ਦਰਬਾਰ ਸਾਹਿਬ ਯੋਗਾ ਮਾਮਲਾ: ਨੋਟਿਸ ਦਾ ਅਰਚਨਾ ਮਕਵਾਨਾ ਨੇ ਦਿੱਤਾ ਜਵਾਬ, ‘ਕੇਸ ਵਾਪਸ ਲੈ ਲਵੋ, ਨਹੀਂ ਤਾਂ ਮੇਰੀ ਲੀਗਲ ਟੀਮ ਲੜਨ ਲਈ ਤਿਆਰ’

ਪੰਜਾਬ ਪੁਲਿਸ ਨੇ ਫੈਸ਼ਨ ਡਿਜ਼ਾਈਨਰ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਨਾ ਨੂੰ 30 ਜੂਨ ਤੱਕ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ।

ਅਰਚਨਾ ਮਕਵਾਨਾ ਦੇ ਨਾਮ ਉੱਤੇ ਅੰਮ੍ਰਿਤਸਰ ਵਿੱਚ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਤਹਿਤ ਪਰਚਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਨੇ 21 ਜੂਨ, ਕੌਮਾਂਤਰੀ ਯੋਗ ਦਿਹਾੜੇ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਯੋਗ ਕਰਦਿਆਂ ਫੋਟੋਸ਼ੂਟ ਨੂੰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਸੀ।

ਇਸ ਬਾਰੇ ਸਿੱਖ ਭਾਈਚਾਰੇ ਵਲੋਂ ਤਿੱਖਾ ਪ੍ਰਤੀਕਰਮ ਹੋਣ ਤੋਂ ਬਾਅਦ ਅਰਚਨਾ ਮਕਵਾਨਾ ਨੇ ਤੁਰੰਤ ਮਾਫੀ ਵੀ ਮੰਗ ਲਈ ਅਤੇ ਇਤਰਾਜ਼ਯੋਗ ਤਸਵੀਰ ਸਮੇਤ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਹਟਾ ਦਿੱਤਾ ਪਰ ਇਸ ਘਟਨਾ ਨੂੰ ਦਰਬਾਰ ਸਾਹਿਬ ਦੀ ਮਰਿਯਾਦਾ ਦੀ ਉਲੰਘਣਾ ਦੱਸਦਿਆਂ ਸ਼੍ਰੋਮਣੀ ਕਮੇਟੀ ਨੇ ਪੁਲਿਸ ਕੋਲ ਲਿਖਤੀ ਸ਼ਿਕਾਇਤ ਕੀਤੀ।

ਐਨਡੀਟੀਵੀ ਦੀ ਖ਼ਬਰ ਮੁਤਾਬਕ ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਫਸਰ ਨੇ ਮੀਡੀਆ ਨੂੰ ਦੱਸਿਆ ਕਿ ਅਰਚਨਾ ਨੂੰ ਭੇਜੇ ਨੋਟਿਸ ਵਿੱਚ ਕਿਹਾ ਗਿਆ ਕਿ, “ਜੇ ਉਹ 30 ਜੂਨ ਤੱਕ ਪੇਸ਼ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਦੋ ਹੋਰ ਨੋਟਿਸ ਭੇਜੇ ਜਾਣਗੇ। ਜੇ ਉਹ ਫਿਰ ਵੀ ਪੁਲਿਸ ਦੇ ਸਾਹਮਣੇ ਪੇਸ਼ ਨਹੀਂ ਹੁੰਦੇ ਤਾਂ ਇੱਕ ਟੀਮ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਭੇਜੀ ਜਾਵੇਗੀ।”

ਅੰਮ੍ਰਿਤਸਰ ਦੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਦਰਪਨ ਆਹਲੂਵਾਲੀਆ ਨੇ ਕਿਹਾ ਕਿ ਪਹਿਲਾਂ ਅਰਚਨਾ ਮਕਵਾਨਾ ਦਾ ਬਿਆਨ ਦਰਜ ਕੀਤਾ ਜਾਵੇਗਾ, ਫਿਰ ਹੀ ਗ੍ਰਿਫਤਾਰ ਕੀਤਾ ਜਾਵੇਗਾ।

