ਕੱਜਲ ਦੀ ਕਹਾਣੀ: ਸੁਰਮੇ ਬਾਰੇ ਕਿਹੜੀ ਧਾਰਨਾ ਹੈ ਜੋ ਪੰਜਾਬ ਸਮੇਤ ਲਗਭਗ ਹਰ ਥਾਂ ਸਾਂਝੀ ਹੈ, 'ਸੁੰਦਰਤਾ ਤੋਂ ਪਰੇ' ਵੀ ਕੀ ਭਾਵਨਾ ਹੈ

    • ਲੇਖਕ, ਕਰਨੀ ਸ਼ਾਰਪ ਅਤੇ ਲਾਰਾ ਓਵੇਨ
    • ਰੋਲ, ਬੀਬੀਸੀ ਗਲੋਬਲ ਵਿਮਿਨ

ਪੱਤਰਕਾਰ ਜ਼ਾਹਰਾ ਹੰਕੀਰ ਨੇ ਬੀਬੀਸੀ ਗਲੋਬਲ ਵਿਮਿਨ ਨੂੰ ਦੱਸਿਆ,"ਜਦੋਂ ਮੈਂ ਆਪਣੇ ਘਰ ਤੋਂ ਬਹੁਤ ਦੂਰ ਬਰੁਕਲਿਨ ਵਿੱਚ ਆਪਣੇ ਫਲੈਟ ਵਿੱਚ ਕੱਜਲ ਲਾਉਂਦੀ ਹਾਂ, ਤਾਂ ਮੈਨੂੰ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਮੈਂ ਆਪਣੀ ਮਾਂ, ਆਪਣੀ ਨਾਨੀ-ਦਾਦੀ ਅਤੇ ਮੱਧ ਪੂਰਬ ਦੀਆਂ ਔਰਤਾਂ ਨਾਲ ਜੁੜ ਰਹੀ ਹੋਵਾਂ।"

ਪਿਛਲੇ ਦਸੰਬਰ ਵਿੱਚ, ਸੰਯੁਕਤ ਰਾਸ਼ਟਰ ਦੀ ਸੱਭਿਆਚਾਰਕ ਸੰਸਥਾ ਯੂਨੈਸਕੋ ਨੇ ਅਰਬੀ ਸੁਰਮੇ ਦੀ ਮਹੱਤਤਾ ਨੂੰ ਸਵੀਕਾਰ ਕਰਦਿਆਂ ਇਸਨੂੰ ਮਨੁੱਖਤਾ ਦੀ ਅਟੁੱਟ ਸੱਭਿਆਚਾਰਕ ਵਿਰਾਸਤ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ।

ਲੇਕਿਨ ਸੁਰਮੇ ਦੀਆਂ ਜੜ੍ਹਾਂ ਹਜ਼ਾਰਾਂ ਸਾਲ ਪੁਰਾਣੀਆਂ ਪ੍ਰਾਚੀਨ ਸਭਿਅਤਾਵਾਂ ਤੱਕ ਫੈਲੀਆਂ ਹੋਈਆਂ ਹਨ। ਗੂੜ੍ਹੇ ਕਾਲੇ ਰੰਗ ਦੇ ਸੁਰਮੇ ਨੂੰ ਰਵਾਇਤੀ ਤੌਰ 'ਤੇ ਮਰਦ ਅਤੇ ਔਰਤਾਂ ਦੋਵੇਂ ਹੀ ਆਪਣੀਆਂ ਅੱਖਾਂ ਦੇ ਦੁਆਲੇ ਲਾਉਂਦੇ ਹਨ।

