ਕੈਨੇਡਾ 'ਚ 27 ਸਾਲਾ ਪੰਜਾਬੀ ਕੁੜੀ ਦਾ ਕਤਲ, ਪੁਲਿਸ ਨੇ ਵਾਰਦਾਤ ਬਾਰੇ ਕੀ ਦੱਸਿਆ ਤੇ ਸੰਗਰੂਰ ਰਹਿੰਦੇ ਕੁੜੀ ਦੇ ਮਾਪੇ ਕੀ ਕਹਿ ਰਹੇ

    • ਲੇਖਕ, ਚਰਨਜੀਵ ਕੌਸ਼ਲ
    • ਰੋਲ, ਬੀਬੀਸੀ ਸਹਿਯੋਗੀ

ਕੈਨੇਡਾ ਦੇ ਓਂਟਾਰੀਓ ਵਿੱਚ ਇੱਕ 27 ਸਾਲਾ ਪੰਜਾਬੀ ਕੁੜੀ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਮਨਪ੍ਰੀਤ ਸਿੰਘ ਨਾਮ ਦੇ ਸ਼ੱਕੀ ਦੇ ਖ਼ਿਲਾਫ਼ ਵਰੰਟ ਜਾਰੀ ਕੀਤੇ ਗਏ ਹਨ।

ਦਰਅਸਲ, ਨਾਇਗਰਾ ਰੀਜਨਲ ਪੁਲਿਸ ਸਰਵਿਸ ਨੂੰ ਪੰਜਾਬ ਦੇ ਸੰਗਰੂਰ ਦੀ ਰਹਿਣ ਵਾਲੀ ਅਮਨਪ੍ਰੀਤ ਕੌਰ ਦੀ ਲਾਸ਼ ਲਿੰਕਨ ਕਸਬੇ ਵਿੱਚ ਚਾਰਲਸ ਡੇਲੀ ਪਾਰਕ ਵਿੱਚ 21 ਅਕਤੂਬਰ ਨੂੰ ਮਿਲੀ ਸੀ।

ਪੁਲਿਸ ਮੁਤਾਬਕ, ਅਮਨਪ੍ਰੀਤ ਦੇ ਸਰੀਰ ਉੱਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ। ਪੁਲਿਸ ਨੇ ਨੌਰਥ ਯੌਰਕ ਵਾਸੀ ਅਮਨਪ੍ਰੀਤ ਸੈਣੀ ਦੇ ਕੇਸ ਵਿੱਚ ਮਨਪ੍ਰੀਤ ਸਿੰਘ ਨਾਮ ਦੇ ਵਿਅਕਤੀ ਉੱਤੇ ਸੈਕਿੰਡ ਡਿਗਰੀ ਮਰਡਰ ਦੀਆਂ ਧਾਰਾਵਾਂ ਲਗਾਈਆਂ ਹਨ।

ਕੈਨੇਡਾ ਪੁਲਿਸ ਮੁਤਾਬਕ, ਇਹ ਸੂਚਨਾ ਹੈ ਕਿ ਮਨਪ੍ਰੀਤ ਸਿੰਘ ਅਮਨਪ੍ਰੀਤ ਦੀ ਲਾਸ਼ ਮਿਲਣ ਤੋਂ ਥੋੜ੍ਹੀ ਹੀ ਦੇਰ ਬਾਅਦ ਕੈਨੇਡਾ ਤੋਂ ਫ਼ਰਾਰ ਹੋ ਗਿਆ ਸੀ।

ਅਮਨਪ੍ਰੀਤ ਦੇ ਪਰਿਵਾਰ ਮੁਤਾਬਕ, ਅਮਨਪ੍ਰੀਤ ਸਾਲ 2021 ਵਿੱਚ ਕੈਨੇਡਾ ਗਏ ਸਨ ਅਤੇ ਹਸਪਤਾਲ ਵਿੱਚ ਨੌਕਰੀ ਕਰਦਿਆਂ ਚੰਗੀ ਜ਼ਿੰਦਗੀ ਬਿਤਾ ਰਹੇ ਸਨ। ਉਹ ਛੇਤੀ ਹੀ ਪੀਆਰ ਲੈ ਕੇ ਘਰ ਆਉਣਾ ਚਾਹੁੰਦੇ ਸਨ।

'ਸਾਡੇ ਲਈ ਇਹ ਝੱਲਣਾ ਬਹੁਤ ਔਖਾ ਹੈ'

