ਥਕਾਵਟ ਨੂੰ ਘਟਾਉਣ ਅਤੇ ਨੀਂਦ ਨੂੰ ਬਿਹਤਰ ਬਣਾਉਣ ਲਈ 5 ਸੁਝਾਅ

    • ਲੇਖਕ, ਅਮਾਂਡਾ ਰਗੇਰੀ
    • ਰੋਲ, ਬੀਬੀਸੀ ਪੱਤਰਕਾਰ

ਜੇ ਤੁਸੀਂ ਥੱਕੇ ਮਹਿਸੂਸ ਕਰਦੇ ਹੋ ਤਾਂ ਤੁਸੀਂ ਇਕੱਲੇ ਨਹੀਂ ਹੋ। ਸੰਭਵ ਹੈ ਕਿ ਇਸ ਦਾ ਕਾਰਨ ਤੁਹਾਡੀ ਨੀਂਦ ਵੀ ਹੋ ਸਕਦੀ ਹੈ।

ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਰੋਜ਼ਾਨਾ ਦੀ ਰੁਟੀਨ ਵਿੱਚ ਚੰਗੀ ਨੀਂਦ ਦਾ ਰਾਜ਼ ਛੁਪਿਆ ਹੋਇਆ ਹੈ।

ਕੁਝ ਉਪਾਅ ਅਪਣਾ ਕੇ ਥਕਾਵਟ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਨੀਂਦ ਨੂੰ ਸੁਧਾਰਿਆ ਜਾ ਸਕਦਾ ਹੈ।

ਹਾਲਾਂਕਿ, ਚੰਗੀ ਰਾਤ ਦੀ ਨੀਂਦ ਸਿਰਫ਼ ਰਾਤ ਦੇ ਰੁਟੀਨ ਨਾਲ ਨਹੀਂ ਜੁੜੀ ਹੋਈ। ਤਰੋ ਤਾਜ਼ਾ ਮਹਿਸੂਸ ਕਰਨਾ ਸਿਰਫ਼ ਚੰਗੀ ਨੀਂਦ 'ਤੇ ਨਿਰਭਰ ਨਹੀਂ ਕਰਦਾ।

ਦਿਨ ਵਿੱਚ ਕੁਝ ਕੰਮ ਕਰਨੇ ਜ਼ਰੂਰੀ ਹਨ ਅਤੇ ਇਸ ਦਾ ਅਸਰ ਤੁਹਾਡੀ ਸਿਹਤ 'ਤੇ ਵੀ ਪੈਂਦਾ ਹੈ।

ਇੱਥੇ ਪੰਜ ਅਜਿਹੇ ਤਰੀਕਿਆਂ ਬਾਰੇ ਚਰਚਾ ਕੀਤੀ ਜਾ ਰਹੀ ਹੈ ਜਿਸ ਨਾਲ ਤੁਸੀਂ ਵਧੇਰੇ ਚੁਸਤ ਬਣ ਸਕਦੇ ਹੋ ਅਤੇ ਆਪਣੇ ਊਰਜਾ ਪੱਧਰ ਨੂੰ ਵੀ ਵਧਾ ਸਕਦੇ ਹੋ।

ਪਰ ਤੁਹਾਡੀ ਨੀਂਦ ਦੀਆਂ ਆਦਤਾਂ ਵਿੱਚ ਇੱਕ ਵੱਡਾ ਬਦਲਾਅ ਲਿਆਉਣ ਦੇ ਨਾਲ, ਇਹ ਉਪਾਅ ਤੁਹਾਡੀ ਨੀਂਦ ਦੀ ਗੁਣਵੱਤਾ ਨੂੰ ਵੀ ਵਧਾ ਸਕਦੇ ਹਨ।

