You’re viewing a text-only version of this website that uses less data. View the main version of the website including all images and videos.
ਏਆਰ ਰਹਿਮਾਨ ਨੇ ਮੰਨਿਆ, ਅੱਠ ਸਾਲਾਂ ਤੋਂ ਬਾਲੀਵੁੱਡ 'ਚ ਕੰਮ ਮਿਲਣਾ ਬੰਦ ਹੋ ਗਿਆ, ਪੰਜਾਬੀ 'ਚ ਨੁਸਰਤ ਤੇ ਸੁਖਵਿੰਦਰ ਤੋਂ ਕਿਵੇਂ ਪ੍ਰਭਾਵਿਤ ਹੋਏ
- ਲੇਖਕ, ਹਾਰੂਨ ਰਸ਼ੀਦ
- ਰੋਲ, ਬੀਬੀਸੀ ਏਸ਼ੀਅਨ ਨੈੱਟਵਰਕ
ਕਈ ਬਾਲੀਵੁੱਡ ਫ਼ਿਲਮਾਂ ਨੂੰ ਯਾਦਗਾਰ ਸੰਗੀਤ ਦੇਣ ਵਾਲੇ ਆਸਕਰ ਅਵਾਰਡ ਜੇਤੂ ਸੰਗੀਤਕਾਰ ਏਆਰ ਰਹਿਮਾਨ ਨੇ ਮੰਨਿਆ ਹੈ ਕਿ ਪਿਛਲੇ ਅੱਠ ਸਾਲਾਂ ਦੌਰਾਨ ਬਾਲੀਵੁੱਡ ਵਿੱਚ ਉਨ੍ਹਾਂ ਨੂੰ ਕੰਮ ਮਿਲਣਾ ਬੰਦ ਹੋ ਗਿਆ ਹੈ।
ਬੀਬੀਸੀ ਨਾਲ ਇੱਕ ਖ਼ਾਸ ਇੰਟਰਵਿਊ ਦੌਰਾਨ ਏਆਰ ਰਹਿਮਾਨ ਨੇ ਆਪਣੇ ਸੰਗੀਤਕ ਸਫ਼ਰ, ਬਦਲਦੇ ਸਿਨੇਮਾ, ਭਵਿੱਖ ਦੀਆਂ ਯੋਜਨਾਵਾਂ ਅਤੇ ਸਮਾਜ ਦੇ ਮੌਜੂਦਾ ਮਾਹੌਲ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਨਿਤੇਸ਼ ਤਿਵਾਰੀ ਦੀ ਆਉਣ ਵਾਲੀ ਫ਼ਿਲਮ 'ਰਾਮਾਇਣ' ਲਈ ਉਨ੍ਹਾਂ ਨੇ ਐਲਬਮ ਕੰਪੋਜ਼ ਕੀਤੀ ਹੈ। ਵੱਖਰੇ ਧਰਮ ਨਾਲ ਸਬੰਧਤ ਹੋਣ ਦੇ ਬਾਵਜੂਦ ਇਸ ਫ਼ਿਲਮ ਲਈ ਸੰਗੀਤ ਦੇਣ ਬਾਰੇ ਉੱਠੇ ਸਵਾਲਾਂ ਦਾ ਵੀ ਉਨ੍ਹਾਂ ਨੇ ਜਵਾਬ ਦਿੱਤਾ।
ਪਿਛਲੇ ਸਾਲ ਆਈ ਫ਼ਿਲਮ 'ਛਾਵਾ' ਵਿੱਚ ਵੀ ਏਆਰ ਰਹਿਮਾਨ ਨੇ ਸੰਗੀਤ ਦਿੱਤਾ ਸੀ। ਕਈ ਇਤਿਹਾਸਕਾਰਾਂ ਨੇ ਇਸ ਫ਼ਿਲਮ ਨੂੰ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲੀ ਅਤੇ ਵੰਡ ਪੈਦਾ ਕਰਨ ਵਾਲੀ ਦੱਸਿਆ ਸੀ। ਫ਼ਿਲਮ ਦੀ ਰਿਲੀਜ਼ ਦੌਰਾਨ ਮਹਾਰਾਸ਼ਟਰ ਦੇ ਕੁਝ ਇਲਾਕਿਆਂ ਵਿੱਚ ਹਿੰਸਾ ਵੀ ਹੋਈ ਸੀ।
'ਰੋਜ਼ਾ ਦਾ ਟਰੈਕ ਬਿਨਾਂ ਪੁੱਛੇ ਵਰਤਿਆ ਗਿਆ'
ਫ਼ਿਲਮ 'ਐਨੀਮਲ' ਵਿੱਚ 'ਰੋਜ਼ਾ' ਫ਼ਿਲਮ ਦਾ ਇੱਕ ਸਾਊਂਡ ਟਰੈਕ ਵੱਜਦਾ ਹੈ, ਜੋ ਨਵੀਂ ਪੀੜ੍ਹੀ ਨੂੰ ਏਆਰ ਰਹਿਮਾਨ ਦੇ ਸੰਗੀਤ ਨਾਲ ਜਾਣੂ ਕਰਾਉਂਦਾ ਹੈ।
ਹੁਣ ਜਦੋਂ ਰਹਿਮਾਨ 'ਐਨੀਮਲ' ਵਿੱਚ 'ਛੋਟੀ ਸੀ ਆਸ਼ਾ' ਸੁਣਦੇ ਹਨ, ਲੋਕ ਇਸਨੂੰ ਇੰਸਟਾਗ੍ਰਾਮ ਅਤੇ ਟਿਕਟੌਕ 'ਤੇ ਵਰਤ ਰਹੇ ਹਨ, ਇਹ ਹਰ ਥਾਂ ਟ੍ਰੈਂਡ ਕਰ ਰਿਹਾ ਹੈ। ਉਨ੍ਹਾਂ ਨੂੰ ਇਹ ਕਿਵੇਂ ਲੱਗਦਾ ਹੈ ਕਿ 33 ਸਾਲ ਪਹਿਲਾਂ ਬਣਾਇਆ ਗਿਆ ਕੁਝ, ਅੱਜ ਨਵੀਂ ਜ਼ਿੰਦਗੀ ਹਾਸਲ ਕਰ ਰਿਹਾ ਹੈ?