ਅਮਨਪ੍ਰੀਤ ਕੌਰ ਪਿਛਲੇ ਚਾਰ ਸਾਲ ਤੋਂ ਕੈਨੇਡਾ ਵਿੱਚ ਰਹਿ ਰਹੇ ਸਨ ਅਤੇ ਉਨ੍ਹਾਂ ਦਾ ਪਰਿਵਾਰ ਸੰਗਰੂਰ ਦੇ ਪ੍ਰੇਮ ਬਸਤੀ ਇਲਾਕੇ ਨਾਲ ਸਬੰਧਤ ਹੈ।

ਪਰਿਵਾਰ ਮੁਤਾਬਕ, ਉਨ੍ਹਾਂ ਨੂੰ ਇਹ ਖ਼ਬਰ ਅਮਨ ਦੀ ਵੱਡੀ ਭੈਣ ਨੇ ਦਿੱਤੀ, ਜੋ ਓਂਟਾਰੀਓ ਵਿੱਚ ਹੀ ਰਹਿ ਰਹੇ ਹਨ। ਉਨ੍ਹਾਂ ਨੇ ਹੀ ਸਭ ਤੋਂ ਪਹਿਲਾਂ ਅਮਨਪ੍ਰੀਤ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ।

ਅਮਨਪ੍ਰੀਤ ਕੌਰ ਦੇ ਪਿਤਾ ਇੰਦਰਜੀਤ ਸਿੰਘ ਕਹਿੰਦੇ ਹਨ, ''ਉਹ ਆਪਣਾ ਵਧੀਆ ਰਹਿ ਰਹੀ ਸੀ। ਉਸ ਨੂੰ ਪਰਮਾਨੈਂਟ ਨੌਕਰੀ ਮਿਲੀ ਹੋਈ ਸੀ, ਉਹ ਪੂਰੀ ਤਰ੍ਹਾਂ ਸੈੱਟ ਸੀ।''

''ਸਾਨੂੰ ਤਾਂ ਜਦੋਂ ਇਹ ਮਾੜੀ ਘਟਨਾ ਵਾਪਰੀ, ਉਸ ਤੋਂ ਕੁਝ ਘੰਟਿਆਂ ਬਾਅਦ ਹੀ ਪਤਾ ਲੱਗਿਆ ਹੈ। ਫਿਰ ਅਗਲੇ ਦਿਨ ਬੇਟੀ ਦਾ ਫੋਨ ਆਇਆ ਕਿ ਉਸ ਦੀ ਲਾਸ਼ ਮਿਲੀ ਹੈ। ਸਾਡੇ ਲਈ ਇਹ ਝੱਲਣਾ ਬਹੁਤ ਔਖਾ ਹੈ।''

''ਮੇਰੇ ਨਾਲ ਉਸਦੀ ਗੱਲ ਆਖਰੀ ਵਾਰ 20 ਤਰੀਕ ਨੂੰ ਰਾਤ ਨੂੰ (ਭਾਰਤੀ ਸਮੇਂ ਅਨੁਸਾਰ) ਹੋਈ ਸੀ, 20 ਤਰੀਕ ਸ਼ਾਮ ਨੂੰ (ਕੈਨੇਡਾ ਦੇ ਸਮੇਂ ਅਨੁਸਾਰ) ਉਹ ਲਾਪਤਾ ਹੋ ਗਈ।''

ਉਹ ਕਹਿੰਦੇ ਹਨ ਕਿ ''ਕਿਸੇ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਸੀ। ਉਹ ਤਾਂ ਭਾਰਤ ਆਉਣ ਵਾਲੀ ਸੀ ਤੇ ਪੂਰੀ ਖੁਸ਼ ਸੀ।''

ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਧੀ ਹਸਪਤਾਲ 'ਚ ਚੰਗੀ ਨੌਕਰੀ ਕਰਦੀ ਸੀ ਅਤੇ ਉਸ ਨੇ ਪਰਿਵਾਰ 'ਚ ਕਦੇ ਕਿਸੇ ਨਾਲ ਕੋਈ ਤੰਗ ਪਰੇਸ਼ਾਨੀ ਦੀ ਗੱਲ ਨਹੀਂ ਕੀਤੀ।

