ਇੱਕ ਲੱਤ 'ਤੇ ਖੜ੍ਹੇ ਹੋਣ ਦੇ ਫ਼ਾਇਦੇ ਤੁਹਾਨੂੰ ਹੈਰਾਨ ਕਰ ਦੇਣਗੇ, ਅਜਿਹਾ ਕਰਨਾ ਕਿਉਂ ਚਾਹੀਦਾ ਹੈ

    • ਲੇਖਕ, ਡੇਵਿਡ ਕਾਕਸ
    • ਰੋਲ, ਬੀਬੀਸੀ ਫਿਊਚਰ

ਉਮਰ ਵਧਣ ਦੇ ਨਾਲ-ਨਾਲ ਇੱਕ ਲੱਤ 'ਤੇ ਸੰਤੁਲਨ ਬਣਾ ਕੇ ਖੜ੍ਹਾ ਹੋਣਾ ਔਖਾ ਹੋ ਸਕਦਾ ਹੈ, ਪਰ ਆਪਣੇ ਆਪ ਨੂੰ ਇਸ ਤਰ੍ਹਾਂ ਵਧੇਰੇ ਸਮੇਂ ਤੱਕ ਖੜ੍ਹਾ ਰੱਖਣ ਦੀ ਟ੍ਰੇਨਿੰਗ ਦੇਣ ਨਾਲ ਤੁਸੀਂ ਮਜ਼ਬੂਤ ਬਣ ਸਕਦੇ ਹੋ, ਆਪਣੀ ਯਾਦਦਾਸ਼ਤ ਨੂੰ ਸੁਧਾਰ ਸਕਦੇ ਹੋ ਅਤੇ ਆਪਣੇ ਦਿਮਾਗ਼ ਨੂੰ ਹੋਰ ਤੰਦਰੁਸਤ ਰੱਖ ਸਕਦੇ ਹੋ।

ਤੁਸੀ ਸ਼ਾਇਦ ਹੀ ਫਲੇਮਿੰਗੋ (ਪਾਣੀ ਵਾਲਾ ਇੱਕ ਪੰਛੀ) ਵਾਂਗ ਇੱਕ ਲੱਤ 'ਤੇ ਖੜ੍ਹੇ ਰਹਿਣ 'ਚ ਸਮਾਂ ਬਿਤਾਉਂਦੇ ਹੋਵੋ ਅਤੇ ਇਹ ਵੀ ਸਹੀ ਹੈ ਉਮਰ ਦੇ ਹਿਸਾਬ ਨਾਲ ਤੁਹਾਨੂੰ ਇਹ ਕੰਮ ਹੈਰਾਨੀਜਨਕ ਤੌਰ 'ਤੇ ਮੁਸ਼ਕਲ ਲੱਗ ਸਕਦਾ ਹੈ।

ਜਦੋਂ ਅਸੀਂ ਜਵਾਨ ਹੁੰਦੇ ਹਾਂ ਤਾਂ ਆਮ ਤੌਰ 'ਤੇ ਇੱਕ ਲੱਤ 'ਤੇ ਸੰਤੁਲਨ ਬਣਾਉਣ ਲਈ ਵਧੇਰੇ ਸੋਚਣ ਜਾਂ ਮਿਹਨਤ ਦੀ ਲੋੜ ਨਹੀਂ ਪੈਂਦੀ। ਆਮ ਤੌਰ 'ਤੇ ਇਸ ਪੁਜ਼ੀਸ਼ਨ ਨੂੰ ਬਣਾਈ ਰੱਖਣ ਦੀ ਸਮਰੱਥਾ ਜਾਂ ਇੱਕ ਲੱਤ 'ਤੇ ਖੜ੍ਹੇ ਰਹਿਣ ਦੀ ਸਮਰੱਥਾ ਨੌਂ ਤੋਂ ਦਸ ਸਾਲ ਦੀ ਉਮਰ ਤੱਕ ਪੂਰੀ ਤਰ੍ਹਾਂ ਵਿਕਸਿਤ ਹੋ ਜਾਂਦੀ ਹੈ। ਫਿਰ ਸਾਡੇ ਸੰਤੁਲਨ ਦੀ ਸਮਰੱਥਾ 30ਵਿਆਂ ਦੇ ਅਖੀਰ ਵਿੱਚ ਚਰਮ 'ਤੇ ਪਹੁੰਚਦੀ ਹੈ ਅਤੇ ਉਸ ਤੋਂ ਬਾਅਦ ਘਟਣ ਲੱਗ ਪੈਂਦੀ ਹੈ।

ਜੇਕਰ ਤੁਸੀਂ 50 ਸਾਲ ਤੋਂ ਵੱਧ ਉਮਰ ਦੇ ਹੋ ਤਾਂ ਕੁਝ ਸਕਿੰਟਾਂ ਤੋਂ ਵੱਧ ਸਮੇਂ ਲਈ ਇੱਕ ਲੱਤ 'ਤੇ ਸੰਤੁਲਨ ਬਣਾਈ ਰੱਖਣ ਦੀ ਤੁਹਾਡੀ ਸਮਰੱਥਾ ਤੁਹਾਡੀ ਸਮੁੱਚੀ ਸਿਹਤ ਅਤੇ ਤੁਹਾਡੇ ਬੁੱਢੇ ਹੋਣ ਦੇ ਤਰੀਕੇ ਬਾਰੇ ਹੈਰਾਨ ਕਰਨ ਵਾਲੀ ਜਾਣਕਾਰੀ ਦੇ ਸਕਦੀ ਹੈ।