ਇਸ ਸਵਾਲ 'ਤੇ ਰਹਿਮਾਨ ਕਹਿੰਦੇ ਹਨ, "ਇਹ ਨੋਸਟੈਲਜਿਕ ਹੈ। ਉਨ੍ਹਾਂ ਨੇ ਮੈਨੂੰ ਕਦੇ ਪੁੱਛਿਆ ਵੀ ਨਹੀਂ। ਰਿਲੀਜ਼ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਅਸੀਂ ਇਸਦਾ ਇਸਤੇਮਾਲ ਕਰ ਰਹੇ ਹਾਂ। ਔਰਿਜਨਲ ਰਿਕਾਰਡ ਹੋਣ ਦੇ ਬਾਵਜੂਦ ਅਸੀਂ ਇਸਦਾ ਐਟਮੋਸ ਮਿਕਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਇਹ ਅਜੇ ਵੀ ਬਹੁਤ ਵਧੀਆ ਸੁਣਾਈ ਦਿੰਦਾ ਹੈ।"
ਪਰ 33 ਸਾਲ ਪਹਿਲਾਂ ਇਸ ਸਾਊਂਡਟ੍ਰੈਕ ਦੇ ਰਿਲੀਜ਼ ਹੋਣ ਦਾ ਦਿਨ ਉਨ੍ਹਾਂ ਨੂੰ ਅੱਜ ਵੀ ਯਾਦ ਹੈ।
ਉਹ ਕਹਿੰਦੇ ਹਨ, "ਰੋਜ਼ਾ ਕਰਨ ਵੇਲੇ ਮੈਨੂੰ ਬਹੁਤ ਨਿਰਾਸ਼ਾ ਮਿਲੀ ਸੀ। ਮੇਰਾ ਮਨ ਸੀ ਕਿ ਠੀਕ ਹੈ, ਇਹ ਕਰ ਲੈਂਦਾ ਹਾਂ ਅਤੇ ਫਿਰ ਨਿਕਲ ਜਾਵਾਂਗਾ ਅਤੇ ਆਪਣੇ ਐਲਬਮ ਬਣਾਵਾਂਗਾ। ਮੈਂ ਫ਼ਿਲਮਾਂ ਵਿੱਚ ਨਹੀਂ ਰਹਿਣਾ ਸੀ ਕਿਉਂਕਿ ਮੇਰਾ ਪੂਰਾ ਬਚਪਨ ਫ਼ਿਲਮਾਂ ਵਿੱਚ ਬੀਤਿਆ ਸੀ। ਕਿਸਮਤ ਨਾਲ ਸਭ ਕੁਝ ਉਵੇਂ ਬਦਲ ਗਿਆ ਜਿਵੇਂ ਮੈਂ ਚਾਹੁੰਦਾ ਸੀ, ਡੋਲਬੀ ਆਇਆ, ਫਿਰ ਡੀਟੀਐੱਸ ਆਇਆ, ਸਾਊਂਡ ਬਿਹਤਰ ਹੋਇਆ।"
"ਮੈਂ ਥੋੜ੍ਹਾ ਨਿਰਾਸ਼ਾਵਾਦੀ ਸੀ। ਪਰ ਫਿਰ ਸਭ ਕੁਝ ਬਦਲ ਗਿਆ। ਇੰਨੀ ਤੇਜ਼ੀ ਨਾਲ ਤਕਨਾਲੋਜੀ ਆਈ। ਪੰਜ ਸਾਲਾਂ ਵਿੱਚ ਡੀਟੀਐੱਸ ਡਿਜੀਟਲ ਅਤੇ ਡੋਲਬੀ ਆ ਗਏ। ਇਸ ਨਾਲ ਮੈਨੂੰ ਕਾਮਯਾਬੀ ਅਤੇ ਅਵਾਰਡ ਵੀ ਮਿਲੇ, ਤਾਂ ਮੈਂ ਕਿਹਾ ਠੀਕ ਹੈ, ਛੱਡਣ ਤੋਂ ਪਹਿਲਾਂ ਥੋੜ੍ਹਾ ਹੋਰ। ਅਤੇ ਦਸ ਸਾਲਾਂ ਬਾਅਦ ਮੈਂ ਕਿਹਾ ਹੁਣ ਛੱਡਣ ਦੀ ਗੱਲ ਬੰਦ।"
ਰੋਜ਼ਾ ਦਾ ਸੰਗੀਤ ਬਣਾਉਂਦੇ ਹੋਏ ਆਪਣੇ ਸ਼ੁਰੂਆਤੀ ਸੰਘਰਸ਼ ਬਾਰੇ ਉਹ ਕਹਿੰਦੇ ਹਨ, "ਜਦੋਂ ਮੈਂ 16 ਟਰੈਕ 'ਤੇ ਸੰਗੀਤ ਮਿਕਸ ਕਰਨਾ ਸ਼ੁਰੂ ਕੀਤਾ, ਉਸ ਵੇਲੇ ਹੋਰ ਸਟੂਡੀਓਜ਼ ਵਿੱਚ ਸਿਰਫ਼ 3 ਟਰੈਕ ਹੁੰਦੇ ਸਨ। ਮੈਨੂੰ ਲੱਗਿਆ ਇਹ ਸੰਗੀਤ ਟਿਕੇਗਾ ਅਤੇ ਜਿਵੇਂ ਹੈ, ਉਵੇਂ ਹੀ ਸੁਣਾਈ ਦੇਵੇਗਾ। ਇਸ ਵਿੱਚ ਕੋਈ ਗਿਰਾਵਟ ਨਹੀਂ ਹੋਵੇਗੀ।"
