ਇਸ ਪੜ੍ਹੇ-ਲਿਖੇ ਵਿਅਕਤੀ ਨੇ ਲੱਖਾਂ ਦਾ ਪੈਕੇਜ ਛੱਡ ਕੇ ਬਰਗਰ ਤੇ ਸਲਾਦ ਵਿੱਚ ਸੁਆਦ ਵਧਾਉਣ ਵਾਲੇ ਲੈਟਸ ਦੀ ਖੇਤੀ ਨੂੰ ਕਿਉਂ ਚੁਣਿਆ

    • ਲੇਖਕ, ਕਮਲ ਸੈਣੀ
    • ਰੋਲ, ਬੀਬੀਸੀ ਸਹਿਯੋਗੀ

ਤੁਸੀਂ ਸਲਾਦ, ਬਰਗਰ ਜਾਂ ਕਿਸੇ ਖਾਣੇ ਵਿੱਚ ਲੈਟਸ ਜ਼ਰੂਰ ਖਾਧਾ ਹੋਵੇਗਾ ਪਰ ਇਸ ਲੈਟਸ ਦੀ ਖੇਤੀ ਬਾਰੇ ਤੁਸੀਂ ਘੱਟ ਸੁਣਿਆ ਹੋਵੇਗਾ ਕਿਉਂਕਿ ਇਸ ਦੀ ਖੇਤੀ ਬਹੁਤ ਛੋਟੇ ਪੱਧਰ ਉੱਤੇ ਕੀਤੀ ਜਾਂਦੀ ਹੈ।

ਖੇਤੀਬਾੜੀ ਦੇ ਮਾਹਿਰ ਇਸ ਨੂੰ ਹਾਈ ਵੈਲਿਊ ਫਸਲ ਦਾ ਦਰਜਾ ਦਿੰਦੇ ਹਨ। ਕੁਰੂਕਸ਼ੇਤਰ ਦੇ ਗੌਰੀਪੁਰ ਪਿੰਡ ਦੇ ਕਿਸਾਨ ਬਿਨਵੰਤ ਸਿੰਘ ਬੀਤੇ ਦੋ ਦਹਾਕੇ ਤੋਂ ਵੱਧ ਸਮੇਂ ਤੋਂ ਇਸ ਦੀ ਖੇਤੀ ਕਰ ਰਹੇ ਹਨ। ਭਾਵੇਂ ਹਰਿਆਣਾ ਵਿੱਚ ਬਹੁਤ ਘੱਟ ਕਿਸਾਨ ਲੈਟਸ ਦੀ ਖੇਤੀ ਕਰਦੇ ਹਨ ਪਰ ਬਿਨਵੰਤ ਕਰੀਬ 80 ਏਕੜ ਵਿੱਚ ਲੈਟਸ ਦੀ ਖੇਤੀ ਕਰਦੇ ਹਨ।

ਇਸ ਰਿਪੋਰਟ ਵਿੱਚ ਅਸੀਂ ਬਿਨਵੰਤ ਸਿੰਘ ਦੇ ਤਜਰਬੇ ਤੇ ਸਮਝ ਦੀ ਮਦਦ ਨਾਲ ਲੈਟਸ ਦੀ ਖੇਤੀ ਬਾਰੇ ਸਮਝਣ ਦੀ ਕੋਸ਼ਿਸ਼ ਕਰਾਂਗੇ, ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸਾਨਾਂ ਲਈ ਇਹ ਖੇਤੀ ਕਿੰਨੀ ਲਾਹੇਵੰਦ ਹੈ।

ਬਿਨਵੰਤ ਸਿੰਘ ਨੇ ਲੈਟਸ ਦੀ ਖੇਤੀ ਕਿਵੇਂ ਸ਼ੁਰੂ ਕੀਤੀ

ਕਿਸਾਨ ਬਿਨਵੰਤ ਸਿੰਘ ਇੱਕ ਪੜ੍ਹੇ-ਲਿਖੇ ਵਿਅਕਤੀ ਹਨ। ਉਹ ਉਸ ਵੇਲੇ ਇੱਕ ਵੱਡੀ ਕੰਪਨੀ ਵਿੱਚ ਚੰਗੇ ਪੈਕੇਜ ਉੱਤੇ ਕੰਮ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ ਖੇਤੀ ਵੱਲ ਮੁੜਨ ਦਾ ਵਿਚਾਰ ਆਇਆ।