ਪਰ ਕੁਝ ਚੰਗੇ ਕਾਰਨ ਵੀ ਹਨ ਜਿਨ੍ਹਾਂ ਕਰਕੇ ਤੁਸੀਂ ਇੱਕ ਲੱਤ 'ਤੇ ਡੋਲਦੇ ਹੋਏ ਵਧੇਰਾ ਸਮਾਂ ਬਿਤਾਉਣਾ ਚਾਹੋਗੇ। ਇਹ ਤੁਹਾਡੇ ਸਰੀਰ ਅਤੇ ਦਿਮਾਗ ਲਈ ਕਾਫੀ ਫਾਇਦੇਮੰਦ ਹੋ ਸਕਦਾ ਹੈ, ਜਿਵੇਂ ਕਿ ਡਿੱਗਣ ਦੇ ਖ਼ਤਰੇ ਨੂੰ ਘਟਾਉਣਾ, ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨਾ ਅਤੇ ਯਾਦਦਾਸ਼ਤ ਨੂੰ ਸੁਧਾਰਨਾ।

ਦੇਖਣ ਵਿੱਚ ਇਹ ਸਧਾਰਣ ਕਸਰਤ ਉਮਰ ਵਧਣ ਦੇ ਨਾਲ ਤੁਹਾਡੀ ਸਿਹਤ 'ਤੇ ਬਹੁਤ ਵੱਡਾ ਅਸਰ ਪਾ ਸਕਦੀ ਹੈ।

ਅਮਰੀਕਨ ਅਕੈਡਮੀ ਆਫ ਫ਼ਿਜ਼ੀਕਲ ਮੈਡੀਸਨ ਐਂਡ ਰਿਹੈਬਿਲੀਟੇਸ਼ਨ ਨਾਲ ਜੁੜੀ ਰਿਹੈਬਿਲੀਟੇਸ਼ਨ ਮੈਡੀਸਨ ਮਾਹਰ ਟ੍ਰੇਸੀ ਐਸਪਿਰਿਟੂ ਮੈਕਕੇਅ ਕਹਿੰਦੇ ਹਨ, "ਜੇ ਤੁਹਾਨੂੰ ਇਹ ਆਸਾਨ ਨਹੀਂ ਲੱਗਦਾ, ਤਾਂ ਸੰਤੁਲਨ ਦੀ ਟ੍ਰੇਨਿੰਗ ਸ਼ੁਰੂ ਕਰਨ ਦਾ ਸਮਾਂ ਆ ਗਿਆ ਹੈ।"

ਇੱਕ ਲੱਤ 'ਤੇ ਖੜ੍ਹੇ ਰਹਿਣ ਦੀ ਟ੍ਰੇਨਿੰਗ ਨੂੰ ਆਪਣੀ ਰੋਜ਼ਾਨਾ ਜੀਵਨਸ਼ੈਲੀ ਵਿੱਚ ਕਿਵੇਂ ਸ਼ਾਮਲ ਕੀਤਾ ਜਾ ਸਕਦਾ ਹੈ, ਇਸ ਬਾਰੇ ਇਸ ਲੇਖ ਵਿੱਚ ਅੰਤ ਵਿੱਚ ਦੱਸਿਆ ਗਿਆ ਹੈ।

ਸੰਤੁਲਨ ਇੰਨਾ ਜ਼ਰੂਰੀ ਕਿਉਂ?

ਡਾਕਟਰ ਇੱਕ ਲੱਤ 'ਤੇ ਖੜ੍ਹਾ ਹੋਣ ਨੂੰ ਸਿਹਤ ਦਾ ਮਾਪਦੰਡ ਇਸ ਲਈ ਵੀ ਮੰਨਦੇ ਹਨ ਕਿਉਂਕਿ ਇਸ ਦਾ ਸਬੰਧ ਉਮਰ ਦੇ ਨਾਲ ਮਾਸਪੇਸ਼ੀਆਂ ਦੇ ਹੌਲੀ-ਹੌਲੀ ਘਟਣ, ਜਿਸਨੂੰ ਸਾਰਕੋਪੀਨੀਆ ਕਿਹਾ ਜਾਂਦਾ ਹੈ, ਨਾਲ ਹੈ।

30 ਸਾਲ ਦੀ ਉਮਰ ਤੋਂ ਬਾਅਦ ਅਸੀਂ ਹਰ ਦਹਾਕੇ ਵਿੱਚ ਲਗਭਗ 8% ਤੱਕ ਮਾਸਪੇਸ਼ੀ ਭਾਰ (ਮਸਲ ਮਾਸ) ਗੁਆ ਲੈਂਦੇ ਹਾਂਕੁਝ ਖੋਜਾਂ ਅਨੁਸਾਰ, ਜਦੋਂ ਅਸੀਂ 80 ਸਾਲ ਦੀ ਉਮਰ ਤੱਕ ਪਹੁੰਚਦੇ ਹਾਂ ਤਾਂ ਲਗਭਗ 50% ਲੋਕਾਂ ਵਿੱਚ ਕਲੀਨੀਕਲ ਸਾਰਕੋਪੀਨੀਆ ਪਾਈ ਜਾਂਦੀ ਹੈ।