"ਮੈਂ ਇਸਨੂੰ ਡਾਕਿਊਮੈਂਟ ਕਰਨਾ ਅਤੇ ਸਟੋਰ ਕਰਨਾ ਸੀ, ਆਰਕਾਈਵ ਕਰਨਾ ਸੀ। ਮੇਰੇ ਕੋਲ ਟੇਪਾਂ ਦੇ ਪੈਸੇ ਨਹੀਂ ਸਨ, ਇਸ ਲਈ ਮੈਨੂੰ ਆਪਣੇ ਸਾਰੇ ਬੈਕਗਰਾਊਂਡ ਸਕੋਰ ਅਤੇ ਪੁਰਾਣੇ ਗਾਣੇ ਮਿਟਾਉਣੇ ਪਏ। ਮੇਰੇ ਕੋਲ ਗਾਣਿਆਂ ਦੀਆਂ ਟੇਪਾਂ ਹਨ ਪਰ ਸਕੋਰ ਨਹੀਂ ਹਨ। ਕਿਉਂਕਿ ਫ਼ਿਲਮਾਂ ਲਈ ਮੈਨੂੰ ਬਹੁਤ ਘੱਟ ਪੈਸੇ ਮਿਲਦੇ ਸਨ। ਜਿੰਨਾ ਇੱਕ ਜਿੰਗਲ ਲਈ ਮਿਲਦਾ ਸੀ, ਓਨਾ ਮੈਨੂੰ ਛੇ ਮਹੀਨੇ ਦੀ ਫ਼ਿਲਮ ਦੇ ਕੰਮ ਲਈ ਮਿਲਦਾ ਸੀ। ਪਰ ਮੈਂ ਸਮਝ ਗਿਆ ਸੀ ਕਿ ਮੈਂ ਅੱਗੇ ਵਧ ਰਿਹਾ ਹਾਂ।"
ਬਾਲੀਵੁੱਡ ਵਿੱਚ ਥਾਂ ਬਣਾਉਣ ਦੀ ਜੱਦੋਜਹਿਦ
ਕੀ 'ਦਿਲ ਸੇ' ਤੱਕ ਪਹੁੰਚਣ ਤੋਂ ਬਾਅਦ ਹੀ ਏਆਰ ਰਹਿਮਾਨ ਨੂੰ ਪੂਰੇ ਭਾਰਤ ਵਿੱਚ ਪਛਾਣ ਮਿਲੀ?
ਇਸ 'ਤੇ ਉਹ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਰੰਗੀਲਾ। ਰਾਮ ਗੋਪਾਲ ਵਰਮਾ ਮਣੀ ਰਤਨਮ ਦੇ ਦੋਸਤ ਸਨ। ਇੱਕ ਦਿਨ ਆਏ ਅਤੇ ਕਿਹਾ ਮੈਂ ਇੱਕ ਫ਼ਿਲਮ ਕਰ ਰਿਹਾ ਹਾਂ। ਉਨ੍ਹਾਂ ਦੀ 'ਸ਼ਿਵਾ' ਬਹੁਤ ਵੱਡੀ ਹਿੱਟ ਸੀ। ਉਨ੍ਹਾਂ ਨੇ ਕਿਹਾ ਮੈਨੂੰ ਤੁਹਾਡਾ ਸੰਗੀਤ ਪਸੰਦ ਹੈ ਅਤੇ ਮੈਂ ਤੁਹਾਡੇ ਨਾਲ ਕੰਮ ਕਰਨਾ ਚਾਹੁੰਦਾ ਹਾਂ।"
"ਉਹ ਮਣੀ ਰਤਨਮ ਤੋਂ ਬਿਲਕੁਲ ਵੱਖਰੇ ਸਨ। ਤਿੰਨ ਫ਼ਿਲਮਾਂ ਤੋਂ ਬਾਅਦ ਵੀ ਮੈਂ ਆਉਟਸਾਈਡਰ ਹੀ ਸੀ, ਪਰ 'ਤਾਲ' ਹਰ ਘਰ ਤੱਕ ਪਹੁੰਚ ਗਈ। ਅੱਜ ਵੀ ਜ਼ਿਆਦਾਤਰ ਉੱਤਰ ਭਾਰਤੀਆਂ ਦੇ ਖੂਨ ਵਿੱਚ ਹੈ ਕਿਉਂਕਿ ਉਸ ਵਿੱਚ ਥੋੜ੍ਹਾ ਪੰਜਾਬੀ, ਹਿੰਦੀ ਅਤੇ ਪਹਾੜੀ ਸੰਗੀਤ ਹੈ।"
ਬੀਬੀਸੀ ਨੇ ਪੁੱਛਿਆ, ਇਹ ਦਿਲਚਸਪ ਹੈ ਕਿ ਰਹਿਮਾਨ ਖੁਦ ਨੂੰ 1999 ਤੱਕ ਆਉਟਸਾਈਡਰ ਕਹਿੰਦੇ ਹਨ, ਜਦਕਿ 'ਰੋਜ਼ਾ' 1992 ਵਿੱਚ ਆ ਗਈ ਸੀ ਅਤੇ 7-8 ਸਾਲਾਂ ਤੱਕ ਤੁਸੀਂ 'ਬਾਂਬੇ', 'ਰੰਗੀਲਾ', 'ਦਿਲ ਸੇ', 'ਤਾਲ' ਵਰਗੇ ਸਭ ਤੋਂ ਵੱਡੇ ਸਾਊਂਡਟ੍ਰੈਕ ਬਣਾ ਰਹੇ ਸੀ, ਫਿਰ ਵੀ ਤੁਹਾਨੂੰ ਨਹੀਂ ਲੱਗਿਆ ਕਿ ਤੁਸੀਂ ਉਸ ਜਗ੍ਹਾ ਨਾਲ ਜੁੜ ਗਏ ਹੋ?
ਰਹਿਮਾਨ ਕਹਿੰਦੇ ਹਨ, "ਮੈਂ ਹਿੰਦੀ ਨਹੀਂ ਬੋਲਦਾ ਸੀ। ਤਮਿਲ ਵਿਅਕਤੀ ਲਈ ਹਿੰਦੀ ਸਿੱਖਣਾ ਔਖਾ ਹੁੰਦਾ ਹੈ ਕਿਉਂਕਿ ਸਾਨੂੰ ਤਮਿਲ ਨਾਲ ਬਹੁਤ ਲਗਾਅ ਹੈ। ਪਰ ਸੁਭਾਸ਼ ਘਈ ਨੇ ਕਿਹਾ ਮੈਨੂੰ ਤੁਹਾਡਾ ਸੰਗੀਤ ਪਸੰਦ ਹੈ ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਇੱਥੇ ਵਧੇਰੇ ਸਮਾਂ ਰਹੋ, ਇਸ ਲਈ ਹਿੰਦੀ ਸਿੱਖੋ।"
"ਮੈਂ ਕਿਹਾ ਠੀਕ ਹੈ, ਮੈਂ ਹਿੰਦੀ ਸਿੱਖਾਂਗਾ ਅਤੇ ਇੱਕ ਕਦਮ ਅੱਗੇ ਵਧ ਕੇ ਉਰਦੂ ਸਿੱਖਾਂਗਾ, ਜੋ 60-70 ਦੇ ਦਹਾਕੇ ਦੇ ਹਿੰਦੀ ਸੰਗੀਤ ਦੀ ਮਾਂ ਹੈ। ਫਿਰ ਮੈਂ ਅਰਬੀ ਸਿੱਖ ਰਿਹਾ ਸੀ, ਜੋ ਉਚਾਰਣ ਵਿੱਚ ਉਰਦੂ ਨਾਲ ਮਿਲਦੀ ਹੈ। ਫਿਰ ਮੈਨੂੰ ਪੰਜਾਬੀ ਵਿੱਚ ਦਿਲਚਸਪੀ ਹੋਈ, ਨੁਸਰਤ ਦੇ ਗਾਣਿਆਂ ਅਤੇ ਸੁਖਵਿੰਦਰ ਦੇ ਪ੍ਰਭਾਵ ਨਾਲ।"
ਰਹਿਮਾਨ ਨੇ ਕਿਹਾ, "ਅਜੀਬ ਗੱਲ ਹੈ ਕਿ ਮੈਂ ਕਰਨਾਟਕ ਸੰਗੀਤ ਦਾ ਵਧੇਰੇ ਇਸਤੇਮਾਲ ਨਹੀਂ ਕੀਤਾ, ਕਿਉਂਕਿ ਉਸ 'ਚ ਪਹਿਲਾਂ ਹੀ ਕਾਫ਼ੀ ਕੰਮ ਕੀਤਾ ਸੀ। ਕਿਸੇ ਵੀ ਧੁਨ ਨੂੰ ਛੁਹਿੰਦਿਆਂ ਹੀ ਲੱਗਦਾ ਸੀ ਕਿ ਇਹ ਪਹਿਲਾਂ ਸੁਣੀ ਹੋਈ ਹੈ। ਇਸ ਲਈ ਮੈਂ ਹਿੰਦੁਸਤਾਨੀ ਰਾਗਾਂ ਨੂੰ ਚੁਣਿਆ, ਜਿਵੇਂ ਦੇਸ਼, ਪੀਲੂ, ਦਰਬਾਰੀ। ਇਹ ਰਾਗ ਤਮਿਲ ਜਾਂ ਦੱਖਣੀ ਭਾਰਤੀ ਸੰਗੀਤ ਵਿੱਚ ਵਧੇਰੇ ਨਹੀਂ ਆਏ ਸਨ। ਇਹੀ ਕਾਰਨ ਹੈ ਕਿ ਇਹ ਉੱਤਰ ਭਾਰਤੀਆਂ ਨੂੰ ਵਧੇਰੇ ਪਸੰਦ ਆਏ। ਇਹ ਇੱਕ ਸੋਚ-ਸਮਝ ਕੇ ਲਿਆ ਗਿਆ ਫ਼ੈਸਲਾ ਸੀ ਕਿ ਕਰਨਾਟਕ ਸੰਗੀਤ ਦਾ ਇਸਤੇਮਾਲ ਨਾ ਕਰਾਂ।"
'ਛਾਵਾ ਇੱਕ ਵੰਡਣ ਵਾਲੀ ਫ਼ਿਲਮ ਹੈ'
