You’re viewing a text-only version of this website that uses less data. View the main version of the website including all images and videos.
ਗੁਰਦੇ ਦੀ ਪੱਥਰੀ ਕਿਹੜੇ ਭੋਜਨ ਤੇ ਪੀਣ ਵਾਲੇ ਪਦਾਰਥ ਕਾਰਨ ਹੋ ਸਕਦੀ ਹੈ, ਕਿਹੜੀਆਂ ਸਾਵਧਾਨੀਆਂ ਦੀ ਲੋੜ ਹੈ
- ਲੇਖਕ, ਬੀਬੀਸੀ ਫੂਡ
- ਰੋਲ, ਬੀਬੀਸੀ ਨਿਊਜ਼
ਯੂਕੇ ਵਿੱਚ ਦਸ ਵਿੱਚੋਂ ਇੱਕ ਤੋਂ ਵੱਧ ਬਾਲਗ ਗੁਰਦੇ ਦੀ ਪੱਥਰੀ ਤੋਂ ਪੀੜਤ ਹਨ। ਇਹ ਬਹੁਤ ਦਰਦਨਾਕ ਹੋ ਸਕਦੀ ਹੈ ਅਤੇ ਕਈ ਵਾਰ ਇਨਫੈਕਸ਼ਨ ਜਾਂ ਗੁਰਦੇ ਦੇ ਕੰਮ ਵਿੱਚ ਵਿਘਨ ਪਾ ਸਕਦੀ ਹੈ।
ਗੁਰਦੇ ਦੀ ਪੱਥਰੀ ਦੇ ਕਈ ਕਾਰਨ ਹੋ ਸਕਦੇ ਹਨ। ਇਹ ਜੈਨੇਟਿਕ ਹੋ ਸਕਦੇ ਹਨ ਜਾਂ ਕੁਝ ਦਵਾਈਆਂ ਕਾਰਨ ਹੋ ਸਕਦੇ ਹਨ।
ਪਰ ਖੋਜ ਨੇ ਇਹ ਵੀ ਪਤਾ ਲੱਗਦਾ ਹੈ ਕਿ ਤੁਹਾਡੇ ਖਾਣ-ਪੀਣ ਦੀਆਂ ਆਦਤਾਂ ਦਾ ਵੀ ਇਸ ʼਤੇ ਅਸਰ ਪੈ ਸਕਦਾ ਹੈ।
ਇਸ ਦਾ ਮਤਲਬ ਹੈ ਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਗੁਰਦੇ ਦੀ ਪੱਥਰੀ ਦੀ ਸਮੱਸਿਆ ਰਹੀ ਹੋਵੇ, ਉਹ ਖਾਣ-ਪੀਣ ਵਿੱਚ ਬਦਲਾਅ ਕਰਕੇ ਉਨ੍ਹਾਂ ਨੂੰ ਦੁਬਾਰਾ ਹੋਣ ਤੋਂ ਰੋਕ ਸਕਦੇ ਹਨ।
'ਸਾਈਲੈਂਟ ਸਟੋਨ'
ਯੂਨੀਵਰਸਿਟੀ ਹਸਪਤਾਲ ਬਰਮਿੰਘਮ ਐੱਨਐੱਚਐੱਸ ਫਾਊਂਡੇਸ਼ਨ ਟਰੱਸਟ ਦੇ ਯੂਰੋਲੋਜੀਕਲ ਸਰਜਨ, ਡਾ. ਇਵੋ ਡੁਕਿਕ ਕਹਿੰਦੇ ਹਨ ਕਿ ਜ਼ਿਆਦਾਤਰ ਲੋਕਾਂ ਨੂੰ ਇਹ ਪਤਾ ਵੀ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਗੁਰਦੇ ਦੀ ਪੱਥਰੀ ਹੈ।
ਉਨ੍ਹਾਂ ਨੇ ਕਿਹਾ, "ਛੋਟੀਆਂ-ਛੋਟੀਆਂ ਪੱਥਰੀਆਂ ਬਿਨਾਂ ਕਿਸੇ ਹਲਚਲ ਦੇ ਗੁਰਦੇ ਵਿੱਚ ਰਹਿੰਦੀਆਂ ਹਨ ਅਤੇ ਕੋਈ ਲੱਛਣ ਨਹੀਂ ਦਿਖਾਉਂਦੀਆਂ।"