ਬਿਨਵੰਤ ਸਿੰਘ ਦੱਸਦੇ ਹਨ, "ਸਾਲ 2003 ਵਿੱਚ ਮੈਂ ਇੱਕ ਚੰਗੀ ਕੰਪਨੀ ਵਿੱਚ 18 ਲੱਖ ਰੁਪਏ ਦਾ ਪੈਕੇਜ ਲੈ ਰਿਹਾ ਸੀ, ਮੌਜੂਦਾ ਵੇਲੇ ਤੁਸੀਂ ਹਿਸਾਬ ਲਗਾ ਸਕਦੇ ਕਿ ਉਸ ਵੇਲੇ ਦਾ 18 ਲੱਖ ਇਸ ਵੇਲੇ ਕਿੰਨਾ ਹੋਣਾ ਸੀ। ਸਾਡੇ ਕੋਲ ਜ਼ਮੀਨ ਸੀ ਇਸ ਲਈ ਮੈਂ ਸੋਚਿਆ ਕਿ ਵਾਪਸ ਆ ਕੇ ਖੇਤੀ ਹੀ ਕਰਾਂ।"

ਬਿਨਵੰਤ ਮੁਤਾਬਕ ਖੇਤੀ ਸ਼ੁਰੂ ਕਰਨਾ ਸੌਖਾ ਨਹੀਂ ਸੀ, ਕਈ ਚੁਣੌਤੀਆਂ ਦਾ ਸਾਹਮਣਾ ਉਨ੍ਹਾਂ ਨੇ ਕੀਤਾ।

ਬਿਨਵੰਤ ਦੱਸਦੇ ਹਨ, "ਮੇਰੀ ਵਾਪਸੀ ਨਾਲ ਮੇਰੇ ਪਰਿਵਾਰ ਵਾਲੇ ਖੁਸ਼ ਨਹੀਂ ਸਨ। ਉਨ੍ਹਾਂ ਨੇ ਕਿਹਾ ਕਿ ਅਸੀਂ ਕਈ ਮੁਸ਼ਕਲਾਂ ਤੋਂ ਬਾਅਦ ਤੈਨੂੰ ਪੜ੍ਹਾਇਆ ਤੇ ਮੈਨੂੰ ਇੱਕ ਚੰਗਾ ਪੈਕਜ ਨਹੀਂ ਛੱਡਣਾ ਚਾਹੀਦਾ ਸੀ। ਪਹਿਲੇ ਦੋ ਸਾਲ ਮੈਂ ਰਵਾਇਤੀ ਖੇਤੀ ਹੀ ਕੀਤੀ ਪਰ ਦੇਖਿਆ ਕਿ ਉਸ ਵਿੱਚ ਕੁਝ ਨਹੀਂ ਬਚ ਰਿਹਾ ਹੈ।"

ਬਿਨਵੰਤ ਦੱਸਦੇ ਹਨ ਕਿ ਇਸ ਮਗਰੋਂ ਉਨ੍ਹਾਂ ਦਾ ਰਾਬਤਾ ਇੱਕ ਵੱਡੀ ਰੈਸਟੋਰੈਂਟ ਦੀ ਕੰਪਨੀ ਨਾਲ ਹੋਇਆ ਜੋ ਲੈਟਸ ਨੂੰ ਦਰਾਮਦ ਨਹੀਂ ਕਰਨਾ ਚਾਹੁੰਦੇ ਸੀ, ਉਹ ਚਾਹੁੰਦੇ ਸੀ ਕਿ ਲੈਟਸ ਭਾਰਤ ਵਿੱਚ ਹੀ ਉਗਾਇਆ ਜਾਵੇ।

