You’re viewing a text-only version of this website that uses less data. View the main version of the website including all images and videos.
'ਕਿਤੇ ਤੁਸੀਂ ਮਰ ਤਾਂ ਨਹੀਂ ਗਏ?', ਇਸ ਦੇਸ਼ ਵਿੱਚ ਅਜਿਹੀ ਐਪ ਕਿਉਂ ਬਣਾਈ ਗਈ ਜਿੱਥੇ ਹਰ ਦੋ ਦਿਨ ਬਾਅਦ ਦੱਸਣਾ ਪੈਂਦਾ ਹੈ ਕਿ ਅਸੀਂ ਜਿਉਂਦੇ ਹਾਂ
- ਲੇਖਕ, ਸਟੀਫਨ ਮੈਕਡੋਨਲ
- ਰੋਲ, ਬੀਬੀਸੀ ਪੱਤਰਕਾਰ, ਚੀਨ
ਚੀਨ ਵਿੱਚ ਇੱਕ ਨਵੀਂ ਐਪ ਬਹੁਤ ਮਸ਼ਹੂਰ ਹੋ ਰਹੀ ਹੈ ਜਿਸ ਦਾ ਨਾਮ ਕਾਫੀ ਹੈਰਾਨ ਕਰਨ ਵਾਲਾ ਹੈ।
ਐਪ ਦਾ ਨਾਮ ਹੈ "ਆਰ ਯੂ ਡੈੱਡ''? ਹੈ ਅਤੇ ਇਸ ਨੂੰ ਵਰਤਣ ਤਰੀਕਾ ਬਹੁਤ ਆਸਾਨ ਹੈ। ਤੁਹਾਨੂੰ ਹਰ ਦੋ ਦਿਨਾਂ ਬਾਅਦ ਐਪ ਵਿੱਚ ਲੋਗ-ਇਨ ਕਰਨਾ ਪੈਂਦਾ ਹੈ ਅਤੇ ਇੱਕ ਬਟਨ ਦਬਾ ਕੇ ਇਹ ਪੁਸ਼ਟੀ ਕਰਨੀ ਪੈਂਦੀ ਹੈ ਕਿ ਤੁਸੀਂ ਜਿਉਂਦੇ ਹੋ।
ਜੇਕਰ ਤੁਸੀਂ ਅਜਿਹਾ ਨਹੀਂ ਕਰਦੇ, ਤਾਂ ਐਪ ਤੁਹਾਡੇ ਵਲੋਂ ਚੁਣੇ ਗਏ ਐਮਰਜੈਂਸੀ ਸੰਪਰਕ ਨੂੰ ਸੁਨੇਹਾ ਭੇਜ ਦਿੰਦੀ ਹੈ ਕਿ ਤੁਸੀਂ ਸ਼ਾਇਦ ਕਿਸੇ ਮੁਸੀਬਤ ਵਿੱਚ ਹੋ।
ਇਹ ਐਪ ਪਿਛਲੇ ਸਾਲ ਮਈ ਵਿੱਚ ਬਿਨਾਂ ਕਿਸੇ ਖਾਸ ਚਰਚਾ ਦੇ ਲਾਂਚ ਕੀਤੀ ਗਈ ਸੀ, ਪਰ ਪਿਛਲੇ ਕੁਝ ਹਫ਼ਤਿਆਂ ਵਿੱਚ ਇਹ ਬਹੁਤ ਜ਼ਿਆਦਾ ਮਸ਼ਹੂਰ ਹੋ ਗਈ ਹੈ। ਚੀਨ ਦੇ ਸ਼ਹਿਰਾਂ ਵਿੱਚ ਇਕੱਲੇ ਰਹਿਣ ਵਾਲੇ ਨੌਜਵਾਨ ਇਸ ਨੂੰ ਵੱਡੀ ਗਿਣਤੀ ਵਿੱਚ ਡਾਊਨਲੋਡ ਕਰ ਰਹੇ ਹਨ।
