You’re viewing a text-only version of this website that uses less data. View the main version of the website including all images and videos.
ਕੈਨੇਡਾ ਦੀ ਨਵੀਂ ਪਰਵਾਸ ਨੀਤੀ ਨਾਲ ਪੰਜਾਬੀਆਂ ਸਣੇ 10 ਲੱਖ ਤੋਂ ਵੱਧ ਭਾਰਤੀਆਂ 'ਤੇ ਦੇਸ਼ ਨਿਕਾਲੇ ਦਾ ਖ਼ਤਰਾ ਕਿਉਂ ਹੈ
ਵਿਦੇਸ਼ ਵਿੱਚ ਪੜ੍ਹਾਈ ਕਰਨ ਅਤੇ ਪੱਕੇ ਤੌਰ 'ਤੇ ਵੱਸਣ ਦੇ ਚਾਹਵਾਨ ਭਾਰਤੀਆਂ ਲਈ ਅਮਰੀਕਾ ਦੇ ਨਾਲ-ਨਾਲ ਕੈਨੇਡਾ ਵੀ ਮਨਪਸੰਦ ਦੇਸ਼ ਹੈ, ਪਰ ਕੈਨੇਡਾ ਨੇ ਹੁਣ ਪਰਵਾਸ ਦੇ ਨਿਯਮਾਂ ਨੂੰ ਹੋਰ ਸਖ਼ਤ ਕਰਨ ਦਾ ਫੈਸਲਾ ਕੀਤਾ ਹੈ।
ਇਸ ਦੇ ਤਹਿਤ, 2028 ਤੱਕ ਕੈਨੇਡਾ ਵਿੱਚ ਪੱਕੇ ਨਿਵਾਸੀਆਂ, ਵਿਦੇਸ਼ੀ ਵਿਦਿਆਰਥੀਆਂ, ਆਰਜ਼ੀ ਕਾਮਿਆਂ ਅਤੇ ਸ਼ਰਨਾਰਥੀਆਂ ਦੀ ਗਿਣਤੀ ਵਿੱਚ ਵੱਡੀ ਕਮੀ ਆਉਣ ਦੀ ਸੰਭਾਵਨਾ ਹੈ।
ਇੱਕ ਅੰਦਾਜ਼ੇ ਅਨੁਸਾਰ, ਕੈਨੇਡਾ ਦੇ ਨਵੇਂ ਨਿਯਮਾਂ ਕਾਰਨ ਉੱਥੇ ਰਹਿਣ ਵਾਲੇ 10 ਲੱਖ ਤੋਂ ਵੱਧ ਭਾਰਤੀ ਨੇੜਲੇ ਭਵਿੱਖ ਵਿੱਚ ਆਪਣੀ ਕਾਨੂੰਨੀ ਸਥਿਤੀ ਗੁਆ ਸਕਦੇ ਹਨ।
ਇਹ ਉਹ ਲੋਕ ਹਨ ਜੋ ਇੱਥੇ ਪੜ੍ਹਾਈ ਅਤੇ ਕੰਮ ਕਰਦੇ ਹਨ। ਵੀਜ਼ਾ ਦੀ ਮਿਆਦ ਖ਼ਤਮ ਹੋਣ 'ਤੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤੇ ਜਾਣ ਦੀ ਸੰਭਾਵਨਾ ਹੈ।
ਆਓ ਹੁਣ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਬਾਰੇ ਗੱਲ ਕਰਦੇ ਹਾਂ, ਜਿਸ ਨਾਲ ਭਾਰਤੀਆਂ ਸਣੇ ਲੱਖਾਂ ਵਿਦੇਸ਼ੀਆਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਪੀਆਰ ਦੀ ਗਿਣਤੀ ਵਿੱਚ ਕਟੌਤੀ