ਹਾਲਾਂਕਿ ਅਰਬ ਦੇਸ਼ਾਂ ਵਿੱਚ ਇਸਨੂੰ 'ਕੋਹਲ' ਵਜੋਂ ਜਾਣਿਆ ਜਾਂਦਾ ਹੈ, ਪਰ ਹੋਰ ਥਾਵਾਂ 'ਤੇ ਇਸਦੇ ਵੱਖੋ-ਵੱਖਰੇ ਨਾਮ ਹਨ। ਜਿਵੇਂ ਦੱਖਣੀ ਏਸ਼ੀਆ ਵਿੱਚ ਕੱਜਲ, ਨਾਈਜੀਰੀਆ ਵਿੱਚ ਟਿਰੋ ਅਤੇ ਇਰਾਨ ਵਿੱਚ ਸੁਰਮੇਹ। ਰਵਾਇਤੀ ਤੌਰ 'ਤੇ ਐਂਟੀਮਨੀ, ਸਿੱਕੇ ਜਾਂ ਹੋਰ ਖਣਿਜਾਂ ਤੋਂ ਬਣੇ, ਆਧੁਨਿਕ ਸੁਰਮੇ ਦੇ ਉਤਪਾਦਾਂ ਵਿੱਚ ਹੁਣ ਹੋਰ ਸਮੱਗਰੀ ਵੀ ਸ਼ਾਮਲ ਹੁੰਦੀ ਹੈ।

ਇਹ ਸ਼ਿੰਗਾਰ ਬ੍ਰਿਟਿਸ਼-ਲੈਬਨਾਨੀ ਲੇਖਕ ਹੰਕੀਰ ਲਈ ਇੱਕ ਖਾਸ ਸਥਾਨ ਰੱਖਦਾ ਹੈ, ਜਿਨ੍ਹਾਂ ਦਾ ਪਰਿਵਾਰ 1975 ਦੇ ਗ੍ਰਹਿ ਯੁੱਧ ਤੋਂ ਬਚਣ ਲਈ ਲੈਬਨਾਨ ਤੋਂ ਇੰਗਲੈਂਡ ਆ ਗਿਆ ਸੀ।

ਉਹ ਦੱਸਦੇ ਹਨ,"ਜਦੋਂ ਅਸੀਂ ਪਰਦੇਸ ਵਿੱਚ ਰਹਿ ਰਹੇ ਸੀ, ਮੈਂ ਆਪਣੀ ਮਾਂ ਨੂੰ ਮੇਕਅੱਪ ਕਰਦੇ ਹੋਏ ਦੇਖਦੀ ਹੁੰਦੀ ਸੀ।" ਮੈਨੂੰ ਮਹਿਸੂਸ ਹੋਇਆ ਕਿ ਉਹ ਕਿਸੇ ਬਹੁਤ ਹੀ ਗੂੜ੍ਹੀ ਚੀਜ਼ ਨਾਲ ਜੁੜ ਰਹੀ ਸੀ।"

ਉਹ ਕਹਿੰਦੇ ਹਨ ਕਿ ਜਦੋਂ ਉਹ ਆਪਣਾ ਆਈਲਾਈਨਰ ਲਗਾਉਂਦੇ ਹਨ, ਤਾਂ ਉਨ੍ਹਾਂ ਨੂੰ ਵੀ ਬਿਲਕੁਲ ਉਹੋ ਜਿਹਾ ਹੀ ਰਿਸ਼ਤਾ ਮਹਿਸੂਸ ਹੁੰਦਾ ਹੈ।

'ਆਈਲਾਈਨਰ: ਏ ਕਲਚਰਲ ਹਿਸਟਰੀ' ਦੀ ਲੇਖਿਕਾ ਹੰਕੀਰ ਦਾ ਕਹਿਣਾ ਹੈ ਕਿ ਯੂਨੈਸਕੋ ਦੀ ਮਾਨਤਾ ਸੁਰਮੇ ਨੂੰ "ਸਿਰਫ਼ ਇੱਕ ਰੁਝਾਨ ਜਾਂ ਉਤਪਾਦ ਵਜੋਂ ਨਹੀਂ, ਸਗੋਂ ਇੱਕ ਜੀਵਤ ਸੱਭਿਆਚਾਰਕ ਰਵਾਇਤ ਵਜੋਂ ਪੇਸ਼ ਕਰਦੀ ਹੈ ਜੋ ਸੰਭਾਲਣ ਦੇ ਯੋਗ ਹੈ।"

