You’re viewing a text-only version of this website that uses less data. View the main version of the website including all images and videos.
ਸੋਹਣੇ ਹੋਣ ਦਾ ਕੀ ਅਰਥ ਹੈ? ਕੀ ਸਿਰਫ਼ ਗੋਰਾ ਹੋਣਾ ਹੀ ਕਿਸੇ ਨੂੰ ਖ਼ੂਬਸੂਰਤ ਬਣਾਉਂਦਾ ਹੈ?
- ਲੇਖਕ, ਅਦਿਤੀ ਨਾਰਾਇਣੀ ਪਾਸਵਾਨ
- ਰੋਲ, ਬੀਬੀਸੀ ਲਈ
ਮੈਨੂੰ ਯਾਦ ਹੈ ਕਿ ਮੈਂ ਜੇਐੱਨਯੂ ਵਿੱਚ ਮਾਮਾ ਢਾਬੇ ਦੇ ਨੇੜੇ ਧੁੱਪ ਵਿੱਚ ਸੰਤਰੇ ਖਾ ਰਹੀ ਸੀ। ਮੇਰੇ ਨਾਲ ਇੱਕ ਪ੍ਰੋਫੈਸਰ ਸੀ ਜੋ ਪਟਨਾ ਤੋਂ ਲੈਕਚਰ ਦੇਣ ਲਈ ਆਈ ਸਨ ਅਤੇ ਇੱਕ ਜੱਜ ਦੀ ਪਤਨੀ ਸਨ।
ਉਨ੍ਹਾਂ ਨੇ ਮੈਨੂੰ ਚਿੰਤਾ ਨਾਲ ਕਿਹਾ, "ਸੰਤਰੇ ਖਾਣਾ ਬੰਦ ਕਰੋ ਅਤੇ ਉਨ੍ਹਾਂ ਨੂੰ ਆਪਣੇ ਚਿਹਰੇ 'ਤੇ ਲਗਾਓ, ਇਸ ਨਾਲ ਤੁਹਾਡੀ ਚਮੜੀ ਦਾ ਰੰਗ ਨਿਖਰ ਜਾਵੇਗਾ।"
ਚਿਹਰੇ ʼਤੇ ਵੱਡੀ ਜਿਹੀ ਮੁਸਕਾਨ ਦੇ ਮੈਂ ਉਨ੍ਹਾਂ ਵੱਲ ਵੇਖਿਆ ਅਤੇ ਉੱਥੋਂ ਚਲੀ ਗਈ। ਇਸ ਤਰ੍ਹਾਂ ਦਾ ਆਤਮ-ਵਿਸ਼ਵਾਸ਼ ਮੇਰੇ ਅੰਦਰ ਉਦੋਂ ਆਇਆ ਜਦੋਂ ਮੈਂ ਜੇਐੱਨਯੂ ਵਿੱਚ ਸੀ।
ਪਰ ਜੇ ਇਹ ਮੇਰੇ ਘਰ ਹੋਇਆ ਹੁੰਦਾ, ਤਾਂ ਮੇਰੇ ਅੰਦਰ ਉੱਥੋਂ ਜਾਣ ਦੀ ਹਿੰਮਤ ਨਾ ਹੁੰਦੀ ਅਤੇ ਮੈਂ ਉੱਥੇ ਬੈਠ ਕੇ ਆਪਣੇ ਚਿਹਰੇ 'ਤੇ ਸੰਤਰੇ ਲਗਾ ਲੈਂਦੀ।
ਇਹ ਸਿਰਫ਼ ਮੇਰੀ ਕਹਾਣੀ ਨਹੀਂ ਹੈ, ਇਹ ਉਨ੍ਹਾਂ ਸਾਰੀਆਂ ਕੁੜੀਆਂ ਅਤੇ ਔਰਤਾਂ ਦੀ ਕਹਾਣੀ ਹੈ ਜੋ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਅਸੁਰੱਖਿਆ ਨਾਲ ਘਿਰੀਆਂ ਹੋਈਆਂ ਹਨ।