ਆਇਰਨ ਦੇ ਪੱਧਰਾਂ 'ਤੇ ਨਜ਼ਰ ਰੱਖੋ

ਔਸਤਨ, ਦੁਨੀਆ ਭਰ ਵਿੱਚ ਤਿੰਨ ਵਿੱਚੋਂ ਇੱਕ ਵਿਅਕਤੀ ਆਇਰਨ ਦੀ ਕਮੀ ਤੋਂ ਪੀੜਤ ਹੈ।

ਖਾਸ ਤੌਰ 'ਤੇ ਇਨ੍ਹਾਂ ਵਿੱਚ ਨਵਜਾਤ, ਬੱਚੇ, ਕੁੜੀਆਂ ਜਿਨ੍ਹਾਂ ਦੀ ਮਾਹਵਾਰੀ ਹਾਲੇ ਸ਼ੁਰੂ ਹੋਣੀ ਹੈ ਤੇ ਗਰਭਵਤੀ ਔਰਤਾਂ, ਐਥਲੀਟ, ਸ਼ਾਕਾਹਾਰੀ ਲੋਕ ਅਤੇ ਨਿਯਮਿਤ ਤੌਰ 'ਤੇ ਖੂਨ ਦਾਨ ਕਰਨ ਵਾਲੇ ਲੋਕਾਂ ਨੂੰ ਅਨੀਮੀਆ ਹੋਣ ਦਾ ਵਧੇਰੇ ਖ਼ਤਰਾ ਹੁੰਦਾ ਹੈ।

ਆਇਰਨ ਦੀ ਕਮੀ ਤੋਂ ਪੀੜਤ ਵਿਅਕਤੀ ਨੂੰ ਬਹੁਤ ਜ਼ਿਆਦਾ ਥਕਾਵਟ ਤੋਂ ਇਲਾਵਾ ਬੇਚੈਨੀ ਅਤੇ ਉਨੀਂਦਰਾ ਦੀ ਸ਼ਿਕਾਇਤ ਹੋ ਸਕਦੀ ਹੈ।

ਜੇ ਤੁਸੀਂ ਆਪਣੇ ਨੀਂਦ ਦੇ ਪੈਟਰਨ ਨੂੰ ਬਦਲਣ ਦੇ ਬਾਵਜੂਦ ਥਕਾਵਟ ਮਹਿਸੂਸ ਕਰਦੇ ਹੋ, ਤਾਂ ਤੁਹਾਨੂੰ ਆਪਣੇ ਫੇਰੀਟਿਨ (ਆਇਰਨ-ਬਾਈਡਿੰਗ ਪ੍ਰੋਟੀਨ) ਜਾਂ ਹੀਮੋਗਲੋਬਿਨ ਦੇ ਪੱਧਰਾਂ ਦੀ ਜਾਂਚ ਕਰਵਾਉਣ ਲਈ ਆਪਣੇ ਡਾਕਟਰ ਨਾਲ ਸਲਾਹ ਕਰਨ ਦੀ ਲੋੜ ਹੋ ਸਕਦੀ ਹੈ।

ਹੀਮੋਗਲੋਬਿਨ ਪੂਰੇ ਸਰੀਰ ਵਿੱਚ ਆਕਸੀਜਨ ਪਹੁੰਚਾਉਂਦਾ ਹੈ।

ਪਰ ਜੇਕਰ ਤੁਹਾਨੂੰ ਅਨੀਮੀਆ ਯਾਨਿ ਆਇਰਨ ਦੀ ਕਮੀ ਨਹੀਂ ਹੈ ਤਾਂ ਵੀ ਤੁਹਾਨੂੰ ਆਪਣੇ ਪੋਸ਼ਣ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਤਾਂ ਜੋ ਅਜਿਹੀ ਸਥਿਤੀ ਤੋਂ ਬਚਿਆ ਜਾ ਸਕੇ।

ਇਸ ਦੇ ਲਈ ਮੀਟ, ਮੱਛੀ ਅਤੇ ਅੰਡੇ, ਬੀਨਜ਼ ਅਤੇ ਹਰੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਵਿਟਾਮਿਨ ਸੀ ਨਾਲ ਭਰਪੂਰ ਭੋਜਨ ਵੀ ਖਾਣਾ ਚਾਹੀਦਾ ਹੈ।

