You’re viewing a text-only version of this website that uses less data. View the main version of the website including all images and videos.
ਖੰਘ ਦੀਆਂ ਦਵਾਈਆਂ ਜਾਂ ਨਿੰਬੂ ਅਤੇ ਸ਼ਹਿਦ-ਤੁਹਾਡੇ ਲਈ ਕੀ ਬਿਹਤਰ ਹੈ, ਜਾਣੋ ਮਾਹਰਾਂ ਦੀ ਰਾਇ
- ਲੇਖਕ, ਐਲੇਕਸ ਟੇਲਰ
- ਰੋਲ, ਪੱਤਰਕਾਰ, ਬੀਬੀਸੀ ਨਿਊਜ਼
ਇਹ ਸਾਲ ਦਾ ਉਹ ਸਮਾਂ ਹੁੰਦਾ ਹੈ ਜਦੋਂ ਸਰਦੀਆਂ ਦੇ ਵਾਇਰਸ ਜ਼ੋਰ ਫੜ੍ਹਨ ਲੱਗਦੇ ਹਨ ਅਤੇ ਘਰਾਂ, ਦਫਤਰਾਂ ਅਤੇ ਜਨਤਕ ਆਵਾਜਾਈ ਦੇ ਸਾਧਨਾਂ 'ਚ ਖੰਘਣ ਦੀਆਂ ਖੂਬ ਅਵਾਜ਼ਾਂ ਸੁਣਾਈ ਦਿੰਦੀਆਂ ਹਨ।
ਅਕਸਰ ਲੋਕ ਠੀਕ ਹੋਣ ਲਈ ਖੰਘ ਦੀ ਦਵਾਈ ਲੈਂਦੇ ਹਨ। ਪਰ ਕੀ ਇਹ ਵਾਕਈ ਕੰਮ ਕਰਦੀ ਹੈ, ਜਾਂ ਫਿਰ ਸ਼ਹਿਦ ਅਤੇ ਨਿੰਬੂ ਵਰਗੇ ਘਰੇਲੂ ਉਪਚਾਰ ਵੀ ਓਨੇ ਹੀ ਕਾਰਗਰ ਹਨ?
ਮੈਨਚੈਸਟਰ ਯੂਨੀਵਰਸਿਟੀ ਵਿੱਚ ਸਾਹ ਦੀ ਦਵਾਈ ਦੇ ਪ੍ਰੋਫੈਸਰ ਜੈਕੀ ਸਮਿਥ ਨੇ ਰੇਡੀਓ 4 ਦੇ ਸਲਾਈਸਡ ਬਰੈੱਡ ਪ੍ਰੋਗਰਾਮ 'ਚ ਗੱਲਬਾਤ ਦੌਰਾਨ ਤੱਥਾਂ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ।
ਆਪਣੇ ਬ੍ਰਾਂਡ ਦੇ ਉਤਪਾਦ ਕੰਮ ਕਰ ਸਕਦੇ ਹਨ