ਉਨ੍ਹਾਂ ਨੇ ਕਿਹਾ, “ਅਰਚਨਾ ਨੂੰ ਪੁਲਿਸ ਦੇ ਸਾਹਮਣੇ ਪੇਸ਼ ਹੋ ਕੇ ਬਿਆਨ ਦਰਜ ਕਰਵਾਉਣ ਲਈ ਨੋਟਿਸ ਭੇਜਿਆ ਗਿਆ ਹੈ।”

ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਅਰਚਨਾ ਨੇ ਕਿਹਾ ਕਿ ਹੁਣ ਉਹ ਕਿਸੇ ਗੁਰਦੁਆਰੇ ਨਹੀਂ ਜਾਣਗੇ।

ਅਰਚਨਾ ਖਿਲਾਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ਉੱਤੇ ਮੰਦ ਭਾਵਨਾ ਨਾਲ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਭਾਰਤੀ ਦੰਡਾਵਲੀ ਦ ਧਾਰਾ 295-ਏ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ।

ਐੱਫਆਈਆਰ ਤੋਂ ਬਾਅਦ ਅਰਚਨਾ ਨੇ ਕੀ ਕਿਹਾ?

ਬੁੱਧਵਾਰ ਸਵੇਰੇ ਅਰਚਨਾ ਨੇ ਇੱਕ ਹੋਰ ਵੀਡੀਓ ਅਪਲੋਡ ਕੀਤੀ ਕਿ ਐੱਫਆਈਆਰ ਵਾਪਸ ਨਾ ਲਏ ਜਾਣ ਦੀ ਸੂਰਤ ਵਿੱਚ ਉਨ੍ਹਾਂ ਦੀ ਲੀਗਲ ਟੀਮ ਵੀ ਲੜਾਈ ਲਈ ਤਿਆਰ ਹੈ।

ਆਪਣੀ ਵੀਡੀਓ ਵਿੱਚ ਤਲਖ ਲਹਿਜ਼ੇ ਵਿੱਚ ਬੋਲਦਿਆਂ ਉਨ੍ਹਾਂ ਨੇ ਕਿਹਾ, “21 ਜੂਨ ਨੂੰ ਜਦੋਂ ਮੈਂ ਸ਼ੀਰਸ਼ ਆਸਨ ਕਰ ਰਹੀ ਸੀ, ਗੋਲਡਨ ਟੈਂਪਲ ਵਿੱਚ, ਉੱਥੇ ਹਜ਼ਾਰਾਂ ਸਿੱਖ ਮੌਜੂਦ ਸਨ। ਜਿਸ ਨੇ ਫੋਟੋ ਖਿੱਚਿਆ ਉਹ ਵੀ ਸਰਦਾਰ ਜੀ ਸਨ। ਉਹ ਤਾਂ ਮੇਰੇ ਤੋਂ ਪਹਿਲਾਂ ਵੀ ਫੋਟੋ ਖਿੱਚ ਰਹੇ ਸਨ। ਉੱਥੇ ਜੋ ਸੋਵਾਦਾਰ ਖੜ੍ਹੇ ਸੀ, ਉਨ੍ਹਾਂ ਨੇ ਵੀ ਨਹੀਂ ਰੋਕਿਆ। ਸੇਵਾਦਾਰ ਵੀ ਪੱਖਪਾਤੀ ਹੀ ਹਨ, ਉਹ ਕਿਸੇ ਨੂੰ ਰੋਕਦੇ ਹਨ, ਕਿਸੇ ਨੂੰ ਨਹੀਂ ਰੋਕਦੇ। ਇਸ ਲਈ ਮੈਂ ਵੀ ਕਿਹਾ ਕਿ ਇੱਕ ਫੋਟੋ ਖਿੱਚ ਲੈਂਦੀ ਹਾਂ, ਮੈਨੂੰ ਕੁਝ ਗਲਤ ਨਹੀਂ ਲੱਗਿਆ।”

