ਆਪਣੀ ਉਮਰ ਮੁਤਾਬਕ ਜਾਣੋ ਕਿ ਕਿਸ ਉਮਰ ਵਿਚ ਕਿਹੜੀ ਕਸਰਤ ਕਰਨੀ ਚਾਹੀਦੀ ਹੈ

    • ਲੇਖਕ, ਸੰਪਾਦਕੀ
    • ਰੋਲ, ਬੀਬੀਸੀ ਨਿਊਜ਼

ਖੇਡਾਂ ਦੇ ਸਾਡੀ ਸਿਹਤ 'ਤੇ ਪੈਣ ਵਾਲੇ ਚੰਗੇ ਪ੍ਰਭਾਵ ਕਿਸੇ ਤੋਂ ਲੁਕੇ ਨਹੀਂ ਹਨ। ਰੋਜ਼ਾਨਾ ਕਸਰਤ ਕਰਨ ਨਾਲ ਦਿਲ ਦੀ ਬਿਮਾਰੀ, ਕੈਂਸਰ ਅਤੇ ਟਾਈਪ-2 ਡਾਇਬਿਟੀਜ਼ ਸਮੇਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ।

ਇਸ ਤੋਂ ਇਲਾਵਾ ਕਸਰਤ ਸਾਡੀ ਮਾਨਸਿਕ ਸਿਹਤ ਨੂੰ ਕਾਇਮ ਰੱਖਣ ਵਿੱਚ ਵੀ ਮਦਦਗਾਰ ਹੁੰਦੀ ਹੈ। ਰੋਜ਼ਾਨਾ ਕੀਤੀ ਗਈ ਕਸਰਤ ਸਾਡੇ ਸਰੀਰ ਵਿਚ ਐਂਡੌਰਫਿਨਜ਼ ਦੇ ਪੱਧਰ ਨੂੰ ਵਧਾਉਂਦੀ ਹੈ ਜਿਸ ਨਾਲ ਸਾਡੀ ਮਨੋਦਸ਼ਾ ਅਤੇ ਸਵੈ-ਮਾਣ ਵੀ ਪ੍ਰਭਾਵਿਤ ਹੁੰਦਾ ਹੈ।

ਜਿਵੇਂ 20 ਸਾਲਾਂ ਦੀ ਤੇ 40 ਸਾਲਾਂ ਦੀ ਉਮਰ ਦਾ ਫ਼ਰਕ ਸਪਸ਼ਟ ਹੈ। ਉਸੇ ਤਰ੍ਹਾਂ ਇਹ ਗੱਲ ਵੀ ਸਪਸ਼ਟ ਹੈ ਕਿ ਹਰ ਤਰ੍ਹਾਂ ਦੀ ਖੇਡ ਹਰ ਉਮਰ ਦੇ ਵਿਅਕਤੀ ਲਈ ਠੀਕ ਨਹੀਂ ਹੁੰਦੀ।

ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਅਸੀਂ ਵੱਧਦੀ ਉਮਰ ਦੇ ਹਿਸਾਬ ਨਾਲ ਆਪਣੀ ਕਸਰਤ ਵਿੱਚ ਬਦਲਾਅ ਨਹੀਂ ਕਰਦੇ ਤਾਂ ਇਸ ਨਾਲ ਸਾਡੀ ਸਰੀਰਕ ਸਿਹਤ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਜੇ ਕਸਰਤ ਨਾ ਕਰ ਸਕਣ ਕਾਰਨ ਹੋਣ ਵਾਲੀ ਥਕਾਨ ਨੂੰ ਵੀ ਗਿਣ ਲਈਏ ਤਾਂ ਮਾਨਿਸਕ ਸਿਹਤ 'ਤੇ ਵੀ ਅਸਰ ਪੈਂਦਾ ਹੈ।

ਡਬਲਿਨ ਵਿਚ ਸਥਿਤ ਟ੍ਰਿਨਿਟੀ ਕਾਲੇਜ ਵਿੱਚ ਫਿਜੀਓਥੈਰੇਪੀ ਦੀ ਪ੍ਰੋਫੈਸਰ ਜੂਲੀ ਬ੍ਰੌਡੇਰਿਕ ਨੇ ਆਪਣੇ ਇੱਕ ਲੇਖ "ਦਿ ਕਨਵਰਸੇਸ਼ਨ" ਵਿੱਚ ਉਮਰ-ਉਚਿਤ ਕਸਰਤ ਬਾਰੇ ਦੱਸਿਆ ਹੈ।