ਜ਼ਿਆਦਾਤਰ ਖੰਘ ਜ਼ੁਕਾਮ ਕਾਰਨ ਹੁੰਦੀ ਹੈ, ਅਤੇ ਜ਼ੁਕਾਮ ਦੇ ਵਾਇਰਸਾਂ ਨੂੰ ਆਮ ਤੌਰ 'ਤੇ ਤੁਹਾਡੇ ਸਰੀਰ 'ਚ ਆਪਣੇ ਆਪ ਠੀਕ ਹੋਣ ਵਿੱਚ ਸਮਾਂ ਲੱਗਦਾ ਹੈ। ਖੰਘ ਦੀਆਂ ਦਵਾਈਆਂ ਅੰਡਰਲਾਈਂਗ (ਅੰਦਰੂਨੀ) ਵਾਇਰਸ ਦਾ ਇਲਾਜ ਨਹੀਂ ਕਰ ਸਕਦੀਆਂ ਪਰ ਉਹ ਤੁਹਾਡੇ ਗਲੇ ਨੂੰ ਆਰਾਮ ਦੇ ਸਕਦੀਆਂ ਹਨ ਅਤੇ ਤੁਹਾਨੂੰ ਉਸ ਖਰਾਸ਼ ਤੋਂ ਰਾਹਤ ਦੇ ਸਕਦੀਆਂ ਹਨ ਜਿਸ ਨਾਲ ਖੰਘ ਉੱਠਦੀ ਹੈ।
ਪ੍ਰੋਫੈਸਰ ਸਮਿਥ ਕਹਿੰਦੇ ਹਨ, ਜੇਕਰ ਸੁੱਕੀ ਖੰਘ ਹੈ ਤਾਂ ਗਲਿਸਰੋਲ ਵਰਗੇ ਬਾਮ ਜਾਂ ਮਿੱਠੇ ਸਿਰਪ ਲੈਣ ਨਾਲ "ਤੁਹਾਡੇ ਗਲ਼ੇ 'ਤੇ ਇੱਕ ਪਰਤ" ਬਣ ਸਕਦੀ ਹੈ ਅਤੇ ਗਲ਼ੇ ਦੀ ਖੁਸ਼ਕੀ ਤੋਂ ਰਾਹਤ ਮਿਲ ਸਕਦੀ ਹੈ।
ਲੇਬਲ 'ਤੇ ਧਿਆਨ ਦੇਣ ਵਾਲੀ ਇੱਕ ਚੀਜ਼ ਹੈ - ਖੰਡ ਦੀ ਮਾਤਰਾ, ਜੋ ਕਿ ਮਿੱਠੇ ਸਿਰਪ ਵਿੱਚ ਅਕਸਰ ਹੀ ਬਹੁਤ ਜ਼ਿਆਦਾ ਹੁੰਦੀ ਹੈ। ਜੇਕਰ ਤੁਸੀਂ ਜ਼ਿਆਦਾ ਮੀਠਾ ਨਹੀਂ ਲੈ ਸਕਦੇ ਤਾਂ ਸ਼ੂਗਰ ਫ੍ਰੀ ਖੰਘ ਦੀਆਂ ਦਵਾਈਆਂ ਇੱਕ ਬਿਹਤਰ ਬਦਲ ਹੋ ਸਕਦੀਆਂ ਹਨ।
ਖੰਘ ਦੀਆਂ ਦਵਾਈਆਂ ਦੇ ਇਸ਼ਤਿਹਾਰਾਂ ਵਿੱਚ ਅਕਸਰ ਇਹ ਵੀ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਵਿੱਚ ਕੁਝ "ਐਕਟਿਵ ਇਨਗ੍ਰੀਡੀਐਂਟਸ" ਹੁੰਦੇ ਹਨ। ਇਨ੍ਹਾਂ ਵਿੱਚ ਡੈਕਸਟ੍ਰੋਮੇਥੋਰਫਨ ਸ਼ਾਮਲ ਹੋ ਸਕਦਾ ਹੈ, ਜੋ ਤੁਹਾਡੀ ਖੰਘ ਨੂੰ ਦਬਾਉਣ/ਰੋਕਣ ਦਾ ਦਾਅਵਾ ਕਰਦਾ ਹੈ - ਹਾਲਾਂਕਿ ਪ੍ਰੋਫੈਸਰ ਸਮਿਥ ਕਹਿੰਦੇ ਹਨ ਕਿ ਇਸ ਦੇ ਪ੍ਰਭਾਵ ਘੱਟ ਹੁੰਦਾ ਹੈ।
