You’re viewing a text-only version of this website that uses less data. View the main version of the website including all images and videos.
ਵੈਨੇਜ਼ੁਏਲਾ ਦਾ ਘਰੇਲੂ ਸੰਕਟ ਇੰਝ ਪੂਰੀ ਦੁਨੀਆਂ ’ਚ ਫੈਲ ਸਕਦਾ
ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਗੱਦੀਓਂ ਲਾਹੁਣ ਦੀਆਂ ਕੋਸ਼ਿਸ਼ਾਂ ਕਾਰਨ ਘਰੇਲੂ ਸੰਕਟ ਵਧ ਰਿਹਾ ਹੈ।
ਪਿਛਲੇ ਮਹੀਨੇ ਵਿਰੋਧੀ ਧਿਰ ਦੇ ਆਗੂ ਖ਼ੁਆਨ ਗੁਆਇਦੋ ਨੇ ਖੁਦ ਨੂੰ ਅੰਤਰਿਮ ਰਾਸ਼ਟਰਪਤੀ ਐਲਾਨ ਦਿੱਤਾ ਸੀ ਅਤੇ ਉਨ੍ਹਾਂ ਨੂੰ ਅਮਰੀਕਾ ਸਮੇਤ ਕਈ ਦੇਸਾਂ ਦੀ ਹਮਾਇਤ ਵੀ ਹਾਸਿਲ ਹੈ।
ਦੁਨੀਆਂ ਵਿੱਚ ਸਭ ਤੋਂ ਵੱਡੇ ਤੇਲ ਭੰਡਾਰਾਂ ਵਾਲਾ ਦੇਸ ਵੈਨੇਜ਼ੁਏਲਾ, ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਹ ਸੰਕਟ ਸਾਰੀ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲੈ ਸਕਦਾ ਹੈ।
ਆਉਂਦੇ ਕੁਝ ਪੈਰਿਆਂ ਵਿੱਚ ਅਸੀਂ ਸਮਝਾਂਗੇ ਕਿ, ਕਿਵੇਂ ਵੈਨੇਜ਼ੁਏਲਾ ਇੱਕ ਵਿਸ਼ਵ ਸੰਕਟ ਬਣ ਸਕਦਾ ਹੈ:
ਵੈਨੇਜ਼ੁਏਲਾ ਵਿਚ ਕੀ ਹੋਇਆ
ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਕਿਹਾ ਸੀ ਕਿ ਮੌਜੂਦਾ ਹਾਲਾਤ ਵਿੱਚ ਕੋਈ ਵੀ ਦੇਸ ਵਿੱਚ ਖਾਨਾਜੰਗੀ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕਰ ਸਕਦਾ । ਉਹ ਯੂਰਪੀ ਯੂਨੀਅਨ ਵੱਲੋਂ ਦਿੱਤੀ ਗਈ ਰਾਸ਼ਟਰਪਤੀ ਚੋਣਾਂ ਕਰਵਾਉਣ ਤਾਰੀਖ਼ ਨੂੰ ਵੀ ਮੰਨਣੋਂ ਇਨਕਾਰੀ ਸਨ।