ਭਾਵੇਂ ਉਹ ਚਮੜੀ ਦਾ ਰੰਗ ਹੋਵੇ, ਜਾਂ ਉਨ੍ਹਾਂ ਦਾ ਕੱਦ ਹੋਵੇ, ਜਾਂ ਉਨ੍ਹਾਂ ਦਾ ਭਾਰ ਹੋਵੇ। ਇਹ ਇੱਕ ਅਜਿਹੀ ਸੂਚੀ ਹੈ ਜਿਸ ਦੀ ਕੋਈ ਸੀਮਾ ਨਹੀਂ ਹੈ। ਇਨ੍ਹਾਂ ਕਾਰਨਾਂ ਕਰਕੇ, ਔਰਤਾਂ ਨੂੰ ਘੱਟ ਸਮਝਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਇਹ ਮਹਿਸੂਸ ਕਰਵਾਇਆ ਜਾਂਦਾ ਹੈ ਕਿ ਉਨ੍ਹਾਂ ਦੀ ਸੋਹਣੀ ਦਿੱਖ ਵਿੱਚ ਕੁਝ ਕਮੀ ਰਹਿ ਗਈ ਹੈ।
ਮੈਨੂੰ ਸਮਝ ਨਹੀਂ ਆਇਆ ਕਿ ਸੋਹਣਾ ਕੌਣ ਹੈ? ਸੁੰਦਰਤਾ ਨੂੰ ਕਿਵੇਂ ਪਰਿਭਾਸ਼ਿਤ ਕੀਤਾ ਜਾਂਦਾ ਹੈ? ਸੋਹਣਾ ਹੋਣ ਦੇ ਮਾਪਦੰਡ ਕਿਸ ਨੇ ਨਿਰਧਾਰਤ ਕੀਤੇ ਹਨ? ਕੀ ਸੋਹਣਾ ਹੋਣ ਲਈ ਸਿਰਫ਼ ਗੋਰਾ ਹੋਣਾ ਹੀ ਜ਼ਰੂਰੀ ਹੈ? ਕੀ ਅਸੀਂ ਕਾਲੇ ਅਤੇ ਭੂਰੇ ਸੋਹਣੇ ਨਹੀਂ ਹਾਂ?
ਸੋਹਣੇ ਹੋਣ ਦੇ ਸਤਹੀ ਮਾਪਦੰਡ
ਜੇਨ ਜ਼ੀ ਭਾਸ਼ਾ ਵਿੱਚ, ਇਸ ਨੂੰ 'ਪ੍ਰੀਟੀ ਪ੍ਰਿਵਿਲੇਜ' ਵੀ ਕਿਹਾ ਜਾਂਦਾ ਹੈ, ਜਿਸਦਾ ਅਰਥ ਹੈ ਕਿ ਸੋਹਣੇ ਲੋਕਾਂ ਨੂੰ ਵਧੇਰੇ ਭਰੋਸੇਮੰਦ ਮੰਨਿਆ ਜਾਂਦਾ ਹੈ ਅਤੇ ਲੋਕ ਤੁਹਾਡੇ ਵੱਲ ਵਧੇਰੇ ਸਕਾਰਾਤਮਕਤਾ ਨਾਲ ਵਧੇਰੇ ਧਿਆਨ ਦਿੰਦੇ ਹਨ।
ਗੋਰੇਪਨ ਨੂੰ ਹਮੇਸ਼ਾ ਸ਼ੁੱਧ ਅਤੇ ਬ੍ਰਹਮੀ ਮੰਨਿਆ ਜਾਂਦਾ ਹੈ। ਪਰ ਮੈਂ ਹਮੇਸ਼ਾ ਸੋਚਦੀ ਹਾਂ, ਕਾਲੀਆਂ ਅਤੇ ਭੂਰੀਆਂ ਔਰਤਾਂ ਬਾਰੇ ਕੀ? ਕੀ ਸਾਡੀ ਹੋਂਦ ਦੀ ਕੋਈ ਮਾਨਤਾ ਨਹੀਂ ਹੈ?