ਇਸਨੂੰ ਬਲੱਡ ਸ਼ੂਗਰ ਕੰਟ੍ਰੋਲ ਵਿੱਚ ਕਮੀ ਤੋਂ ਲੈ ਕੇ ਬਿਮਾਰੀਆਂ ਦੇ ਖ਼ਿਲਾਫ਼ ਕਮਜ਼ੋਰ ਪੈਂਦੀ ਰੋਗ-ਪ੍ਰਤੀਰੋਧਕ ਸਮਰੱਥਾ ਤੱਕ ਦੇ ਨਾਲ ਜੋੜਿਆ ਗਿਆ ਹੈ, ਪਰ ਕਿਉਂਕਿ ਇਹ (ਸਾਰਕੋਪੀਨੀਆ) ਵੱਖ-ਵੱਖ ਮਾਸਪੇਸ਼ੀ ਸਮੂਹਾਂ ਦੀ ਤਾਕਤ ਨੂੰ ਪ੍ਰਭਾਵਿਤ ਕਰਦੀ ਹੈ, ਇਸਦਾ ਅਸਰ ਇੱਕ ਲੱਤ 'ਤੇ ਸੰਤੁਲਨ ਬਣਾਈ ਰੱਖਣ ਦੀ ਸਮਰੱਥਾ ਵਿੱਚ ਵੀ ਦਿਖਾਈ ਦਿੰਦਾ ਹੈ।

ਇਸਦੇ ਨਾਲ ਹੀ, ਜੋ ਲੋਕ ਇੱਕ ਲੱਤ 'ਤੇ ਖੜ੍ਹੇ ਰਹਿਣ ਦੀ ਟ੍ਰੇਨਿੰਗ ਕਰਦੇ ਹਨ, ਉਨ੍ਹਾਂ ਨੂੰ ਆਪਣੇ ਅਖੀਰਲੇ ਦਹਾਕਿਆਂ ਵਿੱਚ ਸਾਰਕੋਪੀਨੀਆ ਦਾ ਘੱਟ ਜੋਖ਼ਮ ਹੁੰਦਾ ਹੈ, ਕਿਉਂਕਿ ਇਹ ਸਧਾਰਣ ਕਸਰਤ ਲੱਤਾਂ ਅਤੇ ਹਿਪ ਦੀਆਂ ਮਾਸਪੇਸ਼ੀਆਂ ਨੂੰ ਤੰਦਰੁਸਤ ਰੱਖਦੀ ਹੈ।

ਮਿਨੀਸੋਟਾ ਦੇ ਰੋਚੈਸਟਰ ਵਿੱਚ ਮਾਯੋ ਕਲੀਨਿਕ ਦੀ ਮੋਸ਼ਨ ਐਨਾਲਿਸਿਸ ਲੈਬ ਦੇ ਡਾਇਰੈਕਟਰ ਕੇਂਟਨ ਕਾਫ਼ਮੈਨ ਕਹਿੰਦੇ ਹਨ, "ਉਮਰ ਦੇ ਨਾਲ ਇੱਕ ਲੱਤ 'ਤੇ ਖੜ੍ਹੇ ਰਹਿਣ ਦੀ ਸਮਰੱਥਾ ਘਟਦੀ ਜਾਂਦੀ ਹੈ। 50 ਜਾਂ 60 ਸਾਲ ਦੀ ਉਮਰ 'ਚ ਲੋਕ ਇਸਨੂੰ ਮਹਿਸੂਸ ਕਰਨਾ ਸ਼ੁਰੂ ਕਰਦੇ ਹਨ ਅਤੇ ਉਸ ਤੋਂ ਬਾਅਦ ਹਰ ਦਹਾਕੇ ਨਾਲ ਇਹ ਕਾਫ਼ੀ ਵੱਧ ਜਾਂਦਾ ਹੈ।"

ਇੱਕ ਹੋਰ, ਵਧੇਰੇ ਸੁਖ਼ਮ ਕਾਰਨ ਹੈ ਜੋ ਇੱਕ ਲੱਤ 'ਤੇ ਸੰਤੁਲਨ ਬਣਾਈ ਰੱਖਣ ਨੂੰ ਮਹੱਤਵਪੂਰਨ ਬਣਾਉਂਦਾ ਹੈ ਅਤੇ ਉਹ ਹੈ ਇਸਦਾ ਦਿਮਾਗ ਨਾਲ ਸਬੰਧ।

ਦੇਖਣ ਵਿੱਚ ਸਧਾਰਣ ਨਜ਼ਰ ਆਉਂਦੀ ਪੁਜ਼ੀਸ਼ਨ ਲਈ ਨਾ ਸਿਰਫ਼ ਮਾਸਪੇਸ਼ੀਆਂ ਦੀ ਤਾਕਤ ਅਤੇ ਲਚੀਲੇਪਣ ਦੀ ਲੋੜ ਹੁੰਦੀ ਹੈ, ਸਗੋਂ ਦਿਮਾਗ ਦੀ ਇਸ ਸਮਰੱਥਾ ਦੀ ਵੀ ਲੋੜ ਹੁੰਦੀ ਹੈ ਜਿਸ ਨਾਲ ਉਹ ਅੱਖਾਂ ਤੋਂ ਮਿਲਣ ਵਾਲੀ ਜਾਣਕਾਰੀ, ਅੰਦਰਲੇ ਕੰਨ ਵਿੱਚ ਮੌਜੂਦ ਸੰਤੁਲਨ ਕੇਂਦਰ ਜਿਸਨੂੰ ਵੇਸਟੀਬਿਊਲਰ ਸਿਸਟਮ ਕਿਹਾ ਜਾਂਦਾ ਹੈ ਅਤੇ ਸੋਮੈਟੋਸੈਂਸਰੀ ਸਿਸਟਮ, ਜੋ ਨਾੜੀਆਂ ਦਾ ਇੱਕ ਜਟਿਲ ਜਾਲ ਹੈ ਅਤੇ ਸਾਨੂੰ ਆਪਣੇ ਸਰੀਰ ਦੀ ਸਥਿਤੀ ਅਤੇ ਹੇਠਾਂ ਦੀ ਜ਼ਮੀਨ ਨੂੰ ਮਹਿਸੂਸ ਕਰਨ ਵਿੱਚ ਮਦਦ ਕਰਦਾ ਹੈ ਤੋਂ ਆਉਣ ਵਾਲੀ ਜਾਣਕਾਰੀ ਨੂੰ ਇਕੱਠਾ ਸਕਦਾ ਹੈ।