ਇਸ ਕਰਕੇ, ਇਹ ਦੇਸ਼ ਵਿੱਚ ਸਭ ਤੋਂ ਵੱਧ ਡਾਊਨਲੋਡ ਕੀਤੀ ਜਾਣ ਵਾਲੀ ਪੇਡ ਐਪ ਬਣ ਗਈ ਹੈ।
ਚੀਨੀ ਸਰਕਾਰੀ ਮੀਡੀਆ ਅਦਾਰੇ ਗਲੋਬਲ ਟਾਈਮਜ਼ ਦੇ ਅਨੁਸਾਰ, ਖੋਜ ਦੱਸਦੀ ਹੈ ਕਿ 2030 ਤੱਕ ਚੀਨ ਵਿੱਚ ਇਕੱਲੇ ਰਹਿਣ ਵਾਲੇ ਲੋਕਾਂ ਦੀ ਗਿਣਤੀ 200 ਮਿਲੀਅਨ ਤੱਕ ਹੋ ਸਕਦੀ ਹੈ।
ਇਹ ਐਪ ਮੁੱਖ ਤੌਰ 'ਤੇ ਉਨ੍ਹਾਂ ਲੋਕਾਂ ਲਈ ਬਣਾਈ ਗਈ ਹੈ ਜੋ ਇਕੱਲੇ ਰਹਿੰਦੇ ਹਨ। ਐਪ ਆਪਣੇ ਆਪ ਨੂੰ ਇੱਕ "ਸੁਰੱਖਿਆ ਸਾਥੀ" ਵਜੋਂ ਬਿਆਨ ਕਰਦੀ ਹੈ।
ਚਾਹੇ ਤੁਸੀਂ ਇਕੱਲੇ ਰਹਿਣ ਵਾਲੇ ਦਫ਼ਤਰੀ ਮੁਲਾਜ਼ਮ ਹੋ, ਘਰ ਤੋਂ ਦੂਰ ਰਹਿਣ ਵਾਲੇ ਵਿਦਿਆਰਥੀ ਹੋ ਜਾਂ ਕੋਈ ਵੀ ਅਜਿਹਾ ਵਿਅਕਤੀ ਹੋ ਜਿਸ ਨੇ ਇਕੱਲੇ ਰਹਿਣਾ ਚੁਣਿਆ ਹੈ।
ਚੀਨੀ ਸੋਸ਼ਲ ਮੀਡੀਆ 'ਤੇ ਇੱਕ ਉਪਭੋਗਤਾ ਨੇ ਕਿਹਾ, "ਆਪਣੇ ਜੀਵਨ ਦੇ ਕਿਸੇ ਵੀ ਪੜਾਅ 'ਤੇ ਇਕੱਲੇ ਰਹਿਣ ਵਾਲੇ ਲੋਕਾਂ ਨੂੰ ਇਸ ਵਰਗੀ ਚੀਜ਼ ਦੀ ਜ਼ਰੂਰਤ ਹੈ, ਜਿਵੇਂ ਕਿ ਇੰਟ੍ਰੋਵਰਟਸ, ਡਿਪਰੈਸ਼ਨ ਤੋਂ ਪੀੜਤ ਲੋਕ, ਬੇਰੁਜ਼ਗਾਰ ਅਤੇ ਹੋਰ ਕਮਜ਼ੋਰ ਹਾਲਤਾਂ ਵਿੱਚ ਰਹਿ ਰਹੇ ਲੋਕ।"
ਇੱਕ ਹੋਰ ਵਿਅਕਤੀ ਨੇ ਕਿਹਾ, "ਇਹ ਡਰ ਬਣਿਆ ਰਹਿੰਦਾ ਹੈ ਕਿ ਇਕੱਲੇ ਰਹਿਣ ਵਾਲੇ ਲੋਕ ਸ਼ਾਇਦ ਕਿਸੇ ਦੇ ਧਿਆਨ ਵਿੱਚ ਆਏ ਬਿਨਾਂ ਹੀ ਮਰ ਜਾਣ ਅਤੇ ਮਦਦ ਮੰਗਣ ਲਈ ਵੀ ਕੋਈ ਨਾ ਹੋਵੇ। ਕਦੇ-ਕਦੇ ਮੈਂ ਸੋਚਦਾ ਹਾਂ: ਜੇ ਮੈਂ ਇਕੱਲਾ ਮਰ ਗਿਆ, ਤਾਂ ਮੇਰੀ ਮ੍ਰਿਤਕ ਦੇਹ ਨੂੰ ਕੌਣ ਚੁੱਕੇਗਾ?"
ਕਿਸਮਤ ਖਰਾਬ?
