ਰੂਸੀ ਫੌਜ ਵਿੱਚ ਭਾਰਤੀ ਨੌਜਵਾਨਾਂ ਨੂੰ ਭਰਤੀ ਕੀਤੇ ਜਾਣ ਬਾਰੇ ਰੂਸ ਦੀ ਸਰਕਾਰ ਦਾ ਹੁਣ ਕੀ ਆਇਆ ਸਪੱਸ਼ਟੀਕਰਨ

    • ਲੇਖਕ, ਗੁਰਪ੍ਰੀਤ ਚਾਵਲਾ, ਕਮਲ ਸੈਣੀ
    • ਰੋਲ, ਬੀਬੀਸੀ ਸਹਿਯੋਗੀ

ਰੂਸ ਫੌਜ ਵਲੋਂ ਜੰਗ ਵਿੱਚ ਭੇਜੇ ਗਏ ਭਾਰਤੀਆਂ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਸੀ ਰਾਸਟਰਪਤੀ ਵਾਲਦਿਮੀਰ ਪੁਤਿਨ ਨਾਲ ਚੁੱਕੇ ਜਾਣ ਦੀ ਚਰਚਾ ਤੋਂ ਬਾਅਦ ਭਾਰਤ ਵਿਚਲੇ ਰੂਸੀ ਦੂਤਾਵਾਸ ਦਾ ਰਸਮੀ ਬਿਆਨ ਆਇਆ ਹੈ।

ਰੂਸੀ ਅਧਿਕਾਰੀ ਰੋਮਨ ਬਾਡੂਸ਼ਕਿਨ ਨੇ ਕਿਹਾ, ਬਹੁਤੇ ਭਾਰਤੀਆਂ ਦਾ ਵੀਜਾ ਕਾਨੂੰਨੀ ਨਹੀਂ ਹੈ। ਰੂਸ ਨੇ ਜਾਣਬੁੱਝ ਕੇ ਭਾਰਤੀਆਂ ਨੂੰ ਫੌਜ ਵਿੱਚ ਭਰਤੀ ਨਹੀਂ ਕੀਤਾ ਹੈ। ਉਹ ਜੰਗ ਵਿੱਚ ਕੋਈ ਭੂਮਿਕਾ ਵੀ ਅਦਾ ਨਹੀਂ ਕਰ ਰਹੇ ਹਨ। ਉਹ ਆਪਣੇ ਕਮਰਸ਼ੀਅਲ ਹਿੱਤਾਂ ਲਈ ਉੱਥੇ ਮੌਜੂਦ ਹਨ।

ਰੂਸ, ਭਾਰਤ ਸਰਕਾਰ ਨਾਲ ਖੜ੍ਹਾ ਹੈ ਅਤੇ ਇਸ ਮਲਸੇ ਦਾ ਹੱਲ ਅਸਾਨੀ ਨਾਲ ਨਿਕਲਣ ਦਾ ਇਛੁੱਕ ਹੈ।

ਰੂਸ ਦਾ ਇਹ ਬਿਆਨ ਭਾਰਤ-ਰੂਸ ਸਲਾਨਾ ਸੰਮੇਲਨ ਤੋਂ ਬਾਅਦ ਆਇਆ ਹੈ।

ਗੌਰਤਲਬ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੇ ਦੌਰੇ ਉੱਤੇ ਸਨ। ਉੱਥੇ ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕੀਤੀ ਸੀ।

ਇਸ ਦੌਰਾਨ ਉਨ੍ਹਾਂ ਨੇ ਰੂਸ ਦੀ ਫੌਜ ਵਿੱਚ ਫਸੇ ਭਾਰਤੀ ਨਾਗਰਿਕਾਂ ਦੀ ਘਰ ਵਾਪਸੀ ਦਾ ਵੀ ਮੁੱਦਾ ਚੁੱਕਿਆ।