ਬਾਲੀਵੁੱਡ ਵਿੱਚ ਸੰਗੀਤ ਬਣਾਉਂਦੇ ਹੋਏ ਏਆਰ ਰਹਿਮਾਨ ਨੇ ਕਈ ਅਜਿਹੀਆਂ ਰਚਨਾਵਾਂ ਦਿੱਤੀਆਂ ਹਨ, ਜੋ ਸਦਾਬਹਾਰ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ।
ਹਾਲ ਹੀ ਵਿੱਚ ਇੱਕ ਫ਼ਿਲਮ 'ਛਾਵਾ' ਆਈ, ਜਿਸ ਵਿੱਚ ਉਨ੍ਹਾਂ ਨੇ ਮਿਊਜ਼ਿਕ ਡਾਇਰੈਕਟਰ ਦੀ ਭੂਮਿਕਾ ਨਿਭਾਈ। ਇਸ ਫ਼ਿਲਮ ਦੇ ਸੰਗੀਤ ਨੂੰ ਵੀ ਕਾਫ਼ੀ ਸ਼ਲਾਘਾ ਵੀ ਮਿਲੀ।
ਹਾਲਾਂਕਿ ਰਿਲੀਜ਼ ਦੇ ਸਮੇਂ ਤੋਂ ਇਹ ਫ਼ਿਲਮ ਵਿਵਾਦਾਂ 'ਚ ਘਿਰੀ ਰਹੀ ਅਤੇ ਮਹਾਰਾਸ਼ਟਰ ਦੇ ਕੁਝ ਇਲਾਕਿਆਂ ਵਿੱਚ ਹਿੰਸਾ ਵੀ ਹੋਈ।
ਬੀਬੀਸੀ ਏਸ਼ੀਅਨ ਨੈੱਟਵਰਕ ਨਾਲ ਇੱਕ ਇੰਟਰਵਿਊ ਵਿੱਚ ਜਦੋਂ ਰਹਿਮਾਨ ਨੂੰ ਪੁੱਛਿਆ ਗਿਆ ਕਿ ਕੀ ਇਹ ਇੱਕ ਵੰਡਣ ਵਾਲੀ ਫਿਲਮ ਸੀ? ਤਾਂ ਉਨ੍ਹਾਂ ਕਿਹਾ, "ਇਹ ਇੱਕ ਵੰਡਣ ਵਾਲੀ ਫਿਲਮ ਹੈ।"
ਉਨ੍ਹਾਂ ਅੱਗੇ ਕਿਹਾ, "ਮੇਰਾ ਮੰਨਣਾ ਹੈ ਕਿ ਇਸ ਨੂੰ ਵੰਡ ਨੂੰ ਭੁਨਾਇਆ ਹੈ, ਪਰ ਮੈਨੂੰ ਲੱਗਦਾ ਹੈ ਕਿ ਇਸ ਦਾ ਮਕਸਦ ਬਹਾਦਰੀ ਦਿਖਾਉਣਾ ਹੈ, ਕਿਉਂਕਿ ਮੈਂ ਨਿਰਦੇਸ਼ਕ ਨੂੰ ਕਿਹਾ ਸੀ ਕਿ ਤੁਹਾਨੂੰ ਇਸ ਫਿਲਮ ਲਈ ਮੇਰੀ ਕਿਉਂ ਲੋੜ ਹੈ। ਉਨ੍ਹਾਂ ਨੇ ਕਿਹਾ, 'ਸਾਨੂੰ ਇਸ ਲਈ ਸਿਰਫ ਤੁਸੀਂ ਹੀ ਚਾਹੀਦੇ ਹੋ।''
ਰਹਿਮਾਨ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਇਸ ਵਿੱਚ ਬਹੁਤ ਕੁਝ ਹੈ ਅਤੇ ਇਸ ਦਾ ਅੰਤ ਵੀ ਦੇਖਣ ਲਾਇਕ ਹੈ, ਪਰ ਮੈਨੂੰ ਯਕੀਨਨ ਲੱਗਦਾ ਹੈ ਕਿ ਲੋਕ ਇਸ ਤੋਂ ਕਿਤੇ ਵੱਧ ਸਮਝਦਾਰ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਲੋਕ ਫਿਲਮਾਂ ਤੋਂ ਪ੍ਰਭਾਵਿਤ ਹੋ ਜਾਣਗੇ? ਲੋਕਾਂ ਅੰਦਰ ਇੱਕ ਜ਼ਮੀਰ ਹੁੰਦਾ ਹੈ ਜੋ ਜਾਣਦਾ ਹੈ ਕਿ ਸੱਚਾਈ ਕੀ ਹੈ ਅਤੇ ਚਾਲਬਾਜ਼ੀ ਕੀ ਹੈ।"
'ਰਾਮਾਇਣ' ਦਾ ਸੰਗੀਤ ਦੇਣ ਵੇਲੇ ਧਾਰਮਿਕ ਆਸਥਾ ਅੜਿੱਕੇ ਆਈ?