ਕਾਫ਼ਮੈਨ ਕਹਿੰਦੇ ਹਨ, "ਇਹ ਸਾਰੇ ਸਿਸਟਮ ਉਮਰ ਦੇ ਨਾਲ ਵੱਖ-ਵੱਖ ਗਤੀਆਂ ਨਾਲ ਕਮਜ਼ੋਰ ਪੈਂਦੇ ਹਨ।"

ਐਸਪਿਰਿਟੂ ਮੈਕਕੇਅ ਕਹਿੰਦੇ ਹਨ ਕਿ ਇਸਦਾ ਮਤਲਬ ਹੈ ਕਿ ਇੱਕ ਲੱਤ 'ਤੇ ਖੜ੍ਹਾ ਰਹਿਣ ਦੀ ਤੁਹਾਡੀ ਸਮਰੱਥਾ ਦਿਮਾਗ ਦੇ ਕੁਝ ਮਹੱਤਵਪੂਰਨ ਹਿੱਸਿਆਂ ਦੀ ਅੰਦਰੂਨੀ ਹਾਲਤ ਬਾਰੇ ਬਹੁਤ ਕੁਝ ਦੱਸ ਸਕਦੀ ਹੈ। ਇਸ ਵਿੱਚ ਉਹ ਹਿੱਸੇ ਸ਼ਾਮਲ ਹਨ ਜੋ ਤੁਹਾਡੀ ਪ੍ਰਤੀਕਿਰਿਆ ਦੀ ਗਤੀ (ਰੀਐਕਸ਼ਨ ਸਪੀਡ), ਰੋਜ਼ਾਨਾ ਦੇ ਕੰਮ ਕਰਨ ਦੀ ਸਮਰੱਥਾ ਅਤੇ ਸੰਵੇਦਨਾਤਮਕ ਪ੍ਰਣਾਲੀਆਂ ਤੋਂ ਮਿਲਣ ਵਾਲੀ ਜਾਣਕਾਰੀ ਨੂੰ ਕਿੰਨੀ ਤੇਜ਼ੀ ਨਾਲ ਸਮਝ ਸਕਦੇ ਹੋ, ਦੇ ਨਾਲ ਜੁੜੇ ਹਨ।

ਹੈਰਾਨੀਜਨਕ ਗੱਲ ਇਹ ਹੈ ਕਿ ਇੱਕ ਲੱਤ 'ਤੇ ਖੜ੍ਹਾ ਰਹਿਣ ਦੀ ਤੁਹਾਡੀ ਸਮਰੱਥਾ ਸਮੇਂ ਤੋਂ ਪਹਿਲਾਂ ਮੌਤ ਦੇ ਤੁਹਾਡੇ ਸ਼ਾਰਟ ਟਰਮ ਖ਼ਤਰੇ ਨੂੰ ਵੀ ਦਰਸਾਉਂਦੀ ਹੈ। 2022 ਦੇ ਇੱਕ ਅਧਿਐਨ ਦੇ ਨਤੀਜਿਆਂ ਵਿੱਚ ਪਤਾ ਲੱਗਿਆ ਹੈ ਕਿ ਜੋ ਲੋਕ ਬੁਢਾਪੇ ਵਿੱਚ 10 ਸਕਿੰਟ ਲਈ ਇੱਕ ਲੱਤ 'ਤੇ ਖੜ੍ਹੇ ਨਹੀਂ ਰਹਿ ਸਕੇ, ਉਨ੍ਹਾਂ ਦੀ ਅਗਲੇ ਸੱਤ ਸਾਲਾਂ ਦੌਰਾਨ ਕਿਸੇ ਵੀ ਕਾਰਨ ਨਾਲ ਮਰਨ ਦੀ ਸੰਭਾਵਨਾ 84% ਵੱਧ ਸੀ।