ਪ੍ਰੋਫੈਸਰ ਸਮਿਥ ਕਹਿੰਦੇ ਹਨ ਕਿ ਦਵਾਈ ਦੇ ਮਾਮਲੇ 'ਚ ਖੁਰਾਕ ਹਮੇਸ਼ਾ ਮਹੱਤਵਪੂਰਨ ਹੁੰਦੀ ਹੈ, ਪਰ ਖਾਸ ਕਰਕੇ ਡੈਕਸਟ੍ਰੋਮੇਥੋਰਫਨ ਦੇ ਮਾਮਲੇ 'ਚ, ਜਿਸਦੀ ਕਿੱਲਤ ਲੱਗ ਸਕਦੀ ਹੈ।
ਉਹ ਕਹਿੰਦੇ ਹਨ, "ਤੁਸੀਂ ਬੇਸ਼ਕ ਲੇਬਲ 'ਤੇ ਦੱਸੀਆਂ ਗਈਆਂ ਖੁਰਾਕ ਤੋਂ ਵੱਧ ਨਹੀਂ ਲੈਣਾ ਚਾਹੋਗੇ।''
ਲੇਵੋਮੇਂਥੋਲ - ਛਾਤੀ ਦੀ ਖੰਘ ਲਈ ਕੁਝ ਖੰਘ ਦੇ ਸਿਰਪਾਂ ਵਿੱਚ ਪਾਇਆ ਜਾਣ ਵਾਲਾ ਇੱਕ ਤੱਤ ਹੈ। ਇਹ ਗਲੇ ਦੇ ਅੰਦਰ "ਠੰਢਾਪਣ'' ਮਹਿਸੂਸ ਕਰਾਉਂਦਾ ਹੈ, ਜੋ ਗਲ਼ੇ ਦੀ ਅਸਹਿਜਤਾ ਨੂੰ ਘਟਾ ਕੇ ਬਿਹਤਰ ਮਹਿਸੂਸ ਕਰਾਉਂਦਾ ਹੈ।
ਪਾਣੀ ਪੀਓ ਅਤੇ ਇੰਤਜ਼ਾਰ ਕਰੋ
ਜੇਕਰ ਤੁਹਾਨੂੰ ਛਾਤੀ ਦੀ ਖੰਘ ਹੈ ਤਾਂ ਆਪਣੇ ਆਪ ਨੂੰ ਬਲਗਮ ਦੀ ਦਿੱਕਤ ਹੋ ਸਕਦੀ ਹੈ ਅਤੇ ਛਾਤੀ 'ਚ ਜਕੜਨ ਮਹਿਸੂਸ ਹੋ ਸਕਦੀ ਹੈ।
ਇਹ ਬ੍ਰੌਨਕਾਈਟਿਸ ਵਰਗੇ ਸੈਕੰਡਰੀ ਇਨਫੈਕਸ਼ਨਾਂ ਕਾਰਨ ਹੋ ਸਕਦੀ ਹੈ, ਜਿਸ ਨਾਲ ਸਾਹ ਨਾਲੀਆਂ 'ਚ ਸੋਜ ਆ ਜਾਂਦੀ ਹੈ ਜਾਂ ਤੁਹਾਡੇ ਨੱਕ ਅਤੇ ਸਾਈਨਸ ਵਿੱਚ ਜ਼ਿਆਦਾ ਬਲਗਮ ਜੰਮ ਸਕਦੀ ਹੈ।
ਸੁਭਾਵਿਕ ਹੈ ਕਿ ਅਜਿਹੇ 'ਚ ਵਿਅਕਤੀ ਓਵਰ-ਦੀ-ਕਾਊਂਟਰ ਸਿਰਪ ਲੈਣਾ ਚਾਹੁੰਦਾ ਹੈ ਪਰ ਪ੍ਰੋਫੈਸਰ ਸਮਿਥ ਦੀ ਸਲਾਹ ਹੈ ਕਿ ਉਨ੍ਹਾਂ ਦੇ ਪ੍ਰਭਾਵ ਬਾਰੇ ਸੁਚੇਤ ਰਹੋ।
ਮਿਸਾਲ ਵਜੋਂ, ਗੁਆਇਫੇਨੇਸਿਨ ਨਾਮਕ ਤੱਤ ਬਾਰੇ ਬਲਗਮ ਨੂੰ ਢਿੱਲਾ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ, ਪਰ ਇਸ ਦਾ ਕੋਈ ਠੋਸ ਸਬੂਤ ਨਹੀਂ ਹੈ।