ਫਿਲਮ ਨਿਰਦੇਸ਼ਕ ਨਿਤੇਸ਼ ਤਿਵਾਰੀ ਦੀ ਫਿਲਮ 'ਰਾਮਾਇਣ' ਇਸ ਸਾਲ ਦੇ ਅੰਤ ਵਿੱਚ ਰਿਲੀਜ਼ ਹੋਣ ਵਾਲੀ ਹੈ ਅਤੇ ਏਆਰ ਰਹਿਮਾਨ ਨੇ ਇਸਦਾ ਸੰਗੀਤ ਤਿਆਰ ਕੀਤਾ ਹੈ।
ਜਦੋਂ ਪੁੱਛਿਆ ਗਿਆ ਕਿ ਕੀ ਇਸ ਫਿਲਮ ਲਈ ਸੰਗੀਤ ਤਿਆਰ ਕਰਦੇ ਸਮੇਂ ਕਦੇ ਉਨ੍ਹਾਂ ਦੀ ਆਪਣੀ ਆਸਥਾ ਦਾ ਸਵਾਲ ਖੜ੍ਹਾ ਹੋਇਆ?
ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, "ਮੈਂ ਇੱਕ 'ਬ੍ਰਾਹਮਣ ਸਕੂਲ' ਵਿੱਚ ਪੜ੍ਹਿਆ ਸੀ। ਹਰ ਸਾਲ ਰਾਮਾਇਣ ਅਤੇ ਮਹਾਭਾਰਤ ਹੁੰਦੀ ਸੀ, ਇਸ ਲਈ ਮੈਨੂੰ ਕਹਾਣੀ ਪਤਾ ਹੈ, ਕਿਸੇ ਵਿਅਕਤੀ ਦੇ ਗੁਣਾਂ ਦੀ ਕਹਾਣੀ। ਮੈਂ ਹਰੇਕ ਚੰਗੀ ਚੀਜ਼ ਨੂੰ ਮਹੱਤਤਾ ਦਿੰਦਾ ਹਾਂ।"
"ਗਿਆਨ ਉਹ ਹੈ ਜੋ ਤੁਸੀਂ ਹਰ ਰੋਜ਼, ਹਰ ਜਗ੍ਹਾ ਸਿੱਖ ਸਕਦੇ ਹੋ। ਸਾਨੂੰ ਤੰਗ-ਦਿਮਾਗੀ ਅਤੇ ਸੁਆਰਥ ਤੋਂ ਉੱਪਰ ਉੱਠਣਾ ਚਾਹੀਦਾ ਹੈ।"
"ਜੋ ਕ੍ਰਿਏਟਿਵ ਨਹੀਂ ਹਨ, ਉਨ੍ਹਾਂ ਕੋਲ ਪਾਵਰ ਹੈ"
ਬਹੁਤ ਸਾਰੇ ਫਿਲਮ ਨਿਰਮਾਤਾਵਾਂ ਅਤੇ ਕਲਾਕਾਰਾਂ ਨੇ ਦਾਅਵਾ ਕੀਤਾ ਹੈ ਕਿ ਬਾਲੀਵੁੱਡ ਵਿੱਚ ਤਾਮਿਲ ਭਾਈਚਾਰੇ ਨਾਲ ਵਿਤਕਰਾ ਦੇਖਿਆ ਜਾਂਦਾ ਰਿਹਾ ਹੈ। ਪਰ 1990 ਦੇ ਦਹਾਕੇ ਵਿੱਚ ਇਹ ਕਿਹੋ ਜਿਹਾ ਸੀ?
