You’re viewing a text-only version of this website that uses less data. View the main version of the website including all images and videos.
ਅਸੀਂ ਕਿਉਂ ਰੋਂਦੇ ਹਾਂ? ਮਨੁੱਖੀ ਹੰਝੂ ਇੰਨੇ ਵਿਲੱਖਣ ਕਿਉਂ ਹਨ ਤੇ ਇਨ੍ਹਾਂ ਪਿੱਛੇ ਵਿਗਿਆਨ ਕੀ ਹੈ
ਜਦੋਂ ਅਸੀਂ ਉਦਾਸ, ਭਾਵਨਾਤਮਕ ਤੌਰ 'ਤੇ ਬਹੁਤ ਜ਼ਿਆਦਾ ਥੱਕੇ ਹੋਏ, ਗੁੱਸੇ ਵਿੱਚ ਜਾਂ ਇੱਥੋਂ ਤੱਕ ਕਿ ਬਹੁਤ ਖੁਸ਼ ਵੀ ਹੁੰਦੇ ਹਾਂ ਤਾਂ ਅਸੀਂ ਰੋ ਪੈਂਦੇ ਹਾਂ।
ਪਰ ਕੀ ਤੁਸੀਂ ਜਾਣਦੇ ਹੋ ਕਿ ਮਨੁੱਖ ਹੀ ਇਕੱਲੀ ਅਜਿਹੀ ਪ੍ਰਜਾਤੀ ਹੈ, ਜਿਸ ਨੂੰ ਭਾਵਨਾਤਮਕ ਹੰਝੂ ਆਉਂਦੇ ਹਨ?
ਜਦਕਿ ਬਹੁਤ ਸਾਰੇ ਜਾਨਵਰ ਬੱਚੇ ਦੇ ਜਨਮ ਸਮੇਂ ਤਕਲੀਫ਼ ਦਾ ਸੰਕੇਤ ਦੇਣ ਲਈ ਉੱਚੀ ਆਵਾਜ਼ ਵਿੱਚ ਰੋਂਦੇ ਹਨ, ਪਰ ਉਨ੍ਹਾਂ ਵਿੱਚ ਅਜਿਹੇ ਦਿਮਾਗੀ ਸਿਸਟਮ ਨਜ਼ਰ ਨਹੀਂ ਆਉਂਦੇ ਜੋ ਗੁੰਝਲਦਾਰ ਭਾਵਨਾਵਾਂ ਦੇ ਜਵਾਬ ਵਜੋਂ ਹੰਝੂ ਪੈਦਾ ਕਰਨ।
ਵਿਗਿਆਨੀ ਇਹ ਸਮਝਦੇ ਹਨ ਕਿ ਹੰਝੂ ਕਿਵੇਂ ਕੰਮ ਕਰਦੇ ਹਨ, ਪਰ ਮਨੁੱਖ ਕਿਉਂ ਰੋਂਦੇ ਹਨ ਅਤੇ ਭਾਵਨਾਤਮਕ ਹੰਝੂਆਂ ਦਾ ਮਕਸਦ ਕੀ ਹੈ, ਇਹ ਪੱਖ ਅਜੇ ਵੀ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ ਹੈ।
ਹੰਝੂ ਕੀ ਹਨ?