ਹਰੀਆਂ ਸਬਜ਼ੀਆਂ ਅਤੇ ਤਾਜ਼ੇ ਫਲ

ਕਈ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਜੋ ਬਾਲਗ ਜ਼ਿਆਦਾ ਫਲ ਅਤੇ ਸਬਜ਼ੀਆਂ ਖਾਂਦੇ ਹਨ, ਉਨ੍ਹਾਂ ਨੂੰ ਦੂਜਿਆਂ ਨਾਲੋਂ ਚੰਗੀ ਨੀਂਦ ਆਉਂਦੀ ਹੈ।

ਜਦਕਿ ਜੋ ਲੋਕ ਜ਼ਿਆਦਾ ਫਾਸਟ ਫੂਡ ਖਾਂਦੇ ਹਨ ਅਤੇ ਸਾਫਟ ਡਰਿੰਕ ਪੀਂਦੇ ਹਨ ਉਨ੍ਹਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ।

ਖੋਜ ਵਿੱਚ ਸਾਹਮਣੇ ਆਇਆ ਹੈ ਕਿ ਜਿਹੜੇ ਲੋਕ ਖਾਸ ਤੌਰ 'ਤੇ ਮੈਡੀਟੇਰੀਅਨ ਡਾਈਟ ਦੀ ਪਾਲਣਾ ਕਰਦੇ ਹਨ, ਉਨ੍ਹਾਂ ਨੂੰ ਜ਼ਿਆਦਾ ਨਿਯਮਤ ਨੀਂਦ ਆਉਂਦੀ ਹੈ।

ਮੈਡੀਟੇਰੀਅਨ ਡਾਈਟ ਵਿੱਚ ਸਬਜ਼ੀਆਂ, ਫਲ, ਮੇਵੇ, ਫਲ਼ੀਦਾਰ, ਸਾਬਤ ਅਨਾਜ ਅਤੇ ਘੱਟ ਚਰਬੀ ਵਾਲੇ ਡੇਅਰੀ ਉਤਪਾਦ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ।

ਜਦਕਿ ਜੋ ਲੋਕ ਰਾਤ ਨੂੰ ਪੰਜ ਘੰਟੇ ਤੋਂ ਘੱਟ ਸੌਂਦੇ ਹਨ, ਉਹ ਜ਼ਿਆਦਾ ਸੌਣ ਵਾਲੇ ਲੋਕਾਂ ਦੇ ਮੁਕਾਬਲੇ ਆਇਰਨ, ਜ਼ਿੰਕ, ਫਾਸਫੋਰਸ ਅਤੇ ਮੈਗਨੀਸ਼ੀਅਮ ਦੇ ਨਾਲ-ਨਾਲ ਵਿਟਾਮਿਨ ਸੀ, ਲੂਟੀਨ ਅਤੇ ਸੇਲੇਨੀਅਮ ਦੀ ਘੱਟ ਮਾਤਰਾ ਲੈਂਦੇ ਹਨ।

ਹਾਲਾਂਕਿ ਕਾਰਨ ਅਤੇ ਪ੍ਰਭਾਵ ਬਾਰੇ ਸਹੀ ਸਬੰਧ ਸਥਾਪਤ ਕਰਨਾ ਬਹੁਤ ਮੁਸ਼ਕਲ ਹੈ, ਇਸ ਲਈ ਜ਼ਿਆਦਾਤਰ ਅਧਿਐਨਾਂ ਵਿੱਚ ਇਹ ਸਪੱਸ਼ਟ ਨਹੀਂ ਹੈ ਕਿ ਵਧੀਆ ਖਾਣਾ ਖਾਣ ਨਾਲ ਚੰਗੀ ਨੀਂਦ ਆਉਂਦੀ ਹੈ।

ਫਿਰ ਵੀ ਜਦੋਂ ਅਸੀਂ ਥੱਕ ਜਾਂਦੇ ਹਾਂ ਤਾਂ ਜੰਕ ਫੂਡ ਖਾਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ ਅਤੇ ਇਸ ਨਾਲ ਨੀਂਦ ਦੀ ਗੁਣਵੱਤਾ 'ਤੇ ਵੀ ਅਸਰ ਪੈਂਦਾ ਹੈ।