ਇਸ ਸਵਾਲ ਦੇ ਜਵਾਬ ਵਿੱਚ ਰਹਿਮਾਨ ਕਹਿੰਦੇ ਹਨ, "ਮੈਨੂੰ ਇਹ ਸਭ ਪਤਾ ਹੀ ਨਹੀਂ ਚੱਲਿਆ, ਜਾਂ ਸ਼ਾਇਦ ਮੇਰੇ ਤੋਂ ਲੁਕਾਇਆ ਗਿਆ। ਮੈਨੂੰ ਕਦੇ ਅਜਿਹਾ ਮਹਿਸੂਸ ਨਹੀਂ ਕੀਤਾ।"
ਹਾਲਾਂਕਿ ਉਹ ਕਹਿੰਦੇ ਹਨ, "ਪਿਛਲੇ ਅੱਠ ਸਾਲਾਂ ਵਿੱਚ ਸ਼ਾਇਦ ਸੱਤਾ ਵਿੱਚ ਬਦਲਾਅ ਹੋਇਆ ਹੈ ਅਤੇ ਜੋ ਰਚਨਾਤਮਕ ਨਹੀਂ ਹਨ, ਉਹ ਫੈਸਲੇ ਲੈ ਰਹੇ ਹਨ। ਸ਼ਾਇਦ ਫਿਰਕੂ ਗੱਲ ਵੀ ਹੋ ਰਹੀ ਹੋਵੇ, ਪਰ ਮੇਰੇ ਸਾਹਮਣੇ ਕਿਸੇ ਨੇ ਨਹੀਂ ਕਿਹਾ।''
"ਹਾਂ, ਕੁਝ-ਕੁਝ ਗੱਲਾਂ ਮੇਰੇ ਕੰਨਾਂ ਤੱਕ ਪਹੁੰਚੀਆਂ। ਜਿਵੇਂ, ਤੁਹਾਨੂੰ ਬੁਕ ਕੀਤਾ ਗਿਆ ਸੀ, ਪਰ ਦੂਜੀ ਮਿਊਜ਼ਿਕ ਕੰਪਨੀ ਨੇ ਫਿਲਮ ਫੰਡ ਕੀਤੀ ਅਤੇ ਆਪਣੇ ਸੰਗੀਤਕਾਰ ਲੈ ਆਏ। ਮੈਂ ਕਹਿੰਦਾ ਹਾਂ, ਠੀਕ ਹੈ, ਮੈਂ ਆਰਾਮ ਕਰਾਂਗਾ ਅਤੇ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰਾਂਗਾ। ਮੈਂ ਕੰਮ ਦੀ ਭਾਲ਼ 'ਚ ਨਹੀਂ ਹਾਂ। ਮੈਂ ਚਾਹੁੰਦਾ ਹਾਂ ਕਿ ਕੰਮ ਮੇਰੇ ਕੋਲ ਆਵੇ। ਮੈਂ ਚਾਹੁੰਦਾ ਹਾਂ ਕਿ ਮੇਰੀ ਮਿਹਨਤ ਅਤੇ ਇਮਾਨਦਾਰੀ ਮੈਨੂੰ ਚੀਜ਼ਾਂ ਦਿਵਾਏ। ਮੈਨੂੰ ਲੱਗਦਾ ਹੈ ਕਿ ਚੀਜ਼ਾਂ ਦੀ ਭਾਲ਼ ਕਰਨਾ ਮਾੜਾ ਸ਼ਗਨ ਹੈ। ਜੋ ਮੇਰਾ ਹੈ, ਈਸ਼ਵਰ ਮੈਨੂੰ ਦੇ ਦੇਣਗੇ।"
ਭਵਿੱਖ ਦੀਆਂ ਯੋਜਨਾਵਾਂ?
ਰਹਿਮਾਨ ਨੇ ਇਸ ਇੰਟਰਵਿਊ ਵਿੱਚ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਉਹ ਆਪਣੀ ਪਹੁੰਚ ਨੂੰ ਹੋਰ ਵਧਾਉਣ ਲਈ ਕਿਸ ਤਰ੍ਹਾਂ ਪੱਛਮੀ ਕਲਾਕਾਰਾਂ ਨਾਲ ਸਹਿਯੋਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਦੱਸਿਆ, "ਮੈਂ ਵਰਚੁਅਲ ਮੈਟਾ ਬੈਂਡ ਸੀਕ੍ਰੇਟ ਮਾਊਂਟੇਨ ਬਣਾਇਆ ਹੈ, ਜਿੱਥੇ ਡਾਇਵਰਸਿਟੀ (ਵਿਭਿੰਨਤਾ) ਹੈ। ਉਸ ਵਿੱਚ ਅਮਰੀਕੀ ਕੈਰੇਕਟਰ ਹੈ, ਆਇਰਿਸ਼ ਕੈਰੇਕਟਰ ਹੈ, ਅਫਰੀਕੀ, ਉੱਤਰ ਭਾਰਤੀ, ਦੱਖਣ ਭਾਰਤੀ ਅਤੇ ਇੱਕ ਚੀਨੀ ਕੈਰੇਕਟਰ ਹੈ। ਇਹ ਪੂਰੀ ਦੁਨੀਆ ਨੂੰ ਇਕੱਠੇ ਲਿਆਉਣ ਦੀ ਕੋਸ਼ਿਸ਼ ਹੈ।"