ਉਹ ਦੱਸਦੇ ਹਨ, "ਇਸ ਕਿਸਮ ਦੀ ਮਾਨਤਾ ਸੁਰਮਾ ਬਣਾਉਣ ਅਤੇ ਇਸਨੂੰ ਲਾਉਣ ਨਾਲ ਜੁੜੇ ਗਿਆਨ, ਰੀਤੀ-ਰਿਵਾਜਾਂ ਅਤੇ ਕਾਰੀਗਰੀ ਦੀ ਰੱਖਿਆ ਕਰਨ ਵਿੱਚ ਮਦਦ ਕਰਦੀ ਹੈ। ਇਹ ਯਕੀਨੀ ਬਣਾਉਂਦੀ ਹੈ ਕਿ ਉਨ੍ਹਾਂ ਨੂੰ ਦਸਤਾਵੇਜ਼ੀ ਰੂਪ ਦਿੱਤਾ ਜਾਵੇ, ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਇਆ ਜਾਵੇ ਅਤੇ ਉਨ੍ਹਾਂ ਦਾ ਮੁੱਲ ਪਾਇਆ ਜਾਵੇ। ਬਜਾਏ ਇਸ ਦੇ ਕਿ ਉਹ ਵਿਸ਼ਵਵਿਆਪੀ ਵਪਾਰਕ ਸੁੰਦਰਤਾ ਸੱਭਿਆਚਾਰ ਵਿੱਚ ਰਲ ਜਾਣ ਜਾਂ ਗੁਆਚ ਜਾਣ।"

ਆਪਣੀ ਇੱਕ ਇਰਾਨੀ ਸਹੇਲੀ ਨਾਲ ਰਾਤ ਦੇ ਖਾਣੇ ਦੌਰਾਨ ਸੁਰਮੇਦਾਨੀ ਕੱਢਣ ਵੇਲੇ ਇਸਦੇ ਇਤਿਹਾਸ ਅਤੇ ਪ੍ਰਤੀਕਵਾਦ ਬਾਰੇ ਗੱਲਬਾਤ ਛਿੜੀ ਸੀ, ਜਿਸ ਨੇ ਹੰਕੀਰ ਨੂੰ ਇਸਦੇ ਇਤਿਹਾਸ ਅਤੇ ਕੱਜਲ ਦੀ ਵਿਆਪਕ ਵਰਤੋਂ ਦੀ ਡੂੰਘਾਈ ਨਾਲ ਖੋਜ ਕਰਨ ਲਈ ਪ੍ਰੇਰਿਤ ਕੀਤਾ।

ਉਹ ਦੱਸਦੇ ਹਨ, "ਇਹ ਉਹ ਸਮਝ ਸੀ ਕਿ ਸੁਰਮਾ ਔਰਤਾਂ, ਘੱਟ ਗਿਣਤੀ ਔਰਤਾਂ ਅਤੇ ਪਰਵਾਸ ਵਿੱਚ ਰਹਿਣ ਵਾਲੀਆਂ ਔਰਤਾਂ ਲਈ ਬਹੁਤ ਡੂੰਘੇ ਅਰਥ ਰੱਖਦਾ ਹੈ।"

'ਸੁੰਦਰਤਾ ਤੋਂ ਪਰੇ'

ਸੁਰਮੇ ਦੀਆਂ ਜੜ੍ਹਾਂ ਮਿਸਰ, ਮੈਸੋਪੋਟੇਮੀਆ ਅਤੇ ਫਾਂਰਸ ਦੀਆਂ ਪ੍ਰਾਚੀਨ ਸਭਿਅਤਾਵਾਂ ਵਿੱਚ ਲੱਭੀਆਂ ਜਾ ਸਕਦੀਆਂ ਹਨ। ਹੰਕੀਰ ਅਨੁਸਾਰ, ਪ੍ਰਾਚੀਨ ਮਿਸਰ ਵਿੱਚ, ਇਸ ਨੂੰ ਲਿੰਗ ਜਾਂ ਵਰਗ ਦੇ ਭੇਦਭਾਵ ਤੋਂ ਬਿਨਾਂ ਹਰ ਕੋਈ ਲਾਉਂਦਾ ਸੀ।