ਮੈਂ ਹਮੇਸ਼ਾ ਸੋਚਦੀ ਹਾਂ ਕਿ ਇੱਕ ਦਿਨ ਸਾਡੀ ਚਮੜੀ ਦਾ ਰੰਗ ਨਹੀਂ ਬਲਕਿ ਸਾਡੀਆਂ ਉਪਲਬਧੀਆਂ ਸਾਡੀ ਹੋਂਦ ਬਾਰੇ ਦੱਸਣਗੀਆਂ।
ਪਰ ਕੇਰਲ ਸਰਕਾਰ ਦੀ ਮੁੱਖ ਸਕੱਤਰ ਮੁਰਲੀਧਰਨ ਦੇ ਨਾਲ ਹਾਲ ਹੀ ਵਿੱਚ ਹੋਈ ਘਟਨਾ ਨੇ ਸਾਡੀ ਅੰਤਰ-ਆਤਮਾ ਨੂੰ ਹਿਲਾ ਦਿੱਤਾ ਹੈ ਅਤੇ ਬਚਪਨ ਦੇ ਕਾਲੇ ਰੰਗ ਦੇ ਤਜਰਬੇ ਨੂੰ ਵਾਪਸ ਲਿਆ ਦਿੱਤਾ ਹੈ।
ਮੁਰਲੀਧਰਨ ਨੇ ਲਿਖਿਆ, "ਕੱਲ੍ਹ ਮੈਂ ਮੁੱਖ ਸਕੱਤਰ ਵਜੋਂ ਆਪਣੇ ਕਾਰਜਕਾਲ ਬਾਰੇ ਇੱਕ ਦਿਲਚਸਪ ਟਿੱਪਣੀ ਸੁਣੀ ਕਿ ਇਹ ਕਾਰਜਕਾਲ ਓਨਾ ਹੀ ਕਾਲਾ ਸੀ ਜਿੰਨਾ ਮੇਰੇ ਪਤੀ ਦਾ ਚਿੱਟਾ। ਹਮਮ! ਮੈਨੂੰ ਆਪਣਾ ਕਾਲਾਪਨ ਸਵੀਕਾਰ ਕਰਨ ਦੀ ਲੋੜ ਹੈ।"
"ਉਨ੍ਹਾਂ ਨੇ ਕਿਹਾ ਕਿ ਇੰਟਰਵਿਊ ਵਿੱਚ ਉਨ੍ਹਾਂ ਦੀਆਂ ਸਾਰੀਆਂ ਉਪਲਬਧੀਆਂ ਚਮੜੀ ਦੇ ਰੰਗ ਤੱਕ ਸੀਮਤ ਹੋ ਗਈਆਂ ਹਨ ਅਤੇ ਇਨ੍ਹਾਂ ਨੂੰ ਇਵੇਂ ਮਹਿਸੂਸ ਹੋਇਆ ਜਿਵੇਂ ਉਹ ਹੈ ਨਹੀਂ ਹਨ।"
ਇਹ ਦੇਖ ਕੇ ਦਿਲ ਬੈਠ ਜਾਂਦਾ ਹੈ ਕਿ ਉਨ੍ਹਾਂ ਵਰਗੀ ਸਫ਼ਲ ਔਰਤ, ਜਿਨ੍ਹਾਂ ਨੇ ਸਾਡੇ ਵਰਗੀਆਂ ਨੌਜਵਾਨ ਔਰਤਾਂ ਨੂੰ ਪ੍ਰੇਰਿਤ ਕੀਤਾ ਹੈ, ਨੂੰ ਸਿਰਫ਼ ਸੋਹਣੇ ਹੋਣ ਦੇ ਸਤਹੀ ਮਾਪਦੰਡਾਂ ਦੇ ਆਧਾਰ 'ਤੇ ਹੀ ਮੁਲਾਂਕਣ ਕੀਤਾ ਜਾ ਰਿਹਾ ਹੈ।
ਰੰਗਭੇਦ 'ਤੇ ਬਹਿਸ ਸਿਰਫ਼ ਗੋਰਿਆਂ ਅਤੇ ਕਾਲਿਆਂ ਵਿਚਕਾਰ ਹੀ ਖ਼ਤਮ ਨਹੀਂ ਹੁੰਦੀ। ਇਸ ਵਿੱਚ ਕਈ ਸ਼ੇਡ ਹਨ ਜਿਵੇਂ ਕਿ ਬਹੁਤ ਗੋਰਾ, ਟਿਊਬਲਾਈਟ ਵਰਗਾ ਗੋਰਾ, ਕਣਕਵੰਨਾ ਰੰਗ, ਰੰਗ ਘੱਟ ਹੈ ਪਰ ਚਿਹਰੇ 'ਤੇ ਪਾਣੀ ਬਹੁਤ ਹੈ। ਉਸ ਦੇ ਨੈਨ-ਨਕਸ਼ ਤਾਂ ਬਹੁਤ ਸੋਹਣੇ ਹਨ ਪਰ ਰੰਗ ਥੋੜ੍ਹਾ ਜਿਹਾ ਕਾਲਾ ਹੈ।
ਇਸੇ ਥੜ੍ਹੇ ਜਿਹੇ ਕਾਲੇ ਰੰਗ ਕਾਰਨ ਹਰ ਰੋਜ਼ ਔਰਤਾਂ ਆਪਣੀ ਨਰਮ ਚਮੜੀ ਨੂੰ ਰਸਾਇਣਕ ਉਤਪਾਦਾਂ ਦੇ ਸੰਪਰਕ ਵਿੱਚ ਲਿਆ ਰਹੀਆਂ ਹਨ ਤਾਂ ਜੋ ਉਹ ਗੋਰਿਆਂ ਦੀ ਸ਼੍ਰੇਣੀ ਵਿੱਚ ਫਿੱਟ ਹੋ ਸਕਣ।
ਜਦੋਂ ਵੀ ਤੁਸੀਂ ਪਾਰਲਰ ਜਾਂਦੇ ਹੋ, ਤੁਹਾਨੂੰ ਦੱਸਿਆ ਜਾਂਦਾ ਹੈ ਕਿ ਸਿਰਫ਼ ਤੁਹਾਡੇ ਚਿਹਰੇ ʼਤੇ ਗਲੋਅ ਦੀ ਲੋੜ ਨਹੀਂ ਹੈ, ਸਗੋਂ ਇੱਕ ਭੂਰੀ ਚਮੜੀ ਵਾਲੀ ਔਰਤ ਨੂੰ ਆਪਣੀ ਚਮੜੀ ਦਾ ਗੋਰਾ ਕਰਨ ਦੀ ਲੋੜ ਹੈ।
ਫੇਅਰ ਐਂਡ ਲਵਲੀ ਅਤੇ ਬਲੀਚਿੰਗ ਏਜੰਟ ਵਰਗੀਆਂ ਆਮ ਘਰੇਲੂ ਕਰੀਮਾਂ ਅਜਿਹੀਆਂ ਚੀਜ਼ਾਂ ਹਨ ਜੋ ਸਾਨੂੰ ਲਗਾਤਾਰ ਇਹ ਅਹਿਸਾਸ ਕਰਵਾਉਂਦੀਆਂ ਹਨ ਕਿ ਸਾਡਾ ਵਜੂਦ ਸਾਡੀ ਚਮੜੀ ਦੇ ਰੰਗ ਨਾਲ ਜੁੜਿਆ ਹੋਇਆ ਹੈ।
ਡੂੰਘੀਆਂ ਰੰਗਭੇਦ ਦੀਆਂ ਜੜ੍ਹਾਂ
ਗੋਰੀ ਚਮੜੀ ਨਾਲ ਜੁੜੇ ਮਾਣ ਦੀ ਭਾਵਨਾ ਤੋਂ ਇਲਾਵਾ, ਰੰਗਭੇਦ ਜਾਤ ਪ੍ਰਣਾਲੀ ਅਤੇ ਹੋਰ ਸਮਾਜਿਕ ਬੁਰਾਈਆਂ ਨਾਲ ਵੀ ਡੂੰਘਾ ਜੁੜਿਆ ਹੋਇਆ ਹੈ।
ਮੈਂ ਅਜਿਹੀਆਂ ਘਟਨਾਵਾਂ ਸੁਣੀਆਂ ਹਨ ਜਿੱਥੇ ਵਿਆਹ ਇਸ ਲਈ ਰੋਕ ਦਿੱਤੇ ਗਏ ਕਿਉਂਕਿ ਕੁੜੀ ਗੋਰੀ ਨਹੀਂ ਸੀ ਅਤੇ ਜੇਕਰ ਕੁੜੀ ਕਾਲੀ ਸੀ, ਤਾਂ ਇਸਦਾ ਅਸਰ ਬੱਚੇ 'ਤੇ ਪਵੇਗਾ।
ਦਾਜ ਦੀ ਮੰਗ ਆਪਣੇ ਆਪ ਹੀ ਸਕੂਟਰ ਤੋਂ ਕਾਰ ਤੱਕ ਅਤੇ 5 ਲੱਖ ਰੁਪਏ ਨਕਦ ਤੋਂ 20 ਲੱਖ ਰੁਪਏ ਨਕਦ ਤੱਕ ਵਧ ਜਾਵੇਗੀ ਕਿਉਂਕਿ ਕੁੜੀ ਕਾਲੀ ਹੈ।
ਚਮੜੀ ਦੇ ਰੰਗ ਅਤੇ ਜਾਤ ਵਿਚਕਾਰ ਇੱਕ ਮਜ਼ਬੂਤ ਸਬੰਧ ਹੈ। ਇਹ ਮੰਨਿਆ ਜਾਂਦਾ ਹੈ ਕਿ ਕਾਲੀ ਚਮੜੀ ਅਖੌਤੀ ਨੀਵੀਂ ਜਾਤ ਨਾਲ ਸਬੰਧਤ ਹੈ ਅਤੇ ਗੋਰੀ ਚਮੜੀ ਉੱਚ ਜਾਤੀ ਨਾਲ ਸਬੰਧਤ ਹੁੰਦੀ ਹੈ।