ਬਿਨਵੰਤ ਸਿੰਘ ਦੱਸਦੇ ਹਨ, "ਪਹਿਲੇ ਦੋ-ਤਿੰਨ ਸਾਲ ਤਾਂ ਲੈਟਸ ਦੀ ਖੇਤੀ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ, ਇਸ ਖੇਤੀ ਬਾਰੇ ਨਾ ਮੈਨੂੰ ਜਾਣਕਾਰੀ ਸੀ ਤੇ ਨਾ ਹੀ ਭਾਰਤ ਵਿੱਚ ਇਸ ਖੇਤੀ ਦੇ ਜਾਣਕਾਰ ਮੌਜੂਦ ਸਨ। ਫਿਰ ਮੈਂ ਚੀਨ ਗਿਆ ਜਿੱਥੇ 11 ਦਿਨ ਦੇ ਸੈਮੀਨਾਰ ਵਿੱਚ ਕਾਫੀ ਜਾਣਕਾਰੀ ਹਾਸਲ ਹੋਈ।"

ਇਸ ਮਗਰੋਂ ਬਿਨਵੰਤ ਨੇ ਜਪਾਨ, ਆਸਟ੍ਰੇਲੀਆ, ਮੈਕਸੀਕੋ ਤੇ ਥਾਇਲੈਂਡ ਵਰਗੇ ਮੁਲਕਾਂ ਵਿੱਚ ਵੀ ਆਈਸਬਰਗ ਲੈਟਸ ਬਾਰੇ ਜਾਣਕਾਰੀ ਹਾਸਲ ਕੀਤੀ।

ਕਿਹੜੇ ਹਾਲਾਤ ਵਿੱਚ ਲੈਟਸ ਦੀ ਖੇਤੀ ਹੋ ਸਕਦੀ ਹੈ

ਬਿਨਵੰਤ ਸਿੰਘ ਲੈਟਸ ਦੀ ਖੇਤੀ ਦੀ ਪ੍ਰਕਿਰਿਆ ਬਾਰੇ ਦੱਸਦੇ ਹਨ ਕਿ ਪਹਿਲਾਂ ਇਸ ਦੀ ਨਰਸਰੀ ਤਿਆਰ ਕੀਤੀ ਜਾਂਦੀ ਹੈ ਜਿਸ ਵਿੱਚ 30 ਦਿਨਾਂ ਦਾ ਵਕਤ ਲਗਦਾ ਹੈ।

"ਇੱਕ ਵਾਰ ਜਦੋਂ ਨਰਸਰੀ ਤਿਆਰ ਹੋ ਜਾਂਦੀ ਹੈ ਫਿਰ ਨਰਸਰੀ ਵਿੱਚ ਬਿਜਾਈ ਦਾ ਕੰਮ ਜਾਰੀ ਰਹਿੰਦਾ ਹੈ ਤੇ ਅਸੀਂ ਖੇਤਾਂ ਵਿੱਚ ਬੈਡ ਖਿੱਚ ਕੇ ਤੇ ਲੈਟਸ ਦੀ ਪਲਾਟਿੰਗ ਕਰਦੇ ਹਾਂ।"

ਲੈਟਸ ਦੀ ਖੇਤੀ ਲਈ ਦਿਨ ਦਾ ਤਾਪਮਾਨ 30 ਡਿਗਰੀ ਤੋਂ ਥੱਲੇ ਰਹਿਣਾ ਚਾਹੀਦਾ ਹੈ ਜਦਕਿ ਰਾਤ ਦਾ ਤਾਪਮਾਨ -4 ਤੋਂ ਥੱਲੇ ਨਹੀਂ ਜਾਣਾ ਚਾਹੀਦਾ।

ਬਿਨਵੰਤ ਸਿੰਘ ਦੱਸਦੇ ਹਨ ਕਿ ਕੁਰੂਕਸ਼ੇਤਰ ਵਿੱਚ ਉਹ ਦਸੰਬਰ ਤੋਂ ਮਾਰਚ ਤੱਕ ਇਸ ਦੀ ਖੇਤੀ ਕਰਦੇ ਹਨ। ਇਸ ਮਗਰੋਂ ਤਾਪਮਾਨ ਵੱਧ ਜਾਂਦਾ ਹੈ ਇਸ ਲਈ ਉਹ ਹਿਮਾਚਲ ਵਿੱਚ ਅਪ੍ਰੈਲ ਤੋਂ ਨਵੰਬਰ ਤੱਕ ਲੈਟਸ ਦੀ ਖੇਤੀ ਕਰਦੇ ਹਨ।