ਇਹ ਸਮਝਾਉਂਦੇ ਹਨ ਕਿ ਕੱਜਲ ਦਾ ਮਕਸਦ ਅਧਿਆਤਮਿਕਤਾ ਦੀ ਭਾਵਨਾ ਪ੍ਰਗਟ ਕਰਨਾ ਅਤੇ ਅੱਖਾਂ ਨੂੰ ਬਿਮਾਰੀਆਂ ਤੋਂ ਬਚਾਉਣਾ ਵੀ ਸੀ। ਉਹ ਦੱਸਦੇ ਹਨ, "ਉਹ ਇਸਨੂੰ ਸਿਰਫ਼ ਸੁੰਦਰਤਾ ਤੋਂ ਪਰੇ ਦੇ ਉਦੇਸ਼ਾਂ ਲਈ ਪਾਉਂਦੇ ਸਨ।"

ਉਹ ਅੱਗੇ ਦੱਸਦੇ ਹਨ, "ਪ੍ਰਾਚੀਨ ਮਿਸਰੀ ਆਪਣੇ ਸੁਰਮੇ ਦੇ ਬਰਤਨ ਆਪਣੇ ਨਾਲ ਦਫ਼ਨਾਉਂਦੇ ਸਨ ਤਾਂ ਜੋ ਉਨ੍ਹਾਂ ਨੂੰ ਅਗਲੇ ਜਨਮ ਵਿੱਚ ਲੈ ਜਾ ਸਕਣ, ਜੋ ਇਹ ਦਰਸਾਉਂਦਾ ਸੀ ਕਿ ਇਹ ਕਿੰਨਾ ਮਹੱਤਵਪੂਰਨ ਸੀ।"

ਹੰਕੀਰ ਨੇ ਸਾਨੂੰ ਦੱਸਿਆ ਕਿ ਜਦੋਂ ਕੱਜਲ ਦੀ ਵਰਤੋਂ ਦੀ ਗੱਲ ਆਉਂਦੀ ਹੈ ਤਾਂ ਮਿਸਰ ਦੀ ਰਾਣੀ ਨੇਫਰਤੀਤੀ ਸੰਭਾਵਤ ਤੌਰ 'ਤੇ ਅਸਲ "ਇਨਫਲੂਐਂਸਰ" ਸਨ।

ਨੇਫਰਤੀਤੀ ਦਾ ਮਸ਼ਹੂਰ ਬੁੱਤ, ਜੋ 1912 ਵਿੱਚ ਮਿਸਰ ਵਿੱਚ ਲੁਡਵਿਗ ਬੋਰਚਾਰਡ ਦੀ ਅਗਵਾਈ ਵਾਲੀ ਇੱਕ ਜਰਮਨ ਪੁਰਾਤੱਤਵ ਟੀਮ ਦੁਆਰਾ ਲੱਭਿਆ ਗਿਆ ਸੀ, ਸਪਸ਼ਟ ਤੌਰ 'ਤੇ ਸੁਰਮੇ ਦੀ ਵਰਤੋਂ ਨੂੰ ਦਰਸਾਉਂਦਾ ਹੈ।

ਹੰਕੀਰ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ,"ਰਾਣੀ ਦੇ ਭਰਵੱਟੇ ਕਮਾਨਦਾਰ ਹਨ, ਬਹੁਤ ਹੀ ਸੁੰਦਰ ਰੂਪ ਵਿੱਚ ਘੜੇ ਗਏ ਹਨ ਅਤੇ ਧੂਏਂ ਵਰਗੇ ਕਾਲੇ ਰੰਗ ਨਾਲ ਭਰੇ ਹੋਏ ਹਨ, ਜੋ ਕਿ ਸੰਭਵ ਤੌਰ 'ਤੇ ਸੁਰਮਾ ਹੈ। ਰੰਗਾਂ ਦਾ ਅੰਤਰ ਬਹੁਤ ਪ੍ਰਭਾਵਸ਼ਾਲੀ ਹੈ, ਫਿਰ ਵੀ ਰਾਣੀ ਦੀ ਸਮੁੱਚੀ ਦਿੱਖ ਬਹੁਤ ਹੀ ਸੁਮੇਲ ਵਾਲੀ ਹੈ।"

ਹੰਕੀਰ ਕਹਿੰਦੀ ਹੈ, "ਜਰਮਨੀ ਦੀਆਂ ਔਰਤਾਂ ਨੇ ਸੁਰਮਾ ਪਾਕੇ ਕੇ ਉਨ੍ਹਾਂ ਦੀ 'ਵੱਖਰੀ' ਦਿੱਖ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ, ਇਸ ਨੂੰ ਸੁੰਦਰਤਾ, ਅਧਿਕਾਰ ਅਤੇ ਸਸ਼ਕਤੀਕਰਨ ਨਾਲ ਜੋੜਿਆ।"

ਨੇਫਰਤੀਤੀ ਦਾ ਮੇਕਅੱਪ ਅੱਜ ਵੀ ਚੱਲ ਰਿਹਾ ਹੈ।

ਹੰਕੀਰ ਆਪਣੀ ਕਿਤਾਬ ਵਿੱਚ ਲਿਖਦੇ ਹਨ, "ਯੂਟਿਊਬ, ਟਿਕਟੋਕ ਅਤੇ ਇੰਸਟਾਗ੍ਰਾਮ 'ਤੇ ਸੈਂਕੜੇ ਵੀਡੀਓ ਹਨ ਜੋ ਬਹੁਤ ਹੀ ਸ਼ੁੱਧਤਾ ਨਾਲ ਰਾਣੀ ਦੇ ਚਿਹਰੇ ਦੀ ਨਕਲ ਕਰਦੇ ਹਨ।"

ਸੁਰਮੇ ਤੋਂ ਪਰੇ ਆਈਲਾਈਨਰ

ਆਈਲਾਈਨਰ 'ਤੇ ਹੰਕੀਰ ਦੀ ਖੋਜ ਉਨ੍ਹਾਂ ਨੂੰ ਪੂਰੀ ਦੁਨੀਆ ਵਿੱਚ ਲੈ ਗਈ ਹੈ। ਕੇਰਲ ਤੋਂ ਚਾਡ, ਮੈਕਸੀਕੋ, ਜਾਰਡਨ ਅਤੇ ਜਪਾਨ ਤੱਕ, ਉਨ੍ਹਾਂ ਦੀਆਂ ਯਾਤਰਾਵਾਂ ਦੱਸਦੀਆਂ ਹਨ ਕਿ ਭਾਵੇਂ ਕੱਜਲ ਵਿਆਪਕ ਤੌਰ 'ਤੇ ਵਰਤਿਆ ਜਾਂਦਾ ਹੈ ਅਤੇ ਇਸਨੂੰ ਲਾਉਣ ਦੇ ਤਰੀਕੇ ਤੇ ਅਰਥ ਵੱਖੋ-ਵੱਖਰੇ ਹਨ, ਪਰ ਸੁਰੱਖਿਆ ਦੇ ਸਾਧਨ ਵਜੋਂ ਇਸਦੀ ਭੂਮਿਕਾ ਇੱਕ ਸਾਂਝਾ ਸੂਤਰ ਹੈ।

ਇਸਦੀ ਵਰਤੋਂ ਸੂਰਜ ਅਤੇ "ਬੁਰੀ ਨਜ਼ਰ" ਤੋਂ ਬਚਾਅ ਤੋਂ ਲੈ ਕੇ ਧਾਰਮਿਕ ਰੀਤੀ-ਰਿਵਾਜਾਂ ਅਤੇ ਇਲਾਜ ਦੇ ਉਦੇਸ਼ਾਂ ਤੱਕ ਫੈਲੀ ਹੋਈ ਸੀ।

ਜਪਾਨ ਵਿੱਚ, ਉਨ੍ਹਾਂ ਨੇ, ਸੰਗੀਤ, ਨਾਚ ਅਤੇ ਗੱਲਬਾਤ ਵਿੱਚ ਨਿਪੁੰਨ ਇੱਕ ਰਵਾਇਤ ਜਪਾਨੀ ਮਨੋਰੰਜਨ ਕਲਾਕਾਰ ਜਿਸ ਨੂੰ ਗੇਸ਼ਾ ਕਿਹਾ ਜਾਂਦਾ ਹੈ ਨਾਲ ਗੱਲਬਾਤ ਕੀਤੀ। ਗੇਸ਼ਾ ਲਾਲ ਕੱਜਲ ਲਾਉਂਦੀਆਂ ਸਨ, ਜੋ ਕਿ ਸੁਰੱਖਿਆ ਦਾ ਇੱਕ ਪ੍ਰਤੀਕ ਹੈ ਜੋ ਅੱਜ ਵੀ ਕਾਇਮ ਹੈ।

ਉਹ ਕਹਿੰਦੇ ਹਨ ਕਿ ਇਸੇ ਦੌਰਾਨ ਮੈਕਸੀਕਨ-ਅਮਰੀਕਨ 'ਚੋਲਾ' ਸੱਭਿਆਚਾਰ ਵਿੱਚ, ਕੱਜਲ ਪਛਾਣ, ਵਿਰੋਧ ਅਤੇ ਸੱਭਿਆਚਾਰਕ ਮਾਣ ਦਾ ਇੱਕ ਸ਼ਕਤੀਸ਼ਾਲੀ ਪ੍ਰਤੀਕ ਹੈ।

ਪ੍ਰਾਚੀਨ ਮਿਸਰ ਦੀ ਤਰ੍ਹਾਂ ਹੀ, ਹੰਕੀਰ ਨੇ ਦੇਖਿਆ ਹੈ ਕਿ ਦੁਨੀਆ ਦੇ ਕਈ ਹਿੱਸਿਆਂ ਵਿੱਚ, ਕੱਜਲ ਸਿਰਫ ਔਰਤਾਂ ਦੁਆਰਾ ਹੀ ਨਹੀਂ ਵਰਤਿਆ ਜਾਂਦਾ, ਸਗੋਂ ਚਾਡ ਵਿੱਚ, ਹੰਕੀਰ ਨੇ 'ਵਦਾਬੀ' ਲੋਕਾਂ ਨਾਲ ਸਮਾਂ ਬਿਤਾਇਆ, ਜੋ ਇੱਕ ਖਾਨਾਬਦੋਸ਼ ਫੁਲਾਨੀ ਸਮੂਹ ਹੈ ਅਤੇ ਆਪਣੇ ਸਾਲਾਨਾ ਸੁੰਦਰਤਾ ਮੁਕਾਬਲੇ ਲਈ ਜਾਣਿਆ ਜਾਂਦਾ ਹੈ ਜਿੱਥੇ ਔਰਤਾਂ ਮਰਦਾਂ ਦੀ ਦਿੱਖ ਦੇ ਅਧਾਰ 'ਤੇ ਉਨ੍ਹਾਂ ਦਾ ਨਿਰਣਾ ਕਰਦੀਆਂ ਹਨ।

ਉਹ ਹੱਸਦੇ ਹੋਏ ਕਹਿੰਦੇ ਹਨ, "ਜਾਰਡਨ ਵਿੱਚ ਪੈਤਰਾ ਦੇ, ਬਦੂਈ ਮਰਦ ਨਾ ਸਿਰਫ਼ ਸੂਰਜ ਤੋਂ ਬਚਣ ਲਈ ਜਾਂ ਆਪਣੀ ਧਾਰਮਿਕਤਾ ਨੂੰ ਪ੍ਰਗਟ ਕਰਨ ਲਈ ਕੱਜਲ ਲਗਾਉਂਦੇ ਹਨ, ਸਗੋਂ ਉਹ ਇਹ ਵੀ ਜਾਣਦੇ ਹਨ ਕਿ ਇਹ ਉਨ੍ਹਾਂ ਨੂੰ ਸੁੰਦਰ ਦਿਖਾਉਂਦਾ ਹੈ।"

"ਇਹ ਮਦਾਨਗੀ ਵਿੱਚ ਕਦਮ ਰੱਖਣ ਦੀ ਇੱਕ ਰਸਮ ਅਤੇ ਕੁਆਰੇ ਹੋਣ ਦੀ ਨਿਸ਼ਾਨੀ ਵੀ ਹੈ।"