ਭਾਰਤ ਸਰਕਾਰ ਦੇ ਅਧਿਕਾਰਤ ਬਿਆਨ ਮੁਤਾਬਕ ਰੂਸ ਨੇ ਇਨ੍ਹਾਂ ਭਾਰਤੀਆਂ ਦੀ ਘਰ ਵਾਪਸੀ ਦਾ ਵਾਅਦਾ ਕੀਤਾ ਹੈ।

ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਦੇ ਰੂਸ ਦੌਰੇ ਬਾਰੇ ਬੋਲਦਿਆਂ ਦੱਸਿਆ, "ਪ੍ਰਧਾਨ ਮੰਤਰੀ ਨੇ ਗੁੰਮਰਾਹ ਕਰਕੇ ਰੂਸੀ ਫੌਜ ਵਿੱਚ ਭਰਤੀ ਕੀਤੇ ਗਏ ਭਾਰਤੀ ਨਾਗਰਿਕਾਂ ਨੂੰ ਫੌਜ ਵਿੱਚੋਂ ਰਿਲੀਜ਼ ਕਰਨ (ਅਰਲੀ ਡਿਸਚਾਰਜ) ਦਾ ਮੁੱਦਾ ਵੀ ਜ਼ੋਰ ਨਾਲ ਚੁੱਕਿਆ ਤੇ ਰੂਸ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਫੌਜ ਵਿੱਚੋਂ ਰਿਲੀਜ਼ ਕਰਨ ਦਾ ਵਾਅਦਾ ਵੀ ਕੀਤਾ।"

ਕੁਝ ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਰੂਸ ਜੰਗ ਦੌਰਾਨ ਮਾਰੇ ਗਏ ਭਾਰਤੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਵਾਰਿਸਾਂ ਨੂੰ ਰੂਸੀ ਨਾਗਰਿਕਾਂ ਦੀ ਪੇਸ਼ਕਸ਼ ਕਰ ਰਿਹਾ ਹੈ।

ਪਰ ਜਦੋਂ ਬੀਬੀਸੀ ਪੰਜਾਬੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੇ ਅਮ੍ਰਿਤਸਰ ਦੇ ਤੇਜਪਾਲ ਸਿੰਘ, ਜੋ ਰੂਸ ਵਿੱਚ ਪਿਛਲੇ ਦਿਨੀਂ ਮਾਰੇ ਗਏ ਸਨ, ਦੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਅਜਿਹੀ ਕਿਸੇ ਵੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ।

ਉਨ੍ਹਾਂ ਕਿਹਾ, ''ਸਾਨੂੰ ਨਾ ਹੀ ਕਿਸੇ ਰੂਸੀ ਅਧਿਕਾਰੀ ਦਾ , ਅਤੇ ਨਾ ਹੀ ਕਿਸੇ ਭਾਰਤੀ ਅਧਿਕਾਰੀ ਦਾ ਫੋਨ, ਈਮੇਲ ਜਾਂ ਕੋਈ ਸੁਨੇਹਾ ਪੱਤਰ ਆਇਆ ਹੈ।''

ਜੂਨ ਮਹੀਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਰੂਸ-ਯੂਕਰੇਨ ਜੰਗ ਵਿੱਚ ਦੋ ਭਾਰਤੀਆਂ ਦੀ ਮੌਤ ਹੋ ਗਈ ਹੈ। ਇਹ ਭਾਰਤੀ ਰੂਸੀ ਫੌਜ ਵਿੱਚ ਕੰਮ ਕਰ ਰਹੇ ਸਨ।

ਮਰਨ ਵਾਲਿਆਂ ਵਿੱਚ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਤੇਜਪਾਲ ਵੀ ਸ਼ਾਮਲ ਸਨ।

ਜੂਨ ਵਿੱਚ ਦਿੱਤੇ ਆਪਣੇ ਅਧਿਕਾਰਤ ਬਿਆਨ ਵਿੱਚ ਮੰਤਰਾਲੇ ਨੇ ਕਿਹਾ ਸੀ ਕਿ ਵਿਦੇਸ਼ ਮੰਤਰਾਲੇ ਨੇ ਇਹ ਮੁੱਦਾ ਦਿੱਲੀ ਵਿਚਲੇ ਰੂਸੀ ਰਾਜਦੂਤ ਕੋਲ ਚੁੱਕਿਆ ਹੈ।