ਸੰਖੇਪ ਵਿੱਚ ਉਨ੍ਹਾਂ ਨੇ ਹੇਠ ਦਿੱਤੀਆਂ ਕਸਰਤਾਂ ਸੁਝਾਈਆਂ ਹਨ:

ਬਚਪਨ

ਬਚਪਨ ਵਿੱਚ ਕੀਤੀ ਜਾਣ ਵਾਲੀ ਕਸਰਤ ਨਾਲ ਬੱਚਿਆਂ ਦਾ ਵਜ਼ਨ ਠੀਕ ਰੱਖਣ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਦੀਆਂ ਮਾਸਪੇਸ਼ੀਆਂ ਮਜਬੂਤ ਬਣਦੀਆਂ ਹਨ, ਆਤਮ ਵਿਸ਼ਵਾਸ਼ ਵਿੱਚ ਵਾਧਾ ਹੁੰਦਾ ਹੈ ਅਤੇ ਨੀਂਦ ਵਿੱਚ ਵੀ ਸੁਧਾਰ ਹੁੰਦਾ ਹੈ।

ਬਚਪਨ ਵਿੱਚ ਵੱਖੋ-ਵੱਖ ਖੇਡਾਂ ਆਜ਼ਮਾਉਣ ਦੀ ਸਲਾਹ ਦਿੱਤੀ ਜਾਂਦੀ ਹੈ, ਜਿਸ ਨਾਲ ਬੱਚਿਆਂ ਵਿੱਚ ਕਈ ਤਰ੍ਹਾਂ ਦੇ ਹੁਨਰਾਂ ਦਾ ਵਿਕਾਸ ਹੋ ਸਕੇ। ਇਨ੍ਹਾਂ ਖੇਡਾਂ ਵਿੱਚ ਤੈਰਾਕੀ ਤੋਂ ਲੈ ਕੇ ਬਾਲ ਨਾਲ ਖੇਡੇ ਜਾਣ ਵਾਲੀਆਂ ਖੇਡਾਂ ਅਤੇ ਕੁਸ਼ਤੀ ਸ਼ਾਮਲ ਹਨ।

ਇਸ ਗੱਲ ਦੀ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਬੱਚੇ ਪਾਰਕਾਂ ਅਤੇ ਖੇਡ-ਮੈਦਾਨਾਂ ਵਿੱਚ ਖੁੱਲ੍ਹੀ ਦੌੜ-ਭੱਜ ਦਾ ਵੀ ਆਨੰਦ ਮਾਨਣ।

ਅੱਲੜ੍ਹਪੁਣੇ ਦੀ ਵਰਜਿਸ਼

ਬਰੌਡੇਰਿਕ ਦਾ ਕਹਿਣਾ ਹੈ ਕਿ ਇਸ ਉਮਰ ਦੌਰਾਨ ਖੇਡਾਂ ਵਿੱਚ ਰੁਚੀ ਖ਼ਾਸ ਕਰਕੇ ਕੁੜੀਆਂ ਵਿੱਚ ਘੱਟ ਜਾਂਦੀ ਹੈ।

ਇਸ ਦੇ ਬਾਵਜੂਦ ਚਿੰਤਾ ਅਤੇ ਤਣਾਅ ਨੂੰ ਕਾਬੂ ਕਰਨ ਲਈ ਉਥਲ-ਪੁਥਲ ਵਾਲੀ ਇਸ ਉਮਰ ਵਿੱਚ ਤੰਦਰੁਸਤੀ ਕਾਇਮ ਰੱਖਣ ਲਈ ਕਸਰਤ ਕਰਨੀ ਬਹੁਤ ਜ਼ਰੂਰੀ ਹੈ।

ਇਸ ਉਮਰ ਵਿੱਚ ਟੀਮਾਂ ਵਾਲੀਆਂ ਖੇਡਾਂ ਖੇਡਣੀਆਂ ਚਾਹੀਦੀਆਂ ਹਨ।

ਟੀਮਾਂ ਵਾਲੀਆਂ ਖੇਡਾਂ ਨਾਲ ਅੱਲੜ੍ਹ ਪ੍ਰੇਰਿਤ ਰਹਿੰਦੇ ਹਨ ਅਤੇ ਉਹ ਅਨੁਸ਼ਾਸਨ ਵੀ ਸਿੱਖਦੇ ਹਨ।

ਬਰੌਡੇਰਿਕ ਦੁਆਰਾ ਇਕੱਠੀਆਂ ਕੀਤੀਆਂ ਮਾਹਿਰਾਂ ਦੀਆਂ ਸਿਫਾਰਿਸ਼ਾਂ ਮੁਤਾਬਕ ਤੈਰਾਕੀ ਅਤੇ ਐਥਲੈਟਿਕਸ ਉਨ੍ਹਾਂ ਨੂੰ ਫਿੱਟ ਰੱਖਣ ਵਿਚ ਸਭ ਤੋਂ ਵੱਧ ਸਹਾਇਤਾ ਕਰਦੀਆਂ ਹਨ।

ਕਿਹੜੀ ਉਮਰ ਵਿਚ ਕੀ ਕਸਰਤ

  • ਬੱਚੇ ਪਾਰਕਾਂ ਅਤੇ ਖੇਡ-ਮੈਦਾਨਾਂ ਵਿੱਚ ਖੁੱਲ੍ਹੀ ਦੌੜ-ਭੱਜ ਦਾ ਵੀ ਆਨੰਦ ਮਾਨਣ
  • ਅੱਲੜਪੁਣੇ ਵਿਚ ਟੀਮਾਂ ਵਾਲੀਆਂ ਖੇਡਾਂ ਖੇਡਣੀਆਂ ਚਾਹੀਦੀਆਂ ਹਨ।
  • 20 ਸਾਲ ਦੀ ਉਮਰ ਵਿਚ ਰਗਬੀ, ਰੋਵਿੰਗ ਅਤੇ ਜਿੰਮ ਵਿੱਚ ਵਜ਼ਨ ਚੁੱਕਣ ਵਰਗੀਆਂ ਵੱਖੋ-ਵੱਖ ਕਸਰਤਾਂ ਦਾ ਅਭਿਆਸ ਕੀਤਾ ਜਾ ਸਕਦਾ ਹੈ
  • 30 ਵਿਆਂ ਲੋਕਾਂ ਨੂੰ ਭੱਜਣਾ, ਸਾਈਕਲ ਚਲਾਉਣਾ, ਫਰਾਟਾ ਦੌੜ ਅਤੇ "ਰੇਜ਼ਿਸਟੈਂਸ ਸਰਕਟ"
  • 40ਵਿਆਂ ਵਿਚ ਡੰਬਲਾਂ ਤੋਂ ਸ਼ੁਰੂਆਤ ਕਰਕੇ ਜਿੰਮ ਦੀਆਂ ਵੇਟ ਮਸ਼ੀਨਾਂ ਨਾਲ ਕਸਰਤ ਕਰਨੀ ਚਾਹੀਦੀ ਹੈ।
  • 50ਵਿਆਂ ਵਿਚ ਤੁਰਨਾ, ਐਂਕਲ ਬੈਂਡ ਪਹਿਨ ਕੇ ਜੌਗਿੰਗ ਅਤੇ ਵੇਟ ਚੁੱਕਣਾ। ਤੁਸੀਂ ਯੋਗਾ ਵੀ ਕਰ ਸਕਦੇ ਹੋ।
  • 60ਵਿਆਂ ਵਿਚ ਬਾਲਰੂਮ ਡਾਂਸ ਅਤੇ ਹਲਕੀ ਕਸਰਤ ਦੀ ਦਿੱਤੀ ਜਾਂਦੀ ਹੈ, ਜਿਸ ਨਾਲ ਸਰੀਰ ਦੀ ਅਤੇ ਜੋੜਾਂ ਦੀ ਲਚਕ ਬਣੀ ਰਹੇ।

20 ਸਾਲ ਦੀ ਉਮਰ ਲਈ ਵਰਜਿਸ਼

ਮਾਹਿਰਾਂ ਮੁਤਾਬਕ ਆਪਣੀ ਉਮਰ ਦੇ ਇਸ ਦਹਾਕੇ ਦੌਰਾਨ ਅਸੀਂ ਆਪਣੇ ਬਿਹਤਰੀਨ ਸਰੀਰਕ ਪੱਧਰ 'ਤੇ ਪਹੁੰਚ ਸਕਦੇ ਹਾਂ।

ਇਸ ਦੌਰਾਨ ਆਪਣੀ ਸਰੀਰਕ ਸਮਰੱਥਾ ਦੇ ਹਿਸਾਬ ਨਾਲ ਸਭ ਤੋਂ ਵਧੀਆ ਕਾਰਗੁਜ਼ਾਰੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਦੌਰਾਨ ਰਗਬੀ, ਰੋਵਿੰਗ ਅਤੇ ਜਿੰਮ ਵਿੱਚ ਵਜ਼ਨ ਚੁੱਕਣ ਵਰਗੀਆਂ ਵੱਖੋ-ਵੱਖ ਕਸਰਤਾਂ ਦਾ ਅਭਿਆਸ ਕੀਤਾ ਜਾ ਸਕਦਾ ਹੈ।

ਐਰੋਬਿਕਸ, ਐਨਐਰੋਬਿਕ ਅਤੇ ਰੇਜ਼ਿਸਟੈਂਸ ਵਰਗੀਆਂ ਕਈ ਤਰ੍ਹਾਂ ਦੀਆਂ ਕਸਰਤਾਂ ਨੂੰ ਇਕੱਠਾ ਕਰਕੇ ਵਰਜਿਸ਼ ਕਰਨੀ ਚਾਹੀਦੀ ਹੈ।

30 ਸਾਲ ਦੀ ਉਮਰ ਵਿੱਚ

ਇਸ ਉਮਰ ਦੌਰਾਨ ਆਪਣੀ ਤਾਕਤ ਨੂੰ ਬਰਕਰਾਰ ਰੱਖਣ ਦੇ ਨਾਲ ਨਾਲ ਦਿਲ ਦੀ ਸਿਹਤ ਦਾ ਧਿਆਨ ਰੱਖਣਾ ਵੀ ਮਹੱਤਵਪੂਰਨ ਹੈ ਜੋ ਕਿ ਚੁਣੌਤੀਪੂਰਨ ਵੀ ਹੈ।

ਆਪਣੀ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਸਮਾਂ ਕੱਢਣਾ ਮੁਸ਼ਕਿਲ ਤਾਂ ਹੋ ਸਕਦਾ ਹੈ ਪਰ ਇੱਥੇ ਦਿਮਾਗ ਤੋਂ ਕੰਮ ਲੈਣਾ ਜ਼ਰੂਰੀ ਹੈ।

ਮਾਹਿਰ ਮੰਨਦੇ ਹਨ ਕਿ ਇਸ ਉਮਰ ਵਿੱਚ ਛੋਟੇ ਪਰ ਵੱਧ ਤੀਬਰਤਾ ਵਾਲੇ ਟ੍ਰੇਨਿੰਗ ਸੈਸ਼ਨ (ਜਿੰਨ੍ਹਾਂ ਨੂੰ ਐਚਆਈਆਈਟੀ ਕਿਹਾ ਜਾਂਦਾ ਹੈ) ਲੈਣ ਦੀ ਜ਼ਰੂਰਤ ਹੈ। ਇਸ ਵਿੱਚ ਭੱਜਣਾ, ਸਾਈਕਲ ਚਲਾਉਣਾ, ਫਰਾਟਾ ਦੌੜ ਅਤੇ "ਰੇਜ਼ਿਸਟੈਂਸ ਸਰਕਟ" ਸ਼ਾਮਲ ਹਨ।