"ਹੰਝੂ ਪੰਜ ਤੱਤਾਂ ਤੋਂ ਬਣੇ ਹੁੰਦੇ ਹਨ - ਮਿਊਕਸ, ਇਲੈਕਟ੍ਰੋਲਾਈਟਸ, ਪਾਣੀ, ਪ੍ਰੋਟੀਨ ਅਤੇ ਲਿਪਿਡਸ।''
ਸਵਿਟਜ਼ਰਲੈਂਡ ਦੇ ਇੰਸਟੀਚਿਊਟ ਆਫ਼ ਹਿਊਮਨ ਬਾਇਓਲੋਜੀ ਦੀ ਪੋਸਟਡਾਕਟੋਰਲ ਫੈਲੋ ਡਾਕਟਰ ਮਾਰੀ ਬਾਨੀਏ-ਹੇਲਾਊਏਤ ਨੇ ਇਸ ਬਾਰੇ ਸਮਝਾਉਂਦਿਆਂ ਬੀਬੀਸੀ ਵਰਲਡ ਸਰਵਿਸ ਦੇ ਪ੍ਰੋਗਰਾਮ ਕ੍ਰਾਊਡਸਾਇੰਸ ਨੂੰ ਦੱਸਿਆ ਕਿ ਇਹ ਸਾਰੇ ਤੱਤ ਵੱਖ-ਵੱਖ ਗੁਣ ਰੱਖਦੇ ਹਨ।
ਮਿਸਾਲ ਵਜੋਂ, ਪ੍ਰੋਟੀਨ ਵਾਇਰਸ ਅਤੇ ਬੈਕਟੀਰੀਆ ਦੇ ਵਿਰੋਧੀ ਹੁੰਦੇ ਹਨ, ਜਦਕਿ ਇਲੈਕਟ੍ਰੋਲਾਈਟਸ ਖਣਿਜ ਹਨ ਜੋ ਸਰੀਰਕ ਕਾਰਜਾਂ ਲਈ ਲਾਜ਼ਮੀ ਹੁੰਦੇ ਹਨ।
ਇਸ ਦੇ ਨਾਲ ਹੀ ਹੰਝੂਆਂ ਦੀਆਂ ਤਿੰਨ ਕਿਸਮਾਂ ਵੀ ਹੁੰਦੀਆਂ ਹਨ।
ਖੋਜਕਰਤਾ ਮਾਰੀ ਬਾਨੀਏ-ਹੇਲਾਊਏਤ ਕਹਿੰਦੇ ਹਨ, "ਬੇਸਲ ਹੰਝੂ ਉਹ ਹਨ ਜੋ ਹਮੇਸ਼ਾ ਅੱਖ ਦੀ ਸਤ੍ਹਾ 'ਤੇ ਮੌਜੂਦ ਰਹਿੰਦੇ ਹਨ। ਇਹ ਅੱਖ ਦੀ ਨਮੀ ਨੂੰ ਬਰਕਰਾਰ ਰੱਖਦੇ ਹਨ।''
ਦੂਜੇ ਹੁੰਦੇ ਹਨ ਰਿਫਲੈਕਸ ਹੰਝੂ, ਜੋ ਉਸ ਵੇਲੇ ਨਿਕਲਦੇ ਹਨ ਜਦੋਂ ਕੋਈ ਚੀਜ਼ ਜਿਵੇਂ ਕਿ ਕੀੜਾ ਜਾਂ ਧੂੜ ਆਦਿ ਅੱਖ ਵਿੱਚ ਚਲੀ ਜਾਂਦੀ ਹੈ।
ਕਾਰਨੀਆ ਵਿੱਚ ਮੌਜੂਦ ਨਰਵ ਕੋਸ਼ਿਕਾਵਾਂ ਨੂੰ ਕਿਸੇ ਬਾਹਰੀ ਤੱਤ ਦੇ ਆਉਣ ਦਾ ਅਹਿਸਾਸ ਹੋ ਜਾਂਦਾ ਹੈ। ਕਾਰਨੀਆ ਅੱਖ ਦੀ ਪਾਰਦਰਸ਼ੀ, ਗੁੰਬਦ-ਆਕਾਰ ਦੀ ਬਾਹਰੀ ਪਰਤ ਹੁੰਦੀ ਹੈ ਜੋ ਕੀਟਾਣੂਆਂ ਅਤੇ ਗੰਦਗੀ ਤੋਂ ਸੁਰੱਖਿਆ ਦਿੰਦੀ ਹੈ।
ਪੂਰੇ ਸਰੀਰ ਵਿੱਚ, ਇਸ ਥਾਂ 'ਤੇ ਹੀ ਸਭ ਤੋਂ ਵੱਧ ਨਰਵ ਕੋਸ਼ਿਕਾਵਾਂ ਹੁੰਦੀਆਂ ਹਨ। ਬਾਨੀਏ-ਹੇਲਾਊਏਤ ਦੇ ਅਨੁਸਾਰ, ਇਹ ਤਾਪਮਾਨ, ਮਕੈਨੀਕਲ ਦਬਾਅ ਅਤੇ ਖੁਸ਼ਕੀ ਨੂੰ ਮਹਿਸੂਸ ਕਰ ਸਕਦੀਆਂ ਹਨ।
ਨਰਵ ਕੋਸ਼ਿਕਾਵਾਂ ਤੋਂ ਆਉਣ ਵਾਲੇ ਸੰਦੇਸ਼ ਦਿਮਾਗ ਦੇ ਇੱਕ ਹਿੱਸੇ ਤੱਕ ਜਾਂਦੇ ਹਨ ਜਿਸ ਨੂੰ ਲੈਕਰਾਈਮਲ ਨਿਊਕਲੀਅਸ ਕਿਹਾ ਜਾਂਦਾ ਹੈ, ਜੋ ਹੰਝੂਆਂ ਨੂੰ ਕੰਟਰੋਲ ਕਰਦਾ ਹੈ। ਸੰਕੇਤ ਮਿਲਣ ਤੋਂ ਬਾਅਦ ਇਹ ਹੰਝੂ ਗ੍ਰੰਥੀਆਂ ਨੂੰ ਹੋਰ ਹੰਝੂ ਬਣਾਉਣ ਦਾ ਸੰਕੇਤ ਦਿੰਦਾ ਹੈ।
