ਗੰਗਾ ਨਦੀ ਦੀ ਸਫ਼ਾਈ ਉੱਤੇ ਭਾਜਪਾ ਆਗੂਆਂ ਦੇ ਦਾਅਵੇ ਦਾ ਸੱਚ

    • ਲੇਖਕ, ਫੈਕਟ ਚੈੱਕ ਟੀਮ
    • ਰੋਲ, ਬੀਬੀਸੀ ਨਿਊਜ਼

ਦੱਖਣ ਭਾਰਤ ਦੇ ਕਈ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਤਸਵੀਰਾਂ ਦਾ ਇੱਕ ਜੋੜਾ ਇਸ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕੁਝ ਹੀ ਸਾਲਾਂ ਵਿੱਚ ਗੰਗਾ ਨਦੀ ਦੀ ਸਫ਼ਾਈ ਦਾ ਨਵਾਂ ਰਿਕਾਰਡ ਬਣਾਇਆ ਹੈ।

ਕੁਝ ਸੋਸ਼ਲ ਮੀਡੀਆ ਗਰੁੱਪਾਂ ਵਿੱਚ #5YearChallenge ਦੇ ਨਾਲ, ਤਾਂ ਕੁਝ ਵਿੱਚ #10YearChallenege ਦੇ ਨਾਲ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ ਗਿਆ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਕਾਂਗਰਸ ਦੀ ਸਰਕਾਰ ਵਿੱਚ ਗੰਗਾ ਨਦੀ ਦੀ ਸਥਿਤੀ ਕਾਫ਼ੀ ਖ਼ਰਾਬ ਸੀ, ਜਿਸ ਵਿੱਚ ਭਾਜਪਾ ਸਰਕਾਰ ਨੇ ਤੇਜ਼ੀ ਨਾਲ ਸੁਧਾਰ ਕੀਤਾ ਹੈ।

ਤਮਿਲ ਨਾਡੂ ਦੀ ਭਾਜਪਾ ਇਕਾਈ ਵਿੱਚ ਜਨਰਲ ਸਕੱਤਰ ਵਨਥੀ ਸ਼੍ਰੀਨਿਵਾਸਨ ਨੇ ਵੀ ਇਨ੍ਹਾਂ ਤਸਵੀਰਾਂ ਨੂੰ ਟਵੀਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ਕਾਂਗਰਸ ਸਰਕਾਰ ਦੇ ਸਮੇਂ (2014) ਅਤੇ ਹੁਣ ਭਾਜਪਾ ਸਰਕਾਰ ਦੌਰਾਨ (2019) ਗੰਗਾ ਦੀ ਸਥਿਤੀ ਵਿੱਚ ਹੋਏ ਬਦਲਾਅ ਨੂੰ ਵੇਖੋ।

ਦੱਖਣ ਭਾਰਤ ਦੇ ਕੁਝ ਹੋਰ ਭਾਜਪਾ ਨੇਤਾਵਾਂ ਨੇ ਵੀ ਇਨ੍ਹਾਂ ਤਸਵੀਰਾਂ ਨੂੰ ਆਪਣੇ ਅਧਿਕਾਰਕ ਸੋਸ਼ਲ ਮੀਡੀਆ ਪੇਜਾਂ 'ਤੇ ਸ਼ੇਅਰ ਕੀਤਾ ਹੈ।

'ਦਿ ਫਰੱਸਟ੍ਰੇਟਿਡ ਇੰਡੀਅਨ' ਅਤੇ 'ਰਾਈਟ ਲੌਗ ਡਾਟ ਇਨ' ਵਰਗੇ ਸੱਜੇ-ਪੱਖੀ ਰੁਝਾਨ ਵਾਲੇ ਸੋਸ਼ਲ ਮੀਡੀਆ ਗਰੁੱਪਾਂ ਨੇ ਵੀ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ ਅਤੇ ਹਜ਼ਾਰਾਂ ਲੋਕ ਇਨ੍ਹਾਂ ਗਰੁੱਪਾਂ ਤੋਂ ਇਹ ਤਸਵੀਰਾਂ ਸ਼ੇਅਰ ਕਰ ਚੁੱਕੇ ਹਨ।

ਇਹ ਵੀ ਪੜ੍ਹੋ:

