You’re viewing a text-only version of this website that uses less data. View the main version of the website including all images and videos.
ਚੀਆ, ਤਿਲ ਤੇ ਹੋਰ ਸੀਡਜ਼, ਜੇਕਰ ਗਲਤ ਤਰੀਕੇ ਨਾਲ ਖਾਧੇ ਤਾਂ ਹੋ ਸਕਦਾ ਨੁਕਸਾਨ, ਕਿਹੜੇ ਲੋਕਾਂ ਨੂੰ ਨਹੀਂ ਖਾਣੇ ਚਾਹੀਦੇ ਇਹ ਬੀਜ
- ਲੇਖਕ, ਅਮਨਪ੍ਰੀਤ ਕੌਰ
- ਰੋਲ, ਬੀਬੀਸੀ ਪੱਤਰਕਾਰ
ਪਿਛਲੇ ਕੁਝ ਸਮੇਂ ਤੋਂ ਬੀਜਾਂ (ਸੀਡਜ਼) ਨੂੰ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਵੱਖ-ਵੱਖ ਤਰੀਕਿਆਂ ਨਾਲ ਸ਼ਾਮਲ ਕਰਨ ਦਾ ਰੁਝਾਨ ਕਾਫ਼ੀ ਵਧਿਆ ਹੈ। ਚੀਆ ਸੀਡਜ਼, ਸੂਰਜਮੁਖੀ ਦੇ ਬੀਜ, ਤਿਲ ਆਦਿ ਦੀ ਵਰਤੋਂ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ।
ਬੀਜਾਂ ਨੂੰ ਪੌਸ਼ਟਿਕ ਪਾਵਰਹਾਊਸ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ, ਇਹ ਨਾ ਸਿਰਫ਼ ਭੋਜਨਾਂ ਦੇ ਸੁਆਦ 'ਚ ਵਾਧਾ ਕਰਦੇ ਹਨ ਬਲਕਿ ਸਰੀਰ ਲਈ ਕੀਮਤੀ ਪੋਸ਼ਣ ਤੱਤਾਂ ਦਾ ਸਰੋਤ ਵੀ ਮੰਨੇ ਜਾਂਦੇ ਹਨ।
ਇਹ ਫਾਈਬਰ, ਕੈਲਸ਼ੀਅਮ, ਪ੍ਰੋਟੀਨ, ਓਮੇਗਾ ਫੈਟੀ ਐਸਿਡਜ਼, ਐਂਟੀਓਕਸੀਡੈਂਟਸ, ਵਿਟਾਮਿਨਜ਼ ਅਤੇ ਮਿਨਰਲਸ ਨਾਲ ਭਰਪੂਰ ਦੱਸੇ ਜਾਂਦੇ ਹਨ, ਜੋ ਸਾਡੇ ਦਿਲ, ਦਿਮਾਗ, ਪਾਚਨ, ਮਾਸਪੇਸ਼ੀਆਂ, ਹੱਡੀਆਂ ਅਤੇ ਇਮਿਊਨਿਟੀ ਨੂੰ ਮਜ਼ਬੂਤ ਕਰਨ 'ਚ ਮਦਦਗਾਰ ਹੋ ਸਕਦੇ ਹਨ।
ਕਈ ਬੀਜਾਂ ਵਿੱਚ ਸਿਹਤਮੰਦ ਅਤੇ ਅਨਸੈਚੁਰੇਟਿਡ ਫੈਟ ਉੱਚ ਮਾਤਰਾ 'ਚ ਮੌਜੂਦ ਹੁੰਦੇ ਹਨ।
ਨੈਸ਼ਨਲ ਇੰਸਟੀਚਿਊਟਸ ਆਫ਼ ਹੈਲਥ (NIH) ਮੁਤਾਬਕ, "ਇਸ ਗੱਲ ਦੇ ਚੰਗੇ ਸਬੂਤ ਹਨ ਕਿ ਜੇ ਸੈਚੁਰੇਟਿਡ ਫੈਟ (ਜਿਵੇਂ ਕਿ ਮੱਖਣ, ਘਿਓ, ਤਲਿਆ ਹੋਇਆ ਮੀਟ ਅਤੇ ਚੀਜ਼) ਦੀ ਥਾਂ ਕੁਝ ਅਨਸੈਚੁਰੇਟਿਡ ਫੈਟਸ ਦਾ ਸੇਵਨ ਕੀਤਾ ਜਾਵੇ ਤਾਂ ਕੋਲੇਸਟ੍ਰੋਲ ਦਾ ਪੱਧਰ ਘਟਾਇਆ ਜਾ ਸਕਦਾ ਹੈ ਅਤੇ ਦਿਲ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ।"
