You’re viewing a text-only version of this website that uses less data. View the main version of the website including all images and videos.
ਕੀ ਹਿਮਾਲਿਆ 'ਚ 'ਬਰਫ਼ ਦਾ ਸੋਕਾ' ਪੈ ਰਿਹਾ ਹੈ, ਜਾਣੋ ਘੱਟਦੀ ਜਾ ਰਹੀ ਬਰਫ਼ਬਾਰੀ ਸਾਡੇ ਜੀਵਨ 'ਤੇ ਕੀ ਅਸਰ ਪਾਵੇਗੀ
- ਲੇਖਕ, ਨਵੀਨ ਸਿੰਘ ਖੜਗੇ
- ਰੋਲ, ਵਾਤਾਵਰਣ ਪੱਤਰਕਾਰ
ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਹਿਮਾਲਿਆ ਪਰਬਤ 'ਤੇ ਸਰਦੀਆਂ ਵਿੱਚ ਬਹੁਤ ਘੱਟ ਬਰਫਬਾਰੀ ਹੋ ਰਹੀ ਹੈI ਅਜਿਹੇ ਵਿੱਚ ਜਿਹੜੇ ਪਹਾੜ ਬਰਫ਼ ਨਾਲ ਲੱਦੇ ਹੋਣੇ ਚਾਹੀਦੇ ਹਨ, ਉਹ ਖੇਤਰ ਦੇ ਕਈ ਹਿੱਸਿਆਂ ਵਿੱਚ ਖੁੱਲ੍ਹੇ ਅਤੇ ਪਥਰੀਲੇ ਰਹਿ ਗਏ ਹਨI
ਵਿਗਿਆਨੀਆਂ ਦਾ ਕਹਿਣਾ ਹੈ ਕਿ 1980 ਤੋਂ 2020 ਦੇ ਵਿਚਕਾਰ ਔਸਤ ਬਰਫ਼ਬਾਰੀ ਦੇ ਮੁਕਾਬਲੇ, ਪਿਛਲੇ ਪੰਜ ਸਾਲਾਂ ਵਿੱਚ ਸਰਦੀਆਂ ਦੀ ਬਰਫ਼ਬਾਰੀ ਵਿੱਚ ਕਮੀ ਆਈ ਹੈI
ਤਾਪਮਾਨ ਵਿੱਚ ਵਾਧੇ ਦਾ ਮਤਲਬ ਇਹ ਵੀ ਹੈ ਕਿ ਜਿਹੜੀ ਵੀ ਥੋੜ੍ਹੀ ਬਹੁਤ ਬਰਫ਼ ਪੈਂਦੀ ਹੈ ਉਹ ਜਲਦੀ ਹੀ ਪਿਘਲ ਜਾਂਦੀ ਹੈI ਕੁਝ ਹੇਠਲੇ ਖੇਤਰਾਂ ਵਿੱਚ ਬਰਫ਼ ਘੱਟ ਪੈਣੀ ਸ਼ੁਰੂ ਹੋ ਗਈ ਹੈ ਅਤੇ ਮੀਂਹ ਜ਼ਿਆਦਾ ਪੈਣ ਲੱਗ ਗਿਆ ਹੈI
ਜਲਵਾਯੂ ਪਰਿਵਰਤਨ 'ਤੇ ਇੰਟਰ ਗਵਰਨਮੈਂਟਲ ਪੈਨਲ ਅਤੇ ਹੋਰ ਵਿਗਿਆਨਕ ਰਿਪੋਰਟਾਂ ਦੇ ਅਨੁਸਾਰ, ਇਸਦਾ ਇੱਕ ਕਾਰਨ ਜਲਵਾਯੂ ਪਰਿਵਰਤਨ ਹੈ।
ਘੱਟ ਬਰਫ਼ਬਾਰੀ ਕਿਉਂ ਹੈ ਚਿੰਤਾ ਦਾ ਵਿਸ਼ਾ?
ਅਧਿਐਨ ਇਹ ਵੀ ਦਰਸਾਉਂਦੇ ਹਨ ਕਿ ਹਿਮਾਲਿਆ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸਰਦੀਆਂ ਦੌਰਾਨ ਸਨੋ ਡਰੌਟ ਜਾਂ 'ਬਰਫ਼ ਦੇ ਸੋਕੇ' ਵਰਗੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈI
ਗਲੋਬਲ ਵਾਰਮਿੰਗ ਕਾਰਨ ਗਲੇਸ਼ੀਅਰਾਂ ਦਾ ਤੇਜ਼ੀ ਨਾਲ ਪਿਘਲਣਾ, ਭਾਰਤ ਦੇ ਹਿਮਾਲਿਅਨ ਸੂਬਿਆਂ ਅਤੇ ਖੇਤਰ ਦੇ ਹੋਰ ਦੇਸ਼ਾਂ ਸਾਹਮਣੇ ਲੰਬੇ ਸਮੇਂ ਤੋਂ ਇੱਕ ਵੱਡੀ ਸਮੱਸਿਆ ਬਣਿਆ ਹੋਇਆ ਹੈI
ਮਾਹਰਾਂ ਨੇ ਬੀਬੀਸੀ ਨੂੰ ਦਸਿਆ ਕਿ ਸਰਦੀਆਂ ਵਿੱਚ ਘੱਟਦੀ ਬਰਫ਼ਬਾਰੀ, ਇਸ ਸੰਕਟ ਨੂੰ ਹੋਰ ਗੰਭੀਰ ਬਣਾ ਰਹੀ ਹੈI
ਉਨ੍ਹਾਂ ਦਾ ਕਹਿਣਾ ਹੈ ਕਿ ਬਰਫ਼ ਅਤੇ ਹਿਮ ਦੀ ਕਮੀ ਨਾਲ ਨਾ ਕੇਵਲ ਹਿਮਾਲਿਆ ਦਾ ਰੂਪ ਬਦਲੇਗਾ ਸਗੋਂ ਇਸਦਾ ਅਸਰ ਆਲੇ ਦੁਆਲੇ ਦੇ ਖੇਤਰ ਵਿੱਚ ਰਹਿਣ ਵਾਲੇ ਕਰੋੜਾਂ ਲੋਕਾਂ ਦੇ ਜੀਵਨ ਅਤੇ ਕਈ ਵਾਤਾਵਰਣ ਪ੍ਰਣਾਲੀਆਂ ਨੂੰ ਵੀ ਪ੍ਰਭਾਵਿਤ ਕਰੇਗਾI
ਬਸੰਤ ਰੁੱਤ ਵਿੱਚ ਜਦੋਂ ਤਾਪਮਾਨ ਵੱਧਦਾ ਹੈ, ਤਾਂ ਸਰਦੀਆਂ ਦੀ ਬਰਫ਼ ਪਿਘਲ ਜਾਂਦੀ ਹੈ ਅਤੇ ਉਸਦਾ ਪਾਣੀ ਨਦੀਆਂ ਵਿੱਚ ਜਾਂਦਾ ਹੈI ਬਰਫ਼ ਦਾ ਪਿਘਲਣਾ ਖੇਤਰ ਦੇ ਨਦੀਆਂ ਅਤੇ ਨਾਲਿਆਂ ਲਈ ਇੱਕ ਅਹਿਮ ਸਰੋਤ ਹੈ, ਜਿਸ ਨਾਲ ਪੀਣ ਦਾ ਪਾਣੀ, ਸਿੰਚਾਈ ਅਤੇ ਹਾਈਡ੍ਰੋਪਾਵਰ ਸਪਲਾਈ ਕੀਤੀ ਜਾਂਦੀ ਹੈI
ਮਾਹਰਾਂ ਦਾ ਕਹਿਣਾ ਹੈ ਕਿ ਪਾਣੀ ਦੀ ਮੌਜੂਦਗੀ ਨੂੰ ਪ੍ਰਭਾਵਿਤ ਕਰਨ ਤੋਂ ਇਲਾਵਾ, ਸਰਦੀਆਂ 'ਚ ਘੱਟ ਬਾਰਿਸ਼ (ਮੈਦਾਨੀ ਇਲਾਕਿਆਂ 'ਚ ਬਾਰਿਸ਼ ਅਤੇ ਪਹਾੜਾਂ 'ਚ ਬਰਫ਼ਬਾਰੀ) ਦਾ ਮਤਲਬ ਇਹ ਵੀ ਹੈ ਕਿ ਸੁੱਕੇ ਹਾਲਾਤਾਂ ਕਾਰਨ, ਹਿਮਾਲੀਅਨ ਖੇਤਰਾਂ ਵਿੱਚ ਜੰਗਲ ਦੀ ਅੱਗ ਦਾ ਖ਼ਤਰਾ ਵੱਧ ਰਿਹਾ ਹੈI
ਉਨ੍ਹਾਂ ਨੇ ਇਹ ਵੀ ਕਿਹਾ ਕਿ ਗਲੇਸ਼ੀਅਰਾਂ ਦੇ ਖ਼ਤਮ ਹੋਣ ਅਤੇ ਬਰਫ਼ਬਾਰੀ ਘੱਟਣ ਨਾਲ ਪਹਾੜ ਅਸਥਿਰ ਹੋ ਰਹੇ ਹਨ, ਕਿਉਂਕਿ ਬਰਫ਼ ਅਤੇ ਹਿਮ ਉਹਨਾਂ ਲਈ ਸੀਮੇਂਟ ਵਰਗੇ ਹਨI ਚੱਟਾਨਾਂ ਡਿੱਗਣ, ਜ਼ਮੀਨ ਖਿਸਕਣ, ਗਲੇਸ਼ੀਅਰ ਝੀਲਾਂ ਦੇ ਫੱਟਣ ਅਤੇ ਵੱਡੇ ਪੱਧਰ 'ਤੇ ਮਲਵੇ ਦੇ ਵਹਾਅ ਵਰਗੀਆਂ ਆਫ਼ਤਾਂ ਪਹਿਲਾਂ ਨਾਲੋਂ ਕੀਤੇ ਜ਼ਿਆਦਾ ਆਮ ਹੁੰਦੀਆਂ ਜਾ ਰਹੀਆਂ ਹਨI
ਬਰਫ਼ਬਾਰੀ ਦੀ ਘਾਟ ਕਿੰਨੀ ਗੰਭੀਰ ਸਮੱਸਿਆ ਹੈ?
ਭਾਰਤੀ ਮੌਸਮ ਵਿਭਾਗ ਅਨੁਸਾਰ, ਦਸੰਬਰ ਦੇ ਮਹੀਨੇ ਵਿੱਚ ਲਗਭਗ ਪੂਰੇ ਉੱਤਰੀ ਭਾਰਤ ਵਿੱਚ ਮੀਂਹ ਅਤੇ ਬਰਫ਼ਬਾਰੀ ਪੂਰੀ ਤਰ੍ਹਾਂ ਗੈਰਹਾਜ਼ਰ ਰਹੀ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਬਹੁਤ ਸੰਭਾਵਨਾ ਹੈ ਕਿ ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਵਰਗੇ ਰਾਜਾਂ ਸਮੇਤ ਉੱਤਰ-ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸੇ ਵਿੱਚ ਜਨਵਰੀ ਅਤੇ ਮਾਰਚ ਦੇ ਵਿਚਕਾਰ ਲੰਬੇ ਸਮੇਂ ਦੀ ਔਸਤ (ਐੱਲਪੀਏ) ਬਾਰਿਸ਼ ਅਤੇ ਬਰਫ਼ਬਾਰੀ ਵਿੱਚ 86 ਫੀਸਦ ਦੀ ਕਮੀ ਦੇਖਣ ਨੂੰ ਮਿਲੇਗੀ।
ਐੱਲਪੀਏ, ਕਿਸੇ ਖੇਤਰ ਵਿੱਚ 30 ਤੋਂ 50 ਸਾਲਾਂ ਦੌਰਾਨ ਦਰਜ ਕੀਤੀ ਗਈ ਬਾਰਿਸ਼ ਜਾਂ ਬਰਫ਼ਬਾਰੀ ਹੈ ਅਤੇ ਇਸਦੀ ਔਸਤ ਮੌਜੂਦਾ ਮੌਸਮ ਨੂੰ ਆਮ, ਆਮ ਤੋਂ ਉੱਪਰ ਜਾਂ ਘੱਟ ਵਜੋਂ ਸ਼੍ਰੇਣੀਬੱਧ ਕਰਨ ਲਈ ਵਰਤੀ ਜਾਂਦੀ ਹੈ।
ਮੌਸਮ ਵਿਭਾਗ ਮੁਤਾਬਕ, ਐੱਲਪੀਏ ਅਨੁਸਾਰ 1971 ਤੋਂ 2020 ਦੇ ਵਿਚਕਾਰ ਉੱਤਰੀ ਭਾਰਤ ਵਿੱਚ ਔਸਤ ਬਾਰਿਸ਼ 184.3 ਮਿਲੀਮੀਟਰ ਸੀ।
ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਮੀਂਹ ਵਿੱਚ ਤੇਜ਼ੀ ਨਾਲ ਗਿਰਾਵਟ ਕੋਈ ਇੱਕ ਵਾਰ ਦੀ ਘਟਨਾ ਨਹੀਂ ਹੈ।
ਬ੍ਰਿਟੇਨ ਦੀ ਯੂਨੀਵਰਸਿਟੀ ਆਫ ਰੀਡਿੰਗ ਵਿੱਚ ਟ੍ਰੋਪੀਕਲ ਮੌਸਮ ਵਿਗਿਆਨ ਦੇ ਪ੍ਰਿੰਸੀਪਲ ਰਿਸਰਚ ਫੈਲੋ ਕੀਰਨ ਹੰਟ ਨੇ ਕਿਹਾ, "ਹੁਣ ਵੱਖ-ਵੱਖ ਡੇਟਾ ਸੈੱਟਾਂ ਵਿੱਚ ਇਸ ਗੱਲ ਦੇ ਪੱਕੇ ਸਬੂਤ ਹਨ ਕਿ ਹਿਮਾਲਿਆ ਵਿੱਚ ਸਰਦੀਆਂ ਦੀ ਬਾਰਿਸ਼ ਸੱਚਮੁੱਚ ਘੱਟ ਰਹੀ ਹੈI"
ਹੰਟ ਦੁਆਰਾ ਸਹਿ-ਲੀਖਤ ਅਤੇ 2025 ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ 1980 ਤੋਂ 2021 ਤੱਕ ਚਾਰ ਵੱਖ-ਵੱਖ ਡੇਟਾ ਸੈੱਟ ਸ਼ਾਮਲ ਸਨ। ਇਨ੍ਹਾਂ ਸਾਰਿਆਂ ਨੇ ਪੱਛਮੀ ਹਿਮਾਲਿਆ ਅਤੇ ਕੇਂਦਰੀ ਹਿਮਾਲਿਆ ਦੇ ਕੁਝ ਹਿੱਸਿਆਂ ਵਿੱਚ ਬਾਰਿਸ਼ ਦੀ ਕਮੀ ਦਿਖਾਈ ਹੈ।
ਯੂਰਪੀਅਨ ਸੈਂਟਰ ਫਾਰ ਮੀਡੀਅਮ-ਰੇਂਜ ਵੈਦਰ ਫੋਰਕਾਸਟਸ ਦੇ ਰੀਐਨਾਲਿਸਿਸ ਡੇਟਾ ਸੈੱਟ ਈਆਰਏ-5 ਦੀ ਵਰਤੋਂ ਕਰਦੇ ਹੋਏ, ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਜੰਮੂ ਦੇ ਰਿਸਰਚ ਫੈਲੋ ਹੇਮੰਤ ਸਿੰਘ ਕਹਿੰਦੇ ਹਨ ਕਿ ਉੱਤਰ-ਪੱਛਮੀ ਹਿਮਾਲਿਆ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਬਰਫ਼ਬਾਰੀ 40 ਸਾਲਾਂ ਦੀ ਲੰਬੀ ਮਿਆਦ ਦੀ ਔਸਤ (1980 ਤੋਂ 2020) ਦੇ ਮੁਕਾਬਲੇ 25 ਫੀਸਦ ਘੱਟ ਗਈ ਹੈ।
ਬਾਰਿਸ਼ ਅਤੇ ਬਰਫ਼ਬਾਰੀ 'ਚ ਗਿਰਾਵਟ
ਮੌਸਮ ਵਿਗਿਆਨੀਆਂ ਅਨੁਸਾਰ, ਕੇਂਦਰੀ ਹਿਮਾਲਿਆ ਦੇ ਇੱਕ ਖੇਤਰ ਨੇਪਾਲ ਵਿੱਚ ਵੀ ਸਰਦੀਆਂ ਦੀ ਬਾਰਿਸ਼ ਵਿੱਚ ਕਾਫ਼ੀ ਗਿਰਾਵਟ ਦੇਖੀ ਜਾ ਰਹੀ ਹੈI
ਕਾਠਮਾਂਡੂ ਦੀ ਤ੍ਰਿਭੁਵਨ ਯੂਨੀਵਰਸਿਟੀ ਵਿੱਚ ਮੌਸਮ ਵਿਗਿਆਨ ਦੇ ਐਸੋਸੀਏਟ ਪ੍ਰੋਫੈਸਰ ਬਿਨੋਦ ਪੋਖਰੇਲ ਨੇ ਕਿਹਾ, "ਨੇਪਾਲ ਵਿੱਚ ਅਕਤੂਬਰ ਤੋਂ ਬਾਅਦ ਕੋਈ ਮੀਂਹ ਨਹੀਂ ਪਿਆ ਹੈ ਅਤੇ ਅਜਿਹਾ ਲੱਗਦਾ ਹੈ ਕਿ ਇਹ ਸਰਦੀਆਂ ਦਾ ਬਾਕੀ ਸਮਾਂ ਜ਼ਿਆਦਾਤਰ ਖੁਸ਼ਕ ਰਹੇਗਾ। ਪਿਛਲੇ ਪੰਜ ਸਾਲਾਂ ਤੋਂ ਲਗਭਗ ਹਰ ਸਰਦੀਆਂ ਵਿੱਚ ਅਜਿਹਾ ਹੀ ਹੋਇਆ ਹੈ।"
ਹਾਲਾਂਕਿ, ਮੌਸਮ ਵਿਗਿਆਨੀਆਂ ਦਾ ਇਹ ਵੀ ਕਹਿਣਾ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਕੁਝ ਸਰਦੀਆਂ ਵਿੱਚ ਭਾਰੀ ਬਰਫ਼ਬਾਰੀ ਹੋਈ ਹੈI ਪਰ ਇਹ ਘਟਨਾਵਾਂ ਕੁਝ ਖ਼ਾਸ ਖੇਤਰਾਂ ਤੱਕ ਸੀਮਤ ਰਹੀਆਂ ਹਨ ਅਤੇ ਇਹ ਪਿਛਲੀਆਂ ਸਰਦੀਆਂ ਵਾਂਗ ਆਮ ਬਾਰਿਸ਼ ਨਹੀਂ, ਸਗੋਂ ਖ਼ਰਾਬ ਮੌਸਮ ਕਾਰਨ ਹੋਈਆਂ ਹਨI
ਬਰਫ਼ਬਾਰੀ ਵਿੱਚ ਗਿਰਾਵਟ ਦਾ ਮੁਲਾਂਕਣ ਕਰਨ ਲਈ ਵਿਗਿਆਨੀ ਦੂਜਾ ਤਰੀਕਾ ਅਪਣਾਉਂਦੇ ਹਨI ਉਹ, ਇਹ ਮਾਪਦੇ ਹਨ ਕਿ ਪਹਾੜਾਂ 'ਤੇ ਕਿੰਨੀ ਬਰਫ਼ ਇਕੱਠੀ ਹੋਈ ਹੈ ਅਤੇ ਇਸ ਵਿੱਚੋਂ ਕਿੰਨੀ ਨਹੀਂ ਪਿਘਲੀ, ਇਸਨੂੰ ਸਨੋ ਪ੍ਰਸਿਸਟੈਂਸ ਭਾਵ ਬਰਫ਼ ਕਿੰਨੇ ਸਮੇਂ ਤੱਕ ਸਥਿਰ ਰਹੀ, ਕਿਹਾ ਜਾਂਦਾ ਹੈ।
ਇੰਟਰਨੈਸ਼ਨਲ ਸੈਂਟਰ ਫਾਰ ਇੰਟੀਗ੍ਰੇਟਿਡ ਮਾਊਂਟੇਨ ਡਿਵੈਲਪਮੈਂਟ (ਆਈਸੀਆਈਐੱਮਓਡੀ) ਦੀ ਇੱਕ ਰਿਪੋਰਟ ਦੇ ਅਨੁਸਾਰ, 2024-2025 ਦੀਆਂ ਸਰਦੀਆਂ ਵਿੱਚ ਬਰਫ਼ ਦਾ ਟਿਕਣਾ ਆਮ ਨਾਲੋਂ ਲਗਭਗ 24 ਫੀਸਦ ਘੱਟ ਰਿਹਾ, ਜੋ ਕਿ ਪਿਛਲੇ 23 ਸਾਲਾਂ ਵਿੱਚ ਇੱਕ ਰਿਕਾਰਡ ਕਮੀ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2020 ਅਤੇ 2025 ਦੇ ਵਿਚਕਾਰ ਪਿਛਲੀਆਂ ਪੰਜ ਸਰਦੀਆਂ ਵਿੱਚੋਂ ਚਾਰ ਵਿੱਚ, ਹਿੰਦੂ ਕੁਸ਼ ਹਿਮਾਲੀਅਨ ਖੇਤਰ ਵਿੱਚ ਬਰਫ਼ ਦੀ ਧਾਰਨਾ ਆਮ ਨਾਲੋਂ ਘੱਟ ਸੀ।
ਆਈਸੀਆਈਐੱਮਓਡੀ ਦੇ ਰਿਮੋਟ ਸੈਂਸਿੰਗ ਅਤੇ ਜੀਓਇਨਫਾਰਮੇਸ਼ਨ ਦੇ ਸੀਨੀਅਰ ਐਸੋਸੀਏਟ, ਸ਼ਰਵਣ ਸ਼੍ਰੇਸ਼ਠ ਨੇ ਕਿਹਾ, "ਇਹ ਆਮ ਤੌਰ 'ਤੇ ਐੱਚਕੇਐੱਚ ਖੇਤਰ ਦੇ ਵੱਡੇ ਹਿੱਸਿਆਂ ਵਿੱਚ ਸਰਦੀਆਂ ਦੀ ਬਾਰਿਸ਼ ਅਤੇ ਬਰਫ਼ਬਾਰੀ ਵਿੱਚ ਕਮੀ ਨਾਲ ਜੁੜਿਆ ਮੰਨਿਆ ਜਾਂਦਾ ਹੈI"
ਜੰਮੂ ਸਥਿਤ ਆਈਆਈਟੀ ਦੇ ਸਹਿ-ਲੇਖਕ, ਹੇਮੰਤ ਸਿੰਘ ਦੇ 2025 ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਹਿਮਾਲੀਅਨ ਖੇਤਰ ਵਿੱਚ ਬਰਫ਼ ਦੇ ਸੋਕੇ ਦੀਆਂ ਘਟਨਾਵਾਂ ਵਧ ਰਹੀਆਂ ਹਨ, ਭਾਵ ਬਰਫ਼ ਦੀ ਮੌਜੂਦਗੀ ਖਾਸ ਕਰਕੇ 3,000 ਤੋਂ 6,000 ਮੀਟਰ ਦੀ ਉਚਾਈ ਵਾਲੇ ਖੇਤਰਾਂ ਵਿੱਚ ਕਾਫ਼ੀ ਘੱਟ ਰਹੀ ਹੈI
ਆਈਸੀਆਈਐੱਮਓਡੀ ਦੀ ਸਨੋ ਅਪਡੇਟ ਰਿਪੋਰਟ ਚੇਤਾਵਨੀ ਦਿੰਦੀ ਹੈ ਕਿ "ਖੇਤਰ ਦੇ 12 ਪ੍ਰਮੁੱਖ ਨਦੀ ਬੇਸਿਨਾਂ ਵਿੱਚ ਕੁੱਲ ਸਾਲਾਨਾ ਵਹਾਅ ਦਾ ਲਗਭਗ ਇੱਕ ਚੌਥਾਈ ਹਿੱਸਾ ਬਰਫ਼ ਪਿਘਲਣ ਤੋਂ ਆਉਂਦਾ ਹੈI ਬਰਫ਼ ਦੀ ਸਥਿਰਤਾ ਵਿੱਚ ਮੌਸਮੀ ਵਿਘਨ ਇਨ੍ਹਾਂ ਨਦੀ ਬੇਸਿਨਾਂ ਵਿੱਚ ਰਹਿਣ ਵਾਲੇ ਲਗਭਗ ਦੋ ਅਰਬ ਲੋਕਾਂ ਦੀ ਪਾਣੀ ਦੀ ਸੁਰੱਖਿਆ ਨੂੰ ਪ੍ਰਭਾਵਿਤ ਕਰਦੇ ਹਨ।"
ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਹਿਮਾਲੀਅਨ ਗਲੇਸ਼ੀਅਰਾਂ ਦੇ ਪਿਘਲਣ ਨਾਲ ਲੰਬੇ ਸਮੇਂ ਵਿੱਚ ਪਾਣੀ ਦੀ ਕਮੀ ਦਾ ਖ਼ਤਰਾ ਵੱਧਦਾ ਹੈ, ਜਦੋਂ ਕਿ ਘੱਟ ਰਹੀ ਬਰਫ਼ਬਾਰੀ ਅਤੇ ਤੇਜ਼ੀ ਨਾਲ ਪਿਘਲਣ ਨਾਲ ਨੇੜਲੇ ਭਵਿੱਖ ਵਿੱਚ ਪਾਣੀ ਦੀ ਸਪਲਾਈ ਲਈ ਖ਼ਤਰਾ ਪੈਦਾ ਹੋ ਰਿਹਾ ਹੈ।
ਤੇਜ਼ੀ ਨਾਲ ਪਿਘਲ ਰਹੀ ਬਰਫ਼
ਜ਼ਿਆਦਾਤਰ ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਪੱਛਮੀ ਗੜਬੜੀ ਦਾ ਕਮਜ਼ੋਰ ਹੋਣਾ ਸਰਦੀਆਂ ਵਿੱਚ ਉੱਤਰ ਭਾਰਤ, ਪਾਕਿਸਤਾਨ ਅਤੇ ਨੇਪਾਲ 'ਚ ਘੱਟ ਬਾਰਿਸ਼ ਅਤੇ ਘੱਟ ਬਰਫ਼ਬਾਰੀ ਦਾ ਵੱਡਾ ਕਾਰਨ ਬਣਦਾ ਹੈI
ਇਹ ਭੂਮੱਧ ਸਾਗਰ ਤੋਂ ਆਉਣ ਵਾਲੇ ਘੱਟ ਦਬਾਅ ਵਾਲੇ ਸਿਸਟਮ ਹਨ, ਜੋ ਠੰਢੀ ਹਵਾ ਲਿਆਉਂਦੇ ਹਨ।
ਉਹ ਕਹਿੰਦੇ ਹਨ ਕਿ ਪਹਿਲਾਂ ਪੱਛਮੀ ਗੜਬੜ ਸਰਦੀਆਂ ਵਿੱਚ ਚੰਗੀ ਬਾਰਿਸ਼ ਅਤੇ ਬਰਫ਼ਬਾਰੀ ਲਿਆਉਂਦੀ ਸੀ, ਜਿਸ ਨਾਲ ਫਸਲਾਂ ਨੂੰ ਮਦਦ ਮਿਲਦੀ ਸੀ ਅਤੇ ਪਹਾੜਾਂ ਵਿੱਚ ਬਰਫ਼ ਦੁਬਾਰਾ ਇਕੱਠੀ ਹੋ ਜਾਂਦੀ ਸੀ।
ਹਾਲਾਂਕਿ, ਅਧਿਐਨਾਂ ਦੇ ਨਤੀਜੇ ਇਕਸਾਰ ਨਹੀਂ ਹਨ। ਕੁਝ ਵਿੱਚ ਪੱਛਮੀ ਗੜਬੜੀ ਵਿੱਚ ਤਬਦੀਲੀਆਂ ਦੀ ਗੱਲ ਕੀਤੀ ਗਈ ਹੈ, ਜਦਕਿ ਦੂਜਿਆਂ ਨੇ ਕੋਈ ਮਹੱਤਵਪੂਰਨ ਤਬਦੀਲੀਆਂ ਨਹੀਂ ਪਾਈਆਂI
ਹੰਟ ਨੇ ਕਿਹਾ, "ਹਾਲਾਂਕਿ, ਅਸੀਂ ਜਾਣਦੇ ਹਾਂ ਕਿ ਸਰਦੀਆਂ ਦੀ ਬਾਰਿਸ਼ ਵਿੱਚ ਬਦਲਾਅ ਨੂੰ ਪੱਛਮੀ ਗੜਬੜ ਨਾਲ ਜੋੜਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਹਿਮਾਲਿਆ ਵਿੱਚ ਜ਼ਿਆਦਾਤਰ ਸਰਦੀਆਂ ਦੀ ਬਾਰਿਸ਼ ਦਾ ਕਾਰਨ ਬਣਦੇ ਹਨI"
ਉਨ੍ਹਾਂ ਨੇ ਕਿਹਾ, "ਸਾਨੂੰ ਲੱਗਦਾ ਹੈ ਕਿ ਇੱਥੇ ਦੋ ਚੀਜ਼ਾਂ ਹੋ ਰਹੀਆਂ ਹਨ। ਪੱਛਮੀ ਗੜਬੜ ਕਮਜ਼ੋਰ ਹੋ ਰਹੀ ਹੈ ਅਤੇ ਕੁਝ ਹੱਦ ਤੱਕ, ਘੱਟ ਨਿਸ਼ਚਿਤ ਤੌਰ 'ਤੇ, ਥੋੜ੍ਹਾ ਹੋਰ ਉੱਤਰ ਵੱਲ ਖਿਸਕ ਰਹੀ ਹੈ। ਇਹ ਦੋਵੇਂ ਕਾਰਕ ਅਰਬ ਸਾਗਰ ਤੋਂ ਨਮੀ ਨੂੰ ਸੋਖਣ ਦੀ ਉਨ੍ਹਾਂ ਦੀ ਸਮਰੱਥਾ ਨੂੰ ਘਟਾਉਂਦੇ ਹਨ, ਜਿਸ ਨਾਲ ਬਾਰਿਸ਼ ਕਮਜ਼ੋਰ ਹੋ ਜਾਂਦੀ ਹੈI"
ਭਾਰਤੀ ਮੌਸਮ ਵਿਭਾਗ ਨੇ ਇਨ੍ਹਾਂ ਸਰਦੀਆਂ ਵਿੱਚ ਹੁਣ ਤੱਕ ਉੱਤਰੀ ਭਾਰਤ ਵਿੱਚ ਆਈਆਂ ਪੱਛਮੀ ਗੜਬੜੀਆਂ ਨੂੰ 'ਕਮਜ਼ੋਰ' ਦੱਸਿਆ ਹੈ, ਕਿਉਂਕਿ ਇਨ੍ਹਾਂ ਕਾਰਨ ਬਹੁਤ ਘੱਟ ਮੀਂਹ ਅਤੇ ਬਰਫ਼ਬਾਰੀ ਹੋ ਸਕੀ ਹੈ।
ਵਿਗਿਆਨੀ ਜਲਦੀ ਜਾਂ ਦੇਰੀ ਨਾਲ ਪਤਾ ਲਗਾ ਸਕਦੇ ਹਨ ਕਿ ਸਰਦੀਆਂ ਦੀ ਬਾਰਿਸ਼ ਵਿੱਚ ਕਮੀ ਦਾ ਅਸਲ ਕਾਰਨ ਕੀ ਹੈI
ਪਰ ਹੁਣ ਜੋ ਸਪੱਸ਼ਟ ਹੋ ਰਿਹਾ ਹੈ ਉਹ ਇਹ ਹੈ ਕਿ ਹਿਮਾਲੀਅਨ ਖੇਤਰ ਦੋਹਰੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ।
ਇੱਕ ਪਾਸੇ ਜਿੱਥੇ ਗਲੇਸ਼ੀਅਰ ਅਤੇ ਬਰਫ਼ ਦੇ ਮੈਦਾਨ ਤੇਜ਼ੀ ਨਾਲ ਖ਼ਤਮ ਹੋ ਰਹੇ ਹਨ, ਉੱਥੇ ਹੀ ਬਰਫ਼ਬਾਰੀ ਵੀ ਘੱਟ ਰਹੀ ਹੈ। ਮਾਹਰ ਚੇਤਾਵਨੀ ਦਿੰਦੇ ਹਨ ਕਿ ਇਹਨਾਂ ਦੋਹਰੇ ਹਾਲਾਤਾਂ ਦੇ ਗੰਭੀਰ ਨਤੀਜੇ ਨਿਕਲਣਗੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