਬਰ ਵਿੱਚ, ਕੀਨੀਆ ਦੀ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਸ਼ੱਕੀ "ਤਸਕਰੀ ਸਿੰਡੀਕੇਟ" ਦਾ ਪਰਦਾਫਾਸ਼ ਕੀਤਾ ਹੈ ਜਿਸ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਕੀਨੀਆ ਦੇ ਲੋਕਾਂ ਨੂੰ ਨੌਕਰੀ ਦੀਆਂ ਪੇਸ਼ਕਸ਼ਾਂ ਨਾਲ ਭਰਮਾ ਰਹੇ ਸਨ, ਪਰ ਉਨ੍ਹਾਂ ਨੂੰ ਯੂਕਰੇਨ ਵਿੱਚ ਲੜਨ ਲਈ ਭੇਜ ਰਹੇ ਸਨ।

ਇੰਸਟੀਚਿਊਟ ਫਾਰ ਦ ਸਟੱਡੀ ਆਫ ਵਾਰ ਦੀ ਰਿਸਰਚ ਫੈਲੋ ਕੈਟਰੀਨਾ ਸਟੇਪਾਨੇਨਕੋ ਨੇ ਬੀਬੀਸੀ ਨੂੰ ਦੱਸਿਆ ਕਿ ਰੂਸ ਵਿੱਚ ਕੁਝ ਮਿਉਂਸਪਲ ਅਤੇ ਖੇਤਰੀ ਅਥਾਰਟੀਆਂ ਐਚਆਰ (ਐੱਚਆਰ) ਪੇਸ਼ੇਵਰਾਂ ਅਤੇ ਸਥਾਨਕ ਨਿਵਾਸੀਆਂ ਵਰਗੇ ਵਿਅਕਤੀਆਂ ਨੂੰ ਰੂਸੀਆਂ ਜਾਂ ਵਿਦੇਸ਼ੀਆਂ ਨੂੰ ਫੌਜੀ ਸੇਵਾ ਵਿੱਚ ਭਰਤੀ ਕਰਨ ਬਦਲੇ 4,000 ਡਾਲਰ ਤੱਕ ਦੇ ਨਕਦ ਪ੍ਰੋਤਸਾਹਨ ਦੀ ਪੇਸ਼ਕਸ਼ ਕਰ ਰਹੀਆਂ ਹਨ।

ਉਹ ਕਹਿੰਦੀ ਹੈ ਕਿ ਕ੍ਰੇਮਲਿਨ ਨੇ ਸ਼ੁਰੂ ਵਿੱਚ ਭਰਤੀ ਲਈ ਵੈਗਨਰ ਪ੍ਰਾਈਵੇਟ ਮਿਲਟਰੀ ਗਰੁੱਪ ਅਤੇ ਜੇਲ੍ਹ ਪ੍ਰਣਾਲੀ ਵਰਗੀਆਂ ਵੱਡੀਆਂ ਸੰਸਥਾਵਾਂ ਦੀ ਵਰਤੋਂ ਕੀਤੀ ਸੀ, ਪਰ 2024 ਤੋਂ ਉਹ "ਸਥਾਨਕ ਲੋਕਾਂ ਅਤੇ ਛੋਟੀਆਂ ਕੰਪਨੀਆਂ ਦਾ ਲਾਭ ਲਿਆ ਜਾ ਰਿਹਾ ਹੈ।"

ਉਹ ਅੱਗੇ ਕਹਿੰਦੀ ਹੈ, "ਇਹ ਮੈਨੂੰ ਸੁਝਾਉਂਦਾ ਹੈ ਕਿ ਭਰਤੀ ਦੇ ਉਹ ਪੁਰਾਣੇ ਤਰੀਕੇ ਹੁਣ ਭਰਤੀ ਹੋਣ ਵਾਲਿਆਂ ਦੀ ਪਹਿਲਾਂ ਜਿੰਨੀ ਗਿਣਤੀ ਪੈਦਾ ਨਹੀਂ ਕਰ ਰਹੇ ਹਨ।"

ਇਸ ਦੌਰਾਨ, ਹਬੀਬ, ਉਸਦੇ ਦੱਸੇ ਮੁਤਾਬਕ ਆਪਣਾ ਇਕਰਾਰਨਾਮਾ ਖਤਮ ਕਰਨ ਲਈ ਕਈ ਕਮਾਂਡਰਾਂ ਨੂੰ ਰਿਸ਼ਵਤ ਦੇਣ ਤੋਂ ਬਾਅਦ, ਹੁਣ ਸੀਰੀਆ ਵਾਪਸ ਆ ਗਿਆ ਹੈ। ਉਮਰ ਨੇ ਅੰਤ ਵਿੱਚ ਰੂਸੀ ਨਾਗਰਿਕਤਾ ਪ੍ਰਾਪਤ ਕਰ ਲਈ ਅਤੇ ਉਹ ਸੀਰੀਆ ਵਾਪਸ ਜਾਣ ਵਿੱਚ ਵੀ ਕਾਮਯਾਬ ਹੋ ਗਿਆ। ਜਦਕਿ ਉਸਦੇ ਨਾਲ ਸੇਵਾ ਕਰਨ ਵਾਲੇ ਦੋ ਹੋਰ ਸੀਰੀਆਈ ਨਾਗਰਿਕ ਉਨ੍ਹਾਂ ਦੇ ਪਰਿਵਾਰਾਂ ਮੁਤਾਬਕ ਮਾਰੇ ਗਏ ਹਨ

ਉਹ ਕਹਿੰਦਾ ਹੈ, ਅਜ਼ਾਰਨਿਖ "ਸਾਨੂੰ ਨੰਬਰਾਂ ਜਾਂ ਪੈਸੇ ਵਜੋਂ ਦੇਖਦੀ ਹੈ - ਉਹ ਸਾਨੂੰ ਇਨਸਾਨਾਂ ਵਜੋਂ ਨਹੀਂ ਦੇਖਦੀ। ਅਸੀਂ ਉਸਨੂੰ ਉਸ ਲਈ ਕਦੇ ਮੁਆਫ਼ ਨਹੀਂ ਕਰਾਂਗੇ ਜੋ ਉਸਨੇ ਸਾਡੇ ਨਾਲ ਕੀਤਾ।"

ਓਲਗਾ ਇਵਸ਼ੀਨਾ, ਗੇਹਾਦ ਅੱਬਾਸ, ਅਲੀ ਇਬਰਾਹਿਮ, ਵਿਕਟੋਰੀਆ ਅਰਾਕੇਲੀਅਨ ਅਤੇ ਰਿਆਨ ਮਾਰੂਫ ਦੁਆਰਾ ਵਾਧੂ ਰਿਪੋਰਟਿੰਗ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)