ਇੱਕ ਹੋਰ ਅਧਿਐਨ ਵਿੱਚ 50 ਸਾਲ ਦੇ 2,760 ਮਰਦਾਂ ਅਤੇ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਅਤੇ ਉਨ੍ਹਾਂ ਤੋਂ ਤਿੰਨ ਟੈਸਟ ਕਰਵਾਏ ਗਏ, ਗ੍ਰਿਪ ਸਟ੍ਰੈਂਥ, ਇੱਕ ਮਿੰਟ ਵਿੱਚ ਉਹ ਕਿੰਨੀ ਵਾਰ ਉੱਠ-ਬੈਠ ਸਕਦੇ ਹਨ ਅਤੇ ਅੱਖਾਂ ਬੰਦ ਕਰਕੇ ਉਹ ਇੱਕ ਲੱਤ 'ਤੇ ਕਿੰਨਾ ਸਮਾਂ ਖੜ੍ਹੇ ਰਹਿ ਸਕਦੇ ਹਨ। ਗ੍ਰਿਪ ਸਟ੍ਰੈਂਥ ਟੈਸਟ ਅਤੇ ਸਿਟ-ਟੂ-ਸਟੈਂਡ ਟੈਸਟ ਤੁਹਾਡੇ ਬੁੱਢੇ ਹੋਣ ਬਾਰੇ ਕੀ ਦੱਸ ਸਕਦੇ ਹਨ - ਇਸ ਬਾਰੇ ਹੋਰ ਪੜ੍ਹੋ।

ਸਿੰਗਲ-ਲੈੱਗ ਸਟੈਂਸ ਟੈਸਟ ਬਿਮਾਰੀ ਦੇ ਖ਼ਤਰੇ ਬਾਰੇ ਸਭ ਤੋਂ ਵੱਧ ਜਾਣਕਾਰੀ ਦੇਣ ਵਾਲਾ ਸਾਬਤ ਹੋਇਆ।

ਅਗਲੇ 13 ਸਾਲਾਂ ਦੌਰਾਨ, ਜੋ ਲੋਕ ਇੱਕ ਲੱਤ 'ਤੇ ਦੋ ਸਕਿੰਟ ਜਾਂ ਉਸ ਤੋਂ ਵੀ ਘੱਟ ਸਮੇਂ ਲਈ ਖੜ੍ਹੇ ਰਹਿ ਸਕੇ, ਉਨ੍ਹਾਂ ਵਿੱਚ ਅਜਿਹੇ ਲੋਕਾਂ ਦੀ ਤੁਲਨਾ ਵਿੱਚ ਮੌਤ ਦਾ ਖ਼ਤਰਾ ਤਿੰਨ ਗੁਣਾ ਵੱਧ ਸੀ, ਜੋ 10 ਸਕਿੰਟ ਜਾਂ ਉਸ ਤੋਂ ਵੱਧ ਸਮੇਂ ਲਈ ਇੱਕ ਲੱਤ 'ਤੇ ਖੜ੍ਹੇ ਰਹਿ ਸਕਦੇ ਸਨ।

ਐਸਪਿਰਿਟੂ ਮੈਕਕੇਅ ਦੇ ਅਨੁਸਾਰ, ਇਹੀ ਪੈਟਰਨ ਉਨ੍ਹਾਂ ਲੋਕਾਂ ਵਿੱਚ ਵੀ ਵੇਖਿਆ ਜਾ ਸਕਦਾ ਹੈ ਜਿਨ੍ਹਾਂ 'ਚ ਡਿਮੈਂਸ਼ੀਆ ਪਾਇਆ ਗਿਆ ਜੋ ਲੋਕ ਅਜੇ ਵੀ ਇੱਕ ਲੱਤ 'ਤੇ ਸੰਤੁਲਨ ਬਣਾ ਸਕਦੇ ਹਨ, ਉਨ੍ਹਾਂ ਵਿੱਚ ਗਿਰਾਵਟ ਹੌਲੀ ਗਤੀ ਨਾਲ ਹੋ ਰਹੀ ਹੈ।

ਮੈਕਕੇਅ ਕਹਿੰਦੇ ਹਨ, "ਖੋਜਕਾਰਾਂ ਨੂੰ ਅਸਲ ਵਿੱਚ ਇਹ ਨਜ਼ਰ ਆ ਰਿਹਾ ਹੈ ਕਿ ਅਲਜ਼ਾਈਮਰ ਦੇ ਮਰੀਜ਼ ਜੇਕਰ ਪੰਜ ਸਕਿੰਟ ਲਈ ਇੱਕ ਲੱਤ 'ਤੇ ਖੜ੍ਹੇ ਨਹੀਂ ਰਹਿ ਸਕਦੇ, ਤਾਂ ਇਹ ਆਮ ਤੌਰ 'ਤੇ ਤੇਜ਼ੀ ਨਾਲ ਹੋ ਰਹੀ ਕੌਗਨਿਟਿਵ ਗਿਰਾਵਟ ਦਾ ਸੰਕੇਤ ਹੁੰਦਾ ਹੈ।"

ਸੰਤੁਲਨ ਦੀ ਟ੍ਰੇਨਿੰਗ

ਚੰਗੀ ਗੱਲ ਇਹ ਹੈ ਕਿ ਰਿਸਰਚ ਤੇਜ਼ੀ ਨਾਲ ਇਹ ਦਰਸਾ ਰਹੀ ਹੈ ਕਿ ਅਸੀਂ ਇੱਕ ਲੱਤ 'ਤੇ ਖੜ੍ਹੇ ਰਹਿਣ ਦੀ ਐਕਟਿਵ ਪ੍ਰੈਕਟਿਸ ਨਾਲ ਉਮਰ ਸਬੰਧੀ ਇਨ੍ਹਾਂ ਸਮੱਸਿਆਵਾਂ ਦੇ ਖ਼ਤਰੇ ਨੂੰ ਘਟਾਉਣ ਲਈ ਕਾਫ਼ੀ ਕੁਝ ਕੀਤਾ ਜਾ ਸਕਦਾ ਹੈ।