ਮਾਸਕੋ ਵਿਚਲੀ ਭਾਰਤੀ ਅੰਬੈਸੀ ਨੇ ਵੀ ਰੂਸੀ ਅਧਿਕਾਰੀਆਂ ਨਾਲ ਰੂਸੀ ਫੌਜ ਵਿਚਲੇ ਭਾਰਤੀ ਨਾਗਰਿਕਾਂ ਦੀ ਵਾਪਸੀ ਦਾ ਮੁੱਦਾ ਚੁੱਕਿਆ ਸੀ

ਪੰਜਾਬ ਤੇ ਹਰਿਆਣਾ ਦੇ ਨੌਜਵਾਨਾਂ ਦੀ ਵਾਇਰਲ ਵੀਡੀਓ

ਇਸੇ ਸਾਲ ਮਾਰਚ ਮਹੀਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਪੰਜਾਬ ਅਤੇ ਹਰਿਆਣਾ ਦੇ 7 ਨੌਜਵਾਨਾਂ ਨੂੰ ਫ਼ੌਜੀ ਵਰਦੀਆਂ ਪਹਿਨੇ ਦੇਖਿਆ ਗਿਆ ਸੀ।

ਇਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਧੋਖੇ ਨਾਲ ਰੂਸ ਦੀ ਫ਼ੌਜ ਵਿੱਚ ਭਰਤੀ ਕੀਤਾ ਗਿਆ ਹੈ ਤੇ ਹੁਣ ਯੂਕਰੇਨ ਖ਼ਿਲਾਫ਼ ਜੰਗ ਵਿੱਚ ਫ਼ਰੰਟ ਲਾਈਨ ’ਤੇ ਲੜਨ ਲਈ ਭੇਜਿਆ ਜਾ ਰਿਹਾ ਹੈ।

ਵੀਡੀਓ ਵਿੱਚ ਨੌਜਵਾਨ ਭਾਰਤ ਸਰਕਾਰ ਨੂੰ ਰੂਸ ਤੋਂ ਵਾਪਸ ਭਾਰਤ ਆਉਣ ਵਿੱਚ ਮਦਦ ਕਰਨ ਦੀ ਗੁਹਾਰ ਲਾਉਂਦੇ ਨਜ਼ਰ ਆ ਰਹੇ ਸਨ।

ਬੀਬੀਸੀ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰ ਸਕਿਆ ਸੀ।

ਇਨ੍ਹਾਂ 7 ਨੌਜਵਾਨਾਂ ਵਿੱਚੋਂ ਕਰੀਬ 5 ਨੌਜਵਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਦੱਸੇ ਗਏ ਸਨ।

ਬੀਬੀਸੀ ਨੇ ਪੰਜਾਬ ਦੇ ਕਲਾਨੌਰ ਕਸਬੇ ਦੇ ਗਗਨਦੀਪ ਸਿੰਘ, ਹੁਸ਼ਿਆਰਪੁਰ ਦੇ ਗੁਰਪ੍ਰੀਤ, ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਹਰਸ਼ ਦੇ ਪਰਿਵਾਰ ਨਾਲ ਗੱਲ ਕੀਤੀ ਸੀ।