ਭਾਵਨਾਵਾਂ ਵਾਲੇ ਹੰਝੂ
ਹੰਝੂਆਂ ਦੀ ਤੀਜੀ ਕਿਸਮ ਹੈ - ਭਾਵਨਾਤਮਕ ਹੰਝੂ। ਇੱਥੇ ਮਾਮਲਾ ਹੋਰ ਵੀ ਗੁੰਝਲਦਾਰ ਹੋ ਜਾਂਦਾ ਹੈ।
ਦਿਮਾਗ ਦੇ ਭਾਵਨਾਵਾਂ ਨੂੰ ਸੰਭਾਲਣ ਵਾਲੇ ਹਿੱਸੇ ਵੀ ਲੈਕਰਾਈਮਲ ਨਿਊਕਲੀਅਸ ਨਾਲ ਸੰਚਾਰ ਕਰਦੇ ਹਨ, ਪਰ ਇਹ ਸੰਚਾਰ ਮਾਰਗ (ਪਾਥਵੇਅਜ਼) ਸਧਾਰਣ ਸੁਰੱਖਿਆ ਰਿਫਲੈਕਸ ਨਾਲੋਂ ਕਾਫ਼ੀ ਜ਼ਿਆਦਾ ਗੁੰਝਲਦਾਰ ਹੁੰਦੇ ਹਨ।
ਨਿਦਰਲੈਂਡਜ਼ ਦੀ ਟਿਲਬਰਗ ਯੂਨੀਵਰਸਿਟੀ ਦੇ ਕਲੀਨਿਕਲ ਮਨੋਵਿਗਿਆਨ ਦੇ ਐਮੇਰਿਟਸ ਪ੍ਰੋਫੈਸਰ ਐਡ ਵਿੰਘਰਹੋਇਟਸ ਦੇ ਅਨੁਸਾਰ, ਰੋਣਾ ਅਕਸਰ ਕਿਸੇ ਇੱਕ ਭਾਵਨਾ ਕਾਰਨ ਨਹੀਂ ਬਲਕਿ ਇਮੋਸ਼ਨਲ ਓਵਰਲੋਡ (ਵਧੇਰੇ ਭਾਵਨਾਤਮਕ ਭਾਰ) ਕਾਰਨ ਹੁੰਦਾ ਹੈ।
ਉਹ ਕਹਿੰਦੇ ਹਨ, "ਭਾਵਨਾਵਾਂ ਸ਼ੁੱਧ ਰੂਪ ਵਿੱਚ ਕਦੇ-ਕਦਾਈਂ ਹੀ ਹੁੰਦੀਆਂ ਹਨ। ਅਕਸਰ ਇਹ ਵੱਖ-ਵੱਖ ਭਾਵਨਾਵਾਂ ਦਾ ਮੇਲ ਜਾਂ ਤੇਜ਼ੀ ਨਾਲ ਬਦਲਾਅ ਹੁੰਦਾ ਹੈ।''
ਉਹ ਇਹ ਵੀ ਦੱਸਦੇ ਹਨ ਕਿ ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਜਾਂਦੀ ਹੈ, ਭਾਵਨਾਤਮਕ ਤੌਰ 'ਤੇ ਰੋਣ ਦੇ ਕਾਰਨ ਬਦਲ ਜਾਂਦੇ ਹਨ। ਜਿਵੇਂ ਬੱਚਿਆਂ ਲਈ ਸਰੀਰਕ ਦਰਦ ਰੋਣ ਦਾ ਇੱਕ ਮਹੱਤਵਪੂਰਨ ਕਾਰਨ ਹੁੰਦਾ ਹੈ, ਪਰ ਵੱਡਿਆਂ ਅਤੇ ਬਜ਼ੁਰਗਾਂ ਲਈ ਅਜਿਹਾ ਘੱਟ ਹੁੰਦਾ ਹੈ।
ਉਮਰ ਵਧਣ ਨਾਲ, ਰੋਣਾ ਵਧੇਰੇ ਹਮਦਰਦੀ ਨਾਲ ਜੁੜ ਜਾਂਦਾ ਹੈ ਜੋ "ਸਿਰਫ਼ ਆਪਣੀ ਤਕਲੀਫ਼ ਲਈ ਨਹੀਂ, ਸਗੋਂ ਹੋਰਾਂ ਦੀ ਪੀੜਾ ਅਤੇ ਦੁੱਖ ਲਈ ਵੀ ਹੁੰਦਾ ਹੈ।"
ਵਿੰਘਰਹੋਇਟਸ ਦੱਸਦੇ ਹਨ ਕਿ ਸਕਾਰਾਤਮਕ ਭਾਵਨਾਵਾਂ ਜਿਵੇਂ ਕਲਾ ਜਾਂ ਕੁਦਰਤ ਦੀ ਸੁੰਦਰਤਾ ਵੀ ਹੰਝੂ ਲਿਆ ਸਕਦੀਆਂ ਹਨ।
ਰੋਣ ਦਾ ਮਕਸਦ ਕੀ ਹੈ?