ਬਿਨਵੰਤ ਸਿੰਘ ਦੱਸਦੇ ਹਨ, "ਕਰੀਬ ਇੱਕ ਏਕੜ ਵਿੱਚ 25 ਹਜ਼ਾਰ ਪੌਦੇ ਆਈਸਬਰਗ ਲੈਟਸ ਦੇ ਲਾਏ ਜਾਂਦੇ ਹਨ। ਇਸ ਦੀ ਫਸਲ ਕਰੀਬ ਦੋ ਮਹੀਨੇ ਵਿੱਚ ਤਿਆਰ ਹੁੰਦੀ ਹੈ ਤੇ ਇੱਕ ਵਾਰ ਵਿੱਚ 9 ਟਨ ਦਾ ਉਤਪਾਦਨ ਕੀਤਾ ਜਾਂਦਾ ਹੈ।"

ਬਿਨਵੰਤ ਸਿੰਘ ਮੁਤਾਬਕ ਇੱਕ ਏਕੜ ਵਿੱਚ ਕਰੀਬ ਇੱਕ ਲੱਖ 20 ਹਜ਼ਾਰ ਰੁਪਏ ਦੀ ਲਾਗਤ ਆਉਂਦੀ ਹੈ ਤੇ ਇੱਕ ਏਕੜ ਤੋਂ ਸਵਾ ਦੋ ਲੱਖ ਤੋਂ ਢਾਈ ਲੱਖ ਰੁਪਏ ਕੀਮਤ ਤੱਕ ਦੀ ਲੈਟਸ ਨਿਕਲ ਜਾਂਦੀ ਹੈ।

ਬਿਨਵੰਤ ਵੱਡੀ ਕੰਪਨੀਆਂ ਤੋਂ ਇਲਾਵਾ ਦਿੱਲੀ, ਪੰਜਾਬ, ਮਹਾਰਾਸ਼ਟਰ ਤੇ ਹੋਰ ਸੂਬਿਆਂ ਦੇ ਛੋਟੇ-ਵੱਡੇ ਹੋਟਲਾਂ ਵੱਲੋਂ ਲੈਟਸ ਨੂੰ ਵੇਚਦੇ ਹਨ।

ਬਿਨਵੰਤ ਸਿੰਘ ਫਸਲ ਖਰਾਬ ਹੋਣ ਤੋਂ ਬਚਾਉਣ ਦੀ ਕੋਸ਼ਿਸ ਵੀ ਕਰਦੇ

ਸਬਜ਼ੀਆਂ ਦੀ ਉਮਰ ਕਾਫੀ ਘੱਟ ਹੁੰਦੀ ਹੈ ਤੇ ਉਨ੍ਹਾਂ ਦੇ ਖਰਾਬ ਹੋਣ ਕਰਕੇ ਕਿਸਾਨਾਂ ਨੂੰ ਨੁਕਸਾਨ ਵੀ ਝੱਲਣਾ ਪੈਂਦਾ ਹੈ।

ਬਿਨਵੰਤ ਸਿੰਘ ਇਸ ਨੁਕਸਾਨ ਨੂੰ ਘੱਟ ਕਰਨ ਲਈ ਲੈਟਸ ਦੀ ਫਸਲ ਵੱਢਣ ਤੋਂ ਬਾਅਦ ਉਸ ਨੂੰ ਵੈਕਿਊਮ ਪ੍ਰੀਕੂਲਰ ਵਿੱਚ ਭੇਜਦੇ ਹਨ। ਉੱਥੇ 20 ਮਿੰਟਾਂ ਵਿੱਚ ਤਾਪਮਾਨ 4 ਡਿਗਰੀ ਤੱਕ ਪਹੁੰਚਾ ਦਿੱਤਾ ਜਾਂਦਾ ਹੈ। ਫਿਰ ਕੋਲਡ ਸਟੋਰ ਵਿੱਚ ਲਿਜਾਇਆ ਜਾਂਦਾ ਹੈ ਅਤੇ ਫਿਰ ਫ੍ਰੀਜ਼ਰ ਵਾਲੇ ਟਰੱਕ ਵਿੱਚ ਭੇਜਿਆ ਜਾਂਦਾ ਹੈ।

