ਅਮਰੀਕਾ ਦੀ H-1B ਸਮੇਤ ਕਈ ਵੀਜ਼ਿਆਂ ਲਈ ਪ੍ਰੋਸੈਸਿੰਗ ਫੀਸ ਕਿੰਨੀ ਹੈ ਅਤੇ ਇਸਨੂੰ ਕਿਉਂ ਵਧਾਇਆ ਗਿਆ?

ਅਜਿਹੀਆਂ ਖਬਰਾਂ ਹਨ ਕਿ ਅਮਰੀਕਾ ਵੱਲੋਂ ਐੱਚ-1ਬੀ ਵੀਜ਼ਾ ਸਮੇਤ ਕਈ ਇਮੀਗ੍ਰੇਸ਼ਨ ਸੇਵਾਵਾਂ ਲਈ ਪ੍ਰੀਮੀਅਮ ਪ੍ਰੋਸੈਸਿੰਗ ਫੀਸ ਵਿੱਚ ਵਾਧਾ ਕਰਨ ਕਰਕੇ ਵੱਖ-ਵੱਖ ਤਰ੍ਹਾਂ ਦੇ ਵੀਜ਼ਾ ਲੈਣ ਵਾਲੇ ਲੋਕਾਂ ਲਈ ਲਾਗਤ ਵਧੇਗੀI

ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ (USCIS) ਨੇ ਵੱਖ ਵੱਖ ਕਿਸਮ ਦੀਆਂ ਪ੍ਰਕਿਰਿਆਵਾਂ ਲਈ ਪ੍ਰੀਮੀਅਮ ਪ੍ਰੋਸੈਸਿੰਗ ਫੀਸ ਵਿੱਚ ਵਾਧਾ ਕਰਨ ਲਈ ਇੱਕ ਨੋਟਿਸ ਜਾਰੀ ਕੀਤਾ ਹੈI

ਨਵੀਂ ਵਧੀ ਪ੍ਰੋਸੈਸਿੰਗ ਫੀਸ ਤੁਰੰਤ ਨਹੀਂ, ਸਗੋਂ 1 ਮਾਰਚ ਤੋਂ ਲਾਗੂ ਹੋਵੇਗੀI

ਵੀਜ਼ਾ ਤੋਂ ਲੈ ਕੇ ਗ੍ਰੀਨ ਕਾਰਡ ਤੱਕ ਦੀਆਂ ਸਹੂਲਤਾਂ ਲਈ ਫ਼ੀਸਾਂ 'ਚ ਹੋਏ ਬਦਲਾਅ ਅਤੇ ਇਹ ਭਾਰਤੀਆਂ ਨੂੰ ਕਿਵੇਂ ਪ੍ਰਭਾਵਿਤ ਕਰਨਗੇ, ਇਸ ਬਾਰੇ ਜਾਣੋI

ਹੁਣ ਕਿੰਨੀ ਫ਼ੀਸ ਦੇਣੀ ਪਵੇਗੀ?

USCIS ਨੇ ਆਪਣੀ ਵੈੱਬਸਾਈਟ 'ਤੇ ਕਿਹਾ ਕਿ ਜੂਨ 2023 ਅਤੇ ਜੂਨ 2025 ਵਿਚਕਾਰ ਮਹਿੰਗਾਈ 'ਚ ਵਾਧੇ ਨੂੰ ਦਰਸਾਉਣ ਲਈ ਇਮੀਗ੍ਰੇਸ਼ਨ ਸੇਵਾਵਾਂ ਦੀਆਂ ਅਲੱਗ-ਅਲੱਗ ਫ਼ੀਸਾਂ ਵਿੱਚ ਵਾਧਾ ਕੀਤਾ ਗਿਆ ਹੈI

USCIS ਅਨੁਸਾਰ, ਐਚ-1ਬੀ, ਐਲ-1, ਓ-1, ਪੀ-1 ਅਤੇ ਟੀਐਨ ਵੀਜ਼ਾ ਲਈ 1 ਮਾਰਚ ਤੋਂ ਫ਼ੀਸ 2,805 ਡਾਲਰ ਤੋਂ ਵਧਾ ਕੇ 2,965 ਡਾਲਰ ਕੀਤੀ ਗਈ ਹੈI