ਪਰਿਵਾਰ ਵਾਲਿਆਂ ਨੇ ਇਨ੍ਹਾਂ ਨੌਜਵਾਨਾਂ ਦੇ ਬਾਰੇ ਚਿੰਤਾ ਜ਼ਾਹਰ ਕੀਤੀ ਸੀ।ਵੱਖ-ਵੱਖ ਮੀਡੀਆ ਰਿਪੋਰਟਾਂ ਮੁਤਾਬਕ ਰੂਸ ਵਿੱਚ ਕਰੀਬ 4 ਭਾਰਤੀਆਂ ਦੀ ਮੌਤ ਹੋ ਚੁੱਕੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੌਦੀ ਦੇ ਦੌਰੇ ਦੇ ਦੌਰਾਨ ਰੂਸ ਵੱਲੋਂ ਫੌਜ ਵਿੱਚ ਕੰਮ ਕਰ ਰਹੇ ਭਾਰਤੀ ਨਾਗਰਿਕਾਂ ਦੀ ਘਰ ਵਾਪਸੀ ਬਾਰੇ ਸਕਾਰਾਤਮਕ ਖ਼ਬਰ ਤੋਂ ਬਾਅਦ ਇਨ੍ਹਾਂ ਪਰਿਵਾਰਾਂ ਵਿੱਚ ਉਮੀਦ ਦੀ ਕਿਰਨ ਜਾਗੀ ਹੈ।

ਗਗਨਦੀਪ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਇਸ ਸੁਨੇਹੇ ਦੀ ਉਡੀਕ ਕਰ ਰਹੇ ਸਨ।

ਗਗਨਦੀਪ ਦੇ ਪਿਤਾ ਬਲਵਿੰਦਰ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਕੱਲ੍ਹ ਰਾਤ ਆਪਣੇ ਪੁੱਤਰ ਨਾਲ ਫੋਨ ਉੱਤੇ ਗੱਲ ਵੀ ਹੋਈ ਅਤੇ ਉਨ੍ਹਾਂ ਨੂੰ ਗਗਨਦੀਪ ਨੇ ਦੱਸਿਆ ਕਿ ਉਸਦੀ ਵਾਪਸੀ ਜਲਦੀ ਹੋ ਸਕਦੀ ਹੈ।

ਬਲਵਿੰਦਰ ਕੌਰ ਮੁਤਾਬਕ ਗਗਨਦੀਪ 24 ਦਸੰਬਰ 2023 ਨੂੰ ਟੂਰਿਸਟ ਵੀਜ਼ਾ ਉੱਤੇ ਰੂਸ ਘੁੰਮਣ ਲਈ ਗਿਆ ਸੀ।

ਰੂਸ ਵਿੱਚ ਫਸੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਡੇਹਰੀਵਾਲ ਕਿਰਨ ਦੇ ਗਗਨਦੀਪ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਜੂਨ ਮਹੀਨੇ ਵਿੱਚ ਅੰਮ੍ਰਿਤਸਰ ਦੇ ਇੱਕ ਨੌਜਵਾਨ ਦੀ ਮੌਤ ਤੋਂ ਬਾਅਦ ਕਾਫੀ ਡਰੇ ਹੋਏ ਸਨ।

ਬਲਵਿੰਦਰ ਸਿੰਘ ਦੱਸਦੇ ਹਨ ਕਿ ਉਹ ਆਪਣੇ ਪੁੱਤਰ ਨਾਲ ਉਸ ਦੀ ਵਾਪਸੀ ਬਾਰੇ ਗੱਲ ਕਰਦੇ ਹਨ।

ਕਰਨਾਲ ਦੇ ਹਰਸ਼ ਦੀ ਮਾਂ ਨੂੰ ਵੀ ਆਸ

ਦੂਜੇ ਪਾਸੇ ਕਰਨਾਲ ਦੇ ਰਹਿਣ ਵਾਲੇ ਹਰਸ਼ ਦੀ ਮਾਤਾ ਸੁਮਨ ਕਹਿੰਦੇ ਹਨ ਉਨ੍ਹਾਂ ਦੇ ਪੁੱਤਰ ਨੂੰ ਉੱਥੇ ਫਸੇ 7 ਮਹੀਨੇ ਹੋ ਚੁੱਕੇ ਹਨ।