ਉਨ੍ਹਾਂ ਕਿਹਾ, ''ਅਸੀਂ ਤਾਂ ਤਿਆਰੀਆਂ ਕਰ ਰਹੇ ਸੀ ਕਿ ਇੰਡੀਆ ਆਵੇਗੀ ਤਾਂ ਇਸ ਵਾਰ ਵਿਆਹ ਕਰਕੇ ਵਾਪਸ ਭੇਜਾਂਗੇ।''

ਉਨ੍ਹਾਂ ਕਿਹਾ ਕਿ ਕੈਨੇਡਾ ਦੀ ਪੁਲਿਸ ਨੇ ਅਜੇ ਤੱਕ ਉਨ੍ਹਾਂ ਨੂੰ ਜਾਂਚ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਉਨ੍ਹਾਂ ਕਿਹਾ, ''ਇਹ ਸੁਣਿਆ ਕਿ ਉਹ ਮੁੰਡਾ ਮੋਸਟ ਵਾਂਟੇਡ ਕਰ ਦਿੱਤਾ ਹੈ ਕੈਨੇਡਾ 'ਚ, ਉਹ ਕੈਨੇਡਾ ਛੱਡ ਕੇ ਨਿਕਲ ਚੁੱਕਿਆ ਹੈ।''

ਪੁਲਿਸ ਨੇ ਕੀ ਦੱਸਿਆ

ਨਿਆਗਰਾ ਰੀਜਨਲ ਪੁਲਿਸ ਸਰਵਿਸ (ਐਨਆਰਪੀਐਸ) ਹੋਮੀਸਾਈਡ ਯੂਨਿਟ ਦੇ ਜਾਂਚਕਰਤਾ ਇਸ ਮਾਮਲੇ ਦੀ ਜਾਂਚ ਵਿੱਚ ਲੱਗੇ ਹੋਏ ਹਨ।

ਐਨਆਰਪੀਐੱਸ ਦੀ ਅਧਿਕਾਰਿਤ ਵੈੱਬਸਾਈਟ 'ਤੇ ਜਾਰੀ ਜਾਣਕਾਰੀ ਮੁਤਾਬਕ, ਪੋਸਟਮਾਰਟਮ ਜਾਂਚ ਪੂਰੀ ਹੋ ਚੁੱਕੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਅਮਨਪ੍ਰੀਤ ਦੇ ਕਤਲ ਦੇ ਸਬੰਧ ਵਿੱਚ ਇੱਕ ਸ਼ੱਕੀ ਵਿਅਕਤੀ ਦੀ ਪਛਾਣ ਕੀਤੀ ਹੈ। ਜਿਸ ਦਾ ਨਾਮ ਮਨਪ੍ਰੀਤ ਸਿੰਘ ਦੱਸਿਆ ਗਿਆ ਹੈ।

ਜਾਣਕਾਰੀ ਮੁਤਾਬਕ, 27 ਸਾਲਾ ਮਨਪ੍ਰੀਤ ਸਿੰਘ ਬਰੈਂਪਟਨ ਦਾ ਰਹਿਣ ਵਾਲਾ ਹੈ ਅਤੇ ਪੁਲਿਸ ਉਸਦੀ ਭਾਲ਼ ਕਰ ਰਹੀ ਹੈ।

ਹਾਲਾਂਕਿ ਜਾਂਚ ਟੀਮ ਦਾ ਕਹਿਣਾ ਹੈ ਕਿ ਅਜਿਹੀ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ ਕਿ ਅਮਨਪ੍ਰੀਤ ਦੀ ਲਾਸ਼ ਮਿਲਣ ਤੋਂ ਥੋੜ੍ਹੀ ਦੇਰ ਬਾਅਦ ਹੀ ਮਨਪ੍ਰੀਤ ਸਿੰਘ ਦੇਸ਼ ਛੱਡ ਕੇ ਭੱਜ ਗਿਆ ਸੀ।

ਪੁਲਿਸ ਦਾ ਮੰਨਣਾ ਹੈ ਕਿ ਇਹ ਇੱਕ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਸੀ ਅਤੇ ਇਸ ਨਾਲ ਜਨਤਕ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੈ।

ਪੁਲਿਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਿਸ ਕਿਸੇ ਕੋਲ ਵੀ ਇਸ ਸਬੰਧੀ ਕੋਈ ਜਾਣਕਾਰੀ ਹੋਵੇ, ਉਹ ਪੁਲਿਸ ਨਾਲ ਸਾਂਝਾ ਕਰਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)