ਪਰ ਅਕਸਰ, ਤੁਸੀਂ ਹੋਰ ਕਾਰਨਾਂ ਕਰਕੇ ਅਲਟ੍ਰਾਸਾਊਂਡ ਜਾਂ ਸੀਟੀ ਸਕੈਨ ਕਰਵਾਉਂਦੇ ਹੋ ਤਾਂ ਡਾਕਟਰ ਨੂੰ ਅਜਿਹੇ ʻਸਾਈਲੈਂਟ ਸਟੋਨʼ ਦਾ ਪਤਾ ਲੱਗਦਾ ਹੈ।
ਡੁਕਿਕ ਦੱਸਦੇ ਹਨ, "ਸਮੇਂ ਦੇ ਨਾਲ ਕੁਝ ਪੱਥਰੀਆਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਾਂ ਆਪਣੀ ਸਥਿਤੀ ਬਦਲਦੀਆਂ ਹਨ, ਜਿਸ ਨਾਲ ਗੰਭੀਰ ਦਰਦ, ਪਿਸ਼ਾਬ ਵਿੱਚ ਖੂਨ ਜਾਂ ਵਾਰ-ਵਾਰ ਯੂਟੀਆਈ (ਯੂਰੀਨਰੀ ਟ੍ਰੈਕਟ ਇੰਨਫੈਕਸ਼ਨ) ਹੋ ਸਕਦੀ ਹੈ।"
ਇਹ ਦਰਦ ਆਮ ਤੌਰ 'ਤੇ ਪੇਟ ਦੇ ਅਗਲੇ ਹਿੱਸੇ ਵਿੱਚ ਹੁੰਦਾ ਹੈ ਅਤੇ ਇਸ ਦੇ ਨਾਲ ਵਾਰ-ਵਾਰ ਪਿਸ਼ਾਬ ਆਉਣਾ ਜਾਂ ਟਾਇਲਟ ਤੱਕ ਪਹੁੰਚਣ ਦੀ ਜਲਦੀ ਮਹਿਸੂਸ ਹੁੰਦੀ ਹੈ।
ਡੁਕਿਕ ਕਹਿੰਦੇ ਹਨ, "ਇਲਾਜ ਦੀ ਲੋੜ ਤਾਂ ਹੀ ਪੈਂਦੀ ਹੈ ਜਦੋਂ ਪੱਥਰੀ ਵਧ ਜਾਵੇ, ਦਰਦ ਜਾਂ ਇਨਫੈਕਸ਼ਨ ਦਾ ਕਾਰਨ ਬਣੇ ਜਾਂ ਗੁਰਦੇ ਦੇ ਡਰੇਨੇਜ ਸਿਸਟਮ ਨੂੰ ਬਲੌਕ ਕਰ ਦੇਵੇ।"
ਅਹਿਮ ਬਦਲਾਅ ਕੀ ਕਰੀਏ?
ਡਾ. ਡੁਕਿਕ ਕਹਿੰਦੇ ਹਨ ਕਿ ਗੁਰਦੇ ਦੀ ਪੱਥਰੀ ਦਾ ਸਭ ਤੋਂ ਵੱਡਾ ਕਾਰਨ ਹੈ ਲੋੜੀਂਦਾ ਪਾਣੀ ਜਾਂ ਤਰਲ ਪਦਾਰਥ ਨਾ ਪੀਣਾ।
ਦਰਅਸਲ, ਤੁਸੀਂ ਜਿੰਨਾ ਘੱਟ ਪਾਣੀ ਪੀਂਦੇ ਹੋ, ਓਨੀ ਹੀ ਜ਼ਿਆਦਾ ਸੰਭਾਵਨਾ ਹੁੰਦੀ ਹੈ ਕਿ ਗੁਰਦੇ ਦੀ ਪੱਥਰੀ ਬਣਨ ਦੀ।
ਡੁਕਿਕ ਸਲਾਹ ਦਿੰਦੇ ਹਨ ਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਸਮੱਸਿਆ ਰਹੀ ਹੈ, ਉਨ੍ਹਾਂ ਨੂੰ ਹਰ ਦਿਨ 2 ਤੋਂ 2.5 ਲੀਟਰ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਇਹ ਮਾਤਰਾ ਹੋਰ ਪੀਣ ਵਾਲੇ ਪਦਾਰਥਾਂ ਜਾਂ ਖਾਣੇ ਵਿੱਚ ਮੌਜੂਦ ਤਰਲ ਪਦਾਰਥਾਂ ਤੋਂ ਵੱਖਰੀ ਹੋਣੀ ਚਾਹੀਦੀ ਹੈ।
ਕਿਹੜੇ ਭੋਜਨਾਂ ਤੋਂ ਬਚਣਾ ਚਾਹੀਦਾ ਹੈ?