ਬਿਨਵੰਤ ਸਿੰਘ ਮੁਤਾਬਕ ਇਸ ਪ੍ਰਕਿਰਿਆ ਦੀ ਪਾਲਣਾ ਦੇ ਨਾਲ ਉਨ੍ਹਾਂ ਦਾ ਨੁਕਸਾਨ ਕਾਫੀ ਘੱਟ ਹੋਇਆ ਹੈ।

ਆਈਸਬਰਗ ਲੈਟਸ ਲਈ ਕਿਹੜੀਆਂ ਸਾਵਧਾਨੀਆਂ ਜ਼ਰੂਰੀ

ਕੁਰੂਕਸ਼ੇਤਰ ਦੇ ਖੇਤੀਬਾੜੀ ਅਫ਼ਸਰ ਡਾ. ਸ਼ਿਵੇਂਦੂ ਪ੍ਰਤਾਪ ਸਿੰਘ ਸੋਲੰਕੀ ਮੁਤਾਬਕ ਲੈਟਸ ਇੱਕ ਉੱਚ ਕੀਮਤ ਵਾਲੀ ਫਸਲ ਹੈ, ਇਸ ਲਈ ਜੇ ਇਸ ਨੂੰ ਬਾਜ਼ਾਰ ਦੀ ਮੰਗ ਦੇ ਹਿਸਾਬ ਨਾਲ ਤਿਆਰ ਕੀਤਾ ਜਾਵੇ ਤਾਂ ਬਿਹਤਰ ਮੁਨਾਫ਼ਾ ਕਮਾਇਆ ਜਾ ਸਕਦਾ ਹੈ।

ਡਾ. ਸ਼ਿਵੇਂਦੂ ਕਹਿੰਦੇ ਹਨ, "ਹਰਿਆਣਾ ਵਿੱਚ ਬਹੁਤ ਘੱਟ ਕਿਸਾਨ ਹੀ ਅਜੇ ਲੈਟਸ ਦੀ ਖੇਤੀ ਕਰਦੇ ਹਨ। ਇਹ ਘੱਟ ਤਾਪਮਾਨ ਵਿੱਚ ਉਗਣ ਵਾਲੀ ਸਬਜ਼ੀ ਹੈ। ਸੂਬੇ ਵਿੱਚ ਇਸ ਦੀ ਖੇਤੀ ਸਤੰਬਰ-ਅਕਤੂਬਰ ਤੋਂ ਸ਼ੁਰੂ ਹੋ ਜਾਂਦੀ ਹੈ। ਲੈਟਸ ਦੀ ਆਈਸਬਰਗ ਕਿਸਮ ਦੀ ਮੰਗ ਜ਼ਿਆਦਾ ਹੈ।"

"ਲੈਟਸ ਦੀ ਖੇਤੀ ਵਿੱਚੋਂ 60-80 ਹਜ਼ਾਰ ਰੁਪਏ ਪ੍ਰਤੀ ਏਕੜ ਕਮਾਇਆ ਜਾ ਸਕਦਾ ਹੈ। ਜੇ ਕਾਨਟਰੈਕਟ ਫਾਰਮਿੰਗ ਰਾਹੀਂ ਕੰਪਨੀਆਂ ਜਾਂ ਬਾਜ਼ਾਰ ਦੀ ਮੰਗ ਦੇ ਹਿਸਾਬ ਨਾਲ ਖੇਤੀ ਕਰੀਏ ਤਾਂ ਇੱਕ ਲੱਖ ਰੁਪਏ ਪ੍ਰਤੀ ਏਕੜ ਤੱਕ ਕਮਾਇਆ ਜਾ ਸਕਦਾ ਹੈ।"

ਡਾ. ਸ਼ਿਵੇਂਦੂ ਮੁਤਾਬਕ ਜੇ ਡ੍ਰਿਪ ਇਰੀਗੇਸ਼ਨ ਜਾਂ ਸਪ੍ਰਿੰਕਲਰ ਵਰਗੀਆਂ ਪਾਣੀ ਬਚਾਉਣ ਵਾਲੇ ਤਰੀਕਿਆਂ ਰਾਹੀਂ ਸਿੰਜਾਈ ਕੀਤੀ ਜਾਵੇ ਤਾਂ ਹਰਿਆਣਾ ਸਰਕਾਰ ਵੱਲੋਂ 15000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਂਦੀ ਹੈ।