ਇਸ ਤਰ੍ਹਾਂ ਡਿਫੇਨਹਾਈਡ੍ਰਾਮਾਈਨ ਵਰਗੇ ਐਂਟੀਹਿਸਟਾਮਾਈਨ ਨਾਲ ਤੁਹਾਨੂੰ ਰਾਤ ਨੂੰ ਸੌਣ ਵਿੱਚ ਮਦਦ ਮਿਲ ਸਕਦੀ ਹੈ, ਪਰ ਉਹ ਖੁਦ ਖੰਘ ਦਾ ਇਲਾਜ ਨਹੀਂ ਕਰਦੇ।
ਇਸ ਬਾਰੇ ਵੀ ਬਹੁਤ ਘੱਟ ਸਬੂਤ ਹਨ ਕਿ ਥਾਈਮ ਅਤੇ ਸਕਿੱਲ ਵਰਗੇ ਪੌਦਿਆਂ ਦੇ ਅਰਕ ਦਾ ਕੋਈ ਪ੍ਰਭਾਵ ਹੁੰਦਾ ਹੈ।
ਪ੍ਰੋਫੈਸਰ ਸਮਿਥ ਕਹਿੰਦੇ ਹਨ ਕਿ ਇਸ ਦੀ ਬਜਾਏ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਲੋਕ ਇੰਤਜ਼ਾਰ ਕਾਰਨ, "ਇਸ ਨੂੰ (ਬਲਗਮ) ਬਾਹਰ ਕੱਢਣ", ਹਾਈਡਰੇਟ ਰਹਿਣ ਲਈ ਪਾਣੀ ਪੀਣ ਅਤੇ ਲੋਜ਼ੈਂਜ (ਖੰਘ ਦੌਰਾਨ ਚੂਸਣ ਵਾਲੀਆਂ ਗੋਲੀਆਂ) ਲੈਣ ਜੋ ਨਿਗਲਣ 'ਚ ਮਦਦ ਕਰਦੀਆਂ ਹਨ ਅਤੇ ਕੁਝ ਸਮੇਂ ਲਈ "ਖੰਘ ਨੂੰ ਰੋਕਦੀਆਂ" ਹਨ।
ਸ਼ਹਿਦ ਅਤੇ ਨਿੰਬੂ ਕਿੰਨਾ ਕਾਰਗਰ?
ਸ਼ਹਿਦ ਅਤੇ ਨਿੰਬੂ ਦਾ ਗਰਮ ਘਰੇਲੂ ਮਿਸ਼ਰਣ ਸੁੱਕੀ ਖੰਘ ਲਈ ਓਨਾ ਹੀ ਆਰਾਮਦਾਇਕ ਪ੍ਰਭਾਵ ਪਾ ਸਕਦਾ ਹੈ ਜਿੰਨਾ ਕਿ ਬਹੁਤ ਸਾਰੇ ਓਵਰ-ਦੀ-ਕਾਊਂਟਰ ਬਦਲ (ਦਵਾਈਆਂ)।
ਪ੍ਰੋਫੈਸਰ ਸਮਿਥ ਅੱਗੇ ਕਹਿੰਦੇ ਹਨ ਕਿ ਇੱਕ ਕੋਚਰੇਨ ਸਮੀਖਿਆ - ਸਬੂਤਾਂ ਦੀ ਇੱਕ ਸੁਤੰਤਰ ਸਮੀਖਿਆ - ਨੇ ਸੁਝਾਅ ਦਿੱਤਾ ਹੈ ਕਿ ਇੱਕ ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਖੰਘ ਅਤੇ ਜ਼ੁਕਾਮ ਦੌਰਾਨ ਸ਼ਹਿਦ ਅਤੇ ਨਿੰਬੂ ਦੀ ਵਰਤੋਂ "ਕੁਝ ਲਾਭਕਾਰੀ ਹੋ ਸਕਦੀ ਹੈ''।