ਸੁੰਦਰਤਾ ਦਾ ਵਿਚਾਰ ਸਿਰਫ਼ ਚਮੜੀ ਦੇ ਰੰਗ ਤੱਕ ਸੀਮਿਤ ਨਹੀਂ ਹੈ। ਇਹ ਨੈਨ-ਨਕਸ਼ ਨਾਲ ਵੀ ਜੁੜਿਆ ਹੁੰਦਾ ਹੈ, ਜਿਵੇਂ ਕਿ ਨੱਕ ਕਿੰਨਾ ਲੰਬਾ ਹੈ ਜਾਂ ਅੱਖਾਂ ਦਾ ਆਕਾਰ ਕੀ ਹੈ।
ਤੁਹਾਡੀ ਨੱਕ ਛੋਟੀ ਅਤੇ ਅੱਖਾਂ ਵੱਡੀਆਂ ਦਿਖਣ ਲਈ ਖ਼ਾਸ ਤੌਰ 'ਤੇ ਤਿਆਰ ਕੀਤੇ ਮੇਕਅਪ ਉਤਪਾਦ ਉਪਲਬਧ ਹਨ। ਇੰਝ ਲੱਗਦਾ ਹੈ ਕਿ ਤੁਹਾਡੀਆਂ ਸਾਰੀਆਂ ਅਸੁਰੱਖਿਆਵਾਂ ਦਾ ਫਾਇਦਾ ਚੁੱਕ ਕੇ ਤੁਹਾਨੂੰ ਹੋਰ ਵੀ ਅਸੁਰੱਖਿਅਤ ਮਹਿਸੂਸ ਕਰਵਾਇਆ ਗਿਆ ਹੈ।
ਬਚਪਨ ਵਿੱਚ, ਮੈਂ ਹਮੇਸ਼ਾ ਮਈ ਦਿਵਸ ਦੇ ਜਸ਼ਨਾਂ ਅਤੇ ਮਜ਼ਦੂਰਾਂ ਨਾਲ ਸਬੰਧਤ ਕਿਰਦਾਰ ਹੀ ਮਿਲੇ। ਮੈਨੂੰ ਸਟੇਜ 'ਤੇ ਕਦੇ ਵੀ ਮਾਈਕ ਫੜਨ ਦਾ ਮੌਕਾ ਨਹੀਂ ਮਿਲਿਆ। ਮੈਨੂੰ ਹਮੇਸ਼ਾ ਪਿੱਛੇ ਰਹਿਣਾ ਪੈਂਦਾ ਸੀ।
ਰੰਗਭੇਦ ਨਾ ਸਿਰਫ਼ ਜਾਤ ਦੇ ਵਿਚਾਰ ਨੂੰ ਮਜ਼ਬੂਤ ਕਰਦਾ ਹੈ, ਸਗੋਂ ਇਹ ਵਰਗ ਵਿਤਕਰੇ ਨੂੰ ਵੀ ਮਜ਼ਬੂਤ ਕਰਦਾ ਹੈ।
ਵਿਭਿੰਨਤਾ ਦਾ ਸਵਾਲ ਕਿੱਥੇ ਚਲਿਆ ਜਾਂਦਾ ਹੈ? ਸਾਨੂੰ ਸਾਰਿਆਂ ਨੂੰ ਇਹ ਪੱਖਪਾਤ ਵਿਰਾਸਤ ਵਿੱਚ ਮਿਲਿਆ ਹੈ। ਇਹ ਇੰਨਾ ਡੂੰਘਾ ਹੈ ਕਿ ਅਸੀਂ ਕਿਸੇ ਨੂੰ ਵੀ ਉਨ੍ਹਾਂ ਦੇ ਰੰਗ ਤੋਂ ਇਲਾਵਾ ਨਹੀਂ ਦੇਖ ਸਕਦੇ।
ਬਚਪਨ ਤੋਂ ਹੀ ਔਰਤਾਂ ਨੂੰ ਸੋਹਣੇ ਹੋਣ ਦੇ ਮਾਪਦੰਡਾਂ ਬਾਰੇ ਦੱਸਿਆ ਜਾਂਦਾ ਹੈ। ਇਹ ਸਾਡੇ ਦਿਲਾਂ ਵਿੱਚ ਇੰਨੇ ਡੂੰਘਾਈ ਨਾਲ ਸਮਾ ਜਾਂਦੇ ਹਨ ਕਿ ਔਰਤਾਂ ਹੋਣ ਦੇ ਨਾਤੇ ਵੀ, ਅਸੀਂ ਉਨ੍ਹਾਂ ਤੋਂ ਇਨਕਾਰੀ ਨਹੀਂ ਹੋ ਸਕਦੀਆਂ ਅਤੇ ਇਹ ਹਮੇਸ਼ਾ ਲਈ ਇੰਨਾਂ ਉੱਤੇ ਹੀ ਕਾਇਮ ਰਹਿੰਦੀਆਂ ਹਾਂ।