ਵਿਲਸਨ ਹੋਊ, ਜਿਨ੍ਹਾਂ ਦੀ ਉਮਰ 38 ਸਾਲ ਹੈ, ਆਪਣੇ ਪਰਿਵਾਰ ਤੋਂ ਲਗਭਗ 100 ਕਿਲੋਮੀਟਰ ਦੂਰ ਰਹਿੰਦੇ ਹਨ ਅਤੇ ਉਹ ਕਹਿੰਦੇ ਹਨ ਕਿ ਇਹੀ ਕਾਰਨ ਹੈ ਕਿ ਉਨ੍ਹਾਂ ਨੇ ਇਹ ਐਪ ਡਾਊਨਲੋਡ ਕੀਤੀ ਹੈ। ਉਹ ਰਾਜਧਾਨੀ ਬੀਜਿੰਗ ਵਿੱਚ ਕੰਮ ਕਰਦੇ ਹਨ। ਉਹ ਹਫ਼ਤੇ ਵਿੱਚ ਦੋ ਵਾਰ ਆਪਣੀ ਪਤਨੀ ਅਤੇ ਪੁੱਤਰ ਨੂੰ ਮਿਲਣ ਘਰ ਜਾਂਦੇ ਹਨ, ਪਰ ਇੱਕ ਪ੍ਰੋਜੈਕਟ 'ਤੇ ਕੰਮ ਕਰਨ ਕਰਕੇ ਉਨਾਂ ਨੂੰ ਜ਼ਿਆਦਾਤਰ ਸਮਾਂ ਉਨ੍ਹਾਂ ਤੋਂ ਦੂਰ ਰਹਿਣਾ ਪੈਂਦਾ ਹੈ।
ਉਹ ਕਹਿੰਦੇ ਹਨ, "ਮੈਨੂੰ ਚਿੰਤਾ ਹੈ ਕਿ ਜੇਕਰ ਮੈਨੂੰ ਕੁਝ ਹੋ ਜਾਂਦਾ ਹੈ, ਤਾਂ ਮੈਂ ਕਿਰਾਏ ਵਾਲੇ ਘਰ 'ਚ ਇਕੱਲਾ ਮਰ ਸਕਦਾ ਹਾਂ ਅਤੇ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ। ਇਸ ਲਈ ਮੈਂ ਐਪ ਡਾਊਨਲੋਡ ਕੀਤੀ ਅਤੇ ਆਪਣੀ ਮਾਂ ਨੂੰ ਐਮਰਜੈਂਸੀ ਸੰਪਰਕ ਵਜੋਂ ਰੱਖਿਆ।"
ਵਿਲਸਨ ਅੱਗੇ ਕਹਿੰਦੇ ਹਨ ਕਿ ਉਨ੍ਹਾਂ ਨੇ ਐਪ ਦੇ ਰਿਲੀਜ਼ ਹੋਣ ਤੋਂ ਤੁਰੰਤ ਬਾਅਦ ਇਸ ਨੂੰ ਡਾਊਨਲੋਡ ਕਰ ਲਿਆ ਸੀ, ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਇਸ ਦੇ ਨਕਾਰਾਤਮਕ ਨਾਮ ਕਾਰਨ ਇਸ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ।
ਕੁਝ ਲੋਕ ਐਪ ਦੇ ਮਨਹੂਸੀਅਤ ਭਰੇ ਨਾਮ ਦੀ ਆਲੋਚਨਾ ਕਰਦੇ ਹਨ ਅਤੇ ਮੰਨਦੇ ਹਨ ਕਿ ਇਸ 'ਤੇ ਸਾਈਨ-ਅੱਪ ਕਰਨਾ ਬਦਕਿਸਮਤੀ ਲਿਆ ਸਕਦਾ ਹੈ। ਕੁਝ ਲੋਕ ਨਾਮ ਨੂੰ ਬਦਲ ਕੇ ਕੁਝ ਸਕਾਰਾਤਮਕ ਰੱਖਣ ਦੀ ਮੰਗ ਕਰ ਰਹੇ ਹਨ, ਜਿਵੇਂ ਕਿ "ਕੀ ਤੁਸੀਂ ਠੀਕ ਹੋ?" (ਆਰ ਯੂ ਓਕੇ?) ਜਾਂ "ਤੁਸੀਂ ਕਿਵੇਂ ਹੋ?" (ਹਾਓ ਆਰ ਯੂ?)।