ਇਹ ਕਸਰਤਾਂ, ਜਿਨ੍ਹਾਂ ਨੂੰ ਵਿਗਿਆਨੀ "ਸਿੰਗਲ ਲੈੱਗ ਟ੍ਰੇਨਿੰਗ" ਕਹਿੰਦੇ ਹਨ ਨਾ ਸਿਰਫ਼ ਤੁਹਾਡੇ ਕੋਰ, ਕੂਲ੍ਹਿਆਂ ਅਤੇ ਲੱਤਾਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰ ਸਕਦੀਆਂ ਹਨ, ਸਗੋਂ ਤੁਹਾਡੇ ਦਿਮਾਗ ਦੀ ਅੰਦਰੂਨੀ ਸਿਹਤ ਨੂੰ ਵੀ ਬਿਹਤਰ ਬਣਾ ਸਕਦੀਆਂ ਹਨ।

ਮੈਕਕੇਅ ਕਹਿੰਦੇ ਹਨ, "ਸਾਡੇ ਦਿਮਾਗ਼ ਫਿਕਸਡ ਨਹੀਂ ਹੁੰਦੇ। ਇਹ ਕਾਫ਼ੀ ਲਚਕੀਲੇ ਹੁੰਦੇ ਹਨ। ਇਹ ਸਿੰਗਲ ਲੈੱਗ ਟ੍ਰੇਨਿੰਗ ਕਸਰਤਾਂ ਸੰਤੁਲਨ ਨਿਯੰਤਰਣ ਵਿੱਚ ਵਾਕਈ ਸੁਧਾਰ ਲਿਆਉਂਦੀਆਂ ਹਨ ਅਤੇ ਅਸਲ ਵਿੱਚ ਦਿਮਾਗ਼ ਦੀ ਬਣਤਰ ਨੂੰ ਬਦਲ ਦਿੰਦੀਆਂ ਹਨ, ਖ਼ਾਸ ਕਰਕੇ ਉਨ੍ਹਾਂ ਖੇਤਰਾਂ ਵਿੱਚ ਜੋ ਸੈਂਸਰੀ-ਮੋਟਰ ਇੰਟੀਗ੍ਰੇਸ਼ਨ ਅਤੇ ਤੁਹਾਡੀ ਸਪਾਟਿਅਲ ਅਵੇਅਰਨੈਸ (ਸਥਾਨਕ ਜਾਗਰੂਕਤਾ) ਨਾਲ ਜੁੜੇ ਹੁੰਦੇ ਹਨ।"

ਇੱਕ ਲੱਤ 'ਤੇ ਸੰਤੁਲਨ ਬਣਾਉਣ ਨਾਲ ਦਿਮਾਗ ਦੇ ਪ੍ਰੀ-ਫਰੰਟਲ ਕੋਰਟੈਕਸ ਨੂੰ ਸਰਗਰਮ ਕਰਕੇ ਕੰਮ ਕਰਦੇ ਸਮੇਂ ਸਾਡੀ ਕੌਗਨਿਟਿਵ ਕਾਰਗੁਜ਼ਾਰੀ ਨੂੰ ਵੀ ਵਧਾਇਆ ਜਾ ਸਕਦਾ ਹੈ ਅਤੇ ਇੱਕ ਅਧਿਐਨ ਮੁਤਾਬਕ, ਇਹ ਸਿਹਤਮੰਦ ਨੌਜਵਾਨਾਂ ਦੀ ਵਰਕਿੰਗ ਮੈਮਰੀ ਵਿੱਚ ਵੀ ਸੁਧਾਰ ਕਰ ਸਕਦਾ ਹੈ

ਮੈਕਕੇਅ ਸਲਾਹ ਦਿੰਦੇ ਹਨ ਕਿ 65 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਆਪਣੀ ਗਤੀਸ਼ੀਲਤਾ ਵਿੱਚ ਸੁਧਾਰ ਕਰਨ ਅਤੇ ਭਵਿੱਖ ਵਿੱਚ ਡਿੱਗਣ ਦੇ ਖ਼ਤਰੇ ਨੂੰ ਘਟਾਉਣ ਲਈ ਹਫ਼ਤੇ ਵਿੱਚ ਘੱਟੋ-ਘੱਟ ਤਿੰਨ ਵਾਰ ਸਿੰਗਲ ਲੈੱਗ ਟ੍ਰੇਨਿੰਗ ਕਸਰਤਾਂ ਕਰਨੀਆਂ ਚਾਹੀਦੀਆਂ ਹਨ, ਪਰ ਉਹ ਕਹਿੰਦੇ ਹਨ ਕਿ ਬਿਹਤਰ ਹੈ ਕਿ ਇਨ੍ਹਾਂ ਨੂੰ ਆਪਣੀ ਰੋਜ਼ਾਨਾ ਦੀ ਜੀਵਨ ਸ਼ੈਲੀ ਵਿੱਚ ਸ਼ਾਮਲ ਕੀਤਾ ਜਾਵੇ।