ਕਈ ਲੋਕ ਕਹਿੰਦੇ ਹਨ ਕਿ ਰੋਣ ਤੋਂ ਬਾਅਦ ਉਨ੍ਹਾਂ ਨੂੰ ਹਲਕਾਪਣ ਮਹਿਸੂਸ ਹੁੰਦਾ ਹੈ, ਪਰ ਵਿਗਿਆਨਕ ਤੌਰ 'ਤੇ ਇਸ ਗੱਲ 'ਤੇ ਚਰਚਾ ਜਾਰੀ ਹੈ ਕਿ ਕੀ ਅਜਿਹਾ ਸੱਚਮੁੱਚ ਹੁੰਦਾ ਹੈ।
ਅਮਰੀਕਾ ਦੀ ਯੂਨੀਵਰਸਿਟੀ ਆਫ਼ ਪਿਟਸਬਰਗ ਦੀ ਕਲੀਨਿਕਲ ਮਨੋਵਿਗਿਆਨੀ ਅਤੇ ਐਸੋਸੀਏਟ ਪ੍ਰੋਫੈਸਰ ਲੌਰਨ ਬਿਲਸਮਾ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਰੋਣਾ ਸਾਨੂੰ ਵਾਕਈ ਬਿਹਤਰ ਮਹਿਸੂਸ ਕਰਵਾਉਂਦਾ ਹੈ।
ਆਪਣੀ ਇਸ ਖੋਜ ਦੇ ਲਈ ਉਹ ਦਿਲ ਦੀ ਧੜਕਨ ਮਾਪਣ ਵਾਲੇ ਸੈਂਸਰ ਵਰਤ ਰਹੇ ਹਨ।
ਇਲੈਕਟ੍ਰੋਕਾਰਡੀਓਗ੍ਰਾਮ ਦਿਲ ਦੀ ਧੜਕਨ ਦੀ ਲੈਅ (ਰਿਧਮ) ਅਤੇ ਗਤੀ (ਰੇਟ) ਨੂੰ ਦਰਜ ਕਰਦੇ ਹਨ, ਜਿਸ ਨਾਲ ਸਾਨੂੰ ਇਹ ਸਮਝਣ ਵਿੱਚ ਮਦਦ ਮਿਲਦੀ ਹੈ ਕਿ ਸਾਡਾ ਨਰਵਸ ਸਿਸਟਮ ਕਿਵੇਂ ਕੰਮ ਕਰ ਰਿਹਾ ਹੈ।
ਉਨ੍ਹਾਂ ਦੇ ਸ਼ੁਰੂਆਤੀ ਨਤੀਜੇ ਦਰਸਾਉਂਦੇ ਹਨ ਕਿ ਰੋਣਾ ਸ਼ੁਰੂ ਹੋਣ ਤੋਂ ਥੋੜ੍ਹਾ ਪਹਿਲਾਂ ਹੋ ਸਕਦਾ ਹੈ ਕਿ ਸਾਡੇ ਸਿੰਪੈਥੈਟਿਕ ਨਰਵਸ ਸਿਸਟਮ ਦੀ ਗਤੀਵਿਧੀ ਚਰਮ 'ਤੇ ਹੋਵੇ - ਇਹ ਸਿਸਟਮ ਸਾਡੀ "ਲੜੋ ਜਾਂ ਭੱਜੋ" ਵਾਲੀ ਪ੍ਰਤੀਕਿਰਿਆ ਲਈ ਜ਼ਿੰਮੇਵਾਰ ਹੁੰਦਾ ਹੈ।
ਉਹ ਕਹਿੰਦੇ ਹਨ ਕਿ "ਅਤੇ ਫਿਰ ਜਿਵੇਂ ਹੀ ਰੋਣਾ ਸ਼ੁਰੂ ਹੁੰਦਾ ਹੈ, ਅਸੀਂ ਪੈਰਾਸਿੰਪੈਥੈਟਿਕ ਗਤੀਵਿਧੀ ਵਿੱਚ ਵਾਧਾ ਵੇਖਦੇ ਹਾਂ" - ਜੋ ਨਰਵਸ ਸਿਸਟਮ ਦਾ ਉਹ ਹਿੱਸਾ ਹੈ ਜੋ ਸਾਨੂੰ ਸ਼ਾਂਤ ਹੋਣ ਅਤੇ ਆਰਾਮ ਕਰਨ ਵਿੱਚ ਮਦਦ ਕਰਦਾ ਹੈ।
ਪਰ ਵਿਂਘਰਹੋਇਟਸ ਇਹ ਵੀ ਦੱਸਦੇ ਹਨ ਕਿ ਰੋਣਾ ਹਮੇਸ਼ਾ ਸਾਨੂੰ ਚੰਗਾ ਮਹਿਸੂਸ ਨਹੀਂ ਕਰਵਾਉਂਦਾ, ਖ਼ਾਸ ਕਰਕੇ ਜੇ ਸਾਨੂੰ ਡਿਪ੍ਰੈਸ਼ਨ ਜਾਂ ਬਰਨਆਉਟ ਹੋਵੇ।
ਇਹ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਅਸੀਂ ਕਿਸ ਕਾਰਨ ਰੋਂਦੇ ਹਾਂ।
ਉਹ ਕਹਿੰਦੇ ਹਨ, ''ਅਸੀਂ ਅਕਸਰ ਉਦੋਂ ਚੰਗਾ ਮਹਿਸੂਸ ਕਰਦੇ ਹਾਂ ਜਦੋਂ ਅਸੀਂ ਕਾਬੂ ਕਰਨ ਯੋਗ ਹਾਲਾਤਾਂ 'ਤੇ ਰੋਂਦੇ ਹਾਂ, ਪਰ ਉਦੋਂ ਨਹੀਂ ਕਰਦੇ ਜਦੋਂ ਬੇਕਾਬੂ ਹਾਲਾਤਾਂ 'ਤੇ ਰੋਂਦੇ ਹਾਂ।"
ਸਾਡੇ ਆਲੇ-ਦੁਆਲੇ ਦੇ ਲੋਕ ਵੀ ਫ਼ਰਕ ਪਾ ਸਕਦੇ ਹਨ।
"ਜੇ ਉਹ ਸਮਝਦਾਰੀ ਨਾਲ ਪ੍ਰਤੀਕਿਰਿਆ ਕਰਦੇ ਹਨ ਅਤੇ ਤੁਹਾਨੂੰ ਸਹਾਰਾ ਅਤੇ ਹੌਸਲਾ ਦਿੰਦੇ ਹਨ, ਤਾਂ ਤੁਸੀਂ ਬਿਹਤਰ ਮਹਿਸੂਸ ਕਰਦੇ ਹੋ। ਪਰ ਜੇ ਉਹ ਮਜ਼ਾਕ ਉਡਾਉਂਦੇ ਹਨ, ਗੁੱਸੇ ਵਿੱਚ ਆ ਜਾਂਦੇ ਹਨ ਜਾਂ ਤੁਹਾਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਤਾਂ ਕੋਈ ਰਾਹਤ ਨਹੀਂ ਮਿਲਦੀ।''
ਸਮਾਜਿਕ ਸੰਕੇਤ
ਅਸਲ ਵਿੱਚ ਕੁਝ ਅਜਿਹੇ ਸਬੂਤ ਹਨ ਕਿ ਰੋਣਾ ਇਸ ਗੱਲ ਨੂੰ ਪ੍ਰਭਾਵਿਤ ਕਰ ਸਕਦਾ ਹੈ ਕਿ ਦੂਜੇ ਸਾਡੇ ਨਾਲ ਕਿਵੇਂ ਵਿਵਹਾਰ ਕਰਦੇ ਹਨ।
ਇਜ਼ਰਾਈਲ ਵਿੱਚ ਇੱਕ ਪ੍ਰਯੋਗਸ਼ਾਲਾ ਅਧਾਰਤ ਅਧਿਐਨ ਵਿੱਚ ਪਾਇਆ ਗਿਆ ਕਿ ਜਿਨ੍ਹਾਂ ਮਰਦਾਂ ਨੇ ਔਰਤਾਂ ਦੇ ਭਾਵਨਾਤਮਕ ਹੰਝੂਆਂ ਨੂੰ ਸੁੰਘਿਆ, ਉਹ ਉਨ੍ਹਾਂ ਮਰਦਾਂ ਦੇ ਮੁਕਾਬਲੇ ਟੈਸਟਾਂ ਵਿੱਚ ਘੱਟ ਹਮਲਾਵਰ ਸਨ ਜਿਨ੍ਹਾਂ ਨੇ ਖਾਰੇ ਘੋਲ ਨੂੰ ਸੁੰਘਿਆ ਸੀ।
