You’re viewing a text-only version of this website that uses less data. View the main version of the website including all images and videos.
ਦਰਬਾਰ ਸਾਹਿਬ ਯੋਗਾ ਮਾਮਲਾ: ਯੋਗ ’ਤੇ ਇੰਨਾ ਤਿੱਖਾ ਪ੍ਰਤੀਕਰਮ ਕਿਉਂ? ਕੀ ਸਿੱਖ ਫ਼ਲਸਫ਼ਾ ਯੋਗ ਦਾ ਵਿਰੋਧ ਕਰਦਾ ਹੈ?
- ਲੇਖਕ, ਖੁਸ਼ਹਾਲ ਲਾਲੀ
- ਰੋਲ, ਬੀਬੀਸੀ ਪੱਤਰਕਾਰ
ਅਰਚਨਾ ਮਕਵਾਨਾ ਨਾਮ ਦੀ ਇੱਕ ਕੁੜੀ ਉੱਤੇ ਅੰਮ੍ਰਿਤਸਰ ਵਿੱਚ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜਾਮ ਤਹਿਤ ਪਰਚਾ ਦਰਜ ਕੀਤਾ ਗਿਆ ਹੈ।
ਅਰਚਨਾ ਮਕਵਾਨਾ, ਗੁਜਰਾਤ ਦੇ ਵਡੋਦਰਾ ਸ਼ਹਿਰ ਦੀ ਰਹਿਣ ਵਾਲੀ ਫੈਸ਼ਨ ਡਿਜਾਇਨਰ ਅਤੇ ਸੋਸ਼ਲ ਮੀਡੀਆ ਇੰਨਫਲੂਐਂਸਰ ਹੈ।
ਉਨ੍ਹਾਂ ਨੇ 21 ਜੂਨ, ਕੌਮਾਂਤਰੀ ਯੋਗ ਦਿਹਾੜੇ ਮੌਕੇ ਸ੍ਰੀ ਹਰਮਿੰਦਰ ਸਾਹਿਬ ਦੀ ਪਰਿਕਰਮਾ ਵਿੱਚ ਯੋਗ ਕਰਦਿਆਂ ਫੋਟੋਸ਼ੂਟ ਕਰਵਾਇਆ ਅਤੇ ਇਸ ਨੂੰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ।
ਇਸ ਬਾਰੇ ਸਿੱਖ ਭਾਈਚਾਰੇ ਵਲੋਂ ਤਿੱਖਾ ਪ੍ਰਤੀਕਰਮ ਹੋਣ ਤੋਂ ਬਾਅਦ ਅਰਚਨਾ ਮਕਵਾਨਾ ਨੇ ਤੁਰੰਤ ਮਾਫੀ ਵੀ ਮੰਗ ਲਈ ਅਤੇ ਇਤਰਾਜਯੋਗ ਤਸਵੀਰ ਸਮੇਤ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਹਟਾ ਦਿੱਤਾ ਪਰ ਇਸ ਘਟਨਾ ਨੂੰ ਦਰਬਾਰ ਸਾਹਿਬ ਦੀ ਮਰਿਯਾਦਾ ਦੀ ਉਲੰਘਣਾ ਦੱਸਦਿਆਂ ਸ਼੍ਰੋਮਣੀ ਕਮੇਟੀ ਨੇ ਪੁਲਿਸ ਕੋਲ ਲਿਖਤੀ ਸ਼ਿਕਾਇਤ ਕੀਤੀ।
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਹੈ, ‘‘ਹਰਿਮੰਦਰ ਸਾਹਿਬ, ਸਿੱਖ ਰੂਹਾਨੀਅਤ ਦਾ ਕੇਂਦਰ ਹੈ ਅਤੇ ਇੱਥੇ ਸਮੁੱਚੀ ਮਾਨਵ ਜਾਤੀ ਨੂੰ ਰੱਬੀ ਏਕਤਾ ਦਾ ਸੰਦੇਸ਼ ਮਿਲਦਾ ਹੈ ਪਰ ਯੋਗ ਆਸਣ ਦੀ ਸਿੱਖ ਧਰਮ ਵਿਚ ਕੋਈ ਮਹੱਤਤਾ ਨਹੀਂ ਹੈ।’’
ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਰੀਰਕ ਕਸਰਤ ਲਈ ਸਿੱਖਾਂ ਨੂੰ ਗੱਤਕਾ ਵਰਗੀ ਜੰਗਜੂ ਕਲਾ ਦਿੱਤੀ ਹੈ ਅਤੇ ਸਿੱਖ ਯੋਗ ਨਹੀਂ, ਗੱਤਕਾ ਖੇਡਦੇ ਹਨ।
ਯੋਗ ਉੱਤੇ ਇੰਨਾ ਤਿੱਖਾ ਪ੍ਰਤੀਕਰਮ ਕਿਉਂ?
ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਯੋਗ ਕਰਨ ਉੱਤੇ ਸਿੱਖ ਭਾਈਚਾਰਾ ਇੰਨੀ ਤਿੱਖੀ ਪ੍ਰਤੀਕਿਰਿਆ ਕਿਉਂ ਦੇ ਰਿਹਾ ਹੈ।
ਇਸ ਸਵਾਲ ਦਾ ਜਵਾਬ ਜਾਣਨ ਲਈ ਅਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਧਰਮ ਅਧਿਐਨ ਵਿਭਾਗ ਦੇ ਪ੍ਰੋਫੈਸਰ ਅਤੇ ਸਿੱਖ ਵਿਵਦਾਨ ਡਾਕਟਰ ਸਰਬਜਿੰਦਰ ਸਿੰਘ ਨਾਲ ਗੱਲਬਾਤ ਕੀਤੀ।
ਡਾਕਟਰ ਸਰਬਜਿੰਦਰ ਕਹਿੰਦੇ ਹਨ, ‘‘ਹਰ ਧਾਰਮਿਕ ਅਸਥਾਨ ਦੀ ਇੱਕ ਮਰਿਯਾਦਾ ਹੁੰਦੀ ਹੈ। ਦਰਬਾਰ ਸਾਹਿਬ ਦੀ ਹਦੂਦ ਵਿੱਚ ਜਾ ਕੇ ਯੋਗ ਕਰਨਾ ਅਤੇ ਸੋਸ਼ਲ ਮੀਡੀਆ ਉੱਤੇ ਮਸ਼ਹੂਰੀ ਲ਼ਈ ਫੋਟੋ ਫੀਚਰ ਕਰਵਾਉਣਾ ਮਰਿਯਾਦਾ ਦੀ ਅਵੱਗਿਆ ਹੈ।’’
ਉਹ ਕਹਿੰਦੇ ਹਨ ਕਿ ਜੇਕਰ ਇਹ ਅਣਜਾਣੇ ਵਿੱਚ ਕੀਤੀ ਗਈ, ਗਲ਼ਤੀ ਸੀ ਅਤੇ ਮਾਫੀ ਮੰਗੀ ਗਈ ਹੈ ਤਾਂ ਇਸ ਨੂੰ ਮਾਫ਼ ਵੀ ਕੀਤਾ ਜਾਣਾ ਚਾਹੀਦਾ ਹੈ। ਪਰ ਸੋਸ਼ਲ ਮੀਡੀਆ ਉੱਤੇ ਕੁਝ ਲੋਕ ਜਿਵੇਂ ਸ਼੍ਰੋਮਣੀ ਕਮੇਟੀ ਜਾਂ ਸਿੱਖਾਂ ਖਿਲਾਫ਼ ਪੋਸਟਾਂ ਪਾ ਕੇ ਨਫ਼ਰਤ ਫੈਲਾਅ ਰਹੇ ਹਨ, ਇਸ ਨਾਲ ਸਿੱਖ ਭਾਈਚਾਰੇ ਦੇ ਮਨ੍ਹਾਂ ਉੱਤੇ ਠੇਸ ਹੋ ਗਹਿਰੀ ਹੁੰਦੀ ਹੈ।
ਪੰਜਾਬ ਯੂਨੀਵਰਿਸਟੀ, ਚੰਡੀਗੜ੍ਹ ਦੇ ਸਾਬਕਾ ਪ੍ਰੋਫੈਸਰ ਅਤੇ ਇਤਿਹਾਸਕਾਰ ਗੁਰਦਰਸ਼ਨ ਸਿੰਘ ਢਿੱਲੋਂ ਕਹਿੰਦੇ ਹਨ, ‘‘ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਕੋਈ ਖੇਡਣ ਜਾਂ ਪ੍ਰੈਕਟਿਸ ਕਰਨ ਦੀ ਥਾਂ ਨਹੀਂ ਹੈ, ਦਰਬਾਰ ਸਾਹਿਬ ਹਦੂਦ ਵਿੱਚ ਜਾ ਕੇ ਮਰਿਯਾਦਾ ਵਿਰੋਧੀ ਕੰਮ ਕਰਨ ਵਾਲੇ ਲੋਕ ਇੱਕ ਖਾਸ ਮਾਨਸਿਕਤਾ ਦੇ ਧਾਰਨੀ ਹਨ, ਜਿਹੜੇ ਹਮੇਸ਼ਾ ਸਿੱਖੀ ਦੀ ਵੱਖਰੀ ਪਛਾਣ ਨੂੰ ਢਾਅ ਲਾਉਣ ਦਾ ਕੰਮ ਕਰਦੇ ਹਨ।’’
