ਸੁਪਰੀਮ ਕੋਰਟ ਦੇ 4 ਨੁਕਤੇ ਜਿਨ੍ਹਾਂ ਦੇ ਆਧਾਰ ਉੱਤੇ ਮਮਤਾ ਆਪਣੀ ਜਿੱਤ ਦੱਸ ਰਹੀ ਹੈ

ਸੁਪਰੀਮ ਕੋਰਟ ਨੇ ਸੀਬੀਆਈ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕਿਹਾ ਹੈ ਕਿ ਕੋਲਕਾਤਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੀ ਗ੍ਰਿਫ਼ਤਾਰੀ ਨਹੀਂ ਹੋਵੇਗੀ।

ਸ਼ਾਰਦਾ ਚਿਟਫੰਡ ਮਾਮਲੇ ਵਿਚ ਸੁਪਰੀਮ ਕੋਰਟ ਨੇ ਕੋਲਕਾਤਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਨੂੰ ਜਾਂਚ ਵਿਚ ਸਹਿਯੋਗ ਕਰਨ ਲਈ ਕਿਹਾ ਹੈ।

ਕੋਲਕਾਤਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਨੂੰ 28 ਫਰਵਰੀ ਨੂੰ ਸੁਪਰੀਮ ਕੋਰਟ ਵਿਚ ਪੇਸ਼ ਕਰਨ ਦਾ ਹੁਕਮ ਦਿੱਤਾ ਗਿਆ ਹੈ ਪਰ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋ ਸਕਦੀ।

ਸੀਬੀਆਈ ਦੇ ਇਲਜ਼ਾਮ

ਸੀਬੀਆਈ ਨੇ ਸੁਪਰੀਮ ਕੋਰਟ ਵਿਚ ਹਲਫ਼ਨਾਮਾ ਦੇ ਕੇ ਪੱਛਮੀ ਬੰਗਾਲ ਪੁਲਿਸ ਉੱਤੇ ਸ਼ਾਰਦਾ ਚਿਟਫੰਡ ਮਾਮਲੇ ਵਿੱਚ ਨਿਰਪੱਖ ਜਾਂਚ ਨਾ ਕਰਨ ਦਾ ਇਲਜ਼ਾਮ ਲਾਇਆ ਹੈ।

ਸੀਬੀਆਈ ਨੇ ਦਾਅਵਾ ਕੀਤਾ ਕਿ ਰਾਜੀਵ ਕੁਮਾਰ ਦੀ ਅਗਵਾਈ ਵਿਚ ਵਿਸ਼ੇਸ਼ ਜਾਂਚ ਟੀਮ ਨੇ ਤ੍ਰਿਣਮੂਲ ਕਾਂਗਰਸ ਨੂੰ ਚੰਦਾ ਦੇਣ ਵਾਲੀਆਂ ਪਾਰਟੀਆਂ ਨੂੰ ਬਚਾਇਆ ਹੈ।

ਇਹ ਵੀ ਪੜ੍ਹੋ:

ਸੀਬੀਆਈ ਦਾ ਇਹ ਵੀ ਦਾਅਵਾ ਹੈ ਪੁਲਿਸ ਨੇ ਸੀਬੀਆਈ ਦੇ ਸਬੂਤਾਂ ਅਤੇ ਕਾਲ ਡਾਟੇ ਨਾਲ ਛੇੜਖਾਨੀ ਕੀਤੀ ਹੈ।

ਸੀਬੀਆਈ ਦਾ ਦਾਅਵਾ ਹੈ ਕਿ ਸਿਟ ਨੇ ਸੁਦੀਪਤੋ ਸੇਨ ਦੇ ਫੋਨ ਅਤੇ ਕੰਪਿਊਟਰ ਤੋਂ ਡਾਟਾ ਖਤਮ ਕੀਤਾ ਹੈ।

ਸੀਬੀਆਈ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਰਾਜੀਵ ਕੁਮਾਰ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਨੈਤਿਕ ਜਿੱਤ ਹੈ - ਮਮਤਾ ਬੈਨਰਜੀ