ਦੇਸ ਦੇ ਅੰਦਰ ਤਾਂ ਮਾਦੁਰੋ ਦੇ ਅਸਤੀਫ਼ੇ ਦੀ ਮੰਗ ਮੁਜ਼ਾਹਰੇ ਹਿੰਸਕ ਹੋ ਹੀ ਰਹੇ ਹਨ। ਦੁਨੀਆਂ ਦੇ ਵੱਡੇ ਦੇਸ ਵੀ ਦੋ ਧੜਿਆਂ ਵਿੱਚ ਵੰਡੇ ਹੋਏ ਹਨ। ਬਹੁਤ ਥੋੜ੍ਹੇ ਦੇਸ ਰਾਸ਼ਟਰਪਤੀ ਮਾਦੁਰੋ ਦੇ ਹਮਾਇਤੀ ਹਨ ਤੇ ਦੂਸਰੇ ਉਹ ਜੋ ਖ਼ੁਆਨ ਗੁਆਇਦੋ ਨੂੰ ਮਾਨਤਾ ਦਿੰਦੇ ਹਨ।
ਉਨ੍ਹਾਂ ਨੂੰ ਅਮਰੀਕਾ, ਕੈਨੇਡਾ ਅਤੇ ਵੈਨੇਜ਼ੁਏਲਾ ਦੇ ਸ਼ਕਤੀਸ਼ਾਲੀ ਗੁਆਂਢੀਆਂ- ਬ੍ਰਾਜ਼ੀਲ, ਕੋਲੰਬੀਆ ਅਤੇ ਅਰਜਨਟਾਈਨਾ ਦੀ ਹਮਾਇਤ ਵੀ ਤੁਰੰਤ ਹੀ ਮਿਲ ਗਈ।
ਮਾਦੁਰੋ ਨੂੰ ਰੂਸ ਤੇ ਚੀਨ ਦੀ ਹਮਾਇਤ
ਰਾਸ਼ਟਰਪਤੀ ਮਾਦੁਰੋ ਦੇ ਨਾਲ ਬਹੁਤ ਥੋੜ੍ਹੇ ਦੇਸ ਹਨ, ਜਿਨ੍ਹਾਂ ਵਿੱਚ ਰੂਸ ਤੇ ਚੀਨ ਪ੍ਰਮੁੱਖ ਦੇਸ ਹਨ।
ਰੂਸ ਨੇ ਚੇਤਾਵਨੀ ਦਿੱਤੀ ਸੀ ਕਿ ਵਿਰੋਧੀ ਆਗੂ ਖ਼ੁਆਨ ਗੁਆਇਦੋ ਖੁਦ ਨੂੰ ਕਾਰਜਕਾਰੀ ਰਾਸ਼ਟਰਪਤੀ ਐਲਾਨਣ ਦਾ 'ਰਾਹ ਸਿੱਧਾ ਬਦਅਮਨੀ ਅਤੇ ਖੂਨਖਰਾਬੇ ਵੱਲ ਜਾਂਦਾ ਹੈ।'
ਇਹ ਵੀ ਪੜ੍ਹੋ:
ਰੂਸ ਦੇ ਵਿਦੇਸ਼ ਮੰਤਰੀ ਨੇ ਆਪਣੇ ਬਿਆਨ ਵਿੱਚ ਕਿਹਾ ਸੀ, "ਅਸੀਂ ਅਜਿਹੇ ਕਿਸੇ ਵੀ ਕਦਮ ਖਿਲਾਫ਼ ਚੇਤਾਵਨੀ ਦੇਣਾ ਚਾਹੁੰਦੇ ਹਾਂ ਜਿਸ ਦੇ ਤਬਾਹਕੁਨ ਨਤੀਜੇ ਨਿਕਲ ਸਕਦੇ ਹਨ।"
ਇਸੇ ਦੌਰਾਨ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਿਆਂਗ ਨੇ ਵੀ ਕਿਹਾ ਸੀ ਕਿ ਉਨ੍ਹਾਂ ਦਾ ਦੇਸ ਵੈਨੇਜ਼ੁਏਲਾ ਵਿੱਚ ਕਿਸੇ ਵੀ ਵਿਦੇਸ਼ੀ "ਦਖ਼ਲ" ਦੇ ਖਿਲਾਫ਼ ਹੈ।