ਗੁਰਦਰਸ਼ਨ ਢਿੱਲੋਂ ਕਹਿੰਦੇ ਹਨ ਕਿ ਇਹ ਘਟਨਾ ਬੇਅਦਬੀ ਤੋਂ ਘੱਟ ਨਹੀਂ ਹੈ, ਇਸ ਵਿੱਚ ਕਾਨੂੰਨ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ।
ਸੋਸ਼ਲ ਮੀਡੀਆ ਉੱਤੇ ਪ੍ਰਚਾਰ ਦਾ ਹਵਾਲਾ
ਗੁਰਦਰਸ਼ਨ ਢਿੱਲੋਂ ਕਹਿੰਦੇ ਹਨ ਕਿ ਸਿੱਖ ਕੌਮ ਵਿੱਚ ਕਾਫੀ ਗਿਣਤੀ ਲੋਕ ਸਮਝਦੇ ਹਨ ਕਿ ਭਾਰਤ ਵਿੱਚ ਘੱਟ ਗਿਣਤੀਆਂ ਖਿਲਾਫ਼ ਦੋ ਤਰ੍ਹਾਂ ਦਾ ਪ੍ਰਚਾਰ ਚੱਲਦਾ ਹੈ, ਮੁਸਲਮਾਨਾਂ ਨੂੰ ਅਲੱਗ-ਥਲੱਗ ਕਰਨ ਦਾ ਅਤੇ ਸਿੱਖਾਂ ਨੂੰ ਹਿੰਦੂਆਂ ਵਿੱਚ ਸ਼ਾਮਲ ਕਰਨ ਦਾ।
ਇਸ ਲਈ ਜਦੋਂ ਵੀ ਕੋਈ ਘਟਨਾ ਜਾਂ ਵਰਤਾਰਾ, ਜੋ ਉਨ੍ਹਾਂ ਨੂੰ ਸਿੱਖ ਫਲਸਫੇ ਦੇ ਖਿਲਾਫ਼ ਵਾਪਰਦਾ ਲੱਗਦਾ ਹੈ ਤਾਂ ਉਹ ਸਖ਼ਤ ਪ੍ਰਤੀਕਿਰਿਆ ਦਿੰਦੇ ਹਨ।
ਸ਼੍ਰੋਮਣੀ ਕਮੇਟੀ ਨੇ ਦਾਅਵਾ ਕੀਤਾ ਹੈ ਕਿ ਉਹ ਕੁੜੀ ਡੇਢ ਘੰਟੇ ਦੇ ਕਰੀਬ ਪਰਿਕਰਮਾ ਵਿੱਚ ਰਹੀ, ਉਸ ਨੇ ਕਿਤੇ ਵੀ ਮੱਥਾ ਨਹੀਂ ਟੇਕਿਆ, ਉਹ ਸਿਰਫ਼ ਯੋਗ ਆਸਣ ਕਰਕੇ, ਫੋਟੋਆ ਖਿਚਵਾ ਕੇ ਚਲੀ ਗਈ।
ਸ਼੍ਰੋਮਣੀ ਕਮੇਟੀ ਨੇ ਇਸ ਉੱਤੇ ਇਤਰਾਜ਼ ਪ੍ਰਗਟਾਇਆ ਤਾਂ ਸਿੱਖਾਂ ਖਿਲਾਫ਼ ਹੀ ਪ੍ਰਚਾਰ ਸ਼ੁਰੂ ਹੋ ਗਿਆ, ਉਨ੍ਹਾਂ ਨੂੰ ਖਾਲਿਸਾਤਨੀ ਕਿਹਾ ਜਾਣ ਲੱਗਾ। ਦਰਬਾਰ ਸਾਹਿਬ ਆਏ ਮੁਸਲਮਾਨਾਂ ਦੀਆਂ ਤਸਵੀਰਾਂ ਸ਼ੇਅਰ ਕਰਕੇ ‘ਨਫ਼ਰਤੀ ਪ੍ਰਚਾਰ’ ਕੀਤਾ ਜਾਣ ਲੱਗਾ।