ਸਵੀਡਨ ਵਿੱਚ ਨੌਜਵਾਨਾਂ 'ਤੇ ਕੀਤੇ ਗਏ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਜਦੋਂ ਉਨ੍ਹਾਂ ਨੇ ਜ਼ਿਆਦਾ ਚਰਬੀ ਵਾਲਾ ਅਤੇ ਮਿੱਠੇ ਵਾਲਾ ਭੋਜਨ ਖਾਧਾ ਤਾਂ ਉਨ੍ਹਾਂ ਦੇ ਦਿਮਾਗ਼ ਦੀਆਂ ਤਰੰਗਾਂ ਬਦਲ ਗਈਆਂ ਅਤੇ ਉਨ੍ਹਾਂ ਦੀ ਨੀਂਦ 'ਤੇ ਅਸਰ ਪਿਆ।

ਪਰ ਜਦੋਂ ਉਨ੍ਹਾਂ ਨੇ ਘੱਟ ਚਰਬੀ ਅਤੇ ਘੱਟ ਖੰਡ ਖਾਧੀ ਤਾਂ ਉਨ੍ਹਾਂ ਦੀ ਨੀਂਦ ਵਿੱਚ ਸੁਧਾਰ ਹੋਇਆ।

ਹਾਲਾਂਕਿ, ਬਹੁਤ ਸਾਰੇ ਸਬੂਤ ਹਨ ਜੋ ਸਿਹਤਮੰਦ ਭੋਜਨ ਅਤੇ ਨੀਂਦ ਵਿਚਕਾਰ ਸਬੰਧ ਨੂੰ ਦਰਸਾਉਂਦੇ ਹਨ।

ਪਰ ਕੁਝ ਅਧਿਐਨਾਂ ਤੋਂ ਸਾਹਮਣੇ ਆਇਆ ਹੈ ਕਿ ਦਿਨ ਵਿੱਚ ਪੰਜ ਕਿਸਮ ਦੀਆਂ ਸਬਜ਼ੀਆਂ ਖਾਣ ਨਾਲ ਨੀਂਦ ਵਿੱਚ ਸੁਧਾਰ ਹੁੰਦਾ ਹੈ।

ਇਸੇ ਤਰ੍ਹਾਂ ਦਾ ਅਧਿਐਨ 1000 ਨੌਜਵਾਨਾਂ 'ਤੇ ਕੀਤਾ ਗਿਆ ਜਿਨ੍ਹਾਂ ਨੇ ਪ੍ਰਤੀ ਦਿਨ ਫ਼ਲਾਂ ਅਤੇ ਸਬਜ਼ੀਆਂ ਦੀਆਂ ਤਿੰਨ ਪਰੋਸੀਆਂ ਖਾਧੀਆਂ।

ਪਰ ਜਦੋਂ ਉਹ ਦਿਨ ਵਿੱਚ ਛੇ ਵਾਰ ਫ਼ਲ ਅਤੇ ਸਬਜ਼ੀਆਂ ਖਾਂਦੇ ਸਨ ਤਾਂ ਤਿੰਨ ਮਹੀਨਿਆਂ ਬਾਅਦ ਔਰਤਾਂ ਦੀ ਇਨਸੌਮਨੀਆ ਵਿੱਚ ਸੁਧਾਰ ਹੋਇਆ।

ਉਸ ਨੂੰ ਨਾ ਸਿਰਫ਼ ਚੰਗੀ ਨੀਂਦ ਆਈ ਸਗੋਂ ਉਹ ਜਲਦੀ ਸੌਣ ਲੱਗ ਪਈਆਂ।

ਇਸ ਤੋਂ ਇਲਾਵਾ, ਇੱਕ ਹੋਰ ਅਜ਼ਮਾਇਸ਼ ਵਿੱਚ ਪਾਇਆ ਗਿਆ ਕਿ ਜਦੋਂ ਬੱਚੇ ਹਫ਼ਤੇ ਵਿੱਚ ਘੱਟੋ-ਘੱਟ ਪੰਜ ਵਾਰ ਆਪਣੀ ਖੁਰਾਕ ਵਿੱਚ ਹਰੀਆਂ ਸਬਜ਼ੀਆਂ ਨੂੰ ਸ਼ਾਮਲ ਕਰਦੇ ਹਨ, ਤਾਂ ਉਹ ਵਧੇਰੇ ਸਰਗਰਮ ਹੋ ਜਾਂਦੇ ਹਨ ਅਤੇ ਚੰਗੀ ਨੀਂਦ ਲੈਂਦੇ ਹਨ।

