You’re viewing a text-only version of this website that uses less data. View the main version of the website including all images and videos.
ਕੈਨੇਡਾ 'ਚ ਇਸ ਪੰਜਾਬੀ ਡਰਾਇਵਰ ਦੀ ਸ਼ਲਾਘਾ ਹੋ ਰਹੀ ਜਿਸ ਦੀ ਸਮਝ ਤੇ ਹਿੰਮਤ ਕਰਕੇ ਇੱਕ ਗਰਭਵਤੀ ਔਰਤ ਬੱਚੀ ਨੂੰ ਜਨਮ ਦੇ ਸਕੀ
''ਚੈਕਰਕੈਬਜ਼ ਨਾਲ ਚਾਰ ਸਾਲਾਂ ਤੋਂ ਜੁੜੇ ਹਰਦੀਪ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਨੂੰ ਸਵਾਰੀ ਦੀ ਉਡੀਕ ਕਰਨ ਲਈ ਕਿਉਂ ਕਿਹਾ ਗਿਆ ਸੀ, ਅਤੇ ਫਿਰ ਉਨ੍ਹਾਂ ਨੇ ਇੱਕ ਗਰਭਵਤੀ ਮਹਿਲਾ ਨੂੰ ਮੁਸ਼ਕਿਲ ਭਰੀ ਹਾਲਤ ਵਿੱਚ ਆਪਣੇ ਇੱਕ ਸਾਥੀ ਦੀ ਮਦਦ ਨਾਲ ਕੈਬ ਵੱਲ ਆਉਂਦੇ ਦੇਖਿਆ।''
ਇਹ ਸ਼ਬਦ ਕੈਨੇਡਾ ਦੇ ਕੈਲਗਰੀ ਦੀ ਚੈਕਰਕੈਬਸ ਕੈਬ ਕੰਪਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੰਜਾਬੀ ਕੈਬ ਡਰਾਈਵਰ ਹਰਦੀਪ ਸਿੰਘ ਤੂਰ ਦੀ ਪ੍ਰਸ਼ੰਸਾ ਵਿੱਚ ਲਿਖੇ ਹਨ। ਜਿਨ੍ਹਾਂ ਦੀ ਕੈਬ ਵਿੱਚ ਬਰਫੀਲੀ ਸਰਦ ਰਾਤ ਵਿੱਚ ਇੱਕ ਗਰਭਵਤੀ ਮਹਿਲਾ ਨੇ ਬੱਚੀ ਨੂੰ ਜਨਮ ਦਿੱਤਾ।
ਖਬਰ ਏਜੰਸੀ ਪੀਟੀਆਈ ਦੇ ਮੁਤਾਬਕ, ਗਲੋਬਲ ਨਿਊਜ਼ ਨੇ ਬੁੱਧਵਾਰ ਨੂੰ ਰਿਪੋਰਟ ਦਿੱਤੀ ਕਿ ਕੈਲਗਰੀ ਦੇ ਇੱਕ ਟੈਕਸੀ ਡਰਾਈਵਰ, ਹਰਦੀਪ ਸਿੰਘ ਤੂਰ ਨੂੰ ਪਿਛਲੇ ਸ਼ਨੀਵਾਰ ਦੇਰ ਰਾਤ ਨੂੰ 12 ਤੋਂ 1 ਵਜੇ ਦੇ ਵਿਚਕਾਰ ਇੱਕ ਡਿਸਪੈਚ ਕਾਲ ਆਈ ਜਿਸ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਐਮਰਜੈਂਸੀ ਵਿੱਚ ਹਸਪਤਾਲ ਜਾਣਾ ਹੈ।
ਇਸ ਦੌਰਾਨ ਮਹਿਲਾ ਨੇ ਕੈਬ ਵਿੱਚ ਹੀ ਬੱਚੀ ਨੂੰ ਜਨਮ ਦੇ ਦਿੱਤਾ।