ਪੀੜਤ ਅਤੇ ਹਾਸ਼ੀਏ 'ਤੇ ਧੱਕੇ ਜਾਣ ਦੇ ਬਾਵਜੂਦ, ਅਸੀਂ ਉਨ੍ਹਾਂ ਨੂੰ ਕਾਇਮ ਰੱਖਣ ਦੇ ਏਜੰਟ ਬਣ ਜਾਂਦੇ ਹਾਂ।
ਹੁਣ ਦੁਨੀਆਂ ਅੱਗੇ ਵਧ ਰਹੀ ਹੈ ਅਤੇ ਅਸੀਂ ਰੰਗਭੇਦ ਬਾਰੇ ਬਹੁਤ ਘੱਟ ਗੱਲ ਕਰਦੇ ਹਾਂ।
ਉਦਾਰਵਾਦੀ ਅਤੇ ਆਧੁਨਿਕ ਹੋਣ ਦੇ ਨਕਾਬ ਹੇਠ, ਅਸੀਂ ਕਹਿੰਦੇ ਹਾਂ, "ਚਮੜੀ ਦੇ ਸਾਰੇ ਰੰਗ ਸੋਹਣੇ ਹਨ ਅਤੇ ਭੂਰੀ ਚਮੜੀ ਬਹੁਤ ਆਕਰਸ਼ਕ ਹੁੰਦੀ ਹੈ।"
ਪਰ ਫਿਰ ਵੀ ਸਵਾਲ ਇਹ ਹੈ ਕਿ ਕੀ ਅਸੀਂ ਸੱਚਮੁੱਚ ਸੋਹਣੇ ਹੋਣ ਦੇ ਮਾਪਦੰਡਾਂ ਨੂੰ ਸਵੀਕਾਰ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਵਿਸ਼ਾਲ ਕਰ ਰਹੇ ਹਾਂ? ਜਾਂ ਸਿਰਫ਼ ਸਵਾਲਾਂ ਵੱਲ ਧਿਆਨ ਦਿੱਤੇ ਬਿਨਾਂ ਸਿਰਫ਼, ਖਿੱਚ ਪੈਦਾ ਹੋਣ ਦੀ ਗੱਲ ਜੋੜ ਰਹੇ ਹਾਂ।
ਰੰਗਭੇਦ ਸਾਡੇ ਸੱਭਿਆਚਾਰ ਅਤੇ ਚੇਤਨਾ ਵਿੱਚ ਇੰਨਾ ਡੂੰਘਾ ਰਚਿਆ ਹੋਇਆ ਹੈ ਕਿ ਅਸੀਂ ਅਕਸਰ ਇਸ ਨੂੰ ਨਜ਼ਰਅੰਦਾਜ਼ ਕਰਦੇ ਹਾਂ ਕਿ ਇਹ ਸਾਡੇ ਜੀਵਨ ਦੇ ਤਜ਼ਰਬਿਆਂ ਨੂੰ ਕਿਵੇਂ ਆਕਾਰ ਦਿੰਦਾ ਹੈ।
ਇਹ ਸਾਡੇ ਲਈ ਮੌਕਿਆਂ ਤੱਕ ਪਹੁੰਚ ਕਿਵੇਂ ਮੁਸ਼ਕਲ ਬਣਾਉਂਦਾ ਹੈ ਅਤੇ ਸਮਾਜਿਕ ਅਲਹਿਦਗੀ ਵੱਲ ਵੀ ਲੈ ਜਾਂਦਾ ਹੈ।
(ਲੇਖਕ ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਾਉਂਦੇ ਹਨ। ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹਨ।)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