ਮਮਤਾ ਬੈਨਰਜੀ ਨੇ ਕਿਹਾ, "ਮੈਂ ਅਦਾਲਤ ਦਾ ਸਨਮਾਨ ਕਰਦੀ ਹਾਂ। ਇਹ ਨੈਤਿਕ ਜਿੱਤ ਹੈ ਕਿ ਅਦਾਲਤ ਨੇ ਸੀਬੀਆਈ ਨੂੰ ਰਾਜੀਵ ਕੁਮਾਰ ਨੂੰ ਮਿਲ ਕੇ ਸਪਸ਼ਟੀਕਰਨ ਦੇਣ ਲਈ ਕਿਹਾ ਹੈ।"

"ਅਸੀਂ ਇਸ ਫ਼ੈਸਲੇ ਦਾ ਸਵਾਗਤ ਕਰਦੇ ਹਨ। ਰਾਜੀਵ ਕੁਮਾਰ ਨੇ ਕਦੇ ਵੀ ਸੀਬੀਆਈ ਨੂੰ ਮਿਲਣ ਤੋਂ ਇਨਕਾਰ ਨਹੀਂ ਕੀਤਾ। ਉਹ ਇਸ ਬਾਰੇ ਪੰਜ ਪੱਤਰ ਲਿਖ ਚੁੱਕੇ ਹਨ।"

ਮਮਤਾ ਨੇ ਕਿਹਾ, "ਇਹ ਭਾਰਤ ਹੈ, ਇੱਥੇ ਲੋਕ ਬਿਗ ਬੌਸ ਹਨ , ਕੋਈ ਹੋਰ ਬੌਸ ਨਹੀਂ ਹੈ ਜਿਸ ਦੇ ਆਦੇਸ਼ ਨਾਲ ਕਿਸੇ ਦੇ ਘਰ ਉੱਤੇ ਛਾਪਾ ਮਾਰ ਕੇ ਕਦੇ ਵੀ ਚੁੱਕ ਲਿਆ ਜਾਵੇ। ਇਹ ਨਹੀਂ ਚੱਲਣ ਦਿੱਤਾ ਜਾਵੇਗਾ।"

ਧਰਨਾ ਚੁੱਕਣ ਬਾਰੇ ਮਮਤਾ ਨੇ ਕਿਹਾ ਕਿ ਉਹ ਆਪਣੇ ਪਾਰਟੀ ਆਗੂਆਂ ਤੇ ਦੂਜੀਆਂ ਸਹਿਯੋਗੀ ਪਾਰਟੀਆਂ ਨਾਲ ਗੱਲ ਕਰਕੇ ਫੈਸਲਾ ਲੈਣਗੇ।

ਇੱਕ ਸਵਾਲ ਦੇ ਜਵਾਬ ਵਿਚ ਮਮਤਾ ਨੇ ਕਿਹਾ ਇਹ ਲੜਾਈ ਦੇਸ਼ ਦੇ ਲੋਕਾਂ ਦੀ ਹੈ, ਮੋਦੀ ਸਰਕਾਰ ਮੁਲਕ ਵਿਚ ਸਾਰੇ ਵਿਰੋਧੀਆਂ ਨੂੰ ਤੰਗ ਕਰ ਰਹੀ ਹੈ।

4 ਨੁਕਤੇ ਜਿਸ ਅਧਾਰ ਉੱਤੇ ਮਮਤਾ ਇਸ ਲੜਾਈ 'ਚ ਆਪਣੀ ਜਿੱਤ ਦੱਸ ਰਹੀ ਹੈ।

  • ਮਾਨਹਾਨੀ ਕੇਸ ਨਹੀਂ ਮੰਨਿਆ
  • ਸਾਂਝੀ ਥਾਂ ਉੱਤੇ ਮਿਲੋ
  • ਬਹੁਤ ਸਾਰੇ ਇਲਜ਼ਾਮ ਲਾਏ ਸਨ ਉਹ ਨਹੀਂ ਮੰਨੇ
  • ਰਾਜੀਵ ਕੁਮਾਰ ਦੀ ਗ੍ਰਿਫ਼ਤਾਰੀ ਉੱਤੇ ਰੋਕ

ਕੌਣ ਹਨ ਰਾਜੀਵ ਕੁਮਾਰ?