ਉਨ੍ਹਾਂ ਕਿਹਾ ਸੀ , "ਚੀਨ ਵੈਨੇਜ਼ੁਏਲਾ ਦੇ ਆਪਣੀ ਕੌਮੀ ਪ੍ਰਭੂਸੱਤਾ, ਆਜ਼ਾਦੀ ਅਤੇ ਸਥਿਰਤਾ ਦੀ ਰਾਖੀ ਦੇ ਯਤਨਾਂ ਦੀ ਹਮਾਇਤ ਕਰਦਾ ਹੈ।"
"ਚੀਨ ਨੇ ਹਮੇਸ਼ਾ ਹੀ ਦੂਸਰੇ ਦੇਸਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਾ ਦੇਣ ਦੀ ਨੀਤੀ ਦੀ ਪਾਲਣਾ ਕੀਤੀ ਹੈ ਅਤੇ ਵੈਨੇਜ਼ੁਏਲਾ ਵਿੱਚ ਵਿਦੇਸ਼ੀ ਦਖ਼ਲ ਦਾ ਵਿਰੋਧ ਕਰਦਾ ਹੈ।"
ਇਨ੍ਹਾਂ ਤੋਂ ਇਲਾਵਾ, ਤੁਰਕੀ, ਈਰਾਨ, ਮੈਕਸੀਕੋ, ਕਿਊਬਾ ਅਤੇ ਹੋਰ ਦੇਸਾਂ ਨੇ ਵੀ ਮਾਦੁਰੋ ਦੇ ਪੱਖ ਵਿੱਚ ਹਾਅ ਦਾ ਨਾਅਰਾ ਮਾਰਿਆ ਸੀ।
ਤੁਰਕੀ ਦੇ ਰਾਸ਼ਟਰਪਤੀ ਦੇ ਬੁਲਾਰੇ ਇਬ੍ਰਾਹਿਮ ਕਾਲੀਨ ਨੇ ਦੱਸਿਆ ਕਿ ਉਨ੍ਹਾਂ ਦੇ ਰਾਸ਼ਟਰਪਤੀ ਨੇ ਮਾਦੁਰੋ ਨੂੰ ਫੋਨ ਕਰਕੇ ਕਿਹਾ ਹੈ, "ਭਰਾ ਮਾਦੁਰੋ, ਦ੍ਰਿੜ ਰਹੋ, ਅਸੀਂ ਤੁਹਾਡੇ ਨਾਲ ਹਾਂ।"
ਵੈਨੇਜ਼ੁਏਲਾ ਨੇ ਅਮਰੀਕਾ ਨਾਲੋਂ ਸੰਬੰਧ ਤੋੜੇ
ਕੌਮਾਂਤਰੀ ਤਣਾਅ ਥੰਮਦਾ ਨਜ਼ਰ ਨਹੀਂ ਆਉਂਦਾ ਤੇ ਵੈਨੇਜ਼ੁਏਲਾ ਅਤੇ ਅਮਰੀਕਾ ਵਿੱਚ ਤਲਖ਼ੀ ਵਧਦੀ ਜਾ ਰਹੀ ਹੈ।
ਜਿਵੇਂ ਹੀ ਟਰੰਪ ਨੇ ਖ਼ੁਆਨ ਗੁਆਇਦੋ ਨੂੰ ਵੈਨੇਜ਼ੁਏਲਾ ਦੇ ਅੰਤਰਿਮ ਰਾਸ਼ਟਰਪਤੀ ਵਜੋਂ ਮਾਨਤਾ ਦਿੱਤੀ ਮਾਦੁਰੋ ਨੇ ਨਾਲ ਹੀ ਐਲਾਨ ਕਰ ਦਿੱਤਾ ਕਿ ਉਹ ਅਮਰੀਕਾ ਨਾਲ ਸਾਰੇ ਕੂਟਨੀਤਿਕ ਤੇ ਸਿਆਸੀ ਰਿਸ਼ਤੇ ਤੋੜ ਰਹੇ ਹਨ।
ਉਨ੍ਹਾਂ ਨੇ ਵੈਨੇਜ਼ੁਏਲਾ ਵਿੱਚ ਰਹਿ ਰਹੇ ਅਮਰੀਕੀ ਸਫ਼ਰਤਖ਼ਾਨੇ ਦੇ ਅਮਲੇ ਨੂੰ ਦੇਸ ਛੱਡਣ ਲਈ 72 ਘੰਟਿਆਂ ਦੀ ਮਹੌਲਤ ਦਿੱਤੀ।