ਔਰਤਾਂ ਨੂੰ, ਖ਼ਾਸ ਤੌਰ 'ਤੇ ਮਾਂ ਬਨਣ ਤੋਂ ਬਾਅਦ ਕੀਗਲ ਕਸਰਤਾਂ ਕਰਨ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਤਾਂ ਜੋ ਉਹ ਆਪਣੇ ਸਰੀਰ ਦਾ ਨਿੱਚਲਾ ਹਿੱਸਾ ਮਜ਼ਬੂਤ ਰੱਖ ਸਕਣ।

40 ਸਾਲ ਦੀ ਉਮਰ ਵਿੱਚ ਰਜਿਸਟੈਂਸ

ਇਸ ਉਮਰ ਵਿੱਚ ਕਿਉਂਕਿ ਭਾਰ ਵੱਧਣਾ ਸ਼ੁਰੂ ਹੋ ਜਾਂਦਾ ਹੈ, ਇਸ ਲਈ ਮਾਹਿਰਾਂ ਦਾ ਕਹਿਣਾ ਹੈ ਕਿ ਰਜ਼ਿਸਟੈਂਸ ਟ੍ਰੇਨਿੰਗ (ਜ਼ੋਰ ਵਾਲੀਆਂ ਕਸਰਤਾਂ) ਕਰਨੀ ਚਾਹੀਦੀ ਹੈ।

ਇਸ ਨਾਲ ਭਾਰ ਘੱਟਦਾ ਹੈ ਅਤੇ ਮਾਸਪੇਸ਼ੀਆਂ ਨੂੰ ਹੋਣ ਵਾਲੇ ਨੁਕਸਾਨ ਵਿੱਚ ਵੀ ਕਮੀ ਆਉਂਦੀ ਹੈ।

ਡੰਬਲਾਂ ਤੋਂ ਸ਼ੁਰੂਆਤ ਕਰਕੇ ਜਿੰਮ ਦੀਆਂ ਵੇਟ ਮਸ਼ੀਨਾਂ ਨਾਲ ਕਸਰਤ ਕਰਨੀ ਚਾਹੀਦੀ ਹੈ।

ਇਸ ਰੁਟੀਨ ਵਿੱਚ ਪੀਲਾਟੇਜ਼ (ਜਿਸ ਵਿੱਚ ਸਾਰੇ ਸਰੀਰ ਦੀ ਕਸਰਤ ਹੋਵੇ) ਕਰਨੇ ਚਾਹੀਦੇ ਹਨ। ਪੀਲਾਟੇਜ਼ ਨਾਲ ਪਿੱਠ ਨੂੰ ਮਜ਼ਬੂਤੀ ਮਿਲਦੀ ਹੈ।

50 ਸਾਲ ਦੀ ਉਮਰ ਵਿੱਚ

ਉਮਰ ਦੇ ਇਸ ਦਹਾਕੇ ਦੌਰਾਨ ਦਿਲ ਦੀਆਂ ਬਿਮਾਰੀਆਂ, ਟਾਈਪ-2 ਡਾਇਬਟੀਜ਼ ਅਤੇ ਦਰਦ ਰਹਿਣੇ ਸ਼ੁਰੂ ਹੋ ਜਾਂਦੇ ਹਨ।

ਔਰਤਾਂ ਵਿੱਚ ਐਸਟ੍ਰੋਜੇਨ ਦਾ ਪੱਧਰ ਘੱਟਣ ਕਾਰਨ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ।

ਸਿਫ਼ਾਰਿਸ਼ ਕੀਤੀ ਜਾਂਦੀ ਹੈ ਕਿ ਹਫ਼ਤੇ ਵਿੱਚ ਦੋ ਵਾਰ ਰਜ਼ਿਸਟੈਂਸ ਸੈਸ਼ਨ ਹੋਣਾ ਚਾਹੀਦਾ ਹੈ ਜਿਸ ਨਾਲ ਮਾਸਪੇਸ਼ੀਆਂ ਸਹੀ ਰਹਿਣ। ਇਸ ਰੂਟੀਨ ਵਿੱਚ ਕਾਰਡਿਓ-ਵੈਸਕਿਊਲਰ ਕਸਰਤਾਂ ਵੀ ਸ਼ਾਮਲ ਕਰਨੀਆਂ ਚਾਹੀਦੀਆਂ ਹਨ, ਜਿਵੇਂ- ਤੁਰਨਾ, ਐਂਕਲ ਬੈਂਡ ਪਹਿਨ ਕੇ ਜੌਗਿੰਗ ਅਤੇ ਵੇਟ ਚੁੱਕਣਾ। ਤੁਸੀਂ ਯੋਗਾ ਵੀ ਕਰ ਸਕਦੇ ਹੋ।

