ਭਗਵੰਤ ਮਾਨ ਦੀ ਅਕਾਲ ਤਖ਼ਤ ’ਤੇ ਪੇਸ਼ੀ ਦੌਰਾਨ ਕੀ-ਕੀ ਹੋਇਆ, ਸੀਐੱਮ ਵਾਇਰਲ ਵੀਡੀਓ ਬਾਰੇ ਕੀ ਬੋਲੇ, ਪੇਸ਼ੀ ਨੂੰ ਇਤਿਹਾਸਕ ਕਿਉਂ ਕਿਹਾ ਜਾ ਰਿਹਾ ਹੈ

    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਸਹਿਯੋਗੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਪੇਸ਼ ਹੋਏ ਹਨ।

5 ਜਨਵਰੀ ਨੂੰ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਮੁਤਾਬਕ ਅਕਾਲ ਤਖ਼ਤ ਸਕੱਤਰੇਤ ਵੱਲੋਂ ਮੁੱਖ ਮੰਤਰੀ ਨੂੰ ਸਿੱਖ ਰਹਿਤ ਮਰਿਆਦਾ 'ਤੇ ਕਥਿਤ ਇਤਰਾਜ਼ਯੋਗ ਬਿਆਨ ਦੇਣ ਅਤੇ ਇੱਕ ਵਾਇਰਲ ਵੀਡੀਓ ਨੂੰ ਲੈ ਕੇ ਬਾਰੇ ਸਪੱਸ਼ਟੀਕਰਨ ਦੇਣ ਲਈ ਤਲਬ ਕੀਤਾ ਸੀ।

ਸੀਐੱਮ ਮਾਨ ਵੀਰਵਾਰ ਨੂੰ ਲਗਭਗ 11 ਵਜੇ ਆਪਣੇ ਵੀਆਈਪੀ ਕਾਫਲੇ ਨਾਲ ਹਰਿਮੰਦਰ ਸਾਹਿਬ ਪਹੁੰਚੇ ਸਨ ਅਤੇ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਅਕਾਲ ਤਖ਼ਤ ਸਕੱਤਰੇਤ ਅੰਦਰ ਦਾਖਲ ਹੋਏ।

ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਅੱਗੇ ਪੇਸ਼ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਕੱਤਰੇਤ ਦੇ ਬਾਹਰ ਆ ਕੇ ਮੀਡੀਆ ਨੂੰ ਸੰਬੋਧਨ ਕੀਤਾ।

ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ, "ਜਥੇਦਾਰ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਆਦੇਸ਼ ਹੋਏ ਸੀ ਕਿ ਮੈਂ ਆਪਣਾ ਸਪਸ਼ਟੀਕਰਨ ਸਕੱਤਰੇਤ ਵਿੱਚ ਪੇਸ਼ ਹੋ ਕੇ ਆਪਣਾ ਪੱਖ ਰੱਖਾਂ। ਉਸੇ ਸਿਲਸਿਲੇ ਵਿੱਚ ਮੈਂ ਨਿਮਾਣੇ ਸਿੱਖ ਵਜੋਂ ਅੱਜ ਅਕਾਲ ਤਖ਼ਤ ਸਕੱਤਰੇਤ ਵਿੱਚ ਨਤਮਸਤਕ ਹੋਇਆ ਹਾਂ। ਸਿੰਘ ਸਾਹਿਬ ਕੋਲ ਮੇਰੀਆਂ ਸਟੇਟਮੈਂਟਸ ਜਾਂ ਸਰਕਾਰ ਨਾਲ ਸੰਬੰਧਿਤ ਕੰਮਾਂ ਦੀ ਸ਼ਿਕਾਇਤ ਉਹਨਾਂ ਕੋਲ ਪਹੁੰਚੀ ਹੋਵੇਗੀ, ਉਸ ਬਾਰੇ ਮੈਂ ਆਪਣਾ ਸਪਸ਼ਟੀਕਰਨ ਦੇ ਦਿੱਤਾ ਹੈ।"