ਡਾ. ਡੁਕਿਕ ਦੱਸਦੇ ਹਨ, "ਮਾਹਰ ਅਤੇ ਖੋਜਕਾਰਾਂ ਦੀ ਰਾਇ ਇਸ ਗੱਲ 'ਤੇ ਵੱਖੋ-ਵੱਖਰੀ ਹੈ ਕਿ ਕਿਹੜੇ ਭੋਜਨ ਵੱਖ-ਵੱਖ ਕਿਸਮਾਂ ਦੀ ਗੁਰਦੇ ਦੀ ਪੱਥਰੀ ਦੇ ਬਣਨ ਵਿੱਚ ਭੂਮਿਕ ਨਿਭਾਉਂਦੇ ਹਨ। ਇਸ ਵਿਸ਼ੇ 'ਤੇ ਹੁਣ ਤੱਕ ਬਹੁਤ ਘੱਟ ਨਿਯੰਤਰਿਤ ਟ੍ਰਾਇਲ ਹੋਏ ਹਨ।"
ਹਾਲਾਂਕਿ, ਕੁਝ ਭੋਜਨ ਪਿਸ਼ਾਬ ਦੀ ਰਸਾਇਣਕ ਬਣਤਰ ਨੂੰ ਬਦਲ ਸਕਦੇ ਹਨ ਭਾਵ ਜਾਂ ਤਾਂ ਪੱਥਰੀ ਬਣਾਉਣ ਵਾਲੇ ਖਣਿਜਾਂ ਦੀ ਮਾਤਰਾ ਨੂੰ ਵਧਾ ਸਕਦੇ ਹਨ ਜਾਂ ਪੱਥਰੀ ਬਣਨ ਤੋਂ ਰੋਕਣ ਵਾਲੇ ਖਣਿਜਾਂ ਨੂੰ ਘਟਾ ਸਕਦੇ ਹਨ।
ਇਸ ਲਈ ਕੁਝ ਚੀਜ਼ਾਂ ਨੂੰ ਵਾਰ-ਵਾਰ ਜਾਂ ਬਹੁਤ ਜ਼ਿਆਦਾ ਮਾਤਰਾਂ ਵਿੱਚ ਖਾਣ ਕਾਰਨ ਗੁਰਦੇ ਦੀ ਪੱਥਰੀ ਬਣਨ ਦਾ ਜੋਖ਼ਮ ਵਧ ਸਕਦਾ ਹੈ।
ਆਕਸਲੇਟ ਨਾਲ ਭਰਪੂਰ ਭੋਜਨ
ਡਾ. ਡੁਕਿਕ ਦੇ ਅਨੁਸਾਰ, "ਸਭ ਤੋਂ ਆਮ ਤਰ੍ਹਾਂ ਦੀ ਗੁਰਦੇ ਦੀ ਪੱਥਰੀ ਕੈਲਸ਼ੀਅਮ ਆਕਸਲੇਟ ਹੁੰਦੀ ਹੈ। ਜਿਨ੍ਹਾਂ ਲੋਕਾਂ ਨੂੰ ਇਹ ਪੱਥਰੀ ਬਣਦੀ ਹੁੰਦੀ ਹੈ ਉਨ੍ਹਾਂ ਨੂੰ ਆਕਸਲੇਟ (ਪੌਦਿਆਂ ਵਿੱਚ ਪਾਇਆ ਜਾਣ ਵਾਲਾ ਇੱਕ ਕੁਦਰਤੀ ਤੌਰ 'ਤੇ ਹੋਣ ਵਾਲਾ ਪਦਾਰਥ) ਵਾਲੇ ਭੋਜਨਾਂ ਦਾ ਸੇਵਨ ਘਟਾਉਣਾ ਚਾਹੀਦਾ ਹੈ।"
ਉਹ ਕਹਿੰਦੇ ਹਨ ਕਿ ਆਕਸਲੇਟ ਦੀ ਵਧੇਰੇ ਮਾਤਰਾ ਵਾਲੇ ਭੋਜਨ
- ਪਾਲਕ
- ਰੂਬਰਬ
- ਬਦਾਮ
- ਕੁਝ ਹੋਰ ਮੇਵੇ