ਹਰਸ਼ ਕਰਨਾਲ ਜ਼ਿਲ੍ਹੇ ਦੇ ਸਾਂਭਲੀ ਪਿੰਡ ਦਾ ਰਹਿਣ ਵਾਲਾ ਹੈ।

ਸੁਮਨ ਕਹਿੰਦੇ ਹਨ ਉਨ੍ਹਾਂ ਨੇ ਆਪਣੇ ਪੁੱਤ ਦੀ ਵਾਪਸੀ ਦੀ ਲਗਭਗ ਉਮੀਦ ਗੁਆ ਦਿੱਤੀ ਸੀ ਪਰ ਇਹ ਖ਼ਬਰ ਉਨ੍ਹਾਂ ਲਈ ਰਾਹਤ ਵਾਂਗ ਹੈ।

ਉਹ ਕਹਿੰਦੇ ਹਨ ਕਿ ਜਿਸ ਦਿਨ ਤੋਂ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਖ਼ਤਰੇ ਵਿੱਚ ਹੋਣ ਬਾਰੇ ਪਤਾ ਲੱਗਾ ਉਸ ਦਿਨ ਤੋਂ ਉਨ੍ਹਾਂ ਦੇ ਘਰ ਵਿੱਚ ਉਦਾਸੀ ਹੈ।

ਉਹ ਵਾਰ-ਵਾਰ ਕਹਿੰਦੇ ਹਨ ਕਿ ਉਨ੍ਹਾਂ ਦਾ ਪੁੱਤਰ ਬੱਸ ਘੁੰਮਣ ਲਈ ਗਿਆ ਸੀ ਪਰ ਉਸ ਨੂੰ ਧੋਖੇ ਨਾਲ ਫੌਜ ਵਿੱਚ ਭੇਜ ਦਿੱਤਾ ਗਿਆ।

ਉਹ ਦੱਸਦੇ ਹਨ ਕਿ ਹਰਸ਼ ਨੂੰ ਪਹਿਲਾਂ ਫਰੰਟਲਾਈਨ ਉੱਤੇ ਭੇਜਿਆ ਗਿਆ ਸੀ ਪਰ ਹੁਣ ਉਹ ਹੈਲਪਰ ਵਜੋਂ ਕੰਮ ਕਰ ਰਿਹਾ ਹੈ।

ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਆਪਣੇ ਪੁੱਤਰ ਨਾਲ ਹਰ ਰੋਜ਼ ਗੱਲਬਾਤ ਹੁੰਦੀ ਹੈ।

ਹਰਸ਼ ਦੇ ਪਿਤਾ ਸੁਰੇਸ਼ ਕਹਿੰਦੇ ਹਨ ਕਿ ਉਨ੍ਹਾਂ ਦਾ ਪੁੱਤਰ ਰੂਸ-ਯੂਕਰੇਨ ਜੰਗ ਵਾਲੇ ਖੇਤਰ ਵਿੱਚ ਹੈ। ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਵੱਲੋਂ ਉਨ੍ਹਾਂ ਦੇ ਬੱਚਿਆਂ ਦਾ ਮੁੱਦਾ ਚੁੱਕਣ ਜਾਣ ਬਾਰੇ ਖ਼ਬਰਾਂ ਪੜ੍ਹੀਆਂ ਹਨ ਅਤੇ ਉਹ ਕਾਫੀ ਆਸਵੰਦ ਹਨ।

ਇਸ ਪਰਿਵਾਰ ਦੀ ਇੱਕ ਕਰਿਆਨੇ ਦੀ ਦੁਕਾਨ ਹੈ ਜਿਸ ਰਾਹੀਂ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਹੈ।

