You’re viewing a text-only version of this website that uses less data. View the main version of the website including all images and videos.
ਤੁਸੀਂ ਵੀ ਕਸਰਤ ਤੋਂ ਭੱਜਦੇ ਹੋ? ਇਹ 10 ਨੁਕਤੇ ਕੰਮ ਆ ਸਕਦੇ ਹਨ
- ਲੇਖਕ, ਕੈਰੋਲ ਮਾਹੇਰ ਅਤੇ ਬੇਨ ਸਿੰਘ
- ਰੋਲ, ਦਿ ਕਨਵਰਸੇਸ਼ਨ
ਅਸੀਂ ਸਾਰਿਆਂ ਨੇ ਸੁਣਿਆ ਹੈ ਕਿ ਦੌੜਨਾ ਇੱਕ ਨਸ਼ੇ ਵਾਂਗ ਹੈ, ਇਹ ਆਦੀ ਬਣਾ ਲੈਂਦਾ ਹੈ ਪਰ ਫਿਰ ਵੀ ਅਸੀਂ ਸਾਰੇ ਭੱਜਣ ਤੋਂ ਭੱਜਦੇ ਹਾਂ।
ਕੁਝ ਤਾਂ ਕਹਿੰਦੇ ਹਨ ਕਿ ਉਨ੍ਹਾਂ ਨੂੰ ਭੱਜਣ ਤੋਂ ਨਫ਼ਰਤ ਹੈ, ਇਹ ਇੱਕ ਡਰਾਉਣੇ ਸੁਪਨੇ ਵਰਗਾ ਹੈ।
ਆਖਰ ਜੋ ਚੀਜ਼ ਸਾਡੇ ਲਈ ਸਭ ਤੋਂ ਜ਼ਰੂਰੀ ਹੈ, ਅਸੀਂ ਉਸੇ ਨੂੰ ਨਫ਼ਰਤ ਕਿਉਂ ਕਰਦੇ ਹਾਂ?
ਸਿੱਧਾ ਜਵਾਬ ਇਹ ਹੈ ਕਿ ਅਸੀਂ ''ਕਸਰਤ ਕਰਨ'' ਲਈ ਨਹੀਂ ਬਣੇ।
ਮਨੁੱਖੀ ਇਤਿਹਾਸ ਵਿੱਚ ਹਮੇਸ਼ਾ ਹੀ ਇੱਕ ਜਾਂ ਦੂਜੇ ਕਾਰਨ ਕਰਕੇ ਖਾਣੇ ਦੀ ਕਮੀ ਰਹੀ ਹੈ। ਕੋਈ ਸਵੈ-ਇੱਛਾ ਨਾਲ ਕਸਰਤ ਨਹੀਂ ਸੀ ਕਰਦਾ।
ਲੋਕਾਂ ਨੂੰ ਖਾਣੇ ਲਈ ਮਿਹਨਤ ਕਰਨੀ ਪੈਂਦੀ ਸੀ ਅਤੇ ਇੱਕ ਵਾਰ ਢਿੱਡ ਭਰ ਕੇ ਖਾਣ ਤੋਂ ਬਾਅਦ ਉਹ ਊਰਜਾ ਬਚਾਉਣ ਲਈ ਅਰਾਮ ਕਰਦੇ ਸਨ।
ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਸੀ ਕਿ ਅਗਲਾ ਖਾਣਾ ਕਦੋਂ ਮਿਲੇਗਾ।