“ਜਦੋਂ ਮੈਂ ਫੋਟੋ ਕਰ ਰਹੀ ਸੀ, ਉਦੋਂ ਉੱਥੇ ਜਿੰਨੇ ਵੀ ਸਿੱਖ ਖੜ੍ਹੇ ਸਨ, ਉਨ੍ਹਾਂ ਦੀ ਆਸਥਾ ਨੂੰ ਤਾਂ ਦੁੱਖ ਨਹੀਂ ਪਹੁੰਚਿਆ। ਤਾਂ ਮੈਨੂੰ ਲੱਗਿਆ ਮੈਂ ਵੀ ਕੁਝ ਗਲਤ ਨਹੀਂ ਕੀਤਾ ਲੇਕਿਨ 7 ਸਮੁੰਦਰ ਪਾਰ ਕਿਸੇ ਨੂੰ ਲੱਗਿਆ ਕਿ ਮੈਂ ਗਲਤ ਕੀਤਾ। ਨੈਗਿਟਵ ਤਰੀਕੇ ਨਾਲ ਮੇਰਾ ਫੋਟੋ ਵਾਇਰਲ ਕਰ ਦਿੱਤਾ। ਜਿਸ ਤੋਂ ਬਾਅਦ ਇਹ ਹੋਰ ਬੁਰਾ ਹੋਵੇਗਾ। ਨਹੀ ਤਾਂ ਮੇਰਾ ਇਰਾਦਾ ਬੁਰਾ ਨਹੀਂ ਸੀ।“

“ਹੁਣ ਸੀਸੀਟੀਵੀ ਦਾ ਸਾਰਾ ਵੀਡੀਓ ਵਾਇਰਲ ਕਰ ਦਿਓ ਉੱਥੇ ਕਿਤੇ ਨਿਯਮ ਨਹੀਂ ਲਿਖੇ ਹਨ। ਸਿੱਖ, ਜੋ ਉੱਥੇ ਰੋਜ਼ ਜਾਂਦੇ ਹਨ, ਉਨ੍ਹਾਂ ਨੂੰ ਨਿਯਮ ਨਹੀਂ ਪਤਾ, ਜੋ ਕੁੜੀ ਪਹਿਲੀ ਵਾਰ ਗੁਜਰਾਤ ਤੋਂ ਆਈ ਹੈ, ਉਸ ਨੂੰ ਕਿਵੇਂ ਪਤਾ ਹੋਵੇਗਾ। ਉੱਥੇ ਕਿਸੇ ਨੇ ਮੈਨੂੰ ਰੋਕਿਆ ਨਹੀਂ। ਰੋਕਿਆ ਹੁੰਦਾ ਤਾਂ ਡਿਲੀਟ ਕਰ ਦਿੰਦੀ ਫੋਟੋ।”

“ਮੇਰੇ ਖਿਲਾਫ਼ ਫਾਲਤੂ ਦੀ ਐੱਫਆਈਆਰ ਕਰਨ ਦੀ ਲੋੜ ਕੀ ਸੀ। ਇੰਨਾ ਸਾਰਾ ਮਾਨਸਿਕ ਤਸ਼ੱਦਦ ਮੈਨੂੰ ਹੋਇਆ, ਉਸਦਾ ਕੀ। ਅਜੇ ਵੀ ਟਾਈਮ ਹੈ, ਐੱਫਆਈਆਰ ਵਾਪਸ ਲੈ ਲਓ, ਨਹੀਂ ਤਾਂ ਮੈਂ ਅਤੇ ਮੇਰੀ ਲੀਗਲ ਟੀਮ ਵੀ ਲੜਾਈ ਕਰਨ ਲਈ ਤਿਆਰ ਹੈ।”