- ਕੁਝ ਕਿਸਮਾਂ ਦੇ ਆਲੂ ਅਤੇ ਬੀਨਜ਼
ਡੁਕਿਕ ਕਹਿੰਦੇ ਹਨ ਕਿ ਜੇਕਰ ਤੁਸੀਂ ਇਸ ਦੀ ਪੱਥਰੀ ਦੀ ਸਮੱਸਿਆ ਹੈ ਤਾਂ ਤੁਹਾਨੂੰ ਆਪਣੇ ਆਕਸਲੇਟ ਦੇ ਸੇਵਨ ਨੂੰ ਪ੍ਰਤੀ ਦਿਨ 100 ਮਿਲੀਗ੍ਰਾਮ ਤੋਂ ਘੱਟ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਲੂਣ ਨਾਲ ਭਰਪੂਰ ਭੋਜਨ
ਡੁਕਿਕ ਦਾ ਕਹਿਣਾ ਹੈ ਕਿ ਵੱਧ ਲੂਣ ਵਾਲਾ ਭੋਜਨ, ਜਿਸਦਾ ਅਰਥ ਹੈ ਕਿ ਤੁਸੀਂ ਰੋਜ਼ਾਨਾ 6 ਗ੍ਰਾਮ ਤੋਂ ਵੱਧ ਲੂਣ ਦਾ ਸੇਵਨ ਕਰ ਰਹੇ ਹੋ ਤਾਂ ਵੱਡਾ ਜੋਖ਼ਮ ਲੈ ਰਹੇ ਹਾਂ।
ਇਹ ਇਸ ਲਈ ਹੈ ਕਿਉਂਕਿ ਲੂਣ ਵਿੱਚ ਸੋਡੀਅਮ ਦੀ ਮਾਤਰਾ ਵੱਧ ਹੁੰਦੀ ਹੈ, ਜੋ ਗੁਰਦਿਆਂ ਨੂੰ ਪਿਸ਼ਾਬ ਵਿੱਚ ਵਧੇਰੇ ਕੈਲਸ਼ੀਅਮ ਕੱਢਣ ਲਈ ਮਜਬੂਰ ਕਰਦੀ ਹੈ।
ਡੁਕਿਕ ਦੱਸਦੇ ਹਨ, "ਪਿਸ਼ਾਬ ਵਿੱਚ ਕੈਲਸ਼ੀਅਮ ਦੀ ਇਹ ਉੱਚ ਮਾਤਰਾ ਕੈਲਸ਼ੀਅਮ-ਅਧਾਰਤ ਪੱਥਰੀ ਬਣਨ ਦੇ ਜੋਖ਼ਮ ਨੂੰ ਕਈ ਗੁਣਾ ਵਧਾਉਂਦੀ ਹੈ।"
ਇਸ ਲਈ ਆਪਣੇ ਭੋਜਨ ਵਿੱਚ ਪ੍ਰੋਸੈਸਡ ਅਤੇ ਫਾਸਟ ਫੂਡ ʼਤੇ ਨਜ਼ਰ ਰੱਖਣਾ ਜ਼ਰੂਰੀ ਹੈ। ਡੁਕਿਕ ਦੇ ਅਨੁਸਾਰ, "ਡੱਬਾਬੰਦ ਸੂਪ ਅਤੇ ਪ੍ਰੋਸੈਸਡ ਮੀਟ ਵਰਗੇ ਭੋਜਨ ਅਕਸਰ ਸੋਡੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ।"
ਜਾਨਵਰਾਂ ਤੋਂ ਮਿਲਣ ਵਾਲਾ ਪ੍ਰੋਟੀਨ
ਡਾ. ਡੁਕਿਕ ਦੱਸਦੇ ਹਨ ਕਿ ਜਾਨਵਰਾਂ ਤੋਂ ਮਿਲਣ ਵਾਲਾ ਦੀ ਪ੍ਰੋਟੀਨ ਦੀ ਜ਼ਿਆਦਾ ਮਾਤਰਾ ਦਾ ਸੇਵਨ ਕੈਲਸ਼ੀਅਮ ਅਤੇ ਯੂਰਿਕ ਐਸਿਡ ਦੋਵਾਂ ਤਰ੍ਹਾਂ ਦੀਆਂ ਪੱਥਰੀਆਂ ਦੇ ਵਿਕਾਸ ਦੇ ਜੋਖ਼ਮ ਨੂੰ ਵਧਾ ਸਕਦਾ ਹੈ।
ਇਹ ਪਿਸ਼ਾਬ ਵਿੱਚ ਕੈਲਸ਼ੀਅਮ ਅਤੇ ਯੂਰਿਕ ਐਸਿਡ ਦੀ ਮਾਤਰਾ ਨੂੰ ਵਧਾ ਦਿੰਦਾ ਹੈ ਜਦਕਿ ਸਿਟ੍ਰੇਟ ਨੂੰ ਘੱਟ ਕਰ ਦਿੰਦਾ ਹੈ। ਸਿਟ੍ਰੇਟ ਇੱਕ ਰਸਾਇਣ ਤੱਤ ਹੈ ਜੋ ਪੱਥਰੀ ਬਣਨ ਨੂੰ ਰੋਕਣ ਵਿੱਚ ਮਦਦ ਕਰਦਾ ਹੈ।
ਇਹ ਗੱਲ ਹਰ ਕਿਸਮ ਦੇ ਜਾਨਵਰਾਂ ਦੇ ਪ੍ਰੋਟੀਨ, ਜਿਵੇਂ ਕਿ ਲਾਲ ਮੀਟ, ਚਿਕਨ, ਅੰਡੇ ਅਤੇ ਮੱਛੀ 'ਤੇ ਲਾਗੂ ਹੁੰਦੀ ਹੈ।
ਡੁਕਿਕ ਦਾ ਕਹਿਣਾ ਹੈ ਕਿ ਜੇਕਰ ਤੁਹਾਨੂੰ ਵਾਰ-ਵਾਰ ਗੁਰਦੇ ਦੀ ਪੱਥਰੀ ਦੀ ਸਮੱਸਿਆ ਹੁੰਦੀ ਹੈ ਤਾਂ ਰੋਜ਼ਾਨਾ ਦੇ ਸੇਵਨ ਨੂੰ 40 ਤੋਂ 50 ਗ੍ਰਾਮ ਜਾਨਵਰਾਂ ਦੇ ਪ੍ਰੋਟੀਨ ਤੱਕ ਸੀਮਤ ਕਰਨਾ ਸਭ ਤੋਂ ਵਧੀਆ ਹੈ।
ਉਹ ਭੋਜਨ ਜੋ ਗੁਰਦਿਆਂ ਦੀ ਰੱਖਿਆ ਕਰ ਸਕਦੇ ਹਨ
- ਲੋਕ ਅਕਸਰ ਸੋਚਦੇ ਹਨ ਕਿ ਜੇਕਰ ਪੱਥਰੀ ਕੈਲਸ਼ੀਅਮ ਤੋਂ ਬਣ ਰਹੀ ਹੈ ਤਾਂ ਉਨ੍ਹਾਂ ਨੂੰ ਸ਼ਾਇਦ ਕੈਲਸ਼ੀਅਮ ਦੀ ਮਾਤਰਾ ਨੂੰ ਘਟਾਉਣਾ ਚਾਹੀਦਾ ਹੈ।
- ਪਰ ਡੁਕਿਕ ਕਹਿੰਦੇ ਹਨ ਕਿ ਇਹ ਇੱਕ ਗ਼ਲਤ ਧਾਰਨਾ ਹੈ। ਕੈਲਸ਼ੀਅਮ ਅਸਲ ਵਿੱਚ ਇੱਕ ਬਚਾਅ ਦਾ ਕੰਮ ਕਰਦਾ ਹੈ, ਕਿਉਂਕਿ ਇਹ ਆਕਸਲੇਟ ਨੂੰ ਖੂਨ ਵਿੱਚ ਘੁਲਣ ਅਤੇ ਪਿਸ਼ਾਬ ਵਿੱਚ ਜਾਣ ਤੋਂ ਰੋਕਦਾ ਹੈ।
- ਡੁਕਿਕ ਸਲਾਹ ਦਿੰਦੇ ਹਨ ਕਿ ਕੈਲਸ਼ੀਅਮ ਭੋਜਨ ਤੋਂ ਲੈਣਾ ਬਿਹਤਰ ਹੈ। ਜਿਵੇਂ ਕਿ ਡੇਅਰੀ ਉਤਪਾਦਾਂ ਜਾਂ ਫੋਰਟੀਫਾਈਡ ਭੋਜਨ ਤੋਂ, ਕਿਉਂਕਿ ਕੈਲਸ਼ੀਅਮ ਸਪਲੀਮੈਂਟ ਜੇਕਰ ਸਹੀ ਢੰਗ ਨਾਲ (ਭੋਜਨ ਦੇ ਨਾਲ) ਨਾ ਲਏ ਜਾਣ, ਤਾਂ ਪੱਥਰੀ ਬਣਨ ਦੇ ਜੋਖ਼ਮ ਨੂੰ ਵਧਾ ਸਕਦੇ ਹਨ।
ਫਲ ਅਤੇ ਸਬਜ਼ੀਆਂ
- ਡੁਕਿਕ ਦੱਸਦੇ ਹਨ, "ਜੋ ਲੋਕ ਫਾਈਬਰ ਅਤੇ ਫਲਾਂ ਨਾਲ ਭਰਪੂਰ ਖੁਰਾਕ ਖਾਂਦੇ ਹਨ, ਉਨ੍ਹਾਂ ਨੂੰ ਗੁਰਦੇ ਦੀ ਪੱਥਰੀ ਕਾਰਨ ਹਸਪਤਾਲ ਵਿੱਚ ਭਰਤੀ ਹੋਣ ਦਾ ਜੋਖ਼ਮ ਘੱਟ ਹੁੰਦਾ ਹੈ।"
- ਆਮ ਤੌਰ 'ਤੇ ਰੋਜ਼ਾਨਾ ਘੱਟੋ-ਘੱਟ ਪੰਜ ਵਾਰ ਫਲ ਅਤੇ ਸਬਜ਼ੀਆਂ ਖਾਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।
- ਡਾ. ਡੁਕਿਕ ਦੇ ਅਨੁਸਾਰ, ਭੋਜਨ ਜਾਂ ਪਾਣੀ ਵਿੱਚ ਨਿੰਬੂ ਜਾਂ ਲਾਈਮ ਦਾ ਰਸ ਮਿਲਾਉਣਾ ਵੀ ਲਾਭਦਾਇਕ ਮੰਨਿਆ ਜਾਂਦਾ ਹੈ ਕਿਉਂਕਿ ਉਸ ਵਿੱਚ ਸਿਟ੍ਰੇਟ ਹੁੰਦਾ ਹੈ, ਇੱਕ ਕੁਦਰਤੀ ਪਦਾਰਥ ਜੋ ਪੱਥਰੀ ਬਣਨ ਤੋਂ ਰੋਕਦਾ ਹੈ।
- ਐੱਨਐੱਚਐੱਸ ਪ੍ਰਤੀ ਲੀਟਰ ਪਾਣੀ ਵਿੱਚ ਲਗਭਗ 60 ਮਿਲੀਲੀਟਰ ਨਿੰਬੂ ਦਾ ਰਸ ਪੀਣ ਦੀ ਸਿਫਾਰਸ਼ ਕਰਦਾ ਹੈ।
ਕੀ ਮਰਦਾਂ ਨੂੰ ਜ਼ਿਆਦਾ ਸਾਵਧਾਨ ਰਹਿਣਾ ਚਾਹੀਦਾ ਹੈ?
ਡਾ. ਡੁਕਿਕ ਦੱਸਦੇ ਹਨ, "ਮਰਦਾਂ ਨੂੰ ਆਪਣੇ ਜੀਵਨ ਕਾਲ ਵਿੱਚ ਔਰਤਾਂ ਨਾਲੋਂ ਗੁਰਦੇ ਦੀ ਪੱਥਰੀ ਹੋਣ ਦੀ ਸੰਭਾਵਨਾ ਦੋ ਤੋਂ ਤਿੰਨ ਗੁਣਾ ਜ਼ਿਆਦਾ ਹੁੰਦੀ ਹੈ।"
"ਮਰਦ ਆਮ ਤੌਰ 'ਤੇ ਜਾਨਵਰਾਂ ਦੇ ਪ੍ਰੋਟੀਨ ਅਤੇ ਲੂਣ ਦੀ ਜ਼ਿਆਦਾ ਮਾਤਰਾ ਲੈਂਦੇ ਹਨ। ਪਰ ਇਹ ਜੋਖ਼ਮ ਸਿਰਫ਼ ਖੁਰਾਕ ਨਾਲ ਹੀ ਨਹੀਂ, ਸਗੋਂ ਜੀਵ ਵਿਗਿਆਨ ਅਤੇ ਜੈਨੇਟਿਕਸ ਨਾਲ ਵੀ ਸਬੰਧਤ ਹੈ।"
ਉਹ ਅੱਗੇ ਕਹਿੰਦੇ ਹਨ ਕਿ ਮਰਦਾਂ ਨੂੰ ਛੋਟੀ ਉਮਰ ਵਿੱਚ ਮੋਟਾਪਾ ਅਤੇ ਸ਼ੂਗਰ ਵਰਗੀਆਂ ਪਾਚਕ ਬਿਮਾਰੀਆਂ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਉਨ੍ਹਾਂ ਦੇ ਪਿਸ਼ਾਬ ਵਿੱਚ ਕੈਲਸ਼ੀਅਮ ਅਤੇ ਆਕਸੀਲੇਟ ਦਾ ਪੱਧਰ ਵਧ ਜਾਂਦਾ ਹੈ ਅਤੇ ਪੱਥਰੀ ਬਣਨ ਦਾ ਖ਼ਤਰਾ ਵੱਧ ਜਾਂਦਾ ਹੈ।
ਡਾ. ਡੁਕਿਕ ਕਹਿੰਦੇ ਹਨ ਕਿ ਹਰ ਕਿਸੇ ਲਈ ਸਭ ਤੋਂ ਵਧੀਆ ਬਚਾਅ ਇੱਕ ਸੰਤੁਲਿਤ ਖੁਰਾਕ ਬਣਾਈ ਰੱਖਣਾ ਅਤੇ ਬਹੁਤ ਸਾਰਾ ਪਾਣੀ ਅਤੇ ਹੋਰ ਤਰਲ ਪਦਾਰਥ ਪੀਣਾ ਹੈ।
ਡਿਸਕਲੇਮਰ: ਇਹ ਲੇਖ ਡਾਕਟਰੀ ਜਾਂਚ ਜਾਂ ਤੁਹਾਡੇ ਡਾਕਟਰ ਜਾਂ ਡਾਇਟੀਸ਼ੀਅਨ ਦੀ ਸਲਾਹ ਦਾ ਬਦਲ ਨਹੀਂ ਹੈ। ਢੁਕਵੀਂ ਸਲਾਹ ਅਤੇ ਇਲਾਜ ਲਈ ਹਮੇਸ਼ਾ ਆਪਣੇ ਡਾਕਟਰ ਨਾਲ ਸੰਪਰਕ ਕਰੋ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