ਧਰਮ ਬਦਲ ਕੇ ਵਿਆਹ ਕਰਨ ਵਾਲੀ ਸਰਬਜੀਤ ਕੌਰ ਨੂੰ ਡਿਪੋਰਟ ਕਰਨ ਦੀ ਥਾਂ ਵੀਜ਼ੇ ਦੀ ਮਿਆਦ ਵਧਾਉਣ ਬਾਰੇ ਵਿਚਾਰ ਕਰ ਰਿਹਾ ਪਾਕਿਸਤਾਨ

    • ਲੇਖਕ, ਸ਼ੁਮਾਇਲਾ ਖ਼ਾਨ
    • ਰੋਲ, ਬੀਬੀਸੀ ਪੱਤਰਕਾਰ

ਸਿੱਖ ਸ਼ਰਧਾਲੂਆਂ ਨਾਲ ਪਾਕਿਸਤਾਨ ਗਈ ਸਰਬਜੀਤ ਕੌਰ ਨੂੰ ਡਿਪੋਰਟ ਕਰਨ ਦੀ ਬਜਾਏ ਉਸ ਦੇ ਵੀਜ਼ੇ ਦੀ ਮਿਆਦ ਵਧਾਏ ਜਾਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।

ਪਾਕਿਸਤਾਨ ਦੇ ਗ੍ਰਹਿ ਰਾਜ ਮੰਤਰੀ ਤਲਾਲ ਚੌਧਰੀ ਅਨੁਸਾਰ, ਮਨੁੱਖੀ ਅਧਾਰਾਂ ਅਤੇ ਸਰਬਜੀਤ ਵੱਲੋਂ ਭਾਰਤ ਵਾਪਸੀ 'ਤੇ ਖ਼ਤਰੇ ਦੇ ਦਾਅਵੇ ਨੂੰ ਦੇਖਦੇ ਹੋਏ ਮਾਮਲੇ ਦੀ ਸਮੀਖਿਆ ਕੀਤੀ ਜਾ ਰਹੀ ਹੈ। ਸਰਬਜੀਤ ਇਸ ਸਮੇਂ ਲਾਹੌਰ ਦੇ ਵੂਮੈਨ ਸ਼ੈਲਟਰ (ਦਾਰੁਲ ਅਮਾਨ) ਵਿੱਚ ਰਹਿ ਰਹੀ ਹੈ ਅਤੇ ਉਸਨੇ ਡਿਪੋਰਟੇਸ਼ਨ ਰੋਕਣ ਲਈ ਲਾਹੌਰ ਹਾਈ ਕੋਰਟ ਵਿੱਚ ਵੀ ਅਰਜ਼ੀ ਦਿੱਤੀ ਹੋਈ ਹੈ।

ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਉਸ ਦੇ ਧਾਰਮਿਕ ਵੀਜ਼ੇ ਦੀ ਮਿਆਦ ਤੋਂ ਵੱਧ ਸਮਾਂ ਰੁਕਣ ਲਈ ਵਾਹਘਾ ਬਾਰਡਰ ਰਾਹੀਂ ਪਾਕਿਸਤਾਨ ਤੋਂ ਡਿਪੋਰਟ ਕੀਤਾ ਜਾਵੇਗਾ। ਉਸ ਸਮੇਂ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਇਸ ਦੀ ਪੁਸ਼ਟੀ ਕੀਤੀ ਸੀ।

ਹਾਲਾਂਕਿ ਹੁਣ ਵੀਜ਼ੇ ਦੀ ਮਿਆਦ ਵਧਾਏ ਜਾਣ ਬਾਰੇ ਜਨਤਕ ਤੌਰ ਉੱਤੇ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਹੈ।

ਜਦੋਂ ਸਰਬਜੀਤ ਦੀ ਸੰਭਾਵਿਤ ਡਿਪੋਰਟੇਸ਼ਨ ਬਾਰੇ ਸਰਕਾਰੀ ਫੈਸਲੇ 'ਤੇ ਸਵਾਲ ਕੀਤਾ ਗਿਆ ਤਾਂ ਗ੍ਰਹਿ ਰਾਜ ਮੰਤਰੀ ਤਲਾਲ ਚੌਧਰੀ ਨੇ ਕਿਹਾ ਕਿ ਮਨੁੱਖੀ ਅਧਾਰਾਂ ਅਤੇ ਮੌਜੂਦਾ ਸਮੇਂ ਵਿੱਚ ਉੱਥੇ ਘੱਟਗਿਣਤੀਆਂ ਨਾਲ ਹੋ ਰਹੇ ਸਲੂਕ ਨੂੰ ਧਿਆਨ ਵਿੱਚ ਰੱਖਦਿਆਂ ਇਸ ਮਾਮਲੇ ਦੀ ਧਿਆਨ ਨਾਲ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸਨੂੰ ਵਾਪਸ ਨਾ ਭੇਜਿਆ ਜਾਵੇ।