ਘੱਟ ਉਮਰ ਵਿੱਚ ਇਸ ਤਰ੍ਹਾਂ ਦੀ ਟ੍ਰੇਨਿੰਗ ਸ਼ੁਰੂ ਕਰਨ ਨਾਲ ਹੋਰ ਵੱਧ ਫ਼ਾਇਦੇ ਹੋ ਸਕਦੇ ਹਨ।

ਰਿਓ ਡੀ ਜਨੇਰਿਓ ਦੇ ਕਲਿਨੀਮੇਕਸ ਕਲਿਨਿਕ ਵਿੱਚ ਐਕਸਰਸਾਈਜ਼ ਮੈਡੀਸਨ ਦੇ ਰਿਸਰਚਰ ਕਲਾਊਡੀਓ ਜਿਲ ਅਰਾਉਜੋ ਨੇ 2022 ਦੀ ਉਸ ਸਟਡੀ ਦੀ ਅਗਵਾਈ ਕੀਤੀ ਸੀ ਜਿਸ ਵਿੱਚ ਇੱਕ ਲੱਤ 'ਤੇ ਖੜ੍ਹੇ ਰਹਿਣ ਅਤੇ ਸਮੇਂ ਤੋਂ ਪਹਿਲਾਂ ਮੌਤ ਦੇ ਖ਼ਤਰੇ ਨੂੰ ਵੇਖਿਆ ਗਿਆ ਸੀ।

ਕਲਾਊਡੀਓ ਸੁਝਾਅ ਦਿੰਦੇ ਹਨ ਕਿ 50 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ 10 ਸਕਿੰਟ ਲਈ ਇੱਕ ਲੱਤ 'ਤੇ ਖੜ੍ਹੇ ਰਹਿਣ ਦੀ ਆਪਣੀ ਸਮਰੱਥਾ ਦਾ ਸੈਲਫ਼-ਅਸੈਸਮੈਂਟ ਕਰਨਾ ਚਾਹੀਦਾ ਹੈ।

ਉਹ ਕਹਿੰਦੇ ਹਨ, "ਇਸਨੂੰ ਆਸਾਨੀ ਨਾਲ ਤੁਹਾਡੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਤੁਸੀਂ ਦੰਦ ਬ੍ਰਸ਼ ਕਰਦੇ ਸਮੇਂ ਇੱਕ ਲੱਤ 'ਤੇ 10 ਸਕਿੰਟ ਲਈ ਖੜ੍ਹੇ ਹੋ ਸਕਦੇ ਹੋ ਅਤੇ ਫਿਰ ਦੂਜੀ ਲੱਤ 'ਤੇ ਸਵਿੱਚ ਕਰ ਸਕਦੇ ਹੋ।"

"ਮੇਰੀ ਇਹ ਵੀ ਸਲਾਹ ਹੈ ਕਿ ਅਜਿਹਾ ਨੰਗੇ ਪੈਰ ਅਤੇ ਜੁੱਤੇ ਪਾ ਕੇ ਦੋਵੇਂ ਤਰੀਕਿਆਂ ਨਾਲ ਕਰੋ, ਕਿਉਂਕਿ ਦੋਵੇਂ ਵਿੱਚ ਥੋੜ੍ਹਾ ਫ਼ਰਕ ਹੁੰਦਾ ਹੈ।"

ਇਸਦਾ ਕਾਰਨ ਇਹ ਹੈ ਕਿ ਨੰਗੇ ਪੈਰ ਖੜ੍ਹੇ ਹੋਣ ਦੇ ਮੁਕਾਬਲੇ ਜੁੱਤੇ ਪਾ ਕੇ ਖੜ੍ਹੇ ਹੋਣ ਨਾਲ ਵੱਖਰੇ ਪੱਧਰ ਦੀ ਸਥਿਰਤਾ ਮਿਲਦੀ ਹੈ।

ਖੋਜਕਰਤਾ ਕਹਿੰਦੇ ਹਨ ਕਿ ਰੋਜ਼ਾਨਾ ਦੀਆਂ ਗਤਿਵਿਧੀਆਂ ਜਿਵੇਂ ਕਿ ਬਰਤਨ ਧੋਣ ਸਮੇਂ ਜਾਂ ਦੰਦ ਬ੍ਰਸ਼ ਕਰਦੇ ਹੋਏ ਸਿੰਕ ਕੋਲ ਖੜ੍ਹੇ ਹੋਣ ਵੇਲੇ ਵੀ ਇੱਕ ਲੱਤ 'ਤੇ ਖੜ੍ਹੇ ਰਹਿਣ ਦੀ ਟ੍ਰੇਨਿੰਗ ਕੀਤੀ ਜਾ ਸਕਦੀ ਹੈ। ਕੋਸ਼ਿਸ਼ ਕਰੋ ਕਿ ਜਿੰਨਾ ਹੋ ਸਕੇ ਘੱਟ ਹਿਲੋ ਅਤੇ ਜਿੰਨੀ ਦੇਰ ਹੋ ਸਕੇ ਉੱਨੀ ਦੇਰ ਤੱਕ ਖੜ੍ਹੇ ਰਹੋ। ਰੋਜ਼ਾਨਾ ਸਿਰਫ਼ 10 ਮਿੰਟ ਸੰਤੁਲਨ ਦੀ ਪ੍ਰੈਕਟਿਸ ਕਰਕੇ ਵੀ ਲਾਭ ਮਿਲ ਸਕਦਾ ਹੈ।