ਇਸ ਦੇ ਜਵਾਬ ਵਿੱਚ ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਉਹ ਵੈਨੇਜ਼ੁਏਲਾ ਨਾਲ ਰਿਸ਼ਤੇ ਖ਼ੁਆਨ ਗੁਆਇਦੋ ਰਾਹੀਂ ਰੱਖਣਗੇ ਨਾ ਕਿ ਮਾਦੁਰੋ ਰਾਹੀਂ।
ਇਸ ਦੇ ਨਾਲ ਹੀ ਅਮਰੀਕਾ ਨੇ ਕਿਹਾ ਕਿ ਮਾਦੁਰੋ ਕੋਲ ਅਮਰੀਕਾ ਨਾਲ ਰਿਸ਼ਤੇ ਖ਼ਤਮ ਕਰਨ ਜਾਂ ਉਸ ਦੇ ਸਟਾਫ਼ ਨੂੰ ਦੇਸ ਛੱਡ ਕੇ ਜਾਣ ਲਈ ਕਹਿਣ ਦਾ ਕੋਈ ਕਾਨੂੰਨੀ ਹੱਕ ਨਹੀਂ ਹੈ।
ਸਾਰੇ ਰਾਹ ਖੁੱਲ੍ਹੇ ਹਨ
ਸਾਲ 2017 ਵਿੱਚ ਰਾਸ਼ਟਰਪਤੀ ਟਰੰਪ ਨੇ ਪਹਿਲੀ ਵਾਰ ਵੈਨੇਜ਼ੁਏਲਾ ਖਿਲਾਫ ਫੌਜੀ ਵਿਕਲਪ" ਖੁੱਲ੍ਹੇ ਹੋਣ ਦੀ ਗੱਲ ਜਨਤਕ ਰੂਪ ਵਿੱਚ ਕੀਤੀ। ਇਹੀ ਗੱਲ ਉਨ੍ਹਾਂ ਨੇ ਪਿਛਲੇ ਵੀਰਵਾਰ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੁਹਾਰਈ।
ਉਨ੍ਹਾਂ ਕਿਹਾ, "ਅਸੀਂ ਕੁਝ ਖ਼ਾਸ ਨਹੀਂ ਸੋਚ ਰਹੇ ਪਰ ਸਾਰੇ ਵਿਕਲਪ ਖੁੱਲ੍ਹੇ ਹਨ।"
"ਸਾਰੇ ਵਿਕਲਪ ਹਮੇਸ਼ਾ ਖੁੱਲ੍ਹੇ ਹਨ।"
ਅਮਰੀਕੀ ਮੀਡੀਆ ਵਿੱਚ ਚਰਚਾ ਹੈ ਕਿ ਟਰੰਪ ਵੈਨੇਜ਼ੁਏਲਾ ਤੇ ਤੇਸ ਦੀਆਂ ਪਾਬੰਦੀਆਂ ਲਾ ਸਕਦੀਆਂ ਹਨ। ਜਿਸ ਨਾਲ ਵੈਨੇਜ਼ੁਏਲਾ ਦੇ ਅਰਥਚਾਰੇ ਦੀ ਰੀੜ੍ਹ ਟੁੱਟ ਜਾਵੇ।
ਇਸ ਨਾਲ ਵੈਨੇਜ਼ੁਏਲਾ ਨੂੰ ਰੂਸ ਅਤੇ ਚੀਨ ਤੋਂ ਲਏ ਗਏ ਖਰਾਬਾਂ ਡਾਲਰ ਦੇ ਕਰਜ਼ ਦੀ ਭਰਪਾਈ ਕਰਨ ਵਿੱਚ ਵੀ ਰੁਕਾਵਟ ਆਵੇਗੀ।
ਵੈਨੇਜ਼ੁਏਲਾ ਦੇ ਰਾਸ਼ਟਰਪਤੀ ਮਾਦੁਰੋ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਰੂਸ ਦੀ ਰਾਜਧਾਨੀ ਮਾਸਕੋ ਵਿੱਚ ਬੈਠਕ ਹੋਈ।
ਇਸ ਬੈਠਕ ਵਿੱਚ ਰੂਸ ਵੈਨੇਜ਼ੁਏਲਾ ਤੋਂ ਕਣਕ ਦੀ ਦਰਾਮਦ ਅਤੇ ਤੇਲ ਅਤੇ ਮਾਈਨਿੰਗ ਦੇ ਖੇਤਰਾਂ ਵਿੱਚ 6 ਬਿਲੀਅਨ ਡਾਲਰ ਦੇ ਸਮਝੌਤੇ ਕੀਤੇ ਗਏ।
ਇਹ ਵੀ ਪੜ੍ਹੋ:
ਆਪਣੇ ਤੇਲ ਦੀ ਅਮੀਰੀ ਵਾਲੇ ਦਿਨਾਂ ਵਿੱਚ ਵੈਨੇਜ਼ੁਏਲਾ ਰੂਸ ਤੋਂ ਹਥਿਆਰਾਂ ਦਾ ਇੱਕ ਵੱਡਾ ਖ਼ਰੀਦਦਾਰ ਸੀ।
ਇਸ ਮੁਲਾਕਾਤ ਤੋਂ ਬਾਅਦ ਰੂਸ ਨੇ ਵੈਨੇਜ਼ੁਏਲਾ ਦੀ ਰਾਜਧਾਨੀ ਕਾਰੈਕਸ ਵੱਲ ਪਰਮਾਣੂ ਸਮਰੱਥਾ ਵਾਲੇ ਲੜਾਕੂ ਜਹਾਜ਼ ਭੇਜੇ ਅਤੇ ਉਸ ਨਾਲ ਜੰਗੀ ਮਸ਼ਕ ਕਰਨ ਦਾ ਦਾਅਵਾ ਕੀਤਾ। ਇਸ ਮਸ਼ਕ ਵਿੱਚ ਰੂਸ ਦੇ ਵ੍ਹਾਈਟ ਸਵੈਨ ਜਹਾਜ਼ ਵਰਤੇ ਗਏ।
ਸਾਂਝੀ ਚਾਲ
ਇਸ ਸਥਿੱਤੀ ਵਿੱਚ ਪਹਿਲੇ ਆਸਾਰ ਤਾਂ ਰੂਸ ਤੇ ਅਮਰੀਕਾ ਦਰਮਿਆਨ ਜਾਰੀ ਠੰਢੀ ਜੰਗ ਦੇ ਗਰਮ ਹੋਣ ਦੇ ਹਨ।
ਹਾਂ ਇਸ ਟਾਕਰੇ ਨੂੰ ਵੈਨੇਜ਼ੁਏਲਾ ਦੇ ਗੁਆਂਢੀ ਦੇਸ ਆਪਣੀ ਭੂਮਿਕਾ ਦੁਆਰਾ ਟਾਲ ਸਕਦੇ ਹਨ।
ਬੀਬੀਸੀ ਦੇ ਵਲਾਦੀਮੀਰ ਹਰਨਾਂਡੇਜ਼ ਦਾ ਕਹਿਣਾ ਹੈ ਕਿ ਖ਼ੁਆਨ ਗੁਆਇਦੋ ਦੇ ਪੱਖ ਵਿੱਚ ਵੱਧ ਰਹੀ ਖੇਤਰੀ ਹਮਾਇਤ ਰਾਸ਼ਟਰਪਤੀ ਮਾਦੁਰੋ ਨੂੰ ਬਰਤਰਫ਼ ਕਰਨ ਦੀ ਸਾਂਝੀ ਚਾਲ ਹੋ ਸਕਦੀ ਹੈ।
ਅਜਿਹੀ ਕੋਸ਼ਿਸ਼ ਪਹਿਲਾਂ ਕਦੇ ਨਹੀਂ ਹੋਈ। ਇਹ ਦੇਖਣਾ ਹੀ ਹੈਰਾਨ ਕਰਨ ਵਾਲਾ ਸੀ ਕਿ ਜਿਵੇਂ ਹੀ ਅਮਰੀਕਾ ਨੇ ਖ਼ੁਆਨ ਗੁਆਇਦੋ ਨੂੰ ਹਮਾਇਤ ਦਿੱਤੀ ਦੂਸਰੇ ਵੀ ਕਈ ਦੇਸਾਂ ਨੇ ਮਿੰਟਾਂ ਵਿੱਚ ਹੀ ਅਜਿਹਾ ਕਰ ਦਿੱਤਾ।
ਮਾਦੁਰੋ ਨੇ ਅਮਰੀਕਾ ਅਤੇ ਕੋਲੰਬੀਆ ਉੱਪਰ ਉਨ੍ਹਾਂ ਦੀ ਸਰਕਾਰ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਪਿੱਛੇ ਹੋਣ ਦੇ ਇਲਜ਼ਾਮ ਲਾਏ ਹਨ।
ਅਗਸਤ ਵਿੱਚ ਉਨ੍ਹਾਂ ਉੱਪਰ ਕੀਤੇ ਗਏ ਕਾਤਲਾਨਾ ਹਮਲੇ ਪਿੱਛੇ ਕੋਲੰਬੀਆ ਦਾ ਹੱਥ ਹੋਣ ਦਾ ਇਲਜ਼ਾਮ ਲਾਇਆ।
ਵਰਲਡ਼ ਇਕਨੌਮਿਕ ਫਾਰਮ ਸਵਿਟਜ਼ਰਲੈਂਡ ਵਿੱਚ ਕੋਲੰਬੀਆ ਦੇ ਰਾਸ਼ਟਰਪਤੀ ਇਵਾਨ ਡੋਕ ਨੇ ਕਿਹਾ ਕਿ "ਮਾਦੁਰੋ ਨੂੰ ਲਾਂਭੇ ਹੋ ਕੇ ਵੈਨੇਜ਼ੁਏਲਾ ਵਾਸੀਆਂ ਨੂੰ ਆਜ਼ਾਦ ਕਰ ਦੇਣਾ ਚਾਹੀਦਾ ਹੈ।"
ਕੋਈ ਦਖ਼ਲ ਨਹੀਂ
ਇਵਾਨ ਡੋਕ ਨੂੰ ਜਦੋਂ ਵੈਨੇਜ਼ੁਏਲਾ ਵਿੱਚ ਫੌਜੀ ਦਖ਼ਲ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, "ਅਸੀਂ ਫੌਜੀ ਦਖ਼ਲ ਦੀ ਗੱਲ ਨਹੀਂ ਕਰ ਰਹੇ। ਅਸੀਂ ਵੈਨੇਜ਼ੁਏਲਾ ਵਾਸੀਆਂ ਦੇ ਪੱਖ ਵਿੱਚ ਕੂਟਨੀਤਿਕ ਆਮ ਸਹਿਮਤੀ ਦੀ ਗੱਲ ਕਰ ਰਹੇ ਹਾਂ।"
ਬ੍ਰਾਜ਼ੀਲ ਦੇ ਉੱਪ-ਰਾਸ਼ਟਰਪਤੀ, ਜਰਨਲ ਹਮਿਲਟਨ ਮੌਰੋ, ਜੋ ਕਦੇ ਵੈਨੇਜ਼ੁਏਲਾ ਨਾਲ ਜੁੜੇ ਰਹੇ ਹਨ। ਉਨ੍ਹਾਂ ਨੇ ਕਿਹਾ, "ਉਨ੍ਹਾਂ ਦਾ ਦੇਸ ਫੌਜੀ ਦਖ਼ਲਾਂ ਵਿੱਚ ਸ਼ਾਮਲ ਨਹੀਂ ਹੁੰਦਾ।"
ਉਨ੍ਹਾਂ ਕਿਹਾ, "ਜੇ ਦੇਸ ਦੇ ਪੁਨਰ ਨਿਰਮਾਣ (ਬਦਲਾਅ ਤੋਂ ਬਾਅਦ) ਵਿੱਚ ਲੋੜ ਪਈ ਤਾਂ ਉਨ੍ਹਾਂ ਦੀ ਸਰਕਾਰ ਭਵਿੱਖ ਵਿੱਚ ਆਰਥਿਕ ਮਦਦ ਕਰੇਗੀ।"
2018 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੌਰੋ ਨੇ ਕਿਹਾ ਸੀ ਕਿ ਬ੍ਰਾਜ਼ੀਲ ਨੂੰ "ਵੈਨੇਜ਼ੁਏਲਾ ਵਿੱਚ ਕੌਮਾਂਤਰੀ ਸ਼ਾਂਤੀ ਮਿਸ਼ਨ ਦੇ ਹਿੱਸੇ ਵਜੋਂ" ਫੌਜ਼ਾਂ ਭੇਜਣੀਆਂ ਚਾਹੀਦੀਆਂ ਹਨ।
ਇਹ ਵੀ ਪੜ੍ਹੋ: ਸਾਈਟ ਤੋਂ
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: