You’re viewing a text-only version of this website that uses less data. View the main version of the website including all images and videos.
ਮਾਰੇ ਗਏ ਫੌਜੀ ਪਾਇਲਟ ਦੀ ਪਤਨੀ ਦਾ ਇੰਸਟਾਗ੍ਰਾਮ ਸੰਦੇਸ਼: ‘ਉਹ ਮਰ ਰਿਹਾ ਸੀ ਤੇ ਬਾਬੂਸ਼ਾਹੀ ਵਾਈਨ ਪੀ ਰਹੀ ਸੀ’
"ਅਸੀਂ ਆਪਣੇ ਯੋਧਿਆਂ ਨੂੰ ਲੜਨ ਲਈ ਪੁਰਾਣੇ ਹਥਿਆਰ ਦਿੱਤੇ, ਫਿਰ ਵੀ ਉਨ੍ਹਾਂ ਨੇ ਆਪਣੀ ਪੂਰੀ ਜਾਨ ਲਾ ਦਿੱਤੀ..." — ਮੂਲ ਰੂਪ 'ਚ ਅੰਗਰੇਜ਼ੀ ਵਿੱਚ ਲਿਖਿਆ ਇਹ ਕਵਿਤਾ-ਸੰਦੇਸ਼ 1 ਫਰਵਰੀ ਨੂੰ ਇੱਕ ਟੈਸਟ ਫਲਾਈਟ ਦੌਰਾਨ ਮਾਰੇ ਗਏ ਭਾਰਤੀ ਹਵਾਈ ਫੌਜ ਦੇ ਇੱਕ ਪਾਇਲਟ ਦੀ ਪਤਨੀ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਸੋਸ਼ਲ ਮੀਡਿਆ ਉੱਪਰ ਵਾਇਰਲ ਹੋ ਰਿਹਾ ਹੈ।
ਸਕੂਐਡਨ ਲੀਡਰ ਸਮੀਰ ਅਬਰੋਲ (33) ਅਤੇ ਉਨ੍ਹਾਂ ਦੇ ਸਾਥੀ ਪਾਇਲਟ ਸਿੱਧਾਰਥ ਨੇਗੀ (31) ਦੀ ਮੌਤ ਬੈਂਗਲੂਰੂ ਵਿੱਚ ਮੀਰਾਜ-2000 ਜੰਗਜੂ ਜਹਾਜ਼ ਦੀ ਟੈਸਟਿੰਗ ਦੌਰਾਨ ਹੋ ਗਈ ਸੀ।
ਸਮੀਰ ਅਬਰੋਲ ਦੀ ਪਤਨੀ ਗਰਿਮਾ ਅਬਰੋਲ ਦੇ ਇੰਸਟਾਗ੍ਰਾਮ ਅਕਾਊਂਟ ਉੱਪਰ ਇਸ ਸੰਦੇਸ਼ ਬਾਰੇ ਸਮੀਰ ਦੇ ਭਰਾ ਸੁਸ਼ਾਂਤ ਅਬਰੋਲ ਨੇ ਇੱਕ ਖਬਰ ਏਜੰਸੀ ਨੂੰ ਦੱਸਿਆ ਕਿ ਇਹ ਅਸਲ ਵਿੱਚ ਉਨ੍ਹਾਂ (ਸੁਸ਼ਾਂਤ) ਨੇ ਲਿਖਿਆ ਸੀ ਜਦੋਂ ਉਹ ਸਮੀਰ ਦੀ ਦੇਹ ਨੂੰ ਲੈ ਕੇ ਆ ਰਹੇ ਸਨ।
ਇਹ ਵੀ ਜ਼ਰੂਰ ਪੜ੍ਹੋ
ਕਵਿਤਾ ਵਿੱਚ ਕਿਹਾ ਗਿਆ ਹੈ ਕਿ ਜਦੋਂ ਉਹ (ਸਮੀਰ) ਆਖਰੀ ਸਾਹ ਲੈ ਰਿਹਾ ਸੀ ਤਾਂ ਬਿਊਰੋਕ੍ਰੇਸੀ ਆਪਣੀ "ਕਰੱਪਟ" ਭਾਵ "ਭ੍ਰਿਸ਼ਟ" ਵਾਈਨ ਪੀ ਰਹੀ ਸੀ। ਦਿ ਟ੍ਰਿਬਿਊਨ ਵਿੱਚ ਛਪੀ ਏਜੰਸੀ ਦੀ ਰਿਪੋਰਟ ਮੁਤਾਬਕ ਸੁਸ਼ਾਂਤ ਨੇ ਕਿਹਾ ਕਿ ਉਨ੍ਹਾਂ ਨੇ ਕਰੱਪਟ 'ਸ਼ਬਦ' ਜਿਸ ਭਾਵ ਨਾਲ ਲਿਖਿਆ ਸੀ ਉਹ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ।
ਹਾਦਸੇ ਤੋਂ ਬਾਅਦ ਸਰਕਾਰੀ ਕੰਪਨੀ ਹਿੰਦੁਸਤਾਨ ਐਰੋਨੌਟਿਕਸ ਲਿਮਿਟਿਡ ਉੱਪਰ ਵੀ ਸੁਆਲ ਉੱਠ ਰਹੇ ਹਨ ਕਿਉਂਕਿ ਇਹ ਜਹਾਜ਼ ਐੱਚ.ਏ.ਐੱਲ ਨੇ ਹੀ ਅਪਗ੍ਰੇਡ ਕੀਤਾ ਸੀ ਅਤੇ ਇਸ ਦੀ ਟੈਸਟਿੰਗ ਹੀ ਕੀਤੀ ਜਾ ਰਹੀ ਸੀ ਜਦਕਿ ਇਹ ਉਡਾਰੀ ਤੋਂ ਪਹਿਲਾ ਰਨ-ਵੇਅ ਉੱਪਰ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ।
ਕੀ ਕਹਿੰਦੀ ਹੈ ਕਵਿਤਾ?
ਕਵਿਤਾ ਦਾ ਅੰਗਰੇਜ਼ੀ ਤੋਂ ਪੂਰਾ ਅਨੁਵਾਦ ਕਰ ਕੇ ਉਸ ਦਾ ਭਾਵ ਸਮਝਾਉਣਾ ਸੌਖਾ ਨਹੀਂ ਹੈ ਪਰ ਇਹ ਮੂਲ ਰੂਪ ਵਿੱਚ ਇਹ ਕਹਿੰਦੀ ਹੈ ਕਿ ਇੱਕ ਯੋਧਾ ਇੱਕ "ਆਊਟ-ਡੇਟਿਡ" ਮਸ਼ੀਨ ਕਰਕੇ ਮਾਰਿਆ ਗਿਆ ਅਤੇ ਸਰਕਾਰੀ ਤੰਤਰ ਪਰਵਾਹ ਨਹੀਂ ਕਰ ਰਿਹਾ ਸੀ।
ਇਹ ਅੱਗੇ ਕਹਿੰਦੀ ਹੈ ਕਿ ਟੈਸਟ ਪਾਇਲਟ ਦਾ ਕੰਮ ਬਹੁਤ ਔਖਾ ਹੈ ਕਿਉਂਕਿ ਉਹ ਹੋਰਨਾਂ ਯੋਧਿਆਂ ਲਈ ਆਪਣੀ ਜਾਨ ਦਾ ਜੋਖਮ ਲੈਂਦਾ ਹੈ।
ਕਵਿਤਾ ਦੇ ਅੰਤ ਵਿੱਚ ਗਰਿਮਾ ਵੱਲੋਂ ਲਿਖਿਆ ਹੈ ਕਿ "ਮੈਨੂੰ ਆਪਣੇ ਪਤੀ ਉੱਪਰ ਮਾਣ ਹੈ"। ਨਾਲ ਹੀ ਉਨ੍ਹਾਂ ਵੱਲੋਂ ਸਮੀਰ ਨੂੰ "ਬੈਟਮੈਨ" ਕਹਿ ਕੇ ਆਖਿਆ ਗਿਆ ਹੈ ਕਿ "ਹਮੇਸ਼ਾ ਲੜਦਾ ਰਹੀਂ... ਜੈ ਹਿੰਦ"।
ਇਹ ਵੀ ਜ਼ਰੂਰ ਪੜ੍ਹੋ
ਗਰਿਮਾ ਅਬਰੋਲ ਦੇ ਇੰਸਟਾਗ੍ਰਾਮ ਪ੍ਰੋਫ਼ਾਈਲ ਮੁਤਾਬਕ ਉਹ ਇੱਕ ਫਿੱਟਨੈੱਸ ਐੱਕਸਪਰਟ ਹਨ ਅਤੇ ਉਨ੍ਹਾਂ ਦੀਆਂ ਕਈ ਤਸਵੀਰਾਂ ਇਹ ਦਿਖਾਉਂਦੀਆਂ ਹਨ ਕਿ ਉਹ ਤੇ ਉਨ੍ਹਾਂ ਦੇ ਪਤੀ ਸਮੀਰ ਆਪਣੀ ਸਿਹਤ ਨੂੰ ਲੈ ਕੇ ਬਹੁਤ ਉਤਸ਼ਾਹਿਤ ਰਹਿੰਦੇ ਸਨ।
ਲੋਕ ਕੀ ਕਹਿ ਰਹੇ ਹਨ?
ਕਵਿਤਾ ਦੇ ਹੇਠਾਂ ਦਰਜਨਾਂ ਪ੍ਰਤੀਕਿਰਿਆਵਾਂ ਹਨ ਜਿਨ੍ਹਾਂ ਵਿੱਚ ਈਸ਼ਾਨੀ ਨਾਂ ਦਿ ਇਕ ਔਰਤ ਦਾ ਸੰਦੇਸ਼ ਵੀ ਸ਼ਾਮਲ ਹੈ ਜਿਸ ਵਿੱਚ ਕਿਹਾ ਹੈ, "ਇਹ ਪੂਰੇ ਦੇਸ ਦਾ ਨੁਕਸਾਨ ਹੈ। ਅਜਿਹੇ ਪਾਇਲਟ ਰੋਜ਼-ਰੋਜ਼ ਨਹੀਂ ਜੰਮਦੇ... ਮੈਂ ਜਾਣਦੀ ਹਾਂ ਕਿ (ਸਮੀਰ) ਅਬਰੋਲ ਆਪਣੇ ਕੋਰਸ ਦਾ ਸਭ ਤੋਂ ਮਿਸਲਯੋਗ ਪਾਇਲਟ ਸੀ... ਮੈਨੂੰ ਉਮੀਦ ਹੈ ਕਿ ਇਨ੍ਹਾਂ ਦੋਵਾਂ ਪਾਇਲਟਾਂ ਦੀ ਮੌਤ ਲੋਕਾਂ ਨੂੰ ਝੰਜੋੜ ਕੇ ਰੱਖ ਦੇਵੇਗੀ ਅਤੇ ਚੀਜ਼ ਬਦਲਣਗੀਆਂ।"
ਇਹ ਵੀ ਜ਼ਰੂਰ ਪੜ੍ਹੋ
ਅਭਿਸ਼ੇਕ ਓਝਾ ਨੇ ਕੁਮੈਂਟ ਕੀਤਾ ਹੈ ਕਿ ਸਾਰੇ ਦੇਸ਼ ਵਿੱਚ ਹੀ ਦੁੱਖ ਹੈ ਅਤੇ ਇਨ੍ਹਾਂ ਸੈਨਿਕਾਂ ਨਾਲ ਕਿਸੇ ਖੂਨ ਦੇ ਰਿਸ਼ਤੇ ਦੀ ਲੋੜ ਨਹੀਂ ਸਗੋਂ ਸਾਰਾ ਦੇਸ ਹੀ ਇਨ੍ਹਾਂ ਦਾ ਪਰਿਵਾਰ ਹੈ। "ਅਸੀਂ ਤੁਹਾਡੇ ਨਾਲ ਹਾਂ।"
ਦਿੱਲੀ ਨੇੜੇ ਗਾਜ਼ੀਆਬਾਦ ਵਿੱਚ ਰਹਿਣ ਵਾਲੇ ਅਬਰੋਲ ਪਰਿਵਾਰ ਨੂੰ ਮਿਲਣ ਲਈ ਰੱਖਿਆ ਮੰਤਰੀ ਨਿਰਮਲ ਸੀਤਾਰਮਨ ਪਹੁੰਚੇ ਸਨ ਅਤੇ ਉਨ੍ਹਾਂ ਨੇ ਤਸਵੀਰਾਂ ਟਵਿੱਟਰ ਉੱਪਰ ਸਾਂਝੀਆਂ ਵੀ ਕੀਤੀਆਂ ਸਨ।
ਦੇਹਰਾਦੂਨ ਵਿੱਚ ਦੂਜੇ ਪਾਇਲਟ ਸਿੱਧਾਰਥ ਨੇਗੀ ਦੇ ਘਰ ਵੀ ਉਨ੍ਹਾਂ ਨੇ ਪਟਿਵਰ ਨਾਲ ਮੁਲਾਕਾਤ ਕਰ ਕੇ ਦੁੱਖ ਸਾਂਝਾ ਕੀਤਾ ਸੀ।
ਇਹ ਵੀਡੀਓ ਵੀ ਜ਼ਰੂਰ ਦੇਖੋ