ਖੰਘਣਾ ਵੀ ਜ਼ਰੂਰੀ ਹੈ
ਇਹ ਯਾਦ ਰੱਖਣਾ ਵੀ ਮਹੱਤਵਪੂਰਨ ਹੈ ਕਿ ਖੰਘਣਾ ਵੀ ਜ਼ਰੂਰੀ ਹੈ। ਇਹ ਸਾਡੇ ਸਰੀਰ 'ਚੋਂ ਕਫ਼ ਨੂੰ ਬਾਹਰ ਕੱਢਣ ਦਾ ਤਰੀਕਾ ਹੈ।
ਜੇ ਇਹ ਬਲਗਮ ਵਾਲੀ ਖੰਘ ਹੈ ਤਾਂ ਜ਼ਿਆਦਾ ਤੋਂ ਜ਼ਿਆਦਾ ਬਲਗਮ ਨੂੰ ਬਾਹਰ ਕੱਢਣ ਨਾਲ ਸਾਹ ਨਾਲੀਆਂ ਨੂੰ ਆਰਾਮ ਮਿਲ ਸਕਦਾ ਹੈ।
ਪ੍ਰੋਫੈਸਰ ਸਮਿੱਥ ਕਹਿੰਦੇ ਹਨ, ''ਮੈਂ ਇਸਨੂੰ ਖੰਘ ਕੇ ਕੱਢ ਦੇਵਾਂਗਾ। ਮੈਂ ਇਸਨੂੰ ਦਬਾਉਣ ਦੀ ਕੋਸ਼ਿਸ਼ ਨਹੀਂ ਕਰਾਂਗਾਂ, ਸਗੋਂ ਇਸਨੂੰ ਬਾਹਰ ਆਉਣ ਦਿਓ।'' ਪਰ ਅਜਿਹਾ ਕਰਦੇ ਸਮੇਂ ਰੁਮਾਲ ਜਾਂ ਟਿਸ਼ੂ ਪੇਪਰ ਦਾ ਇਸਤੇਮਾਲ ਲਾਜ਼ਮੀ ਹੈ।
ਪਰ ਜੇ ਤੁਸੀਂ ਇਸਨੂੰ ਨਿਗਲ ਲਿਆ ਤਾਂ ਵੀ ਕੋਈ ਨੁਕਸਾਨ ਨਹੀਂ, ਕਿਉਂਕਿ ਪੇਟ ਇਸਨੂੰ ਤੋੜ ਕੇ ਬਾਹਰ ਕੱਢ ਦੇਵੇਗਾ।
ਤੁਹਾਨੂੰ ਸਿਰਫ਼ ਉਸ ਵੇਲੇ ਚਿੰਤਾ ਕਰਨੀ ਚਾਹੀਦੀ ਹੈ ਜੇ ਤੁਹਾਡੇ ਵੱਲੋਂ ਕੱਢੀ ਗਈ ਬਲਗਮ ਦਾ ਰੰਗ ਗਹਿਰਾ ਭੂਰਾ ਹੋਵੇ, ਕਿਉਂਕਿ ''ਹੋ ਸਕਦਾ ਹੋ ਕਿ ਇਸ ਵਿੱਚ ਖੂਨ ਹੋਵੇ''।
ਜ਼ਿਆਦਾਤਰ ਛਾਤੀ ਦੀ ਖੰਘ ਬਿਨਾਂ ਐਂਟੀਬਾਇਓਟਿਕ ਤੋਂ ਕੁਝ ਹਫ਼ਤਿਆਂ ਵਿੱਚ ਆਪਣੇ ਆਪ ਠੀਕ ਹੋ ਜਾਂਦੀ ਹੈ, ਪਰ ਜੇ ਇਹ ਤਿੰਨ ਹਫ਼ਤਿਆਂ ਤੋਂ ਵੱਧ ਰਹੇ ਤਾਂ ਪ੍ਰੋਫੈਸਰ ਸਮਿੱਥ ਸਲ੍ਹਾ ਦਿੰਦੇ ਹਨ ਕਿ ਡਾਕਟਰ ਨੂੰ ਚੈਕ ਕਰਵਾਇਆ ਜਾਵੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