ਹਾਲਾਂਕਿ ਇਸ ਐਪ ਦੀ ਸਫਲਤਾ ਦਾ ਇੱਕ ਕਾਰਨ ਇਸ ਦਾ ਧਿਆਨ ਖਿੱਚਣ ਵਾਲਾ ਨਾਮ ਹੈ, ਪਰ ਇਸ ਨੂੰ ਬਣਾਉਣ ਵਾਲੀ ਕੰਪਨੀ, ਮੂਨਸਕੇਪ ਟੈਕਨਾਲੋਜੀਜ਼ ਨੇ ਕਿਹਾ ਕਿ ਉਹ ਮੌਜੂਦਾ ਨਾਮ ਦੀ ਆਲੋਚਨਾ ਨੂੰ ਧਿਆਨ ਵਿੱਚ ਰੱਖ ਰਹੇ ਹਨ ਅਤੇ ਇਸ ਨੂੰ ਬਦਲਣ 'ਤੇ ਵਿਚਾਰ ਕਰ ਰਹੇ ਹਨ।
ਐਪ ਬਣਾਉਣ ਵਾਲੇ
ਐਪ ਦਾ ਮੌਜੂਦਾ ਨਾਮ ਸ਼ਬਦਾਂ ਦੀ ਇੱਕ ਖੇਡ ਹੈ, ਜੋ ਕਿ ਖਾਣਾ ਡਿਲੀਵਰ ਕਰਨ ਵਾਲੀ ਇੱਕ ਮਸ਼ਹੂਰ ਐਪ "ਕੀ ਤੁਸੀਂ ਭੁੱਖੇ ਹੋ?" (ਆਰ ਯੂ ਹੰਗਰੀ?) ਨਾਲ ਮਿਲਦਾ-ਜੁਲਦਾ ਹੈ। ਚੀਨੀ ਭਾਸ਼ਾ ਵਿੱਚ, "ਸਿ-ਲੇ-ਮਾ" (ਕੀ ਤੁਸੀਂ ਮਰ ਗਏ ਹੋ?) ਦਾ ਉਚਾਰਨ ਭੋਜਨ ਵਾਲੀ ਐਪ "ਈ-ਲੇ-ਮਾ" ਵਰਗਾ ਹੀ ਲੱਗਦਾ ਹੈ।
ਸ਼ੁਰੂ ਵਿੱਚ ਇਹ ਇੱਕ ਮੁਫ਼ਤ ਐਪ ਵਜੋਂ ਲਾਂਚ ਕੀਤੀ ਗਈ ਸੀ, ਪਰ ਹੁਣ ਇਸਦੀ ਕੀਮਤ 8 ਯੂਆਨ (ਲਗਭਗ 1.15 ਅਮਰੀਕੀ ਡਾਲਰ) ਹੈ। ਅੰਤਰਰਾਸ਼ਟਰੀ ਪੱਧਰ 'ਤੇ ਇਹ ਐਪ "ਡੇਮੁਮੁ" ਦੇ ਨਾਮ ਹੇਠ ਦਰਜ ਹੈ ਅਤੇ ਇਹ ਅਮਰੀਕਾ, ਸਿੰਗਾਪੁਰ ਅਤੇ ਹਾਂਗਕਾਂਗ ਵਿੱਚ ਦੂਜੇ ਨੰਬਰ 'ਤੇ ਹੈ, ਜਦਕਿ ਆਸਟ੍ਰੇਲੀਆ ਅਤੇ ਸਪੇਨ ਵਿੱਚ ਯੂਟਲਿਟੀ ਐਪਸ ਵਿੱਚ ਚੌਥੇ ਨੰਬਰ 'ਤੇ ਹੈ। ਇਸ ਦਾ ਕਾਰਨ ਸ਼ਾਇਦ ਵਿਦੇਸ਼ਾਂ ਵਿੱਚ ਰਹਿਣ ਵਾਲੇ ਚੀਨੀ ਉਪਭੋਗਤਾ ਹਨ।
"ਆਰ ਯੂ ਡੈੱਡ?" ਐਪ ਬਣਾਉਣ ਵਾਲਿਆ ਬਾਰੇ ਬਹੁਤ ਘੱਟ ਜਾਣਕਾਰੀ ਹੈ, ਪਰ ਕਿਹਾ ਜਾਂਦਾ ਹੈ ਕਿ ਇਹ 1995 ਤੋਂ ਬਾਅਦ ਪੈਦਾ ਹੋਏ ਤਿੰਨ ਨੌਜਵਾਨ ਹਨ, ਜਿਨ੍ਹਾਂ ਨੇ ਇੱਕ ਛੋਟੀ ਟੀਮ ਦੇ ਨਾਲ ਝੇਂਗਜ਼ੂ ਤੋਂ ਇਹ ਐਪ ਤਿਆਰ ਕੀਤੀ ਹੈ।