“ਬਤੌਰ ਪੰਜਾਬ ਦੇ ਮੁੱਖ ਮੰਤਰੀ ਮੇਰੇ ਕੋਲ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਬਾਰੇ ਜੋ ਸ਼ਿਕਾਇਤ ਆਉਂਦੀ ਸੀ, ਉਸ ਸੰਬੰਧੀ ਕੁਝ ਸਬੂਤ ਮੈਂ ਅਕਾਲ ਤਖ਼ਤ ਸਾਹਿਬ ਵਿੱਚ ਜਮਾ ਕਰਵਾ ਆਇਆ ਹਾਂ। ਸਿੰਘ ਸਾਹਿਬ ਨੇ ਵੀ ਕਿਹਾ ਕਿ ਅਸੀਂ ਇਸ ਦੀ ਜਾਂਚ ਕਰਾਵਾਂਗੇ।"

"ਮੈਂ ਇਹ ਵੀ ਪੱਖ ਰੱਖਿਆ ਕਿ ਜੋ ਨੈਰੇਟਿਵ ਬਣਾਇਆ ਜਾ ਰਿਹਾ ਸੀ ਕਿ ਮੈਂ ਅਕਾਲ ਤਖ਼ਤ ਨਾਲ ਮੱਥਾ ਲਾਉਣ ਦੀ ਗੱਲ ਕਰ ਰਿਹਾ ਹਾਂ ਤਾਂ ਮੈਂ ਸਪੱਸ਼ਟ ਕੀਤਾ ਹੈ ਕਿ ਅਜਿਹਾ ਕੁਝ ਨਹੀਂ ਹੈ।"

“ਇਸ ਤੋਂ ਬਾਅਦ ਸਿੰਘ ਸਾਹਿਬ ਨੇ ਕਿਹਾ ਕਿ ਸਾਡੇ ਕੋਲ ਤੁਹਾਡਾ ਪੱਖ ਪਹੁੰਚ ਗਿਆ ਹੈ, ਜੋ ਵੀ ਫੈਸਲੇ ਹੋਣਗੇ ਤੁਹਾਨੂੰ ਅਗਾਹ ਕਰ ਦਿੱਤਾ ਜਾਵੇਗਾ।"

“ਮੈਂ ਆਪਣਾ ਪੱਖ ਪੇਸ਼ ਕਰ ਦਿੱਤਾ, ਸਿੰਘ ਸਾਹਿਬ ਜੋ ਵੀ ਫੈਸਲੇ ਲੈਣਗੇ ਉਹ ਸਿਰ ਮੱਥੇ ਹੋਣਗੇ।”

ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਥਿਤ ਵਾਇਰਲ ਵੀਡੀਓ ਦਾ ਜ਼ਿਕਰ ਵੀ ਕੀਤਾ, ਉਹਨਾਂ ਨੇ ਕਿਹਾ, "ਉਹ ਵੀਡੀਓ ਨਕਲੀ ਹੈ, ਮੈਂ ਸਿੰਘ ਸਾਹਿਬ ਨੂੰ ਦੱਸ ਦਿੱਤਾ ਹੈ ਕਿ ਉਹ ਵੀਡੀਓ ਨਕਲੀ ਹੈ, ਵੀਡੀਓ ਵਿੱਚ ਮੈਂ ਹੈ ਹੀ ਨਹੀਂ, ਜਿੱਥੋਂ ਵੀ ਸਿੰਘ ਸਾਹਿਬ ਕਹਿਣ ਉਸ ਵੀਡੀਓ ਦੀ ਜਾਂਚ ਕਰਵਾ ਸਕਦੇ ਹਨ। ਦੇਸ਼ ਦੀ ਜਿਹੜੀ ਮਰਜ਼ੀ ਲੈਬ ਤੋਂ ਵੀਡੀਓ ਦੀ ਜਾਂਚ ਕਰਵਾ ਸਕਦੇ ਹੋ, ਨਕਲੀ ਵੀਡੀਓ ਬਾਰੇ ਮੈਂ ਕੀ ਸਪੱਸ਼ਟੀਕਰਨ ਦੇਵਾਂਗਾ।"

ਇਸਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪੇਸ਼ੀ ਨੂੰ ਲਾਈਵ ਕਰਨ ਦੀ ਮੰਗ ਉੱਤੇ ਜਵਾਬ ਦਿੱਤਾ। ਉਹਨਾਂ ਨੇ ਕਿਹਾ, "ਸਿੰਘ ਸਾਹਿਬ ਨਾਲ ਮੁਲਾਕਾਤ ਬਾਰੇ ਕੋਈ ਰਿਕਾਰਡਿੰਗ ਹੋਈ ਇਸ ਬਾਰੇ ਮੈਨੂੰ ਪਤਾ ਨਹੀਂ, ਮੈਂ ਇਸ ਦੀ ਕੋਈ ਰਿਕਾਰਡਿੰਗ ਰਿਲੀਜ਼ ਕਰਨ ਦੀ ਮੰਗ ਵੀ ਨਹੀਂ ਕਰਦਾ ਹਾਂ।"

ਸੀਐੱਮ ਮਾਨ ਨੇ 328 ਪਾਵਨ ਸਰੂਪਾਂ ਦੀ ਜਾਂਚ ਕਰ ਰਹੀ ਸਿੱਟ ਵੱਲੋਂ ਬਰਾਮਦ ਕੀਤੇ ਗਏ ਕੁਝ ਪਾਵਨ ਸਰੂਪਾਂ ਬਾਰੇ ਬੋਲਦਿਆਂ ਕਿਹਾ, "ਸਿੰਘ ਸਾਹਿਬ ਨੇ ਮੈਨੂੰ ਪੁਰਾਤਨ ਸਰੂਪਾਂ ਬਾਰੇ ਜਾਣਕਾਰੀ ਦਿੱਤੀ ਹੈ ਕਿ ਪਹਿਲੇ ਸਮਿਆਂ ਵਿੱਚ ਸਰੂਪ ਕਿਵੇਂ ਲਏ ਜਾਂਦੇ ਸੀ, ਮੈਂ ਉਹਨਾਂ ਨੂੰ ਕਿਹਾ ਕਿ ਉਹਨਾਂ ਕੋਲ ਜਿਹੜੀ ਵੀ ਜਾਣਕਾਰੀ ਹੈ ਉਹ ਸਾਡੇ ਨਾਲ ਸਾਂਝੀ ਕਰ ਸਕਦੇ ਹਨ।”

ਮੁੱਖ ਮੰਤਰੀ ਮਾਨ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ, "ਮੈਂ ਸਿੰਘ ਸਾਹਿਬ ਨੂੰ ਕਿਹਾ ਕਿ ਜੇਕਰ ਹਰ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਧਾਰਮਿਕ ਪਾਸਵਰਡ ਹੁੰਦਾ ਤੇ ਜੇ ਉਹ ਸਾਨੂੰ ਮਿਲ ਜਾਂਦਾ ਹੈ ਤਾਂ ਸਾਨੂੰ ਜਾਂਚ ਵਿੱਚ ਹੋਰ ਸਹਿਯੋਗ ਮਿਲ ਸਕਦਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਉਹਨਾਂ ਨੂੰ ਸਿੱਖ ਰਹਿਤ ਮਰਿਆਦਾ ਦੀ ਕਾਪੀ ਅਤੇ ਅਤੇ ਗੁਰਦੁਆਰਾ ਐਕਟ ਦੀ ਕਾਪੀ ਦਿੱਤੀ ਹੈ।

ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਮੁੱਖ ਮੰਤਰੀ ਨੂੰ ਸਿੱਖ ਰਹਿਤ ਮਰਿਆਦਾ ਦੀ ਕਾਪੀ ਦਿੱਤੇ ਜਾਣ ਦੀਆਂ ਤਸਵੀਰਾਂ ਅਕਾਲ ਤਖ਼ਤ ਮੀਡੀਆ ਵੱਲੋਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ।

ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪੇਸ਼ੀ ਉੱਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਜਾਣਕਾਰੀ ਕੁਝ ਸਮੇ ਵਿੱਚ ਸਾਂਝੀ ਕੀਤੀ ਗਈ।

ਅਕਾਲ ਤਖ਼ਤ ਦੇ ਜਥੇਦਾਰ ਨੇ ਕੀ ਕਿਹਾ?

ਮੀਡੀਆ ਨੂੰ ਸੰਬੋਧਨ ਕਰਦਿਆਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ, "ਮੁੱਖ ਮੰਤਰੀ ਮਾਨ ਅੱਜ ਅਕਾਲ ਤਖ਼ਤ ਸਾਹਿਬ ਆਏ, ਉਹ ਕਾਫੀ ਸਮਾਂ ਇਥੇ ਬੈਠੇ। ਬਹੁਤ ਸੋਹਣੇ ਮਾਹੌਲ ਵਿੱਚ ਗੱਲਬਾਤ ਹੋਈ ਹੈ ਤੇ ਉਹ ਆਪਣਾ ਪੱਖ ਰੱਖ ਕੇ ਗਏ ਹਨ।

"ਰਹਿਤ ਮਰਿਆਦਾ ਅਤੇ ਕੁਝ ਵੀਡੀਓ ਬਾਰੇ ਮੁੱਖ ਮੰਤਰੀ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ, ਸਪੱਸ਼ਟੀਕਰਨ 'ਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਵਿਚਾਰਿਆ ਜਾਵੇਗਾ ਅਤੇ ਫਿਰ ਫੈਸਲਾ ਲਿਆ ਜਾਵੇਗਾ। ਅਕਾਲ ਤਖ਼ਤ ਕਿਸੇ ਨਾਲ ਵੈਰ ਨਹੀਂ ਰੱਖਦਾ।"

ਜਥੇਦਾਰ ਨੇ ਕਿਹਾ, "ਮੁੱਖ ਮੰਤਰੀ ਨੇ ਮਹਿਸੂਸ ਕੀਤਾ ਕਿ ਉਹਨਾਂ ਨੂੰ ਅਜਿਹਾ ਨਹੀਂ ਬੋਲਣਾ ਚਾਹੀਦਾ ਸੀ।"

ਜਥੇਦਾਰ ਨੇ ਕਿਹਾ, "ਸੀਐੱਮ ਨੇ ਮੰਨਿਆ ਕਿ ਸਿੱਖ ਰਹਿਤ ਮਰਿਆਦਾ ਬਾਰੇ ਉਹਨਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ ਤੇ ਉਹਨਾਂ ਨੇ ਕਿਹਾ ਕਿ ਅੱਗੇ ਤੋਂ ਉਹ ਸਿੱਖ ਸਿਧਾਂਤ ਅਤੇ ਮਰਿਆਦਾ ਬਾਰੇ ਕੋਈ ਵੀ ਟਿੱਪਣੀ ਨਹੀਂ ਕਰਨਗੇ।"

ਜਥੇਦਾਰ ਅਕਾਲ ਤਖ਼ਤ ਨੇ ਇਹ ਵੀ ਦੱਸਿਆ ਕਿ ਜੋ ਦਸਤਾਵੇਜ਼ ਮੁੱਖ ਮੰਤਰੀ ਲੈ ਕੇ ਆਏ ਸਨ ਉਹ ਅਕਾਲ ਤਖ਼ਤ ਦੇ ਸਕੱਤਰੇਤ ਬਗੀਚਾ ਸਿੰਘ ਨੂੰ ਦਿੱਤੇ ਗਏ ਹਨ ਉਹਨਾਂ ਦੀ ਜਾਂਚ ਕਰਾਂਗੇ।

ਇਸ ਪੇਸ਼ੀ ਤੋਂ ਕੀ ਸੁਨੇਹਾ ਗਿਆ

ਮੁੱਖ ਮੰਤਰੀ ਭਗਵੰਤ ਮਾਨ ਦੀ ਅਕਾਲ ਤਖ਼ਤ ਸਾਹਿਬ ਉੱਤੇ ਪੇਸ਼ੀ ਨੂੰ ਸਿੱਖ ਇਤਿਹਾਸਕਾਰ ਅਤੇ ਰਾਜਨੀਤਿਕ ਮਾਹਰ ਇੱਕ ਇਤਿਹਾਸਕ ਘਟਨਾ ਦੱਸਦੇ ਹਨ।

ਬੀਬੀਸੀ ਨਾਲ ਗੱਲ ਕਰਦਿਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਰਾਜਨੀਤਕ ਸ਼ਾਸਤਰ ਦੇ ਪ੍ਰੋਫੈਸਰ ਰਹਿ ਚੁੱਕੇ ਗੁਰਦਰਸ਼ਨ ਸਿੰਘ ਢਿੱਲੋਂ ਕਹਿੰਦੇ ਹਨ, "ਇਤਿਹਾਸ ਗਵਾਹ ਹੈ ਕਿ ਅਕਾਲ ਤਖ਼ਤ ਨਾਲ ਕਿੰਤੂ-ਪਰੰਤੂ ਕਰਨ ਦਾ ਰਿਸਕ ਕੋਈ ਵੀ ਸਿਆਸੀ ਲੀਡਰ ਨਹੀਂ ਲੈ ਸਕਿਆ ਅਤੇ ਅੱਜ ਦੀ ਕਾਰਵਾਈ ਵੀ ਸਪੱਸ਼ਟ ਹੀ ਸੀ ਕਿ ਮੁੱਖ ਮੰਤਰੀ ਮਾਨ ਨੂੰ ਵੀ ਅਕਾਲ ਤਖ਼ਤ ਅੱਗੇ ਆਪਣਾ ਪੱਖ ਰੱਖਣਾ ਹੀ ਪਵੇਗਾ।”

“ਜਥੇਦਾਰ ਨੇ ਗੁਰਦੁਆਰਾ ਗਜ਼ਟ ਦੀ ਕਾਪੀ ਮੁੱਖ ਮੰਤਰੀ ਨੂੰ ਸੌਂਪ ਕੇ ਇਹ ਵੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਗੋਲਕਾਂ ਬਾਰੇ ਕੀਤੀ ਜਾਂਦੀ ਬਿਆਨਬਾਜ਼ੀ ਦਾ ਜਵਾਬ ਗੁਰਦੁਆਰਾ ਐਕਟ ਪੜ੍ਹ ਕੇ ਮਿਲ ਕੇ ਜਾਵੇਗਾ। ਕਿਉਕਿ ਇਹ ਗੁਰਦੁਆਰਾ ਐਕਟ ਵਿੱਚ ਸਾਫ ਲਿਖਿਆ ਹੈ ਕਿ ਹਰ ਗੁਰਦੁਆਰੇ ਦੀ ਗੋਲਕ ਦਾ ਹਰ ਪੈਸੇ ਦਾ ਆਡਿਟ ਹੁੰਦਾ ਹੈ, ਸਵਾਲ ਪ੍ਰਬੰਧਾਂ ਉੱਤੇ ਚੁੱਕੇ ਜਾ ਸਕਦੇ ਹਨ ਕਿਸੇ ਧਾਰਮਿਕ ਸੰਸਥਾ ਬਾਰੇ ਨਹੀਂ।"

ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਅੱਜ ਦੀ ਇਸ ਕਾਰਵਾਈ ਨੂੰ ਸਿਆਸੀ ਘਟਨਾ ਵੱਜੋਂ ਦੇਖਦੇ ਹਨ।

ਜਸਪਾਲ ਸਿੰਘ ਕਹਿੰਦੇ ਹਨ, "2027 ਦੀਆਂ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਸਿੱਖ ਸੰਸਥਾ ਉੱਤੇ ਸਵਾਲ ਕਰਕੇ ਸਿੱਖਾਂ ਦੀ ਨਾਰਾਜ਼ਗੀ ਸਹੇੜਨ ਦਾ ਰਿਸਕ ਨਹੀਂ ਲੈ ਸਕਦੇ।”

“ਅਕਾਲ ਤਖ਼ਤ ਅੱਗੇ ਨਿਮਾਣੇ ਸਿੱਖ ਵੱਜੋਂ ਪੇਸ਼ ਹੋ ਕੇ ਸੀਐੱਮ ਨੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਕਾਲ ਤਖ਼ਤ ਦਾ ਹਰ ਹੁਕਮ ਉਹਨਾਂ ਨੂੰ ਪ੍ਰਵਾਨ ਹੈ। ਸਿਆਸੀ ਆਗੂਆਂ ਲਈ ਇਹ ਇੱਕ ਸਾਲ ਬਹੁਤ ਕੀਮਤੀ ਹੈ ਉਹ ਜਾਣਦੇ ਹਨ ਕਿ ਸਿੱਖ ਪੰਥ ਨਾਲ ਨਾਰਾਜ਼ਗੀ ਵੋਟਾਂ ਉੱਤੇ ਅਸਰ ਪਾ ਸਕਦੀ ਹੈ।"

ਹਾਲਾਂਕਿ ਸਿੱਖ ਮਾਮਲਿਆਂ ਦੇ ਜਾਣਕਾਰ ਡਾ. ਖੁਸ਼ਹਾਲ ਸਿੰਘ ਮੁੱਖ ਮੰਤਰੀ ਮਾਨ ਦੀ ਅਕਾਲ ਤਖ਼ਤ ਸਕੱਤਰੇਤ ਉੱਤੇ ਹੋਈ ਪੇਸ਼ੀ ਨੂੰ ਨਵੀਂ ਪ੍ਰੰਪਰਾ ਮੰਨਦੇ ਹਨ।

ਉਹ ਕਹਿੰਦੇ ਹਨ, "ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਗੈਰ-ਅੰਮ੍ਰਿਤਧਾਰੀ ਵਿਅਕਤੀ ਦੀ ਪੇਸ਼ੀ ਅਕਾਲ ਤਖ਼ਤ ਸਕੱਤਰੇਤ ਵਿੱਚ ਹੋਈ ਹੈ। ਸਿੱਖਾਂ ਦਾ ਇੱਕ ਧੜਾ ਇਸ ਕਰਕੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਤੋਂ ਅਸਤੀਫ਼ਾ ਵੀ ਮੰਗ ਰਿਹਾ ਹੈ।”

“ਸਰਕਾਰ ਨੇ ਵੀ ਇਸ ਮਾਮਲੇ ਨਾਲ ਪੰਜਾਬ ਦੇ ਹੋਰ ਗੰਭੀਰ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾ ਦਿੱਤਾ। ਅੱਜ ਦੀ ਪੇਸ਼ੀ ਮਗਰੋਂ ਲੱਗਦਾ ਹੈ ਕਿ ਦੋਵੇਂ ਧਿਰਾਂ ਵਿਚਾਲੇ ਕੋਈ ਸਮਝੌਤਾ ਹੋ ਗਿਆ ਜਿਸ ਤੋਂ ਬਾਅਦ ਇਸ ਮਸਲੇ ਨੂੰ ਆਰਾਮਦਾਇਕ ਤਰੀਕੇ ਨਾਲ ਖਤਮ ਕਰ ਲਿਆ ਗਿਆ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)