ਇਸ ਲਈ ਜੇ ਤੁਸੀਂ ਜਿਮ ਜਾਣ ਦੀ ਥਾਂ ਨੈੱਟਫਲਿਕਸ ਦੇਖਣ ਲਈ ਸੋਫ਼ੇ 'ਤੇ ਫੈਲ ਜਾਂਦੇ ਹੋ ਤਾਂ ਤੁਸੀਂ ਕਸੂਰਵਾਰ ਨਹੀਂ ਹੋ।
ਇਹ ਵੀ ਪੜ੍ਹੋ:
21ਵੀਂ ਸਦੀ ਵਿੱਚ ਤਕੀਨੀਕੀ ਵਿਕਾਸ ਨੇ ਸਾਡੀ ਜ਼ਿੰਦਗੀ ਨੂੰ ਸੁਖਾਲਾ ਬਣਾ ਦਿੱਤਾ ਹੈ। ਭੱਜ-ਦੌੜ ਹੁਣ ਜ਼ਿੰਦਾ ਰਹਿਣ ਲਈ ਜ਼ਰੂਰੀ ਨਹੀਂ ਹੈ।
ਜਿੰਨਾ ਨੁਕਸਾਨ ਆਪਣੀ ਸਿਹਤ ਦਾ ਅਸੀਂ ਵਹਿਲੇ ਪਏ ਰਹਿ ਕੇ ਕਰਦੇ ਹਾਂ ਓਨਾ ਨੁਕਸਾਨ ਸ਼ਾਇਦ ਹੀ ਕਿਸੇ ਹੋਰ ਤਰੀਕੇ ਨਾਲ ਹੁੰਦਾ ਹੋਵੇ।
ਮੰਨੇ-ਪ੍ਰਮੰਨੇ ਮੈਡੀਕਲ ਜਨਰਲ ਦਿ ਲੈਨਸਿਟ ਵਿੱਚ ਛਪੇ ਇੱਕ ਅਧਿਐਨ ਵਿੱਚ ਵਹਿਲੇ ਪਏ ਰਹਿਣ ਨੂੰ ਕੈਂਸਰ ਸਮੇਤ ਹੋਰ ਕਈ ਬੀਮਾਰੀਆਂ ਨਾਲ ਜੋੜਿਆ ਗਿਆ ਹੈ।
ਕਿੰਨੀ ਕਸਰਤ ਕਰਨੀ ਚਾਹੀਦੀ ਹੈ?
ਆਸਟਰੇਲੀਆ ਵਿੱਚ ਬਾਲਗਾਂ ਨੂੰ ਹਰ ਹਫ਼ਤੇ ਘੱਟੋ-ਘੱਟ 150 ਮਿੰਟ ਦਰਮਿਆਨੀ ਕਸਰਤ ਕਰਨ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।
ਇਸ ਵਿੱਚ ਤੇਜ਼ ਤੁਰਨ ਤੋਂ ਲੈ ਕੇ ਹਲਕਾ ਸਾਈਕਲ ਚਲਾਉਣਾ ਅਤੇ ਘਾਹ ਕੱਟਣ ਵਰਗੇ ਕੰਮ ਸ਼ਾਮਲ ਹਨ।
ਇਸ ਦੇ ਮੁਕਬਾਲੇ ਜੇ ਤੁਸੀਂ ਫਰਾਟਾ ਕਸਰਤ ਕਰਦੇ ਹੋ ਤਾਂ ਤੁਸੀਂ ਸਿਰਫ਼ ਅੱਧੇ ਸਮੇਂ ਯਾਨਿ ਕਿ 75 ਮਿੰਟ ਨਾਲ ਵੀ ਸਾਰ ਸਕਦੇ ਹੋ।