ਇਸ ਰਿਪੋਰਟ ਵਿੱਚ ਅਸੀਂ 5 ਪ੍ਰਮੁੱਖ ਬੀਜਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੂੰ ਡਾਕਟਰ ਵੀ ਆਪਣੀ ਖੁਰਾਕ ਵਿੱਚ ਸ਼ਾਮਲ ਕਰਨ ਦੀ ਸਲਾਹ ਦਿੰਦੇ ਹਨ।
ਹੁਣ ਹਾਲਾਂਕਿ ਬੀਜ ਪੋਸ਼ਣ ਨਾਲ ਭਰਪੂਰ ਹੁੰਦੇ ਹਨ, ਪਰ ਜੇ ਇਨ੍ਹਾਂ ਦਾ ਸੇਵਨ ਸਹੀ ਮਾਤਰਾ ਅਤੇ ਸਹੀ ਤਰੀਕੇ ਨਾਲ ਨਾ ਕੀਤਾ ਜਾਵੇ ਤਾਂ ਇਹ ਸਿਹਤ ਲਈ ਨੁਕਸਾਨਦੇਹ ਵੀ ਸਾਬਿਤ ਹੋ ਸਕਦੇ ਹਨ।
ਸਮਝਦੇ ਹਾਂ ਇਨ੍ਹਾਂ ਬੀਜਾਂ ਦੇ ਫ਼ਾਇਦੇ ਕੀ ਹਨ, ਇਨ੍ਹਾਂ ਨੂੰ ਕਿਵੇਂ ਖਾਣਾ ਚਾਹੀਦਾ ਹੈ ਅਤੇ ਜ਼ਿਆਦਾ ਬੀਜ ਖਾਣ ਨਾਲ ਕੀ ਖ਼ਤਰੇ ਪੈਦਾ ਹੋ ਸਕਦੇ ਹਨ।
ਚੀਆ ਸੀਡਜ਼
ਚੀਆ ਬੀਜ ਛੋਟੇ ਅਤੇ ਕਾਲੇ ਜਾਂ ਸਫ਼ੇਦ ਰੰਗ ਦੇ ਹੁੰਦੇ ਹਨ। ਹਾਰਵਰਡ ਯੂਨੀਵਰਸਿਟੀ ਦੀ ਰਿਪੋਰਟ ਮੁਤਾਬਕ, ਇਹ ਸਦੀਆਂ ਤੋਂ ਮਨੁੱਖੀ ਖੁਰਾਕ ਦਾ ਹਿੱਸਾ ਹਨ।
ਇਨ੍ਹਾਂ ਵਿੱਚ ਫਾਈਬਰ, ਪ੍ਰੋਟੀਨ, ਓਮੇਗਾ-3 ਫੈਟੀ ਐਸਿਡ, ਐਂਟੀਓਕਸੀਡੈਂਟਸ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਉੱਚ ਮਾਤਰਾ ਵਿੱਚ ਮਿਲਦੇ ਹਨ।
ਇਨ੍ਹਾਂ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਭਾਰ ਘਟਾਉਣ ਲਈ ਚੀਆ ਬੀਜ ਖਾਣੇ ਚਾਹੀਦੇ ਹਨ, ਪਰ ਫੰਕਸ਼ਨਲ ਮੈਡੀਸਨ ਪ੍ਰੈਕਟੀਸ਼ਨਰ, ਕਲੀਨਿਕਲ ਡਾਇਟੀਸ਼ੀਅਨ ਅਤੇ ਆਯੁਰਵੇਦ ਮਾਹਰ ਸਾਰਿਕਾ ਸ਼ਰਮਾ ਮੁਤਾਬਕ, "ਇਹ ਮਹਿਜ਼ ਇੱਕ ਮਿੱਥ ਹੈ। 2009 ਵਿੱਚ ਹੋਈ ਸਟੱਡੀ ਵਿੱਚ ਵੀ ਇਹ ਸਾਬਿਤ ਹੋ ਚੁੱਕਿਆ ਹੈ ਕਿ 90 ਫੀਸਦੀ ਲੋਕ ਇਹ ਬੀਜ ਖਾ ਕੇ ਵੀ ਪਤਲੇ ਨਹੀਂ ਹੁੰਦੇ। ਸਾਰਾ ਖੇਡ ਫਾਈਬਰ ਦਾ ਹੈ, ਜੇ ਤੁਸੀਂ ਕੋਈ ਵੀ ਫਾਈਬਰ ਭਰਪੂਰ ਚੀਜ਼ ਖਾਂਦੇ ਹੋ ਤਾਂ ਤੁਹਾਨੂੰ ਢਿੱਡ ਭਰਿਆ ਹੋਇਆ ਲੱਗਦਾ ਹੈ ਅਤੇ ਤੁਹਾਡੀ ਭੁੱਖ ਘਟ ਜਾਂਦੀ ਹੈ।"
ਸਾਰਿਕਾ ਸ਼ਰਮਾ ਮੁਤਾਬਕ ਇਨ੍ਹਾਂ ਦੇ ਲਾਭ ਹੇਠ ਲਿਖਤ ਅਨੁਸਾਰ ਹੋ ਸਕਦੇ ਹਨ...
ਲਾਭ:
- ਬਲੱਡ ਪ੍ਰੈਸ਼ਰ ਘਟਾਉਣਾ
- ਕੋਲੈਸਟ੍ਰੋਲ ਲੈਵਲ ਨੂੰ ਘਟਾਉਣਾ
- ਪਾਚਨ ਸਿਹਤ ਲਈ ਮਦਦਗਾਰ
- ਭਾਰ ਪ੍ਰਬੰਧਨ 'ਚ ਸਹਾਇਕ ਹੋ ਸਕਦੇ ਹਨ (ਭਿਓਂਣ ਕਰਕੇ ਇਹ ਜੈੱਲ ਵਾਂਗ ਬਣ ਜਾਂਦੇ ਹਨ, ਜਿਸ ਕਰਕੇ ਢਿੱਡ ਭਰਿਆ ਮਹਿਸੂਸ ਹੁੰਦਾ ਹੈ ਅਤੇ ਇਹ ਭੁੱਖ ਤੇ ਕੈਲੋਰੀ ਦੀ ਮਾਤਰਾ ਨੂੰ ਘਟਾ ਸਕਦਾ ਹੈ)
- ਇਨਫਲਾਮੇਸ਼ਨ ਘਟਾਉਣਾ
- ਸ਼ੂਗਰ ਨੂੰ ਕੰਟਰੋਲ ਕਰਨ 'ਚ ਸਹਾਇਕ
- ਡਿਪਰੈਸ਼ਨ ਨੂੰ ਸੁਧਾਰਨ 'ਚ ਵੀ ਮਦਦਗਾਰ
ਡਾਇਟੀਸ਼ੀਅਨ ਸਾਰਿਕਾ ਸ਼ਰਮਾ ਕਹਿੰਦੇ ਹਨ ਕਿ, ਚੀਆ ਬੀਜਾਂ ਦਾ ਭਿਓਂਣ ਮਗਰੋਂ ਹੀ ਸੇਵਨ ਕਰਨਾ ਚਾਹੀਦਾ ਹੈ, ਚਾਹੇ ਪਾਣੀ ਵਿੱਚ, ਨਾਰੀਅਲ ਦੇ ਦੁੱਧ ਜਾਂ ਕਿਸੇ ਹੋਰ ਗਿਰੀ ਦੇ ਦੁੱਧ ਵਿੱਚ। ਉਹ ਡੇਅਰੀ ਦੇ ਦੁੱਧ ਨਾਲ ਚੀਆ ਬੀਜ ਲੈਣ ਦੀ ਸਲਾਹ ਨਹੀਂ ਦਿੰਦੇ।
ਕਿਵੇਂ ਖਾਣੇ ਚਾਹੀਦੇ ਹਨ:
- ਰੋਜ਼ਾਨਾ 1-2 ਚਮਚ (15-30 ਗ੍ਰਾਮ)
- ਭਿਓਂਣ ਮਗਰੋਂ ਹੀ ਖਾਓ
- ਇਨ੍ਹਾਂ ਨੂੰ ਤਿਆਰ ਕੀਤੇ ਪਕਵਾਨਾਂ, ਓਟਮੀਲ, ਸਮੂਦੀਜ਼, ਪੁਡਿੰਗ ਜਾਂ ਫਲਾਂ ਨਾਲ ਸ਼ਾਮਲ ਕਰਕੇ ਖਾਧਾ ਜਾ ਸਕਦਾ ਹੈ।
ਅਲਸੀ ਦੇ ਬੀਜ (ਫਲੈਕਸ ਸੀਡਜ਼)
ਅਲਸੀ ਦੇ ਬੀਜ ਓਮੇਗਾ-3 ਫੈਟੀ ਐਸਿਡ (ALA), ਫਾਈਬਰ, ਪ੍ਰੋਟੀਨ ਅਤੇ ਲਿਗਨਿਨ ਨਾਲ ਭਰਪੂਰ ਹੁੰਦੇ ਹਨ। ਐੱਨਆਈਐੱਚ ਮੁਤਾਬਕ, ਅਲਸੀ ਦੇ ਬੀਜ ਦੋ ਕਿਸਮਾਂ 'ਚ ਉਪਲਬਧ ਹਨ, ਭੂਰੇ ਅਤੇ ਪੀਲੇ ਜਾਂ ਸੁਨਹਿਰੀ ਰੰਗ ਵਿੱਚ, ਦੋਵਾਂ 'ਚ ਇੱਕੋ ਜਿਹੀਆਂ ਪੌਸ਼ਟਿਕ ਵਿਸ਼ੇਸ਼ਤਾਵਾਂ ਹੁੰਦੀਆਂ ਹਨ।
ਡਾਇਟੀਸ਼ੀਅਨ ਸਾਰਿਕਾ ਮੁਤਾਬਕ ਇਹ ਖ਼ਾਸ ਤੌਰ 'ਤੇ ਔਰਤਾਂ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਸ 'ਚ ਮੌਜੂਦ ਲਿਗਨਿਨ, ਔਰਤਾਂ ਵਿੱਚ ਐਸਟ੍ਰੋਜਨ ਹਾਰਮੋਨ ਨੂੰ ਸੰਤੁਲਿਤ ਕਰਨ ਅਤੇ ਮਾਹਵਾਰੀ ਚੱਕਰ ਨੂੰ ਨਿਯਮਿਤ ਕਰਨ 'ਚ ਮਦਦ ਕਰਦਾ ਹੈ।
ਲਾਭ:
- ਗੱਟ ਹੈਲਥ ਲਈ ਲਾਹੇਵੰਦ (ਅੰਤੜੀਆਂ 'ਚ ਚੰਗੇ ਬੈਕਟੀਰੀਆ ਨੂੰ ਬੂਸਟ ਕਰਦਾ ਹੈ)
- ਦਿਲ ਦੀ ਬਿਮਾਰੀ ਦੀ ਰੋਕਥਾਮ ਅਤੇ ਇਲਾਜ 'ਚ ਮਦਦਗਾਰ
- ਇਨਫਲਾਮੇਸ਼ਨ, ਡਾਇਬਟੀਜ਼ ਅਤੇ ਕੈਂਸਰ ਦੇ ਜੋਖ਼ਮ ਨੂੰ ਘਟਾਉਂਦਾ ਹੈ
- ਕੋਲੇਸਟ੍ਰੋਲ ਘਟਾਉਂਦਾ ਹੈ
ਕਿਵੇਂ ਖਾਣੇ ਚਾਹੀਦੇ ਹਨ:
- ਰੋਜ਼ਾਨਾ 1-2 ਚਮਚ (7-14 ਗ੍ਰਾਮ)
- ਭੁੰਨ ਕੇ, ਪਾਊਡਰ ਬਣਾ ਕੇ ਜਾਂ ਤੇਲ ਬਣਾਇਆ ਜਾ ਸਕਦਾ ਹੈ
- ਇਨ੍ਹਾਂ ਨੂੰ ਦਹੀਂ, ਦਾਲਾਂ ਵਰਗੇ ਪਕਵਾਨਾਂ, ਬਰੈਡਾਂ ਅਤੇ ਸਮੂਥੀ 'ਚ ਸ਼ਾਮਲ ਕੀਤਾ ਜਾ ਸਕਦਾ ਹੈ
ਮਾਹਰਾਂ ਮੁਤਾਬਕ ਥਾਇਰਾਇਡ ਦੇ ਮਰੀਜ਼ਾਂ ਅਤੇ ਜੇਕਰ ਕਿਸੇ ਨੂੰ ਕੋਈ ਹੋਰ ਸਿਹਤ ਸਮੱਸਿਆ ਹੈ ਤਾਂ ਉਨ੍ਹਾਂ ਨੂੰ ਅਲਸੀ ਦੇ ਬੀਜ ਲੈਣ ਤੋਂ ਪਹਿਲਾਂ ਡਾਇਟੀਸ਼ੀਅਨ ਦੀ ਸਲਾਹ ਜ਼ਰੂਰੀ ਲੈ ਲੈਣੀ ਚਾਹੀਦੀ ਹੈ।
ਸੂਰਜਮੁਖੀ ਦੇ ਬੀਜ (ਸਨਫਲਾਵਰ ਸੀਡਜ਼)
ਐੱਨਆਈਐੱਚ ਮੁਤਾਬਕ ਸੂਰਜਮੁਖੀ ਦੇ ਬੀਜ ਸਭ ਤੋਂ ਵੱਧ ਉਪਲਬਧ ਬੀਜਾਂ 'ਚੋਂ ਇੱਕ ਹਨ। ਇਹ ਪੋਟਾਸ਼ੀਅਮ, ਫਾਸਫੋਰਸ, ਪ੍ਰੋਟੀਨ, ਆਇਰਨ ਅਤੇ ਕੈਲਸ਼ੀਅਮ ਦਾ ਚੰਗਾ ਸਰੋਤ ਮੰਨੇ ਜਾਂਦੇ ਹਨ।
ਇਨ੍ਹਾਂ 'ਚ ਵਿਟਾਮਿਨ ਈ, ਸੇਲੇਨੀਅਮ, ਫੋਲੇਟ, ਕਾਪਰ, ਜ਼ਿੰਕ ਅਤੇ ਆਇਰਨ ਵਰਗੇ ਮੁੱਖ ਤੱਤ ਵੀ ਪਾਏ ਜਾਂਦੇ ਹਨ।
ਇਹ ਬੀਜ ਐਂਟੀਆਕਸੀਡੈਂਟ, ਐਂਟੀ-ਇਨਫਲਾਮੇਟਰੀ, ਐਂਟੀਮਾਈਕ੍ਰੋਬੀਅਲ ਅਤੇ ਦਿਲ ਦੀ ਸਿਹਤ ਲਈ ਮਹੱਤਵਪੂਰਨ ਮੰਨੇ ਜਾਂਦੇ ਹਨ। ਇਸ ਨੂੰ ਖਾਣਾ ਪਕਾਉਣ ਵਾਲੇ ਤੇਲ ਵਜੋਂ ਵੀ ਵਰਤਿਆ ਜਾ ਸਕਦਾ ਹੈ।
ਲਾਭ:
- ਚਮੜੀ ਅਤੇ ਵਾਲਾਂ ਦੀ ਸਿਹਤ ਲਈ ਬਿਹਤਰ
- ਡਾਇਬਟੀਜ਼ ਵਿੱਚ ਮਦਦ
- ਥਾਇਰਾਇਡ ਦੇ ਮਰੀਜ਼ਾਂ ਲਈ ਲਾਹੇਵੰਦ
ਕਿਵੇਂ ਖਾਣੇ ਚਾਹੀਦੇ ਹਨ:
- 1/4 ਕੱਪ (28 ਗ੍ਰਾਮ)
- ਭੁੰਨ ਕੇ ਜਾਂ ਭਿਓਂ ਕੇ
- ਸਲਾਦ, ਬੇਕਰੀ ਦੇ ਸਮਾਨ ਜਾਂ ਨਮਕੀਨ ਸਨੈਕ ਵਜੋਂ ਖਾਧਾ ਜਾ ਸਕਦਾ ਹੈ (ਹਾਲਾਂਕਿ ਕੁਝ ਡਾਇਟੀਸ਼ੀਅਨ ਇਸ ਨੂੰ ਨਮਕੀਨ ਸਨੈਕ ਵਜੋਂ ਖਾਣ ਤੋਂ ਪਰਹੇਜ਼ ਕਰਨ ਨੂੰ ਕਹਿੰਦੇ ਹਨ)।
ਤਿਲ (ਸੈਸਮੇ ਸੀਡਜ਼)
ਤਿਲ ਚਿੱਟੇ ਤੋਂ ਕਾਲੇ ਜਾਂ ਭੂਰੇ ਰੰਗ ਵਿੱਚ ਮਿਲਦੇ ਹਨ। ਇਹ ਬੀਜ ਪ੍ਰੋਟੀਨ, ਸਿਹਤਮੰਦ ਲਿਪਿਡਜ਼, ਕੈਲਸ਼ੀਅਮ, ਜ਼ਿੰਕ, ਮੈਗਨੀਸ਼ੀਅਮ, ਫਾਈਟੋਐਸਟ੍ਰੋਜਨ ਅਤੇ ਐਂਟੀਓਕਸੀਡੈਂਟ (ਜਿਵੇਂ ਸੇਸਮੋਲ ਅਤੇ ਲਿਗਨਿਨਜ਼) ਨਾਲ ਭਰਪੂਰ ਹੁੰਦੇ ਹਨ।
ਸਾਰਿਕਾ ਸ਼ਰਮਾ ਮੁਤਾਬਕ ਤਿਲਾਂ ਵਿੱਚ ਮਿਲਣ ਵਾਲਾ ਫਾਈਟੋਐਸਟ੍ਰੋਜਨ ਅਤੇ ਕੈਲਸ਼ੀਅਮ ਖ਼ਾਸ ਤੌਰ 'ਤੇ ਹੱਡੀਆਂ ਅਤੇ ਪੋਸਟਮੈਨੋਪੌਜ਼ਲ ਔਰਤਾਂ ਲਈ ਬਹੁਤ ਫਾਇਦੇਮੰਦ ਹੈ।
ਲਾਭ:
- ਕੋਲੇਸਟ੍ਰੋਲ ਘਟਾਉਂਦੇ ਹਨ
- ਹਾਰਮੋਨਲ ਸਿਹਤ ਲਈ ਫਾਇਦੇਮੰਦ
- ਹੱਡੀਆਂ ਅਤੇ ਦਿਲ ਦੀ ਸਿਹਤ ਲਈ ਬਿਹਤਰ
- ਐਂਟੀ-ਇਨਫਲਾਮੇਟਰੀ
- ਟਿਊਮਰ ਵਿਰੋਧੀ
- ਜਿਗਰ ਅਤੇ ਗੁਰਦੇ ਦੀ ਸੁਰੱਖਿਆ ਲਈ ਬਿਹਤਰ
ਕਿਵੇਂ ਖਾਣੇ ਚਾਹੀਦੇ ਹਨ:
- 1-2 ਚਮਚ (9 ਤੋਂ 8 ਗ੍ਰਾਮ)
- ਬਿਹਤਰ ਸੁਆਦ ਲਈ ਟੋਸਟ ਕੀਤਾ ਜਾ ਸਕਦਾ ਹੈ
- ਇਸ ਨੂੰ ਸਲਾਦ, ਸਬਜ਼ੀਆਂ, ਚਟਣੀਆਂ, ਬਰੈਡਾਂ ਜਾਂ ਲੱਡੂ ਦੇ ਤੌਰ 'ਤੇ ਵੀ ਖਾਧਾ ਜਾ ਸਕਦਾ ਹੈ
ਕੱਦੂ ਦੇ ਬੀਜ (ਪੰਪਕਿਨ ਸੀਡਜ਼)
ਹਾਰਵਰਡ ਯੂਨੀਵਰਸਿਟੀ ਦੀ ਰਿਪੋਰਟ ਮੁਤਾਬਕ ਕੱਦੂ ਦੇ ਬੀਜ ਚਪਟੇ ਹੁੰਦੇ ਹਨ, ਜਿਨ੍ਹਾਂ ਦਾ ਸੁਆਦ ਗਿਰੀਆਂ ਵਰਗਾ ਅਤੇ ਹਲਕਾ ਮਿੱਠਾ ਹੁੰਦਾ ਹੈ। ਇਹ ਮੈਗਨੀਸ਼ੀਅਮ ਦੇ ਸਭ ਤੋਂ ਵਧੀਆ ਕੁਦਰਤੀ ਸਰੋਤਾਂ 'ਚੋਂ ਇੱਕ ਹਨ, ਜੋ ਬਲੱਡ ਪ੍ਰੈਸ਼ਰ ਨੂੰ ਕਾਬੂ 'ਚ ਰੱਖਣ ਲਈ ਮਹੱਤਵਪੂਰਨ ਹੋ ਸਕਦੇ ਹਨ।
ਇਸ ਦੇ ਨਾਲ ਹੀ ਇਹ ਬੀਜ 20 ਫੀਸਦੀ ਤੱਕ ਜ਼ਿੰਕ ਦੀ ਲੋੜ ਨੂੰ ਪੂਰਾ ਕਰ ਸਕਦਾ ਹੈ। ਇਹ ਸਿਹਤਮੰਦ ਫੈਟਸ, ਆਇਰਨ ਅਤੇ ਐਂਟੀਓਕਸੀਡੈਂਟ ਨਾਲ ਵੀ ਭਰਪੂਰ ਹੁੰਦੇ ਹਨ।
ਡਾਇਟੀਸ਼ੀਅਨ ਸਾਰਿਕਾ ਮੁਤਾਬਕ, "ਇਹ ਮਰਦਾਂ ਦੀ ਪ੍ਰੋਸਟੇਟ ਸਿਹਤ ਲਈ ਬੇਹੱਦ ਲਾਭਕਾਰੀ ਹਨ। ਜਿਨ੍ਹਾਂ ਔਰਤਾਂ ਨੂੰ ਓਵਰਐਕਟਿਵ ਬਲੈਡਰ ਦੀ ਸਮੱਸਿਆ ਹੁੰਦੀ ਹੈ, ਜਿਵੇਂ ਪਿਸ਼ਾਬ ਨੂੰ ਰੋਕ ਨਾ ਪਾਉਣਾ ਜਾਂ ਵਾਰ-ਵਾਰ ਪਿਸ਼ਾਬ ਆਉਂਦਾ ਹੈ ਤਾਂ ਉਨ੍ਹਾਂ ਲਈ ਵੀ ਕੱਦੂ ਦੇ ਬੀਜ ਦਾ ਸੇਵਨ ਫ਼ਾਇਦਾ ਕਰ ਸਕਦਾ ਹੈ।"
ਲਾਭ:
- ਮਰਦਾਂ 'ਚ ਪ੍ਰੋਸਟੇਟ ਦੀ ਸਿਹਤ ਅਤੇ ਟੈਸਟੋਸਟੀਰੋਨ ਹਾਰਮੋਨ ਪੈਦਾ ਕਰਨ 'ਚ ਮਦਦਗਾਰ
- ਦਿਮਾਗ ਅਤੇ ਦਿਲ ਦੀ ਸਿਹਤ ਲਈ ਬਿਹਤਰ
- ਐਂਟੀ-ਇਨਫਲਾਮੇਟਰੀ
- ਚੰਗੀ ਨੀਂਦ ਲਈ ਬਿਹਤਰ
- ਇਮਿਊਨਿਟੀ ਵਧਾਉਂਦੇ ਹਨ
ਕਿਵੇਂ ਖਾਣੇ ਚਾਹੀਦੇ ਹਨ:
- 1/4 ਕੱਪ (28 ਗ੍ਰਾਮ)
- ਭਿਓਂ ਕੇ ਜਾਂ ਭੁੰਨ ਕੇ ਵੀ ਖਾ ਸਕਦੇ
- ਸਲਾਦ, ਸੂਪ, ਬਰੈੱਡ, ਸਮੂਥੀਸ, ਐਨਰਜੀ ਬਾਰ 'ਚ ਸ਼ਾਮਲ ਕੀਤੇ ਜਾ ਸਕਦੇ ਹਨ
ਡਾਇਟੀਸ਼ੀਅਨ ਸਾਰਿਕਾ ਸ਼ਰਮਾ ਦੱਸਦੇ ਹਨ ਕਿ, ਜਿਨ੍ਹਾਂ ਨੂੰ ਇਨਫਲਾਮੇਟਰੀ ਬੋਅਲ ਸਿੰਡਰੋਮ (ਆਈਬੀਐੱਸ ਜਾਂ ਆਈਬੀਡੀ) ਯਾਨੀ ਅੰਤੜੀਆਂ ਵਿੱਚ ਸੋਜਸ਼ ਦੀ ਸਮੱਸਿਆ ਹੈ, ਉਨ੍ਹਾਂ ਨੂੰ ਇਹ ਬੀਜ ਨਹੀਂ ਲੈਣੇ ਚਾਹੀਦੇ।
ਜ਼ਿਆਦਾ ਮਾਤਰਾ ਵਿੱਚ ਬੀਜ ਖਾਣਾ ਨੁਕਸਾਨਦੇਹ
ਨੈਸ਼ਨਲ ਇੰਸਟੀਚਿਊਟ ਆਫ਼ ਨਿਊਟ੍ਰੀਸ਼ਨ, ਹੈਦਰਾਬਾਦ ਤੋਂ ਡਾਇਟੀਸ਼ੀਅਨ ਅਭਿਲਾਸ਼ਾ ਕੁਮਾਰੀ ਦੱਸਦੇ ਹਨ ਕਿ, ਬੀਜਾਂ ਨੂੰ ਸੰਜਮ ਨਾਲ ਅਤੇ ਸਹੀ ਮਾਤਰਾ ਵਿੱਚ ਖਾਣਾ ਸਿਹਤਮੰਦ ਹੈ, ਪਰ ਬਹੁਤ ਜ਼ਿਆਦਾ ਮਾਤਰਾ ਵਿੱਚ ਇਨ੍ਹਾਂ ਦਾ ਸੇਵਨ ਕਰਨਾ ਸਮੱਸਿਆਵਾਂ ਪੈਦਾ ਕਰ ਸਕਦਾ ਹੈ, ਜਿਵੇਂ:
- ਗੈਸ, ਕਬਜ਼ ਜਾਂ ਕਈ ਵਾਰ ਦਸਤ ਵਰਗੀਆਂ ਪਾਚਨ ਸਮੱਸਿਆਵਾਂ (ਬੀਜਾਂ 'ਚ ਉੱਚ ਮਾਤਰਾ 'ਚ ਫਾਈਬਰ ਹੁੰਦਾ ਹੈ ਅਤੇ ਬਹੁਤ ਜ਼ਿਆਦਾ ਫਾਈਬਰ ਅੰਤੜੀਆਂ ਦੀ ਸਿਹਤ ਨੂੰ ਪਰੇਸ਼ਾਨ ਕਰਦਾ ਹੈ)।
- ਭਾਰ ਵਧਣਾ (ਬੀਜਾਂ ਵਿੱਚ ਕੈਲੋਰੀ ਅਤੇ ਫੈਟ ਜ਼ਿਆਦਾ ਹੁੰਦੇ ਹਨ)।
- ਗੁਰਦੇ ਦੀ ਪੱਥਰੀ ਦਾ ਖ਼ਤਰਾ: ਕੁਝ ਬੀਜਾਂ, ਖਾਸ ਕਰਕੇ ਤਿਲ ਅਤੇ ਚੀਆ ਵਿੱਚ ਆਕਸੀਲੇਟ ਹੁੰਦੇ ਹਨ।
- ਕੁਝ ਲੋਕਾਂ 'ਚ ਐਲਰਜੀ ਦਾ ਜੋਖ਼ਮ ਵੱਧ ਸਕਦਾ ਹੈ, ਉਨ੍ਹਾਂ ਨੂੰ ਚਮੜੀ 'ਤੇ ਖਾਰਿਸ਼ ਅਤੇ ਸੋਜ ਵਰਗੀਆਂ ਦਿੱਕਤਾਂ ਆ ਸਕਦੀਆਂ ਹਨ।
- ਸੂਰਜਮੁਖੀ ਅਤੇ ਤਿਲ ਵਰਗੇ ਬੀਜਾਂ 'ਚ ਓਮੇਗਾ-6 ਫੈਟਸ ਵੱਧ ਹੁੰਦੇ ਹਨ, ਜੋ ਜ਼ਿਆਦਾ ਮਾਤਰਾ ਵਿੱਚ ਲਏ ਜਾਣ 'ਤੇ ਸੋਜ, ਜੋੜਾਂ ਵਿੱਚ ਦਰਦ ਅਤੇ ਮੁਹਾਸੇ ਹੋਣ ਦਾ ਕਾਰਨ ਬਣ ਸਕਦੇ ਹਨ।
ਕਿਹੜੇ ਲੋਕਾਂ ਨੂੰ ਬੀਜ ਨਹੀਂ ਖਾਣੇ ਚਾਹੀਦੇ?
ਸਿਹਤ ਮਾਹਰ ਡਾ.ਸ਼ਿਖ਼ਾ ਸ਼ਰਮਾ ਮੁਤਾਬਕ ਕਿਸੇ ਵੀ ਬੀਜ ਨੂੰ ਕੱਚਾ ਨਹੀਂ ਖਾਣਾ ਚਾਹੀਦਾ, ਜਾਂ ਤਾਂ ਉਨ੍ਹਾਂ ਨੂੰ ਖਾਣ ਤੋਂ ਪਹਿਲਾਂ ਭਿਓਂ ਲਵੋ, ਭੁੰਨ ਲਵੋ ਜਾਂ ਪੁੰਗਰੇ ਹੋਏ ਬੀਜ ਖਾਓ। ਉਹ ਦੱਸਦੇ ਹਨ ਕਿ ਕਿੰਨਾ ਲੋਕਾਂ ਨੂੰ ਡਾਕਟਰ ਦੀ ਸਲਾਹ ਤੋਂ ਬਿਨਾਂ ਬੀਜ ਆਪਣੀ ਖੁਰਾਕ 'ਚ ਸ਼ਾਮਲ ਨਹੀਂ ਕਰਨੇ ਚਾਹੀਦੇ:
- ਜਿਨ੍ਹਾਂ ਨੂੰ ਅੰਤੜੀਆਂ ਵਿੱਚ ਸੋਜਸ਼ ਹੈ
- ਐਸੀਡਿਟੀ ਜਾਂ ਲੀਵਰ ਦੀ ਬਿਮਾਰੀ ਹੈ
- ਥਾਇਰਾਇਡ ਦੇ ਮਰੀਜ਼ (ਖ਼ਾਸ ਤੌਰ 'ਤੇ ਅਲਸੀ ਦੇ ਬੀਜ ਬਿਨਾਂ ਸਲਾਹ ਨਾ ਲੈਣ)
- ਜਿਨ੍ਹਾਂ ਨੂੰ ਬੀਜਾਂ ਤੋਂ ਐਲਰਜੀ ਹੈ
- ਜਿਨ੍ਹਾਂ ਦੇ ਗੁਰਦੇ ਵਿੱਚ ਪੱਥਰੀ ਹੈ
- ਇਸ ਦੇ ਨਾਲ ਹੀ ਮਾਹਰ ਕਹਿੰਦੇ ਹਨ ਕਿ ਛੋਟੇ ਬੱਚਿਆਂ ਨੂੰ ਬੀਜ ਨਹੀਂ ਦੇਣੇ ਚਾਹੀਦੇ, ਕਿਉਂਕਿ ਇਸ ਨਾਲ ਬੱਚਿਆਂ ਵਿੱਚ ਸਾਹ ਘੁੱਟਣ (ਚੋਕਿੰਗ) ਦਾ ਜੋਖ਼ਮ ਹੋ ਸਕਦਾ ਹੈ।
ਬੀਜ ਖਾਣ ਵੇਲੇ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ?
ਡਾਇਟੀਸ਼ੀਅਨ ਅਭਿਲਾਸ਼ਾ ਕੁਮਾਰੀ ਅਤੇ ਸਾਰਿਕਾ ਸ਼ਰਮਾ ਦੇ ਦੱਸਣ ਮੁਤਾਬਕ ਬੀਜਾਂ ਦੇ ਸੇਵਨ ਤੋਂ ਪਹਿਲਾਂ ਇਹ ਗੱਲਾਂ ਜ਼ਰੂਰ ਧਿਆਨ ਵਿੱਚ ਰੱਖੋ:
- ਇੱਕ ਦਿਨ ਵਿੱਚ ਸਾਰੇ ਬੀਜ ਇਕੱਠੇ ਨਾ ਖਾਓ
- ਰੋਜ਼ਾਨਾ ਬੀਜਾਂ ਨੂੰ ਬਦਲ-ਬਦਲ ਕੇ ਖਾਓ
- ਸਹਿਯੋਗੀ ਲਾਭ (Synergistic Benefits) ਪ੍ਰਾਪਤ ਕਰਨ ਲਈ 2 ਬੀਜਾਂ ਨੂੰ ਮਿਲਾ ਕੇ ਖਾ ਸਕਦੇ ਹੋ (ਜਿਵੇਂ ਕਿ, ਫਾਈਬਰ ਅਤੇ ਓਮੇਗਾ-3 ਲਈ ਚੀਆ ਅਤੇ ਅਲਸੀ ਦੇ ਬੀਜ)
- ਚੀਆ ਅਤੇ ਅਲਸੀ ਦੇ ਬੀਜ ਪਾਣੀ ਨੂੰ ਸੋਖ ਲੈਂਦੇ ਹਨ, ਇਸ ਲਈ ਇਹ ਖਾਣ ਸਮੇਂ ਹਾਈਡਰੇਸ਼ਨ ਦਾ ਧਿਆਨ ਰੱਖੋ
- ਹੱਦ ਤੋਂ ਜ਼ਿਆਦਾ ਮਾਤਰਾ ਵਿੱਚ ਬੀਜਾਂ ਦੇ ਸੇਵਨ ਤੋਂ ਬਚੋ
ਡਾਇਟੀਸ਼ੀਅਨ ਸਾਰਿਕਾ ਸ਼ਰਮਾ ਸਲਾਹ ਦਿੰਦੇ ਹਨ ਕਿ, "ਸੀਡਜ਼ ਵਿੱਚ ਬਹੁਤ ਜ਼ਿਆਦਾ ਕੈਲਰੀ ਅਤੇ ਫੈਟਸ ਹੁੰਦੇ ਹਨ, ਇਸ ਲਈ ਇਨ੍ਹਾਂ ਨੂੰ ਖਾਣ ਸਮੇਂ ਸੰਜਮ ਰੱਖਣਾ ਬਹੁਤ ਜ਼ਰੂਰੀ ਹੈ। ਜਿਵੇਂ ਕਿਸੇ ਦਿਨ ਇੱਕ ਤਰ੍ਹਾਂ ਦਾ ਬੀਜ ਖਾ ਲਿਆ ਅਤੇ ਦੂਜੇ ਦਿਨ ਕੋਈ ਹੋਰ ਬੀਜ ਜਾਂ ਇੱਕ ਦਿਨ 'ਚ ਵੱਧ ਤੋਂ ਵੱਧ 2 ਤਰ੍ਹਾਂ ਦੇ ਬੀਜ ਖਾ ਸਕਦੇ ਹੋ।"
ਹਾਲਾਂਕਿ ਇਨ੍ਹਾਂ ਸਾਰੇ ਬੀਜਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਿਲ ਕਰਨ ਤੋਂ ਪਹਿਲਾਂ ਕਿਸੇ ਮਾਹਰ ਡਾਕਟਰ ਦੀ ਰਾਇ ਲੈ ਲੈਣੀ ਚਾਹੀਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