60 ਸਾਲਾਂ ਦੀ ਉਮਰ ਵਿੱਚ

ਜ਼ਿੰਦਗੀ ਦੇ ਇਸ ਪੜਾਅ ਦੌਰਾਨ ਕਈ ਘਾਤਕ ਬਿਮਾਰੀਆਂ ਹੋ ਸਕਦੀਆਂ ਹਨ ਅਤੇ ਕਸਰਤ ਨਾਲ ਇਨ੍ਹਾਂ ਦਾ ਖ਼ਤਰਾ ਘੱਟ ਸਕਦਾ ਹੈ।

ਇਸ ਦੌਰਾਨ ਸਭ ਤੋਂ ਵੱਧ ਸਲਾਹ ਬਾਲਰੂਮ ਡਾਂਸ ਅਤੇ ਹਲਕੀ ਕਸਰਤ ਦੀ ਦਿੱਤੀ ਜਾਂਦੀ ਹੈ, ਜਿਸ ਨਾਲ ਸਰੀਰ ਦੀ ਅਤੇ ਜੋੜਾਂ ਦੀ ਲਚਕ ਬਣੀ ਰਹੇ।

ਕਾਰਡਿਓ-ਵੈਸਕਿਊਲਰ ਕਸਰਤਾਂ ਅਤੇ ਤੇਜ਼ ਤੁਰਨਾ ਵੀ ਚੰਗਾ ਹੈ।

70 ਸਾਲ ਅਤੇ ਇਸ ਤੋਂ ਵੱਧ ਉਮਰ ਦੌਰਾਨ

ਇਸ ਉਮਰ ਵਿੱਚ ਮੁੱਖ ਟੀਚਾ ਇਹੀ ਹੁੰਦਾ ਹੈ ਕਿ ਸਰੀਰ ਨੂੰ ਤੁਰਦਾ-ਫਿਰਦਾ ਰੱਖਿਆ ਜਾ ਸਕੇ। ਸਰੀਰਕ ਗਤੀਵਿਧੀਆਂ ਨਾਲ ਸੋਚ-ਸ਼ਕਤੀ ਵੀ ਬਣੀ ਰਹਿੰਦੀ ਹੈ।

ਇਸ ਉਮਰ ਵਿੱਚ ਪਾਣੀ ਵਾਲੀਆਂ ਕਸਰਤਾਂ ਵੀ ਕੀਤੀਆਂ ਜਾ ਸਕਦੀਆਂ ਹਨ ਕਿਉਂਕਿ ਜਦੋਂ ਤੁਸੀਂ ਪਾਣੀ ਨਾਲ ਮੁਕਾਬਲਾ ਕਰਦੇ ਹੋ ਤਾਂ ਇਸ ਦਾ ਅਸਰ ਥੋੜ੍ਹਾ ਹੁੰਦਾ ਹੈ ਪਰ ਮਾਸਪੇਸ਼ੀਆਂ ਦੀ ਕਸਰਤ ਹੁੰਦੀ ਰਹਿੰਦੀ ਹੈ।

ਆਪਣੇ ਡਾਕਟਰ ਦੀ ਸਲਾਹ ਨਾਲ ਉਮਰ ਮੁਤਾਬਕ, ਸਰੀਰ ਨੂੰ ਤਾਕਤ ਦੇਣ ਵਾਲੀ ਕਸਰਤਾਂ ਕਰਨੀਆਂ ਚਾਹੀਦੀਆਂ ਹਨ।

ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਸਰੀਰਕ ਗਤੀਵਿਧੀ ਦੇ ਇੱਕ ਸੰਤੁਲਿਤ ਪੱਧਰ ਨੂੰ ਕਾਇਮ ਰੱਖਿਆ ਜਾ ਸਕੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)