ਹਲਕੀ ਰੇਜ਼ਿਸਟੈਂਸ ਦੀ ਵਰਤੋਂ ਕਰਕੇ ਹਿਪ ਨੂੰ ਮਜ਼ਬੂਤ ਕਰਨ ਵਾਲੀਆਂ ਸੌਖੀਆਂ ਕਸਰਤਾਂ, ਜਿਨ੍ਹਾਂ ਨੂੰ ਆਇਸੋਕਾਈਨੇਟਿਕ ਕਸਰਤਾਂ ਵੀ ਕਿਹਾ ਜਾਂਦਾ ਹੈ - ਇੱਕ ਲੱਤ 'ਤੇ ਖੜ੍ਹੇ ਰਹਿਣ ਵਿੱਚ ਮਦਦਗਾਰ ਹੋ ਸਕਦੀਆਂ ਹਨ।

ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਸਟ੍ਰੈਂਥ, ਏਰੋਬਿਕ ਅਤੇ ਬੈਲੇਂਸ ਟ੍ਰੇਨਿੰਗ ਕਸਰਤਾਂ ਨੂੰ ਮਿਲਾ-ਜੁਲਾ ਕੇ ਕਰਨ ਨਾਲ ਡਿੱਗਣ ਸਬੰਧੀ ਖ਼ਤਰੇ ਦੇ ਕਾਰਕਾਂ ਨੂੰ 50% ਤੱਕ ਘਟਾਇਆ ਜਾ ਸਕਦਾ ਹੈ, ਅਤੇ ਇਹ ਸਬੰਧ ਇਹ ਵੀ ਸਮਝਾਉਂਦਾ ਹੈ ਕਿ ਯੋਗ ਜਾਂ ਤਾਈ ਚੀ ਵਰਗੀਆਂ ਗਤਿਵਿਧੀਆਂ, ਜਿਨ੍ਹਾਂ ਵਿੱਚ ਅਕਸਰ ਇੱਕ ਲੱਤ 'ਤੇ ਖੜ੍ਹੇ ਹੋਣ ਵਾਲੇ ਪੋਜ਼ ਸ਼ਾਮਲ ਹੁੰਦੇ ਹਨ, ਨੂੰ ਸਿਹਤਮੰਦ ਬੁਢਾਪੇ ਨਾਲ ਕਿਉਂ ਜੋੜਿਆ ਜਾਂਦਾ ਹੈ।

ਕਾਫ਼ਮੈਨ ਇੱਕ ਅਧਿਐਨ ਵੱਲ ਇਸ਼ਾਰਾ ਕਰਦੇ ਹਨ ਜਿਸ ਵਿੱਚ ਪਤਾ ਲੱਗਿਆ ਹੈ ਕਿ ਤਾਈ ਚੀ ਨਾਲ ਡਿੱਗਣ ਦੇ ਖ਼ਤਰੇ ਵਿੱਚ 19% ਤੱਕ ਕਮੀ ਆਉਂਦੀ ਹੈ।

ਸਭ ਤੋਂ ਚੰਗੀ ਗੱਲ ਇਹ ਹੈ ਕਿ ਕਲਾਊਡੀਓ ਨੇ ਇਹ ਪਾਇਆ ਹੈ ਕਿ ਲਗਨ ਅਤੇ ਨਿਰੰਤਰਤਾ ਨਾਲ 90 ਸਾਲ ਦੀ ਉਮਰ ਵਿੱਚ ਵੀ ਚੰਗਾ ਸੰਤੁਲਨ ਕਾਇਮ ਰੱਖਣਾ ਸੰਭਵ ਹੈ - ਅਤੇ ਸ਼ਾਇਦ ਇਸ ਤੋਂ ਵੱਧ ਉਮਰ ਵਿੱਚ ਵੀ।

ਉਹ ਕਹਿੰਦੇ ਹਨ, "ਸਾਡੇ ਕਲੀਨਿਕ ਵਿੱਚ ਅਸੀਂ ਇੱਕ 95 ਸਾਲ ਦੀ ਮਹਿਲਾ ਦਾ ਮੁਲਾਂਕਣ ਕੀਤਾ, ਜੋ ਦੋਵੇਂ ਪੈਰਾਂ 'ਤੇ ਵਾਰੀ-ਵਾਰੀ 10 ਸਕਿੰਟ ਲਈ ਇੱਕ ਲੱਤ 'ਤੇ ਸਫ਼ਲਤਾਪੂਰਵਕ ਖੜ੍ਹਾ ਹੋ ਸਕਦੇ ਸਨ। ਅਸੀਂ ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨਾਂ ਤੱਕ ਆਪਣੇ ਜੈਵਿਕ ਸਿਸਟਮਾਂ ਦੀ ਕਾਰਗੁਜ਼ਾਰੀ ਨੂੰ ਟ੍ਰੇਨ ਕਰ ਸਕਦੇ ਹਾਂ ਅਤੇ ਸੁਧਾਰ ਸਕਦੇ ਹਾਂ, ਫਿਰ ਭਾਵੇਂ ਤੁਸੀਂ ਸੌ ਸਾਲ ਦੇ ਹੀ ਕਿਉਂ ਨਾ ਹੋਵੋ।"

"ਜਸਟ ਵਨ ਥਿੰਗ" ਦੇ ਇਸ ਐਪੀਸੋਡ ਵਿੱਚ ਇੱਕ ਲੱਤ 'ਤੇ ਖੜ੍ਹੇ ਹੋਣ ਦੇ ਹੋਰ ਫ਼ਾਇਦਿਆਂ ਬਾਰੇ ਸੁਣੋ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)