ਇਸ ਵਿੱਚ ਉਹ ਕਸਰਤਾਂ ਸ਼ਾਮਲ ਹਨ ਜਿਨ੍ਹਾਂ ਨੂੰ ਕਰਦੇ ਸਮੇਂ ਤੁਸੀਂ ਗੱਲਬਾਤ ਨਾ ਕਰ ਸਕੋ। ਮਿਸਾਲ ਲਈ ਜੌਗਿੰਗ, ਦੌੜਨਾ, ਫੁੱਟਬਾਲ ਅਤੇ ਟੈਨਿਸ ਵਰਗੀਆਂ ਖੇਡਾਂ।
ਕਈ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ। ਹਰ ਗਤੀਵਿਧੀ ਦੇ ਆਪਣੇ ਨਫ਼ੇ-ਨੁਕਸਾਨ ਹਨ।
ਮਾਸਪੇਸ਼ੀਆਂ ਨੂੰ ਤਾਕਤ ਦੇਣ ਵਾਲੀਆਂ ਕਸਰਤਾਂ ਜਿਵੇਂ ਵਜ਼ਨ ਚੁੱਕਣਾ, ਡੰਡ ਮਾਰਨੇ, ਇਹ ਹਫ਼ਤੇ ਵਿੱਚ ਦੋ ਕੁ ਵਾਰ ਕਰ ਲਏ ਜਾਣ ਤਾਂ ਬਹੁਤ ਹੈ।
ਜੇ ਇਹ ਤੁਹਾਨੂੰ ਬਹੁਤ ਜ਼ਿਆਦਾ ਲੱਗ ਰਿਹਾ ਹੈ ਤਾਂ ਘਬਰਾਓ ਨਾ। ਕਸਰਤ ਤੋਂ ਲਾਭ ਲੈਣ ਲਈ ਕਿਸੇ ਗਿਣਤੀ ਮਿਣਤੀ ਵਿੱਚ ਪੈਣ ਦੀ ਲੋੜ ਨਹੀਂ।
ਕਸਰਤ ਲਈ 10 ਨੁਕਤੇ
ਸਰੀਰ ਵਿਗਿਆਨੀਆਂ ਮੁਤਾਬਕ ਪ੍ਰੇਰਨਾ ਦੋ ਤਰ੍ਹਾਂ ਦੀ ਹੁੰਦੀ ਹੈ- ਅੰਦਰੂਨੀ ਅਤੇ ਬਾਹਰੀ।
ਅੰਦਰੂਨੀ ਹੁੰਦੀ ਹੈ ਜਦੋਂ ਤੁਸੀਂ ਕੁਝ ਆਪਣੇ-ਆਪ, ਆਪਣੀ ਖੁਸ਼ੀ ਲਈ ਕਰਦੇ ਹੋ। ਬਾਹਰੀ ਹੁੰਦੀ ਹੈ ਜਦੋਂ ਤੁਹਾਨੂੰ ਕੁਝ ਕਿਹਾ ਜਾਂਦਾ ਹੈ ਅਤੇ ਤੁਸੀਂ ਉਹ ਕਰਦੇ ਹੋ।
ਕਸਰਤ ਕਰਨ ਅਤੇ ਤੰਦਰੁਸਤੀ ਲਈ ਅੰਦਰੋਂ ਪ੍ਰੇਰਿਤ ਹੋਣਾ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੈ।
1. ਤੁਸੀਂ ਕਸਰਤ ਕਿਉਂ ਕਰਨਾ ਚਾਹੁੰਦੇ ਹੋ?
ਆਪਣੀ ਵਜ੍ਹਾ ਦੀ ਪਛਾਣ ਕਰੋ। ਆਪਣੇ-ਆਪ ਲਈ? ਆਪਣੇ ਬੱਚਿਆ ਲਈ? ਕਸਰਤ ਕਰਕੇ ਤੁਹਾਨੂੰ ਕਿਵੇਂ ਲਗਦਾ ਹੈ?
ਕਰਸਤ ਸਿੱਧੇ ਤੌਰ 'ਤੇ ਤੁਹਾਨੂੰ ਫ਼ਾਇਦਾ ਪਹੁੰਚਾਉਂਦੀ ਹੈ। ਅਸਿੱਧੇ ਤੌਰ ਤੇ ਤੁਹਾਡੇ ਬੱਚੇ ਅਤੇ ਹੋਰ ਲੋਕ ਇਸ ਤੋਂ ਲਾਭ ਹਾਸਲ ਕਰਦੇ ਹਨ।
ਤੁਸੀਂ ਕਸਰਤ ਕਿਉਂ ਕਰਨੀ ਚਾਹੁੰਦੇ ਹੋ? ਇਸ ਸਵਾਲ ਦੇ ਜਵਾਬ ਨਾਲ ਤੁਹਾਨੂੰ ਅੰਦਰੋਂ ਪ੍ਰੇਰਨਾ ਮਿਲੇਗੀ।
ਬਾਹਰੀ ਪ੍ਰੇਰਨਾ ਤੁਹਾਨੂੰ ਕਸਰਤ ਸ਼ੁਰੂ ਕਰਨ ਵਿੱਚ ਸਹਾਈ ਹੋ ਸਕਦੀ ਹੈ।
2. ਕਿਸੇ ਨਾਲ ਮਿਲ ਕੇ ਕਸਰਤ ਕਰੋ
ਦੇਖਿਆ ਗਿਆ ਹੈ ਕਿ ਜਦੋਂ ਲੋਕ ਪਰਿਵਾਰਕ ਜੀਆਂ ਜਾਂ ਦੋਸਤਾਂ-ਮਿੱਤਰਾਂ ਨਾਲ ਮਿਲ ਕੇ ਕਸਰਤ ਕਰਦੇ ਹਨ ਤਾਂ ਉਹ ਜ਼ਿਆਦਾ ਕਸਰਤ ਕਰਦੇ ਹਨ।
ਜਦੋਂ ਤੁਸੀਂ ਕਿਸੇ ਨਾਲ ਮਿਲਕੇ ਕਸਰਤ ਕਰਨ ਦਾ ਵਾਅਦਾ ਕਰਦੇ ਹੋ ਤਾਂ ਤੁਸੀਂ ਆਪਣਾ ਵਚਨ ਪੁਗਾਉਣ ਲਈ ਪੂਰੀ ਕੋਸ਼ਿਸ਼ ਕਰਦੇ ਹੋ।
3. ਖੁਦ ਨੂੰ ਇਨਾਮ ਦਿਓ
ਨਵਾਂ ਕੱਪੜਾ ਜਾਂ ਕੁਝ ਹੋਰ। ਧਿਆਨ ਦਿਓ ਕਿ ਇਸ ਦਾ ਸਬੰਧ ਕਸਰਤ ਦੇ ਕਿਸੇ ਟੀਚੇ ਨਾਲ ਜੁੜਿਆ ਹੋਵੇ।
4. ਐਕਟੀਵਿਟੀ ਟਰੈਕਰ ਰੱਖੋ
ਅਜਿਹੇ ਕਈ ਉਪਕਰਨ ਹਨ ਜੋ ਤੁਹਾਨੂੰ ਹਿੱਲਣ ਲਈ ਉਕਸਾਉਂਦੇ ਹਨ। ਤੁਹਾਡੇ ਕੰਮ ਦਾ ਰਿਕਾਰਡ ਰੱਖਦੇ ਹਨ, ਟੀਚੇ ਮਿੱਥਣ ਅਤੇ ਉਨ੍ਹਾਂ ਨੂੰ ਹਾਸਲ ਕਰਨ ਵਿੱਚ ਸਹਾਈ ਹੁੰਦੇ ਹਨ।
ਇਹ ਉਪਕਰਣ ਤੁਹਾਨੂੰ ਕਈ ਸੁਝਾਅ ਦਿੰਦੇ ਹਨ ਜੋ ਤੁਹਾਨੂੰ ਸਰੀਰਕ ਤੌਰ 'ਤੇ ਸਰਗਰਮ ਰਹਿਣ ਵਿੱਚ ਮਦਦਗਾਰ ਹੋਣ।
5. ਦਿਨ ਵਿੱਚ ਤੈਅ ਸਮੇਂ 'ਤੇ ਕਸਰਤ ਕਰੋ
