ਭਗਵੰਤ ਮਾਨ ਅਕਾਲ ਤਖ਼ਤ ਵਿਖੇ ਹੋਣਗੇ ਪੇਸ਼: 7 ਮੌਕੇ, ਜਦੋਂ ਸੱਤਾ ਵਿੱਚ ਬੈਠੇ ਲੀਡਰਾਂ ਨੂੰ ਅਕਾਲ ਤਖ਼ਤ ਵਿਖੇ ਤਲਬ ਕੀਤਾ ਗਿਆ

    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਸਹਿਯੋਗੀ

ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋਣਗੇ। ਭਗਵੰਤ ਮਾਨ ਨੂੰ 5 ਜਨਵਰੀ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਤਲਬ ਕੀਤਾ ਗਿਆ ਸੀ।

ਅਕਾਲ ਤਖ਼ਤ ਵੱਲੋਂ ਤਲਬ ਕੀਤੇ ਜਾਣ ਮਗਰੋਂ ਮੁੱਖ ਮੰਤਰੀ ਮਾਨ ਨੇ ਅਕਾਲ ਤਖ਼ਤ ਅੱਗੇ ਪੇਸ਼ ਹੋਣ ਦੀ ਹਾਮੀ ਭਰੀ ਸੀ।

ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਖ ਰਹਿਤ ਮਰਿਆਦਾ 'ਤੇ ਕਥਿਤ ਇਤਰਾਜ਼ਯੋਗ ਬਿਆਨ ਦੇਣ ਲਈ 15 ਜਨਵਰੀ ਨੂੰ ਅਕਾਲ ਤਖ਼ਤ ਸਕੱਤਰੇਤ ਵਿਖੇ ਪੇਸ਼ ਹੋਣ ਲਈ ਤਲਬ ਕੀਤਾ ਸੀ।

ਇਸ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਅਕਾਲ ਤਖ਼ਤ ਦੇ ਹੁਕਮ ਨੂੰ ਮੰਨਣ ਦੀ ਗੱਲ ਆਖੀ ਸੀ।

ਉਨ੍ਹਾਂ ਨੇ ਲਿਖਿਆ ਸੀ, "ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਆਇਆ ਹੁਕਮ ਸਿਰ ਮੱਥੇ…ਦਾਸ ਮੁੱਖ ਮੰਤਰੀ ਵਜੋਂ ਨਹੀਂ ਨਿਮਾਣੇ ਸਿੱਖ ਵਜੋਂ ਨੰਗੇ ਪੈਰ ਚੱਲ ਕੇ ਹਾਜ਼ਰ ਹੋਵੇਗਾ।”

“15 ਜਨਵਰੀ ਨੂੰ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਜੀ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬ ਵਿਖੇ ਕਾਨਫਰੰਸ 'ਚ ਹਿੱਸਾ ਲੈਣ ਆ ਰਹੇ ਨੇ… ਉਸ ਦਿਨ ਲਈ ਮਾਫੀ ਵੀ ਮੰਗਦਾ ਹੈ।”

“ਕਿਉਂਕਿ ਮੇਰੇ ਲਈ ਲਈ ਸਭ ਤੋਂ ਉੱਤਮ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਅਤੇ ਉਸ ਪਾਵਨ ਤਖ਼ਤ ਸਾਹਿਬ ਤੋਂ ਆਇਆ ਹੁਕਮ ਸਿਰ ਮੱਥੇ ਹੈ, ਸੀ ਅਤੇ ਹਮੇਸ਼ਾ ਰਹੇਗਾ।”

ਅਕਾਲ ਤਖ਼ਤ ਨੇ ਕਿਉਂ ਕੀਤਾ ਸੀਐੱਮ ਮਾਨ ਨੂੰ ਤਲਬ

ਅਕਾਲ ਤਖ਼ਤ ਸਕੱਤਰੇਤ ਵੱਲੋਂ ਜਾਰੀ ਕੀਤੇ ਗਏ ਪੱਤਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਨ ਕਰਦਿਆਂ ਲਿਖਿਆ ਗਿਆ ਹੈ, "ਪਿਛਲੇ ਸਮੇਂ ਚੱਲ ਰਹੇ ਇੱਕ ਸੰਜੀਦਾ ਪੰਥਕ ਮਾਮਲੇ ਸਬੰਧੀ ਗੱਲ ਕਰਦਿਆਂ ਤੁਹਾਡੇ ਵੱਲੋਂ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਿਆਂ ਜਾਣਬੁਝ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਤੇ ਸਰਬਉੱਚਤਾ ਅਤੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਦਸਵੰਧ ਦੇ ਸਿਧਾਂਤ "ਗੁਰੂ ਕੀ ਗੋਲਕ" ਵਿਰੁੱਧ ਵਾਰ-ਵਾਰ ਬਹੁਤ ਹੀ ਇਤਰਾਜ਼ਯੋਗ ਟਿੱਪਣੀਆਂ ਕਰਕੇ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਗਈ ਹੈ। ਇਸ ਲਈ ਤੁਹਾਨੂੰ ਮਿਤੀ 15 ਜਨਵਰੀ 2026 ਨੂੰ ਨਿੱਜੀ ਤੌਰ ਉੱਤੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦੇਣ ਲਈ ਸੱਦਿਆ ਜਾਂਦਾ ਹੈ।"

ਇਸ ਤੋਂ ਇਲਾਵਾ ਸਕੱਤਰੇਤ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਇੱਕ ਵੀਡੀਓ ਦਾ ਵੀ ਜ਼ਿਕਰ ਕੀਤਾ ਗਿਆ।

ਪੱਤਰ ਵਿੱਚ ਵੀਡੀਓ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਮਾਨ ਨੂੰ ਕਿਹਾ ਗਿਆ ਹੈ, "ਇਸ ਦੇ ਨਾਲ ਹੀ ਬੀਤੇ ਦਿਨੀਂ ਤੁਹਾਡੀਆਂ ਕੁਝ ਇਤਰਾਜ਼ਯੋਗ ਵੀਡੀਓ ਸਾਹਮਣੇ ਆਈਆਂ ਹਨ, ਜਿਸ ਵਿੱਚ ਤੁਸੀਂ ਸਿੱਖ ਗੁਰੂ ਸਾਹਿਬਾਨ ਅਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਤਸਵੀਰਾਂ ਨਾਲ ਅਤਿ-ਇਤਰਾਜ਼ਯੋਗ ਗਤੀਵਿਧੀ ਕਰਦੇ ਨਜ਼ਰ ਆ ਰਹੇ ਹੋ।"

ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਸੱਤਾ 'ਚ ਮੌਜੂਦ ਕਿਸੇ ਵੱਡੇ ਸਿਆਸੀ ਲੀਡਰ ਨੂੰ ਅਕਾਲ ਤਖ਼ਤ ਉੱਤੇ ਤਲਬ ਕੀਤਾ ਗਿਆ ਹੋਵੇ, ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੇ ਮੌਕੇ ਆਏ ਹਨ ਜਦੋਂ ਕਈ ਵੱਡੇ ਸਿਆਸੀ ਲੀਡਰ ਅਕਾਲ ਤਖ਼ਤ ਅੱਗੇ ਪੇਸ਼ ਹੋਏ ਹਨ।

ਮੁੱਖ ਮੰਤਰੀ ਭਗਵੰਤ ਮਾਨ ਤੋਂ ਪਹਿਲਾਂ ਅਕਾਲ ਤਖ਼ਤ ਵੱਲੋਂ ਆਮ ਆਦਮੀ ਪਾਰਟੀ ਦੇ ਦੋ ਮੰਤਰੀਆਂ ਨੂੰ ਤਲਬ ਕੀਤਾ ਜਾ ਚੁੱਕਿਆ ਹੈ ਜਿਨ੍ਹਾਂ ਵਿੱਚ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸ਼ਾਮਲ ਹਨ।

ਆਓ ਜਾਣਦੇ ਹਾਂ ਕਿਹੜੇ ਲੀਡਰਾਂ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕੀਤਾ ਜਾ ਚੁੱਕਿਆ ਹੈ।

ਕੈਬਨਿਟ ਮੰਤਰੀ ਹਰਜੋਤ ਬੈਂਸ

ਪੰਜਾਬ ਦੇ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸਾਲ 2025 ਵਿੱਚ ਜੰਮੂ-ਕਸ਼ਮੀਰ ਵਿੱਚ ਹੋਏ ਗੁਰੂ ਤੇਗ ਬਹਾਦਰ ਜੀ ਦੇ 350ਸਾਲਾ ਸ਼ਹੀਦੀ ਸਮਾਗਮ ਵਿੱਚ ਦਰਸ਼ਕਾਂ ਦੇ ਨੱਚਣ, ਗਾਇਕ ਬੀਰ ਸਿੰਘ ਵੱਲੋਂ ਗੀਤ ਗਾਉਣ ਦੇ ਮਾਮਲੇ ਵਿੱਚ ਤਲਬ ਕੀਤਾ ਗਿਆ ਸੀ।

ਉਸ ਵੇਲੇ ਵੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਨ।

ਜਿਸ ਮਗਰੋਂ ਹਰਜੋਤ ਸਿੰਘ ਬੈਂਸ ਨੇ ਅਕਾਲ ਤਖ਼ਤ 'ਤੇ ਪੇਸ਼ ਹੋ ਕੇ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਪੁਰਬ ਮੌਕੇ ਪੰਜਾਬ ਵਿੱਚ ਸਰਕਾਰ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ "ਸਿੱਖ ਧਾਰਮਿਕ ਮਰਿਆਦਾ ਦੀ ਉਲੰਘਣਾ" ਦੀ ਗੱਲ ਨੂੰ ਸਵੀਕਾਰ ਕੀਤਾ ਅਤੇ ਅਕਾਲ ਤਖ਼ਤ ਵੱਲੋਂ ਸੁਣਾਈ ਗਈ ਧਾਰਮਿਕ ਸਜ਼ਾ ਨੂੰ ਮੰਨ ਕੇ ਉਸ ਨੂੰ ਪੂਰਾ ਕੀਤਾ।

ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ

ਦਸੰਬਰ 2025 ਵਿੱਚ ਅਕਾਲ ਤਖ਼ਤ ਵੱਲੋਂ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੂੰ ਅਨੰਦਪੁਰ ਸਾਹਿਬ ਵਿੱਚ ਤਿਆਰ ਕਰਵਾਏ ਗਏ ਭਾਈ ਜੀਵਨ ਸਿੰਘ ਮੈਮੋਰੀਅਲ ਵਿਖੇ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਦੀ ਗਲਤ ਪੇਸ਼ਕਾਰੀ ਕਰਨ ਲਈ ਤਲਬ ਕੀਤਾ ਗਿਆ ਸੀ।

ਜਿਸ ਮਗਰੋਂ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ 5 ਜਨਵਰੀ 2026 ਨੂੰ ਅਕਾਲ ਤਖ਼ਤ ਅੱਗੇ ਪੇਸ਼ ਹੋਏ। ਜਿੱਥੇ ਉਨ੍ਹਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ, "ਭਾਈ ਜੀਵਨ ਸਿੰਘ ਮੈਮੋਰੀਅਲ ਵਿੱਚ ਲੱਗੀ ਇਤਰਾਜ਼ਯੋਗ ਤਸਵੀਰ ਨੂੰ ਠੀਕ ਕਰਵਾ ਦਿੱਤਾ ਗਿਆ ਹੈ, ਅਕਾਲ ਤਖ਼ਤ ਅੱਗੇ ਜਵਾਬ ਦੇਣਾ ਸਾਡਾ ਫਰਜ਼ ਹੈ, ਅਸੀਂ ਸਿਰ ਝੁਕਾ ਕੇ ਅਕਾਲ ਤਖ਼ਤ ਤੋਂ ਮੁਆਫੀ ਮੰਗਦੇ ਹਾਂ।"

ਬਿਕਰਮ ਸਿੰਘ ਮਜੀਠੀਆ

ਸਾਲ 2014 ਵਿੱਚ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਸਰਕਾਰ ਵੇਲੇ ਉਸ ਸਮੇਂ ਕੈਬਨਿਟ ਮੰਤਰੀ ਅਤੇ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਵੀ ਅਕਾਲ ਤਖ਼ਤ ਵੱਲੋਂ ਤਲਬ ਕੀਤਾ ਗਿਆ ਸੀ। ਉਸ ਸਮੇਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਨ।

ਬਿਕਰਮ ਮਜੀਠੀਆ ਨੇ ਅੰਮ੍ਰਿਤਸਰ ਵਿੱਚ ਇੱਕ ਸਿਆਸੀ ਰੈਲੀ ਦੌਰਾਨ ਭਾਜਪਾ ਦੇ ਮਰਹੂਮ ਲੀਡਰ ਅਰੁਣ ਜੇਤਲੀ ਦੀ ਰੈਲੀ ਵਿੱਚ ਗੁਰਬਾਣੀ ਦੀ ਤੁਕ ਨੂੰ ਗ਼ਲਤ ਢੰਗ ਨਾਲ ਪੜ੍ਹਿਆ ਸੀ, ਜਿਸ ਤੋਂ ਬਾਅਦ ਅਕਾਲ ਤਖ਼ਤ ਨੇ ਬਿਕਰਮ ਮਜੀਠੀਆ ਨੂੰ ਤਲਬ ਕੀਤਾ ਅਤੇ ਤਨਖਾਹ ਲਾਈ।

ਬਿਕਰਮ ਸਿੰਘ ਮਜੀਠੀਆ ਨੇ ਅਕਾਲ ਤਖ਼ਤ ਅੱਗੇ ਪੇਸ਼ ਹੋ ਕੇ ਆਪਣਾ ਗਲਤੀ ਮੰਨੀ ਅਤੇ ਅਕਾਲ ਤਖਤ ਵੱਲੋਂ ਐਲਾਨੀ ਗਈ ਧਾਰਮਿਕ ਸਜ਼ਾ ਨੂੰ ਸਵੀਕਾਰ ਕੀਤਾ ਅਤੇ ਪੂਰਾ ਕੀਤਾ।

ਮਰਹੂਮ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ

1984 ਵਿੱਚ ਦਰਬਾਰ ਸਾਹਿਬ ਉੱਤੇ ਕੀਤੀ ਗਈ ਫੌਜੀ ਕਾਰਵਾਈ ਵੇਲੇ ਉਸ ਸਮੇਂ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਵੀ ਅਕਾਲ ਤਖ਼ਤ ਵੱਲੋਂ ਤਲਬ ਕੀਤਾ ਗਿਆ ਸੀ।

ਜਿਸਦੇ ਬਾਰੇ ਗੱਲ ਕਰਦੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਗਿਆਨੀ ਜ਼ੈਲ ਸਿੰਘ ਅਕਾਲ ਤਖ਼ਤ ਅੱਗੇ ਖੁਦ ਪੇਸ਼ ਨਹੀਂ ਹੋਏ ਸਨ, ਉਨ੍ਹਾਂ ਨੇ ਆਪਣੇ ਪ੍ਰੈੱਸ ਸੈਕਟਰੀ ਤਰਲੋਚਨ ਸਿੰਘ ਕੋਲ ਲਿਖਤੀ ਸਪੱਸ਼ਟੀਕਰਨ ਅਕਾਲ ਤਖ਼ਤ ਨੂੰ ਭੇਜਿਆ ਸੀ।

ਸਪੱਸ਼ਟੀਕਰਨ ਲੈ ਕੇ ਜਾਣ ਵਾਲੇ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਬੀਬੀਸੀ ਨੂੰ ਦੱਸਿਆ, "ਗਿਆਨੀ ਜ਼ੈਲ ਸਿੰਘ ਨੇ ਅਕਾਲ ਤਖ਼ਤ ਵੱਲੋਂ ਨੋਟਿਸ ਮਿਲਣ ਮਗਰੋਂ ਆਪਣੇ ਕਰੀਬੀਆਂ ਨਾਲ ਸਲਾਹ ਕੀਤੀ ਅਤੇ ਫੈਸਲਾ ਕੀਤਾ ਕਿ ਅਕਾਲ ਤਖ਼ਤ ਦੇ ਨੋਟਿਸ ਦਾ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਨੇ ਇਕ ਲਿਖਤੀ ਸਪੱਸ਼ਟੀਕਰਨ ਲਿਖਿਆ ਜਿਸ ਵਿੱਚ ਉਨ੍ਹਾਂ ਕਿਹਾ ਕਿ ਇਸ ਫੌਜੀ ਕਾਰਵਾਈ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ।"

ਤਰਲੋਚਨ ਸਿੰਘ ਕਹਿੰਦੇ ਹਨ, "ਮੈਂ ਪੱਤਰ ਅਕਾਲ ਤਖ਼ਤ ਉੱਤੇ ਦਿੱਤਾ ਜਿਸ ਨੂੰ ਸਵੀਕਾਰ ਕਰ ਲਿਆ ਗਿਆ। ਬਾਅਦ ਵਿੱਚ ਗਿਆਨੀ ਜ਼ੈਲ ਸਿੰਘ ਦਰਬਾਰ ਸਾਹਿਬ ਆ ਕੇ ਗਏ ਅਤੇ ਸੰਗਤ ਨੂੰ ਸੰਬੋਧਨ ਵੀ ਕਰਕੇ ਗਏ ਸਨ।"

ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ

ਇਸ ਤੋਂ ਇਲਾਵਾ ਸਾਲ 1984 ਵਿੱਚ 'ਆਪਰੇਸ਼ਨ ਬਲੂ ਸਟਾਰ' ਸਮੇਂ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਉੱਪਰ ਹੋਏ ਫੌਜੀ ਹਮਲੇ ਤੋਂ ਬਾਅਦ ਭਾਰਤ ਦੇ ਤਤਕਾਲੀ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ।

ਉਸ ਵੇਲੇ ਗਿਆਨੀ ਕਿਰਪਾਲ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ।

2 ਸਤੰਬਰ 1984 ਨੂੰ ਗਿਆਨੀ ਕਿਰਪਾਲ ਸਿੰਘ ਸਮੇਤ ਪੰਜ ਸਿੰਘ ਸਾਹਿਬਾਨਾਂ ਦੇ ਦਸਤਖ਼ਤਾਂ ਹੇਠ ਜਾਰੀ ਕੀਤੇ ਗਏ ਹੁਕਮਨਾਮੇ ਵਿੱਚ ਕਿਹਾ ਗਿਆ ਸੀ ਕਿ ਸਿੱਖ ਪਰੰਪਰਾਵਾਂ ਦੇ ਉਲਟ ਬੂਟਾ ਸਿੰਘ ਨੇ ਅਕਾਲ ਤਖਤ ਦੀ ਢੱਠੀ ਹੋਈ ਇਮਾਰਤ ਦੀ ਕਾਰ ਸੇਵਾ ਪੰਥ ਵਿੱਚੋਂ ਛੇਕੇ ਹੋਏ ਬੁੱਢਾ ਦਲ ਦੇ ਮੁਖੀ ਸੰਤਾ ਸਿੰਘ ਨੂੰ ਦਿੱਤੀ ਸੀ।

"ਬੂਟਾ ਸਿੰਘ ਨੇ ਭਾਰਤ ਦੇ ਗ੍ਰਹਿ ਮੰਤਰੀ ਹੁੰਦਿਆਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ 'ਸਰਬੱਤ ਖਾਲਸਾ' ਦੇ ਨਾਂ ਹੇਠ ਇੱਕ ਇਕੱਠ ਸੱਦਿਆ ਸੀ, ਜੋ ਸਿੱਖ ਮਰਿਆਦਾ ਦੇ ਉਲਟ ਸੀ।"