ਕੰਨੜ ਭਾਸ਼ੀ ਫੇਸਬੁੱਕ ਗਰੁੱਪ 'BJP for 2019 - Modi Mattomme' ਨੇ ਵੀ ਪਿਛਲੇ ਹਫ਼ਤੇ ਇਨ੍ਹਾਂ ਤਸਵੀਰਾਂ ਨੂੰ ਪੋਸਟ ਕੀਤਾ ਸੀ ਅਤੇ ਲਿਖਿਆ ਸੀ, "ਕਿੰਨਾ ਫ਼ਰਕ ਆ ਗਿਆ ਹੈ, ਤੁਸੀਂ ਖ਼ੁਦ ਦੇਖੋ। ਇਹ ਬਦਲਾਅ ਕਾਫ਼ੀ ਹੈ ਇਹ ਕਹਿਣ ਲਈ- ਇੱਕ ਵਾਰ ਫਿਰ ਮੋਦੀ ਸਰਕਾਰ।''

ਪਰ ਸਾਡੀ ਪੜਤਾਲ ਵਿੱਚ ਸਾਨੂੰ ਪਤਾ ਲੱਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕ ਸਭਾ ਸੀਟ ਅਤੇ ਹਿੰਦੂਆ ਲਈ ਬਹੁਤ ਵੱਡੀ ਧਾਰਮਿਕ ਮਾਨਤਾ ਰੱਖਣ ਵਾਲੇ ਵਾਰਾਣਸੀ ਸ਼ਹਿਰ ਦੀ ਜਿਸ ਤਸਵੀਰ ਨੂੰ 'ਗੰਗਾ ਦੀ ਸਫ਼ਾਈ ਦਾ ਸਬੂਤ' ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਗਿਆ, ਉਹ ਗ਼ਲਤ ਹੈ।

ਪੜਤਾਲ ਤੋਂ ਪੜਤਾਲ ਲੱਗਿਆ ਹੈ ਕਿ ਇਹ ਤਸਵੀਰਾਂ 2009 ਅਤੇ 2019 ਦੀਆਂ ਨਹੀਂ ਹਨ।

ਪਹਿਲੀ ਤਸਵੀਰ

ਰਿਵਰਸ ਈਮੇਜ ਸਰਚ ਤੋਂ ਪਤਾ ਲੱਗਾ ਹੈ ਕਿ ਜਿਸ ਵਾਇਰਲ ਤਸਵੀਰ ਨੂੰ ਸਾਲ 2009 ਦਾ ਦੱਸਿਆ ਗਿਆ ਹੈ, ਉਸ ਨੂੰ ਸਾਲ 2015 ਤੋਂ 2018 ਵਿਚਾਲੇ 'ਆਊਟਲੁਕ ਮੈਗਜ਼ੀਨ' ਨੇ ਫਾਈਲ ਤਸਵੀਰ ਦੇ ਤੌਰ 'ਤੇ ਕਈ ਵਾਰ ਵਰਤਿਆ ਹੈ।

ਪਰ ਇਹ ਤਸਵੀਰ ਕਦੋਂ ਖਿੱਚੀ ਗਈ ਸੀ? ਇਹ ਪਤਾ ਕਰਨ ਲਈ ਅਸੀਂ ਆਊਟਲੁਕ ਮੈਗਜ਼ੀਨ ਦੇ ਫ਼ੋਟੋ ਐਡੀਟਰ ਜਤਿੰਦਰ ਗੁਪਤਾ ਨਾਲ ਗੱਲਬਾਤ ਕੀਤੀ।

ਉਨ੍ਹਾਂ ਨੇ ਦੱਸਿਆ, "ਸਾਲ 2011 ਦੇ ਮੱਧ ਵਿੱਚ ਉਹ ਗੰਗਾ ਦੇ ਹਾਲਾਤ 'ਤੇ ਫ਼ੋਟੋ ਸਟੋਰੀ ਕਰਨ ਵਾਰਾਣਸੀ ਗਏ ਸਨ। ਇਹ ਉਸੇ ਸੀਰੀਜ਼ ਦਾ ਫ਼ੋਟੋ ਹੈ ਜੋ ਬਾਅਦ ਵਿੱਚ ਵੀ ਕਈ ਕਹਾਣੀਆਂ 'ਚ ਫਾਈਲ ਫੋਟੋ ਦੇ ਤੌਰ 'ਤੇ ਵਰਤਿਆ ਗਿਆ ਹੈ।"

ਸਾਲ 2011ਵਿੱਚ ਕੇਂਦਰ 'ਚ ਕਾਂਗਰਸ ਅਤੇ ਉੱਤਰ ਪ੍ਰਦੇਸ਼ ਵਿੱਚ ਬਸਪਾ ਦੀ ਸਰਕਾਰ ਸੀ।

ਹੁਣ ਦੂਜੀ ਤਸਵੀਰ ...

