ਪੋਪ ਫਰਾਂਸਿਸ ਨੇ ਮੰਨਿਆ ਕਿ ਪਾਦਰੀਆਂ ਨੇ ਬਣਾਇਆ ਨੰਨਜ਼ ਨੂੰ ਸੈਕਸ ਗੁਲਾਮ -ਪੋਪ

ਮੱਧ ਪੂਰਬ ਦਾ ਦੌਰਾ ਕਰ ਰਹੇ ਪੋਪ ਫਰਾਂਸਿਸ ਨੇ ਪਾਦਰੀਆਂ ਵੱਲੋਂ ਨੰਨਜ਼ ਦਾ ਸਰੀਰਕ ਸ਼ੋਸ਼ਣ ਕੀਤੇ ਜਾਣ ਦੀ ਗੱਲ ਕਬੂਲੀ ਹੈ। ਉਨ੍ਹਾਂ ਮੁਤਾਬਕ ਇਨ੍ਹਾਂ ਵਿੱਚੋਂ ਇੱਕ ਮਾਮਲਾ ਅਜਿਹਾ ਵੀ ਸੀ ਜਿੱਥੇ ਨੰਨਜ਼ ਨੂੰ ਸੈਕਸ ਗੁਲਾਮ ਬਣਾ ਕੇ ਰੱਖਿਆ ਗਿਆ ਸੀ।

ਪੋਪ ਫਰਾਂਸਿਸ ਨੇ ਇਹ ਵੀ ਮੰਨਿਆ ਹੈ ਕਿ ਸਾਬਕਾ ਪੋਪ ਬੈਂਡਿਕਟ ਨੂੰ ਅਜਿਹੀਆਂ ਨੰਨਜ਼ ਦੀ ਪੂਰੀ ਧਰਮ ਸਭਾ ਨੂੰ ਹੀ ਬੰਦ ਕਰਨਾ ਪਿਆ ਸੀ, ਜਿਨ੍ਹਾਂ ਦਾ ਪਾਦਰੀ ਸ਼ੋਸ਼ਣ ਕਰ ਰਹੇ ਸਨ।

ਮੰਨਿਆ ਜਾ ਰਿਹਾ ਹੈ ਕਿ ਇਹ ਪਹਿਲਾ ਮੌਕਾ ਹੈ ਜਦੋਂ ਪੋਪ ਫਰਾਂਸਿਸ ਨੇ ਪਾਦਰੀਆਂ ਵੱਲੋਂ ਨੰਨਜ਼ ਦੇ ਸਰੀਰਕ ਸ਼ੋਸ਼ਣ ਦੀ ਗੱਲ ਮੰਨੀ ਹੋਵੇ।

ਪੋਪ ਫਰਾਂਸਿਸ ਨੇ ਕਿਹਾ ਹੈ ਕਿ ਚਰਚ ਇਸ ਸਮੱਸਿਆ ਦੇ ਹੱਲ ਦੀ ਕੋਸ਼ਿਸ਼ ਵਿੱਚ ਜੁਟੀ ਹੋਈ ਹੈ ਪਰ ਇਹ ਦਿੱਕਤ 'ਹਾਲੇ ਵੀ ਬਰਕਾਰ ਹੈ।'

ਪੋਪ ਫਰਾਂਸਿਸ ਇਸ ਵੇਲੇ ਪੱਛਮੀ ਏਸ਼ੀਆ ਦੇ ਇਤਿਹਾਸਕ ਦੌਰੇ 'ਤੇ ਹਨ। ਮੰਗਲਵਾਰ ਨੂੰ ਉਨ੍ਹਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਨੰਨਜ਼ ਦੇ ਜਿਨਸੀ ਸ਼ੋਸ਼ਣ ਸਬੰਧੀ ਗੱਲਾਂ ਸਾਂਝੀਆਂ ਕੀਤੀਆਂ।

ਇਹ ਵੀ ਪੜ੍ਹੋ:

ਪੋਪ ਨੇ ਕਿਹਾ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਕਈ ਪਾਦਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ ਅਤੇ ਅੱਗੇ ਵੀ ਕੋਸ਼ਿਸ਼ਾਂ ਕਰਨ ਦੀ ਲੋੜ ਹੈ।

'ਸਮੱਸਿਆ ਦੀ ਜਾਣਕਾਰੀ ਹੈ'

ਪੋਪ ਨੇ ਮੰਨਿਆ ਹੈ ਕਿ ਪਾਦਰੀ ਅਤੇ ਬਿਸ਼ਪ ਨੰਨਜ਼ ਦਾ ਸ਼ੋਸ਼ਣ ਕਰਦੇ ਰਹੇ ਹਨ। ਪੋਪ ਨੇ ਕਿਹਾ ਕਿ ਚਰਚ ਨੂੰ ਇਸ ਬਾਰੇ ਪਤਾ ਹੈ ਅਤੇ 'ਇਸ ਉੱਤੇ ਕੰਮ ਕਰ ਰਹੀ ਹੈ।'

ਪੋਪ ਨੇ ਕਿਹਾ, "ਅਸੀਂ ਇਸ ਮਾਰਗ 'ਤੇ ਚੱਲ ਰਹੇ ਹਾਂ।"

ਉਨ੍ਹਾਂ ਨੇ ਕਿਹਾ ਕਿ "ਪੋਪ ਬੈਂਡਿਕਟ ਨੇ ਔਰਤਾਂ ਦੀ ਇੱਕ ਮੀਟਿੰਗ ਨੂੰ ਭੰਗ ਕਰਨ ਦੀ ਹਿੰਮਤ ਕੀਤੀ ਸੀ ਕਿਉਂਕਿ ਪਾਦਰੀਆਂ ਜਾਂ ਸੰਸਥਾਪਕਾਂ ਨੇ ਉੱਥੇ ਔਰਤਾਂ ਨੂੰ ਗ਼ੁਲਾਮ ਬਣਾ ਕੇ ਰੱਖਿਆ ਹੋਇਆ ਸੀ। ਇੱਥੋਂ ਤੱਕ ਕਿ ਉਨ੍ਹਾਂ ਨੂੰ ਸੈਕਸ ਗੁਲਾਮ ਬਣਾ ਦਿੱਤਾ ਗਿਆ ਸੀ।"

ਪੋਪ ਫਰਾਂਸਿਸ ਨੇ ਕਿਹਾ ਕਿ ਇਹ ਸਮੱਸਿਆ ਲਗਾਤਾਰ ਬਣੀ ਹੋਈ ਹੈ ਪਰ ਵੱਡੇ ਪੈਮਾਨੇ 'ਤੇ ਅਜਿਹਾ ਸਿਰਫ਼ ਵਿਸ਼ੇਸ਼ ਧਾਰਮਿਕ ਸਭਾਵਾਂ ਅਤੇ ਵਿਸ਼ੇਸ਼ ਖੇਤਰਾਂ ਵਿੱਚ ਹੀ ਹੁੰਦਾ ਹੈ।

ਪਿਛਲੇ ਸਾਲ ਨਵੰਬਰ ਵਿਚ ਕੈਥੋਲਿਕ ਚਰਚ ਗਲੋਬਲ ਆਰਗੇਨਾਈਜੇਸ਼ਨ ਫਾਰ ਨੰਨਜ਼ ਨੇ 'ਚੁੱਪ ਰਹਿਣ ਅਤੇ ਨਿੱਜਤਾ ਰੱਖਣ ਦੀ ਪਰੰਪਰਾ' ਦੀ ਨਿੰਦਾ ਕੀਤੀ ਸੀ। ਜੋ ਉਨ੍ਹਾਂ ਨੂੰ ਆਪਣੀ ਗੱਲ ਰੱਖਣ ਤੋਂ ਰੋਕਦੀ ਹੈ।

ਕੁਝ ਦਿਨ ਪਹਿਲਾਂ ਵੈਟੀਕਨ ਦੀਆਂ ਔਰਤਾਂ ਦੀ ਮੈਗਜ਼ੀਨ 'ਵੂਮੈਨ ਚਰਚ ਵਰਲਡ' ਨੇ ਸ਼ੋਸ਼ਣ ਦੀ ਨਿੰਦਾ ਕੀਤੀ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਕੁਝ ਮਾਮਲਿਆਂ ਵਿੱਚ ਗਰਭ ਵਿੱਚ ਪਲ ਰਹੇ ਪਾਦਰੀਆਂ ਦੇ ਬੱਚਿਆਂ ਦਾ ਗਰਭਪਾਤ ਕਰਵਾਉਣ ਲਈ ਮਜ਼ਬੂਰ ਹੋਈਆਂ। ਜਦੋਂਕਿ ਕੈਥੋਲਿਕਜ਼ ਲਈ ਗਰਭਪਾਤ ਦੀ ਮਨਾਹੀ ਹੈ।

ਇਸ ਮੈਗਜ਼ੀਨ ਅਨੁਸਾਰ, #MeToo ਮੁਹਿੰਮ ਤੋਂ ਬਾਅਦ ਹੋਰ ਔਰਤਾਂ ਆਪਣੀਆਂ ਕਹਾਣੀਆਂ ਸਾਹਮਣੇ ਲਿਆ ਰਹੀਆਂ ਹਨ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)