ਗੁਰਦਰਸ਼ਨ ਢਿੱਲੋਂ ਕਹਿੰਦੇ ਹਨ, ‘‘ਮੈਂ ਕਹਿੰਦਾ ਹਾਂ ਕਿ ਇਹ ਜਾਣਬੁੱਝ ਕੇ ਕੀਤੀ ਸ਼ਰਾਰਤ ਵੀ ਹੋ ਸਕਦੀ ਹੈ, ਪੁਲਿਸ ਨੂੰ ਇਸ ਦੀ ਗਹਿਰਾਈ ਨਾਲ ਜਾਂਚ ਕਰਨੀ ਚਾਹੀਦੀ ਹੈ ਕਿ ਇਹ ਕੁੜੀ ਕੌਣ ਹੈ, ਕਿੱਥੋਂ ਆਈ ਅਤੇ ਇਸ ਨੂੰ ਕਿਸ ਨੇ ਭੇਜਿਆ ਸੀ, ਇਸ ਦਾ ਪੂਰੀ ਪੜਤਾਲ ਹੋਵੇ।’’
ਹਾਲਾਂਕਿ, ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਸਿੰਘ ਦੀ ਸ਼ਿਕਾਇਤ ਉੱਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲ਼ਜਾਮ ਵਿੱਚ ਅੰਮ੍ਰਿਤਸਰ ਦੀ ਡਵੀਜਨ ਈ ਦੇ ਥਾਣੇ ਵਿੱਚ ਅਰਚਨਾ ਮਕਵਾਨਾ ਖਿਲਾਫ਼ ਧਾਰਾ 295-ਏ ਤਹਿਤ ਮਾਮਲਾ ਦਰਜ ਕੀਤਾ ਹੈ।
ਇਤਰਾਜ ਯੋਗ 'ਤੇ ਜਾਂ ਫੋਟੋ ਸ਼ੂਟ ਉੱਤੇ?
ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਇਤਰਾਜ਼ ਪਰਿਕਰਮਾ ਵਿੱਚ ਯੋਗ ਕਰਨ ਉੱਤੇ ਹੈ ਜਾਂ ਉਸ ਦੇ ਫੋਟੋ ਸ਼ੂਟ ਉੱਤੇ।
ਡਾਕਟਰ ਸਰਬਜਿੰਦਰ ਕਹਿੰਦੇ ਹਨ, ‘‘ਇਤਰਾਜ਼ ਦੋਵੇਂ ਚੀਜਾਂ ਉੱਤੇ ਹੈ। ਯੋਗੀਆਂ ਨਾਲ ਸਿੱਧ ਗੋਸ਼ਟਿ ਕਰਨ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਸਪੱਸ਼ਟ ਸੇਧ ਦਿੱਤੀ ਹੈ। ਭਾਵੇਂ ਸਾਡਾ ਕਿਸੇ ਨਾਲ ਵੈਰ ਵਿਰੋਧ ਨਹੀਂ ਹੈ, ਪਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਯੋਗ ਕਰਨਾ ਅਤੇ ਉੱਤੋਂ ਫੋਟੋ ਸ਼ੂਟ ਕਰਵਾਉਣਾ ਭਾਵਨਾਵਾਂ ਨੂੰ ਸੱਟ ਮਾਰਨ ਵਾਲਾ ਹੈ।’’
ਡਾਕਟਰ ਗੁਰਦਰਸ਼ਨ ਢਿੱਲੋਂ ਕਹਿੰਦੇ ਹਨ, ‘‘ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਦੋਵੇਂ ਸਿੱਖਾਂ ਦੀ ਰੂਹਾਨੀ ਸ਼ਕਤੀ ਦੇ ਕੇਂਦਰ ਹਨ। ਸਿੱਖ ਧਰਮ ਪੂਰੀ ਤਰ੍ਹਾਂ ਡਿਫਾਇਨ ਹੈ, ਸਿੱਖਾਂ ਦੀ ਪਛਾਣ ਵੱਖਰੀ ਹੈ ਅਤੇ ਸਿੱਖ ਨੇ ਕੀ ਕਰਨਾ ਹੈ, ਕੀ ਨਹੀਂ ਇਹ ਸਭ ਕੁਝ ਤੈਅ ਹੈ। ਇਸ ਲਈ ਜਦੋਂ ਵੀ ਕੋਈ ਕੰਮ ਇਸ ਤੋਂ ਉਲਟ ਹੋਵੇਗਾ ਤਾਂ ਸਿੱਖਾਂ ਵਿੱਚੋਂ ਵਿਰੋਧ ਖੜ੍ਹਾ ਹੋਣਾ ਹੀ ਹੈ।’’
ਅਰਚਨਾ ਨੇ ਕੀ ਸਫ਼ਾਈ ਦਿੱਤੀ
ਪੁਲਿਸ ਐੱਫਆਈਆਰ ਮੁਤਾਬਕ ਅਰਚਨਾ ਮਕਵਾਨਾ ਬੜੌਦਾ ਗੁਜਰਾਤ ਦੇ ਰਹਿਣ ਵਾਲੇ ਹਨ।
ਆਪਣੀ ਸਫ਼ਾਈ ਵਾਲੀ ਵੀਡੀਓ ਵਿੱਚ ਅਰਚਨਾ ਮਕਵਾਨਾ ਕਹਿੰਦੇ ਹਨ ਕਿ ਉਹ 19 ਜੂਨ ਨੂੰ ਇੱਕ ਐਵਾਰਡ ਲੈਣ ਲਈ ਦਿੱਲੀ ਆਏ ਸਨ ਅਤੇ ਉਹ ਦਰਬਾਰ ਸਾਹਿਬ ਮੱਥਾ ਟੇਕਣ ਲਈ ਚਲੇ ਗਏ।
ਉਨ੍ਹਾਂ ਨੇ ਕਿਹਾ, “ਜਿਸ ਦਿਨ ਯੋਗਾ ਦਿਵਸ ਸੀ, ਮੈਂ ਆਪਣਾ ਮਨਪਸੰਦ ਆਸਣ ਜੋ ਕਿ ਸ਼ੀਰਸ਼ ਆਸਣ ਹੈ ਧੰਨਵਾਦ ਵਜੋਂ ਕੀਤਾ ਹੈ, ਮੇਰੀ ਅਜਿਹੀ ਕੋਈ ਭਾਵਨਾ ਨਹੀਂ ਸੀ, ਮੇਰਾ ਕਿਸੇ ਵੀ ਧਾਰਮਿਕ ਸੰਸਥਾ ਜਾਂ ਸੰਪਰਦਾ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ।”
ਉਨ੍ਹਾਂ ਨੇ ਮੁਆਫ਼ੀ ਮੰਗਦਿਆਂ ਕਿਹਾ ਕਿ, “ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਗਾਹਲਾਂ ਕੱਢੀਆਂ ਜਾ ਰਹੀਆਂ ਸਨ, ਕੋਈ ਵੀ ਧਰਮ ਨਹੀਂ ਸਿਖਾਉਂਦਾ ਕਿ ਤੁਸੀਂ ਕਿਸੇ ਨੂੰ ਇੰਨਾ ਅਪਮਾਨਿਤ ਕਰੋ, ਕਿਸੇ ਦੀ ਗਲਤੀ ਹੋਵੇ ਤਾਂ ਮੁਆਂਫ਼ ਕਰ ਦੇਣਾ ਚਾਹੀਦਾ ਹੈ, ਮੈਂ ਮੁਆਫ਼ੀ ਮੰਗਦੀ ਹਾਂ, ਮੈਂ ਅੱਗੇ ਤੋਂ ਨਹੀਂ ਕਰਾਂਗੀ, ਮੈਨੂੰ ਨਿਯਮ ਨਹੀਂ ਪਤਾ ਸਨ, ਮੈਂ ਭਾਵਨਾਵਾਂ ਵਿੱਚ ਵਹਿ ਗਈ ਸੀ ਮੇਰਾ ਮੰਤਵ ਗਲਤ ਨਹੀਂ ਸੀ।”