ਘਟਨਾ ਬਾਰੇ ਵਿਵਾਦ ਹੋਣ ਤੋਂ ਬਾਅਦ ਅਰਚਨਾ ਨੇ ਇੱਕ ਵੀਡੀਓ ਜ਼ਰੀਏ ਇਸ ਲਈ ਮਾਫ਼ੀ ਮੰਗ ਲਈ ਸੀ।

ਐੱਸਜੀਪੀਸੀ ਦੀ ਰਿਪੋਰਟ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੇ 23 ਜੂਨ ਨੂੰ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਹੋਰ ਵੀਡੀਓ ਅਪਲੋਡ ਕੀਤਾ।

ਵੀਡੀਓ ਵਿੱਚ ਉਨ੍ਹਾਂ ਨੇ ਕਿਹਾ ਕਿ ਮੈਨੂੰ ਬਹੁਤ ਦੁੱਖ ਹੋ ਰਿਹਾ ਹੈ ਕਿ ਜੋ ਮੈਂ ਬਹੁਤ ਨੇਕ ਵਿਸ਼ਵਾਸ ਨਾਲ ਕੀਤਾ ਸੀ ਉਸ ਨੂੰ ਬਹੁਤ ਗਲਤ ਤਰੀਕੇ ਨਾਲ ਦੇਖਿਆ ਗਿਆ ਹੈ।

ਉਨ੍ਹਾਂ ਨੇ ਕਿਹਾ, “ਮੈਂ 20 ਜੂਨ ਨੂੰ ਗੋਲਡਨ ਟੈਂਪਲ ਵਿੱਚ ਮੱਥਾ ਵੀ ਟੇਕ ਕੇ ਆਈ ਸੀ ਸੇਵਾ ਵੀ ਕੀਤੀ ਸੀ। 21 ਨੂੰ ਯੋਗਾ ਡੇ ਸੀ। ਅਤੇ ਜਿਵੇਂ ਦਿਲਜੀਤ ਦੋਸਾਂਝ ਕਹਿੰਦੇ ਹਨ ਕਿ ਯੋਗਾ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਹੀ ਸੁਨੇਹਾ ਫੈਲਾਉਣ ਲਈ ਮੈਂ ਸੋਚਿਆ ਕਿ ਮੈਂ ਵੀ ਕੁਝ ਕਰ ਲੈਂਦੀ ਹਾਂ ਜਿਸ ਨਾਲ ਪੰਜਾਬ ਵਿੱਚ ਜ਼ਿਆਦਾ ਲੋਕ ਯੋਗ ਨੂੰ ਅਪਨਾਉਣ।”

ਉਸ ਦਿਨ ਮੇਰੀ ਫੋਟੋ ਵੀ ਸਰਦਾਰ ਜੀ ਨੇ ਹੀ ਖਿੱਚੀ ਸੀ ਉਨ੍ਹਾਂ ਨੇ ਮੈਨੂੰ ਨਹੀਂ ਕਿਹਾ ਕਿ ਮੈਂ ਕੁਝ ਗਲਤ ਕਰ ਰਹੀ ਹਾਂ। ਇਸ ਲਈ ਮੈਨੂੰ ਨਹੀਂ ਲੱਗਿਆ ਕਿ ਮੈਂ ਕੁਝ ਗਲਤ ਕੀਤਾ ਹੈ।

"ਮੈਨੂੰ ਬਹੁਤ ਬੁਰਾ ਲੱਗ ਰਿਹਾ ਹੈ ਕਿ ਮੈਂ ਕਿਸੇ ਨੂੰ ਦੁਖੀ ਕੀਤਾ ਮੇਰੇ ਅਜਿਹਾ ਕੋਈ ਇਰਾਦਾ ਨਹੀਂ ਸੀ।"