ਚੌਧਰੀ ਨੇ ਦੱਸਿਆ ਕਿ ਸਰਬਜੀਤ ਨੇ ਅਧਿਕਾਰਤ ਤੌਰ 'ਤੇ ਪਾਕਿਸਤਾਨ ਸਰਕਾਰ ਕੋਲ ਅਰਜ਼ੀ ਦਿੱਤੀ ਹੈ ਕਿ ਉਸਨੂੰ ਭਾਰਤ ਡਿਪੋਰਟ ਨਾ ਕੀਤਾ ਜਾਵੇ ਕਿਉਂਕਿ ਉਸਨੂੰ ਉੱਥੇ ਆਪਣੀ ਸੁਰੱਖਿਆ ਨੂੰ ਲੈ ਕੇ ਡਰ ਹੈ। ਇਸੇ ਅਧਾਰ 'ਤੇ ਉਸਨੇ ਲਾਹੌਰ ਹਾਈ ਕੋਰਟ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲਾ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਦਿਆਂ ਅੰਤਿਮ ਫੈਸਲਾ ਲਵੇਗਾ।

ਹਾਲਾਂਕਿ ਸਰਬਜੀਤ ਕੌਰ ਨੂੰ ਵਾਪਿਸ ਭੇਜੇ ਜਾਣ ਦੀ ਮੰਗ ਕਰਨ ਵਾਲੇ ਪਾਕਿਸਤਾਨ ਵਿੱਚ ਪੰਜਾਬ ਮਨੁੱਖੀ ਅਧਿਕਾਰਾਂ ਦੇ ਸਾਬਕਾ ਸੰਸਦੀ ਸਕੱਤਰ ਮਹਿੰਦਰ ਪਾਲ ਸਿੰਘ ਨੇ ਇਸ ਵਿਚਾਰ ਉੱਤੇ ਸਵਾਲ ਖੜੇ ਕੀਤੇ ਹਨ।

ਉਨ੍ਹਾਂ ਕਿਹਾ,"ਸਰਬਜੀਤ ਕੌਰ ਦਾ ਪਾਕਿਸਤਾਨ ਵਿੱਚ ਰਹਿਣ ਦਾ ਸਮਾਂ ਵਧਾਉਣਾ ਇਮੀਗ੍ਰੇਸ਼ਨ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਹੋਵੇਗਾ, ਕਿਉਂਕਿ ਉਹ ਪਾਕਿਸਤਾਨ ਧਾਰਮਿਕ ਯਾਤਰਾ ਵੀਜ਼ੇ 'ਤੇ ਦਾਖਲ ਹੋਈ ਸੀ, ਨਾ ਕਿ ਵਿਜ਼ਿਟਰ ਵੀਜ਼ੇ 'ਤੇ।"

ਲਾਹੌਰ ਹਾਈ ਕੋਰਟ ਵਿੱਚ ਪਟੀਸ਼ਨ ਪਾ ਕੇ ਸਾਬਕਾ ਸੰਸਦੀ ਸਕੱਤਰ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਨੇ ਡਿਪੋਰਟੇਸ਼ਨ ਦੀ ਮੰਗ ਕੀਤੀ ਸੀ।

ਉਨ੍ਹਾਂ ਨੇ ਉਨ੍ਹਾਂ ਰਿਪੋਰਟਾਂ 'ਤੇ ਇਤਰਾਜ਼ ਜ਼ਾਹਿਰ ਕੀਤਾ ਹੈ ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਸਰਬਜੀਤ ਕੌਰ, ਜੋ ਹੁਣ ਨੂਰ ਹੁਸੈਨ ਦੇ ਨਾਮ ਨਾਲ ਜਾਣੀ ਜਾਂਦੀ ਹੈ, ਨੂੰ ਡਿਪੋਰਟ ਕਰਨ ਦੀ ਬਜਾਏ ਵੀਜ਼ਾ ਵਧਾਇਆ ਜਾ ਸਕਦਾ ਹੈ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਮਹਿੰਦਰਪਾਲ ਸਿੰਘ ਨੇ ਕਿਹਾ, "ਮੈਨੂੰ ਉਸਦੇ ਇਸਲਾਮ ਕਬੂਲ ਕਰਨ 'ਤੇ ਕੋਈ ਇਤਰਾਜ਼ ਨਹੀਂ ਹੈ, ਪਰ ਵੀਜ਼ਾ ਓਵਰਸਟੇਅ ਕਰਨਾ ਗ਼ੈਰ-ਕਾਨੂੰਨੀ ਕੰਮ ਹੈ। ਇਹ ਇੱਕ ਕਾਨੂੰਨੀ ਮਸਲਾ ਹੈ।"

ਆਪਣੀ ਪਟੀਸ਼ਨ ਦੇ ਆਧਾਰ ਬਾਰੇ ਦੱਸਦਿਆਂ ਉਨ੍ਹਾਂ ਕਿਹਾ, "ਮੈਂ ਇਹ ਕੇਸ ਇਸ ਲਈ ਦਾਇਰ ਕੀਤਾ ਕਿਉਂਕਿ ਧਾਰਮਿਕ ਵੀਜ਼ੇ ਨੂੰ ਵਿਵਾਦਿਤ ਬਣਾਇਆ ਗਿਆ ਅਤੇ ਹੁਣ ਸਟੇਟ ਕਹਿ ਰਿਹਾ ਹੈ ਕਿ ਉਹ ਮਨੁੱਖੀ ਅਧਾਰਾਂ 'ਤੇ ਉਸਨੂੰ ਵੀਜ਼ਾ ਦੇਣਾ ਚਾਹੁੰਦਾ ਹੈ।"

ਉਨ੍ਹਾਂ ਦਲੀਲ ਦਿੱਤੀ ਕਿ ਵੀਜ਼ਾ ਓਵਰਸਟੇਅ ਕਰਨਾ ਸਜ਼ਾਯੋਗ ਅਪਰਾਧ ਹੈ। ਉਨ੍ਹਾਂ ਕਿਹਾ, "ਉਸਨੇ ਵੀਜ਼ਾ ਓਵਰਸਟੇਅ ਕਰਕੇ ਗੈਰ-ਕਾਨੂੰਨੀ ਕੰਮ ਕੀਤਾ ਹੈ। ਜੋ ਕੋਈ ਵੀ ਕਾਨੂੰਨ ਤੋੜਦਾ ਹੈ, ਉਸਨੂੰ ਨਤੀਜੇ ਭੁਗਤਣੇ ਪੈਂਦੇ ਹਨ।"

ਮਹਿੰਦਰਪਾਲ ਸਿੰਘ ਨੇ ਇਹ ਵੀ ਕਿਹਾ ਕਿ ਭਾਰਤ, ਜਿੱਥੇ ਸਰਬਜੀਤ ਕੌਰ ਨੂੰ ਡਿਪੋਰਟ ਕੀਤਾ ਜਾਣਾ ਹੈ, ਇੱਕ ਲੋਕਤੰਤਰਕ ਦੇਸ਼ ਹੈ। ਉਨ੍ਹਾਂ ਕਿਹਾ, "ਮੈਨੂੰ ਨਹੀਂ ਪਤਾ ਕਿ ਉੱਥੇ ਉਸਦੇ ਨਾਲ ਕੀ ਹੋਵੇਗਾ, ਪਰ ਇਹ ਵੀ ਇੱਕ ਲੋਕਤੰਤਰਕ ਦੇਸ਼ ਹੈ ਅਤੇ ਲੋਕਤੰਤਰਕ ਪ੍ਰਕਿਰਿਆ ਅਨੁਸਾਰ ਕੰਮ ਕਰੇਗਾ। ਭਾਰਤ ਵਿੱਚ ਪਾਕਿਸਤਾਨ ਨਾਲੋਂ ਵੱਧ ਲੋਕਤੰਤਰ ਹੈ।"

ਉਨ੍ਹਾਂ ਨੇ ਇਸ ਮਾਮਲੇ ਦੇ ਸਿੱਖ ਯਾਤਰੀਆਂ 'ਤੇ ਪੈਣ ਵਾਲੇ ਅਸਰ ਨੂੰ ਲੈ ਕੇ ਵੀ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ, "ਕੀ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੈ ਕਿ ਤੁਸੀਂ ਕਿਸੇ ਅਜਿਹੇ ਵਿਅਕਤੀ ਦਾ ਸਮਰਥਨ ਕਰ ਰਹੇ ਹੋ, ਜਿਸਨੇ ਗ਼ੈਰ-ਕਾਨੂੰਨੀ ਕਦਮ ਚੁੱਕਿਆ ਹੈ?"

ਲਾਹੌਰ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਫੈਡਰਲ ਕੈਬਨਿਟ ਡਿਵੀਜ਼ਨ, ਫੈਡਰਲ ਇਨਵੈਸਟੀਗੇਸ਼ਨ ਏਜੰਸੀ ਅਤੇ ਪੰਜਾਬ ਪੁਲਿਸ ਤੋਂ ਰਿਪੋਰਟਾਂ ਮੰਗੀਆਂ ਹਨ। ਮਾਮਲਾ ਹਾਲੇ ਅਦਾਲਤ ਵਿੱਚ ਵਿਚਾਰ ਅਧੀਨ ਹੈ ਅਤੇ ਅਦਾਲਤ ਨੇ ਅਜੇ ਤੱਕ ਅਗਲੀ ਸੁਣਵਾਈ ਦੀ ਤਰੀਕ ਨਹੀਂ ਦੱਸੀ।

ਪਹਿਲਾਂ ਕੀ ਜਾਣਕਾਰੀ ਮਿਲੀ ਸੀ

ਬੀਬੀਸੀ ਨਾਲ ਗੱਲ ਕਰਦੇ ਹੋਏ, ਰਮੇਸ਼ ਸਿੰਘ ਅਰੋੜਾ ਨੇ ਕਿਹਾ ਸੀ ਕਿ ਦੇਸ਼ ਨਿਕਾਲੇ ਦੀ ਪ੍ਰਕਿਰਿਆ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸਰਬਜੀਤ ਕੌਰ ਨੂੰ ਸੋਮਵਾਰ ਅਤੇ ਮੰਗਲਵਾਰ ਵਿਚਾਲੇ ਕਿਸੇ ਵੀ ਸਮੇਂ ਭਾਰਤ ਵਾਪਸ ਭੇਜਿਆ ਜਾ ਸਕਦਾ ਹੈ।

ਪਰ ਪਾਕਿਸਤਾਨ ਵੱਲੋਂ ਸਰਬਜੀਤ ਕੌਰ ਨੂੰ ਅਜੇ ਵਾਪਿਸ ਨਹੀਂ ਭੇਜਿਆ ਗਿਆ ਹੈ।

ਸਰਬਜੀਤ ਕੌਰ 4 ਨਵੰਬਰ 2025 ਨੂੰ ਸਿੱਖ ਸ਼ਰਧਾਲੂਆਂ ਦੇ ਇੱਕ ਜਥੇ ਦੇ ਹਿੱਸੇ ਵਜੋਂ ਪਾਕਿਸਤਾਨ ਵਿੱਚ ਦਾਖਲ ਹੋਈ ਸੀ, ਜੋ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਸਥਾਨਾਂ 'ਚੋਂ ਇੱਕ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਆਏ ਸਨ।

ਅਧਿਕਾਰੀਆਂ ਦੇ ਮੁਤਾਬਕ, ਉਹ ਸਿੱਖ ਜਥੇ ਨਾਲ ਵਾਪਸ ਨਹੀਂ ਗਈ, ਜਿਸ ਕਾਰਨ ਪਾਕਿਸਤਾਨ ਦੀਆਂ ਸੁਰੱਖਿਆ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ।

ਖੁਫ਼ੀਆ ਜਾਣਕਾਰੀ ਤੋਂ ਬਾਅਦ ਹਿਰਾਸਤ 'ਚ ਲਿਆ ਸੀ

ਸਰਕਾਰੀ ਰਿਕਾਰਡਾਂ ਮੁਤਾਬਕ, 4 ਜਨਵਰੀ 2026 ਨੂੰ ਨਨਕਾਣਾ ਸਾਹਿਬ ਵਿੱਚ ਇੰਟੈਲੀਜੈਂਸ ਬਿਊਰੋ (ਆਈਬੀ) ਨੂੰ ਪੰਜਾਬ ਸੂਬੇ ਦੇ ਪਿੰਡ ਪੇਹਰੇ ਵਾਲੀ ਵਿੱਚ ਸਰਬਜੀਤ ਕੌਰ ਦੀ ਮੌਜੂਦਗੀ ਬਾਰੇ 'ਗੁਪਤ ਜਾਣਕਾਰੀ' ਮਿਲੀ। ਇਸ ਸੂਚਨਾ 'ਤੇ ਕਾਰਵਾਈ ਕਰਦੇ ਹੋਏ, ਆਈਬੀ ਦੀ ਇੱਕ ਟੀਮ ਨੇ ਉਸ ਥਾਂ 'ਤੇ ਛਾਪਾ ਮਾਰਿਆ।

ਇਸ ਕਾਰਵਾਈ ਦੌਰਾਨ ਸਰਬਜੀਤ ਕੌਰ ਨੂੰ ਉਸ ਦੇ ਪਾਕਿਸਤਾਨੀ ਪਤੀ ਸਮੇਤ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਉਨ੍ਹਾਂ ਨੂੰ ਹੁਣ ਨਨਕਾਣਾ ਸਾਹਿਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਦੋਵੇਂ ਇਸ ਸਮੇਂ ਨਨਕਾਣਾ ਸਾਹਿਬ ਦੇ ਸਦਰ ਪੁਲਿਸ ਠਾਣੇ ਵਿੱਚ ਹਿਰਾਸਤ ਵਿੱਚ ਹਨ।

ਅਧਿਕਾਰੀਆਂ ਨੇ ਕਿਹਾ ਕਿ ਸਰਬਜੀਤ ਕੌਰ ਦੇ ਪਾਕਿਸਤਾਨ ਵਿੱਚ ਠਹਿਰਨ ਸਬੰਧੀ ਪੂਰੇ ਮਾਮਲੇ ਦੀ ਪੁਲਿਸ ਅਤੇ ਇੰਟੈਲੀਜੈਂਸ ਬਿਊਰੋ ਵੱਲੋਂ ਸਾਂਝੇ ਤੌਰ 'ਤੇ ਜਾਂਚ ਕੀਤੀ ਗਈ।

ਜਾਂਚ ਦੌਰਾਨ ਪਤਾ ਲੱਗਾ ਕਿ ਸਰਬਜੀਤ ਕੌਰ ਅਤੇ ਨਾਸਿਰ ਹੁਸੈਨ ਪਹਿਲੀ ਵਾਰ 2016 ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਟਿੱਕਟੌਕ ਰਾਹੀਂ ਮਿਲੇ ਸਨ। ਸਾਲਾਂ ਦੌਰਾਨ ਦੋਵਾਂ ਵਿਚਾਲੇ ਕਥਿਤ ਤੌਰ 'ਤੇ ਇੱਕ ਰਿਸ਼ਤਾ ਬਣਿਆ ਅਤੇ ਉਨ੍ਹਾਂ ਨੇ ਮਿਲਣ ਲਈ ਕਾਨੂੰਨੀ ਤੌਰ 'ਤੇ ਵੀਜ਼ਾ ਪ੍ਰਾਪਤ ਕਰਨ ਲਈ ਕਈ ਵਾਰ ਕੋਸ਼ਿਸ਼ ਕੀਤੀ, ਪਰ ਅਧਿਕਾਰੀਆਂ ਮੁਤਾਬਕ 'ਕਾਨੂੰਨੀ ਕਾਰਨਾਂ' ਕਰਕੇ ਉਨ੍ਹਾਂ ਦੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ।

ਜਾਂਚਕਰਤਾਵਾਂ ਦਾ ਇਲਜ਼ਾਮ ਹੈ ਕਿ 4 ਨਵੰਬਰ 2025 ਨੂੰ, ਜਿਸ ਦਿਨ ਸਰਬਜੀਤ ਕੌਰ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਪਹੁੰਚੀ ਸੀ, ਨਾਸਿਰ ਹੁਸੈਨ ਵੀ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਜਨਮ ਅਸਥਾਨ ਗਏ ਸਨ।

ਅਧਿਕਾਰੀਆਂ ਮੁਤਾਬਕ ਫਿਰ ਉਹ ਇਕੱਠੇ ਨਾਸਿਰ ਦੇ ਜੱਦੀ ਇਲਾਕਿਆਂ ਵੱਲ ਚਲੇ ਗਏ, ਜਿਨ੍ਹਾਂ ਵਿੱਚ ਫਾਰੂਕਾਬਾਦ ਅਤੇ ਬੁਰਜ ਅਟਾਰੀ ਸ਼ਾਮਲ ਹਨ, ਉੱਥੇ ਉਹ ਅਧਿਕਾਰੀਆਂ ਦੀ ਨਜ਼ਰ ਤੋਂ ਦੂਰ ਰਹੇ।

ਦੇਸ਼ ਨਿਕਾਲਾ, ਗ੍ਰਿਫ਼ਤਾਰੀ ਨਹੀਂ: ਰਮੇਸ਼ ਸਿੰਘ ਅਰੋੜਾ

ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਸਰਬਜੀਤ ਕੌਰ ਨੂੰ ਰਸਮੀ ਤੌਰ 'ਤੇ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ ਪਰ ਉਸ ਨੇ ਵੱਧ ਸਮਾਂ ਠਹਿਰਕੇ ਵੀਜ਼ਾ ਸ਼ਰਤਾਂ ਦੀ ਉਲੰਘਣਾ ਕੀਤੀ। ਉਨ੍ਹਾਂ ਕਿਹਾ, "ਉਹ ਧਾਰਮਿਕ ਵੀਜ਼ੇ 'ਤੇ ਆਈ ਸੀ ਅਤੇ ਉਸ ਨੂੰ ਉਸ ਵੀਜ਼ੇ ਦੀਆਂ ਸ਼ਰਤਾਂ ਅੰਦਰ ਰਹਿਣਾ ਚਾਹੀਦਾ ਸੀ। ਪਹਿਲੇ ਦਿਨ ਤੋਂ ਹੀ ਮੇਰਾ ਰੁਖ਼ ਸਪੱਸ਼ਟ ਸੀ।"

ਉਨ੍ਹਾਂ ਅੱਗੇ ਕਿਹਾ ਸੀ ਕਿ ਪਾਕਿਸਤਾਨੀ ਕਾਨੂੰਨ ਤਹਿਤ, ਜੋ ਵਿਅਕਤੀ ਆਪਣੇ ਵੀਜ਼ੇ ਦੀ ਮਿਆਦ ਤੋਂ ਵੱਧ ਸਮੇਂ ਲਈ ਠਹਿਰਦੇ ਹਨ, ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਂਦਾ ਹੈ। ਇਸ ਮਾਮਲੇ ਵਿੱਚ ਬਿਲਕੁਲ ਇਹੀ ਕੀਤਾ ਜਾ ਰਿਹਾ ਹੈ।

ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਦੇਸ਼ ਨਿਕਾਲੇ ਦੀ ਕਾਰਵਾਈ ਪੂਰੀ ਕਰਨ ਲਈ ਸਰਬਜੀਤ ਕੌਰ ਨੂੰ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ETPB) ਦੇ ਹਵਾਲੇ ਕਰ ਦਿੱਤਾ ਜਾਵੇਗਾ, ਜੋ ਧਾਰਮਿਕ ਸਥਾਨਾਂ ਦੀ ਨਿਗਰਾਨੀ ਕਰਦਾ ਹੈ ਅਤੇ ਤੀਰਥ ਯਾਤਰੀਆਂ ਦੇ ਮਾਮਲਿਆਂ ਦਾ ਤਾਲਮੇਲ ਰੱਖਦਾ ਹੈ।

ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਨਾਲ ਚਿੰਤਾਵਾਂ ਜਤਾਈਆਂ ਹਨ ਅਤੇ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਕਿ ਭਵਿੱਖ ਵਿੱਚ ਆਉਣ ਵਾਲੇ ਯਾਤਰੀ ਵੀਜ਼ਾ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ।

ਉਨ੍ਹਾਂ ਕਿਹਾ, "ਜੇ ਸ਼ਰਧਾਲੂ ਆਪਣੀ ਯਾਤਰਾ ਦੇ ਦੱਸੇ ਗਏ ਉਦੇਸ਼ ਦੀ ਪਾਲਣਾ ਨਹੀਂ ਕਰਦੇ, ਤਾਂ ਇਹ ਪੂਰੀ ਪ੍ਰਕਿਰਿਆ ਵਿੱਚ ਰੁਕਾਵਟ ਪਾਉਂਦਾ ਹੈ। ਨਨਕਾਣਾ ਸਾਹਿਬ ਵਰਗੇ ਸਥਾਨਾਂ ਨਾਲ ਡੂੰਘੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ ਅਤੇ ਕਿਸੇ ਤਰ੍ਹਾਂ ਦੀ ਦੁਰਵਰਤੋਂ ਸਿਰਫ਼ ਅਧਿਕਾਰੀਆਂ ਲਈ ਹੀ ਨਹੀਂ ਸੱਚੇ ਸ਼ਰਧਾਲੂਆਂ ਲਈ ਵੀ ਪ੍ਰਬੰਧਾਂ ਨੂੰ ਗੁੰਝਲਦਾਰ ਬਣਾਉਂਦੀ ਹੈ।"

ਨਾਸਿਰ ਹੁਸੈਨ ਬਾਰੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਇਸ ਪੜਾਅ 'ਤੇ ਸੀਮਤ ਜਾਣਕਾਰੀ ਉਪਲਬਧ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਨਾਸਿਰ ਨੂੰ ਪੁੱਛਗਿੱਛ ਅਧੀਨ ਰੱਖਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਚੱਲ ਰਹੀ ਜਾਂਚ ਦੇ ਨਤੀਜੇ 'ਤੇ ਨਿਰਭਰ ਕਰੇਗੀ।

ਅਧਿਕਾਰੀਆਂ ਨੇ ਕਿਹਾ ਕਿ ਨਾਸਿਰ ਦੇ ਮੋਬਾਈਲ ਫੋਨ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਕੋਈ ਕਾਨੂੰਨਾਂ ਦੀ ਉਲੰਘਣਾ ਹੋਈ ਹੈ।

ਰਮੇਸ਼ ਸਿੰਘ ਅਰੋੜਾ ਮੁਤਾਬਕ, "ਫਿਲਹਾਲ, ਸਰਬਜੀਤ ਕੌਰ ਦੇ ਦੇਸ਼ ਨਿਕਾਲੇ ਨੂੰ ਪੂਰਾ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।"

ਸਰਬਜੀਤ ਕੌਰ ਨੂੰ ਭਾਰਤ ਭੇਜਣ ਦੀ ਮੰਗ ਵਾਲੀ ਪਟੀਸ਼ਨ

ਪਾਕਿਸਤਾਨ ਵਿੱਚ ਪੰਜਾਬ ਮਨੁੱਖੀ ਅਧਿਕਾਰਾਂ ਦੇ ਸਾਬਕਾ ਸੰਸਦੀ ਸਕੱਤਰ ਦਾਸ ਮਹਿੰਦਰ ਪਾਲ ਸਿੰਘ ਨੇ ਲਾਹੌਰ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ ਸਰਬਜੀਤ ਕੌਰ ਨੂੰ ਭਾਰਤ ਭੇਜਣ ਦੀ ਮੰਗ ਕੀਤੀ ਗਈ ਸੀ।

ਮਹਿੰਦਰ ਪਾਲ ਸਿੰਘ ਨੇ ਵਕੀਲ ਅਲੀ ਚੰਗੇਜ਼ੀ ਸੰਧੂ ਰਾਹੀਂ ਲਾਹੌਰ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।

ਸੋਮਵਾਰ ਨੂੰ ਉਨ੍ਹਾਂ ਦੇ ਦੇਸ਼ ਨਿਕਾਲੇ ਬਾਰੇ ਰਿਪੋਰਟਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇੱਕ ਵੀਡੀਓ ਬਿਆਨ ਵਿੱਚ ਕਿਹਾ ਕਿ, "ਆਪਣੀ ਮਰਜ਼ੀ ਨਾਲ ਵਿਆਹ ਕਰਨਾ ਸਰਬਜੀਤ ਕੌਰ ਦਾ ਨਿੱਜੀ ਫੈਸਲਾ ਸੀ, ਪਰ ਉਨ੍ਹਾਂ ਨੇ ਧਾਰਮਿਕ ਵੀਜ਼ੇ ਦੀ ਦੁਰਵਰਤੋਂ ਕੀਤੀ ਸੀ, ਜਿਸ ਨਾਲ ਦੁਨੀਆ ਭਰ ਦੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ।"

ਉਨ੍ਹਾਂ ਕਿਹਾ ਕਿ, "ਉਨ੍ਹਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿੱਚ ਚੋਣ ਕਰਨ ਦੀ ਆਜ਼ਾਦੀ ਹੈ, ਪਰ ਉਸ ਮਕਸਦ ਲਈ ਧਾਰਮਿਕ ਵੀਜ਼ੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸੀ।"

ਇਸਲਾਮ ਕਬੂਲਣਾ ਅਤੇ ਵਿਆਹ

ਸ਼ੇਖੂਪੁਰਾ ਦੇ ਜੁਡੀਸ਼ੀਅਲ ਮੈਜਿਸਟਰੇਟ ਮੁਹੰਮਦ ਖ਼ਾਲਿਦ ਮਹਿਮੂਦ ਵੜੈਚ ਦੀ ਅਦਾਲਤ ਵਿੱਚ ਜਮ੍ਹਾਂ ਕਰਵਾਏ ਗਏ ਦਸਤਾਵੇਜ਼ਾਂ ਅਨੁਸਾਰ, ਸਰਬਜੀਤ ਕੌਰ ਨੇ ਕਾਜ਼ੀ ਹਾਫਿਜ਼ ਰਿਜ਼ਵਾਨ ਭੱਟੀ ਦੇ ਹੱਥੋਂ ਇਸਲਾਮ ਧਰਮ ਅਪਣਾਇਆ ਸੀ, ਜਿਸ ਤੋਂ ਬਾਅਦ ਉਸ ਨੂੰ ਇਸਲਾਮੀ ਨਾਮ 'ਨੂਰ' ਦਿੱਤਾ ਗਿਆ।

ਉਸ ਨੂੰ 5 ਨਵੰਬਰ ਨੂੰ ਇਸਲਾਮ ਕਬੂਲ ਕਰਨ ਦਾ ਸਰਟੀਫਿਕੇਟ ਜਾਰੀ ਕੀਤਾ ਗਿਆ ਸੀ।

ਅਦਾਲਤ ਵਿੱਚ ਜਮ੍ਹਾ ਕਰਵਾਏ ਗਏ ਵਿਆਹ ਸਰਟੀਫਿਕੇਟ ਦੇ ਅਨੁਸਾਰ, ਨਾਸਿਰ ਹੁਸੈਨ ਦੀ ਉਮਰ 43 ਸਾਲ ਹੈ ਜਦਕਿ ਸਰਬਜੀਤ ਕੌਰ ਦੀ ਉਮਰ ਸਾਢੇ 48 ਸਾਲ ਹੈ। ਵਿਆਹ ਸਰਟੀਫਿਕੇਟ ਦੇ ਅਨੁਸਾਰ, ਦਾਜ 10,000 ਰੁਪਏ ਤੈਅ ਕੀਤਾ ਗਿਆ ਸੀ।

ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਨਾਸਿਰ ਹੁਸੈਨ ਪਹਿਲਾਂ ਹੀ ਵਿਆਹਿਆ ਹੋਇਆ ਹੈ ਅਤੇ ਉਸ ਨੂੰ ਦੂਜੇ ਵਿਆਹ ਲਈ ਇਜਾਜ਼ਤ ਦੀ ਲੋੜ ਨਹੀਂ ਹੈ।

ਨਾਸਿਰ ਹੁਸੈਨ ਨੂੰ 9 ਸਾਲਾਂ ਤੋਂ ਜਾਣਦੀ ਸੀ ਸਰਬਜੀਤ ਕੌਰ

ਭਾਰਤੀ ਮੀਡੀਆ ਰਿਪੋਰਟਾਂ ਅਨੁਸਾਰ, ਸਰਬਜੀਤ ਪੰਜਾਬ ਸੂਬੇ ਦੇ ਕਪੂਰਥਲਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ, ਜਿੱਥੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਭਾਰਤੀ ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ, ਉਹ ਲਗਭਗ 2,000 ਸਿੱਖ ਸ਼ਰਧਾਲੂਆਂ ਦੇ ਸਮੂਹ ਦਾ ਜਥਾ ਸੀ ਜੋ 10 ਦਿਨਾਂ ਦੀ ਯਾਤਰਾ ਤੋਂ ਬਾਅਦ 13 ਨਵੰਬਰ ਨੂੰ ਭਾਰਤ ਵਾਪਸ ਆਏ ਸਨ। ਪਰ ਸਰਬਜੀਤ ਕੌਰ ਉਨ੍ਹਾਂ ਨਾਲ ਵਾਪਸ ਨਹੀਂ ਪਹੁੰਚੀ।

ਭਾਰਤੀ ਮੀਡੀਆ ਰਿਪੋਰਟਾਂ ਦੇ ਅਨੁਸਾਰ, ਸਰਬਜੀਤ ਤਲਾਕਸ਼ੁਦਾ ਹੈ ਅਤੇ ਉਸਦੇ ਪਿਛਲੇ ਵਿਆਹ ਤੋਂ ਦੋ ਪੁੱਤਰ ਹਨ, ਜਦੋਂ ਕਿ ਉਸ ਦਾ ਪਹਿਲਾ ਪਤੀ ਲਗਭਗ ਤਿੰਨ ਦਹਾਕਿਆਂ ਤੋਂ ਇੰਗਲੈਂਡ ਵਿੱਚ ਰਹਿ ਰਿਹਾ ਹੈ।

ਲਾਹੌਰ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਸਰਬਜੀਤ ਨੂੰ ਪਰੇਸ਼ਾਨ ਕਰਨ ਤੋਂ ਵਰਜਿਆ ਸੀ

ਨਵੰਬਰ ਵਿੱਚ ਸਰਬਜੀਤ ਕੌਰ ਦੀ ਅਪੀਲ ਤੋਂ ਬਾਅਦ, ਲਾਹੌਰ ਹਾਈ ਕੋਰਟ ਨੇ ਪੁਲਿਸ ਨੂੰ ਉਨ੍ਹਾਂ ਨੂੰ ਪਰੇਸ਼ਾਨ ਨਾ ਕਰਨ ਦਾ ਹੁਕਮ ਦਿੱਤਾ ਸੀ। ਸਰਬਜੀਤ ਦੇ ਵਕੀਲ, ਅਹਿਮਦ ਹਸਨ ਪਾਸ਼ਾ ਦੇ ਅਨੁਸਾਰ, ਪੰਜਾਬ ਪੁਲਿਸ ਨੇ 8 ਨਵੰਬਰ ਨੂੰ ਸਰਬਜੀਤ ਅਤੇ ਨਾਸਿਰ ਹੁਸੈਨ ਦੀ ਭਾਲ ਵਿੱਚ ਉਨ੍ਹਾਂ ਦੇ ਘਰ ਛਾਪਾ ਮਾਰਿਆ ਅਤੇ ਉਨ੍ਹਾਂ 'ਤੇ ਵਿਆਹ ਖਤਮ ਕਰਨ ਲਈ ਦਬਾਅ ਪਾਇਆ ਸੀ।

ਅਹਿਮਦ ਹਸਨ ਪਾਸ਼ਾ ਅਨੁਸਾਰ, ਅਪੀਲ ਵਿੱਚ ਅਦਾਲਤ ਨੂੰ ਸਰਬਜੀਤ ਕੌਰ ਅਤੇ ਨਾਸਿਰ ਹੁਸੈਨ ਦੇ ਵਿਆਹੁਤਾ ਜੀਵਨ ਵਿੱਚ ਦਖਲ ਨਾ ਦੇਣ ਦੀ ਬੇਨਤੀ ਕੀਤੀ ਗਈ ਸੀ।

ਸੁਣਵਾਈ ਤੋਂ ਬਾਅਦ, ਲਾਹੌਰ ਹਾਈ ਕੋਰਟ ਦੇ ਜੱਜ ਜਸਟਿਸ ਫਾਰੂਕ ਹੈਦਰ ਨੇ ਪੰਜਾਬ ਪੁਲਿਸ ਨੂੰ ਸਰਬਜੀਤ ਨੂੰ ਪਰੇਸ਼ਾਨ ਕਰਨ ਤੋਂ ਵਰਜਿਆ ਸੀ ਅਤੇ ਇਸ ਬਾਰੇ ਪੰਜਾਬ ਦੇ ਪੁਲਿਸ ਇੰਸਪੈਕਟਰ ਜਨਰਲ ਨੂੰ ਆਦੇਸ਼ ਜਾਰੀ ਕੀਤਾ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)