ਪਰ ਇਸ ਐਪ ਦੀ ਕੀਮਤ ਬਹੁਤ ਵਧ ਗਈ ਹੈ। ਇਸ ਦੇ ਕ੍ਰਿਏਟਰਾਂ ਵਿੱਚੋਂ ਇੱਕ, ਜਿਸ ਨੂੰ ਮਿਸਟਰ ਗੁਓ ਵਜੋਂ ਜਾਣਿਆ ਜਾਂਦਾ ਹੈ, ਨੇ ਚੀਨੀ ਮੀਡੀਆ ਨੂੰ ਦੱਸਿਆ ਕਿ ਉਹ ਕੰਪਨੀ ਦਾ 10 ਫੀਸਦੀ ਹਿੱਸਾ ਦਸ ਲੱਖ ਯੂਆਨ ( 140,000 ਅਮਰੀਕੀ ਡਾਲਰ) ਵਿੱਚ ਵੇਚ ਕੇ ਫੰਡ ਇਕੱਠਾ ਕਰਨਾ ਚਾਹੁੰਦੇ ਹਨ। ਇਹ ਉਸ ਇੱਕ ਹਜ਼ਾਰ ਯੂਆਨ (140 ਡਾਲਰ) ਤੋਂ ਕਿਤੇ ਜ਼ਿਆਦਾ ਹੈ ਜੋ ਉਨ੍ਹਾਂ ਦੇ ਮੁਤਾਬਕ ਐਪ ਬਣਾਉਣ 'ਤੇ ਖਰਚ ਹੋਇਆ ਸੀ।
ਇਸ ਤੋਂ ਇਲਾਵਾ, ਉਹ ਆਪਣੇ ਦਾਇਰੇ ਨੂੰ ਵਧਾਉਣ ਅਤੇ ਖਾਸ ਤੌਰ 'ਤੇ ਬਜ਼ੁਰਗਾਂ ਲਈ ਤਿਆਰ ਕੀਤੇ ਗਏ ਇੱਕ ਨਵੇਂ ਉਤਪਾਦ ਬਾਰੇ ਵੀ ਵਿਚਾਰ ਕਰ ਰਹੇ ਹਨ। ਚੀਨ ਦੀ ਆਬਾਦੀ ਦਾ 5ਵਾਂ ਹਿੱਸਾ 60 ਸਾਲ ਤੋਂ ਵੱਧ ਉਮਰ ਦਾ ਹੈ।
ਇਸ ਗੱਲ ਦੇ ਸੰਕੇਤ ਵਜੋਂ ਕਿ ਕੰਪਨੀ ਇਸ ਵਿਕਲਪ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ, ਉਨ੍ਹਾਂ ਨੇ ਵੀਕੈਂਡ 'ਤੇ ਪੋਸਟ ਕੀਤਾ, "ਅਸੀਂ ਚਾਹੁੰਦੇ ਹਾਂ ਕਿ ਹੋਰ ਲੋਕ ਆਪਣੇ ਘਰਾਂ ਵਿੱਚ ਇਕੱਲੇ ਰਹਿ ਰਹੇ ਬਜ਼ੁਰਗਾਂ ਵੱਲ ਧਿਆਨ ਦੇਣ, ਉਨ੍ਹਾਂ ਨੂੰ ਵਧੇਰੇ ਦੇਖਭਾਲ ਅਤੇ ਪਿਆਰ ਦੇਣ। ਉਨ੍ਹਾਂ ਦੇ ਵੀ ਸੁਫਨੇ ਹਨ, ਉਹ ਜਿਓਣ ਲਈ ਸੰਘਰਸ਼ ਕਰਦੇ ਹਨ, ਅਤੇ ਉਹ ਸਤਿਕਾਰ ਅਤੇ ਸੁਰੱਖਿਆ ਦੇ ਹੱਕਦਾਰ ਹਨ।"
ਕੰਪਨੀ ਨੇ ਬੀਬੀਸੀ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