ਪ੍ਰਧਾਨ ਮੰਤਰੀ ਨੇ ਕੀ ਕਿਹਾ

ਪ੍ਰਧਾਨ ਮਤੰਰੀ ਨੇ ਰਾਸ਼ਟਰਪਤੀ ਪੁਤਿਨ ਦਾ ਮੇਜ਼ਬਾਨੀ ਕਰਨ ਲਈ ਧੰਨਵਾਦ ਕੀਤਾ।

ਉਨ੍ਹਾਂ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ਉੱਤੇ ਪੁਤਿਨ ਨਾਲ ਮਿਲਣੀ ਦੀਆਂ ਤਸਵੀਰਆਂ ਸਾਂਝੀਆਂ ਕਰਦੇ ਹੋਏ ਲਿਖਿਆ, “ਅੱਜ ਸ਼ਾਮ ਨੋਵੋ-ਓਗਰੀਓਵੋ ਵਿਖੇ ਮੇਰੀ ਮੇਜ਼ਬਾਨੀ ਕਰਨ ਲਈ ਰਾਸ਼ਟਰਪਤੀ ਪੁਤਿਨ ਦਾ ਧੰਨਵਾਦ।”

“ਸਾਡੀ ਕੱਲ੍ਹ ਦੀ ਗੱਲਬਾਤ ਦੀ ਵੀ ਉਡੀਕ ਹੈ, ਜੋ ਨਿਸ਼ਚਤ ਤੌਰ 'ਤੇ ਭਾਰਤ ਅਤੇ ਰੂਸ ਵਿਚਕਾਰ ਦੋਸਤੀ ਦੇ ਬੰਧਨ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।”

ਤੇਜਪਾਲ ਨੌਕਰੀ ਨਾ ਮਿਲਣ ਕਰਕੇ ਰੂਸ ਗਏ ਸਨ

ਜੂਨ ਮਹੀਨੇ ਤੇਜਪਾਲ ਸਿੰਘ ਦੀ ਮੌਤ ਦੀ ਖ਼ਬਰ ਆਉਣ ਤੋਂ ਬਾਅਦ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੇ ਅੰਮ੍ਰਿਤਸਰ ਵਾਸੀ ਤੇਜਪਾਲ ਸਿੰਘ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਸੀ।

ਘਰ ਵਿੱਚ ਤੇਜਪਾਲ ਦੀ ਪਤਨੀ ਪਰਮਿੰਦਰ ਕੌਰ ਤੇ ਉਨ੍ਹਾਂ ਦਾ 6 ਸਾਲ ਦਾ ਬੇਟਾ ਤੇ 3 ਸਾਲਾਂ ਦੀ ਧੀ ਤੇਜਪਾਲ ਦੇ ਫ਼ੋਨ ਦੀ ਕਰੀਬ ਤਿੰਨ ਮਹੀਨਿਆਂ ਤੋਂ ਉਡੀਕ ਕਰ ਰਹੇ ਸਨ।

ਤੇਜਪਾਲ ਸਿੰਘ ਦੀ ਪਤਨੀ ਪਰਮਿੰਦਰ ਕੌਰ ਨੇ ਦੱਸਿਆ ਕਿ ਉਹ 20 ਦਸੰਬਰ ਨੂੰ ਥਾਈਲੈਂਡ ਗਏ ਸਨ ਹਾਲਾਂਕਿ ਪਰਿਵਾਰ ਇਸ ਦੇ ਹੱਕ ਵਿੱਚ ਨਹੀਂ ਸੀ।

ਪਰ ਉਹ ਜਬਰਦਸਤੀ ਚਲੇ ਗਏ ਤੇ ਉੱਥੇ ਆਪਣੇ ਦੋਸਤਾਂ ਨੂੰ ਮਿਲੇ, ਜਿੱਥੋਂ 12 ਜਨਵਰੀ ਨੂੰ ਰੂਸ ਗਏ ਸਨ।

ਪਰਿਵਾਰ ਮੁਤਾਬਕ ਉਸ ਨੂੰ ਰੂਸੀ ਫੌਜ ਵਿੱਚ ਭਰਤੀ ਹੋਣ ਦਾ ਪਤਾ ਲੱਗਿਆ ਸੀ ਅਤੇ ਉਹ ਥਾਈਲੈਂਡ ਰਾਹੀ ਮਾਸਕੋ ਤੱਕ ਪਹੁੰਚਿਆ ਸੀ।

ਪਰਮਿੰਦਰ ਨੇ ਦੱਸਿਆ ਸੀ ਕਿ ਤੇਜਪਾਲ ਥਾਈਲੈਂਡ ਤੋਂ ਸਿੱਧੇ ਮੌਸਕੋ ਗਏ, ਜਿੱਥੇ ਰੂਸ ਦੀ ਆਰਮੀ ਦਾ ਹੈੱਡ-ਕੁਆਟਰ ਸੀ ਅਤੇ ਆਰਮੀ ਲਈ ਭਰਤੀ ਚੱਲ ਰਹੀ ਸੀ।

ਉਹ ਪਰਿਵਾਰ ਨਾਲ ਹਰ 15 ਦਿਨਾਂ ਬਾਅਦ ਫੋਨ ਉੱਤੇ ਗੱਲ ਕਰਦਾ ਸੀ। ਪਰ ਅਚਾਨਕ ਉਸਦੇ ਫੋਨ ਆਉਂਣੇ ਬੰਦ ਹੋ ਗਏ। ਜਿਸ ਨੇ ਪਰਿਵਾਰ ਨੂੰ ਚਿੰਤਾ ਵਿੱਚ ਪਾ ਦਿੱਤਾ।

ਪਰਮਿੰਦਰ ਨੇ ਦੱਸਿਆ ਸੀ, “ਤਿੰਨ ਮਹੀਨਿਆਂ ਤੋਂ ਕੋਈ ਫ਼ੋਨ ਹੀ ਨਹੀਂ ਆਇਆ ਸੀ, ਫ਼ਿਰ ਜਿਹੜੇ ਨਾਲ ਮੁੰਡੇ ਸਨ, ਮੈਂ ਉਨ੍ਹਾਂ ਨਾਲ ਰਾਬਤਾ ਕੀਤਾ ਤੇ ਪਾਸਪੋਰਟ ਦੀ ਕਾਪੀ ਭੇਜ ਕੇ ਪਤਾ ਕੀਤਾ। ਉਨ੍ਹਾਂ ਦੱਸਿਆ ਕਿ 12 ਮਾਰਚ ਨੂੰ ਤੇਜਪਾਲ ਦੀ ਮੌਤ ਹੋ ਗਈ ਸੀ। ਮੇਰੀ ਉਨ੍ਹਾਂ ਨਾਲ ਆਖ਼ਰੀ ਗੱਲ 3 ਮਾਰਚ ਨੂੰ ਹੋਈ ਸੀ।”

ਪਰਿਵਾਰ ਨੂੰ ਸਿਰਫ਼ ਦੋ ਦਿਨ ਪਹਿਲਾਂ ਹੀ ਤੇਜਪਾਲ ਦੀ ਮੌਤ ਹੋਣ ਦਾ ਪਤਾ ਲੱਗਿਆ ਹੈ।

ਪਰਮਿੰਦਰ ਨੇ ਦੱਸਿਆ ਸੀ ਕਿ, “ਸ਼ੁਰੂਆਤ ਵਿੱਚ ਰੋਜ਼ਾਨਾ ਗੱਲ ਹੁੰਦੀ ਸੀ। ਫ਼ਿਰ 3 ਮਾਰਚ ਨੂੰ ਜਦੋਂ ਗੱਲ ਹੋਈ ਤਾਂ ਤੇਜਪਾਲ ਨੇ ਕਿਹਾ ਉਹ ਫਰੰਟਲਾਈਨ ਉੱਤੇ ਜਾ ਰਹੇ ਹਨ ਤੇ ਹੁਣ ਥੋੜ੍ਹੇ ਦਿਨ ਗੱਲ ਨਹੀਂ ਹੋ ਸਕਣੀ।”

ਪਰਮਿੰਦਰ ਦੱਸਦੇ ਹਨ ਕਿ ਆਰਮੀ ਜੁਆਇਨ ਕਰਨ ਦੇ ਦੋ ਮਹੀਨੇ ਬਾਅਦ ਫ਼ਰਵਰੀ ਵਿੱਚ ਪਹਿਲੀ ਤਨਖਾਹ ਆਈ ਸੀ ਤੇ ਤੇਜਪਾਲ ਨੇ ਪਰਿਵਾਰ ਨੂੰ 2 ਲੱਖ ਰੁਪਇਆ ਭੇਜਿਆ ਸੀ।