ਹਰਿਆਣਾ ਸਰਕਾਰ ਵੱਲੋਂ ਲੈਟਸ ਦੀ ਖੇਤੀ ਦੀ ਟ੍ਰੇਨਿੰਗ ਘਰੌਂਦਾ ਦੇ ਸੈਂਟਰ ਆਫ ਐਕਸੀਲੈਂਸ ਵਿੱਚ ਦਿੱਤੀ ਜਾਂਦੀ ਹੈ। ਇਹ ਪੰਜ ਦਿਨਾਂ ਦਾ ਟ੍ਰੇਨਿੰਗ ਕੋਰਸ ਹੁੰਦਾ ਹੈ।

ਡਾ. ਸ਼ਿਵੇਂਦੂ ਕਹਿੰਦੇ ਹਨ, "ਲੈਟਸ ਇੱਕ ਪੱਤੇ ਵਾਲੀ ਸਬਜ਼ੀ ਹੈ ਇਸ ਲਈ ਇਸ ਨੂੰ ਸਾਂਭਣਾ ਬਹੁਤ ਜ਼ਰੂਰੀ ਹੈ। ਇਹ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਕਿ ਇਸ ਨੂੰ ਬਾਜ਼ਾਰ ਤੱਕ ਲਿਆਉਣ ਤੱਕ ਕੋਈ ਦਾਗ ਇਨ੍ਹਾਂ ਉੱਤੇ ਨਾ ਲੱਗੇ। ਬੰਨਿਆ ਹੋਇਆ ਲੈਟਸ ਖੁੱਲ੍ਹੇ ਲੈਟਸ ਤੋਂ ਜ਼ਿਆਦਾ ਕੀਮਤ ਉੱਤੇ ਵਿਕਦਾ ਹੈ ਇਸ ਲਈ ਇਸ ਨੂੰ ਬੰਨੇ ਹੋਏ ਰੂਪ ਵਿੱਚ ਹੀ ਵੇਚਿਆ ਜਾਵੇ।"

ਫਾਰਮ ਵਿੱਚ 30 ਤੋਂ 40 ਲੋਕ ਕੰਮ ਕਰਦੇ ਹਨ

ਬਿਨਵੰਤ ਸਿੰਘ ਦੱਸਦੇ ਹਨ ਕਿ ਉਨ੍ਹਾਂ ਕੋਲ 10 ਲੋਕ ਪੱਕੇ ਤੌਰ ਉੱਤੇ ਕੰਮ ਕਰਦੇ ਹਨ। ਇਸ ਤੋਂ ਇਲਾਵਾ 30 ਤੋਂ 40 ਲੋਕ ਦਿਹਾੜੀ ਉੱਤੇ ਕੰਮ ਕਰਦੇ ਹਨ ਜਿਨ੍ਹਾਂ ਵਿੱਚ ਕਈ ਔਰਤਾਂ ਵੀ ਹੁੰਦੀਆਂ ਹਨ।

ਬਿਨਵੰਤ ਸਿੰਘ ਦੇ ਫਾਰਮ ਉੱਤੇ ਕੰਮ ਕਰਨ ਵਾਲੀਆਂ ਸੀਮਾ ਤੇ ਉਰਮਿਲਾ ਦੱਸਦੀਆਂ ਕਿ ਉਹ ਉਨ੍ਹਾਂ ਦੇ ਪਿੰਡ ਦੀਆਂ ਵਸਨੀਕ ਹੀ ਹਨ ਤੇ ਘਰ ਦੇ ਲਾਗੇ ਹੀ ਉਨ੍ਹਾਂ ਨੂੰ ਕੰਮ ਮਿਲਿਆ ਹੈ, ਇਸੇ ਗੱਲ ਦਾ ਉਨ੍ਹਾਂ ਨੂੰ ਸਕੂਨ ਹੈ।

ਬਿਨਵੰਤ ਸਿੰਘ ਮੁਤਾਬਕ ਜਦੋਂ ਸੀਜ਼ਨ ਜ਼ੋਰਾਂ ਉੱਤੇ ਹੁੰਦਾ ਹੈ ਤਾਂ ਉਨ੍ਹਾਂ ਦੇ ਫਾਰਮ ਉੱਤੇ 50 ਤੋਂ 60 ਮਜ਼ਦੂਰ ਕੰਮ ਕਰਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)