ਇਹ ਉਹ ਤਸਵੀਰ ਹੈ ਜਿਸਦੇ ਆਧਾਰ 'ਤੇ ਭਾਜਪਾ ਨੇਤਾਵਾਂ ਨੇ ਗੰਗਾ ਨਦੀ ਨੂੰ ਪੂਰੀ ਤਰ੍ਹਾਂ ਬਦਲਣ ਦਾ ਦਾਅਵਾ ਕੀਤਾ ਹੈ ਅਤੇ ਇਸ ਨੂੰ ਸਾਲ 2019 ਦਾ ਦੱਸਿਆ ਹੈ।

ਰਿਵਰਸ ਸਰਚ ਤੋਂ ਪਤਾ ਲਗਦਾ ਹੈ ਕਿ ਇਹ ਤਸਵੀਰਾਂ ਵਿਕੀਪੀਡੀਆ ਤੋਂ ਲਈਆਂ ਗਈਆਂ ਹਨ।

ਇਹ ਵੀ ਪੜ੍ਹੋ:

ਉੱਤਰੀ ਯੂਰਪ ਦੇ ਇੱਕ ਵਿਕੀਪੀਡੀਆ ਪੇਜ 'ਤੇ ਇਹ ਤਸਵੀਰ ਲੱਗੀ ਹੋਈ ਹੈ ਅਤੇ ਇਸ ਪੇਜ 'ਤੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਸ਼ਹਿਰ ਬਾਰੇ ਸੰਖੇਪ ਵਿੱਚ ਦੱਸਿਆ ਗਿਆ ਹੈ।

ਵਿਕੀਪੀਡੀਆ ਨੇ ਇਸ ਪੇਜ 'ਤੇ ਫ਼ੋਟੋ ਵੈੱਬਸਾਈਟ ਫ਼ਿਲਕਰ ਲਈ ਅਮਰੀਕੀ ਫ਼ੋਟੋਗ੍ਰਾਫ਼ਰ ਕੇਨ ਵੀਲੈਂਡ ਵੱਲੋਂ ਖਿੱਚੀ ਗਈ ਇਸ ਤਸਵੀਰ ਨੂੰ ਵਰਤਿਆ ਗਿਆ ਹੈ।

ਫ਼ੋਟੋਗ੍ਰਾਫ਼ਰ ਮੁਤਾਬਕ ਮਾਲਵਾ ਸਾਮਰਾਜ ਦੀ ਰਾਣੀ ਅਹਿੱਲਿਆਬਾਈ ਹੋਲਕਰ ਦੇ ਨਾਮ 'ਤੇ ਬਣੇ ਵਾਰਾਣਸੀ ਸਥਿਤ 'ਅਹਿੱਲਿਆ ਘਾਟ' ਦੀ ਇਹ ਤਸਵੀਰ ਮਾਰਚ 2009 ਵਿੱਚ ਖਿੱਚੀ ਗਈ ਸੀ।

ਸਾਲ 2009 ਵਿੱਚ ਵੀ ਕੇਂਦਰ 'ਚ ਕਾਂਗਰਸ ਦੀ ਹੀ ਸਰਕਾਰ ਸੀ ਅਤੇ ਸੂਬੇ ਦੀ ਕਮਾਨ ਬਸਪਾ ਨੇਤਾ ਮਾਇਆਵਤੀ ਦੇ ਹੱਥ ਵਿੱਚ ਸੀ।