ਇੱਕ ਨਿੱਜੀ ਪੋਡਕਾਸਟ ਨਾਲ ਗੱਲਬਾਤ ਦੌਰਾਨ ਤੂਰ ਨੇ ਦੱਸਿਆ ਕਿ ਕਾਲ ਕਰਨ ਵਾਲੇ ਜੋੜੇ ਨੇ ਕਿਹਾ ਉਹ ਐਮਰਜੈਂਸੀ ਵਿੱਚ ਹਨ ਤਾਂ ਤੂਰ ਉਨ੍ਹਾਂ ਦਾ ਇੰਤਜ਼ਾਰ ਕਰਨ।
ਇਹ ਮਹਿਲਾ ਤੇ ਉਸ ਦੇ ਸਾਥੀ ਵੱਲੋਂ ਕਾਲ ਆਈ ਸੀ, ਮਹਿਲਾ ਗਰਭਵਤੀ ਸੀ ਅਤੇ ਉਸ ਦੇ ਜਣੇਪੇ ਦਾ ਦਰਦ ਉੱਠ ਚੁੱਕਿਆ ਸੀ।
ਸੀਟੀਵੀ ਨੇ ਵੀਰਵਾਰ ਨੂੰ ਤੂਰ ਦੇ ਹਵਾਲੇ ਨਾਲ ਕਿਹਾ, "ਉਸ ਦੇ ਨਾਲ ਜੋ ਵਿਅਕਤੀ ਸੀ, ਉਹ ਉਸ ਨੂੰ (ਕੈਬ) ਵਿੱਚ ਬੈਠਣ ਵਿੱਚ ਮਦਦ ਕਰ ਰਹੇ ਸਨ। ਉਹ ਦਰਦ ਵਿੱਚ ਸੀ।''
-23 ਡਿਗਰੀ ਸੈਲਸੀਅਸ ਤਾਪਮਾਨ, ਤੂਫਾਨੀ ਮੌਸਮ ਤੇ ਤਿਲਕਣ ਵਾਲੀਆਂ ਸੜਕਾਂ
ਤੂਰ ਮੁਤਾਬਕ ਉਨ੍ਹਾਂ ਨੇ ਜੋੜੇ ਨੂੰ ਦੇਖਦੇ ਹੀ ਐਮਰਜੈਂਸੀ ਦਾ ਅੰਦਾਜ਼ਾ ਲਗਾ ਲਿਆ ਸੀ।
ਉਨ੍ਹਾਂ ਕਿਹਾ, "ਮੈਂ ਸੋਚਿਆ ਕਿ ਮੈਨੂੰ ਇੱਕ ਐਂਬੂਲੈਂਸ ਬੁਲਾਉਣੀ ਚਾਹੀਦੀ ਹੈ... ਪਰ ਮੌਸਮ ਨੂੰ ਦੇਖਦੇ ਹੋਏ, ਮੈਂ ਫਿਰ ਸੋਚਿਆ ਕਿ ਸ਼ਾਇਦ ਇਹ ਸਹੀ ਨਹੀਂ ਰਹੇਗਾ।''
"ਮਹਿਲਾ ਦੀ ਬਾਡੀ ਲੈਂਗਵੇਜ ਮੈਨੂੰ ਦੱਸ ਰਹੀ ਸੀ ਕਿ ਉਸ ਕੋਲ ਸਮਾਂ ਨਹੀਂ ਹੈ। ਮੈਂ ਗੱਡੀ ਚਲਾਉਣ ਦਾ ਫੈਸਲਾ ਕੀਤਾ।''
ਪਰ ਉਨ੍ਹਾਂ ਦਾ ਇਹ ਸਫ਼ਰ ਇੰਨਾ ਸੌਖਾ ਨਹੀਂ ਸੀ।
ਗਲੋਬਲ ਨਿਊਜ਼ ਦੀ ਰਿਪੋਰਟ ਅਨੁਸਾਰ, -23 ਡਿਗਰੀ ਸੈਲਸੀਅਸ ਦੇ ਆਸ-ਪਾਸ ਤਾਪਮਾਨ, ਤੂਫਾਨੀ ਮੌਸਮ ਅਤੇ ਤਿਲਕਣ ਵਾਲੀਆਂ ਸੜਕਾਂ 'ਤੇ ਗੱਡੀ ਚਲਾਉਣਾ ਇੱਕ ਚੁਣੌਤੀ ਸੀ।
ਹਰਦੀਪ ਤੂਰ ਦੱਸਦੇ ਹਨ ਕਿ ਅਜਿਹੇ ਹਾਲਾਤ ਵਿੱਚ ਉਹ ਮਹਿਲਾ ਨੁੂੰ ਛੇਤੀ ਹਸਪਤਾਲ ਪਹੁੰਚਾਉਣ ਲਈ ਤੇਜ਼ ਗੱਡੀ ਨਹੀਂ ਚਲਾ ਸਕਦੇ ਸੀ। ਸੜਕਾਂ ਉੱਤੇ ਬਰਫ਼ ਹੋਣ ਕਾਰਨ ਸੜਕ ਦੇ ਹਾਲਾਤ ਵੀ ਚੰਗੇ ਨਹੀਂ ਸਨ।