ਖੋਜਕਾਰਾਂ ਦਾ ਕਹਿਣਾ ਹੈ ਕਿ ਹਰੀਆਂ ਸਬਜ਼ੀਆਂ ਵਿੱਚ ਵਿਟਾਮਿਨ ਦੀ ਉੱਚ ਮਾਤਰਾ ਹੁੰਦੀ ਹੈ, ਖ਼ਾਸ ਤੌਰ 'ਤੇ ਵਿਟਾਮਿਨ ਏ ਅਤੇ ਸੀ, ਜੋ ਸਰੀਰ ਨੂੰ ਖਣਿਜਾਂ ਨੂੰ ਪਚਾਉਣ ਵਿੱਚ ਮਦਦ ਕਰਦੇ ਹਨ ਅਤੇ ਆਇਰਨ ਵਰਗੇ ਖਣਿਜ ਜੋ ਨੀਂਦ ਵਿੱਚ ਮਦਦ ਕਰ ਸਕਦੇ ਹਨ।

ਕਸਰਤ ਕਰੋ, ਭਾਵੇਂ ਸ਼ਾਮ ਨੂੰ ਹੀ ਕਰੋ

ਹਾਲਾਂਕਿ ਅਜੇ ਵੀ ਸਰੀਰਕ ਕਸਰਤ ਅਤੇ ਨੀਂਦ ਵਿੱਚਕਾਰ ਸਬੰਧ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਆਮ ਤੌਰ 'ਤੇ ਇਹ ਦੇਖਿਆ ਗਿਆ ਹੈ ਕਿ ਕਸਰਤ ਬਿਹਤਰ ਅਤੇ ਲੰਬੀ ਨੀਂਦ ਲੈਣ ਵਿੱਚ ਮਦਦ ਕਰਦੀ ਹੈ।

ਪਰ ਅਜਿਹਾ ਨਹੀਂ ਹੈ ਕਿ ਜ਼ਿਆਦਾ ਕਸਰਤ ਕਰਨ ਨਾਲ ਜ਼ਿਆਦਾ ਨੀਂਦ ਆਵੇਗੀ।

ਉਦਾਹਰਨ ਲਈ, 66 ਅਧਿਐਨਾਂ ਦੇ ਇੱਕ ਮੈਟਾ ਵਿਸ਼ਲੇਸ਼ਣ ਵਿੱਚ ਪਾਇਆ ਗਿਆ ਕਿ ਦਿਨ ਵਿੱਚ ਸਿਰਫ ਥੋੜ੍ਹੇ ਸਮੇਂ ਲਈ ਕਸਰਤ ਨੀਂਦ ਲਈ ਫਾਇਦੇਮੰਦ ਸੀ, ਜਦੋਂ ਕਿ ਨਿਯਮਤ ਕਸਰਤ ਨਾਲ ਨੀਂਦ ਦੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ।

ਇਹ ਅੰਤਰ ਮਾਮੂਲੀ ਹੋ ਸਕਦਾ ਹੈ ਪਰ ਜੋ ਲੋਕ ਉਨੀਂਦਰੇ ਤੋਂ ਪੀੜਤ ਹਨ, ਉਨ੍ਹਾਂ ਲਈ ਇਹ ਬਹੁਤ ਵੱਡਾ ਫ਼ਰਕ ਹੈ।

ਹੋਰ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਨੀਂਦ ਦੇ ਪੈਟਰਨ ਵਿੱਚ ਤਬਦੀਲੀਆਂ ਲਈ ਬਹੁਤ ਜ਼ਿਆਦਾ ਜਾਂ ਰੋਜ਼ਾਨਾ ਕਸਰਤ ਦੀ ਲੋੜ ਨਹੀਂ ਹੁੰਦੀ ਹੈ।