ਇਸ ਤਰ੍ਹਾਂ ਇਹ ਇੱਕ ਆਦਤ ਬਣ ਜਾਵੇਗੀ। ਇਸ ਬਾਰੇ ਹੋਈ ਖੋਜ ਮੁਤਾਬਕ ਸਵੇਰੇ ਆਦਤ ਕਰਨ ਦੀ ਆਦਤ ਸ਼ਾਮ ਨਾਲੋਂ ਜਲਦੀ ਪੈਂਦੀ ਹੈ।
6. ਉਹ ਕਰੋ ਜੋ ਤੁਹਾਨੂੰ ਪਸੰਦ ਹੈ
ਕਸਰਤ ਦੀ ਆਦਤ ਪਾਉਣਾ ਮੁਸ਼ਕਲ ਹੈ। ਉਹ ਕਰਨ ਦੀ ਆਦਤ ਪਾਓ ਜੋ ਤੁਹਾਨੂੰ ਪਸੰਦ ਹੋਣ।
ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਪਤਾ ਹੀ ਨਾ ਹੋਵੇ ਕਿ ਜੋ ਤੁਸੀਂ ਕਰ ਰਹੇ ਹੋ ਉਹ ਤੁਹਾਨੂੰ ਪਸੰਦ ਵੀ ਹੈ ਜਾਂ ਨਹੀਂ।
ਜੇ ਤੁਹਾਨੂੰ ਦੌੜਨਾ ਪਸੰਦ ਨਹੀਂ ਤਾਂ, ਨਾ ਦੌੜੋ। ਪਾਰਕ ਵਿੱਚ ਜਾਓ ਤੇ ਸੈਰ ਕਰੋ।
7. ਸ਼ੁਰੂਆਤ ਹੌਲੀ ਕਰੋ
ਸ਼ੁਰੂ ਵਿੱਚ ਹੀ ਅਤੀ ਨਾ ਕਰੋ। ਇਸ ਨਾਲ ਤੁਸੀਂ ਨਸਾਂ ਚੜ੍ਹਨ ਅਤੇ ਫਾਲਤੂ ਦੀ ਸੱਟ ਤੋਂ ਵੀ ਬਚੋਗੇ।
8. ਸੰਗੀਤ ਸੁਣੋ, ਮੂਡ ਸੁਧਾਰੋ
ਜਦੋਂ ਕਸਰਤ ਕਰਦੇ ਸਮੇਂ ਤੁਹਾਨੂੰ ਮਹਿਸੂਸ ਨਾ ਹੋਵੇ ਕਿ ਤੁਸੀਂ ਕੋਈ ਉਚੇਚਾ ਜਾਂ ਖਾਸ ਕਰ ਰਹੇ ਹੋ। ਇਸ ਨਾਲ ਨਤੀਜੇ ਬਿਹਤਰ ਆਉਣਗੇ।
ਖਾਸ ਕਰਕੇ ਜੇ ਸੰਗੀਤ ਸੁਣਦੇ ਹੋਏ ਕਸਰਤ ਕਰੋਂ ਤਾਂ ਕਸਰਤ ਹੋਰ ਕਾਰਗਰ ਹੋ ਜਾਂਦੀ ਹੈ।
9. ਆਪਣੇ ਕੁੱਤੇ ਨੂੰ ਸੈਰ ਤੇ ਲਿਜਾਓ
ਜੋ ਲੋਕ ਸੈਰ 'ਤੇ ਆਪਣਾ ਕੁੱਤਾ ਨਾਲ ਲੈ ਕੇ ਜਾਂਦੇ ਹਨ ਉਹ ਦੂਜਿਆਂ ਨਾਲੋਂ ਜ਼ਿਆਦਾ ਲੰਬੀ ਸੈਰ ਕਰਦੇ ਹਨ।
ਅਣਜਾਣ ਰਾਹਾਂ 'ਤੇ ਜਾਣ ਸਮੇਂ ਵੀ ਉਹ ਮਹਿਫੂਜ਼ ਵੀ ਮਹਿਸੂਸ ਕਰਦੇ ਹਨ।
10. ਪੈਸੇ ਨਾਲ ਜੁੜਿਆ ਵਾਅਦਾ ਕਰੋ