ਉਨ੍ਹਾਂ ਨੇ ਅਪੀਲ ਕੀਤੀ ਕਿ ਮਸਲੇ ਨੂੰ ਫਿਰਕੂ ਅਤੇ ਸਿਆਸੀ ਨਾ ਬਣਾਉ। ਕਿਉਂਕਿ ਇਹ ਇੱਕਓਅੰਕਾਰ ਹੈ, ਸਭ ਇੱਕ ਹੀ ਹੈ।

“ਜੋ ਲੋਕ ਇਹ ਕਹਿ ਰਹੇ ਹਨ ਕਿ ਮੈਂ ਬਹੁਤ ਮਾੜੇ ਇਰਾਦੇ ਨਾਲ ਉੱਥੇ ਆਈ ਸੀ ਇਹ ਸੰਭਵ ਹੀ ਨਹੀਂ ਹੈ। ਉਨ੍ਹਾਂ ਦੇ ਹੁਕਮ ਤੋਂ ਬਿਨਾਂ ਸੰਭਵ ਹੀ ਨਹੀਂ ਸੀ।ਮੈਨੂੰ ਬਹੁਤ ਬੁਰਾ ਲੱਗ ਰਿਹਾ ਹੈ।”

“ਮੈਂ ਪੰਜਾਬ ਪੁਲਿਸ ਅਤੇ ਐਸਜੀਪੀਸੀ ਅੰਮ੍ਰਿਤਸਰ ਨੂੰ ਕਹਿਣਾ ਚਾਹਾਂਗੀ ਕਿ ਤੁਸੀਂ ਦੋਵਾਂ ਦਿਨਾਂ ਦੇ ਸੀਸੀਟੀਵੀ ਕੈਮਰੇ ਦੇਖ ਲਓ। ਉਨ੍ਹਾਂ ਨੂੰ ਜਨਤਕ ਕਰ ਦਿਓ ਮੈਨੂੰ ਕੋਈ ਇਤਰਾਜ਼ ਨਹੀਂ ਹੈ।”

ਉਨ੍ਹਾਂ ਨੇ ਕਿਹਾ, “ਇਸ ਲਈ ਮੈਨੂੰ ਮਾਰਨ ਦੀਆਂ ਧਮਕੀਆਂ, ਰੇਪ ਦੀਆਂ ਧਮਕੀਆਂ ਨਾ ਜਾਣੇ ਕੀ ਕੁਝ ਮਿਲ ਚੁੱਕਿਆ ਹੈ ਹੁਣ ਤੱਕ। ਮੈਨੂੰ ਗੁਜਰਾਤ ਸਰਕਾਰ ਨੇ ਸੁਰੱਖਿਆ ਦੇ ਦਿੱਤੀ ਜਿਸ ਲਈ ਮੈਂ ਧੰਨਵਾਦੀ ਹਾਂ ਨਹੀਂ ਤਾਂ ਹੁਣ ਤੱਕ ਕੀ ਕੁਝ ਹੋ ਜਾਂਦਾ।”

ਉਨ੍ਹਾਂ ਨੇ ਕਿਹਾ ਕਿ ਇਸ ਸਭ ਦੇ ਪਿੱਛੇ ਜੋ ਮੇਰੀ ਅਸਲੀ ਭਾਵਨਾ ਸੀ ਉਹ ਤਾਂ ਬਦਕਿਸਮਤੀ ਨਾਲ ਕਿਸੇ ਨੂੰ ਦਿਖ ਹੀ ਨਹੀਂ ਰਹੀ ਹੈ। ਇੰਨਾ ਵੱਡਾ ਗੁਨਾਹ ਮੈਂ ਨਹੀਂ ਕੀਤਾ ਹੈ ਕਿ ਤੁਸੀਂ ਮੈਨੂੰ ਮਾਰਨ ਦੀ ਧਮਕੀ ਦੇ ਰਹੇ ਹੋ, ਰੇਪ ਦੀ ਧਮਕੀ ਦੇ ਰਹੇ ਹੋ।”

ਐੱਸਜੀਪੀਸੀ ਨੇ ਸ਼ਿਕਾਇਤ ਵਿੱਚ ਕੀ ਕਿਹਾ ਹੈ?

ਥਾਣਾ ਗਲਿਆਰਾ ਦੇ ਮੁੱਖ ਅਫ਼ਸਰ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਐੱਸਜੀਪੀਸੀ ਵੱਲੋਂ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਨੇ ਦਰਜ ਕਰਵਾਈ ਹੈ।

ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ, ‘22 ਜੂਨ ਨੂੰ ਅਸੀਂ ਆਪਣੀ ਡਿਊਟੀ ਉੱਤੇ ਹਾਜ਼ਰ ਸੀ ਕਿ ਯੂਟਿਊਬ ਅਤੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਵਾਇਰਲ ਕੀਤੀ ਗਈ ਹੈ ਜਿਸ ਵਿੱਚ ਅਰਚਨਾ ਮਕਵਾਨਾ ਨਾਮ ਦੀ ਲੜਕੀ ਜੋ ਸ਼੍ਰੀ ਦਰਬਾਰ ਸਾਹਿਬ ਪਰਿਕਰਮਾ ਦੇ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਸਥਾਨ ਨੇ ਯੋਗਾ ਵਗੈਰਾ ਅਤੇ ਇਤਰਾਜ਼ਯੋਗ ਫੋਟੋ ਖਿੱਚੀ ਗਈ ਅਤੇ ਜਾਣ-ਬੁੱਝ ਕੇ ਵਾਇਰਲ ਕਰ ਰਹੀ ਹੈ। ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਲੜਕੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।’

ਅਰਚਨਾ ਮਕਵਾਨਾ ਕੌਣ ਹਨ?

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਮਕਵਾਨਾ ਇੱਕ ਇੰਸਟਾਗ੍ਰਾਮ ਇਨਫਲੂਐਂਸਰ ਅਤੇ ਉੱਦਮੀ ਹਨ। ਉਹ ਵਡੋਦਰਾ, ਗੁਜਰਾਤ ਵਿੱਚ ਆਪਣਾ ਇੱਕ ਫੈਸ਼ਨ ਬਰੈਂਡ ਹਾਊਸ ਆਫ਼ ਅਰਚਨਾ ਸੰਭਾਲਦੇ ਹਨ।

ਉਹ ਇੱਕ ਹੋਰ ਬਰੈਂਡ ਹੀਲਿੰਗ ਤਤਵਾ ਨਾਲ ਵੀ ਜੁੜੇ ਹੋਏ ਹਨ ਅਤੇ ਇੱਕ ਟਰੈਵਲ ਵਲੌਗਰ ਵਜੋਂ ਆਪਣੇ ਸਫਰ ਦੇ ਅਨੁਭਵ ਸੋਸ਼ਲ ਮੀਡੀਆ ਉੱਤੇ ਸਾਂਝੇ ਕਰਦੇ ਹਨ।

ਉਨ੍ਹਾਂ ਦੇ ਸੋਸ਼ਲ ਮੀਡੀਆ ਉੱਤੇ ਲਗਭਗ 140 ਹਜ਼ਾਰ ਫੌਲੋਅਰ ਹਨ। ਉਹ ਆਪਣੇ ਆਪ ਨੂੰ ਫੈਸ਼ਨ ਡਿਜ਼ਾਈਨਰ, ਉੱਦਮੀ, ਇਨਫੂਲੂਐਂਸਰ ਅਤੇ ਟਰੈਵਲ ਤੇ ਫੈਸ਼ਨ ਬਲੌਗਰ ਦੱਸਦੇ ਹਨ।

ਯੋਗਾ ਦਾ ਪ੍ਰਚਾਰ ਪ੍ਰਸਾਰ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਕੌਮਾਂਤਰੀ ਯੋਗ ਦਿਨ ਮੌਕੇ ਮਿਲੇ ਸਨਮਾਨ ਨਾਲ ਮਾਨਤਾ ਵੀ ਮਿਲੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)