ਕੈਨੇਡਾ ਵਿੱਚ ਭਾਰਤੀਆਂ ਦੀ ਆਬਾਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਹੈ। ਫੋਰਬਸ ਦੀ ਇੱਕ ਰਿਪੋਰਟ ਅਨੁਸਾਰ, 2013 ਅਤੇ 2023 ਦੇ ਵਿਚਾਲੇ ਕੈਨੇਡਾ ਵਿੱਚ ਭਾਰਤੀ ਪਰਵਾਸੀਆਂ ਦੀ ਗਿਣਤੀ ਵਿੱਚ 326 ਫੀਸਦ ਦਾ ਵਾਧਾ ਹੋਇਆ ਅਤੇ ਇਹ ਗਿਣਤੀ 1.40 ਲੱਖ ਤੱਕ ਪਹੁੰਚ ਗਈ।
ਹੁਣ ਲਿਬਰਲ ਪਾਰਟੀ ਨਾਲ ਜੁੜੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਮੀਗ੍ਰੇਸ਼ਨ ਨੀਤੀ ਵਿੱਚ ਬਦਲਾਅ ਕੀਤਾ ਹੈ।
ਕੈਨੇਡਾ ਵਿੱਚ ਇਮੀਗ੍ਰੇਸ਼ਨ ਨਿਯਮ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਵਿੱਚ ਸਖ਼ਤ ਹੋਣੇ ਸ਼ੁਰੂ ਹੋ ਗਏ ਸਨ। ਜਸਟਿਨ ਟਰੂਡੋ ਦਾ ਇਹ ਵੀ ਮੰਨਣਾ ਸੀ ਕਿ ਕੋਵਿਡ ਦੌਰਾਨ ਇਮੀਗ੍ਰੇਸ਼ਨ ਨਿਯਮਾਂ ਵਿੱਚ ਢਿੱਲ ਦੇਣ ਨਾਲ ਕੈਨੇਡਾ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ।
ਕੈਨੇਡਾ ਸਰਕਾਰ ਦੇ ਅਧਿਕਾਰਤ ਅੰਕੜਿਆਂ ਅਨੁਸਾਰ, ਕੈਨੇਡਾ ਵਿੱਚ ਪੱਕੇ ਨਿਵਾਸੀਆਂ ਦੀ ਗਿਣਤੀ 2026 ਅਤੇ 2028 ਦੇ ਵਿਚਾਲੇ 3.80 ਲੱਖ 'ਤੇ ਸਥਿਰ ਰਹੇਗੀ।
2027 ਦੇ ਅਖੀਰ ਤੱਕ ਕੈਨੇਡਾ ਵਿੱਚ ਆਰਜ਼ੀ ਨਿਵਾਸੀਆਂ ਦੀ ਗਿਣਤੀ ਕੁੱਲ ਆਬਾਦੀ ਦੇ 5 ਫੀਸਦੀ ਤੋਂ ਘੱਟ ਰੱਖਣ ਦਾ ਟੀਚਾ ਹੈ।
ਇਸੇ ਲੜੀ ਵਿੱਚ 2026 ਵਿੱਚ 3.85 ਲੱਖ ਨਵੇਂ ਆਰਜ਼ੀ ਨਿਵਾਸੀਆਂ ਨੂੰ ਦਾਖਲਾ ਦਿੱਤਾ ਜਾਵੇਗਾ, ਜਦਕਿ ਇਹ ਗਿਣਤੀ 2027 ਅਤੇ 2028 ਵਿੱਚ 3.70 ਲੱਖ ਹੋਵੇਗੀ।
2024 ਵਿੱਚ, ਕੈਨੇਡਾ ਨੇ 4.83 ਲੱਖ ਲੋਕਾਂ ਨੂੰ ਸਥਾਈ ਨਿਵਾਸ ਪ੍ਰਦਾਨ ਕੀਤਾ ਸੀ, ਜਦਕਿ 2025 ਵਿੱਚ ਇਹ ਹੱਦ 3.95 ਲੱਖ ਤੈਅ ਕੀਤੀ ਗਈ ਸੀ। 2026 ਵਿੱਚ, 3.80 ਲੱਖ ਲੋਕਾਂ ਨੂੰ ਸਥਾਈ ਨਿਵਾਸ ਪ੍ਰਦਾਨ ਕੀਤਾ ਜਾਵੇਗਾ।
ਭਾਰਤੀਆਂ ਲਈ ਕਿਉਂ ਚਿੰਤਾ ਦੀ ਗੱਲ?
ਇੱਕ ਅੰਦਾਜ਼ੇ ਅਨੁਸਾਰ, ਕੈਨੇਡਾ ਵਿੱਚ 1.5 ਲੱਖ ਤੋਂ ਵੱਧ ਭਾਰਤੀਆਂ ਦੇ ਵਰਕ ਪਰਮਿਟ 2025 ਦੇ ਅਖੀਰ ਤੱਕ ਖ਼ਤਮ ਹੋ ਗਏ ਹਨ। ਇੱਕ ਇਮੀਗ੍ਰੇਸ਼ਨ ਮਾਹਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ 2026 ਦੇ ਅੰਤ ਤੱਕ ਹੋਰ 9.27 ਲੱਖ ਭਾਰਤੀਆਂ ਦੇ ਪਰਮਿਟ ਖ਼ਤਮ ਹੋਣ ਵਾਲੇ ਹਨ।
ਇਸ ਦੌਰਾਨ, ਜੇਕਰ ਉਹ ਨਵੇਂ ਵੀਜ਼ਾ ਜਾਂ ਸਥਾਈ ਨਿਵਾਸ ਪ੍ਰਾਪਤ ਨਹੀਂ ਕਰ ਪਾਉਂਦੇ, ਤਾਂ ਭਾਰਤੀ ਨਾਗਰਿਕ ਆਪਣੀ ਕਾਨੂੰਨੀ ਸਥਿਤੀ ਗੁਆ ਦੇਣਗੇ।
ਇਸ ਤੋਂ ਇਲਾਵਾ, ਕੈਨੇਡਾ ਵਿੱਚ ਸ਼ਰਨਾਰਥੀਆਂ ਦੀ ਗਿਣਤੀ ਨੂੰ ਵੀ ਕੰਟਰੋਲ ਕੀਤਾ ਜਾਵੇਗਾ ਅਤੇ ਇਸ ਦੀ ਗਿਣਤੀ ਵਿੱਚ 12 ਹਜ਼ਾਰ ਘਟਾ ਕੇ 56,200 ਕਰ ਦਿੱਤਾ ਜਾਵੇਗਾ।
ਕੈਨੇਡਾ ਵਿੱਚ ਵਿਦਿਆਰਥੀਆਂ ਦੇ ਦਾਖਲੇ ਵਿੱਚ ਵੀ ਕਟੌਤੀ ਕੀਤੀ ਜਾਵੇਗੀ। 2026 ਵਿੱਚ 1.55 ਲੱਖ ਨਵੇਂ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਗਿਆ ਸੀ, ਜਦਕਿ ਅਗਲੇ ਸਾਲ ਇਹ ਗਿਣਤੀ ਘਟ ਕੇ 1.50 ਲੱਖ ਹੋ ਜਾਵੇਗੀ।
ਇਮੀਗ੍ਰੇਸ਼ਨ ਕਟੌਤੀ ਦਾ ਕੈਨੇਡਾ 'ਤੇ ਅਸਰ
ਕੈਨੇਡਾ ਦੀ ਲਿਬਰਲ ਇਮੀਗ੍ਰੇਸ਼ਨ ਨੀਤੀ ਕਾਰਨ ਉਸ ਦੀ ਆਬਾਦੀ ਤੇਜ਼ੀ ਨਾਲ ਵੱਧ ਰਹੀ ਸੀ, ਪਰ ਬੀਬੀਸੀ ਦੀ ਇੱਕ ਰਿਪੋਰਟ ਅਨੁਸਾਰ, ਇਮੀਗ੍ਰੇਸ਼ਨ 'ਤੇ ਕੰਟਰੋਲ ਲਾਗੂ ਹੋਣ ਤੋਂ ਬਾਅਦ ਕੈਨੇਡਾ ਦੀ ਆਬਾਦੀ ਵਿੱਚ ਗਿਰਾਵਟ ਆਈ ਹੈ।
ਉਦਾਹਰਣ ਲਈ, ਜੁਲਾਈ ਅਤੇ ਅਕਤੂਬਰ ਦੇ ਵਿਚਾਲੇ ਕੈਨੇਡਾ ਦੀ ਆਬਾਦੀ ਵਿੱਚ 76,000 ਦੀ ਕਮੀ ਆਈ। ਇਸ ਦਾ ਕਾਰਨ ਇਹ ਹੈ ਕਿ 2027 ਤੱਕ ਆਰਜ਼ੀ ਨਿਵਾਸੀਆਂ ਦੀ ਗਿਣਤੀ ਨੂੰ ਕੈਨੇਡਾ ਦੀ ਕੁੱਲ 41.6 ਮਿਲੀਅਨ ਆਬਾਦੀ ਦੇ ਪੰਜ ਫੀਸਦ ਤੱਕ ਸੀਮਤ ਕਰਨ ਦਾ ਫੈਸਲਾ ਲਿਆ ਗਿਆ ਹੈ।
ਇਮੀਗ੍ਰੇਸ਼ਨ ਕਾਰਨ ਕੈਨੇਡਾ ਦੀ ਆਬਾਦੀ ਵਿੱਚ 2022 ਵਿੱਚ ਪਹਿਲੀ ਵਾਰ 10 ਲੱਖ ਤੋਂ ਵੱਧ ਦਾ ਵਾਧਾ ਹੋਇਆ ਸੀ, ਜਦਕਿ ਉਸ ਸਮੇਂ ਇਮੀਗ੍ਰੇਸ਼ਨ ਨੀਤੀਆਂ ਲਿਬਰਲ ਸਨ। ਅਕਤੂਬਰ ਦੇ ਅੰਕੜਿਆਂ ਅਨੁਸਾਰ, ਕੈਨੇਡਾ ਵਿੱਚ 28 ਲੱਖ ਤੋਂ ਵੱਧ ਆਰਜ਼ੀ ਨਿਵਾਸੀ ਸਨ, ਜੋ ਕੁੱਲ ਆਬਾਦੀ ਦਾ 6.8 ਫੀਸਦ ਤੋਂ ਵੱਧ ਹੈ।
ਸਾਲ 2022 ਵਿੱਚ ਕੈਨੇਡਾ ਦੀ ਫੈਡਰਲ ਸਰਕਾਰ ਨੇ ਐਲਾਨ ਕੀਤਾ ਸੀ ਕਿ 2025 ਤੱਕ ਹਰ ਸਾਲ 5 ਲੱਖ ਪਰਵਾਸੀਆਂ ਨੂੰ ਦਾਖਲਾ ਦਿੱਤਾ ਜਾਏਗਾ। ਇਸ ਅਨੁਸਾਰ 2025 ਤੱਕ ਪਰਵਾਸੀਆਂ ਦੀ ਗਿਣਤੀ 15 ਲੱਖ ਤੱਕ ਪਹੁੰਚਾਉਣ ਦਾ ਟੀਚਾ ਸੀ। ਪਰ ਬਾਅਦ ਵਿੱਚ ਤਤਕਾਲੀ ਟਰੂਡੋ ਸਰਕਾਰ ਨੇ ਆਪਣੀ ਨੀਤੀ ਵਿੱਚ ਬਦਲਾਅ ਕੀਤਾ ਸੀ।
ਵਰਕ ਪਰਮਿਟ ਦੀ ਸਮਾਂ ਸੀਮਾ ਖ਼ਤਮ ਹੋਣ ਤੋਂ ਬਾਅਦ ਕੀ ਹੁੰਦਾ?
ਕੈਨੇਡਾ ਵਿੱਚ ਉਨ੍ਹਾਂ ਦੇ ਆਰਜ਼ੀ ਨਿਵਾਸ ਦਾ ਦਰਜਾ ਖ਼ਤਮ ਹੋਣ ਤੋਂ ਬਾਅਦ, ਉਨ੍ਹਾਂ ਨੂੰ ਆਈਆਰਸੀਸੀ (ਇਮੀਗ੍ਰੇਸ਼ਨ, ਰਿਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ) ਰਾਹੀਂ ਆਪਣਾ ਪਰਮਿਟ ਰੀਨਿਊ ਕਰਵਾਉਣ ਲਈ 90 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਵਰਕ ਪਰਮਿਟ ਫੀਸ ਤੋਂ ਇਲਾਵਾ 255 ਕੈਨੇਡੀਅਨ ਡਾਲਰ ਦਾ ਭੁਗਤਾਨ ਕਰਨਾ ਹੁੰਦਾ ਹੈ।
ਨਵਾਂ ਪਰਮਿਟ ਮਿਲਣ ਤੋਂ ਬਾਅਦ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ। ਹਾਲਾਂਕਿ, ਪਰਮਿਟ ਮਿਲਣ ਤੋਂ ਪਹਿਲਾਂ ਕੰਮ ਕਰਨ ਦੀ ਇਜਾਜ਼ਤ ਨਹੀਂ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