ਸੁਆਲ ਇਹ ਹੈ ਕਿ ਜਿਸ ਪੁਲਿਸ ਕਮਿਸ਼ਨਰ ਨੂੰ ਲੈ ਕੇ ਪੱਛਮੀ ਬੰਗਾਲ 'ਚ ਮਾਮਲਾ ਮਮਤਾ ਬੈਨਰਜੀ ਬਨਾਮ ਸੀਬੀਆਈ ਬਣ ਚੁਕਿਆ ਹੈ, ਆਖ਼ਰ ਉਹ ਕੌਣ ਹਨ?

1989 ਬੈਚ ਦੇ ਪੱਛਮੀ ਬੰਗਾਲ ਕੈਡਰ ਦੇ ਆਈਪੀਐਸ ਅਧਿਕਾਰੀ ਰਾਜੀਵ ਕੁਮਾਰ ਇਸ ਵੇਲੇ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਹਨ।

ਰਾਜੀਵ ਕੁਮਾਰ ਦਾ ਜਨਮ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ ਵਿੱਚ ਹੋਇਆ ਹੈ। ਉਨ੍ਹਾਂ ਨੇ ਆਈਆਈਟੀ ਕਾਨਪੁਰ ਤੋਂ ਕੰਪਿਊਟਰ ਸਾਇੰਸ 'ਚ ਇੰਜਨੀਅਰਿੰਗ ਦੀ ਪੜ੍ਹਾਈ ਕੀਤੀ ਹੈ।

ਆਪਣੀ ਪੁਲਿਸ ਦੀ ਨੌਕਰੀ 'ਚ ਉਨ੍ਹਾਂ ਨੇ ਆਪਣੀ ਤਕਨੀਕੀ ਜਾਣਕਾਰੀ ਦਾ ਖ਼ੂਬ ਇਸਤੇਮਾਲ ਕੀਤਾ। ਉਹ ਪੱਛਮੀ ਬੰਗਾਲ ਪੁਲਿਸ ਵਿੱਚ ਸਰਵੀਲਾਂਸ ਦਾ ਬਿਹਤਰ ਇਸਤੇਮਾਲ ਕਰਕੇ ਅਪਰਾਧੀਆਂ ਨੂੰ ਫੜਣ ਲਈ ਜਾਣੇ ਜਾਂਦੇ ਹਨ।

90 ਦੇ ਦਹਾਕੇ ਵਿੱਚ ਰਾਜੀਵ ਕੁਮਾਰ ਨੇ ਬੀਰਭੂਮ ਜ਼ਿਲ੍ਹੇ ਵਿੱਚ ਵਧੀਕ ਪੁਲਿਸ ਕਮਿਸ਼ਨਰ ਵਜੋਂ ਕੋਲਾ ਮਾਫੀਆ ਖ਼ਿਲਾਫ਼ ਮੁਹਿੰਮ ਵਿੱਢੀ ਸੀ।

ਉਨ੍ਹਾਂ ਨੇ ਕਈ ਕੋਲਾ ਮਾਫੀਆਂ ਨੂੰ ਫੜਿਆ, ਇਸ ਵੇਲੇ ਪੱਛਮੀ ਬੰਗਾਲ ਵਿੱਚ ਕੋਲਾ ਮਾਫੀਆ ਖ਼ਿਲਾਫ਼ ਕੋਈ ਪੁਲਿਸ ਅਧਿਕਾਰੀ ਕਾਰਵਾਈ ਨਹੀਂ ਕਰਦੇ ਸਨ।

ਇਹ ਵੀ ਪੜ੍ਹੋ:

ਆਪਣੀ ਸਮਝਦਾਰੀ ਦੇ ਬਲ 'ਤੇ ਰਾਜੀਵ ਕੁਮਾਰ ਨੇ ਸਰਕਾਰ ਦੇ ਨੇੜਏ ਆ ਗਏ। ਵਿਰੋਧ 'ਚ ਰਹਿੰਦਿਆਂ ਹੋਇਆ ਉਦੋਂ ਮਮਤਾ ਬੈਨਰਜੀ ਸੱਤਾ 'ਚ ਆਈ ਤਾਂ ਉਹ ਮਮਤਾ ਸਰਕਾਰ ਦੇ ਵੀ ਕਰੀਬੀ ਅਧਿਕਾਰੀਆਂ 'ਚ ਸ਼ੁਮਾਰ ਹੋ ਗਏ।

ਸਾਲ 2016 'ਚ ਉਨ੍ਹਾਂ ਨੂੰ ਕੋਲਕਾਤਾ ਦਾ ਕਮਿਸ਼ਨਰ ਥਾਪਿਆ ਗਿਆ।

ਕੁਮਾਰ ਇਸ ਤੋਂ ਪਹਿਲਾਂ ਬਿਧਾਨ ਨਗਰ ਦੇ ਕਮਿਸ਼ਨਰ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕੋਲਕਾਤਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਦੇ ਚੀਫ ਵੀ ਰਹਿ ਚੁੱਕੇ ਹਨ।

ਸਾਲ 2013 ਵਿੱਚ ਸਾਹਮਣੇ ਆਏ ਸ਼ਾਰਧਾ ਚਿਟ ਫੰਡ ਅਤੇ ਰੋਜ਼ ਵੈਲੀ ਘੁਟਾਲੇ 'ਚ ਜਦੋਂ ਜਾਂਚ ਲਈ ਸੂਬਾ ਸਰਕਾਰ ਨੇ ਵਿਸ਼ੇਸ਼ ਜਾਂਚ ਦਲ (ਐਸਆਈਟੀ) ਬਣਾਈ ਤਾਂ ਉਸ ਦੇ ਚੀਫ ਰਾਜੀਵ ਕੁਮਾਰ ਬਣਾਏ ਗਏ।

ਸਾਲ 2014 ਵਿੱਚ ਜਦੋਂ ਸੁਪਰੀਮ ਕੋਰਟ ਨੇ ਇਹ ਦੋਵੇਂ ਮਾਮਲੇ ਸੀਬੀਆਈ ਨੂੰ ਸੌਂਪ ਦਿੱਤੇ। ਸੀਬੀਆਈ ਨੇ ਇਲਜ਼ਾਮ ਲਗਾਇਆ ਕਿ ਕੋਈ ਦਸਤਾਵੇਜ਼, ਲੈਪਟਾਪ, ਪੈਨ ਡਰਾਈਵ, ਮੋਬਾਈਲ ਫੋਨ ਰਾਜੀਵ ਕੁਮਾਰ ਨੇ ਸੀਬੀਆਈ ਨੂੰ ਨਹੀਂ ਸੌਂਪੇ।

ਇਸ ਬਾਰੇ ਸੀਬੀਆਈ ਨੇ ਰਾਜੀਵ ਕੁਮਾਰ ਨੂੰ ਕਈ ਸੰਮਨ ਵੀ ਭੇਜੇ ਪਰ ਸੀਬੀਆਈ ਦਾ ਇਲਜ਼ਾਮ ਹੈ ਕਿ ਉਹ ਪੇਸ਼ ਨਹੀਂ ਹੋਏ।

ਸੀਬੀਆਈ ਦਾ ਕਹਿਣਾ ਹੈ ਕਿ ਉਹ ਐਤਵਾਰ ਨੂੰ ਚਿਟ ਫੰਡ ਮਾਮਲੇ ਵਿੱਚ ਹੀ ਰਾਜੀਵ ਕੁਮਾਰ ਕੋਲੋਂ ਪੁੱਛਗਿੱਛ ਲਈ ਉਨ੍ਹਾਂ ਦੇ ਘਰ ਗਈ ਸੀ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)