ਵਿਹਾਰਕ ਅਰਥਸ਼ਾਸਤਰ ਦੱਸਦਾ ਹੈ ਕਿ ਲੋਕ ਨੁਕਸਾਨ ਬਚਾਉਣ ਤੋਂ ਬਹੁਤ ਪ੍ਰੇਰਿਤ ਹੁੰਦੇ ਹਨ। ਟੈਕਸ ਇਸੇ ਲਈ ਲਗਾਏ ਜਾਂਦੇ ਹਨ ਤਾਂ ਜੋ ਲੋਕ ਬਚਤ ਕਰਨ ਲਈ ਪ੍ਰੇਰਿਤ ਹੋਣ।
ਕੁਝ ਵੈਬਸਾਈਟਾਂ ਉੱਪਰ ਤੁਹਾਨੂੰ ਅਹਿਦ ਵਜੋਂ ਕੁਝ ਰਕਮ ਭਰਨੀ ਪੈਂਦੀ ਹੈ। ਜੇ ਤੁਸੀਂ ਆਪਣਾ ਵਾਅਦਾ ਪੂਰਾ ਨਾ ਕਰੋਂ ਤਾਂ ਤੁਹਾਡਾ ਪੈਸਾ ਵਾਪਸ ਨਹੀਂ ਆਵੇਗਾ।
ਦੇਖਿਆ ਗਿਆ ਹੈ ਕਿ ਇਸ ਨਾਲ ਲੋਕਾਂ ਦੇ ਕਸਰਤ ਕਰਨ, ਸਮੇਂ ਸਿਰ ਦਵਾਈ ਲੈਣ ਅਤੇ ਭਾਰ ਘਟਾਉਣ ਸਬੰਧੀ ਟੀਚਿਆਂ ਦੀ ਪ੍ਰਾਪਤੀ ਵਿੱਚ ਸੁਧਾਰ ਹੋਇਆ।
ਅਖੀਰ ਵਿੱਚ ਤੁਹਾਨੂੰ ਧੀਰਜ ਰੱਖਣਾ ਚਾਹੀਦਾ ਹੈ ਕਿ ਇਹ ਲੰਬੇ ਸਮੇਂ ਦੇ ਟੀਚੇ ਹਨ।
ਕਸਰਤ ਨੂੰ ਆਦਤ ਬਣਦਿਆਂ ਦੋ ਤੋਂ ਤਿੰਨ ਮਹੀਨੇ ਲੱਗ ਜਾਂਦੇ ਹਨ।
ਉਸ ਤੋਂ ਬਾਅਦ ਤੁਹਾਡੀ ਅੰਦਰੂਨੀ ਪ੍ਰੇਰਨਾ ਇਸ ਆਦਤ ਨੂੰ ਨਿਭਾਉਣ ਵਿੱਚ ਤੁਹਾਡੀ ਮਦਦ ਕਰੇਗੀ।
ਫਿਰ ਕੌਣ ਜਾਣੇ ਕਿ ਸਮੇਂ ਨਾਲ ਤੁਸੀਂ ਕਸਰਤ ਦੇ ਨਸ਼ੇੜੀ ਬਣ ਜਾਓ, ਜਿਨ੍ਹਾਂ ਤੋਂ ਤੁਹਾਡੇ ਦੋਸਤ ਅਤੇ ਪਰਿਵਾਰ ਵਾਲੇ ਵੀ ਪ੍ਰੇਰਨਾ ਲੈਣ।
*ਕੈਰੋਲ ਮੇਹਰ ਯੂਨੀਵਰਿਸਟੀ ਆਫ਼ ਸਾਊਥ ਆਸਟਰੇਲੀਆ ਦੇ ਇਮਰਜਿੰਗ ਲੀਡਰ ਪ੍ਰੋਗਰਾਮ ਵਿੱਚ ਮੈਡੀਕਲ ਰਿਸਰਚਰ ਹਨ। *ਬੇਨ ਸਿੰਘ ਯੂਨੀਵਰਸਿਟੀ ਆਫ਼ ਆਸਟਰੇਲੀਆ ਵਿੱਚ ਐਸੋਸੀਏਟ ਰਿਸਰਚਰ ਹਨ।
ਉਨ੍ਹਾਂ ਦਾ ਇਹ ਲੇਖ ਮੂਲ ਰੂਪ ਵਿੱਚ ਅੰਗਰੇਜ਼ੀ ਵਿੱਚ ਕਨਵਰਸੇਸ਼ਨ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਹੋਇਆ ਸੀ।
ਇਹ ਵੀ ਪੜ੍ਹੋ: