You’re viewing a text-only version of this website that uses less data. View the main version of the website including all images and videos.
ਵਿਧਾਇਕ ਸੁੱਖੀ ਨੇ ਛੱਡਿਆ 'ਆਪ' ਸਰਕਾਰ ਦਾ ਕੈਬਨਿਟ ਰੈਂਕ, ਰਾਜਾ ਸਾਹਿਬ ਸਥਾਨ ਤੇ ਸੀਐੱਮ ਮਾਨ ਦੇ ਸਰੂਪਾਂ ਵਾਲੇ ਬਿਆਨ ਬਾਰੇ ਕੀ ਕਿਹਾ
ਆਮ ਆਦਮੀ ਪਾਰਟੀ ਦੇ ਆਗੂ ਅਤੇ ਬੰਗਾ ਹਲਕੇ ਤੋਂ ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ ਨੇ ਉਨ੍ਹਾਂ ਨੂੰ ਮਿਲੇ ਕੈਬਨਿਟ ਰੈਂਕ ਅਤੇ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਅਹੁਦੇ ਤੋਂ 18 ਜਨਵਰੀ ਨੂੰ ਅਸਤੀਫ਼ਾ ਦੇ ਦਿੱਤਾ ਹੈ।
ਸੁਖਵਿੰਦਰ ਸੁੱਖੀ ਨੇ ਧਾਰਮਿਕ ਸਥਾਨ ਰਾਜਾ ਸਾਹਿਬ ਰਸੋਖਾਨਾ ਦੀ ਮਰਿਆਦਾ ਨੂੰ ਲੈ ਕੇ ਚੁੱਕੇ ਗਏ ਸਵਾਲਾਂ ਨੂੰ ਇਸ ਅਸਤੀਫ਼ੇ ਦਾ ਮੁੱਖ ਕਾਰਨ ਦੱਸਿਆ ਹੈ।
ਸੁਖਵਿੰਦਰ ਸੁੱਖੀ ਨੇ ਐਤਵਾਰ ਨੂੰ ਉਸ ਸਥਾਨ 'ਤੇ ਪਹੁੰਚ ਕੇ ਆਪਣੇ ਫੇਸਬੁੱਕ ਅਕਾਊਂਟ ਉੱਪਰ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਅਸਤੀਫ਼ੇ ਦੀ ਗੱਲ ਆਖੀ ਹੈ।
ਸੁਖਵਿੰਦਰ ਕੁਮਾਰ ਸੁੱਖੀ ਨੇ ਕੀ ਕਿਹਾ
ਵਿਧਾਇਕ ਸੁਖਵਿੰਦਰ ਸੁੱਖੀ ਨੇ ਫੇਸਬੁੱਕ 'ਤੇ ਵੀਡੀਓ ਸਾਂਝੀ ਕਰਦੇ ਹੋਏ ਕਿਹਾ, ''ਮੈਂ ਪਿਛਲੇ ਕਈ ਦਿਨਾਂ ਤੋਂ ਇੱਥੇ ਪਛਤਾਵਾ ਕਰਨ ਤੇ ਆਸ਼ੀਰਵਾਦ ਲੈਣ ਆ ਰਿਹਾ ਹਾਂ। ਮੈਂ ਇਹ ਮਹਿਸੂਸ ਕਰਦਾਂ ਕਿ ਜੋ ਪਿਛਲੇ ਦਿਨੀਂ ਇਸ ਦਰਬਾਰ ਦੇ ਪ੍ਰਤੀ ਇਥੇ ਮਾਣ ਮਰਿਆਦਾ ਨੂੰ ਲੈ ਕੇ ਕੁਝ ਸ਼ੰਕੇ ਪ੍ਰਗਟ ਕੀਤੇ ਗਏ ਸੀ ਕਿ ਇੱਥੇ ਅਖੰਡ ਪਾਠ ਸਾਹਿਬ ਦੇ ਭੋਗ ਨਹੀਂ ਪਾਏ ਜਾਂਦੇ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਮਰਿਆਦਾ ਵਿੱਚ ਨਹੀਂ ਹਨ। ਇਸ ਕਾਰਨ ਮੇਰੇ ਤੇ ਸੰਗਤ ਦੇ ਮਨ ਨੂੰ ਠੇਸ ਪਹੁੰਚੀ ਹੈ।''
ਉਨ੍ਹਾਂ ਅੱਗੇ ਕਿਹਾ, "ਇੱਥੇ ਬਹੁਤ ਸਾਰੇ ਸਿਆਸਤਦਾਨ ਆਏ, ਜਿਨ੍ਹਾਂ ਨੇ ਸਿਆਸਤ ਕੀਤੀ ਪਰ ਮੇਰੇ ਲਈ ਇਹ ਸਿਆਸਤ ਦਾ ਘਰ ਨਹੀਂ, ਮੇਰੇ ਲਈ ਇਹ ਰੱਬ ਦਾ ਘਰ ਹੈ। ਮੈਂ ਅੱਜ ਇਹ ਐਲਾਨ ਕਰਦਾਂ ਕਿ ਜਿਹੜਾ ਮੈਨੂੰ ਪੰਜਾਬ ਸਰਕਾਰ ਨੇ ਕੈਬਨਿਟ ਮੰਤਰੀ ਦਾ ਰੈਂਕ ਦਿੱਤਾ, ਮੈਂ ਉਸ ਤੋਂ ਅਤੇ ਕਨਵੇਅਰ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦਿੰਦਾ ਹਾਂ।"
ਸੁਖਵਿੰਦਰ ਸੁੱਖੀ ਨੇ ਕਿਹਾ, "ਮੈਂ ਅਰਦਾਸ ਕਰਦਾਂ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਜੋ ਇੱਥੋਂ ਦਾ ਸੱਚ ਹੈ, ਉਹ ਦੱਸ ਕੇ ਜੋ ਗਿਲੇ-ਸ਼ਿਕਵੇ ਹਨ, ਉਹ ਮਿਟਾ ਸਕਾਂ। ਜੋ ਇਹ ਭਰਮ ਭੁਲੇਖੇ ਹਨ, ਉਹ ਅਸੀਂ ਦੂਰ ਕਰਾਂਗੇ।"
ਸੀਐੱਮ ਮਾਨ ਨੇ ਕੀ ਕਿਹਾ ਸੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਮੁਕਤਸਰ ਸਾਹਿਬ ਵਿੱਚ ਰੱਖੀ ਆਮ ਆਦਮੀ ਪਾਰਟੀ ਦੀ ਸਿਆਸੀ ਕਾਨਫਰੰਸ ਵਿੱਚ ਕਿਹਾ ਸੀ ਕਿ ਬੰਗਾ ਨੇੜੇ ਇੱਕ ਧਾਰਮਿਕ ਸਥਾਨ ਤੋਂ ਗੁਰੂ ਗ੍ਰੰਥ ਸਾਹਿਬ ਦੇ 169 ਸਰੂਪ ਮਿਲੇ ਹਨ।
ਉਨ੍ਹਾਂ ਕਿਹਾ ਸੀ, "ਇਨ੍ਹਾਂ ਮਿਲੇ ਸਰੂਪਾਂ ਵਿੱਚੋਂ 139 ਸਰੂਪਾਂ ਦਾ ਕੋਈ ਰਿਕਾਰਡ ਨਹੀਂ ਹੈ, ਸਿਰਫ਼ 30 ਸਰੂਪਾਂ ਦਾ ਹੀ ਰਿਕਾਰਡ ਮਿਲ ਸਕਿਆ ਅਤੇ ਨਾ ਹੀ ਡੇਰੇ ਦੇ ਪ੍ਰਬੰਧਕ ਜਾਂਚ ਕਮੇਟੀ (ਸਿੱਟ) ਨੂੰ ਜਵਾਬ ਦੇ ਸਕੇ ਕਿ 139 ਸਰੂਪ ਕਿੱਥੋਂ ਤੇ ਕਿਵੇਂ ਲਿਆਂਦੇ ਗਏ।"
ਇਸੇ ਹੀ ਮੁੱਦੇ 'ਤੇ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਆਹਮੋ ਸਾਹਮਣੇ ਵੀ ਹੋਏ।
ਸੀਐੱਮ ਭਗਵੰਤ ਮਾਨ ਨੇ ਕਿਹਾ, ''ਸਾਡੇ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਸਭ ਤੋਂ ਪਹਿਲਾਂ ਹੈ। 328 ਸਰੂਪਾਂ ਦੇ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਨੂੰ ਨਵਾਂ ਸ਼ਹਿਰ ਦੇ ਬੰਗਾ ਨੇੜੇ ਇੱਕ ਧਾਰਮਿਕ ਸਥਾਨ (ਡੇਰੇ) ਤੋਂ 169 ਸਰੂਪ ਮਿਲੇ ਹਨ।
''ਇਨ੍ਹਾਂ ਵਿੱਚੋਂ 139 ਸਰੂਪ ਅਜਿਹੇ ਹਨ ਜਿਨ੍ਹਾਂ ਦਾ ਕੋਈ ਵੀ ਰਿਕਾਰਡ ਨਹੀਂ ਹੈ। ਹਾਲਾਂਕਿ 30 ਸਰੂਪਾਂ ਦੀਆਂ ਪਰਚੀਆਂ ਜ਼ਰੂਰ ਮਿਲੀਆਂ ਹਨ, ਜੋ ਕਿਸੇ ਹੋਰ ਦੋ ਗੁਰਦੁਆਰਿਆਂ ਨੂੰ ਜਾਰੀ ਕੀਤੇ ਗਏ ਸਨ ਤੇ ਇਨ੍ਹਾਂ ਨੂੰ ਵੀ ਡੇਰੇ 'ਚ ਰੱਖਿਆ ਹੋਇਆ ਹੈ।''
ਭਗਵੰਤ ਮਾਨ ਨੇ ਅੱਗੇ ਕਿਹਾ ਕਿ 139 ਸਰੂਪਾਂ ਦਾ ਰਿਕਾਰਡ ਨਾ ਤਾਂ ਸ਼੍ਰੋਮਣੀ ਕਮੇਟੀ ਕੋਲ ਹੈ ਅਤੇ ਨਾ ਹੀ ਡੇਰੇ ਦੇ ਪ੍ਰਬੰਧਕਾਂ ਤੋਂ ਮਿਲਿਆ ਹੈ ਅਤੇ ਨਾ ਹੀ ਡੇਰੇ ਦੇ ਪ੍ਰਬੰਧਕ ਇਸ ਦਾ ਹਿਸਾਬ ਦੇ ਸਕੇ ਕਿ ਇਹ ਕਦੋਂ ਅਤੇ ਕਿੱਥੋਂ ਲਿਆਂਦੇ ਗਏ।
''ਸਾਡਾ ਕੰਮ ਸਰੂਪਾਂ ਦੀ ਭਾਲ ਕਰਨਾ ਤੇ ਹੁਣ ਜਿਵੇਂ ਅਕਾਲ ਤਖ਼ਤ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਹੁਕਮ ਕਰੇਗੀ ਅਸੀਂ ਪੂਰੇ ਮਰਿਆਦਾ ਤੇ ਸਤਿਕਾਰ ਨਾਲ ਉਸੇ ਥਾਂ 'ਤੇ ਸਰੂਪਾਂ ਨੂੰ ਦੇ ਦੇਵਾਂਗੇ।''
14 ਜਨਵਰੀ ਨੂੰ ਹੀ ਸ਼ਾਮ ਵੇਲੇ ਸੁਖਵਿੰਦਰ ਸੁੱਖੀ ਨੇ ਇਸ ਸਥਾਨ ਉੱਪਰ ਪਹੁੰਚ ਕੇ ਇੱਕ ਵੀਡੀਓ ਜਾਰੀ ਕੀਤੀ ਸੀ।
ਉਨ੍ਹਾਂ ਕਿਹਾ ਸੀ, "ਮੇਰੇ ਧਿਆਨ ਵਿੱਚ ਆਇਆ ਕਿ ਬਹੁਤ ਲੋਕ ਇਹ ਕਹਿ ਰਹੇ ਹਨ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਮਰਿਆਦਾ ਮੁਤਾਬਕ ਮਾਣ-ਸਨਮਾਨ ਨਹੀਂ ਹੋਇਆ। ਇਹ ਉਹ ਸਥਾਨ ਹੈ, ਜਿੱਥੇ ਕਦੇ ਵੀ ਮਰਿਆਦਾ ਭੰਗ ਨਹੀਂ ਹੋ ਸਕਦੀ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਇਸ ਥਾਂ ਦਾ ਸਤਿਕਾਰ ਕੀਤਾ ਜਾਵੇ।"
ਸੁਖਵਿੰਦਰ ਸੁੱਖੀ ਦਾ ਕੀ ਹੈ ਪਿਛੋਕੜ
ਸੁਖਵਿੰਦਰ ਸੁੱਖੀ ਦਾ ਸਬੰਧ ਨਵਾਸ਼ਹਿਰ ਦੇ ਪਿੰਡ ਗੁਨਾਚੌਰ ਨਾਲ ਹੈ। ਉਨ੍ਹਾਂ ਨੇ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਤੋਂ ਐੱਮਬੀਬੀਐੱਸ ਤੇ ਐੱਮਐੱਸ ਕੀਤੀ ਹੈ।
ਉਹ ਦੋ ਵਾਰ ਵਿਧਾਨ ਸਭਾ ਹਲਕਾ ਬੰਗਾ ਤੋਂ ਵਿਧਾਇਕ ਚੁਣੇ ਗਏ ਹਨ।
ਉਨ੍ਹਾਂ ਨੇ 2017 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਬੰਗਾ ਤੋਂ ਵਿਧਾਨ ਸਭਾ ਪੰਜਾਬ ਦੀ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ।
ਇਸੇ ਤਰ੍ਹਾਂ ਸੁਖਵਿੰਦਰ ਕੁਮਾਰ ਸੁੱਖੀ ਨੇ 2022 ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੀ ਬੰਗਾ ਸੀਟ ਤੋਂ ਜਿੱਤ ਹਾਸਲ ਕੀਤੀ।
2023 ਵਿੱਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਟਿਕਟ ਤੋਂ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਵੀ ਲੜੀ ਸੀ ਪਰ ਉਹ ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਤੋਂ ਹਾਰ ਗਏ ਸਨ।
ਸਾਲ 2024 ਵਿੱਚ 14 ਅਗਸਤ ਨੂੰ ਸੁਖਵਿੰਦਰ ਕੁਮਾਰ ਸੁੱਖੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਹੀ ਉਨ੍ਹਾਂ ਨੂੰ 'ਆਪ' ਵਿੱਚ ਸ਼ਾਮਲ ਕਰਵਾਇਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