ਨਵੀਂ ਵੀਜ਼ਾ ਫ਼ੀਸ ਢਾਂਚੇ ਅਨੁਸਾਰ ਐਚ-2ਬੀ ਜਾਂ ਆਰ-1 ਗ਼ੈਰ-ਪਰਵਾਸੀ ਦਰਜੇ ਲਈ ਫਾਰਮ ਆਈ-129 ਪਟੀਸ਼ਨਾਂ ਲਈ ਪ੍ਰੀਮੀਅਮ ਪ੍ਰੋਸੈਸਿੰਗ ਫੀਸ 1,685 ਡਾਲਰ ਤੋਂ ਵਧਾ ਕੇ 1,780 ਡਾਲਰ ਕਰ ਦਿੱਤੀ ਗਈ ਹੈ।

ਬਾਕੀ ਸਾਰੇ ਵੀਜ਼ਿਆਂ ਲਈ ਪ੍ਰੀਮੀਅਮ ਪ੍ਰੋਸੈਸਿੰਗ ਫੀਸ 2,805 ਡਾਲਰ ਤੋਂ ਵਧਾ ਕੇ 2,965 ਡਾਲਰ ਕਰ ਦਿੱਤੀ ਜਾਵੇਗੀI

USCIS ਦੇ ਨੋਟਿਸ ਅਨੁਸਾਰ, ਪ੍ਰੋਸੈਸਿੰਗ ਫੀਸ ਵਧਾਉਣ ਨਾਲ ਹੋਣ ਵਾਲੇ ਰੈਵੇਨਿਊ ਦਾ ਉਪਯੋਗ ਏਜੰਸੀ ਦੇ ਕਾਰਜਾਂ ਲਈ ਕੀਤਾ ਜਾਵੇਗਾI ਇਸ ਨਾਲ ਪ੍ਰੋਸੈਸਿੰਗ ਬੈਕਲੌਗ ਨੂੰ ਘਟਾਉਣ ਅਤੇ ਨਿਰਣਾ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਲਈ ਮਦਦ ਮਿਲੇਗੀI

ਭਾਰਤੀ ਕਿਵੇਂ ਹੋਣਗੇ ਪ੍ਰਭਾਵਿਤ?

ਪ੍ਰੋਸੈਸਿੰਗ ਫੀਸ ਵਿਚ ਬਦਲਾਅ ਦਾ ਅਸਰ ਅਮਰੀਕਾ 'ਚ ਪੜ੍ਹਾਈ ਜਾਂ ਕੰਮ ਕਰ ਰਹੇ ਭਾਰਤੀ ਪੇਸ਼ੇਵਰਾਂ ਅਤੇ ਵਿਦਿਆਰਥੀਆਂ 'ਤੇ ਪੈਣ ਦੇ ਆਸਾਰ ਹਨI

ਇਸ ਬਦਲਾਅ ਨਾਲ ਭਾਰਤੀ, ਖ਼ਾਸ ਤੌਰ 'ਤੇ ਪ੍ਰਭਾਵਿਤ ਹੋ ਸਕਦੇ ਹਨ ਕਿਉਂਕਿ ਭਾਰਤੀ ਵਿਦਿਆਰਥੀ ਅਤੇ ਪੇਸ਼ੇਵਰਾਂ ਦਾ ਐਚ-1ਬੀ, ਐਲ-1, ਰੋਜ਼ਗਾਰ ਆਧਾਰਿਤ ਗ੍ਰੀਨ ਕਾਰਡ ਅਤੇ ਓਪੀਟੀ (ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ) ਫਾਈਲ ਕਰਨ ਵਿੱਚ ਵੱਡਾ ਹਿੱਸਾ ਹੈI