ਮਹਿਲਾ ਨੇ ਬੱਚੇ ਨੂੰ ਸੀਟ 'ਤੇ ਹੀ ਦਿੱਤਾ ਜਨਮ
ਚੈਕਰਕੈਬਸ ਦੇ ਮੁਤਾਬਕ, ਹਰਦੀਪ ਤੂਰ ਪਿਛਲੇ ਚਾਰ ਸਾਲ ਤੋਂ ਉਨ੍ਹਾਂ ਦੀ ਕੰਪਨੀ ਨਾਲ ਜੁੜ ਕੇ ਕੈਬ ਚਲਾ ਰਹੇ ਹਨ।
ਇੱਕ ਨਿੱਜੀ ਪੋਡਕਾਸਟ ਨਾਲ ਗੱਲਬਾਤ ਦੌਰਾਨ ਤੂਰ ਨੇ ਦੱਸਿਆ ਕਿ ''ਮੈਂ ਪੂਰੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਹਸਪਤਾਲ ਲੈ ਜਾਵਾਂ ਪਰ ਉਨ੍ਹਾਂ ਦੀ ਸੁਰੱਖਿਆ ਵੀ ਜ਼ਰੂਰੀ ਸੀ।''
''ਮਹਿਲਾ ਨੂੰ ਵਾਰ ਵਾਰ ਦਰਦ ਉੱਠ ਰਹੇ ਸਨ, ਉਹ ਕਾਰ ਦੀ ਪਿਛਲੀ ਸੀਟ 'ਤੇ ਮੁੱਕੇ ਮਾਰਦੀ ਰਹੀ, ਉਸ ਦੀ ਵਾਹ ਚੱਲ ਨਹੀਂ ਚੱਲ ਰਹੀ ਸੀ।''
ਹਸਪਤਾਲ ਤੋਂ ਕੁਝ ਬਲਾਕ ਪਹਿਲਾਂ, ਤੂਰ ਨੇ ਧਿਆਨ ਦਿੱਤਾ ਕਿ ਲੱਤਾਂ ਮਾਰਨੀਆਂ ਅਤੇ ਚੀਕਣਾ ਪਿਛਲੀ ਸੀਟ 'ਤੇ ਬੰਦ ਹੋ ਗਿਆ ਸੀ।
''ਅਜਿਹੇ ਮਾਹੌਲ ਵਿੱਚ ਮੇਰੇ ਲਈ ਗੱਡੀ ਚਲਾਉਣਾ ਇੱਕ ਚੁਣੌਤੀ ਸੀ ਪਰ ਮੈਂ ਆਪਣਾ ਪੂਰਾ ਧਿਆਨ ਸੜਕ 'ਤੇ ਰੱਖਿਆ ਪਰ ਚਾਰ ਕੁ ਬਲੌਕ ਪਹਿਲਾਂ ਕਾਰ ਵਿੱਚ ਹੀ ਬੱਚੇ ਦਾ ਜਨਮ ਹੋ ਗਿਆ।''
ਉਨ੍ਹਾਂ ਦੱਸਿਆ ਕਿ ''ਉਸ ਦਾ ਸਾਥੀ ਥੋੜਾ ਜਿਹਾ ਸਦਮੇ ਵਿੱਚ ਸੀ। ਪਰ ਉਹ ਮਹਿਲਾ ਬਹੁਤ ਮਜ਼ਬੂਤ ਜਿਗਰੇ ਵਾਲੀ ਸੀ। ਉਸ ਨੇ ਹੀ ਆਪਣੇ ਬੱਚੇ ਨੂੰ ਪੈਦਾ ਹੁੰਦੇ ਹੀ ਫੜ੍ਹਿਆ।''
''ਮੈਂ ਉਸ ਤੋਂ ਪੁੱਛਿਆ ਕਿ ਤੁਸੀਂ ਠੀਕ ਹੋ। ਮੈਂ ਥੋੜ੍ਹਾ ਡਰ ਗਿਆ ਕਿ ਬੱਚਾ 5-7 ਸਕਿੰਟ ਰੋਇਆ ਨਹੀਂ ਪਰ ਫਿਰ ਉਹ ਰੋ ਪਿਆ ਅਤੇ ਮੈਂ ਗੱਡੀ ਲਗਾਤਾਰ ਚਲਾਉਂਦਾ ਰਿਹਾ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਿਆ।''
ਹੁਣ ਤੂਰ ਕਹਿੰਦੇ ਹਨ ਕਿ ''ਪਰਮਾਤਮਾ ਨੇ ਮੈਨੂੰ ਇਸ ਲਈ ਚੁਣਿਆ ਸੀ ਤੇ ਪਰਮਾਤਮਾ ਨੇ ਹੀ ਮੇਰੇ ਸਾਰੇ ਫੈਸਲਿਆਂ ਨੂੰ ਸਹੀ ਸਾਬਤ ਕੀਤਾ।''
ਉਨ੍ਹਾਂ ਦੱਸਿਆ ਕਿ ਉਹ ਬਾਅਦ ਵਿੱਚ ਵੀ ਹਸਪਤਾਲ ਰੁਕੇ ਰਹੇ ਅਤੇ ਫਿਰ ਸਟਾਫ਼ ਨੇ ਦੱਸਿਆ ਕਿ ਮਾਂ ਅਤੇ ਬੱਚਾ ਦੋਵੇਂ ਬਿਲਕੁਲ ਠੀਕ ਹਨ।
ਤੂਰ ਨੇ ਕਿਹਾ, "ਇਹ ਮੇਰਾ ਪਹਿਲਾ ਅਨੁਭਵ ਹੈ, ਕੈਬ 'ਚ ਬਿਠਾਇਆ ਦੋ ਜਣਿਆਂ ਨੂੰ ਸੀ, ਪਰ ਉਤਾਰਿਆ ਤਿੰਨ ਜਣਿਆਂ ਨੂੰ।''
ਚੈਕਰਕੈਬਜ਼ ਨੇ ਕੀਤੀ ਹਰਦੀਪ ਸਿੰਘ ਤੂਰ ਦੀ ਪ੍ਰਸ਼ੰਸਾ
ਚੈਕਰਕੈਬਜ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪਾਈ ਪੋਸਟ ਵਿੱਚ ਦੱਸਿਆ ਕਿ 'ਐਂਬੂਲੈਂਸ ਦੀ ਉਡੀਕ ਕਰਨ ਲਈ ਸਮਾਂ ਨਹੀਂ ਸੀ, ਇਸ ਲਈ ਠੰਢੀਆਂ ਅਤੇ ਫਿਸਲਣ ਵਾਲੀਆਂ ਸੜਕਾਂ ਦੇ ਬਾਵਜੂਦ ਹਰਦੀਪ ਸਿੰਘ ਤੂਰ ਸ਼ਾਂਤ ਰਹਿੰਦੇ ਹੋਏ ਅਤੇ ਸਥਿਰ ਡਰਾਈਵਿੰਗ ਕਰਦੇ ਹੋਏ ਸੁਰੱਖਿਅਤ ਤਰੀਕੇ ਨਾਲ ਪੀਟਰ ਲੌਹੀਡ ਸੈਂਟਰ (ਹਸਪਤਾਲ) ਤੱਕ ਲੈ ਗਏ। ਸਿਰਫ਼ ਦੋ ਬਲਾਕ ਪਹਿਲਾਂ ਹੀ ਉਨ੍ਹਾਂ ਦੀ ਚੈਕਰ ਕੈਬ ਦੀ ਪਿਛਲੀ ਸੀਟ 'ਤੇ ਸੁੰਦਰ ਬੱਚੀ ਦਾ ਜਨਮ ਹੋ ਗਿਆ।'
ਹਰਦੀਪ ਦੀ ਪ੍ਰਸ਼ੰਸਾ ਕਰਦਿਆਂ, ਕੰਪਨੀ ਵੱਲੋਂ ਲਿਖਿਆ ਗਿਆ, ''ਹਰਦੀਪ, ਤੁਸੀਂ ਸੱਚਮੁੱਚ ਇੱਕ ਹੀਰੋ ਹੋ। ਚੈਕਰਕੈਬਜ਼ ਵੱਲੋਂ ਸਾਰੇ ਸਟਾਫ਼ ਦੀ ਤਰਫ਼ੋਂ, ਨਵੇਂ ਪਰਿਵਾਰ ਨੂੰ ਵਧਾਈਆਂ ਅਤੇ ਇਸ ਬਰਫ਼ੀਲੀ ਰਾਤ ਨੂੰ ਇੱਕ ਚਮਤਕਾਰ ਵਿੱਚ ਬਦਲਣ ਲਈ ਦਿਲੋਂ ਧੰਨਵਾਦ।''
ਹਰਦੀਪ ਦੀ ਇਸ ਬਹਾਦੁਰੀ ਲਈ ਹਰਿਆਣਵੀ ਸੁਸਾਇਟੀ ਆਫ ਕੈਲਗਰੀ ਦੁਆਰਾ ਆਯੋਜਿਤ ਨਵੇਂ ਸਾਲ ਦੇ ਜਸ਼ਨ ਵਿੱਚ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