ਇੱਕ ਅਧਿਐਨ ਮੁਤਾਬਕ, ਰੋਜ਼ਾਨਾ ਕਸਰਤ ਕਰਨ (ਜਾਂ ਹਫ਼ਤੇ ਵਿੱਚ ਇੱਕ ਦਿਨ ਕਸਰਤ ਕਰਨ) ਨਾਲੋਂ ਹਫ਼ਤੇ ਵਿੱਚ ਤਿੰਨ ਦਿਨ ਕਸਰਤ ਕਰਨ ਦੇ ਵਧੇਰੇ ਫਾਇਦੇ ਹਨ।

ਹਲਕੀ ਕਸਰਤ ਜਾਂ ਰੋਜ਼ਾਨਾ 10 ਮਿੰਟ ਦੀ ਕਸਰਤ ਨੀਂਦ ਦੀ ਗੁਣਵੱਤਾ ਨੂੰ ਸੁਧਾਰਦੀ ਹੈ।

ਇੱਕ ਹੋਰ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਸ਼ਾਮ ਨੂੰ ਕਸਰਤ ਕਰਨ ਨਾਲ, ਖਾਸ ਤੌਰ 'ਤੇ ਸੌਣ ਤੋਂ ਦੋ ਘੰਟੇ ਪਹਿਲਾਂ, ਨੀਂਦ ਦੀ ਸਮੱਸਿਆ ਨਹੀਂ ਹੁੰਦੀ ਹੈ।

ਨੀਂਦ ਨੂੰ ਬਿਹਤਰ ਬਣਾਉਣ ਦਾ ਇੱਕੋ ਇੱਕ ਤਰੀਕਾ ਕਸਰਤ ਨਹੀਂ ਹੈ। ਹਾਲਾਂਕਿ ਖੋਜਕਾਰਾਂ ਦਾ ਕਹਿਣਾ ਹੈ ਕਿ ਇਹ ਸਾਨੂੰ ਜ਼ਿਆਦਾ ਤਰੋਤਾਜ਼ਾ ਰੱਖਦਾ ਹੈ।

ਸ਼ਰਾਬ ਅਤੇ ਸਿਗਰਟ ਛੱਡੋ

ਹਰ ਸਾਲ ਨਵੇਂ ਸਾਲ ਦੀ ਇੱਛਾ-ਸੂਚੀ ਵਿੱਚ, ਲੋਕ ਸ਼ਰਾਬ ਜਾਂ ਸਿਗਰਟਨੋਸ਼ੀ ਛੱਡਣ ਦਾ ਸੰਕਲਪ ਲੈਂਦੇ ਹਨ ਤਾਂ ਜੋ ਉਹ ਵਧੇਰੇ ਸਿਹਤਮੰਦ ਮਹਿਸੂਸ ਕਰ ਸਕਣ।

ਸਿਗਰਟਨੋਸ਼ੀ ਨੂੰ ਉਨੀਂਦਰੇ ਨਾਲ ਜੋੜਿਆ ਜਾਂਦਾ ਹੈ।

ਇਸ ਤੋਂ ਇਲਾਵਾ ਇਹ ਥਕਾਵਟ ਅਤੇ ਹਲਕੀ ਨੀਂਦ ਦੀ ਸਮੱਸਿਆ ਵੀ ਪੈਦਾ ਕਰਦਾ ਹੈ।

ਆਮ ਧਾਰਨਾ ਦੇ ਉਲਟ, ਸ਼ਰਾਬ ਪੀਣ ਨਾਲ ਉਨੀਂਦਰੇ ਦੀ ਸਮੱਸਿਆ ਵਧ ਜਾਂਦੀ ਹੈ।

ਹਾਲਾਂਕਿ ਸੌਣ ਤੋਂ ਪਹਿਲਾਂ ਦੋ ਜਾਂ ਤਿੰਨ ਡਰਿੰਕ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ ਪਰ ਅਜਿਹਾ ਪਹਿਲੀ ਵਾਰ ਹੀ ਹੁੰਦਾ ਹੈ।

ਪਰ ਇਹ ਸਿਰਫ ਤਿੰਨ ਦਿਨ ਤੱਕ ਚੱਲਦਾ ਹੈ, ਜੇਕਰ ਅਸੀਂ ਇਸ ਨੂੰ ਜਾਰੀ ਰੱਖਦੇ ਹਾਂ ਤਾਂ ਇਸਦੇ ਉਲਟ ਪ੍ਰਭਾਵ ਹੋਣੇ ਸ਼ੁਰੂ ਹੋ ਜਾਂਦੇ ਹਨ ਕਿਉਂਕਿ ਨਿਯਮਿਤ ਤੌਰ 'ਤੇ ਸ਼ਰਾਬ ਪੀਣ ਨਾਲ ਇਨਸੌਮਨੀਆ ਹੋ ਸਕਦਾ ਹੈ।

ਹੋਰ ਖੋਜਾਂ ਵਿੱਚ ਪਾਇਆ ਗਿਆ ਹੈ ਕਿ ਸੌਣ ਤੋਂ ਪਹਿਲਾਂ ਇੱਕ ਡ੍ਰਿੰਕ ਲੈਣ ਨਾਲ ਵੀ ਇਸ ਦੇ ਆਦੀ ਲੋਕਾਂ ਨੂੰ ਜਲਦੀ ਅਤੇ ਡੂੰਘੀ ਨੀਂਦ ਆਉਣ ਵਿੱਚ ਮਦਦ ਮਿਲਦੀ ਹੈ, ਪਰ ਇਹ ਅੱਧੀ ਰਾਤ ਤੱਕ ਹੀ ਸੱਚ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਨੀਂਦ ਵਿੱਚ ਵਿਘਨ ਪੈਂਦਾ ਰਹਿੰਦਾ ਹੈ।

ਸ਼ਰਾਬ ਪੀਣ ਨਾਲ ਸਾਡੇ ਰੋਜ਼ਾਨਾ ਦੇ ਪੈਟਰਨ ਵਿੱਚ ਵਿਘਨ ਪੈ ਸਕਦਾ ਹੈ, ਸਾਡੀ ਨੀਂਦ ਦੀ ਕੁੱਲ ਮਾਤਰਾ ਘੱਟ ਸਕਦੀ ਹੈ ਅਤੇ ਸਾਹ ਨਾਲ ਸਬੰਧਤ ਨੀਂਦ ਸੰਬੰਧੀ ਵਿਕਾਰ ਵਿਗੜ ਸਕਦੇ ਹਨ, ਜਿਵੇਂ ਕਿ ਸਲੀਪ ਐਪਨੀਆ।

ਸਵੇਰ ਦਾ ਭੋਜਨ ਕਦੀ ਨਾ ਛੱਡੋ

ਇਸ ਗੱਲ ਦਾ ਕੋਈ ਸਪੱਸ਼ਟ ਸਬੂਤ ਨਹੀਂ ਹੈ ਕਿ ਨਾਸ਼ਤੇ ਦਾ ਭਾਰ ਘਟਾਉਣ ਨਾਲ ਕੋਈ ਸਬੰਧ ਹੈ।

ਇੱਕ ਅਧਿਐਨ ਵਿੱਚ ਨਾਸ਼ਤਾ ਛੱਡਣ ਅਤੇ ਭਾਰ ਘਟਾਉਣ ਵਿੱਚਕਾਰ ਕੋਈ ਸਪੱਸ਼ਟ ਸਬੰਧ ਨਹੀਂ ਮਿਲਿਆ।

43 ਅਧਿਐਨਾਂ ਦੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਨਾਸ਼ਤਾ ਸਾਡੀ ਯਾਦਦਾਸ਼ਤ ਅਤੇ ਸੁਚੇਤਤਾ ਨੂੰ ਵਧਾਉਂਦਾ ਹੈ।

ਹਾਲਾਂਕਿ ਆਮ ਤੌਰ 'ਤੇ ਇਸਦਾ ਬਹੁਤ ਘੱਟ ਪ੍ਰਭਾਵ ਹੁੰਦਾ ਹੈ ਪਰ ਇਸਦਾ ਪ੍ਰਭਾਵ ਬਹੁਤ ਦੂਰ ਤੱਕ ਪਹੁੰਚਦਾ ਹੈ।