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਇਸ ਬਾਰੇ ਬੀਬੀਸੀ ਨਾਲ ਗੱਲ ਕਰਦਿਆਂ ਕਹਿੰਦੇ ਹਨ, "ਬੂਟਾ ਸਿੰਘ ਨੂੰ ਦਰਬਾਰ ਸਾਹਿਬ ਉੱਤੇ ਹੋਈ ਫੌਜੀ ਕਾਰਵਾਈ ਦਾ ਦੋਸ਼ੀ ਮੰਨ ਕੇ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ ਪਰ ਜਦੋਂ ਉਹ ਅਕਾਲ ਤਖ਼ਤ ਅੱਗੇ ਪੇਸ਼ ਹੋਏ ਤਾਂ ਉਨ੍ਹਾਂ ਨੇ ਸਪਸ਼ਟੀਕਰਨ ਦਿੱਤਾ ਜਿਸ ਮਗਰੋਂ ਬੂਟਾ ਸਿੰਘ ਨੂੰ ਤਨਖਾਹ ਲਾਈ ਗਈ।"

ਸੁਰਜੀਤ ਸਿੰਘ ਬਰਨਾਲਾ

1986 ਵਿੱਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕਿਰਪਾਲ ਸਿੰਘ ਵੱਲੋਂ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਰਜੀਤ ਸਿੰਘ ਬਰਨਾਲਾ ਨੂੰ ਦਰਬਾਰ ਸਾਹਿਬ ਵਿੱਚ ਪੁਲਿਸ ਫੋਰਸ ਭੇਜਣ ਦੇ ਹੁਕਮ ਦੇਣ ਦਾ ਸਪੱਸ਼ਟੀਕਰਨ ਦੇਣ ਲਈ ਤਲਬ ਕੀਤਾ ਸੀ।

ਜਿਸ ਤੋਂ ਬਾਅਦ ਸੁਰਜੀਤ ਸਿੰਘ ਬਰਨਾਲਾ ਨੇ ਅਕਾਲ ਤਖ਼ਤ ਅੱਗੇ ਪੇਸ਼ ਹੋਏ ਕੇ ਆਪਣਾ ਸਪੱਸ਼ਟੀਕਰਨ ਦਿੱਤਾ ਅਤੇ ਮੁਆਫੀ ਮੰਗੀ।

ਮਹਾਰਾਜਾ ਰਣਜੀਤ ਸਿੰਘ

ਅਕਾਲ ਤਖ਼ਤ ਵੱਲੋਂ ਸੱਤਾ ਵਿੱਚ ਮੌਜੂਦ ਵਿਅਕਤੀ ਨੂੰ ਤਲਬ ਕਰਨ ਅਤੇ ਧਾਰਮਿਕ ਸਜ਼ਾ ਦੇਣ ਦਾ ਹਵਾਲਾ ਸਿੱਖ ਇਤਿਹਾਸ ਵਿੱਚ ਪਹਿਲਾਂ ਵੀ ਮਿਲਦਾ ਹੈ।

ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਫੂਲਾ ਸਿੰਘ ਵੱਲੋਂ ਮਹਾਰਾਜਾ ਰਣਜੀਤ ਸਿੰਘ ਨੂੰ ਤਲਬ ਕਰਕੇ ਉਨਾਂ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਸੀ।

ਪੰਜਾਬ ਵਿਰਾਸਤ ਮੰਚ ਦੇ ਸਰਪ੍ਰਸਤ ਅਤੇ ਇਤਿਹਾਸ ਦੇ ਜਾਣਕਾਰ ਰਜਿੰਦਰਪਾਲ ਸਿੰਘ ਨੇ ਬੀਬੀਸੀ ਪੱਤਰਕਾਰ ਸੁਰਿੰਦਰ ਮਾਨ ਨਾਲ ਕੀਤੀ ਗੱਲਬਾਤ ਵਿੱਚ ਦੱਸਿਆ ਸੀ, "ਜਦੋਂ ਮਹਾਰਾਜਾ ਰਣਜੀਤ ਸਿੰਘ ਇੱਕ ਔਰਤ ਮੋਰਾਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਆਏ ਸਨ ਤਾਂ ਉਨਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਰੋਕ ਦਿੱਤਾ ਗਿਆ ਸੀ।"

"ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਤਲਬ ਕਰਕੇ ਉਨ੍ਹਾਂ ਨੂੰ ਕੋੜੇ ਮਾਰਨ ਦੀ ਸਜ਼ਾ ਸੁਣਾਈ ਸੀ। ਇਹ ਵੱਖਰੀ ਗੱਲ ਹੈ ਕਿ ਮਹਾਰਾਜਾ ਵੱਲੋਂ ਗਲਤੀ ਮੰਨਣ ਤੋਂ ਬਾਅਦ ਉਨ੍ਹਾਂ ਦੀ ਕੋੜੇ ਮਾਰਨ ਦੀ ਸਜ਼ਾ ਬਖਸ਼ ਦਿੱਤੀ ਗਈ ਸੀ।"

ਸੀਐੱਮ ਮਾਨ ਨੂੰ ਤਲਬ ਕਰਨ ਬਾਰੇ ਮਾਹਰ ਕੀ ਕਹਿੰਦੇ?

ਅਕਾਲ ਤਖ਼ਤ ਵੱਲੋਂ ਸੱਤਾਧਾਰੀ ਰਾਜਨੀਤਕ ਆਗੂਆਂ ਨੂੰ ਤਲਬ ਕੀਤੇ ਜਾਣ ਸਬੰਧੀ ਗੱਲ ਕਰਦਿਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਇਤਿਹਾਸ ਦੇ ਸਾਬਕਾ ਪ੍ਰੋਫੈਸਰ ਰਹਿ ਚੁੱਕੇ ਗੁਰਦਰਸ਼ਨ ਸਿੰਘ ਢਿੱਲੋਂ ਕਹਿੰਦੇ ਹਨ, "ਅਕਾਲ ਤਖ਼ਤ ਸਿੱਖਾਂ ਲਈ ਸੁਪਰੀਮ ਹੈ, ਸੂਬਾ ਸਰਕਾਰ ਜਾਂ ਕੇਂਦਰ ਸਰਕਾਰ ਭਾਵੇਂ ਕੋਈ ਵੀ ਹੋਵੇ ਪਰ ਜਦੋਂ ਸਿੱਖਾਂ ਦੀ ਰਹਿਤ ਮਰਿਆਦਾ ਦੀ ਗੱਲ ਹੋਵੇਗੀ ਤਾਂ ਫੈਸਲਾ ਅਕਾਲ ਤਖ਼ਤ ਹੀ ਕਰੇਗਾ।"

ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕੀਤੇ ਜਾਣ ਬਾਰੇ ਗੱਲ ਕਰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਕਹਿੰਦੇ ਹਨ, "ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਰਵਉੱਚ ਸੰਸਥਾ ਹੈ, ਅਕਾਲ ਤਖ਼ਤ ਤੋਂ ਲਏ ਜਾ ਰਹੇ ਫੈਸਲਿਆਂ ਨਾਲ ਪੰਥ ਨੂੰ ਕੀ ਲਾਭ ਹੋਵੇਗਾ ਇਹ ਸੋਚਣਾ ਪਵੇਗਾ, ਕਿਸੇ ਦੇ ਮਾਣ-ਸਤਿਕਾਰ ਨੂੰ ਨੁਕਸਾਨ ਪਹੁੰਚਾਉਣ ਲਈ ਫੈਸਲੇ ਨਹੀਂ ਹੋਣੇ ਚਾਹੀਦੇ, ਇਹ ਯਕੀਨੀ ਬਣਾਇਆ ਜਾਣਾ ਲਾਜ਼ਮੀ ਹੈ। ਫੈਸਲੇ ਉਹ ਹੋਣੇ ਚਾਹੀਦੇ ਹਨ ਜਿਨ੍ਹਾਂ ਨਾਲ ਅਹੁਦੇ ਦਾ ਮਾਣ ਵੀ ਬਣਿਆ ਰਹੇ ਅਤੇ ਪੰਥ ਨੂੰ ਵੀ ਕੋਈ ਨੁਕਸਾਨ ਨਾ ਹੋਵੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)