ਯਾਨਿ ਜਿਹੜੀਆਂ ਤਸਵੀਰਾਂ ਦੇ ਆਧਾਰ 'ਤੇ ਭਾਜਪਾ ਦੇ ਨੇਤਾ ਗੰਗਾ ਦੀ ਸਫ਼ਾਈ ਦਾ ਦਾਅਵਾ ਕਰ ਰਹੇ ਹਨ, ਉਹ ਦੋਵੇਂ ਤਸਵੀਰਾਂ ਕਾਂਗਰਸ ਦੇ ਕਾਰਜਕਾਲ ਵਿੱਚ ਖਿੱਚੀ ਗਈ ਸੀ।

ਗੰਗਾ ਦੀ ਸਥਿਤੀ

ਪਿਛਲੇ ਸਾਲ ਹੀ ਗੰਗਾ ਦੀ ਸਫ਼ਾਈ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਮੁਲਾਂਕਣ ਕਰਨ ਵਾਲੀ ਇੱਕ ਸੰਸਦੀ ਸਮਿਤੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਗੰਗਾ ਸਫ਼ਾਈ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮ ਕਾਫ਼ੀ ਨਹੀਂ ਹਨ।

ਉੱਥੇ ਹੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੀ ਗੰਗਾ ਦੀ ਸਫ਼ਾਈ ਨੂੰ ਲੈ ਕੇ ਸਰਕਾਰ ਨੂੰ ਫਟਕਾਰ ਲਗਾ ਚੁੱਕਿਆ ਹੈ।

ਪਿਛਲੇ ਸਾਲ 112 ਦਿਨਾਂ ਤੱਕ ਹੜਤਾਲ 'ਤੇ ਬੈਠਣ ਵਾਲੇ ਵਾਤਾਵਰਣ ਪ੍ਰੇਮੀ ਪ੍ਰੋਫ਼ੈਸਰ ਜੀਡੀ ਅਗਰਵਾਲ ਉਰਫ਼ ਸਵਾਮੀ ਗਿਆਨ ਸਵਰੂਪ ਸਾਨੰਦ ਨੇ ਆਪਣੀ ਜ਼ਿੰਦਗੀ ਗੰਗਾ ਦੀ ਸਫ਼ਾਈ ਦੇ ਨਾਮ ਕਰ ਦਿੱਤੀ ਸੀ।

ਹੜਤਾਲ ਦੇ ਦੌਰਾਨ ਜੀਡੀ ਅਗਰਵਾਲ ਨੇ ਕਿਹਾ ਸੀ, "ਅਸੀਂ ਪ੍ਰਧਾਨ ਮੰਤਰੀ ਦਫ਼ਤਰ ਅਤੇ ਜਲ ਸੰਸਾਧਨ ਮੰਤਰਾਲੇ ਨੂੰ ਕਈ ਚਿੱਠੀਆਂ ਲਿਖੀਆਂ ਪਰ ਕਿਸੇ ਵੀ ਜਬਾਬ ਨਹੀਂ ਦਿੱਤਾ।"

ਸਾਲ 2014 ਵਿੱਚ ਬਤੌਰ ਪ੍ਰਧਾਨ ਮੰਤਰੀ ਉਮੀਦਵਾਰ ਨਰਿੰਦਰ ਮੋਦੀ ਨੇ ਵਾਰਾਣਸੀ ਵਿੱਚ ਗੰਗਾ ਦੀ ਸਫ਼ਾਈ ਦਾ ਜ਼ਿਕਰ ਕੀਤਾ ਸੀ। ਉਦੋਂ ਉਨ੍ਹਾਂ ਨੇ ਸੰਸਦ ਮੈਂਬਰ ਉਮੀਦਵਾਰ ਦੇ ਰੂਪ ਵਿੱਚ ਗੰਗਾ ਅੱਗੇ ਸਿਰ ਝੁਕਾਉਂਦੇ ਹੋਏ ਕਿਹਾ ਸੀ- "ਨਾ ਮੈਂ ਇੱਥੇ ਖ਼ੁਦ ਆਇਆ ਹਾਂ, ਨਾ ਕਿਸੇ ਦੇ ਕਹਿਣ 'ਤੇ, ਮੈਨੂੰ ਤਾਂ ਗੰਗਾ ਨੇ ਬੁਲਾਇਆ ਹੈ।"

ਇਹ ਵੀ ਪੜ੍ਹੋ:

ਪ੍ਰਧਾਨ ਮੰਤਰੀ ਮੋਦੀ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਸ਼ੁਰੂਆਤੀ ਸਾਲ ਵਿੱਚ ਗੰਗਾ ਸਫ਼ਾਈ ਨੂੰ ਲੈ ਕੇ ਗੰਭੀਰਤਾ ਵੀ ਦਿਖਾਈ ਸੀ ਅਤੇ ਇਸਦੇ ਲਈ ਗੰਗਾ ਸੁਰੱਖਿਆ ਮੰਤਰਾਲਾ ਬਣਾਇਆ ਗਿਆ ਸੀ।

ਕੇਂਦਰ ਸਰਕਾਰ ਨੇ ਰਾਜ ਸਭਾ ਵਿੱਚ ਦੱਸਿਆ ਸੀ ਕਿ ਸਾਲ 2014 ਤੋਂ ਜੂਨ 2018 ਤੱਕ ਗੰਗਾ ਨਦੀ ਦੀ ਸਫ਼ਾਈ ਲਈ 3,867 ਕਰੋੜ ਰੁਪਏ ਤੋਂ ਵੱਧ ਪੈਸੇ ਖਰਚ ਕੀਤੇ ਜਾ ਚੁੱਕੇ ਹਨ। ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਸੁਰੱਖਿਆ ਰਾਜ ਮੰਤਰੀ ਡਾ. ਸੱਤਿਆਪਾਲ ਸਿੰਘ ਨੇ ਜੁਲਾਈ 2018 ਵਿੱਚ ਰਾਜ ਸਭਾ 'ਚ ਇਹ ਜਾਣਕਾਰੀ ਦਿੱਤੀ ਸੀ।

ਪਰ ਸਾਲ 2018 ਵਿੱਚ ਇੱਕ ਆਰਟੀਆਈ 'ਚ ਖੁਲਾਸਾ ਹੋਇਆ ਕਿ ਮੋਦੀ ਸਰਕਾਰ ਦੇ ਕੋਲ ਕੋਈ ਅਜਿਹੇ ਅੰਕੜੇ ਨਹੀਂ ਹਨ ਜਿਨ੍ਹਾਂ ਤੋਂ ਪਤਾ ਲੱਗ ਸਕੇ ਕਿ ਹੁਣ ਤੱਕ ਗੰਗਾ ਦੀ ਕਿੰਨੀ ਸਫ਼ਾਈ ਹੋਈ ਹੈ।

ਗ਼ਲਤ ਦਾਅਵਾ, ਪਹਿਲੀ ਵਾਰ ਨਹੀਂ ...

ਨਰਿੰਦਰ ਮੋਦੀ ਸਰਕਾਰ ਨੇ ਆਪਣੇ ਹੁਣ ਤੱਕ ਦੇ ਕਾਰਜਕਾਲ ਵਿੱਚ ਕਥਿਤ ਤੌਰ 'ਤੇ ਜਿਸ ਤੇਜ਼ੀ ਨਾਲ ਸੜਕਾਂ ਦਾ ਵਿਕਾਸ ਕੀਤਾ, ਉਸ ਨੂੰ ਦਿਖਾਉਣ ਲਈ ਭਾਰਤੀ ਜਨਤਾ ਪਾਰਟੀ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਸਨ, ਉਨ੍ਹਾਂ ਨੂੰ ਬੀਬੀਸੀ ਨੇ ਆਪਣੀ ਪੜਤਾਲ ਵਿੱਚ ਗ਼ਲਤ ਪਾਇਆ ਸੀ।

ਭਾਜਪਾ ਨੇ ਆਗਰਾ-ਲਖਨਊ ਐਕਸਪ੍ਰੈੱਸ-ਵੇ ਅਤੇ ਦਿੱਲੀ ਮੇਰਠ ਐਕਸਪ੍ਰੈੱਸ-ਵੇ ਦੀਆਂ ਤਸਵੀਰਾਂ ਦੇ ਆਧਾਰ 'ਤੇ ਵੈਸਟਰਨ ਪੈਰੀਫ਼ੇਰਲ ਐਕਸਪ੍ਰੈੱਸ-ਵੇ ਦਾ ਕੰਮ ਤੇਜ਼ੀ ਨਾਲ ਪੂਰਾ ਕਰਨ ਦਾ ਗ਼ਲਤ ਦਾਅਵਾ ਪੇਸ਼ ਕੀਤਾ ਸੀ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)