ਨਵੀਂ ਫੀਸ ਲਾਗੂ ਹੋਣ ਕਾਰਨ ਗ੍ਰੀਨ ਕਾਰਡ ਦੀ ਕੀਮਤ ਵੱਧਣੀ ਵੀ ਤੈਅ ਹੈ, ਕਿਉਂਕਿ ਇਸ ਲਈ ਆਈ-140 ਇਮੀਗ੍ਰੈਂਟ ਪਟੀਸ਼ਨ ਦਾਇਰ ਕਰਨੀ ਜ਼ਰੂਰੀ ਹੈ, ਜਿਸ ਦੀ ਲਾਗਤ 2,805 ਡਾਲਰ ਤੋਂ ਵੱਧ ਕੇ 2,965 ਡਾਲਰ ਹੋ ਜਾਵੇਗੀI

ਇਸੇ ਤਰ੍ਹਾਂ, ਐਫ-1 ਅਤੇ ਐਫ-2 ਵਿਦਿਆਰਥੀ, ਜੇ-1 ਅਤੇ ਜੇ-2 ਐਕਸਚੇਂਜ ਵਿਜ਼ਿਟਰ ਅਤੇ ਐਮ-1 ਅਤੇ ਐਮ-2 ਪੇਸ਼ੇਵਰ ਵਿਦਿਆਰਥੀਆਂ ਲਈ ਫੀਸ 1,965 ਡਾਲਰ ਤੋਂ ਵਧਾ ਕੇ 2,075 ਡਾਲਰ ਕਰ ਦਿੱਤੀ ਗਈ ਹੈI

ਪ੍ਰੀਮੀਅਮ ਪ੍ਰੋਸੈਸਿੰਗ ਕੀ ਹੈ?

ਜਦੋਂ ਤੁਹਾਨੂੰ ਅਮਰੀਕੀ ਇਮੀਗ੍ਰੇਸ਼ਨ ਪ੍ਰਕਿਰਿਆ ਤੇਜ਼ ਕਰਨ ਦੀ ਜ਼ਰੂਰਤ ਹੁੰਦੀ ਹੈ, ਤਾਂ ਇੱਕ ਅਲੱਗ ਫੀਸ ਹੁੰਦੀ ਹੈ ਜਿਸਨੂੰ ਪ੍ਰੀਮੀਅਮ ਪ੍ਰੋਸੈਸਿੰਗ ਫੀਸ ਕਿਹਾ ਜਾਂਦਾ ਹੈI ਇਹ ਫੀਸ ਤੁਹਾਨੂੰ ਵੀਜ਼ਾ ਅਤੇ ਇਮੀਗ੍ਰੇਸ਼ਨ ਅਰਜ਼ੀਆਂ ਲਈ ਜਲਦੀ ਆਗਿਆ ਲੈਣ ਵਿੱਚ ਮਦਦ ਕਰਦੀ ਹੈI

ਆਮ ਤੌਰ 'ਤੇ ਕੰਪਨੀਆਂ ਪ੍ਰੀਮੀਅਮ ਪ੍ਰੋਸੈਸਿੰਗ ਦਾ ਰਸਤਾ ਉਸ ਵੇਲੇ ਅਪਣਾਉਂਦੀਆਂ ਹਨ ਜਦੋਂ ਉਹ ਵਿਦੇਸ਼ੀ ਕਾਮਿਆਂ ਨੂੰ ਕੰਮ 'ਤੇ ਰੱਖਣਾ ਚਾਹੁੰਦੀਆਂ ਹਨ ਜਾਂ ਵਿਦਿਆਰਥੀਆਂ ਨੂੰ ਵਰਕ ਪਰਮਿਟ ਦੀ ਜ਼ਰੂਰਤ ਹੁੰਦੀ ਹੈI

ਜਿਹੜੇ ਬਿਨੈਕਾਰ 1 ਮਾਰਚ ਤੋਂ ਪਹਿਲਾਂ ਪ੍ਰੀਮੀਅਮ ਪ੍ਰੋਸੈਸਿੰਗ ਸੇਵਾਵਾਂ ਦਾ ਲਾਭ ਲੈਣਾ ਚਾਹੁੰਦੇ ਹਨ, ਉਹ ਮੌਜੂਦਾ ਘੱਟ ਫੀਸ ਦਾ ਭੁਗਤਾਨ ਕਰ ਸਕਣਗੇ, ਪਰ 1 ਮਾਰਚ ਤੋਂ ਨਵੀਂ ਜ਼ਿਆਦਾ ਫੀਸ ਲਾਗੂ ਹੋਵੇਗੀI

ਵਰਤਮਾਨ ਵਿੱਚ, ਅਮਰੀਕਾ ਤਕਨਾਲੋਜੀ, ਇੰਜੀਨੀਅਰਿੰਗ, ਵਿੱਤ ਅਤੇ ਸਿਹਤ ਸੰਭਾਲ ਖੇਤਰਾਂ ਵਿੱਚ ਹਰ ਸਾਲ 65,000 ਐਚ-1ਬੀ ਵੀਜ਼ੇ ਜਾਰੀ ਕਰਦਾ ਹੈI ਇਸ ਤੋਂ ਇਲਾਵਾ 20,000 ਐਚ-1ਬੀ ਵੀਜ਼ੇ ਉੱਚ ਡਿਗਰੀ ਧਾਰਕਾਂ ਲਈ ਰਾਖਵੇਂ ਹਨI ਇਹ ਵੀਜ਼ਾ ਤਿੰਨ ਤੋਂ ਛੇ ਸਾਲ ਦੇ ਸਮੇਂ ਲਈ ਜਾਰੀ ਕੀਤਾ ਜਾਂਦਾ ਹੈI

ਜੁਰਮਾਨੇ ਦਾ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ

ਡੌਨਲਡ ਟਰੰਪ ਪ੍ਰਸ਼ਾਸਨ ਨੇ ਸਮੇਂ ਨਾਲ ਐਚ-1ਬੀ ਵੀਜ਼ੇ ਨੂੰ ਮਹਿੰਗਾ ਬਣਾਉਣ ਦੇ ਫ਼ੈਸਲੇ ਲਏ ਹਨI ਉਦਾਹਰਣ ਵਜੋਂ, ਨਵੇਂ ਐਚ-1ਬੀ ਵੀਜ਼ੇ ਦੀ ਫ਼ੀਸ ਵਧਾ ਕੇ 1,00,000 ਡਾਲਰ ਕਰ ਦਿੱਤੀ ਗਈ ਹੈ, ਜਿਸ ਨਾਲ ਕਈ ਕੰਪਨੀਆਂ ਨੇ ਅਦਾਲਤ ਵਿੱਚ ਚੁਣੌਤੀ ਦਿੱਤੀ ਹੈI ਰਾਇਟਰਜ਼ ਦੀ ਰਿਪੋਰਟ ਅਨੁਸਾਰ, ਇੱਕ ਅਮਰੀਕੀ ਅਦਾਲਤ ਨੇ ਇਸ ਮਾਮਲੇ ਨੂੰ ਪਹਿਲ ਦਿੰਦੇ ਹੋਏ ਸੁਣਵਾਈ ਨੂੰ ਅੱਗੇ ਵਧਾਉਣ ਦਾ ਹੁਕਮ ਦਿੱਤਾ ਹੈ ਅਤੇ ਇਸਦੀ ਸੁਣਵਾਈ ਫਰਵਰੀ ਵਿੱਚ ਸ਼ੁਰੂ ਹੋਣ ਦੀ ਉਮੀਦ ਹੈI

ਟਰੰਪ ਵੱਲੋਂ ਸਤੰਬਰ 2025 ਤੋਂ 1,00,000 ਡਾਲਰ ਦੀ ਨਵੀਂ ਫ਼ੀਸ ਲਾਗੂ ਕਰਨ ਤੋਂ ਪਹਿਲਾਂ, ਐਚ-1ਬੀ ਵੀਜ਼ਾ ਆਮ ਤੌਰ 'ਤੇ 2,000 ਡਾਲਰ ਤੋਂ 5,000 ਡਾਲਰ ਵਿਚ ਉਪਲਬਧ ਸਨI

ਇਸ ਰਿਪੋਰਟ ਅਨੁਸਾਰ, ਅਮਰੀਕਨ ਚੈਂਬਰ ਆਫ ਕਾਮਰਸ ਨੂੰ ਇਸ ਮਾਮਲੇ 'ਤੇ ਜਲਦੀ ਫ਼ੈਸਲਾ ਆਉਣ ਦੀ ਉਮੀਦ ਹੈ ਕਿਉਂਕਿ ਇਸ ਸਾਲ ਕੰਪਨੀਆਂ ਐਚ-1ਬੀ ਵੀਜ਼ਾ ਪ੍ਰੋਗਰਾਮ ਵਿੱਚ ਭਾਗ ਲੈਣ ਜਾਂ ਨਾ ਲੈਣ ਦਾ ਫ਼ੈਸਲਾ ਲੈਣ ਲਈ ਅਦਾਲਤ ਵਿੱਚ ਅਪੀਲ ਦੇ ਨਤੀਜੇ 'ਤੇ ਨਿਰਭਰ ਹਨ।

ਇਸ ਤੋਂ ਇਲਾਵਾ, ਅਮਰੀਕਾ ਵਿੱਚ ਐਚ-1ਬੀ ਵੀਜ਼ੇ ਲਈ ਲਾਟਰੀ ਸਿਸਟਮ 'ਚ ਵੀ ਬਦਲਾਅ ਕੀਤਾ ਜਾਵੇਗਾI ਹੁਣ ਇੱਕ ਅਜਿਹਾ ਸਿਸਟਮ ਲਾਗੂ ਕੀਤਾ ਜਾਵੇਗਾ ਜਿਸ ਵਿੱਚ ਜ਼ਿਆਦਾ ਤਨਖ਼ਾਹ ਲੈਣ ਵਾਲੇ ਅਤੇ ਜ਼ਿਆਦਾ ਹੁਨਰ ਵਾਲੇ ਲੋਕਾਂ ਨੂੰ ਵੀਜ਼ਾ ਦੇਣ ਵਿੱਚ ਪਹਿਲ ਦਿੱਤੀ ਜਾਵੇਗੀI ਨਵਾਂ ਲਾਟਰੀ ਸਿਸਟਮ 27 ਫਰਵਰੀ ਤੋਂ ਲਾਗੂ ਹੋਵੇਗਾI

ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਮਰੀਕੀ ਕੰਪਨੀਆਂ, ਅਮਰੀਕੀ ਕਾਮਿਆਂ ਨੂੰ ਨੌਕਰੀ ਨਹੀਂ ਦੇ ਰਹੀਆਂ ਸਗੋਂ ਘੱਟ ਤਨਖ਼ਾਹ ਵਾਲੇ ਵਿਦੇਸ਼ੀ ਕਾਮਿਆਂ ਨੂੰ ਕੰਮ 'ਤੇ ਰੱਖ ਰਹੀਆਂ ਹਨI ਇਸ ਨਾਲ ਮੌਜੂਦਾ ਐਚ-1ਬੀ ਵੀਜ਼ਾ ਪ੍ਰੋਗਰਾਮ ਦੀ ਦੁਰਵਰਤੋਂ ਹੋ ਰਹੀ ਹੈI ਖ਼ਾਸ ਕਰਕੇ ਭਾਰਤੀ ਕਾਮੇ ਇਸ ਵਿੱਚ ਸਭ ਤੋਂ ਅੱਗੇ ਰਹੇ ਹਨ।

ਵੱਖ-ਵੱਖ ਕਿਸਮਾਂ ਦੇ ਵੀਜ਼ੇ

ਅਮਰੀਕੀ ਕੰਪਨੀਆਂ ਐਚ-1ਬੀ ਵੀਜ਼ੇ 'ਤੇ ਵਿਸ਼ੇਸ਼ ਹੁਨਰ ਵਾਲੇ ਲੋਕਾਂ ਨੂੰ ਨੌਕਰੀ ਦਿੰਦੀਆਂ ਹਨI ਇਸਤੋਂ ਇਲਾਵਾ, ਵਿਦਿਆਰਥੀ ਅਤੇ ਪੇਸ਼ੇਵਰਾਂ ਵਿੱਚ ਹੋਰ ਵੀਜ਼ਿਆਂ ਦੀ ਮੰਗ ਹੈI

ਉਦਾਹਰਣ ਵਜੋਂ, ਬਹੁ-ਰਾਸ਼ਟਰੀ ਕੰਪਨੀਆਂ ਐਲ-1 ਦੇ ਨਾਮ ਤੋਂ ਜਾਣੇ ਜਾਂਦੇ ਗ਼ੈਰ-ਪਰਵਾਸੀ ਇੰਟਰਾਕੰਪਨੀ ਟ੍ਰਾਂਸਫਰ ਵੀਜ਼ਾ ਦੀ ਵਰਤੋਂ ਕਰਕੇ ਆਪਣੇ ਵਿਦੇਸ਼ੀ ਦਫ਼ਤਰਾਂ ਤੋਂ ਵਿਸ਼ੇਸ਼ ਗਿਆਨ ਵਾਲੇ ਲੋਕਾਂ ਨੂੰ ਅਮਰੀਕੀ ਦਫ਼ਤਰਾਂ ਵਿੱਚ ਕੰਮ ਕਰਨ ਲਈ ਲਿਆਉਂਦੀਆਂ ਹਨI

ਵਿਦੇਸ਼ੀ ਵਿਦਿਆਰਥੀ ਅਮਰੀਕਾ ਦੇ ਕਿਸੀ ਕਾਲਜ ਵਿੱਚ ਪੂਰਾ ਸਮਾਂ ਪੜ੍ਹਨ ਆਉਣ ਲਈ ਐਫ-1 ਵੀਜ਼ੇ ਦੀ ਵਰਤੋਂ ਕਰਦੇ ਹਨI ਇਹ ਵੀਜ਼ਾ ਆਮ ਤੌਰ 'ਤੇ ਪੰਜ ਸਾਲ ਲਈ ਦਿੱਤਾ ਜਾਂਦਾ ਹੈI

ਇਸੇ ਤਰ੍ਹਾਂ ਵਿਗਿਆਨ, ਕਲਾ, ਕਾਰੋਬਾਰ, ਫ਼ਿਲਮ ਉਦਯੋਗ, ਸਿੱਖਿਆ ਆਦਿ ਦੇ ਖੇਤਰਾਂ ਵਿੱਚ ਅਸਧਾਰਨ ਉਪਲਬਧੀਆਂ ਹਾਸਲ ਕਰਨ ਵਾਲੇ ਜਾਂ ਅਜਿਹੇ ਲੋਕ ਜਿਨ੍ਹਾਂ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਮਿਲੀ ਹੈ, ਉਹ ਓ-1 ਵੀਜ਼ਾ 'ਤੇ ਅਮਰੀਕਾ ਜਾ ਸਕਦੇ ਹਨI

ਕਨੇਡਾ ਅਤੇ ਮੈਕਸਿਕੋ ਦੇ ਨਾਗਰਿਕ ਅਮਰੀਕਾ ਵਿੱਚ ਕੁੱਝ ਪੇਸ਼ੇਵਰ ਨੌਕਰੀਆਂ, ਜਿਵੇਂ ਲੇਖਾਕਾਰ, ਇੰਜੀਨੀਅਰ, ਨਰਸ ਆਦਿ ਕੰਮ ਕਰਨ ਲਈ ਟੀਐਨ ਵੀਜ਼ਾ ਦੀ ਵਰਤੋਂ ਕਰ ਸਕਦੇ ਹਨI

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)