ਇਹੀ ਗੱਲ ਬੱਚਿਆਂ ਲਈ ਵੀ ਸਹੀ ਪਾਈ ਗਈ। ਜਦੋਂ ਉਨ੍ਹਾਂ ਨੇ ਸੌਂ ਕੇ ਉੱਠਣ ਤੋਂ ਬਾਅਦ ਨਾਸ਼ਤਾ ਕੀਤਾ, ਤਾਂ ਉਨ੍ਹਾਂ ਦੀ ਚੁਸਤੀ-ਫ਼ੁਰਤੀ ਅਤੇ ਯਾਦਦਾਸ਼ਤ ਵਿੱਚ ਸੁਧਾਰ ਹੋਇਆ।

ਹੋਰ ਅਧਿਐਨਾਂ ਵਿੱਚ ਸਾਹਮਣਏ ਆਇਆ ਹੈ ਕਿ ਸਵੇਰੇ ਨਾਸ਼ਤਾ ਕਰਨ ਨਾਲ ਸਾਨੂੰ ਥਕਾਵਟ ਘੱਟ ਮਹਿਸੂਸ ਹੁੰਦੀ ਹੈ।

ਉਦਾਹਰਨ ਲਈ, 127 ਮੈਡੀਕਲ ਵਿਦਿਆਰਥੀਆਂ 'ਤੇ ਕੀਤੇ ਗਏ ਇੱਕ ਅਧਿਐਨ ਵਿੱਚ ਦੇਖਿਆ ਗਿਆ ਕਿ ਜਿਨ੍ਹਾਂ ਨੇ ਨਾਸ਼ਤਾ ਕੀਤਾ ਉਹ ਘੱਟ ਥਕਾਵਟ ਮਹਿਸੂਸ ਕਰਦੇ ਹਨ।

ਭੋਜਨ ਨੂੰ ਨਿਸ਼ਚਿਤ ਸਮੇਂ 'ਤੇ ਖਾਣਾ ਵੀ ਫਾਇਦੇਮੰਦ ਹੋ ਸਕਦਾ ਹੈ।

ਤਾਇਵਾਨ ਦੇ 1800 ਗ੍ਰੈਜੂਏਟ ਵਿਦਿਆਰਥੀਆਂ 'ਤੇ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਹੈ ਕਿ ਅਨਿਯਮਿਤ ਸਮੇਂ 'ਤੇ ਖਾਣਾ ਖਾਣ ਵਾਲੇ ਜ਼ਿਆਦਾ ਥਕਾਵਟ ਮਹਿਸੂਸ ਕਰਦੇ ਹਨ।

ਹਾਲਾਂਕਿ, ਇਹ ਵੀ ਹੋ ਸਕਦਾ ਹੈ ਕਿ ਜ਼ਿਆਦਾ ਥੱਕੇ ਹੋਏ ਲੋਕਾਂ ਦੀ ਸਮੇਂ 'ਤੇ ਨਾਸ਼ਤਾ ਜਾਂ ਭੋਜਨ ਕਰਨ ਦੀ ਸੰਭਾਵਨਾ ਘੱਟ ਜਾਂਦੀ ਹੋਵੇ।

ਇੱਕ ਅਧਿਐਨ ਵਿੱਚ ਦੇਖਿਆ ਗਿਆ ਹੈ ਕਿ ਸਾਡੇ ਸਰੀਰ ਦੀ ਤਾਲ ਜਾਂ ਬਾਡੀ ਕਲਾਕ ਦਾ ਭੋਜਨ 'ਤੇ ਪ੍ਰਭਾਵ ਪੈਂਦਾ ਹੈ ਅਤੇ ਸਾਡੇ ਭੋਜਨ ਦੇ ਸੇਵਨ ਦਾ ਬਾਡੀ ਕਲਾਕ 'ਤੇ ਅਸਰ ਪੈਂਦਾ ਹੈ।

ਜੇਕਰ ਤੁਸੀਂ ਥਕਾਵਟ ਨਾਲ ਜੂਝ ਰਹੇ ਹੋ, ਤਾਂ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਕੁਝ ਅੰਡੇ ਜਾਂ ਇੱਕ ਕਟੋਰਾ ਓਟਮੀਲ ਖਾਣਾ ਇੱਕ ਆਸਾਨ ਹੱਲ ਹੋ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)