ਖੋਜਕਰਤਾ ਇਸ ਗੱਲ ਨਾਲ ਸਹਿਮਤ ਹਨ ਕਿ ਹੰਝੂ ਇਹ ਦਿਖਾਉਣ ਲਈ ਇੱਕ ਸਮਾਜਿਕ ਸੰਕੇਤ ਵਜੋਂ ਕੰਮ ਕਰਦੇ ਹਨ ਕਿ ਸਾਨੂੰ ਮਦਦ ਦੀ ਲੋੜ ਹੈ ਅਤੇ ਇਹ ਦੂਜੇ ਲੋਕਾਂ ਦੀ ਸਹਾਇਤਾ ਕਰਨ ਦੀ ਇੱਛਾ ਨੂੰ ਵਧਾਉਂਦੇ ਹਨ।
ਕੁਝ ਅਧਿਐਨ ਸੁਝਾਅ ਦਿੰਦੇ ਹਨ ਕਿ ਭਾਵਨਾਤਮਕ ਹੰਝੂ ਸਾਨੂੰ ਵਧੇਰੇ ਭਰੋਸੇਮੰਦ ਦਿਖਾ ਸਕਦੇ ਹਨ, ਜਿਸ ਨੇ ਸ਼ਾਇਦ ਸਾਡੇ ਪੂਰਵਜਾਂ ਨੂੰ ਇੱਕ ਦੂਜੇ ਨਾਲ ਸਹਿਯੋਗ ਅਤੇ ਸਹਾਇਤਾ ਕਰਨ ਵਿੱਚ ਮਦਦ ਕੀਤੀ ਹੋਵੇਗੀ।
ਜਦੋਂ ਰੋਂਦੇ ਹੋਏ ਬੱਚਿਆਂ ਦੀ ਗੱਲ ਆਉਂਦੀ ਹੈ ਤਾਂ ਇਸ ਗੱਲ ਦੇ ਸਬੂਤ ਮਿਲਦੇ ਹਨ ਕਿ ਬੱਚੇ ਦਾ ਰੋਣਾ ਬਾਲਗਾਂ ਵਿੱਚ ਦਿਮਾਗੀ ਖੇਤਰਾਂ ਦੇ ਇੱਕ ਨੈੱਟਵਰਕ ਨੂੰ ਸਰਗਰਮ ਕਰ ਸਕਦਾ ਹੈ ਜੋ ਦੇਖਭਾਲ ਪ੍ਰਤੀਕਿਰਿਆ ਪੈਦਾ ਕਰਦਾ ਹੈ।
ਵਿੰਗਰਹੋਏਟਸ ਦਾ ਮੰਨਣਾ ਹੈ ਕਿ ਮਨੁੱਖੀ ਹੰਝੂ ਸ਼ਾਇਦ ਇਸ ਲਈ ਵਿਕਸਿਤ ਹੋਏ ਹਨ ਕਿਉਂਕਿ ਸਾਡਾ ਬਚਪਨ ਬਹੁਤ ਲੰਬਾ ਹੁੰਦਾ ਹੈ ਜਿਸ ਦੌਰਾਨ ਅਸੀਂ ਆਪਣੇ ਮਾਪਿਆਂ 'ਤੇ ਨਿਰਭਰ ਹੁੰਦੇ ਹਾਂ।
ਉਹ ਕਹਿੰਦੇ ਹਨ ਕਿ ਇੱਕ ਵਿਚਾਰ ਇਹ ਹੈ ਕਿ ਬੱਚੇ ਦੇ ਹੰਝੂ ਬਾਲਗਾਂ ਵਿੱਚ ਹਮਲਾਵਰਤਾ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ, ਕਿਉਂਕਿ ਉੱਚੀ ਆਵਾਜ਼ ਵਿੱਚ ਰੋਣਾ "ਬਹੁਤ ਪਰੇਸ਼ਾਨ ਕਰਨ ਵਾਲਾ ਹੁੰਦਾ ਹੈ ਅਤੇ ਸਾਨੂੰ ਹਮਲਾਵਰ ਬਣਾ ਸਕਦਾ ਹੈ"।
ਉਹ ਕਹਿੰਦੇ ਹਨ, "ਇਹ ਬੱਚੇ ਲਈ ਇੱਕ ਕਿਸਮ ਦੀ ਸਵੈ-ਸੁਰੱਖਿਆ ਵਜੋਂ ਬਿਲਕੁਲ ਸਹੀ ਜਾਪਦਾ ਹੈ, ਜੋ ਮੈਨੂੰ ਬਹੁਤ ਦਿਲਚਸਪ ਲੱਗਦਾ ਹੈ।"
ਕੁਝ ਲੋਕ ਜ਼ਿਆਦਾ ਕਿਉਂ ਰੋਂਦੇ ਹਨ?
ਬਾਈਲਸਮਾ ਦੇ ਅਨੁਸਾਰ, ਮਰਦ ਔਸਤਨ ਮਹੀਨੇ ਵਿੱਚ ਲਗਭਗ ਜ਼ੀਰੋ ਤੋਂ ਇੱਕ ਵਾਰ ਰੋਂਦੇ ਹਨ, ਜਦੋਂ ਕਿ ਔਰਤਾਂ ਚਾਰ ਤੋਂ ਪੰਜ ਵਾਰ ਰੋਂਦੀਆਂ ਹਨ। ਹਾਲਾਂਕਿ ਇਹ ਇੱਕ ਸਿੱਖਿਆ ਹੋਇਆ ਵਿਵਹਾਰ ਹੋ ਸਕਦਾ ਹੈ, ਮਨੋਵਿਗਿਆਨੀ ਦਾ ਕਹਿਣਾ ਹੈ ਕਿ ਇਹ ਤੱਥ ਕਿ ਅਸੀਂ ਇਸ ਨੂੰ ਵੱਖ-ਵੱਖ ਸੱਭਿਆਚਾਰਾਂ ਵਿੱਚ ਦੇਖਦੇ ਹਾਂ, ਇਹ ਦਰਸਾਉਂਦਾ ਹੈ ਕਿ ਇਹ ਪੂਰੀ ਕਹਾਣੀ ਨਹੀਂ ਹੈ।
ਉਹ ਕਹਿੰਦੇ ਹਨ, "ਔਰਤਾਂ ਆਮ ਤੌਰ 'ਤੇ ਵਧੇਰੇ ਭਾਵਨਾਤਮਕ ਤੌਰ 'ਤੇ ਪ੍ਰਤੀਕਿਰਿਆਸ਼ੀਲ ਜਾਂ ਭਾਵਨਾਤਮਕ ਤੌਰ 'ਤੇ ਪ੍ਰਗਟਾਵੇ ਵਾਲੀਆਂ ਹੁੰਦੀਆਂ ਹਨ ਅਤੇ ਮੈਨੂੰ ਲੱਗਦਾ ਹੈ ਕਿ ਰੋਣਾ ਉਸ ਅੰਤਰ ਦਾ ਸਿਰਫ਼ ਇੱਕ ਰੂਪ ਹੈ। ਇਸ ਵਿੱਚ ਨਿਊਰੋਲਾਜੀਕਲ ਅੰਤਰ, ਹਾਰਮੋਨਲ ਅੰਤਰ ਅਤੇ ਸ਼ਖਸੀਅਤ ਦੇ ਅੰਤਰ ਹੋ ਸਕਦੇ ਹਨ।"
ਬਾਈਲਸਮਾ ਦਾ ਕਹਿਣਾ ਹੈ ਕਿ ਵਰਤਮਾਨ ਵਿੱਚ ਇਸ ਗੱਲ ਦਾ ਕੋਈ ਪੁਖਤਾ ਸਬੂਤ ਨਹੀਂ ਹੈ ਕਿ ਮਹੀਨਾਵਾਰ ਚੱਕਰ ਦੌਰਾਨ ਹਾਰਮੋਨ ਵਿੱਚ ਤਬਦੀਲੀਆਂ ਸਾਡੇ ਰੋਣ ਦੀ ਮਾਤਰਾ ਨੂੰ ਪ੍ਰਭਾਵਿਤ ਕਰਦੀਆਂ ਹਨ, ਪਰ ਉਨ੍ਹਾਂ ਨੂੰ ਸ਼ੱਕ ਹੈ ਕਿ ਹਾਰਮੋਨ ਭੂਮਿਕਾ ਨਿਭਾਉਂਦੇ ਹਨ ਕਿਉਂਕਿ ਲਿੰਗਾਂ ਵਿਚਕਾਰ ਅੰਤਰ ਅਤੇ ਗਰਭ ਅਵਸਥਾ ਤੇ ਬੁਢਾਪੇ ਵਰਗੀਆਂ ਚੀਜ਼ਾਂ ਵਿੱਚ ਅੰਤਰ ਦੇਖਣ ਨੂੰ ਮਿਲਦੇ ਹਨ।
ਉਨ੍ਹਾਂ ਨੇ ਸ਼ਖਸੀਅਤ ਦੇ ਲੱਛਣਾਂ ਦੇ ਪ੍ਰਭਾਵ 'ਤੇ ਵੀ ਖੋਜ ਕੀਤੀ ਹੈ ਅਤੇ ਪਾਇਆ ਹੈ ਕਿ ਰੋਣਾ ਖਾਸ ਤੌਰ 'ਤੇ ਨਿਊਰੋਟਿਕ ਜਾਂ ਮਿਲਣਸਾਰ ਹੋਣ ਨਾਲ ਜੁੜਿਆ ਹੋਇਆ ਜਾਪਦਾ ਹੈ। ਉਹ ਸੁਝਾਅ ਦਿੰਦੇ ਹਨ, "ਨਿਊਰੋਟਿਜ਼ਮ ਡਿਪਰੈਸ਼ਨ ਅਤੇ ਚਿੰਤਾ ਨਾਲ ਸਬੰਧਤ ਹੈ, ਇਸ ਲਈ ਸ਼ਾਇਦ ਇਹੀ ਕਾਰਨ ਹੈ ਕਿ ਅਸੀਂ ਉੱਥੇ ਇਹ ਸਬੰਧ ਦੇਖਦੇ ਹਾਂ।"
ਉਹ ਅੱਗੇ ਕਹਿੰਦੇ ਹਨ, "ਅਸੀਂ ਇਹ ਵੀ ਪਾਇਆ ਹੈ ਕਿ ਜਿਨ੍ਹਾਂ ਲੋਕਾਂ ਵਿੱਚ ਹਮਦਰਦੀ ਜ਼ਿਆਦਾ ਸੀ, ਉਨ੍ਹਾਂ ਦੇ ਰੋਣ ਦੀ ਸੰਭਾਵਨਾ ਜ਼ਿਆਦਾ ਸੀ, ਸ਼ਾਇਦ ਇਸ ਲਈ ਕਿਉਂਕਿ ਉਹ ਦੂਜੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਦੇ ਦੇਖ ਕੇ ਪ੍ਰਤੀਕਿਰਿਆ ਵਜੋਂ ਰੋ ਰਹੇ ਹੁੰਦੇ ਹਨ।"
ਅੰਤ ਵਿੱਚ ਰੋਣਾ ਸਮਾਜਿਕ ਸਾਂਝ ਬਾਰੇ ਪ੍ਰਤੀਤ ਹੁੰਦਾ ਹੈ। ਜਿਵੇਂ ਕਿ ਵਿੰਗਰਹੋਏਟਸ ਕਹਿੰਦੇ ਹਨ, "ਇਹ ਅਜਿਹਾ ਲੱਗਦਾ ਹੈ ਜਿਵੇਂ ਰੋਣਾ ਇੱਕ ਕਿਸਮ ਦੇ 'ਵਿਸਮਿਕ ਚਿੰਨ੍ਹ' ਵਜੋਂ ਕੰਮ ਕਰਦਾ ਹੈ। ਇਹ ਤੁਹਾਨੂੰ ਅਹਿਸਾਸ ਕਰਵਾ ਸਕਦਾ ਹੈ 'ਠੀਕ ਹੈ, ਇਹ ਕੁਝ ਬਹੁਤ ਮਹੱਤਵਪੂਰਨ ਹੈ'।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