ਕੱਜਲ ਅਕਸਰ ਬੱਚਿਆਂ ਦੀਆਂ ਅੱਖਾਂ ਵਿੱਚ ਵੀ ਲਗਾਇਆ ਜਾਂਦਾ ਹੈ, ਇੱਕ ਅਜਿਹੀ ਪ੍ਰਥਾ ਜਿਸ ਬਾਰੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਸੁਰੱਖਿਆ ਪ੍ਰਦਾਨ ਕਰਦੀ ਹੈ।

ਦਰਅਸਲ, ਅਰਬੀ ਬੋਲਣ ਵਾਲੇ ਦੇਸ਼ਾਂ ਵਿੱਚ ਲੋਕਾਂ ਦੇ ਨਾਮ ਕਾਜਲ ਜਾਂ ਕਾਹਿਲੈਨ ਵਰਗੇ ਰੱਖਣਾ ਆਮ ਗੱਲ ਹੈ, ਜੋ ਸੁਰਮੇ ਦੀ ਸੱਭਿਆਚਾਰਕ ਮਹੱਤਤਾ ਨੂੰ ਦਰਸਾਉਂਦਾ ਹੈ।

ਹੰਕੀਰ ਦਾ ਕਹਿਣਾ ਹੈ ਕਿ ਯੂਨੈਸਕੋ ਵੱਲੋਂ ਸੁਰਮੇ ਨੂੰ ਦਿੱਤੀ ਗਈ ਮਾਨਤਾ ਦੀ "ਬਹੁਤ ਲੰਬੇ ਸਮੇਂ ਤੋਂ ਉਡੀਕ ਸੀ" ਅਤੇ ਇਹ "ਗਲੋਬਲ ਸਾਊਥ ਦੇ ਭਾਈਚਾਰਿਆਂ, ਖਾਸ ਕਰਕੇ ਅਰਬ ਜਗਤ ਦੇ ਭਾਈਚਾਰਿਆਂ ਨੂੰ ਸਿਹਰਾ ਦਿੰਦੀ ਹੈ, ਜਿਨ੍ਹਾਂ ਨੇ ਉਜਾੜੇ, ਬਸਤੀਵਾਦ ਅਤੇ ਸੱਭਿਆਚਾਰਕ ਮਿਟਾਏ ਜਾਣ ਦੇ ਬਾਵਜੂਦ ਸਦੀਆਂ ਤੋਂ ਇਸ ਪਰੰਪਰਾ ਨੂੰ ਸੰਭਾਲ ਕੇ ਰੱਖਿਆ ਹੈ।"

ਹਾਲਾਂਕਿ, ਲੇਖਕ ਲਈ, ਆਪਣੇ ਸੱਭਿਆਚਾਰ ਨਾਲ ਸਬੰਧ ਹੀ ਸੁਰਮਾ ਪਾਉਣ ਨੂੰ ਇੰਨਾ ਮਹੱਤਵਪੂਰਨ ਬਣਾਉਂਦਾ ਹੈ।

ਉਹ ਕਹਿੰਦੇ ਹਨ, "ਇਹ ਲਗਭਗ ਇੱਕ ਅਧਿਆਤਮਿਕ ਕੰਮ ਹੈ। ਜਦੋਂ ਤੁਸੀਂ ਇਸਨੂੰ ਲਾਉਂਦੇ ਹੋ ਤਾਂ ਇਹ ਲਗਭਗ ਇੱਕ ਰਸਮ ਵਾਂਗ ਹੁੰਦਾ ਹੈ। ਤੁਸੀਂ ਆਪਣੀ ਅੱਖ ਦੀ ਹੇਠਲੀ ਪਲਕ ਜਾਂ ਉਪਰਲੀ ਪਲਕ 'ਤੇ ਸਿਰਫ਼ ਇੱਕ ਲਕੀਰ ਖਿੱਚਣ ਤੋਂ ਕਿਤੇ ਵੱਧ ਕਿਸੇ ਚੀਜ਼ ਨਾਲ ਜੁੜ ਰਹੇ ਹੁੰਦੇ ਹੋ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)