“ਤੇਜਪਾਲ ਨੇ ਭਾਰਤ ਵਿੱਚ ਵੀ ਨੌਕਰੀ ਦੀ ਕੋਸ਼ਿਸ਼ ਕੀਤੀ ਸੀ। ਆਰਮੀ ਤੇ ਪੁਲਿਸ ਵਿੱਚ ਭਰਤੀ ਹੋਣ ਦੀ ਵੀ ਕੋਸ਼ਿਸ਼ ਕੀਤੀ। ਪਰ ਜਦੋਂ ਕੁਝ ਨਾ ਬਣਿਆਂ ਤੋਂ ਉਹ ਬਾਹਰ ਚਲੇ ਗਏ।”

ਵਿਦੇਸ਼ ਮੰਤਰਾਲੇ ਦੀ ਭਾਰਤੀਆਂ ਨੂੰ ਅਪੀਲ

ਭਾਰਤੀ ਵਿਦੇਸ਼ ਮੰਤਰਾਲੇ ਨੇ ਭਾਰਤੀਆਂ ਨੂੰ ਰੂਸ ਵਿੱਚ ਰੋਜ਼ਗਾਰ ਦੇ ਮੌਕੇ ਤਲਾਸ਼ਣ ਸਮੇਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਸੀ।

ਮਈ ਵਿੱਚ ਭਾਰਤ ਦੀ ਪੁਲਿਸ ਨੇ ਰੂਸ ਵਿੱਚ ਨੌਕਰੀ ਜਾਂ ਸਿੱਖਿਆ ਦਾ ਝਾਂਸਾ ਦੇ ਕੇ ਰੂਸ ਸੱਦਣ ਵਾਲੇ ਮਨੁੱਖੀ ਤਸਕਰਾਂ ਦੇ ਨੈੱਟਵਰਕ ਨਾਲ ਜੁੜੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਨੂੰ ਬਾਅਦ ਵਿੱਚ ਯੂਕਰੇਨ ਨਾਲ ਲੜਾਈ ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਜਾਂਦਾ ਸੀ।

ਇਸੇ ਦੌਰਾਨ ਨੇਪਾਲ ਅਤੇ ਸ੍ਰੀ ਲੰਕਾ ਨੇ ਆਪਣੇ ਨਾਗਰਿਕਾਂ ਨੂੰ ਸਾਵਧਾਨ ਕੀਤਾ ਗਿਆ ਸੀ ਕਿ ਉਹ ਮਨੁੱਖੀ ਤਸਕਰਾਂ ਦੇ ਛਲਾਵਿਆਂ ਵਿੱਚ ਨਾ ਆਉਣ। ਕੁਝ ਸਮਾਂ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਇਨ੍ਹਾਂ ਦੇਸਾਂ ਦੇ ਹਜ਼ਾਰਾਂ ਨਾਗਰਿਕ ਰੂਸ-ਯੂਕਰੇਨ ਜੰਗ ਵਿੱਚ ਵਿਦੇਸ਼ੀ ਫੌਜੀਆਂ ਵਜੋਂ ਹਿੱਸਾ ਲੈ ਰਹੇ ਹਨ।

ਨੇਪਾਲ ਮੁਤਾਬਕ ਘੱਟੋ-ਘੱਟ 20 ਨੇਪਾਲੀ ਰੂਸ ਲਈ ਲੜਦਿਆਂ ਮਾਰੇ ਗਏ ਸਨ। ਜਦਕਿ ਸ੍ਰੀ ਲੰਕਾ ਮੁਤਾਬਕ ਉਸਦੇ ਘੱਟੋ-ਘੱਟ 16 ਨਾਗਰਿਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਰੂਸ ਦੀ ਫੌਜ ਲਈ ਲੜ ਰਹੇ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)