"ਪਰ ਗੱਲ ਇਹ ਹੈ ਵੀ ਕਿ ਜੇ ਮੈਂ ਭਾਰਤੀ ਸੰਗੀਤ ਨਾ ਬਣਾਉਂਦਾ ਤਾਂ ਮੈਂ ਕੀ ਕਰ ਰਿਹਾ ਹੁੰਦਾ? ਪਰ ਮੇਰਾ ਸੰਗੀਤ ਪੂਰੀ ਤਰ੍ਹਾਂ ਭਾਰਤੀ ਨਹੀਂ ਹੈ। ਜਿਸ ਤਰ੍ਹਾਂ ਮੈਂ ਸੰਗੀਤ ਤਿਆਰ ਕਰਦਾ ਹਾਂ ਉਹ ਪੂਰੀ ਤਰ੍ਹਾਂ ਨਾਲ ਭਾਰਤੀ ਨਹੀਂ ਹੈ।"
ਰਹਿਮਾਨ ਨੇ ਹਾਲੀਵੁੱਡ ਵਿੱਚ ਭਾਰਤੀ ਸੰਗੀਤ ਨਾਲ ਜੁੜਿਆ ਕੰਮ ਨਾ ਕਰਨ ਦੇ ਆਪਣੇ ਕਾਰਨ ਵੀ ਦੱਸੇ। ਉਨ੍ਹਾਂ ਕਿਹਾ, "ਹਾਲੀਵੁੱਡ ਇੰਡੀਅਨ ਸਟਫ ਬਾਰੇ ਜੋ ਕੁਝ ਵੀ ਹੁੰਦਾ ਹੈ, ਉਹ ਮੇਰੇ ਲਈ ਤਰਜੀਹ ਨਹੀਂ ਹੁੰਦਾ। ਕਿਉਂਕਿ ਇੰਡੀਅਨ ਮਿਊਜ਼ਿਕ ਤਾਂ ਮੈਂ ਕਰ ਹੀ ਰਿਹਾ ਹਾਂ। ਮੈਂ ਡੂੰਘਾਈ 'ਤੇ ਕੰਮ ਕਰਨਾ ਚਾਹੁੰਦਾ ਹਾਂ। ਬੈਂਡ ਇਸ ਬਾਰੇ ਵੀ ਬਹੁਤ ਉਤਸ਼ਾਹਿਤ ਹੈ, ਕਿਉਂਕਿ ਸਾਡੇ ਕੋਲ ਆਜ਼ਾਦੀ ਹੈ ਅਤੇ ਸਾਡੇ ਕੋਲ ਸ਼ਿਕਾਇਤ ਕਰਨ ਵਰਗਾ ਕੁਝ ਨਹੀਂ ਹੈ।"
ਪੱਛਮੀ ਕਲਾਕਾਰਾਂ ਨਾਲ ਸਹਿਯੋਗ ਦੇ ਸੰਬੰਧ ਵਿੱਚ ਉਹ ਕਹਿੰਦੇ ਹਨ, "ਪੱਛਮੀ ਕਲਾਕਾਰਾਂ ਦਾ ਭਾਰਤੀ ਕਲਾਕਾਰਾਂ ਨਾਲ ਸਹਿਯੋਗ ਕਰਨਾ ਬਹੁਤ ਵਧੀਆ ਗੱਲ ਹੈ। ਨਵੀਂ ਪੀੜ੍ਹੀ ਬਾਰੇ ਚੰਗੀ ਗੱਲ ਇਹ ਹੈ ਕਿ ਉਨ੍ਹਾਂ 'ਤੇ ਉਹ ਬੋਝ ਨਹੀਂ ਹੈ ਜੋ ਸਾਡੇ 'ਤੇ ਸੀ। ਉਹ ਕਿਸੇ ਦੀ ਪਰਵਾਹ ਨਹੀਂ ਕਰਦੇ।"
ਅਲਕਾ ਯਾਗਨਿਕ ਨਾਲ 'ਤੁਮ ਸਾਥ ਹੋ' ਅਤੇ ਸੁਖਵਿੰਦਰ ਸਿੰਘ ਨਾਲ 'ਰਮਤਾ ਜੋਗੀ' ਦੇ ਕੋਲੈਬੋਰੇਸ਼ਨ ਨੂੰ ਉਹ ਆਪਣੇ ਸਭ ਤੋਂ ਵਧੀਆ ਤਜ਼ਰਬਿਆਂ ਵਿੱਚੋਂ ਇੱਕ ਦੱਸਦੇ ਹਨ।
ਆਸ਼ਾ ਭੋਸਲੇ ਨਾਲ 'ਤਨਹਾ ਤਨਹਾ ਯਹਾਂ ਪੇ ਜੀਨਾ' ਦੇ ਕੋਲੈਬੋਰੇਸ਼ਨ ਨੂੰ ਬਿਹਤਰੀਨ ਕਹਿੰਦੇ ਹਨ।
ਉਹ ਕਹਿੰਦੇ ਹਨ, "ਆਸ਼ਾ ਭੋਸਲੇ ਦਿੱਗਜ ਹਨ। ਉਹ 90 ਦੀ ਉਮਰ ਪਾਰ ਕਰ ਚੁੱਕੇ ਹਨ ਅਤੇ ਅਜੇ ਵੀ ਗਾ ਰਹੇ ਹਨ। ਸਾਨੂੰ ਅਜਿਹੇ ਲਿਵਿੰਗ ਲੀਜੈਂਡ ਨੂੰ ਕਿਉਂ ਸੈਲੀਬ੍ਰੇਟ ਨਹੀਂ ਕਰਨਾ ਚਾਹੀਦਾ? ਮੈਂ ਉਨ੍ਹਾਂ ਕੋਲ ਗਿਆ ਅਤੇ ਕਿਹਾ ਕਿ ਮੈਂ ਤੁਹਾਡੇ ਨਾਲ ਇੱਕ ਹੋਰ ਗੀਤ ਕਰਨਾ ਚਾਹੁੰਦਾ ਹਾਂ, ਉਨ੍ਹਾਂ ਨੇ ਕਿਹਾ 'ਕਿਉਂ ਨਹੀਂ'। ਅਸੀਂ ਗੀਤ ਪ੍ਰੋਡਿਊਸ ਕਰ ਲਿਆ ਹੈ ਅਤੇ ਉਹ ਇਸ ਸਾਲ ਆ ਰਿਹਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